

ਆਬਾਦ ਹੋ ਗਏ ਸਨ। ਫਰਖਸੀਅਰ ਦੇ ਸਮੇਂ ਸੰਦਲਬਾਰਾ ਵਿੱਚ ਵਿਰਕਾਂ ਦਾ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਅਹਿਮਦਸ਼ਾਹ ਅਬਦਾਲੀ ਦੇ ਸਮੇਂ ਵੀ ਵਿਰਕਾਂ ਦਾ ਬਹੁਤ ਨੁਕਸਾਨ ਹੋਇਆ ਸੀ। ਇਸ ਦੀਆਂ ਫ਼ੌਜਾਂ ਨੇ ਲੁੱਟਮਾਰ ਕਰਕੇ ਵਿਰਕਾਂ ਦੇ ਕਈ ਪਿੰਡ ਉਜਾੜ ਦਿੱਤੇ ਸਨ। ਵਿਰਕਾਂ ਦੇ ਰਸਮ ਰਵਾਜ ਵੀ ਆਮ ਜੱਟਾਂ ਵਾਲੇ ਹੀ ਸਨ। ਵਿਆਹ ਵੇਲੇ ਜੰਡੀ ਵੱਢਣਾ, ਬੱਕਰੇ ਜਾਂ ਛੱਤਰੇ ਦੀ ਕੁਰਬਾਨੀ ਦੇਣਾ, ਸੀਰਾ ਤੇ ਮੁੰਡੇ ਦੇਣਾ ਆਦਿ ਸਨ। ਜਾਇਦਾਦ ਪਗੜੀ ਵੰਡ ਦੇ ਅਨੁਸਾਰ ਦਿੱਤੀ ਜਾਂਦੀ ਸੀ। ਧੀਆਂ ਨੂੰ ਜ਼ਮੀਨ ਨਹੀਂ ਦਿੱਤੀ ਜਾਂਦੀ ਸੀ।
ਵਿਰਕਾਂ ਦਾ ਪਰੋਹਤ ਆਮ ਤੌਰ 'ਤੇ ਮਿਰਾਸੀ ਹੀ ਹੁੰਦਾ ਸੀ। ਵਿਰਕ ਵਰਣ ਗੋਤ ਦੇ ਜੱਟਾਂ ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਸਨ। ਸਾਂਦਲਬਾਰ ਵਿੱਚ ਵਿਰਕ, ਵਰਣ ਤੇ ਧਰੰਗਤ ਤਿੰਨਾਂ ਭਰਾਵਾਂ ਦੀ ਬੰਸ ਕਾਫ਼ੀ ਗਿਣਤੀ ਵਿੱਚ ਵੱਸਦੀ ਸੀ। ਬਾਬੇ ਅੰਗਿਆਰੀ ਦਾ ਪੋਤਰਾ ਬਾਲਾ ਬਹੁਤ ਹੀ ਸੂਰਬੀਰ ਤੇ ਹਿੰਮਤੀ ਸੀ। ਉਸ ਨੇ ਗੁਜਰਾਂਵਾਲੇ ਦੇ ਇਲਾਕੇ ਵਿੱਚ ਨਵੀਂ ਆਬਾਦੀ ਕੀਤੀ। ਬਾਲੇ ਦੇ ਤਿੰਨ ਪੁੱਤਰਾਂ ਜਾਊ, ਜੋਪਰ ਤੇ ਬੱਛਰਾਏ ਦੀ ਬੰਸ, ਤਿੰਨ ਸ਼ਾਖਾ ਵਿੱਚ ਵੰਡੀ ਗਈ। ਹੁਣ ਵਿਰਕਾਂ ਦੀਆਂ ਮੁੱਖ ਮੂੰਹੀਆਂ ਤੇਰਾਂ ਬਣ ਗਈਆਂ ਹਨ।
