ਦੋ ਅੱਖਰ
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਦੇਣ ਦਾ ਅਸੀਂ ਕਦੀ ਵੀ ਪੂਰਾ ਧੰਨਵਾਦ ਨਹੀਂ ਕਰ ਸਕਦੇ। ਉਨ੍ਹਾਂ ਨੇ ਜੋ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਤਸਵੀਰ ਉਕਰੀ ਹੈ ਉਸ ਵਿਚ ਨਾ ਸਿਰਫ ਸਾਹਿਬਾਂ ਦੇ ਦਰਸ਼ਨ ਕਰਾਏ ਹਨ ਬਲਕਿ ਸਤਿਗੁਰਾਂ ਦੇ ਮਿੱਠੇ ਲਫ਼ਜ਼ਾਂ ਨਾਲ ਇਨਸਾਨ ਨੂੰ ਝੰਜੋੜਿਆ ਹੈ, ਉਸ ਨੂੰ ਨੀਂਦ ਤੋਂ ਜਗਾਇਆ ਹੈ, ਉਸ ਨੂੰ ਰਾਹੇ ਪਾਇਆ ਹੈ। ਭਾਈ ਸਾਹਿਬ ਦੀ ਲੇਖਣੀ ਦੀ 'ਸ੍ਰੀ ਗੁਰੂ ਨਾਨਕ ਚਮਤਕਾਰ' ਵਿਚੋਂ ਕੁਝ ਅੰਸ਼ ਲੈ ਕੇ ਇਥੇ ਇਕੱਠੇ ਕੀਤੇ ਹਨ।
ਅੱਜਕਲ੍ਹ ਸਮੇਂ ਦੇ ਰੁਝੇਵੇਂ ਕੁਝ ਜ਼ਿਆਦਾ ਹਨ। ਕੁਝ ਰੁਚੀ ਨਾ ਹੋਣ ਕਰਕੇ, ਕੁਝ ਵਕਤ ਨਾ ਹੋਣ ਕਰਕੇ ਵੱਡੀਆਂ ਪੁਸਤਕਾਂ ਜਿਸ ਤਰ੍ਹਾਂ 'ਸ੍ਰੀ ਗੁਰੂ ਨਾਨਕ ਚਮਤਕਾਰ’ ਨਹੀਂ ਪੜ੍ਹੀਆਂ ਜਾਂਦੀਆਂ, ਇਸ ਛੋਟੀ ਜਿਹੀ (Collection) ਵਿਚ ਜੋ ਸਿੱਖੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਨੇ ਦ੍ਰਿੜਾਈ ਸੀ ਉਹ ਭਾਈ ਸਾਹਿਬ ਦੀ ਲੇਖਣੀ ਵਿਚ ਦਿੱਤੀ ਹੈ। ਮੈਨੂੰ ਯਕੀਨ ਹੈ ਕਿ ਭਾਈ ਸਾਹਿਬ ਦੀ ਲੇਖਣੀ ਬਹੁਤਿਆਂ ਨੂੰ ਬਲ, ਉਤਸ਼ਾਹ, ਉਮੰਗ ਤੇ ਸਾਹਸ ਦੇਵੇਗੀ।
ਜਨਵਰੀ 1993 -ਡਾ. ਤਰਲੋਚਨ ਸਿੰਘ
ਜੀਵਨ ਕਣੀ
1.
ਉਸ ਸੱਚੇ ਦੀ ਮੌਜ ਦਾ ਅੰਤ ਨਹੀਂ। ਸ਼ੁਕਰ ਕਰੋ, ਸ਼ੁਕਰ ਕਰੋ। ਸਭ ਕੁਝ ਭੁੱਲ ਜਾਏ ਪਰ ਸ਼ੁਕਰ ਨਾ ਭੁੱਲੇ। ਕੋਈ ਸੇਵਾ ਨਾ ਕਰੇ, ਕੋਈ ਕਰਨੀ ਨਾ ਸਰ ਆਵੇ, ਸ਼ੁਕਰ ਕਰੋ। ਸਚਾ ਵੇ ਪਰਵਾਹ ਸ਼ੁਕਰ ਪੁਰ ਬੜਾ ਰੀਝਦਾ ਹੈ। ਸ਼ੁਕਰ ਕਰੋ, ਸ਼ੁਕਰ ਕਰੋ, ਕਹੋ ਮੁਖੋਂ -ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
2.
