Back ArrowLogo
Info
Profile

ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ। ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੰ ਹੀ ਦੇਣ।

ਹੁਣ ਸੰਧੂਆਂ ਦੇ ਪਰੋਹਤ ਮਿਰਾਸੀ ਹੁੰਦੇ ਹਨ। ਪੂਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿੱਤਾ ਜਾਂਦਾ ਹੈ। ਕਈ ਮਿਰਾਸੀਆਂ ਨੂ ਸੰਧੂਆਂ ਦੀਆਂ ਮੂੰਹੀਆਂ ਜ਼ਬਾਨੀ ਯਾਦ ਹਨ। ਕਈ ਸਿਆਣੇ ਸੰਧੂ ਇਨ੍ਹਾਂ ਤੋਂ ਆਪਣੇ ਕੁਰਸੀਨਾਮੇ ਲਿਖਕੇ ਵਹੀ ਵਿੱਚ ਦਰਜ ਕਰ ਲੈਂਦੇ ਹਨ। ਸਾਰੇ ਸੰਧੂ ਹੀ ਮੰਨਦੇ ਹਨ ਕਿ ਬਾਬਾ ਕਾਲਾ ਮੈਹਿਰ ਕਾਣੀ ਨੀਂਦ ਸੌਂਦਾ ਸੀ। ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਰੱਖਦੇ ਹਨ। ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮੈਹਿਰ ਨੂੰ ਪੀਰ ਵਾਂਗ ਪੂਜਦੇ ਹਨ ਅਤੇ ਬਹੁਤ ਹੀ ਸਤਿਕਾਰ ਕਰਦੇ ਹਨ। ਸੰਧੂ ਜਾਟ ਹਿਸਾਰ, ਰੋਹਤਕ ਤੇ ਮੇਰਠ ਵਿੱਚ ਵਸਦੇ ਹਨ। ਇਹ ਹਿੰਦੂ ਹਨ। ਇੱਕ ਹੋਰ ਰਵਾਇਤ ਅਨੁਸਾਰ ਕਾਲਾ ਮੈਹਿਰ ਸਿਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫ਼ੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਸ ਦਾ ਸਿਰ ਡਿੱਗਿਆ, ਉਸ ਥਾਂ ਉਸ ਦੀ ਯਾਦਗਾਰ ਦੇ ਤੌਰ ਤੇ ਮੱਠ (ਮੜੀ) ਬਣਾਇਆ ਗਿਆ ਹੈ। ਮਾਝੇ ਦੇ ਸੰਧੂ ਏਥੇ ਹੀ ਸਿਰਹਾਲੀ ਵਿੱਚ ਆਪਣੇ ਇਸ ਜਠੇਰੇ ਦੀ ਪੂਜਾ ਕਰਦੇ ਹਨ ਅਤੇ ਖ਼ੁਸ਼ੀ ਵਿੱਚ ਚੜ੍ਹਾਵੇ ਚੜ੍ਹਾਉਂਦੇ ਹਨ। ਮੱਠ ਦੇ ਦੁਆਲੇ ਚੱਕਰ ਵੀ ਲਾਉਂਦੇ ਹਨ। ਸਿਰਹਾਲੀ, ਵਲਟੋਹਾ, ਭੜਾਣਾਂ, ਮਨਾਵਾਂ ਆਦਿ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ। ਪਾਣਨੀ ਅਨੁਸਾਰ ਸੰਧੂਆਂ ਦਾ ਸਿੰਧ ਤੇ ਜੇਹਲਮ ਵਿਚਕਾਰ ਇੱਕ ਜਨਪਦ ਸੀ। 739 ਈਸਵੀਂ ਵਿੱਚ ਇਨ੍ਹਾਂ ਦੇ ਰਾਜੇ ਪੁੰਨ ਦੇਵ ਨੇ ਅਰਬਾਂ ਨੂੰ ਹਰਾਇਆ ਸੀ। ਇਨ੍ਹਾਂ ਦੀਆਂ ਅਰਬਾਂ ਨਾਲ ਕਈ ਲੜਾਈਆਂ ਹੋਈਆਂ। ਆਖ਼ਿਰ ਇਨ੍ਹਾਂ ਨੂੰ ਸਿੰਧ ਛੱਡ ਕੇ ਪੰਜਾਬ ਵਿੱਚ ਆਉਣਾ ਪਿਆ। ਸਿੰਧ ਤੋਂ ਆਉਣ ਕਾਰਨ ਵੀ ਇਸ ਕਬੀਲੇ ਨੂੰ ਸਿੰਧੂ ਕਿਹਾ ਜਾਂਦਾ ਹੈ।