ਸਾਂਦਲਬਾਰ ਵਿੱਚ ਵਿਰਕਾਂ ਦੀਆਂ ਭੱਟੀ, ਖਰਲ ਤੇ ਸਿਆਲ ਆਦਿ ਜਾਤੀਆਂ ਨਾਲ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਵਿਰਕ ਵੀ ਲੜਾਕੂ, ਬਦਲਾਖੋਰ, ਅੱਖੜ ਤੇ ਘੈਂਟ ਜੱਟ ਸਨ। ਜੇ ਦੁਸ਼ਮਣ ਵਿਰਕਾਂ ਦਾ ਇੱਕ ਬੰਦਾ ਮਾਰਦੇ ਸਨ ਤਾਂ ਵਿਰਕ ਵੀ ਦੁਸ਼ਮਣ ਦੇ 20 ਬੰਦੇ ਮਾਰਦੇ ਸਨ। ਜੇ ਉਹ ਵਿਰਕਾਂ ਦਾ ਇੱਕ ਡੰਗਰ ਲੈ ਜਾਂਦੇ ਤਾਂ ਵਿਰਕ ਉਨ੍ਹਾਂ ਦਾ ਸਾਰਾ ਡੰਗਰ ਮਾਲ ਲੈ ਜਾਂਦੇ ਸਨ। ਵਿਰਕਾਂ ਦੇ ਮਾੜੇ ਦਿਨ ਵੀ ਆਏ ਅਤੇ ਚੰਗੇ ਦਿਨ ਵੀ ਆਏ ਪਰ ਵਿਰਕਾਂ ਨੇ ਹਿੰਮਤ ਤੇ ਹੌਸਲਾ ਨਹੀਂ ਛੱਡਿਆ ਸੀ। ਦੁਸ਼ਮਣ ਨੇ ਕਈ ਵਾਰ ਇਨ੍ਹਾਂ ਦੇ ਪਿੰਡ ਉਜਾੜੇ ਤੇ ਅੱਗਾਂ ਲਾਈਆਂ। ਸਿੱਖ ਮਿਸਲਾਂ ਦੇ ਸਮੇਂ ਵਿਰਕ ਫਿਰ ਚੜ੍ਹਦੀ ਕਲਾ ਵਿੱਚ ਆ ਗਏ। ਇਨ੍ਹਾਂ ਨੇ ਸਾਂਦਲਬਾਰ ਦੇ ਪ੍ਰਸਿੱਧ ਤੇ ਮਜ਼ਬੂਤ ਕਿਲ੍ਹੇ ਸ਼ੇਖੂਪੁਰਾ ਤੇ ਕਬਜ਼ਾ ਕਰ ਲਿਆ ਅਤੇ 84 ਪਿੰਡ ਰੋਕ ਲਏ। 1713 ਈਸਵੀਂ ਤੋਂ 1808 ਈਸਵੀ ਤੱਕ ਕਿਲ੍ਹਾ ਸ਼ੇਖੂਪਰਾ ਵਿਰਕਾਂ ਪਾਸ ਰਿਹਾ। 1808 ਈਸਵੀਂ ਵਿੱਚ ਇੱਕ ਸਮਝੌਤੇ ਰਾਹੀਂ ਇਹ ਕਿਲ੍ਹਾ ਤੇ ਕੁਝ ਪਿੰਡ ਧਾੜ ਕਰਕੇ ਸ਼ੇਖੂਪੁਰੇ ਕਿਲ੍ਹੇ ਵਿੱਚ ਆ ਗਰਜਦੇ ਸਨ। ਵਿਰਕ ਸੰਸਕ੍ਰਿਤ ਦਾ ਸ਼ਬਦ ਹੈ। ਇਸ ਦੇ ਅਰਥ ਬਘਿਆੜ ਹਨ। ਵਿਰਕ ਸ਼ੇਰ ਵੀ ਸਨ ਤੇ ਬਘਿਆੜ ਵੀ ਸਨ। ਸਿੰਘ ਦੇ ਸਮੇਂ ਵਿਰਕਾਂ ਦੀ ਸ਼ਕਤੀ ਕਾਫ਼ੀ ਘੱਟ ਗਈ ਸੀ। ਵਿਰਕ ਸਾਰੇ ਪੰਜਾਬ ਵਿੱਚ ਦੂਰ ਦੂਰ ਤੱਕ ਫੈਲ ਚੁੱਕੇ ਸਨ। ਵਿਰਕ ਗੁਰੂ ਨਾਨਕ ਦੇ ਵੀ ਸ਼ਰਧਾਲੂ ਸਨ ਨਨਕਾਣਾ ਵਿਰਕਾਂ ਦੇ ਇਲਾਕੇ ਵਿੱਚ ਹੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਵਿਰਕ ਸਿੱਖੀ ਵੱਲ ਖਿੱਚੇ ਗਏ ਸਨ। ਭਾਈ ਪਿਰਾਣਾ ਵਿਰਕ ਗੁਰੂ ਜੀ ਦੇ ਪੱਕੇ ਸ਼ਰਧਾਲੂ ਤੇ ਭਗਤ ਸਨ। ਇਹ ਚੱਕ ਰਾਮਦਾਸ ਜ਼ਿਲ੍ਹਾ ਗੁਜਰਾਂਵਾਲਾ ਦੇ ਵਸਨੀਕ ਸਨ। ਨਵਾਬ ਕਪੂਰ ਸਿੰਘ ਵੀ ਵਿਰਕ ਜੱਟ ਸਨ। ਜੋ 1733 ਤੋਂ 1753 ਈਸਵੀ ਤੱਕ 20 ਸਾਲ ਸਿੱਖ ਕੌਮ ਦੇ ਆਗੂ ਤੇ ਜਥੇਦਾਰ ਰਹੇ। ਇਨ੍ਹਾਂ ਦੇ ਪ੍ਰਭਾਵ ਕਾਰਨ ਹੀ ਵਿਰਕਾਂ ਨੇ ਸਿੱਖ ਧਰਮ ਧਾਰਨ ਕੀਤਾ। ਕੇਵਲ ਈਦੂ ਵਿਰਕ ਦੀ ਬੰਸ ਹੀ ਮੁਸਲਮਾਨ ਬਣੀ ਸੀ। ਬਹੁਤੇ ਵਿਰਕ ਸਿੱਖ ਹੀ ਸਨ। ਅੰਗਰੇਜ਼ਾਂ ਦੇ ਰਾਜ ਸਮੇਂ ਅਕਾਲੀ ਲਹਿਰ ਵਿੱਚ ਹਿੱਸਾ ਲੈਣ ਤੇ ਲੁੱਟ ਮਾਰ ਤੇ ਲੜਾਈਆਂ ਕਰਨ ਕਰਕੇ ਵਿਰਕਾਂ ਨੂੰ ਅੰਗਰੇਜ਼ਾਂ ਨੇ ਜਰਾਇਮ ਪੇਸ਼ਾ ਕੌਮ ਐਲਾਨ ਕਰ ਦਿੱਤਾ ਸੀ ਪਰ ਸਿੱਖ ਲੀਡਰਾਂ ਤੇ ਵਿਰਕ ਵਕੀਲਾਂ ਦੇ ਦਬਾਉ ਕਾਰਨ ਅੰਗਰੇਜ਼ਾਂ ਨੂੰ ਇਹ ਹੁਕਮ ਵਾਪਿਸ ਲੈਣਾ ਪਿਆ। ਹੁਣ ਵਿਰਕ ਜੱਟ ਪੜ੍ਹ ਲਿਖ ਕੇ ਬਹੁਤ ਉੱਚੀਆਂ ਪਦਵੀਆਂ ਤੇ ਪਹੁੰਚੇ ਹੋਏ ਹਨ। ਖੇਤੀਬਾੜੀ ਵਿੱਚ ਵੀ ਇਨ੍ਹਾਂ ਨੇ ਬਹੁਤ ਉੱਨਤੀ ਕੀਤੀ ਹੈ। ਕੁਲਵੰਤ ਸਿੰਘ ਵਿਰਕ ਪੰਜਾਬੀ ਦਾ ਮਹਾਨ ਕਹਾਣੀਕਾਰ ਸੀ।
ਸਾਂਦਲਬਾਰ ਵਿੱਚ ਜ਼ਿਲ੍ਹਾ ਸ਼ੇਖੂਪੁਰਾ ਤੇ ਗੁਜਰਾਂਵਾਲਾ ਵਿਰਕਾਂ ਦੇ ਗੜ੍ਹ ਸਨ। ਜ਼ਿਲ੍ਹਾ ਸ਼ੇਖੂਪੁਰਾ ਵਿੱਚ ਵਿਰਕੈਤ ਲਗਭਗ ਇੱਕ ਸੌ ਪਿੰਡ ਵਿੱਚ ਫੈਲੇ ਹੋਏ ਸਨ। ਗੁਜਰਾਂਵਾਲਾ ਵਿੱਚ ਵੀ ਵਿਰਕਾਂ ਦੇ 132 ਪਿੰਡ ਸਨ। ਇਹ ਵੱਡਾ ਭਾਈਚਾਰਾ ਸੀ। ਇਨ੍ਹਾਂ ਦੇ ਵੱਡੇ ਵੱਡੇ ਪਿੰਡ ਚੂਹੜਕਾਣਾ, ਈਸ਼ਰਕਾ, ਵਰਨ, ਕਾਲੇਕੇ, ਝੱਬਰ, ਭਿੱਖੀ, ਗਰਮੂਲਾ, ਵਡੀ ਕੜਿਆਲ ਆਦਿ ਸਨ। ਪੱਛਮੀ ਪੰਜਾਬ ਵਿੱਚ ਵਿਰਕਾਂ ਦੇ ਕੁਝ ਹੋਰ ਪ੍ਰਸਿੱਧ ਪਿੰਡ ਹੰਬੋ, ਫੁਲਰਵੰਨ, ਮਹਿਲੀਆ ਵਿਰਕ, ਨੁਸ਼ਹਿਰਾ ਵਿਰਕਾਂ ਚੱਕ ਰਾਮਦਾਸ, ਮੁਰੀਦਕਾ, ਭੰਡੋਰਵਾਲਾ, ਸ਼ੇਰੋਕਾ, ਡਾਚਰ, ਗਜਿਆਣ, ਸਲਾਰ, ਮਾਂਗਾ, ਜਾਤਰੀ, ਨਵਾਂ ਪਿੰਡ ਵਿਰਕ ਫਤਿਹ ਸ਼ਾਹ, ਪਰੋਜ਼ ਜੈਚੱਕ ਮਾਲੋ ਕੀ ਟਿੱਬੀ ਆਦਿ ਸਨ।
ਨਵਾਬ ਕਪੂਰ ਸਿੰਘ ਦਾ ਜਨਮ ਪਿੰਡ ਮਾਲੋ ਕੀ ਟਿੱਬੀ ਵਿੱਚ ਹੀ ਹੋਇਆ ਸੀ। ਨਨਕਾਣਾ ਸਾਹਿਬ ਤੇ ਸੱਚਾ ਸੌਦਾ ਦੇ ਗੁਰਦੁਆਰੇ ਵੀ ਸਾਂਦਲਬਾਰ ਵਿੱਚ ਸਨ। ਸਾਂਦਲਬਾਰ ਵਿਰਕਾਂ ਦਾ ਹੋਮਲੈਂਡ ਸੀ। ਪੂਰਬੀ ਪੰਜਾਬ ਵਿੱਚ ਵਿਰਕਾਂ ਦੇ ਪ੍ਰਸਿੱਧ ਪਿੰਡ ਬਿਰਕਾਂ, ਵਿਰਕ ਕਲਾਂ, ਸਲੀਣਾ, ਚੌਹਾਣ ਕੇ, ਖਸਣ, ਬੀਰੋਵਾਲ, ਸੈਫਲਾਬਾਦ ਆਦਿ ਹਨ। ਸਿੰਘ ਪੁਰੀਏ ਵਿਰਕ ਸਰਦਾਰ ਵੀ ਪੰਜਾਬ ਵਿੱਚ ਬਹੁਤ ਪ੍ਰਸਿੱਧ ਸਨ।