ਇਸ ਦਾ ਭਾਵ ਇਹ ਹੈ ਕਿ ਜੋਗੀ ਭੋਗੀ ਤਪੀ ਆਪਣੇ ਕੰਮਾਂ ਵਿਚ ਲੱਗੇ ਪਏ ਹਨ, ਉਨ੍ਹਾਂ ਦੇ ਅੰਤਰ ਆਤਮੇ ਸੁਰਤ ਕੋਈ ਨਹੀਂ ਜਾਗੀ। ਮੈਨੂੰ ਹੇ ਸਾਈਂ! ਤੇਰਾ ਸੱਦ ਸੁਣਾਈ ਦੇਂਦਾ ਹੈ, ਕੋਈ ਜੇ ਬੈਠ ਕੇ ਨਾਮ ਦਾ ਅਲਾਪ ਕਰੇ, ਸੋ ਸਾਈਂ ਦੀ ਸੱਦ ਸੁਣੇ। 1. ਕੰਮ ਭਲੇ ਕਰੇ। 2. ਅਗੇ ਗਿਆਂ ਉਨ੍ਹਾਂ ਨੂੰ ਕੋਈ ਪੁੱਛ ਨਹੀਂ ਹੋਣੀ ਜੋ ਨਾਮ ਦੀ ਨਿਸ਼ਾਨੀ ਵਾਲੇ ਹੋਣਗੇ। ਸੋ ਕਹਿੰਦੇ ਹਨ ਨਾਮ ਬਿਨਾਂ ਤਨ ਕਿਸੇ ਕੰਮ ਨਹੀਂ, ਨਿਸਫਲ ਸ਼ੈ ਹੈ। ਇਹ 'ਨਾਮ ਦਾ ਨਿਸ਼ਾਨ' ਰੂਹ ਵਿੱਚ ਅੰਕਿਤ ਕਰ ਲੈਣ ਲਈ ਮਿਲਿਆ ਹੈ। ਜੇ ਇਹ ਪ੍ਰਯੋਜਨ ਸਫਲ ਨਹੀਂ ਕੀਤਾ ਤਾਂ ਜਨਮ ਬ੍ਰਿਥਾ ਗਿਆ।
3.
ਏਕਾਗ੍ਰਤਾ- ਇਹ ਤਾਂ ਕਈ ਤਰ੍ਹਾਂ ਨਾਲ ਆ ਜਾਂਦੀ ਹੈ। ਕਿਸੇ ਸ਼ੈ ਤੇ ਅੱਖਾਂ ਜੋੜੋ, ਮਨ ਜੋੜੋ ਉਸ ਤੇ ਮਨ ਕੁਝ ਟਿਕਣ ਲਗ ਜਾਏਗਾ, ਪਰ ਇਉਂ ਟਿਕਿਆ
ਮਨ `ਭਾਉ' ਬਿਨਾਂ, ਕੀਹ ਸਾਰੇਗਾ? ਏਕਾਗ੍ਰਤਾ ਨਾਲ ਕੁਛ ਸ਼ਕਤੀ ਵਧ ਜਾਏ, ਪਰ ਜੀਵਨ ਦਾ ਪਰੋਜਨ ਤਾਂ ਹੈ 'ਜੀਵਨ ਦਾਤਾ ਨਾਲ ਮੇਲ'। ਜੀਵਨ ਦਾਤਾ ਹੈ ਚੇਤਨ, ਜਿਉਂਦੀ ਜਾਗਦੀ ਹੋਂਦ, ਸਰਬ ਗੁਣਾਂ ਦੀ ਖਾਣ, ਸਰਬ ਦੀ ਜਿੰਦ ਦੀ ਜਿੰਦ, ਅਸੀਂ ਬੀ ਹੋਏ ਰੂਹ, ਜਿੰਦ। ਜਿੰਦ ਨੇ ਜਿੰਦ ਨੂੰ ਮਿਲਣਾ ਹੈ। ਨਿਕੀ ਜਿਹੀ ਜਿੰਦੜੀ ਨੇ ਵਿਸ਼ਾਲ ਤੇ ਅਮਿੱਤ ਜਿੰਦ ਨੂੰ ਮਿਲਨਾ ਹੈ। ਦੁੱਖਾਂ ਨਾਲ ਵਿਹੜੀ ਜਿੰਦ ਨੇ ਸਦਾ ਸੁਖੀ ਜਿੰਦ ਨਾਲ ਵਸਲ ਪ੍ਰਾਪਤ ਕਰਨਾ ਹੈ। ਦੋ ਜਿੰਦਾਂ ਨੂੰ ਜੋੜਨਹਾਰ ਵਸਤੂ 'ਪਿਆਰ' ਹੈ। ਹਾਂ ਜਿੰਦੜੀ ਨੂੰ ਜਿੰਦ ਨਾਲ ਮੇਲਦਾ ਹੈ 'ਪ੍ਯਾਰ'।
4.
