93.
ਇਸੇ ਕਰਕੇ ਤਾਂ ਭਲਿਆਈ ਤੇ ਉੱਚਿਆਈ ਨੂੰ ਸਮਝ ਸਮਝ ਕੇ ਉਸ ਪਰ ਟੁਰਨ ਦੇ ਸੰਕਲਪ ਤੋਂ ਇੰਦੀਏ ਬੰਨ੍ਹ ਬੰਨ੍ਹ ਕੇ ਜਗਯਾਸੂ ਲੋਕ ਤੇ ਨੇਕੀ ਦੇ ਤਰਲੇ ਲੈਣ ਵਾਲੇ ਮੁੜ ਮੁੜ ਕੇ ਡਿਗਦੇ ਹਨ। ਮਨ ਦੀਆਂ ਲੁਕੀਆਂ ਪਈਆਂ ਰੁਚੀਆਂ ਜੀਵਾਂ ਦੇ 'ਸਮਝੇ ਤੇ ਚੰਗਾ ਜਾਣੇ ਰਸਤੇ ਦੇ ਵਿਰੁੱਧ ਉਨ੍ਹਾਂ ਨੂੰ ਲੈ ਜਾਂਦੀਆਂ ਹਨ।
94.
ਜਿਵੇਂ ਅਸਾਂ ਅਪਣੇ ਉਸ ਗੁਪਤ ਮਨ ਦੇ ਖਜ਼ਾਨੇ ਨੂੰ ਮਾੜੇ ਸੰਸਕਾਰਾਂ ਨਾਲ ਭਰਿਆ ਹੈ ਤਿਵੇਂ ਹੁਣ ਭਲੇ ਸੰਸਕਾਰਾਂ ਨਾਲ ਭਰੀਏ।
95.
ਮਨੁੱਖ ਅਪੂਰਨ ਹੈ ਤੇ ਇਸਦਾ ਮਨ ਅਵਗੁਣੀ ਭਰਪੂਰ ਹੈ, ਅਵਗੁਣਾਂ ਵਿਚੋਂ ਗੁਣ ਨਹੀਂ ਉਪਜ ਸਕਦੇ, ਇਸ ਲਈ ਅਸੀਂ ਤੱਕਣਾ ਹੈ ਕਿ ਗੁਣਾਂ ਦਾ ਨਿਵਾਸ ਕਿੱਥੇ ਹੈ? ਸਾਰੇ ਗੁਣਾਂ ਦਾ ਨਿਵਾਸ ਪਰਮੇਸ਼ਰ ਵਿਚ ਹੈ। ਬਿਨਾਂ ਗੁਣਾਂ ਸਾਡੀ ਸਫ਼ਾਈ ਨਹੀਂ ਹੁੰਦੀ, ਕਲਯਾਣ ਨਹੀਂ।
96.
ਉਹ ਸਭ ਗੁਣੀ ਭਰਪੂਰ ਹੈ, ਉਹ ਨੇਕੀ ਕੁੱਲ ਹੈ, ਜਿਉਂ ਜਿਉਂ ਉਸ ਨੇਕੀ ਕੁੱਲ ਦੀ, ਸਰਬ ਗੁਣੀ ਭਰਪੂਰ ਦੀ, ਸੁਧੀ ਪਵਿੱਤ੍ਰਤਾ ਰੂਪ ਵਾਲੇ ਦੀ ਅਸੀਂ ਯਾਦ ਕਰਾਂਗੇ ਉਸ ਹੋਂਦ ਦਾ ਭਾਵ, ਉਸ ਦਾ ਗੁਣੀ ਭਰਪੂਰ ਸਰੂਪ, ਉਸ ਦੇ ਗੁਣਾਂ ਦਾ ਅਕਸ ਪਰਤੱਖ ਮਨ ਵਿਚ ਆ ਆ ਕੇ, ਸੰਸਕਾਰ ਬਣ ਬਣਕੇ, ਸੰਸਕਾਰ ਜਿਥੇ ਰਹਿੰਦੇ ਹਨ ਉਸ ਮਨ ਵਿਚ ਉਤਰੇਗਾ, ਤਿਉਂ ਤਿਉਂ ਮਨ ਦੇ ਸੰਸਕਾਰਾਂ ਵਾਲੇ ਟਿਕਾਣੇ ਵਿਚੋਂ ਮਾੜੇ ਸੰਸਕਾਰਾਂ ਦਾ ਸਾਮਾਨ ਉਛਲ ਉਛਲਕੇ ਡੁੱਲ੍ਹਣ ਲੱਗ ਜਾਏਗਾ ਤੇ ਨੇਕੀ ਦਾ ਸਾਮਾਨ ਭਰਨ ਲੱਗ ਜਾਏਗਾ। ਸਮਾਂ ਪਾਕੇ ਉਥੇ ਸਾਈਂ ਦਾ ਸਰੂਪ, ਉਸ ਦੀ ਹੋਂਦ ਦਾ ਭਾਵ, ਉਸ ਦਾ ਗੁਣੀ ਭਰਪੂਰ ਸਤਿ ਸਰੂਪ ਲਬਾਲਬ ਭਰ ਜਾਏਗਾ।