ਵਿਰਕ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਸ਼ੇਖੂਪੁਰੇ ਦਾ ਪ੍ਰਾਚੀਨ ਨਾਮ ਬਿਰਕਗੜ੍ਹ ਸੀ। ਵਿਰਕ ਖੁਰਾਸਾਨ। ' ਵਿੱਚ ਵੀ ਕਾਫ਼ੀ ਸਮਾਂ ਕਾਬਜ਼ ਰਹੇ। ਉੱਤਰ ਪ੍ਰਦੇਸ਼ ਵਿੱਚ ਵਿਰਕਾਂ ਨੂੰ ਬੁਰੇ ਜੱਟ ਕਹਿੰਦੇ ਹਨ। ਕੰਬੋ ਜਾਤੀ ਵਿੱਚ ਵੀ ਕੁਝ ਵਿਰਕ ਗੋਤ ਦੇ ਲੋਕ ਅੰਮ੍ਰਿਤਸਰ ਆਦਿ ਖੇਤਰਾਂ ਵਿੱਚ ਵੱਸਦੇ ਹਨ। ਇਹ ਵੀ ਖੇਤੀ ਬਾੜੀ ਕਰਦੇ ਹਨ। ਹੋ ਸਕਦਾ ਹੈ ਕਿ ਕੋਈ ਵਿਰਕ ਜੱਟ ਕੰਬੋਆਂ ਦੀ ਲੜਕੀ ਨਾਲ ਸ਼ਾਦੀ ਕਰਕੇ ਕੰਬੋਜ਼ ਭਾਈਚਾਰੇ ਵਿੱਚ ਰਲਮਿਲ ਗਿਆ ਹੋਵੇ, ਅਤੇ ਆਪਣੀ ਜੱਟ ਬਰਾਦਰੀ ਨਾਲੋਂ ਹਮੇਸ਼ਾ ਲਈ ਸੰਬੰਧ ਤੋੜ ਲਏ ਹੋਣ। ਜਾਤੀ ਬਦਲ ਜਾਂਦੀ ਹੈ ਪਰ ਗੋਤ ਨਹੀਂ ਬਦਲਦਾ। ਪੂਰਬੀ ਪੰਜਾਬ ਵਿੱਚ ਮਾਲਵਾ, ਮਾਝਾ ਤੇ ਦੁਆਬਾ ਦੇ ਖੇਤਰਾਂ ਵਿੱਚ ਵਿਰਕ ਜਾਂ ਬਿਰਕ ਨਾਮ ਦੇ ਕਈ ਪਿੰਡ ਹਨ ਜੋ ਵਿਰਕ ਭਾਈਚਾਰੇ ਨੇ ਹੀ ਆਬਾਦ ਕੀਤੇ ਹਨ।
ਪੱਛਮੀ ਪੰਜਾਬ ਵਿੱਚ ਵਿਰਕ ਲਾਹੌਰ, ਗੁਜਰਾਂਵਾਲਾ, ਸਿਆਲਕੋਟ, ਸ਼ੇਖੂਪੁਰਾ, ਮੁਲਤਾਨ, ਜਿਹਲਮ, ਝੰਗ, ਮਿੰਟਗੁਮਰੀ ਤੇ ਬੰਨੂ ਤੱਕ ਦੂਰ ਦੂਰ ਫੈਲੇ ਹੋਏ ਸਨ।