ਮਨ ਵਿਚੋਂ ਪਹਿਲਾਂ ਵਿਕਾਰਾਂ ਦਾ ਕਬਜ਼ਾ ਛੁੱਟਾ। ਵਿਕਾਰ ਸਾਨੂੰ ਸੰਸਾਰ ਨਾਲ ਬੰਨ੍ਹਦੇ ਹਨ। ਵਿਕਾਰ ਹਨ ਮਨ ਦੀ ਇੱਕ ਗਤੀ-ਮਨ ਦੇ ਪਦਾਰਥਾਂ ਵਲ ਖਿੱਚ ਖਾਕੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਤੇ ਪ੍ਰਾਪਤ ਕਰਕੇ ਭੋਗਣ ਦੀ। ਭੋਗਣ ਨਾਲ ਭੋਗ ਸਮੇਂ ਰਸ ਪ੍ਰਾਪਤ ਹੁੰਦਾ ਹੈ, ਪਰ ਸਰੀਰ ਦਾ ਬਲ ਖਰਚ ਹੋਕੇ ਮਗਰੋਂ ਨਿਤਾਣਪੁਣਾ ਆਉਂਦਾ ਹੈ ਤੇ ਬਹੁਤੇ ਭੋਗਾਂ ਮਗਰੋਂ ਰੋਗ ਉਪਜਦੇ ਹਨ। ਭੋਗਾਂ ਦਾ ਰਸ ਹੈ ਹੀ ਆਪੇ ਦੇ ਖਰਚ ਹੋਣ ਦੀ ਕ੍ਰਿਯਾ ਦਾ ਫਲ। ਜਿਵੇਂ ਆਤਸ਼ਬਾਜ਼ੀ ਦਾ ਚਮਤਕਾਰ ਅਪਣੀ ਲੁਭਾਇਮਾਨਤਾ ਵਿਖਾਉਣ ਤੇ ਚਮਤਕਾਰ ਸਾਰਨ ਵਿਚ ਆਪਣੇ ਆਪ ਨੂੰ ਖਰਚ ਕਰਦਾ ਹੈ। ਕੁਛ ਉਸ ਤਰ੍ਹਾਂ ਦਾ ਭੋਗ ਰਸ ਵਿਚ ਆਪਾ ਖਰਚ ਹੁੰਦਾ ਹੈ ਤੇ ਮਨ ਜੋ ਆਪਣੇ ਵਿਚ ਬਾਹਰਲੇ ਅਕਸ ਲੈਂਦਾ ਹੈ, ਭੋਗ ਵੇਲੇ ਡੂੰਘੇ ਅਕਸ ਲੈਂਦਾ ਹੈ। ਉਹ ਅਕਸ ਉਸਦੇ ਅੰਦਰ ਬਹਿ ਕੇ ਛਾਈਆਂ ਪਾਕੇ ਉਸਤੇ ਮਾਨੋ ਮੈਲ ਲਾਉਂਦੇ ਹਨ। ਇਸ ਤਰ੍ਹਾਂ ਮਨ ਮੈਲਾ ਜਿਹਾ ਹੋ ਜਾਂਦਾ ਹੈ ਤੇ ਉਸ ਵਿਚ ਭੋਗਾਂ ਦੇ ਅਕਸਾਂ ਦੀਆਂ ਝਰੀਟਾਂ ਦੀ ਧੁੰਦ ਛਾਈ ਰਹਿੰਦੀ ਹੈ। ਉਸ ਧੁੰਦ ਵਿਚ ਨਿੱਤ ਦੇ 'ਭੋਗ-ਅਭਯਾਸ' ਕਰਕੇ ਭੋਗਾਂ ਦੀ ਰੁਚੀ ਇੰਨੀ ਵਧ ਜਾਂਦੀ ਹੈ ਕਿ ਫਿਰ ਬਿਰਤੀ ਬਾਹਰ ਮੁਖ ਹੀ ਹੋਈ ਰਹਿੰਦੀ ਹੈ। ਇਹ ਅਵਸਥਾ ਹੈ ਜਿਸਨੂੰ ਕਹੀਦਾ ਹੈ ਕਿ ਮਨ ਵਿਕਾਰਾਂ ਦੇ ਕਬਜ਼ੇ ਵਿਚ ਹੈ। ਮਨ ਤੋਂ ਇਹ ਕਬਜ਼ਾ ਤਾਂ ਉਠਦਾ ਹੈ ਜੇ ਕੋਈ ਉਪਰਾਲਾ ਕੀਤਾ ਜਾਏ।