ਇਹ ਜੱਟਾਂ ਦਾ ਬਹੁਤ ਹੀ ਤੇਜ਼ ਤੇ ਤਕੜਾ ਕਬੀਲਾ ਹੈ। ਸਿੱਖ ਰਾਜ ਕਾਲ ਵਿੱਚ ਸੰਧੂਆਂ ਦੀ ਰਾਜਸੀ ਮਹੱਤਤਾ ਬਹੁਤ ਵੱਧ ਗਈ ਸੀ। ਪੰਜਾਬ ਦੇ ਜੱਟਾਂ ਦਾ ਸਮਾਜਿਕ ਦਰਜਾ ਵੀ ਰਾਜਪੂਤਾ ਤੇ ਖੱਤਰੀਆਂ ਤੋਂ ਉੱਚਾ ਹੋ ਗਿਆ ਸੀ। ਜੰਜਰ ਜੱਟ ਵੀ ਸੰਧੂਆਂ ਨਾਲ ਰਲਦੇ ਹਨ। ਜੰਜਰ ਉਪਗੋਤ ਹੈ। ਜੰਜਰ ਅਤੇ ਝਿੰਜਰ ਗੋਤ ਵਿੱਚ ਫਰਕ ਹੈ। ਝਿੰਜਰ ਜੱਟ ਰਾਜਸਥਾਨ ਦੇ ਬਾਗੜ ਖੇਤਰ ਤੋਂ ਉੱਠਕੇ ਮਾਲਵੇ ਦੇ ਸੰਗਰੂਰ ਅਤੇ ਅਮਲੋਹ ਖੇਤਰਾਂ ਵਿੱਚ ਆਬਾਦ ਹੋ ਗਏ ਸਨ। ਸੰਧੂ ਜੱਟ ਸਿੰਧ ਖੇਤਰ ਤੋਂ ਪੰਜਾਬ ਵਿੱਚ ਆਏ ਹਨ।

ਅਕਬਰ ਦੇ ਸਮੇਂ ਮਾਝੇ ਦਾ ਚੰਗਾ ਸੰਧੂ ਬਹੁਤ ਸ਼ਕਤੀਸ਼ਾਲੀ ਸੀ। ਉਸ ਨੇ ਹੀ ਧੋਲੇ ਕਾਂਗੜ ਦੇ ਚੌਧਰੀ ਮਿਹਰ ਮਿੱਠੇ ਨੂੰ 35 ਜਾਟ ਬੰਸੀ ਪੰਚਾਇਤ ਵਿੱਚ ਅਕਬਰ ਨਾਲ ਰਿਸ਼ਤੇਦਾਰੀ ਪਾਉਣ ਤੋਂ ਰੋਕਿਆ ਸੀ।

ਮਹਾਭਾਰਤ ਦੇ ਸਮੇਂ ਸਿੰਧ ਵਿੱਚ ਜੈਦਰਥ ਸੰਧੂ ਦਾ ਰਾਜ ਸੀ। ਦੁਰਜੋਧਨ ਨੇ ਆਪਣੀ ਭੈਣ ਦੁਸ਼ਾਲਾ ਦਾ ਵਿਆਹ ਜੈਦਰਥ ਨਾਲ ਕਰਕੇ ਸੰਧੂ ਜੱਟਾਂ ਨੂੰ ਆਪਣਾ ਮਿੱਤਰ ਬਣਾ ਲਿਆ ਸੀ। ਸੰਧੂਆਂ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਕਰਨਲ ਜੇਮਜ਼ ਟਾਡ ਨੇ ਵੀ ਸੰਧੂ ਬੰਸ ਨੂੰ 36 ਰਾਜ ਘਰਾਣਿਆਂ ਵਿੱਚ ਸ਼ਾਮਿਲ ਕੀਤਾ ਹੈ।

ਸੰਧੂ, ਸਿੱਧੂ ਤੇ ਸਿੰਧੜ ਇਕੋ ਹੀ ਗੋਤ ਹੈ। ਉਚਾਰਨ ਵਿੱਚ ਦੁਰੋੜੇ ਖੇਤਰਾਂ ਵਿੱਚ ਜਾਕੇ ਫਰਕ ਪੈ ਹੀ ਜਾਂਦਾ ਹੈ। ਦਲਿਤ ਜਾਤੀਆਂ ਚਮਾਰਾਂ ਤੇ ਤਖਾਣਾ ਆਦਿ ਵਿੱਚ ਵੀ ਸੰਧੂ ਗੋਤ ਦੇ ਕਾਫ਼ੀ ਲੋਕ ਮਿਲਦੇ ਹਨ। ਜਿਹੜੇ ਗਰੀਬ ਸੰਧੂਆਂ ਨੇ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ, ਉਹ ਉਨ੍ਹਾਂ ਦੀਆਂ ਜਾਤੀਆਂ ਵਿੱਚ ਰਲ ਗਏ। ਉਹਨਾਂ ਦੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਗਈ। ਕਈ ਥਾਈਂ ਸੰਧੂਆਂ ਦੇ ਦਾਸਾਂ ਨੇ ਵੀ ਆਪਣੇ ਮਾਲਕ ਵਾਲਾ ਗੋਤ ਰੱਖ ਲਿਆ। ਯੂਰਪ ਵਿੱਚ ਵੀ ਕੁਝ ਹੱਬਸ਼ੀਆਂ ਨੇ ਆਪਣੇ ਮਾਲਕਾਂ ਵਾਲੇ ਹੀ ਗੋਤ ਰੱਖ ਲਏ ਸਨ। ਛੋਟੀਆਂ ਜਾਤਾਂ ਦੇ ਸੰਧੂਆਂ ਨੂੰ ਸੰਧੂ ਜੱਟ 'ਹੋਕਾ ਸੰਧੂ ਕਹਿੰਦੇ ਹਨ। ਇਹ ਸੰਧੂ ਗੋਤ ਵਿੱਚ ਬਾਬੇ ਕਾਲੇ ਮੈਹਿਰ ਦੇ ਜਨਮ ਤੋਂ ਮਗਰੋਂ ਰਲੇ ਸਮਝੇ ਜਾਂਦੇ ਹਨ। ਇਨ੍ਹਾਂ ਬਾਰੇ ਕਈ ਕਲਪਤ ਤੇ ਮਿਥਿਹਾਸਕ ਕਹਾਣੀਆਂ ਵੀ ਪ੍ਰਚਲਿਤ ਹਨ।

