62.
ਕਦੇ ਤਾਂ ਫਿਕਰ ਛੱਡਕੇ ਟਿਕਾਉ ਦੇ ਘਰ ਆਕੇ ਦੇਖ ਕਿ ਕਾਦਰ ਦੀ ਕੁਦਰਤ ਕੀਹ ਕਰਦੀ ਹੈ। ਤੂੰ ਫਿਕਰ ਕਰੇਂਗਾ ਤਾਂ ਕਰ, ਮਨਾਂ ਨਹੀਂ, ਪਰ ਨਾਲ ਅਕਲ ਦੁੜਾ ਤੇ ਬੰਦੋਬਸਤ ਕਰ। ਪਰ ਇਕ ਤਾਂ ਨਾਮ ਨਾ ਛੱਡੀਂ, ਦੂਏ ਤੇਰੀਆਂ ਕੀਤੀਆਂ ਨਾ ਸਿਰੇ ਚੜੀਆਂ ਤਾਂ ਉਨ੍ਹਾਂ ਦਾ ਦੁੱਖ ਨਾ ਕਰੀਂ, ਤਾਂ ਤਾਂ ਖੇੜਾ ਮਾੜਾ ਮੋਟਾ ਬਚਿਆ ਰਹੂ। ਜੇ ਤੂੰ ਸਿਰੇ ਚੜ੍ਹੀਆਂ ਤੇ ਬਫਾਹਿਓ, ਹੰਕਾਰਿਓਂ ਤੇ ਪਾਟਿਓਂ ਤਾਂ ਖੇੜਾ ਟੁਰ ਜਾਏਗਾ, ਨਾਮ ਦੀ ਰੌ ਬੰਦ ਹੋ ਜਾਏਗੀ ਜਾਂ ਅਤਿ ਮੱਧਮ ਪੈ ਜਾਏਗੀ, ਫੇਰ ਸੁਰਤ ਵਿਚ 'ਬੱਝ' ਆ ਜਾਏਗੀ। ਤਦੋਂ ਤੂੰ ਦੁਖੀ ਹੋ ਆਖੇਂਗਾ, ਦੁੱਖਾਂ ਵਿਚ ਬੀਤ ਗਈ ਸਾਰੀ, ਦਿਨੇ ਦੁੱਖ, ਰਾਤੀ ਦੁਖ, ਸੰਸਾਰ ਦੁੱਖ ਰੂਪ ਹੈ। ਕਿਉਂ ਦੁੱਖ ਹੈ ਏਥੇ? ਹਾਇ ਦੁੱਖ।
63.
ਮਰਦਾਨਾ: ਜੋ ਲੋੜ ਕਿ ਥੋੜ ਆ ਜਾਂਦੀ ਹੈ ਕਿ ਓਹ ਪੂਰੀ ਆਪੇ ਹੋ ਜਾਏਗੀ? ਗੁਰੂ ਜੀ: ਹੋ ਜਾਂਦੀ ਹੈ ਬਹੁਤੀ ਵੇਰ। ਪਰ ਜੇ ਨਾ ਹੋਵੇ ਤਾਂ ਸੁਰਤ ਦਾ (ਰੂਹਾਨੀ) ਖੇੜਾ ਤਾਂ ਬਚ ਰਹਿੰਦਾ ਹੈ, ਨਾਮ ਤੇ ਸੁਰਤ ਦੀ ਤਾਰ ਤਾਂ ਤੁਰੀ ਰਹਿੰਦੀ ਹੈ ਨਾ।
64.
ਉਦਮ ਤੇ ਅਕਲ ਮਾੜੇ ਨਹੀਂ, ਖੇੜਾ ਗੁਵਾ ਲੈਣਾ ਮਾੜਾ ਹੈ। ਹੁਣ ਹੋਰ ਕੋਈ ਅਕਲ ਉਦਮ ਚਲਦਾ ਹੈ ਤਾਂ ਲਾ, ਪਰ ਖੇੜਾ ਸੰਭਾਲੀ। ਜੇ ਖੇੜਾ ਨਾ ਗੁਆਚਾ ਤਾਂ ਤੂੰ ਜੀਉਂਦਾ ਹੈਂ ਅਮਰੀ ਜੀਵਨ ਵਿਚ। ਡੂੰਘੀ ਸੋਚ ਕਰ ਕਿ ਜਿਸ ਜੀਵਨ ਨੂੰ ਤੂੰ ਪਿਆ ਚੰਬੜ ਰਿਹਾ ਹੈਂ ਉਸਨੇ ਨਹੀਂ ਰਹਿਣਾ, ਪਰ ਖੇੜੇ ਦਾ ਜੀਵਨ, ਜੋ ਅਮਰ ਜੀਵਨ ਹੈ, ਉਹ ਰਹੇਗਾ। ਜੇ ਅਕਲ ਤੇ ਉੱਦਮ ਦੀ ਦੌੜ ਮੁਕ ਗਈ ਹਈ ਤਾਂ ਨਾਮ ਨੂੰ ਸੰਭਾਲ, ਖੇੜੇ ਦੇ ਘਰ ਖਿੜ ਕੇ ਬਹਿ ਜਾ ਆਰਾਮ ਨਾਲ।' ਹਰਿ ਸਿਉਂ ਸਮਾਈ ਕਰ ਅੰਦਰ।' ਅੰਤਰ ਸਮਾਈ ਨਾਲ ਆਪਾ ਸੁਤੇ ਹੀ ਮਾਲਕ ਦੀ ਛੁਹ ਵਿਚ ਚਲਾ ਜਾਂਦਾ ਹੈ। ਬਹਿ ਜਾ ਏਸ ਮੌਜ ਵਿਚ। ਦੇਖ ਕਿ ਰਾਤ ਅੱਗੇ ਆ ਰਹੀ ਹੈ, ਕੁਛ ਖਾਣ ਨੂੰ ਆ ਗਿਆ ਤਾਂ ਸਾਈਂ ਦੀ ਮਿਹਰ, ਜੇ ਨਾ ਆਇਆ ਤਾਂ ਇਸ ਰੰਗ