ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ।।
ਜੰਗ ਨਾਲੇ ਜੋਗ
१.ਜੰਗ
ਹੁਨਾਲੇ ਦੀ ਰੁਤ, ਵਿਸਾਖ ਦਾ ਮਹੀਨਾ, ਗਰਮੀ ਤ੍ਰਿੱਖੀ ਤੇ ਚੁਭਵੀਂ, ਪਰ ਚਲ ਰਹੀ ਹੈ ਨਾਲ ਤ੍ਰਿੱਖੀ ਹਵਾ। ਮਾਲਵਾ ਦੇਸ਼ ਹੈ, ਇਕ ਉੱਚੀ ਟਿੱਬੀ ਹੈ, ਇਸ ਟਿੱਬੀ ਤੇ ਖਾਲਸਾ ਜੀ ਹਨ ਤੇ ਟਿੱਬੀ ਦੇ ਉਚੇਰੇ ਥਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੀਰ ਆਸਨ ਜਮਾਏ ਕਿਸੇ ਕਿਸੇ ਵੇਲੇ ਇਕ ਭ੍ਯਾਨਕ ਤੀਰ ਛੋੜ ਦੇਂਦੇ ਹਨ ਜੋ ਸੂਕਦਾ ਚਲਾ ਜਾਂਦਾ ਹੈ, ਡਾਢੀ ਦੂਰ ਵਾਟ ਤੇ ਖਿਦਰਾਣੇ ਦੀ ਢਾਬ ਉਤੋਂ ਦੀ ਸ਼ਾਹੀ ਲਸ਼ਕਰ ਤੇ ਜਾਕੇ ਪੈਂਦਾ ਹੈ ਫਨੀਅਰ ਵਾਂਙੂ। ਇੰਨੇ ਨੂੰ ਆ ਗਿਆ ‘ਖਾਨਾ' । ਪਹਿਰੇ ਦੇ ਸਿੰਘਾਂ ਨੇ ਪਛਾਣ ਲਿਆ ਤੇ ਲੰਘ ਜਾਣ ਦਿੱਤਾ ਸਾਹਿਬਾਂ ਪਾਸ।
ਖਾਨਾ (ਨੇੜੇ ਆ, ਧਰਤੀ ਤੇ ਸਿਰ ਧਰ, ਮੱਥਾ ਟੇਕ ਤੇ ਹੱਥ ਜੋੜਕੇ ਖੜਾ ਹੋ ਗਿਆ)- ਪਾਤਸ਼ਾਹ। ਅੱਜ ਦਾ ਰੰਗ ਮੁਕ ਗਿਆ। ਆਪ ਸਿਆਣ ਹੀ ਗਏ ਹੋਸੋ।
ਗੁਰੂ ਜੀ- ਹਾਂ ਹੁਣ ਮਝੈਲਾਂ ਵਲੋਂ ਤੀਰ ਗੋਲੀ ਨਹੀਂ ਜਾਂਦੀ ਦੀਹਦੀ, ਨਾਂ ਹੀ ਤਲਵਾਰ, ਸਾਂਗ, ਸੈਹਥੀ ਦੇ ਨਾਲ ਗਜਦੇ ਜੈਕਾਰੇ ਗੂੰਜਦੇ ਸੁਣਾਈ ਦਿੰਦੇ ਹਨ, ਚੁਪ ਹੈ; ਪਰ ਦੱਸ ਕਿ ਤੂੰ ਵਿਚ ਫਿਰਦਾ ਅੱਖੀਂ ਵੇਖਕੇ ਕੀਹ ਆਇਆ ਹੈਂ ?
ਖਾਨਾ- ਪਾਤਸ਼ਾਹ! ਜਦ ਮਝੈਲਾਂ ਵਲੋਂ ਚੁਪ ਹੋ ਗਈ। ..... ਹਾਂ ਸਚੀ, ਚੁਪ ਤਾਂ ਹੀ ਹੋਈ ਜਾਂ ਸਾਰੇ ਸ਼ਹੀਦ ਹੋ ਗਏ, (ਅਙਕ ਕੇ) ਹਾਂ ਮੇਰੀ ਜਾਚੇ, ਸਾਰੇ ਸ਼ਹੀਦ ਹੋ ਗਏ। ਫੇਰ ਇਕ ਦਸਤਾ ਵਜ਼ੀਰੇ ਨੇ ਘੱਲਿਆ ਕਿ ਦੇਖੋ ਕੀਹ ਗਲ ਹੈ। ਜਦ ਤਸੱਲੀ ਹੋ ਗਈਓਸੁ ਤਾਂ ਢਾਬ ਤੋਂ ਪਾਣੀ ਲੈਣ ਲਈ ਇਕ ਦਸਤਾ ਅੱਗੇ ਵਧਿਆ। ਜਦ ਢਾਬ ਸੁੱਕੀ ਪਾਣੀ ਤੋਂ ਸੱਖਣੀ ਪਈ ਦੀ ਖਬਰ ਇਸ ਦਸਤੇ ਨੇ ਲਿਆਕੇ ਦਿੱਤੀ ਤਾਂ ਕੀਹ ਵਜੀਰ ਖਾਂ ਤੇ ਕੀਹ ਉਸ ਦੇ ਸਰਦਾਰ ਸਭਨਾਂ ਦੇ ਸਿਰ ਪਾਣੀ ਪੈ ਗਿਆ। ਸਰਦਾਰਾਂ ਤੋਂ ਫੇਰ ਆਨ ਫਾਨ ਵਿਚ ਖਬਰ ਲਸ਼ਕਰ ਵਿਚ ਫੈਲ ਗਈ ਕਿ ਜਿਸ ਪਾਣੀ ਲਈ ਲੜੇ ਮਰੇ ਸਾਂ ਉਹ ਪਾਣੀ ਤਾਂ ਸੁਰਾਬ* ਹੋ ਨਿਕਲਿਆ। ਆਬ ਦੀ ਥਾਵੇਂ ਢਾਬ ਤਾਂ ਪਾਣੀ ਦੀ ਅਣਹੋਂਦ ਨਾਲ ਭਰੀ ਪਈ ਹੈ। ਇਹ ਸੁਣਕੇ ਹਫਲਾ ਤਫਲੀ ਪੈ ਗਈ। ਵਜ਼ੀਰ ਖਾਂ ਨੇ ਦਲ ਨੂੰ ਵਿਆਕੁਲ ਵੇਖਕੇ ਸਾਡੇ ਚੌਧਰੀ ਨੂੰ ਸੱਦਕੇ ਮਸਲਤ ਪੁੱਛੀ। ਉਸ ਨੇ ਕਿਹਾ, "ਖਾਂ ਸਾਹਿਬ, ਮੈਦਾਨ ਮਾਰ ਲਿਆ ਨੇ, ਰਹਿ ਬਣ ਆਈ ਹੈ। ਹੁਣ ਜੇ ਏਥੇ ਠਹਿਰਨਾ ਜੇ ਤਾਂ ਢਾਬ ਖੁਦਾ ਦੇ ਹੁਕਮ ਨਾਲ ਬੇਆਬ ਪਈ ਹੈ। ਹਾਂ ਬੰਦਾ ਤਾਂ ਨਹੀਂ ਨਾ ਕੋਈ ਰਾਤੋ ਰਾਤ ਪੀ ਗਿਆ, ਖੁਦਾ ਦਾ ਹੀ ਹੈ ਨਾ ਹੁਕਮ। ਨਾਂ ਸਿੱਖਾਂ ਨੇ ਸੁਕਾ ਦਿੱਤੀ ਏ, ਜੇ ਇਸ ਸੁੱਕੀ ਸੜੀ ਵਿਚ ਡਟੇ ਤੁਸਾਂ ਨਾਲ ਲੜਦੇ ਸਾਰਾ ਦਿਨ ਸ਼ਹੀਦੀ ਦੇ ਸ਼ਰਬਤ ਨਾਲ ਬੁੱਲ੍ਹ ਹਰੇ ਕਰਦੇ ਪਾਰਲੇ ਲੋਕ ਨੂੰ ਕੈਂਸਰ (ਸੁਰਗਾਂ ਵਿਚ ਮਿਠੇ ਪਾਣੀ ਦਾ ਸਰੋਵਰ) ਦਾ ਪਾਣੀ ਪੀਣ ਟੁਰ ਗਏ ਹਨ। ਅੱਲਾ ਦਾ ਹੁਕਮ ਹੀ ਸਮਝੋ। ਹੁਣ ਰੱਬ ਭਲਾ ਕਰੇ ਸਭਸਦਾ, ਅਗੇ ਚਲੋ ਪਾਣੀ ਦੀ ਭਾਲ ਵਿਚ ਤਾਂ ਤੀਹ ਕੋਹ ਪੰਧ ਜੇ, ਤੇ ਜੇ ਮੁੜੇ ਪਿੱਛੇ ਤਾਂ ਜੇ ਅੱਠ ਦਸ ਕੋਹ ਦੇ ਆਨ ਮਾਨ। ਮੇਰੀ ਮਲਵਈ ਦੀ ਮਤ ਵਿਚ ਏਥੇ ਠਹਿਰਨਾ ਯਾ ਅੱਗੇ ਵਧਣਾਂ ਬਿਨ ਆਈਓਂ ਮਰਨਾ ਜੇ। ਮੌਤ. ਹਾਂ ਜੀਓ, ਮੌਤ ਦੇ ਟੋਏ ਵਿਚ ਛਾਲ ਮਾਰਨੀ ਏ ਆਪੇ, ਤੇ ਸਲਾਮਤੀ, ਹਾਂ ਪਿੱਛੇ ਹੀ ਮੁੜਨ ਵਿਚ ਸਲਾਮਤੀ ਏ। ਅੱਠੀ ਦਸੀਂ ਕੋਹੀਂ ਪਹਿਰ ਦੋਪਹਿਰ ਵਿਚ ਜਾ ਪਾਣੀ ਦੇ ਮੱਥੇ ਲੱਗਾਂਗੇ। ਓਥੇ ਹੈ ਖੁਲ੍ਹਾ ਲਸ਼ਕਰ ਜੋਗਾ ਪਾਣੀ, ਅੱਗੋਂ ਜਿਵੇਂ ਹੁਕਮ
ਲਓ ਗੁਰੂ ਜੀ ! ਇਹੋ ਜੇਹੀ ਗਲ ਬਾਤ ਦੇ ਮਗਰੋਂ ਨਾਬ ਨੇ ਸਰਦਾਰਾਂ ਨੂੰ ਸੱਦਿਆ। ਓਹ ਬੀ ਸੁਣਕੇ ਘਬਰਾਏ ਹੋਏ ਆਖਣ ਲਗੇ-ਹਜੂਰ! ਵੈਰੀ ਮਾਰਕੇ ਬਾ-ਦਿਲ ਹੋਇਆ ਦਲ ਬੇਦਿਲ ਹੋ ਰਿਹਾ ਹੈ। ਭਾਵੇਂ ਅਸਾਂ ਸਾਰੇ ਵੈਰੀ ਮਾਰ ਲਏ ਹਨ, ਇਕ ਨਹੀਂ ਜੀਉਂਦਾ ਛੱਡਿਆ, ਫਤੇ ਦਾ ਡੰਕਾ ਵਜਾ ਲਿਆ ਹੈ ਤੇ ਫਤੇ ਹੋ ਬੀ ਗਈ ਏ ਸੱਚ ਮੁੱਚ, ਪਰ ਸੁੱਕੀ ਬੇਆਬੀ ਢਾਬ ਮੂੰਹ ਪਾੜ ਪਾੜ ਕੇ ਪੈਂਦੀ ਏ ਪਾਣੀ ਵਾਂਙੂ ਪੀ ਜਾਣ ਨੂੰ ਤੇ ਨਿਤਰਿਆ ਹੋਇਆ ਬੇਬਾਦਲ ਅਜਮਾਨ ਦਲ ਨੂੰ ਬੇਦਿਲ ਕਰ ਰਿਹਾ ਹੈ ਤੇ ਹਰ ਸਿਪਾਹੀ ਅਲਅਤਸ਼, ਅਲਅਤਸ਼* ਕਹਿ ਰਿਹਾ ਹੈ ਤੇ ਅਗੇ ਵਧਣੋਂ ਪੈਰ ਸੰਕੋਚ ਰਿਹਾ ਹੈ। 'ਨਾਂਹ' ਤਾਂ ਅਜੇ ਨਹੀ ਕਰਦੇ, ਪਰ ਜੇਕਰ ਕਰ ਦੇਣ ਤਾਂ ਸ਼ਾਹੀ ਰੋਹਬ ਕੀ ਰਹਿਸੀ ਤੇ ਸਿੱਖ ਖਬਰੇ ਵਣ ਵਣ ਵਿਚੋਂ ਉਗਮ ਪੈਣ ਤੇ ਕੀਹ ਕੀਹ ਕਰ ਗੁਜ਼ਰਨ ਮਾਲਵਾ ਹੈ ਸ਼ੇਰਾਂ ਦਾ ਘੁਰਾ। ਇਸ ਲਈ ਪਿੱਛੇ ਮੁੜਨਾ ਠੀਕ ਲਗਦਾ ਹੈ। ਪਸੂ ਬੀ ਘਬਰਾ ਰਹੇ ਹਨ। ਚੌਧਰੀ ਨੇ ਗਲ ਖਰੀ ਆਖੀ ਏ, ਇਹ ਜਾਣਕਾਰ ਏ ਦੇਸ਼ ਦਾ, ਖੈਰਖਾਹ ਏ ਸਰਕਾਰ ਦਾ। ਹੁਣ ਫਤੇ ਦੀ ਗੋਲੀ ਮੂੰਹ ਵਿਚ ਪਾਓ ਤੇ ਪਾਣੀ ਦਾ ਘੁੱਟ ਪੀਕੇ ਅੰਦਰ ਲੰਘਾਉਣ ਲਈ ਮੁੜ ਪਓ ਪਿੱਛੇ। ਜਿੱਥੇ ਲੈ ਚਲੇ ਚੌਧਰੀ।
ਸੋ ਇਸ ਤਰ੍ਹਾਂ ਦੇ ਮਸ਼ਵਰੇ ਹੋ ਹਵਾਕੇ, ਗੁਰੂ ਜੀਓ! ਮਗਰ ਪਿਛੇ ਕੂਚ ਦਾ ਫੈਸਲਾ ਹੋ ਗਿਆ। ਮੈਂ ਚੁਪਾਤੇ ਖਿਸਕ ਆਯਾ ਹਾਂ ਕਿ ਆਪ ਨੂੰ ਖੁਸ਼ੀ ਦੀ ਖਬਰ ਪੁਚਾ ਦਿਆਂ ਕਿ ਵੈਰੀ ਟੁਰ ਗਏ ਜੇ ਤੇ ਸੱਜਣ ਜੋ ਕੱਲ ਬੇਦਾਵੇ ਪਏ ਲਿਖਦੇ ਤੇ ਮੂੰਹ ਮੈਲਾ ਪਏ ਕਰਦੇ ਸਨ ਅੱਜ ਸਨਮੁਖ ਜੂਝਦੇ ਆਪਣੇ ਮੂੰਹ ਆਪਣੇ ਲਹੂ ਨਾਲ ਧੋਕੇ ਸੁਰਖਰੂ ਹੋਏ, ਆਪ ਦੇ ਰਾਹਾਂ ਨੂੰ ਪਏ ਬਿੱਟ ਬਿੱਟ ਤੱਕਦੇ ਹਨ ਕਿ ਕਦ ਆਉਣ ਮਿਹਰਾਂ ਦੇ ਸਾਈਂ ਤੇ ਕਰ ਲੈਣ ਸਾਡੇ ਦਰਸ਼ਨ, ਅਸੀਂ ਜੁ ਨਾਂ ਰਹੇ ਦਰਸ਼ਨ ਕਰਨ ਜੋਗੇ।
––––––––––––
* ਹਾਇ ਪਿਆਸ ਹਾਇ ਤ੍ਰੈਹ।
ਸਾਹਿਬ ਡਾਢੇ ਧਿਆਨ ਨਾਲ ਅੱਖਰ ਅੱਖਰ ਸੁਣਦੇ ਰਹੇ। ਸੁਣਕੇ ਮੁਸਕ੍ਰਾਂਦੇ ਬੀ ਰਹੇ ਵਿਚ ਵਿਚ, ਫਿਰ ਬੋਲੇ:- ਖਾਨਿਆਂ! ਤੂੰ ਤਾਂ ਅਜ
ਮਹਾਨ ਕਵੀਆਂ ਵਾਂਗ ਗਲਾਂ ਕੀਤੀਆਂ ਹਨ। ਸੁਹਣਿਆਂ ਕਿਤੇ ਪੜ੍ਹਦਾ ਸੁਣਦਾ ਰਿਹਾ ਏਂ ਕਿ ਤੂੰ ਬੀ ਕੋਈ ਕਾਲੀ ਦਾ ਦਾਸ ਏਂ, ਦੂਜਾ ਕਾਲੀ ਦਾਸ? ਖਾਨਾ- ਪਾਤਸ਼ਾਹ! ਲੋਕੀ ਤਾਂ ਆਜਜ਼ੀ ਨਾਲ ਆਪਣੇ ਆਪ ਨੂੰ 'ਮੂਰਖ' ਆਖ ਲੈਂਦੇ ਹਨ ਤੇ ਮੈਨੂੰ ਤਾਂ ਕਹਿੰਦੇ ਹੀ 'ਸੁਰੱਖਾ* ਹਨ। ਸੁਰੱਖਾ ਨਾਮ 'ਮੂਰਖ' ਦਾ ਹੋਣਾ ਹੈ ? ਬਾਕੀ ਅਸੀਂ ਲੋਕ ਰਾਜ ਦਰਬਾਰੀ ਹਾਂ, ਕੁਛ ਗਲਾਂ ਕਰ ਹੀ ਲੈਂਦੇ ਹਾਂ, ਫੇਰ ਪਾਤਸ਼ਾਹ! ਆਪ ਦੀ ਸੇਵਾ ਵਿਚ ਚਾਉ ਚੜ੍ਹ ਰਿਹਾ ਹੈ ਤੇ ਸਾਹਿਬ ਦਾ ਜਲਵਾ ਸੇਵਕ ਦੇ 'ਚਾਉ ਨਾਲ ਨਿਰਮਲ ਹੋਏ ਦਿਲ-ਨੀਰ' ਵਿਚ ਪੈ ਰਿਹਾ ਹੈ। 'ਬੋਲਾਇਆ ਬੋਲੀ ਤੇਰਾ' ਮੈਂ ਸਿਖ ਪੜ੍ਹਦੇ ਸੁਣੇ ਹਨ।
ਸਾਹਿਬ ਫੇਰ ਮੁਸਕ੍ਰਾਏ ਸ਼ਾਬਾਸ਼ ਖਾਨਾਂ ਤੂੰ ਬੜਾ ਨਿਮਕ ਹਲਾਲ ਹੈਂ ਆਪਣੇ ਮਾਲਕ ਦਾ ਤੇ ਸਾਡਾ ਸੱਚਾ ਸਾਦਿਕ ਨਿਕਲਿਆ ਹੈ। ਇਹ ਕਹਿਕੇ ਆਪ ਬੀਰ ਆਸਨ ਤੋਂ ਉੱਠੇ, ਤੀਰ ਕਮਾਨ ਹੱਥੋਂ ਧਰਿਆ ਤੇ ਖਾਨੇ ਦੇ ਸਿਰ ਤੇ ਪ੍ਯਾਰ ਦੇਕੇ ਬਾਕੀ ਸੂਰਿਆਂ ਨੂੰ ਤੀਰ ਭੱਧੇ ਰੱਖਣੇ ਦੀ ਆਯਾ ਕਰਕੇ ਟਹਿਲਣ ਲਗ ਪਏ। ਕੁਛ ਚਿਰ ਮਗਰੋਂ ਪਹਿਰੇ ਤੋਂ ਇਕ ਸਿੰਘ ਆਇਆ ਤੇ ਖਾਨੇ ਨੂੰ ਕੰਨ ਵਿਚ ਕਹਿਣ ਲਗਾ 'ਧੌਲੂ' ਆਇਆ ਖੜਾ ਹੈ।
ਖਾਨਾ ਸਿਰ ਨਿਵਾਕੇ ਚਲਾ ਗਿਆ ਤੇ ਉਸ ਨਾਲ ਗੱਲਾਂ ਕਰਕੇ ਸਾਹਿਬਾਂ ਦੇ ਚਰਨਾਂ ਵਿਚ ਫੇਰ ਆ ਗਿਆ:- ਪਾਤਸ਼ਾਹ ਤੁਰਕ ਦਲ ਟੂਰ ਗਿਆ ਹੈ ਸਾਰਾ। ਨਵਾਬ, ਸਰਦਾਰ, ਲਸ਼ਕਰ ਸਭ ਸਫਨ ਸਫਾ ਹੋ ਗਏ, ਮੈਦਾਨ ਖਾਲੀ ਪਿਆ ਹੈ ਜੀਉਂਦੇ ਵੈਰੀਆਂ ਤੋਂ, ਹਾਂ ਭਰਿਆ ਪਿਆ ਹੈ ਮਰੇ ਵੈਰੀਆਂ ਨਾਲ, ਟੁੰਡ ਮੁੰਡ ਰੂੰਡ ਨਾਲ, ਤੜਫਦੇ ਤੇ ਨਾ ਤੁਰ ਸਕਣ ਜੰਗੇ
–––––––––––––––––––
* ਮੁਰੱਖਾ ਪਦ ਦਾ ਮੂਲ ਹੈ 'ਮੁਹਰੇ ਰਖਿਆ' ਭਾਵ ਰਹਨੁਮਾਈ ਕਰਨ ਵਾਲਾ। 'ਖਾਨਾ' ਇਸ ਪਦ ਦੇ ਅਰਥ 'ਮੁਰੱਖਾ' ਨੂੰ ਮੂਰਖ ਤੋਂ ਬਣਿਆ ਦੱਸ ਰਿਹਾ ਹੈ। ਇਕ ਕਟਾਖ੍ਯ ਸੁੱਟਣੇ ਲਈ।
ਨਾ ਲਿਜਾਏ ਜਾ ਸਕਣ ਵਾਲੇ ਘਾਇਲਾਂ ਨਾਲ* ਧੌਲਾ ਸਾਰੇ ਸੂੰਹ ਲੈ ਆਇਆ ਹੈ, ਪੱਕੀ ਸੱਚੀ ਖਬਰ ਲਿਆਇਆ ਏ ਕਿ ਕੋਈ ਵੈਰੀ ਬਾਕੀ ਨਹੀਂ ਰਿਹਾ। ਇਧਰ ਢਾਬ ਭਰੀ ਪਈ ਹੈ ਸਨਮੁਖ ਜੂਝਦੇ, ਰਤੂ ਨਾਲ ਹੋਲੀਆਂ ਖੇਡਣ ਵਾਲੇ, ਆਪਣੇ ਸਿਰਾਂ ਦੇ ਕੰਮਕੁਮੇ ਉਡਾਉਂਦੇ ਆਪਾ ਵਾਰ ਦੂਲਿਆਂ ਨਾਲ ਜੋ ਆਪ ਦੇ ਆਖਰੀ ਦਰਸ਼ਨ ਲੈਣ ਕਿ ਆਪ ਨੂੰ ਆਪਣੇ ਆਖਰੀ ਦਰਸਨ ਦੇਣ ਲਈ ਮਾਨੋ ਉਡੀਕ ਵਿਚ ਹੈਨ। ਤੇਰੇ ਸਿੱਖ ਗੁਰੂ ਜੀ ਪੜ੍ਹਦੇ ਮੈਂ ਸੁਣੇ ਹਨ:-
"ਕਬੀਰ ਮੁਹਿ ਮਰਨੇ ਕਾ ਚਾਉ ਹੈ
ਮਰਉ ਤ ਹਰਿ ਕੈ ਦੁਆਰ॥
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ॥”
ਪੁੱਛੇ ਨਾਂ ਹੁਣ ਚੱਲਕੇ, ਮਰੇ ਪਿਆਂ ਨੂੰ, ਪੁਤਰ ਜੁ ਹੋਏ। ਸਭ ਤੇਰੇ ਹੀ ਹਨ- ਕੋਈ ਅਦਬਾਂ ਵਾਲੇ, ਕੋਈ ਲਾਡਲੇ, ਕੋਈ ਵਿਗੜਕੇ ਸੰਵਰੇ, ਵਿਚ ਖਾਨਾ ਬੀ ਏ ਖਿਡਾਵਾ, ਟਹਿਲੀਆ ਤੇਰੇ ਸੁਹਣੇ ਪੁਤ੍ਰਾਂ ਦਾ, ਪਰ ਭੁਲਣਹਾਰ ਹੈ।
ਸਾਹਿਬ ਹੱਸ ਪਏ, ਖਾਨੇ ਨੂੰ ਥਾਪੜਾ ਦਿਤਾ ਤੇ ਦਸ ਸਿੰਘ ਟੋਰੇ ਜੋ ਅੱਗੇ ਚੱਲਣ ਤੇ ਸੂੰਹ ਭਾਲ ਵਿਚ ਪਹੁੰਚਣ ਤੇ ਕਿਸੇ ਪ੍ਯਾਰੇ ਨੂੰ ਲੋੜ ਹੋਵੇ ਤਾਂ ਪਾਣੀ ਪਾਣੀ ਦੀ ਸੇਵਾ ਕਰਨ। ਮਗਰੋਂ ਆਪ ਬੀ ਉਸ ਸੁੱਕੇ ਪਾਣੀਆਂ ਦੀ ਢਾਬ ਵਿਚ ਰੱਤੂ ਦੇ ਲਹਿ ਲਹਾਉਂਦੇ ਲਹਿਰੇ ਵੇਖਣ ਲਈ ਤ੍ਯਾਰ ਹੋ ਪਏ ਤੇ ਖਾਨੇ ਨੂੰ ਕਹਿਣ ਲਗੇ:-
ਕਿਉਂ ਬਈ ਖਾਨਾ। ਸਿੰਘ ਸਾਰੇ ਸ਼ਹੀਦ ਹੋ ਗਏ ਕਿ ਕੋਈ ਜੀਉਂਦਾ ਬੀ ਹੋਸੀ ਤੇ ਕੋਈ ਜਾਗਦਾ ਬੀ ?