ਸੰਧੂ ਜੱਟ ਮੁਸਲਮਾਨ, ਸਿੱਖ, ਹਿੰਦੂ ਆਦਿ ਧਰਮਾਂ ਵਿੱਚ ਆਮ ਮਿਲਦੇ ਹਨ। ਇਹ ਬਹੁਤੇ ਮੁਸਲਮਾਨ ਤੇ ਸਿੱਖ ਹੀ ਹਨ। ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋਕੇ ਸਿੰਧ ਦੇ ਸੰਧੂ ਜੱਟ ਬੋਧੀ ਬਣ ਗਏ ਸਨ। ਮੁਸਲਮਾਨਾਂ ਦੇ ਹਮਲਿਆਂ ਮਗਰੋਂ ਇਹ ਬੁੱਧ ਧਰਮ ਛੱਡ ਮੁਸਲਮਾਨ, ਸਿੱਖ ਤੇ ਹਿੰਦੂ ਬਣ ਗਏ ਸਨ। ਸੰਧੂ ਜੱਟਾਂ ਦਾ ਬਹੁਤ ਵੱਡਾ ਤੇ ਪ੍ਰਭਾਵਸ਼ਾਲੀ ਗੋਤ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸੰਧੂ ਜੱਟਾਂ ਦੀ ਗਿਣਤੀ ਸਾਂਝੇ ਪੰਜਾਬ ਵਿੱਚ 135732 ਸੀ। ਸਰ ਲੈਵਲ ਗਰੀਫਨ ਨੇ ਆਪਣੀ ਕਿਤਾਬ 'ਪੰਜਾਬ ਚੀਫਸ' ਵਿੱਚ ਸੰਧੂ ਜੱਟਾਂ ਦਾ ਇਤਿਹਾਸ ਕਾਫ਼ੀ ਦਿੱਤਾ ਹੈ। ਬਹੁਤੇ ਸੰਧੂ ਪੱਛਮੀ ਪੰਜਾਬ ਤੇ ਮਾਝੇ ਵਿੱਚ ਆਬਾਦ ਸਨ ਮਾਲਵੇ ਵਿੱਚ ਘੱਟ ਸਨ। ਸੰਧੂ ਜੱਟ ਹੋਰ ਜੱਟਾਂ ਦੇ ਮੁਕਾਬਲੇ ਸ਼ਾਹੀ ਠਾਠ ਨਾਲ ਰਹਿੰਦੇ ਹਨ। ਮ੍ਹਰਾਣੇ ਦੇ ਮੇਲੇ ਵਿੱਚ ਸੰਧੂ ਜ਼ਰੂਰ ਪਹੁੰਚਦੇ ਹਨ। ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚ ਚਾਰ ਮਿਸਲਾਂ ਸੰਧੂ ਖ਼ਾਨਦਾਨ ਦੀਆਂ ਸਨ। ਸੰਧੂ ਜਗਤ ਪ੍ਰਸਿੱਧ ਗੋਤ ਹੈ। ਇਹ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸੰਧੂ ਬਹੁਤ ਵੱਡਾ ਭਾਈਚਾਰਾ ਹੈ। ਸੰਧੂ ਚੁਸਤ ਤੇ ਘੁੰਮਡੀ ਵੀ ਹੁੰਦੇ ਹਨ। ਇਹ ਬਹੁਤ ਤੇਜ਼ ਦਿਮਾਗ਼ ਵਾਲੇ ਹੁੰਦੇ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੌ ਚਰਨ ਸਿੰਘ ਦਾ ਗੋਤ ਸੰਧੂ ਅਤੇ ਜਾਤੀ ਜਾਟ ਸੀ।

278 / 296
Previous
Next