ਖਾਨਾ- ਪਾਤਸ਼ਾਹ ਮੈਂ ਵਿਚ ਫਿਰਕੇ ਤਾਂ ਨਹੀਂ ਡਿੱਠਾ, ਪਰ ਜਦ ਤੜ ਭੜ ਬੰਦ ਹੋ ਗਈ ਸੀ ਤਾਂ ਇਹੋ ਜਾਣ ਪੈਂਦਾ ਸੀ ਕਿ ਕੋਈ ਲੜਨ ਜੋਗਾ
––––––––––––––––––
ਇਮ ਕਹਿ ਬਾਗ ਤੁਰੰਗਮ ਪ੍ਰੇਰੀ। ਚਲ੍ਯੋ ਸ਼ੀਘ੍ਰ ਕਰ ਸਭਿ ਕੇ ਪ੍ਰੇਰੀ॥ ੨੪॥
ਮ੍ਰਿਤੁ ਤੇ ਤਜੇ ਹੁਤੇ ਤਿਸ ਨੋਰਾ। ਘਾਇਲ ਕਹੁ ਬੀ ਛੋਰਤ ਦੌਰਾ।
ਬਿਨ ਜਲ ਤੇ ਤਰਫਤ ਬਹੁ ਮਰੇ। ਬਿਨ ਸਮਰਥ ਰਣ ਥਲ ਜੇ ਪਰੇ॥੨੫॥ (ਗੁ.ਪ੍ਰ.ਸੂ:੬੦੨੬)
ਵਿਚ ਨਹੀਂ ਰਿਹਾ। ਫੇਰ ਮੈਂ ਆਪ ਵਲ ਆਉਣ ਤੋਂ ਪਹਿਲਾਂ ਚੌਧਰੀ ਨੂੰ ਪੁੱਛਿਆ ਸੀ: ਤੂੰ ਨ੍ਵਾਬ ਦੇ ਨਾਲ ਹੋ ਆਇਆ ਏਂ, ਦੱਸ ਕਿ ਸਿੰਘ ਸਾਰੇ ਹੀ ਮਾਰੇ ਗਏ ਕਿ ਕੋਈ ਹੈ ਜੀਉਂਦਾ, ਜਿਸ ਦੀ ਦਾਰੀ ਉਸਦੀ ਜਿੰਦ ਦੀ ਉਡਾਰੀ ਨੂੰ ਠੱਲਾ ਪਾ ਸਕੇ। ਤਾਂ ਚੌਧਰੀ ਨੇ ਕਿਹਾ ਮੈਂ ਸਰਸਰੀ ਨਜ਼ਰ ਮਾਰੀ ਹੈ, ਕੋਈ ਕੋਈ ਸਿਸਕਦਾ ਹੈ ਪਰ ਕੋਈ ਬਚਦਾ ਦੀਹਦਾ ਨਹੀਂ। ਚੌਧਰੀ ਦਾ ਹਾਲ ਬੀ ਪਾਤਸ਼ਾਹ! ਚੋਰ ਦੀ ਮਾਂ ਵਾਲਾ ਸੀ ਨਾਂ. ਗੁੱਸੇ ਨਾ ਹੋਣਾ, ਪਾਤਸ਼ਾਹ। ਜੇ ਆਪਣੇ ਭਰਾਵਾਂ ਨੂੰ ਤੱਕੇ ਤਾਂ ਹੋਵੇ ਤੇ ਜੇ ਹੋਵੇ ਤਾਂ ਤੁਰਕ ਨਾਲ ਵਿਗੋਵੇ। ਸਿਖ ਹੋਯਾ ਆਪਦਾ, ਝੂਠ ਬੋਲਣਾ ਨਾਂ ਹੋਇਆ, ਫੇਰ ਨੀਤੀ ਵਰਤਣੀ ਹੋਈ। ਪਾਤਸ਼ਾਹ ਤੇਰੀ ਪਾਈ ਸਿਖਾਈ ਔਖੀ ਨੀਤੀ, ਨਾਲੇ ਸੱਚ ਨਾਲੇ ਨੀਤੀ। ਮੈਂ ਚੌਧਰੀ ਸੱਚ ਦੱਸੀ ਗਿਆ ਪਾਣੀ ਦਾ ਤੇ ਮਗਰੋਂ ਲਾਹੀ ਗਿਆ ਆਪਣਿਓਂ ਚਊਂ ਚਊਂ ਕਰਦੇ ਜ਼ਾਲਮ ਨੂੰ। ਹਾਂ, ਪਾਤਸ਼ਾਹ! ਚੌਧਰੀ ਇਕ ਗਲ ਹੋਰ ਕਰ ਗਿਆ ਏ, ਆਪਣੇ ਮਾਤਬਰਾਂ ਨੂੰ ਛੋੜ ਗਿਆ ਏ ਕਿ ਜੇ ਕੋਈ ਸਿੱਖ ਬਚਣ ਵਾਲਾ ਹੋਵੇ ਤਾਂ ਉਸ ਘਾਇਲ ਨੂੰ ਲਾਗਲੇ ਪਿੰਡਾਂ ਵਿਚ ਚੁਪਾਤੇ ਸਿੱਖਾਂ ਤੇ ਘਰੀਂ ਪੁਚਾ ਦੇਣ। ਮੈਨੂੰ ਏਨਾਂ ਈ ਪਤਾ ਏ ਪਾਤਸ਼ਾਹ! ਤੁਸੀਂ ਹੁਣ ਚਲੋ ਆਪਣੀ ਨਦਰੀ ਨਦਰ ਨਿਹਾਲ ਕਰਨ ਵਾਲੀਆਂ ਨਦਰਾਂ ਨਾਲ ਵੇਖ ਲਓ ਤੇ ਰੱਖ ਲਓ ਨੈਣਾਂ ਦੇ ਆਬੇਹਯਾਤ ਨਾਲ ਹਯਾਤੀ ਦਾਨ ਕਰਕੇ, ਜਿਸ ਨੂੰ ਜੀ ਚਾਹੇ ਆਪ ਦਾ ਏਥੇ ਰਖਣ ਨੂੰ, ਯਾ ਮੇਹਰ ਨਦਰਾਂ ਨਾਲ ਤਾਰ ਕੇ ਕਰ ਦਿਓ ਪਾਰ ਬੇ ਪਾਣੀਆਂ ਦੀ ਢਾਬ ਵਰਗੇ ਭਉਜਲ ਤੋਂ, ਜਿਨਾਂ ਨੂੰ ਘਲਣਾ ਜੇ ਅੱਗੇ।
२.
ਵਜ਼ੀਰ ਖਾਂ ਨ੍ਵਾਬ ਸਰਹਿੰਦ ਅਨੰਦ ਪੁਰ ਦੇ ਯੁੱਧ ਵਿਚ ਸਹੁਵਾਂ ਸੁਗੰਧਾਂ ਚਾਕੇ, ਕੁਰਾਨ ਜਾਮਨ ਦੇਕੇ, ਸਣੇ ਕਾਜ਼ੀ ਸਾਹਿਬ ਦੇ ਤੇ ਪਹਾੜੀ ਰਾਜਿਆਂ ਦੇ, ਗੁਰੂ ਸਾਹਿਬ ਨਾਲ ਧ੍ਰੋਹ ਕਰ ਚੁਕਾ ਸੀ, ਜੋ ਕਿਲੋ ਵਿਚੋਂ ਨਿਕਲਕੇ ਸਹੀ ਸਲਾਮਤ ਆਪਣੇ ਰਾਹੇ ਚਲੇ ਜਾਣ ਦੀ ਅਮਾਨ ਦੇਕੇ ਬਾਹਰ ਨਿਕਲਿਆਂ ਦਾ ਪਿੱਛਾ ਕਰਕੇ ਆ ਪਿਆ ਸੀ। ਰੋਪੜ ਲਾਗੇ ਤਾਂ ਸਖਤ
ਉਸਦੇ ਅੱਪੜਨ ਤੋਂ ਪਹਿਲਾਂ ਗੁਰੂ ਜੀ ਏਸੇ ਪਾਸੇ ਜਾ ਰਹੇ ਸੇ ਕਿ ਰਾਹ ਵਿਚ ਪੰਜਾਬ ਤੋਂ ਤੇ ਖਾਸ ਕਰਕੇ ਮਾਝੇ ਤੋਂ ਸਿਖਾਂ ਦਾ ਇਕ ਵਹੀਰ ਗੁਰੂ ਜੀ ਨੂੰ ਮਿਲਿਆ ਸੀ, ਜਿਨ੍ਹਾਂ ਵਿਚ ਅਨੰਦਪੁਰ ਤੋਂ ਗੁਰੂ ਜੀ ਦੀ ਆਗ੍ਯਾ ਦੇ ਉਲਟ ਜੋ ਸਿਖ ਚਲੇ ਗਏ ਸੇ ਬੀ ਸ਼ਾਮਲ ਸੇ। ਇਨ੍ਹਾਂ ਦਾ ਇਕ ਮਨੋਰਥ ਸੀ ਮਾਫੀ ਮੰਗਣੀ, ਦੂਜਾ ਸੀ ਗੁਰੂ ਜੀ ਨੂੰ ਮਨਾਉਣਾ ਕਿ ਸਰਕਾਰ ਨਾਲ ਸੁਲਹ ਕਰ ਲੈਣ ਤੇ ਜੇ ਗੁਰੂ ਜੀ ਮੰਨ ਜਾਣ ਤਾਂ ਆਪ ਵਿਚ ਪੈਕੇ ਸੁਲਹ ਕਰਾ ਦੇਣ। ਪਰ ਗੁਰੂ ਜੀ ਨੇ ਇਨ੍ਹਾਂ ਦੀ ਗਲ ਨਾਂ ਮੰਨੀ ਤੇ ਇਥੇ ਇਨ੍ਹਾਂ ਤੋਂ ਬਿਦਾਵੇ ਦਾ ਕਾਗਜ਼ ਲਿਖਾ ਲਿਆ ਕਿ ਅਸੀਂ ਅਗੇ ਤੋਂ ਆਪ ਦੇ ਸਿਖ ਨਹੀਂ। ਇਹ ਬਿਦਾਵਾ ਲੈ ਕੇ ਗੁਰੂ ਜੀ ਅੱਗੇ ਪਧਾਰ ਗਏ। ਖਿਦਰਾਣੇ ਦੀ ਢਾਬ ਤੇ ਪਹੁੰਚਕੇ ਇਸ ਨੂੰ ਸੁੱਕੀ ਦੇਖਕੇ ਕੁਛ ਹੋਰ ਅੱਗੇ ਚਲੇ ਗਏ ਤੇ ਇਕ ਟਿੱਬੀ ਤੇ ਜਾ ਡੇਰਾ ਲਾਇਆ, ਜਿਸ ਦਾ ਵਰਣਨ ਪਿਛੇ। ਆ ਚੁਕਾ ਹੈ, ਜਿਥੇ ‘ਖਾਨਾ’ ਉਨ੍ਹਾਂ ਨੂੰ ਜਾ ਮਿਲਿਆ ਸੀ। ਗੁਰੂ ਜੀ ਦੇ ਅਗੇ ਚਲੇ ਜਾਣ ਮਗਰੋਂ ਗੁਰੂ ਤੋਂ ਟੁੱਟੇ ਮਾਝੇ ਦੇ ਵਹੀਰ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ ਗੁਰੂ ਜੀ ਪਰ ਹੱਲਾ ਕਰਕੇ ਆ ਰਿਹਾ ਹੈ। ਤਦ ਜਥੇ ਵਿਚ ਵਿਚਾਰ ਹੋਈ। ਜਥੇਦਾਰ ਸੀ ਮਹਾਂ ਸਿੰਘ, ਇਸ ਨਾਲ ਚਾਰ ਸਿੰਘ ਹੋਰ ਨਿਤਰੇ, ਪੰਜਾਂ ਨੇ ਕਿਹਾ ਕਿ ਅਸਾਂ ਤਾਂ ਬੇਮੁਖ ਨਹੀਂ ਹੋਣਾ, ਵਜ਼ੀਰ ਖਾਂ ਨਾਲ ਲੜਕੇ ਮਰਾਂਗੇ ਤੇ ਜਿਸ ਨੇ ਸਾਡੇ ਨਾਲ ਗੁਰੂ ਸਨਮੁਖ ਹੋਕੇ ਸ਼ਹੀਦ ਹੋਣਾ ਹੈ ਉਹ ਸਾਡੇ ਵਲ ਆ ਜਾਓ। ਇਹ ਕਹਿਕੇ ਇਕ ਲੀਕ ਖਿੱਚ ਦਿੱਤੀ। ਕੁਛ ਹੋਰ ਸਿੱਖ ਬੀ ਲੀਕ ਟੱਪ ਆਏ ਤਦ ਮਹਾਂ ਸਿੰਘ ਨੇ ਕਿਹਾ: ਹੈਫ
ਏਥੇ ਢਾਬ ਦੇ ਢਾਹੇ ਉੱਤੇ ਬੇਰੀਆਂ ਸਨ, ਉਨ੍ਹਾਂ ਉਤੇ ਬੜੇ ਬੜੇ ਚਾਦਰੇ ਤੇ ਨਾਲ ਆਂਦੇ ਸਾਇਬਾਨ ਪਾ ਦਿਤੇ, ਦੂਰੋਂ ਜਾਪੇ ਕਿ ਤੰਬੂ ਡੇਰੇ ਲਗੇ ਹੋਏ ਹਨ ਤੇ ਉੱਚੇ ਉੱਚੇ ਥਾਂ ਤੋਂ ਢਾਬ ਦੇ ਕੰਢਿਆਂ ਦੇ ਲੁਕਵੇਂ ਥਾਂ ਬੀ ਮੱਲ ਲਏ ਤੇ ਜੰਗ ਕਰਨ ਦੀ ਵਿਉਂਤ ਬੀ ਮਿਥ ਲਈ। ਜਦ ਵਜ਼ੀਰ ਖਾਂ ਆ ਗਿਆ ਤਾਂ ਉਸ ਨੂੰ ਖਬਰ ਮਿਲੀ ਕਿ ਖਿਦਰਾਣੇ ਦੀ ਢਾਬ ਪਾਣੀ ਨਾਲ ਲਹਿ ਲਹਿ ਕਰ ਰਹੀ ਹੈ ਤੇ ਸਿੱਖਾਂ ਕਬਜ਼ਾ ਕਰ ਲਿਆ ਹੈ। ਹਾਲਾਂਕਿ ਉਹ ਵਾਹਿਗੁਰੂ ਹੁਕਮ ਵਿਚ ਆਪਣੇ ਸਦਾ ਦੇ ਸੁੱਕਣ ਦੇ ਵੇਲੇ ਤੋਂ ਪਹਿਲਾਂ ਹੀ ਸੁੱਕ ਚੁਕੀ ਸੀ। ਫਿਰ ਉਸ ਨੂੰ ਪਤਾ ਲਗਾ ਕਿ ਗੁਰੂ ਹੀ ਸਿਖਾਂ ਸਣੇ.
––––––––––––––––––
* ਕਈ ਆਖਦੇ ਹੈਨ ਕਿ ਮਾਈ ਭਾਗ ਜੋ, ਇਸ ਜਥੇ ਦੇ ਨਾਲ ਆਈ ਸੀ ਤੇ ਇਸ ਵੇਲੇ ਸ਼ਹੀਦ ਹੋਣ ਵਾਲਿਆਂ ਵਿਚ ਨਿਤਰੀ ਸੀ, ਉਸਨੇ ਵੀ ਇਸ ਵੇਲੇ ਸਿੰਘਾਂ ਨੂੰ ਉਤਮ ਉਪਦੇਸ਼ ਗੁਰੂ ਜੀ ਤੋਂ ਸਦਕੇ ਹੋ ਜਾਣ ਵਾਸਤੇ ਦਿੱਤਾ ਸੀ।
ਮੱਲੀ ਬੈਠਾ ਹੈ। ਇਥੋਂ ਦੀ ਜਿੱਤ ਵਜ਼ੀਰ ਖਾਂ ਲਈ ਦੋ ਸੁਖ ਰਖਦੀ ਸੀ, ਇਕ ਗੁਰੂ ਕੀ ਹਾਰ, ਦੂਜੇ ਤੁਰਕ ਦਲ ਨੂੰ ਪਾਣੀ ਦੇ ਛੰਭ ਦੀ ਪ੍ਰਾਪਤੀ। ਸੋ ਉਸਨੇ ਕੁਛ ਦੂਰ ਡੇਰਾ ਕਰਕੇ ਆਪਣੀ ਵਿਉਂਤ ਬੰਨ੍ਹ ਕੇ ਹੱਲਾ ਬੋਲ ਦਿੱਤਾ। ਹੁਣ ਇਸ ਵਹੀਰ ਤੇ ਸ਼ਾਹੀ ਸੈਨਾ ਦਾ ਘੋਰ ਯੁੱਧ ਹੋਇਆ। ਸਿੱਖ ਤਾਂ ਮਰਨ ਮੰਡਕੇ ਮੌਤ ਵਿਚ ਸੁਰਖਰੋਈ ਸਮਝਕੇ ‘ਆਪਾ ਨੁਛਾਵਰੀ ਜੁੱਧ’ ਕਰਦੇ ਸੇ ਤੇ ਜਾਨਾਂ ਤੋੜਕੇ ਲੜਦੇ ਸੇ, ਪਰ ਤੁਰਕ ਦਲ ਤਨਖਾਹਾਂਦਾਰ ਜਾਨਾਂ ਬਚਾ ਬਚਾਕੇ ਲੜਦਾ ਸੀ। ਇਸ ਲਈ ਇਸ ਥੋੜੇ ਜਿਹੇ ਜਥੇ ਨੇ ਤੁਰਕ ਦਲ ਦੇ ਬਹੁਤ ਆਹੂ ਲਾਹੇ। ਇਨਸਾਨੀ ਖ੍ਯਾਲ ਤੇ ਕ੍ਯਾਸ ਤੋਂ ਵੱਧ ਕਟਾ ਵੱਢ ਕੀਤੀ। ਜੁੱਧ ਕਰਦਿਆਂ ਲੌਢਾ ਪਹਿਰ ਲੈ ਆਂਦਾ, ਪਰ ਆਖਰ ਤੁਰਕ ਸੈਨਾਂ ਤੋਂ ਬਹੁਤ ਥੋੜੇ ਸਨ, ਲਗ ਪਗ ਸਾਰੇ ਘਾਇਲ ਤੇ ਜ਼ਖਮੀ ਹੋ ਢੱਠੇ, ਪਰ ਇਕ ਨੇ ਬੀ ਪਿੱਠ ਨਹੀਂ ਦਿੱਤੀ, ਇਕ ਨੇ ਬੀ ਹਾਰ ਨਹੀਂ ਮੰਨੀ, ਇਕ ਨੇ ਬੀ ਹੌਸਲਾ ਨਹੀਂ ਹਾਰਿਆ। ਗੁਰੂ ਜੀ ਬੀ ਟਿੱਬੀ ਤੋਂ ਤੱਕ ਤੱਕਕੇ ਆਪਣੇ ਅਮੋਘ ਬਾਣ ਇਸ ਦਾਨਾਈ ਤੇ ਬਲ ਨਾਲ ਛੋੜਦੇ ਰਹੇ ਕਿ ਤੁਰਕ ਦਲ ਦਾ ਨੁਕਸਾਨ ਅਤਿ ਦਾ ਹੋਇਆ, ਪਰ ਉਨ੍ਹਾਂ ਨੂੰ ਇਹ ਪਤਾ ਨਾ ਪਿਆ ਕਿ ਢਾਬ ਲਾਗਲੇ ਟਿੱਬਿਆਂ ਤੋਂ ਛੁਟ ਕਿਤੋਂ ਹੋਰਥੋਂ ਬੀ ਤੀਰ ਆ ਰਹੇ ਹਨ। ਜਦ ਸਿੱਖਾਂ ਵਾਲੇ ਪਾਸਿਓਂ ਤੀਰ ਗੋਲੀ ਬੰਦ ਹੋ ਗਈ, ਹਥਾ ਵਥੀ ਲੜਨ ਵਾਲੇ ਜਥੇ ਕਿ ਯੋਧੇ ਅੱਗੇ ਵਧਣੋਂ ਮੁੱਕ ਗਏ ਤਾਂ ਤੁਰਕ ਦਲ, ਇਹ ਸਮਝਕੇ ਕਿ ਸਿੱਖ ਸਭ ਮਰ ਗਏ ਹਨ, ਛੰਭ ਤੇ ਪਾਣੀ ਪੀਣ ਲਈ ਅਗੇ ਵਧਿਆ। ਅਗੇ ਬੇਰੀਆਂ, ਬੇਰੀਆਂ ਤੇ ਪਏ ਚਾਦਰੇ, ਛੌਲਦਾਰੀਆਂ ਤੇ ਸਾਇਬਾਨ! ਹਾਂ ਮਰੇ ਪਏ, ਕੱਟੇ ਪਏ ਤੇ ਸਿਸਕ ਰਹੇ ਘਾਇਲ ਸਿੱਖਾਂ ਦੇ ਤਨ, ਵਹਿ ਚੁਕੇ ਤੇ ਵਹ ਰਹੇ ਲਹੂ ਦੇ ਸਿਵਾ ਕੁਛ ਨਾ ਦਿੱਸਿਆ। ਪਾਣੀ ਤਾਂ ਮ੍ਰਿਗ ਤ੍ਰਿਸ਼ਨਾਂ ਦੇ ਜਲ ਵਾਂਙੂ ਭੁਲੇਵਾ ਦੇ ਗਿਆ ਤੇ ਤੁਰਕ ਸੈਨਾ ਸਚੀ
ਮੁਚੀ ਦਾ ਜਲ ਨਾ ਪਾਕੇ ਘਬਰਾਏ ਮ੍ਰਿਗ ਵਾਂਗੂੰ ਤੜਫ ਉੱਠੀ। ਇਸ ਵੇਲੇ ਜੋ ਵਿਚਾਰ ਤੁਰਕ ਦਲ ਵਿਚ ਹੋਈ ਸੋ ਪਿਛੇ ਆ ਚੁਕੀ ਹੈ। ਜੋ ਕੁਛ ਟਿੱਬੀ ਤੇ ਵਰਤਿਆ ਉਹ ਬੀ ਆਪ ਪੜ੍ਹ ਚੁਕੇ ਹੋ, ਹੁਣ ਢਾਬ ਵਿਚ ਦਾ ਹਾਲ
३.
ਭਾਈ ਮਹਾਂ ਸਿੰਘ ਜੀ ਸੱਚੇ ਸ਼ਹੀਦ ਦੀ ਆਤਮਾ ਆਪਣੇ ਅੰਤਮ ਸੁਆਸਾਂ ਵੇਲੇ ਇਸ ਪ੍ਰਕਾਰ ਸੰਬਾਦ ਕਰਦੀ ਹੈ:-
ਆਤਮਾਂ (ਮਾਨੋ ਦੇਹ ਨੂੰ ਆਖਦੀ ਹੈ)-
ਹੋ ਜ਼ਿੰਦਗੀ ਦੀ ਕਾਰ ਚੁੱਕੀ, ਦੇਸ਼ ਨਿਜ ਹੁਣ ਚੱਲੀਏ।
ਦੇ ਆਯਾ ਹੁਣ ਦੇਹ ਪ੍ਯਾਰੀ, ਨਾਲ ਖੁਸ਼ੀਆਂ ਘੱਲੀਏ।
ਧੰਨ ਹੈਂ ਤੂੰ ਧੰਨ ਪ੍ਯਾਰੀ! ਧੰਨ ਤੈਨੂੰ ਆਖੀਏ!
ਉਪਕਾਰ ਤੇਰੇ ਸਦਾ ਪ੍ਯਾਰੇ, ਰਿਦੇ ਅਪਣੇ ਰਾਖੀਏ।
ਤੂੰ ਧੰਨ ਹੈਂ ਜਿਨ ਕ੍ਰਿਪਾ ਕੀਤੀ, ਮੈਂ ਜਿਹੇ ਇਕ ਨੀਚ ਤੇ।
ਗੁਰ ਸੇਵ ਸੰਦਾ ਸਮਾਂ ਦਿੱਤਾ, ਰੱਖਿਆ ਜਗ ਕੀਚ ਤੇ।
ਹਾਂ ਸੇਵ ਕਲਗੀ ਵਾਲੜੇ ਦੀ ਦਾਸ ਕੋਲੋਂ ਸੁਹਣੀਏਂ!
ਲੈ, ਰੋਗ ਬੇਮੁਖ ਹੋਣ ਦਾ, ਹਈ ਕੱਟਿਆ ਮਨ ਮੁਹਣੀਏਂ!
ਹਾਂ ਵਾਰਨੇ ਮੈਂ ਤੁੱਧ ਦੇ, ਤੂੰ ਸਫਲ ਗੁਰੂ ਸੁਵਾਰੀਏ!
ਹੁਣ ਦੇਹੁ ਛੁੱਟੀ ਚੱਲੀਏ, ਹੈ ਵਾਟ ਲੰਮੀ ਪ੍ਯਾਰੀਏ!
ਹੈ ਆਗਿਆ ਹੁਣ ਪ੍ਰਭੂ ਜੀ ਦੀ, ਪਹੁੰਚ ਪਈਏ ਘਰਾਂ ਨੂੰ।
ਹੈ ਸਿੱਕ ਦਰਸ਼ਨ ਪਿਤਾ ਦੀ, ਉਡ ਚੱਲੀਏ ਲਾ ਪਰਾਂ ਨੂੰ।
ਦੇਹ (ਮਾਨੋਂ ਉੱਤਰ ਦੇਂਦੀ ਹੈ)-
ਹੋ ਤੁਰੇ ਜਾਂਦੇ ਲਾਲ ਜੀ! ਨਹੀਂ ਅਟਕ ਸਕਦੇ ਜ਼ਰਾ ਬੀ,
ਜੀ ਨਹੀਂ ਚਾਹੇ ਵਿਛੁੜਨਾਂ, ਮੈਂ ਰੋਵਦੀ ਹਾਂ, ਕਰਾਂ ਕੀ?
ਚਲ ਸਕਾਂ ਨਾਹੀਂ ਨਾਲ ਮੈਂ, ਹਾਂ ਨੀਚ ਮਿੱਟੀ ਅੰਧ ਮੈਂ,
ਛੱਡ ਸਕਾਂ ਨਾਹੀਂ ਸੰਗ ਸੁਹਣਾ, ਖਾਂਵਦੀ ਹਾਂ ਰੰਜ ਮੈਂ।
ਹੋ ਤੁਸੀਂ ਆਤਮ ਰੂਪ ਜੀ, ਨਿਤ ਸਦਾ ਹੀ ਅਵਿਨਾਸ਼ ਹੋ!
ਮੈਂ ਨਾਸ਼ਵੰਤੀ ਬਿਨਸਦੀ, ਵਿਗੜਾਂ ਕਦੀ ਮੈਂ ਰਾਸ ਹੋ।
ਵਿਛੜਨਾਂ ਮੈਂ ਨਾਂ ਚਹਾਂ, ਮੈਂ ਆਪਦੇ ਬਿਨ ਮਾਸ ਹਾਂ,
ਸੁਰਜੀਤ ਹਾਂ ਮੈਂ ਨਾਲ ਲੱਗੀ, ਵਿੱਛੁੜੀ ਮੈਂ ਨਾਸ਼ ਹਾਂ।
ਆਤਮਾ-
ਤੂੰ ਸਫਲ ਹੋਈ ਸਫਲ ਹੋਈ, ਨਹੀਂ ਛੁੱਟੜ ਪ੍ਯਾਰੀਏ!
ਹੁਕਮ ਹੈ ਗੁਰ ਰੱਬ ਦਾ ਏ, ਕਿਵੇਂ ਇਸ ਨੂੰ ਟਾਰੀਏ!
ਹਾਂ, ਟਾਰੀਏ ਨਾਂ ਧਾਰੀਏ ਏ, ਧਾਰਕੇ ਉਠ ਚੱਲੀਏ?
ਹੁਣ ਛੱਡ ਛੇਤੀ ਚੱਲੀਏ, ਤੇ ਜਾਇ ਪੱਤਣ ਮੱਲੀਏ।
ਦੇ ਆਗਿਆ ਹੁਣ ਚੱਲੀਏ, ਹੁਣ ਚੱਲੀਏ, ਹੁਣ ਚੱਲੀਏ,
ਹੁਣ ਰਹਿਣ ਨਾਹੀਂ ਬਣੇ ਸਾਨੂੰ, ਚੱਲੀਏ, ਹੁਣ ਚੱਲੀਏ।
ਦੇਹ-
ਇਕ ਸੋਚ ਸੋਚੋ ਲਾਲ ਜੀ! ਹੈ ਕੌਮ ਟੁੱਟੀ ਗੁਰਾਂ ਤੋਂ,
ਇਉਂ ਛੱਡ ਟੁੱਟੀ ਤੁਰੇ ਜਾਂਦੇ, ਚਹੋ ਸੱਦਾ ਧੁਰਾਂ ਤੋਂ*
ਹੈ ਤੁਸਾਂ ਸੇਵਾ ਸਿਰੇ ਚਾੜ੍ਹੀ, ਆਪ ਸਨਮੁਖ ਚਲੇ ਹੋ,
ਪਰ ਬੇਮੁਖਾਈ ਹੈ ਲਿਖੀ ਸੋ ਤੁਰਨ ਨੂੰ ਕਿਉਂ ਖਲੇ ਹੋ ?
ਹੁਣ ਤੁਰ ਚਲੇ ਹੋ ਆਪ ਪ੍ਯਾਰੇ ਕੌਮ ਡੁੱਬੀ ਰਹੀ ਹੈ,
ਹੈ ਧੰਨ ਸਿੱਖੀ ਆਪ ਦੀ ਕੀ ਸਫਲ ਸਿੱਖੀ ਇਹੀ ਹੈ?
ਆਤਮਾ-
ਹਾਂ ਸੱਚ ਹੈ, ਏ ਸੱਚ ਪ੍ਯਾਰੀ, ਦੁਖ ਕਲੇਜੇ ਰਿਹਾ ਹੈ:-
ਮੈਂ ਆਪ ਉਠ ਹਾਂ ਚਲਿਆ ਤੇ ਪੰਥ ਟੁੱਟਾ ਰਿਹਾ ਹੈ!
ਹਾਂ, ਧੰਨ ਹੈਂ ਤੂੰ ਦੇਹ ਮੇਰੀ, ਧੰਨ ਤੇਰੀ ਸਿੱਖਿਆ,
ਜੇ ਗੁਰੂ ਆ ਹੁਣ ਬਾਹੁੜੇ ਤਾਂ ਪਾਟ ਜਾਵੇ ਲਿੱਖਿਆ।
ਵਾਹਿਗੁਰੂ ਵਲ ਧਿਆਨ ਕਰਕੇ)-
( ਹਾਂ ਪ੍ਰਭੂ ਪ੍ਯਾਰੇ ਸੁਣੀਂ, ਬਿਨਤੀ ਮੌਤ ਰੋਕੀਂ ਪਯਾਰਿਆ!
ਹਾਂ ਭੇਜ ਕਲਗੀ ਵਾਲੜਾ ਤੂੰ ਭੇਜ ਲਾਲ ਦੁਲਾਰਿਆ!
(ਗੁਰੂ ਦਾ ਧਿਆਨ ਧਰਕੇ)-
ਦਿਹ ਦਰਸ ਕਲਗੀ ਵਾਲਿਆ! ਆ ਬਹੁੜ ਵੇਲੇ ਅੰਤ ਦੇ,
ਹੁਣ ਢਿੱਲ ਦਾ ਕੁਛ ਸਮਾਂ ਨਾ, ਆ ਵਾਸਤੇ ਭਗਵੰਤ ਦੇ।
ਹਾਂ ਚੱਲਿਆ ਹਾਂ, ਬਹੁੜ ਸਤਿਗੁਰ ਬਹੁੜ ਕਲਗੀ ਵਾਲਿਆ!
ਤੂੰ ਆਸ ਪੂਰੀਂ ਆਪ ਆਕੇ ਆਉ ਫੌਜਾਂ ਵਾਲਿਆ!
ਆ ਕਰੀਂ ਔਕੜ ਦੂਰ ਮੇਰੀ, ਸਨਮੁਖੇ ਆ ਕਰ ਲਈ,
ਤੇ ਮੇਲ ਲੈਣੀ ਟੁੱਟ ਚੁੱਕੀ, ਭੁੱਲ ਸਾਡੀ ਹਰਿ ਲਈ।
–––––––––––––––
* ਚਾਹੇ ਤੈਨੂੰ ਸੱਦਾ ਧੁਰਾਂ ਦਾ ਆ ਗਿਆ ਹੈ।
(ਆਪਣੇ ਆਪ ਨਾਲ)-
ਹਾਂ! ਜਿੰਦ ਨਾ ਹੈ ਤੁਰੇ ਮੇਰੀ ਹੁਕਮ ਨੂੰ ਹੈ ਟਾਲਦੀ।
ਜੇ ਹੁਕਮ ਮੰਨੇ, ਕਾਰ ਸਿੱਖੀ ਇਸ ਸਮੇਂ ਨਹੀਂ ਪਾਲਦੀ।
ਮੈਂ ਤੁਰਾਂ ? ਰਹਾਂ ਉਡੀਕ ਕਰਦਾ? ਫਸ ਗਿਆ ਦੋਥੌੜ ਹਾਂ।
ਤੇ ਝੁਕਾਂ ਜੇਕਰ ਇੱਕ ਪਾਸੇ, ਦੂਜਿਓਂ ਫਿਰ ਚੌੜ ਹਾਂ।
(ਫਿਰ ਗੁਰੂ ਧਿਆਨ ਵਿਚ)-
ਏ ਤਿਲ ਨ ਵਧਣੀ ਉਮਰ ਹੈ, ਇਸ ਸਮੇਂ ਸਿਰ ਟੁੱਟ ਜਾਵਣਾ,
ਉਸ ਸਮੇਂ ਨਾਲੋਂ ਰਤਾ ਪਹਿਲੇ, ਪ੍ਯਾਰਿਆ ਤੂੰ ਆਵਣਾ।
ਹਾਂ ਸੁਰਖਰੋਈ ਸਿੱਖ ਦੀ ਤਦ ਹੋਇ ਕਲਗੀ ਵਾਲਿਆ!
ਤੇ ਵੀਰ ਮਰਿਆਂ ਸਾਰਿਆਂ ਦੀ, ਬਚ ਜਿਨ੍ਹਾਂ ਨੇ ਪਾਲਿਆ-
ਸੰਦੇਸ਼ 'ਟੁੱਟੀ ਗੰਢ ਦੇਵੀਂ' ਸੁਣ ਲਈਂ, ਰਖਵਾਲਿਆ!
ਕਰ ਦਯਾ ਆਵੀਂ ਗੁਰੂ ਪ੍ਯਾਰੇ, ਬਹੁੜ ਬਹੁੜਨ ਵਾਲਿਆ!
ਇਸ ਫਿਕਰ ਦੇ ਵਿਚ ਸਿੱਖ ਸੀਗਾ, ਪਿਆ ਘਾਇਲ ਸੋਚਦਾ
ਹੈ ਪੀੜ ਅਪਣੀ ਚਿੱਤ ਨਾਹੀਂ, ਪੰਥ ਮੇਲਣ ਲੋਚਦਾ;
ਹੈ ਜਾਨ ਟੁਟਦੀ ਕੁੜਕ ਮੁੜਦੀ ਸਿੱਖ ਨੂੰ ਪਰਵਾਹ ਨਾ,
'ਏ ਕਿਵੇਂ ਸਿੱਖੀ ਜਾਇ ਬਖਸ਼ੀ ਰੜਕਦੀ ਏ ਚਾਹਿਨਾ।
'ਮੈਂ ਮੇਲ ਜਾਵਾਂ ਕੌਮ ਟੁੱਟੀ ਆਪ ਪਹਿਲੇ ਮਰਨ ਤੋਂ
'ਏ ਰਹੇ ਨਾਹੀਂ ਵਿੱਛੁੜੀ ਗੁਰੂ ਸੰਦੀ ਸ਼ਰਨ ਤੋਂ।'
ਹੈ ਬਿਨੈ ਕਰਦਾ ਗੁਰੂ ਅੱਗੇ ਪਿਆ ਧਰ ਸਿਰ ਮੂਧ ਹੈ,
ਹੈ ਲਹੂ ਵਗਦਾ ਫੱਟ ਚੀਸਣ ਪਰ ਨ ਇਸ ਦੀ ਸੁਧ ਹੈ।
ਹਾਂ, ਸੂਧ ਹੈ ਇਸ ਸਿੱਕ ਵਾਲੀ ਦਰਸ ਗੁਰ ਦਾ ਪਾ ਲਵਾਂ,
ਤੇ ਚਰਨ ਪਕੜਾਂ ਗੁਰੂ ਜੀ ਦੇ, ਪੰਥ ਨੂੰ ਬਖਸ਼ਾ ਲਵਾਂ।
ਉਹ ਪੰਥ ਪਾਲਿਕ ਗੁਰੂ ਪ੍ਯਾਰੇ, ਪ੍ਯਾਰ ਕਰਦੇ ਸਾਰਿਆਂ,
ਹਾਂ ਪ੍ਯਾਰਦੇ ਹਰ ਸਿੱਖ ਨੂੰ, ਜੋ ਗਿਆ ਸੀਗਾ ਮਾਰਿਆ,
ਆ ਸਹਿਕਦੇ ਦੇ ਪਾਸ ਬੈਠਣ ਲਹੂ ਪੂੰਝਣ ਚਿਹਰਿਓਂ,
ਤੇ ਗਰਦ ਝੜਨ ਆਪ ਹੱਥੀਂ, ਧੰਨ ਤੇਰੀ ਮਿਹਰ ਓ!
ਹੁਣ ਗੋਦ ਅਪਣੀ ਸਿੱਖ ਦਾ ਸਿਰ ਆਪ ਚਾਕੇ ਰੱਖਿਆ,
ਫਿਰ ਪ੍ਯਾਰ ਦੇਕੇ ਨੈਣ ਖੋਲ੍ਹੇ, ਬਿਰਦ ਅਪਣਾ ਲੱਖਿਆ।
ਫਿਰ ਨੀਰ ਚੋਇਆ, ਤ੍ਰਾਣ ਦਿੱਤਾ, ਪ੍ਯਾਰ ਦੇ ਸੁਰਜੀਤਿਆ,
ਤੇ ਅੰਤ ਛਿਨ ਦੀ ਲਾਲਸਾ ਨੂੰ ਆਪ ਪੂਰਾ ਕੀਤਿਆ।
ਸਿਖ ਨੈਣ ਖੁੱਲ੍ਹੇ ਦੇਖਦੇ ਹਨ:- ਸਿੱਕ ਪੂਰੀ ਗਈ ਹੈ,
ਜੋ ਚਿੱਤ ਵਿਚ ਮੈਂ ਚਿਤਵਦਾ ਸਾਂ ਚਿਤਵਨੀ ਉਹ ਲਈ ਹੈ,
ਹੈ ਅੱਖ ਦੇ ਤਿਲ ਵਿਚ ਗੁਰੂ ਦਾ ਰੂਪ ਹੁਣ ਪਰਕਾਸਦਾ, ਹੈ
ਮਿਹਰ ਦਾ ਝਲਕਾਰ ਪੈਂਦਾ, ਪ੍ਰੇਮ ਰੰਗ ਵਿਗਾਸਦਾ।
ਗੁਰ ਹੋਇ ਬਿਹਬਲ ਕਹਿਣ "ਪਯਾਰੇ ਮੰਗ ਜੋ ਤੂੰ ਚਾਹਿ ਹੈ।
"ਜੋ ਚਾਹਿੰਗਾ ਸੋ ਪਾਇੰਗਾ, ਘਰ ਮੈਂਡੜੇ ਨਹੀਂ ਨਾਂਹਿ ਹੈ"!
ਉਸ ਧੰਨ ਮੁਖ ਸਿੱਖ ਧੰਨ ਤੋਂ ਬਲਿਹਾਰ ਹੋਵੇ ਲਾਲਸਾ!
ਓ ਬੁੱਲ੍ਹ ਖੁੱਲ੍ਹੇ ਅੰਤ ਦੇ, ਓ ਬੋਲਦੇ ਕੀ ਖਾਲਸਾ!
ਓ ਆਖਦੇ ਕੀ ਬੁੱਲ੍ਹ ਪਾਵਨ, ਬੋਲਦੇ ਕੀ ਬੈਨ ਹੈ?
ਉਸ ਬੋਲਣੇ ਦਾ ਖਾਲਸਾ ਜੀ ਅੱਜ ਤੁਹਾਨੂੰ ਚੈਨ ਹੈ।
ਓ ਬੁੱਲ੍ਹ ਮਿਟਣੇ ਪਹਿਲਿਓਂ ਕੀ ਬੋਲਦੇ ਹਨ ਸੋਹਿਣਾ ?
ਉਹ ਬੋਲਣਾ ਸੀ ਅੰਤ ਦਾ, ਅਤਿ ਚਾਰਦਾ ਮਨ ਮੋਹਿਣਾ!
ਦੋ ਹੱਥ ਨਿਰਬਲ ਨਾਲ ਜੁੜਦੇ, ਅੱਖੀਆਂ ਵਿਰਲਾਪ ਕੇ।
ਏ ਮਧੁਰ ਬੋਲੀ ਬੋਲਦੇ, ਤੇ ਰਾਗ ਮੇਲ ਅਲਾਪ ਕੇ।
ਏ ਬਿਨੈ ਆਖਣ ਗੁਰੂ ਅੱਗੇ, ਵਾਜ ਸੁਣੀਂ ਨ ਜਾਂਵਦੀ।
ਤੇ ਕੰਨ ਨੀਵੇਂ ਗੁਰੂ ਕਰਦੇ, ਵਾਜ ਕੀ ਹੈ ਆਂਵਦੀ:-
"ਇਸ ਟੁੱਟੜੀ ਨੂੰ ਮੇਲ ਲੇਵੋ, ਗੰਢ ਲੇਵੇ ਵਿੱਛੁੜੀ।
"ਬੇਦਾਵਿ ਪੱਤਰ ਪਾੜ ਸੁੱਟੋ; ਕੱਜ ਲੇਵੋ ਉੱਛੜੀ"।
ਏ ਨਰਮ ਧੀਮੀਂ ਵਾਜ ਸੀਗੀ, ਮਲ੍ਹਮ ਮੇਲਣ ਵਾਲੜੀ।
ਏ ਪ੍ਰੇਮ ਦੀ ਸੀ ਰਾਗਣੀ, ਸਭ ਪਾੜ ਮੇਲਣ ਵਾਲੜੀ।
ਓ ਗੁਰੂ-ਹਿਰਦਾ ਪ੍ਰੇਮ ਵਾਲਾ, ਦੇਖ ਸਿੱਖੀ ਪ੍ਯਾਰ ਨੂੰ,
ਓ ਦ੍ਰਵ ਗਿਆ ਹਦ ਲੰਘਕੇ, ਪਿਖ ਸਿੱਖ ਦੀ ਇਸ ਕਾਰ ਨੂੰ।
ਝਟ ਕੱਢ ਕਾਗਤ ਖੀਸਿਓਂ, ਦਿਖਲਾਇ ਪ੍ਯਾਰੇ ਸਿੱਖ ਨੂੰ।
ਓ ਪਾੜ ਦਿੱਤਾ ਉਸੀ ਵੇਲੇ, ਠੰਢ ਪਾਈ ਸਿੱਖ ਨੂੰ।
ਫਿਰ ਲਾਇ ਛਾਤੀ ਨਾਲ ਸਿਰ ਨੂੰ, ਗੁਰੂ ਉਸਨੂੰ ਆਖਦੇ-
"ਤੈਂ ਲਈ ਸਿੱਖੀ ਵਾਸਤੇ, ਕੁਛ ਮੰਗ ਅਪਣੇ ਵਾਸਤੇ।"
ਓ ਮੰਗਦਾ ਕੀ? ਆਪ ਸੀ ਓ ਗੁਰੂ ਦਾ ਤੇ ਗੁਰੂ ਨੂੰ
ਉਨ ਸੌਂਪ ਦਿੱਤਾ ਸੀਗ ਆਪਾ-ਗੁਰੂ ਆਸਾ ਪੁਰੂ ਨੂੰ।
ਓ ਆਖਦਾ "ਹੇ ਗੁਰੂ ਦੇਵੋ, ਦਾਨ ਮੈਨੂੰ ਅੰਤ ਨੂੰ,
"ਹਾਂ ਮੇਲ ਲੇਵੋ, ਮੇਲ ਲੇਵੋ, ਬਖਸ਼ ਲੇਵੋ ਪੰਥ ਨੂੰ।
ਗੁਰੂ ਜੀ-
"ਤੂੰ ਮੇਲ ਲੀਤੀ ਸਿਖ ਪ੍ਯਾਰੇ! ਵਿੱਥ ਰਹੀ ਨ ਹੈ ਰਤਾ,
"ਏ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਹੈ ਮਤਾ!
"ਤੂੰ ਜਾਉ ਸੌਖਾ, ਪਾਇ ਵਾਸਾ ਵਿੱਚ ਖਾਸ ਸਰੂਪ ਦੇ,
"ਸਚਖੰਡ ਵਾਸੀ ਹੋਹੁ ਪ੍ਯਾਰੇ ਦਰਸ ਕਰ ਪ੍ਰਭੂ ਰੂਪ ਦੇ।
"ਤੂੰ ਮੇਲ ਤੁੱਟਯਾਂ ਨੂੰ ਲਿਆ ਤੂੰ ਆਪ ਮਿਲਿਓਂ ਕੰਤ ਨੂੰ
"ਹਾਂ ਸਦਾ ਮਿਲਿਓ ਸਦਾ ਮਿਲਿਓ ਸਦਾ ਓਸ ਅਨੰਤ ਨੂੰ।”
ਫਿਰ "ਧੰਨ ਸਤਿਗੁਰ" ਸਿੱਖ ਆਖੇ ਮੀਟਿਆ ਮੁਖ ਗਿਆ ਸੀ।
ਓ ਨੈਣ ਮੀਟੇ ਗਏ ਸੇ, ਜੁਟ ਹੱਥ ਦਾ ਖੁੱਲ੍ਹ ਪਿਆ ਸੀ।
ਓ ਸਿੱਖ ਪੂਰਾ ਹੋ ਗਿਆ, ਗੁਰ ਗੋਦ ਪ੍ਯਾਰਾ ਵੱਸਿਆ,
ਦਰਬਾਰ ਉੱਜਲ ਮੁੱਖੜਾ ਲੈ, ਜਾ ਸਰੂਪੇ ਵੱਸਿਆ*
ਸੋ ਇਸ ਤੋਂ ਪਤਾ ਲਗਾ ਕਿ ਇਸ ਢਾਬ ਦੇ ਮੈਦਾਨ ਜੰਗ ਵਿਚ ਜੋ ਸਿੱਖ ਮਾਰੇ ਪਏ ਸਨ, ਉਨ੍ਹਾਂ ਵਿਚੋਂ ਕੁਛ ਅਜੇ ਆਪਣੇ ਆਖਰੀ ਦਮਾਂ ਤੇ
–––––––––––––––––
* ਸ੍ਰੀ ਕਲਗੀਧਰ ਚਮਤਕਾਰ। (ਪੰਨਾ ੧੯੭-੨੦੦)
ਸਨ, ਜਿਨ੍ਹਾਂ ਵਿਚੋਂ ਮਹਾਂ ਸਿੰਘ ਪੂਰੀ ਹੋਸ਼ ਵਿਚ ਆਪਣਾ ਤੇ ਆਪਣੇ ਪੰਥਕ ਵੀਰਾਂ ਦਾ ਲੋਕ ਪ੍ਰਲੋਕ ਸੁਆਰ ਗਿਆ। ਇਉਂ ਬੀ ਜਾਪਦਾ ਹੈ ਕਿ ਦੋ ਚਾਰ ਸਰੀਰ ਬੇਸੁਧ ਸਨ, ਜਿਨ੍ਹਾਂ ਦੀ ਆਸ ਬਚ ਰਹਿਣੇ ਦੀ ਹੋ ਸਕਦੀ ਸੀ, ਉਨ੍ਹਾਂ ਨੂੰ ਦੁਕੋਹੀ ਚੁਕੋਹੀ ਪਿੰਡਾਂ ਵਿਚ ਬੈਰਾੜ ਲੈ ਗਏ ਸਨ ਜੋ ਦਾਰੂ ਦਾਰੀ ਦਾ ਹੀਲਾ ਹਵਾਲਾ ਹੋ ਜਾਏ। ਕਿਉਂਕਿ ਇਸ ਤੋਂ ਮਗਰੋਂ ਨੇੜੇ ਤੇੜੇ ਦੇ ਪਿੰਡਾਂ ਦਾ ਦੌਰਾ ਕਰਕੇ ਗੁਰੂ ਜੀ ਫੇਰ ਇਕ ਵੇਰ ਏਸੇ ਟਿਕਾਣੇ ਆਏ ਹਨ। ਉਹ ਦੌਰਾ ਕਰਨਾ ਦੱਸਦਾ ਹੈ ਕਿ ਉਨ੍ਹਾਂ ਘਾਇਲ ਸਿੱਖਾਂ ਦੀ ਸੰਭਾਲ ਤੇ ਦਾਰੀ ਲਈ ਗਏ ਹਨ ਤੇ ਮੁੜਕੇ ਅਸਥਾਨ ਤੇ ਸ਼ਹੀਦੀ ਦਾ ਨਿਸ਼ਾਨ ਕਾਇਮ ਕਰਨ ਆਏ ਸੇ ਕਿ ਸਦਾ ਲਈ ਯਾਦਗਾਰ ਰਹੇ।
ਦੂਜਾ ਕੰਮ ਜੋ ਕੋਮਲ ਪਿਆਰਾਂ ਦਾ ਇਸ ਵੇਲੇ ਦਿੱਸਿਆ ਉਹ ਇਹ ਸੀ ਕਿ ਜਿਸ ਪੱਕੇ ਦਿਲ ਵਾਲੇ ਨੇ ਚਮਕੌਰ ਯੁੱਧ ਵਿਚ ਆਪਣੇ ਜਿਗਰ ਦੇ ਲਾਲ ਅੱਖਾਂ ਦੇ ਸਾਹਮਣੇ ਟੁਕੜੇ ਹੁੰਦੇ ਦੇਖੇ ਤੇ 'ਸੀ' ਨਹੀਂ ਸੀ ਕੀਤੀ, ਅੱਜ ਆਪਣੇ ਬੇਮੁਖ ਹੋਕੇ ਸਨਮੁਖ ਹੋਏ ਪੁੱਤਾਂ ਨੂੰ ਦੇਖਕੇ ਦ੍ਰਵਦੇ ਰਹੇ। ਇਕ ਪ੍ਯਾਰੇ ਦੇ ਪਾਸ ਬਹਿ ਜਾਂਦੇ ਸਨ, ਸਿਰ ਚਾਕੇ ਗੋਦੀ ਵਿਚ ਲੈਂਦੇ ਸਨ, ਗਰਦ ਪੂੰਝਦੇ ਸਨ, ਫੇਰ ਵਰ ਦੇਂਦੇ ਸਨ। ਮੇਰਾ ਪੰਜ ਹਜ਼ਾਰੀ ਸੂਰਮਾ। ਕਿਸੇ ਨੂੰ ਆਖਦੇ ਸਨ; ਮੇਰਾ ਦਸਹਜ਼ਾਰੀ ਦੁਲਾ, ਕਿਸੇ ਨੂੰ ਮੇਰਾ ਲਖੀਅਰ ਬੇਟਾ ਆਦਿ ਵਾਕ ਉਚਾਰਦੇ, ਜੱਸ ਕਰਦੇ, ਅਸੀਸਾਂ ਦੇਂਦੇ ਲਗ ਪਗ ਸਾਰੇ ਮੈਦਾਨ ਵਿਚ ਫਿਰ ਨਿਕਲੇ ਸਨ। ਕਈਆਂ ਨੂੰ ਮਹਾਂ ਸਿੰਘ ਨੂੰ ਮਿਲਣ ਤੋਂ ਪਹਿਲੋਂ ਤੇ ਕਈਆਂ ਨੂੰ ਮਗਰੋਂ ਏਹ ਪ੍ਯਾਰ ਮਿਲੇ। ਸਭਨਾਂ ਨੂੰ ਸਦਗਤੀ ਦੀ ਅਸ਼ੀਰਵਾਦ ਦਾਨ ਹੋਈ।
ਇਸ ਵੇਲੇ ਇਕ ਸਿਖ ਨੇ ਆਕੇ ਆਖਿਆ:- "ਸਚੇ ਪਾਤਸ਼ਾਹ! ਇਕ ਝੰਗੀ ਲਾਗ ਇਕ ਮਾਈ ਦਾ ਸਰੀਰ ਹੈ, ਮਰੀ ਨਹੀਂ ਜਾਪਦੀ, ਤੁਰਕਾਂ ਨਾਲ ਲੜੀ ਹੈ ਤੇ ਘਾਇਲ ਪਈ ਜਾਪਦੀ ਹੈ। " ਸੁਣਕੇ ਗੁਰੂ ਜੀ ਮੁਸਕ੍ਰਾਏ ਤੇ ਉਧਰ ਗਏ। ਅਗੇ ਮਾਈ ਢੱਠੀ ਪਈ ਬੇਸੁਧ ਸੀ, ਪਾਸ ਉਹ ਤੁਰਕ ਦੇਹ ਬੀ ਪਈ ਸੀ, ਜਿਸਨੂੰ ਮਾਈ ਨੇ ਸਾਂਗ ਨਾਲ ਪਰੋ ਕੇ ਸੁੱਟਿਆ ਸੀ।
ਦੁਨੀਆਂ ਦੀ ਉਂਗਲ ਤੋਂ ਉਚਾ ਦਾਗ਼ ਦੇਖ ਤੋਂ ਖਾਲੀ,
ਤੇਰਾ ਤੰਬੂ ਨਿੱਕਾ ਜੇਹਾ, ਦੇਂਦਾ ਪਿਆ ਦਿਖਾਲੀ।
ਨਿੰਦਾ ਦੀ ਨਹੀਂ ਪਹੁੰਚ ਓਸ ਥਾਂ ਜਿਸ ਟਿੱਬੀ ਤੈਂ ਡੇਰਾ,
ਕੁਈ ਉਲ੍ਹਾਮਾ ਉੱਡ ਨ ਪਹੁੰਚੇ, ਉੱਚ ਟਿਕਾਣਾ ਤੇਰਾ।
ਤੂੰ ਲੰਮੀ ਉੱਚੀ ਤੇ ਭਰਵੀਂ ਸੂਰਤ ਰੰਗ ਜਲਾਲੀ,
ਤਰਸਾਂ ਵਾਲੀ ਪਰ ਭੈ ਨਾਂਹੀ, ਚੜ੍ਹੀ ਸੱਚ ਦੀ ਲਾਲੀ।
ਸੱਚ ਉਭਰੇਂਦਾ ਸੀਨੇ ਤੇਰੇ, ਚਿਹਰੇ ਸਿਦਕ ਚੜ੍ਹੇਂਦਾ,
ਤੋੜ ਨਿਭਾਵਨ ਵਾਲਾ ਖੇੜਾ ਲੂੰ ਲੂੰ ਵਿੱਚ ਵਸੇਂਦਾ।
ਸੱਜੇ ਖੱਬੇ ਤੱਕੇ ਨਾਂਹੀ ਪਿੱਛੇ ਮੁੜ ਨਾ ਦੇਖੇਂ,
ਅੱਗੇ ਤਾਂਘ ਅਗੇਰੇ ਰੱਖੇ ਅੱਗਾ ਅੱਗਾ ਵੇਖੇਂ।
'ਸੱਚ' 'ਸਿਦਕ' ਦੇ ਤਾਰੇ ਤੇਰੀ ਅੱਖੀਂ ਅਰਸ਼ੋਂ ਆਏ,
ਨਜ਼ਰ ਉਚੇਰੀ ਅਰਸ਼ਾਂ ਵੰਨੇ, ਪੱਕੀ ਗਏ ਟਿਕਾਏ।
ਟਕ ਬੰਨੀਂ ਦੋਹਾਂ ਤੇ ਤੂੰ ਹੈਂ, ਵਧਦੀ ਵਧਦੀ ਜਾਏਂ,
ਇੱਕੋ ਸਾਂਗ ਹੱਥ ਦੀ ਤੇਰੀ ਦੁਨੀਆਂ ਰਾਹ ਦਿਖਾਏ।
ਭਾਗੋ! ਤੂੰ ਭਾਗਾਂ ਹੈਂ ਵਾਲੀ, ਬਡੈ ਭਾਗ ਹਨ ਤੇਰੇ,
ਭਾਗ ਗਏ ਤੈਂ ਪਾਸੋਂ ਪਾਪੀ ਪੰਜ ਦੂਤ ਚਕ ਡੇਰੇ।
ਨਿਤਰੀ ਨੂੰ, ਨਿੱਤਰ ਵਿਚ ਬਲਦੇ ਸੱਚੀ ਸਾਂਗ ਘੁਕਾਈ,
ਡੁੱਬੇ ਤਰੇ, ਨਿੱਤਰੇ ਵੀਰਨ ਤਿੱਖੀ ਤੇਗ ਚਲਾਈ।
ਤੇਰੇ ਸਿਦਕ ਸਿਤਾਰੇ ਬੀਰਾ! ਕਿੰਨੇ ਰਾਹ ਲਗਾਏ,
ਸੱਚੇ ਯਗ, ਸਿਦਕਾਂ ਯਗਵੇਦੀ, ਹਸ ਹਸ ਹੋਮ ਕਰਾਏ।
ਤੂੰ ਚਾਨਣ, ਸਾਗਰਿ ਘਰ ਚਾਨਣ, ਬੜਿਆਂ ਰਾਹ ਦਿਖਾਏਂ,
ਤੈਂ ਵਲ ਤੱਕ ਬਚੇ ਕਈ ਬੋਹਿਥ, ਰਸਤੇ ਜਿਨ੍ਹਾਂ ਖੁੰਝਾਏ।
ਤੂੰ ਮੀਨਾਰ, ‘ਮੁਨਾਰਾ ਚਾਨਣ, ਤੂੰ ਪਾਂਧੀਆਂ ਦਾ ਤਾਰਾ,
ਅੱਚੁਤ ਸਦਾ ਨਿਰੋਲ ਲਿਸ਼ਕਦਾ ਤੇਰਾ ਹੈ ਚਮਕਾਰਾ।
ਪ੍ਰੀਤ 'ਕਲਗੀਆਂ ਵਾਲੇ' ਵਾਲੀ ਪੰਥ ਸੇਵ ਦੀ ਕਰਨੀ,
ਉਸ ਵਿਚ ਸੇਵਾ ਭਾਗੋ! ਤੇਰੀ ਸਦਾ ਸਾਖ ਹੈ ਭਰਨੀ।
ਪੀੜ੍ਹੀਆਂ ਅੰਦਰ ਭਾਗ! ਤੂੰ ਤਾਂ ਭਾਗ ਸਦਾ ਹਨ ਲਾਣੇ,
ਸਿੰਘਣੀਆਂ ਵਿਚ ਭਾਗੋ! ਤੂੰ ਹਨ ਰਸਤੇ ਸਦਾ ਦਿਖਾਣੇ।
ਜਿਸਨੇ ਭਾਰ ਭਾਗੀ ਕੀਤੀ, ਸੱਚ ਸਿਦਕ ਦੇ ਤਾਰੀ,
ਉਸ ਪ੍ਰੀਤਮ ਦੀ ਸਰਨ ਪਕੜਕੇ, ਤਰੀਓਂ ਭਵਜਲ ਤਾਰੀ।
ਭਾਗੋ ਵਰਗੀਆਂ 'ਜੀਵ ਮੂਰਤਾਂ ਜਿਸ ਨੱਕਾਸ਼ ਬਣਾਈਆਂ,
ਉਸ ਦੀ ਕਲਮ ਹੇਠ ਆ ਜਾਓ, ਸ਼ੋਭਾ ਵਧਣ ਸਵਾਈਆਂ*
ਹੁਣ ਇਕੋ ਕੰਮ ਬਾਕੀ ਸੀ, ਸੋ ਬੀ ਆਪਣੇ ਹੁਕਮ ਨਾਲ ਆਪਣੇ ਸਾਹਮਣੇ ਕਰਵਾਯਾ। ਲੱਕੜ ਕਾਠ ਜਮਾਂ ਕਰਵਾਕੇ ਸਾਰਿਆਂ ਨੂੰ ਅਗਨੀ ਦੇਵਤਾ ਦੀ ਗੋਦ ਵਿਚ ਬਿਨਾ ਦਿੱਤਾ ਜੋ ਉਨ੍ਹਾਂ ਦੇ ਭੌਤਕ ਸਰੀਰਾਂ ਨੂੰ ਇਸ
–––––––––––––
* ਸ੍ਰੀ ਕਲਗੀਧਰ ਚਮਤਕਾਰ। (ਪੰਨਾ ੨੦੦-੨੦੧)
ਲੋਕ ਤੋਂ ਲੋਪ ਕਰ ਲਏ ਤੇ ਕੋਈ ਉਨ੍ਹਾਂ ਬਲੀਦਾਨ ਹੋਏ ਸਰੀਰਾਂ ਦੀ ਬੇਅਦਬੀ ਨਾਂ ਕਰ ਸਕੇ। ਫਿਰ ਆਯਾ ਕੀਤੀ ਕਿ ਹੁਣ ਇਸ ਥਾਂ ਨੂੰ ਖਿਦਰਾਣੇ ਦੀ ਢਾਬ ਨਾਂ ਕੋਈ ਆਖੇ ਹੁਣ ਇਹ ਮੁਕਤਸਰ ਹੈ* ਜਿਥੇ ਕਿ ਇਹ ਆਪੇ ਨੂੰ ਪ੍ਯਾਰ ਨਾ ਕਰਨ ਵਾਲੇ, ਆਪਾ ਜਿੱਤ ਲੈਣ ਵਾਲੇ, ਆਪੇ ਨੂੰ ਸ਼ੁੱਧ ਕਰ ਲੈਣ ਵਾਲੇ ਸੂਰਮੇ ਮੁਕਤੀ ਨੂੰ ਪ੍ਰਾਪਤ ਹੋਏ ਸਨ।
੪.
ਖਾਨਾ- ਪਾਤਸ਼ਾਹ, ਸੁਹਣੇ ਸੁਹਣੇ ਦੂਲਿਆਂ ਦੇ ਪਾਤਸ਼ਾਹ, ਪਿਤਾ! ਮੂਰਖ ਮੁਰੱਖੇ ਦੀ ਇਕ ਅਰਜ਼ੋਈ ਹੈ । ਤੂੰ ਭਾਣੇ ਦਾ ਸਾਈਂ ਏ, ਭਾਣਾ ਤੇਰਾ ਗਾਖੜਾ ਏ, ਤੇਰੀਆਂ ਤੁਹੋਂ ਜਾਣਦਾ ਏਂ, ਕੀਕੂੰ ਬੇਮੁਖ ਹੋ ਗਏ, ਕੀਕੂੰ ਫੇਰ ਆਪਣੇ ਕਰ ਲਇਓਈ, ਦਿਲਾਂ ਦੀਆਂ ਵਾਗਾਂ ਕਿਵੇਂ ਮੋੜ ਲਈਓਈ ਤੇ ਕਿਵੇਂ ਸਦਕੇ ਹੋ ਹੋ ਸਿਰਾਂ ਦੀ ਖਿੱਦੋ ਪੱਟੀ ਖੇਡ ਗਏ ਨੇ ਤੇਰੇ ਪਰੇ ਕੀਤੇ ਫੇਰ ਉਰੇ ਕੀਤੇ ਆਪਣੇ। ਤੂੰਹੋਂ ਜਾਣੇਂ ਹੁਣ ਕਿਵੇਂ ਕਰਨਾ ਈ ਤੂੰਹੋਂ ਜਾਣੇਂ। ਚਾਕਰ ਦੀ, ਇਕ ਦਰ ਦੇ ਚਾਕਰਾਂ ਵਾਲੀ ਸੋਚ ਏ, (ਹੱਥ ਜੋੜ ਲਏ)
–––––––––––––––––
* ਇਹ ਅੰਗੀਠਾ ਠੰਢਾ ਹੋਕੇ ਓਥੇ ਹੀ ਰਿਹਾ, ਕੁਛ ਦਿਨਾਂ ਮਗਰੋਂ ਸਤਿਗੁਰ ਜੀ ਫੇਰ ਆਏ ਤੇ ਨਿਸ਼ਾਨ ਕਾਯਮ ਕੀਤੇ। ਪਿਛੋਂ ਜਦੋਂ ਸਮੇਂ ਬੀਤੇ ਤੇ ਖਾਲਸੇ ਦੇ ਦਲਾਂ ਨੇ ਥਾਂ ਢੂੰਡਿਆ ਤਾਂ ਭਾਈ ਲੰਗਰ ਸਿੰਘ ਨੇ, ਜੋ ਤਦੋਂ ਸਤਿਗੁਰੂ ਜੀ ਦੇ ਨਾਲ ਸਨ ਤੇ ਫੇਰ ਹਰੀਕੇ ਪਿੰਡ ਰਹੇ ਸਨ, ਨਿਸ਼ਾਨ ਪਤਾ ਦੱਸਿਆ ਤੇ ਖਾਲਸੇ ਨੇ ਪੱਕਾ ਸ਼ਹੀਦਗੰਜ ਬਣਾਇਆ ਤੇ ਮਾਘੀ ਦਾ ਮੇਲਾ ਯਾਦਗਾਰ ਬਣਾਇਆ। ਇਹ ਜੰਗ ਵਿਸਾਖ ਦਾ ਹੈ, ਪਰ ਮਾਘੀ ਠੰਢੀ ਰੁਤ ਕਰਕੇ ਥਾਪੀ ਸੀ ਜੋ ਵੈਸਾਖ ਵਿਚ ਏਥੇ ਗਰਮੀ ਬਹੁਤ ਹੁੰਦੀ ਹੈ। ਖਿਦਰਾਣੇ ਦੀ ਢਾਬ ਵਿਚ ਇਰਦ ਗਿਰਦ ਦਾ ਪਾਣੀ ਚਲਕੇ ਜਮਾਂ ਹੁੰਦਾ ਸੀ ਤੇ ਸਾਲ ਭਰ ਰਹਿੰਦਾ ਤੇ ਫੇਰ ਬਰਖਾ ਆ ਜਾਂਦੀ ਸੀ। ਹੁਣ ਓਸੇ ਦਾ ਸਰੋਵਰ ਬਣ ਗਿਆ ਹੈ। ਇਸ ਸਾਲ ਇਹ 1 ਢਾਬ ਛੇਤੀ ਸੁੱਕ ਗਈ ਸੀ। ਤਦ ਤੋਂ ਹੁਣ ਤਾਈਂ ਨਾਉਂ ਮੁਕਤਸਰ ਹੈ, ਜਿਲਾ ਫੀਰੋਜ਼ਪੁਰ ਹੈ, ਰੇਲ ਦਾ ਸਟੇਸ਼ਨ ਹੈ, ਪੱਕਾ ਸਰ ਬੀ ਹੈ, ਨਗਰੀ ਬੀ ਵੱਸ ਪਈ ਹੈ, ਗੁਰਦ੍ਵਾਰਾ ਹੈ। ਇਥੇ ਜੇ ਯਾਦਗਾਰੀ ਸਥਾਨ ਹਨ ਏਹ ਹਨ:- ੧. ਸ਼ਹੀਦ ਗੰਜ, ਜਿਥੇ ਸ਼ਹੀਦਾਂ ਦਾ ਸਸਕਾਰ ਹੋਯਾ। ੨. ਟਿੱਬੀ ਸਾਹਿਬ ਜਿਥੋਂ ਆਪ ਤੀਰ ਚਲਾਉਂਦੇ ਰਹੇ। ੩. ਤੰਬੂ ਸਾਹਿਬ, ਜਿਥੇ ਸਿੰਘਾਂ ਨੇ ਡੇਰਾ ਪਾ ਕੇ ਲੜਾਈ ਕੀਤੀ। ੪. ਵਡਾ ਦਰਬਾਰ-ਜਿਥੇ ਸਤਿਗੁਰ ਫਿਰ ਆ ਵਿਰਾਜੇ।
ਗੁਰੂ ਜੀ- ਮੁਰੱਖਿਆ! ਦੱਸ ਬਈ ਤੂੰ ਬੀ ਓਪਰਾ ਨਹੀਂ, ਆਪਣਾ ਹੈਂ, ਘਾਲ ਘਾਲੀ ਆ ਅਕਲਾਂ ਵਾਲੀ, ਥਹੁ ਪਤੇ ਖਬਰਾਂ ਦੇ ਦੇਕੇ ਸੇਵਾ ਕਰ ਲਈ ਆ। ਪਰਜਾ ਦੇ ਛੁਟਕਾਰੇ ਦੇ ਮਹਾਂ ਯੱਗ ਵਿਚ ਤੇਰੀ ਵਲੋਂ ਬੀ ਆਹੂਤੀਆਂ ਪੈ ਗਈਆਂ ਹਨ, ਹੁਣ ਦੱਸ ਤੇਰਾ ਵੀਚਾਰ ਕੀਹ ਏ?
ਖਾਨਾ- ਹਜੂਰ, ਜਿਥੇ ਬੈਠੇ ਹੋ ਟਿੱਬੀ ਏ ਉੱਚੀ, ਖਿਦਰਾਣੇ ਵਿਚ ਤਾਂ ਸੁੱਕ ਈ ਸੁੱਕ ਪਈ ਪਿਆਰਿਆਂ ਦੀਆਂ ਆਸਾਂ ਉਮੈਦਾਂ ਨੂੰ ਡੋਬਣ ਦੇ ਤਰਲੇ ਲੈ ਰਹੀਏ। ਸਿੰਘਾਂ ਦਾ ਕੱਠਾ ਕੀਤਾ ਨਾਲ ਆਂਦਾ ਪਾਣੀ ਮੁੱਕ ਟਰਿਆ ਏ। ਭਾਵੇਂ ਆਪ ਨਾਲ ਹੁਣ ਬਹੁਤੇ ਸੂਰਮੇ ਨਹੀਂ ਪਰ ਆਖਰ ਪਾਣੀ ਪਾਣੀ ਏਂ ਤੇ ਪਾਣੀ ਦੀ ਲੋੜ ਡਾਢੀ ਏ। ਸਿੰਘ ਆਸਾ ਦੀ ਵਾਰ ਵਿਚ ਪੜ੍ਹਦੇ ਮੈਂ ਸੁਣੇ ਹਨ "ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ”। ਸੋ ਪਾਣੀ ਵਾਲੇ ਥਾਂ ਹੁਣ ਚੱਲੋ, ਥੋੜੀ ਕੁ ਵਾਟ ਤੇ ਇਕ ਪਾਸੇ ਨਿੱਕੀ ਜਿਹੀ ਢਾਬ ਹੈ ਤੇ ਉਹ ਸਰਵੀ ਹੈ। ਜੇ ਆਪਣੇ ਨਿੱਕੇ ਜਿਹੇ ਦਲ ਨੂੰ ਓਥੇ ਲੈ ਚੱਲੋ ਤਾਂ ਪਾਣੀ ਦਾ ਤੋਟਾ ਨਾਂ ਪਵੇਗਾ।
ਗੁਰੂ ਜੀ- ਪਾਣੀ ਕਾਫ਼ੀ ਹੋਸੀ ?.... ਕੋਈ ਨੇੜੇ ਤੇੜੇ ਦਾ ਤੌਖਲਾ..... ।
ਖਾਨਾ- ਪਾਣੀ ਥੋੜਾ ਹੈ ਪਰ ਆਪ ਜੀ ਦੇ ਸੰਗ ਲਈ ਕਾਫ਼ੀ ਹੈ ਤੇ ਨਿਰਮਲ ਵੀ। ਤੌਖਲਾ ਕੋਈ ਨਹੀਂ, ਉਜਾੜ ਪਈ ਹੈ। ਦੂਰ ਕੁਛ ਥੇਹ ਹੈ। ਪੁਰਾਣਾ, ਕਦੇ ਵਸੋਂ ਹੁੰਦੀ ਸੀ ਘੁੱਘ। ਹਾਂ, ਇਕ ਜੋਗੀ ਦਾ ਟਿਕਾਣਾ ਹੈ ਇਸ ਜਲ ਦੇ ਕਿਨਾਰੇ। ਉਸ ਦਾ ਸੰਗ ਸਾਧ ਚੇਲੇ ਬਾਲੇ ਹੈਨ ਯਾ ਆਏ ਗਏ।
ਗੁਰੂ ਜੀ ਨੇ ‘ਕਦੇ ਵਸੋਂ ਸੀ' ਸੁਣ ਕੇ ਨੈਣ ਮੁੰਦ ਲਏ ਤੇ ਫੇਰ ਬੋਲੇ -ਹਾਂ ਪੁਰਾਣਾ ਟਿਕਾਣਾ ਹੈ, ਚੱਲ ਬਈ ਖਾਨਾ!
ਇਉਂ ਕਹਿ ਟਿੱਬੀ ਤੋਂ ਕੂਚ ਕੀਤਾ ਤੇ ਉਸ ਸਰ ਦੇ ਕਿਨਾਰੇ ਜਾ ਡੇਰਾ ਲਾਇਆ। ਖਾਨਾਂ ਹੁਣ ਵਿਦਾ ਹੋ ਗਿਆ ਜੋ ਕਪੂਰੇ ਨੂੰ ਜਾ ਮਿਲੇ ਤੇ ਗੁਰੂ ਜੀ ਦਾ ਸਾਰਾ ਹਾਲ ਦੱਸ ਦੇਵੇ ਕਿ ਓਹ ਸਲਾਮਤੀ ਦੇ ਟਿਕਾਣੇ ਬੈਠੇ ਹਨ। ਤੇ ਜੇ ਲੋੜ ਪਵੇ ਤਾਂ ਕਪੂਰਾ ਕੋਈ ਹੋਰ ਸੁਨੇਹਾ ਗੁਰੂ ਜੀ ਨੂੰ ਘੱਲਣਾ ਚਾਹੇ
੫. ਜੋਗ।
ਸਰ ਯਾਂ ਢਾਬ ਦੇ ਦੂਜੇ ਪਾਸੇ ਇਕ ਜੋਗੀ ਦਾ ਆਸ਼੍ਰਮ ਸੀ। ਇਸ ਦੇ ਆਸ਼੍ਰਮ ਵਿਚ ਖਬਰ ਹੋਈ ਕਿ ਪਾਰਲੇ ਕੰਢੇ ਕੋਈ ਵੱਡੇ ਲੋਕ ਜੀ ਆ ਉਤਰੇ ਹਨ। ਤਦ ਉਸ ਸਾਧ ਜੋਗੀ ਨੇ ਸੇਵਕਾਂ ਨੂੰ ਪੁੱਛਿਆ ਕਿ ਕਉਣ ਹੈ ਬਈ ਜੋ ਪਾਰ ਆ ਉਤਰਿਆ ਹੈ? ਸੇਵਕਾਂ ਨੇ ਵਿਚਰ ਰਹੇ ਕੁਛ ਸਿਖਾਂ ਤੋਂ ਪੁੱਛ ਪੁਛਾ ਕੇ ਦੱਸਿਆ ਕਿ ਗੁਰੂ ਹੈ ਗੋਬਿੰਦ ਸਿੰਘ- ਗੁਰੂ ਨਾਨਕ ਦਾ ਗਦੀ ਨਸ਼ੀਨ। ਨਾਲੇ ਤਾਂ ਗੁਰੂ ਹੈ ਨਾਲੇ ਜੋਧਾ ਹੈ । ਕਈ ਵੇਰ ਤੁਰਕਾਂ ਨੂੰ ਵਖਤ ਪਾ ਚੁਕਾ ਹੈ। ਜੋ ਹੀਆ ਕਿਸੇ ਦਾ ਨਹੀਂ ਸੀ ਪੈਂਦਾ ਕਿ ਮੁਗਲ ਨਾਲ ਕੋਈ ਟੱਕਰ ਲਏ। ਇਸ ਜੋਧੇ ਨੇ ਮੁਗਲ ਰਾਜ ਦੇ ਇਸ ਮਧ੍ਯਾਨ ਕਾਲ ਦੇ ਤਪ ਤੇਜ ਵਿਚ ਵੱਟਾ ਮਾਰ ਕੇ ਦਿਖਾ ਦਿੱਤਾ ਹੈ ਕਿ ਮੁਗਲ ਅਜਿੱਤ ਨਹੀਂ ਹੈ। ਖਬਰੇ ਜ਼ੁਲਮ ਰਾਜ ਦਾ ਸੂਰਜ ਅਸਤ ਹੀ ਕਰ ਦੇਵੇ।
ਸਾਧੂ ਨੇ ਕਿਹਾ ਆਰਬਲਾ ਕਿਤਨੀ ਕੁ ਹੋਊ? ਚੇਲੇ ਨੇ ਕਿਹਾ ਕੋਈ ਤ੍ਰੀਹ ਚਾਲੀ ਹੋਸੀ। ਚਾਲੀ ਤੋਂ ਹੇਠਾਂ ਹੋਸੀ:-
ਸੁਨਤਿ ਸਾਧ ਤਰਕਤਿ ਕਹਿ ਬੈਠਾ:
ਤਿਸ ਗੁਰ ਤੇ ਹਮ ਨੇ ਕਯਾ ਲੈਨਾ।
ਸਾਧੀ ਸਾਧਨਾ ਹੋਇ ਨ ਕੋਈ।
ਸ਼ਾਂਤਿ ਸਮੇਤ ਨਹੀਂ ਚਿਤ ਹੋਈ॥੩੭॥
(ਸੂ.ਪ੍ਰ.ਐਨ੧,ਅੰਸੂ ੧੩)
ਇਹ ਕਹਿਕੇ ਸਾਧ ਨੇ ਦਰਸ਼ਨ ਲਈ ਜਾਣ ਦੀ ਸਲਾਹ ਛਡ ਦਿੱਤੀ। ਸੋ ਆਪ ਤਾਂ ਨਾ ਆਇਆ, ਪਰ ਚੇਲੇ ਆਉਣ ਜਾਣ ਲੱਗ ਪਏ।
ਗੁਰੂ ਜੀ ਸੁਣ ਕੇ ਮੁਸਕ੍ਰਾਏ ਤੇ ਕਹਿਣ ਲੱਗੇ: ਮਾਯਾ ਪ੍ਰਬਲ ਹੈ, ਗ੍ਰਿਹਸਤੀ, ਦੁਨੀਆਂਦਾਰ, ਰਾਉ, ਰੰਕ ਸਭ ਨੂੰ ਘੇਰੇ ਬੈਠੀ ਹੈ, ਪਰ ਦੇਖੋ ਤਯਾਗੀਆਂ ਤੇ ਜੋਗੀਆਂ ਨੂੰ ਬੀ ਆ ਵਰਦੀ ਹੈ। ਜੇ ਭਲਾ ਹਠ ਜੱਗ ਦੀਆਂ ਕਸਰਤਾਂ ਕਰਕੇ ਸਰੀਰ ਨਿਰੋਗ ਕਿ ਵਡੀ ਉਮਰਾ ਵਾਲਾ ਕਰ ਲਿਆ ਤਾਂ ਕਾਹਦਾ ਮਾਣਾਂ, ਕਿਸੇ ਇਕੋ ਚੋਲਾ ਦੇਰ ਪਾ ਬਣਾਕੇ ਪੁਰਾਣਾ ਪਾਈ ਰਖਿਆ, ਕਿਸੇ ਨਵੇਂ ਨਵੇਂ ਛੇਤੀ ਛੇਤੀ ਬਦਲ ਲਏ। ਜੇ ਤਾਂ ਸਾਈਂ ਦਿੱਤੇ ਕਿਸੇ ਨੇ ਪਾਏ ਤੇ ਸਾਈਂ ਦਾ ਕੰਮ ਕਰਨ ਏਥੇ ਆ ਗਿਆ ਤਾਂ ਨਵੇਂ ਚੰਗੇ ਤੇ ਜੇ ਕਰਮਾਂ ਦਾ ਬੱਧਾ ਆਇਆ ਤੇ ਕਰਮਾਂ ਅਨੁਸਾਰ ਕਪੜਾ ਗਲ ਪਾ ਆਇਆ* ਤਾਂ ਜੇਹਾ ਨਵਾਂ ਜੇਹਾ ਪੁਰਾਹਣਾ, ਗਲੋਂ ਤਾਂ ਨਾਂ ਲੱਥਾ ਕਪੜਾ ਜੋ ਕਰਮਾਂ ਦਾ ਜ਼ੰਜ਼ੀਰ ਹੋਇਆ ਮਾਨੋ। ਹਾਂ, ਜੇ ਕੋਈ ਇਕੇ ਚੋਲੇ ਨੂੰ ਵਧੇਰਾ ਚਿਰ ਹੰਢਣ ਵਾਲਾ ਬਣਾਵੇ ਤ ਕਾਰ ਬੀ ਉਹ ਕਰੇ ਜਿਸ ਨਾਲ ਕਰਮ ਵੱਸ ਹੋ ਕੇ ਮੁੜ ਨਾ ਪਾਉਣਾ ਪਵੇ ਤਾਂ ਤਾਂ ਗਲ ਚੰਗੀ ਹੋ ਗਈ। ਜੇ ਉਹ ਕਾਰ ਨਾਂ ਹੋਵੇ ਤਾਂ ਨਿਰਾ ਪੁਰਾਣੇ ਚੋਲੇ ਦਾ ਮਾਣਾ ਮਾਇਆ ਦਾ ਆਵਰਣ ਹੀ ਹੈ ਨਾਂ, ਹੰਕਾਰ ਦੀ ਹੀ ਸੂਰਤ ਹੈ ਨਾਂ। ਹਉਮੈਂ ਹੀ ਹੈ ਨਾਂ ਦੇਹ ਦਾ ਹੇਤੂ। ਜੇਹੀ ਹਉਮੈ ਰਾਜ ਭਾਗ ਦੀ ਜੇਹੀ ਕੰਗਾਲਤਾਈ ਦੀ, ਜੇਹੀ ਵਡੀ ਉਮਰਾ ਦੀ, ਜੇਹੀ ਰਿਧੀ ਸਿਧੀ ਪ੍ਰਾਪਤੀ ਦੀ।.... ਨਾਨਕਾ ਸਭ ਵਾਉਂ।
(ਸਿਰੀ ਰਾਗ ਮਹਲਾ ੧)
ਇਸ ਵੇਲੇ ਇਕ ਸਿਖ ਨੇ ਪੁੱਛਿਆ: ਪਾਤਸ਼ਾਹ ਕਿੰਨੀ ਕੁ ਉਮਰਾ ਹੋਸੀ ਸਾਧੂ ਦੀ? ਗੁਰੂ ਜੀ ਨੇ ਜਿੰਨੀ ਉਸ ਦੀ ਉਮਰਾ ਸੀ ਦੱਸ ਦਿਤੀ। ਚੇਲਿਆਂ ਨੇ ਸਾਰੀ ਗਲ ਬਾਤ ਜੋਗੀ ਨੂੰ ਆ ਦੱਸੀ।
–––––––––––––––
* ਕਰਮੀ ਆਵੈ ਕਪੜਾ
ਯੋਗੀ ਸੁਣ ਕੇ ਕੁਝ ਹਰਾਨਿਆਂ, ਬਉਰਾਨਿਆਂ ਤੇ ਫੇਰ ਨੈਣ ਮੁੰਦ ਕੇ ਸੋਚੀਂ ਪੈ ਗਿਆ। ਫੇਰ ਅੱਖਾਂ ਖੋਹਲਕੇ ਕਹਿਣ ਲਗਾ:- ਦਰਸ਼ਨ ਕਰਨਾਂ ਹੀ ਬਣਦਾ ਹੈ। ਇਕ ਚੇਲੇ ਨੇ ਪੁੱਛਿਆ:- ਆਪ ਦੀ ਸਲਾਹ ਕਿਵੇਂ ਬਦਲ ਗਈ ਏ? ਜੋਗੀ ਬੋਲਿਆ:- ਉਹਨਾਂ ਦਾ ਮੇਰੀ ਉਮਰਾ ਦਾ ਅੰਦਾਜਾ ਠੀਕ ਠੀਕ ਦੱਸ ਦੇਣਾ ਇਹ ਧ੍ਯਾਨ ਸਿੱਧ ਯੋਗੀ' ਦਾ ਲੱਛਣ ਹੈ। ਹੋਰ ਕੌਣ ਭੂਤ* ਵਿਚ ਇਤਨੀ ਗੰਮਤਾ ਰਖ ਸਕਦਾ ਹੈ। ਉਨ੍ਹਾਂ ਦਾ ਇਹ ਪਛਾਣ ਲੈਣਾ ਕਿ ਮੈਂ ਹਠ ਯੋਗੀ ਤਾਂ ਹਾਂ ਤੇ ਹਠ ਯੋਗ ਨੂੰ ਮਾੜਾ ਨਾਂ ਕਹਿਣਾ ਪਰ ਠੀਕ ਮੁੱਲ ਪਾ ਦੇਣਾ ਤੇ ਪਛਾਣ ਲੈਣਾ ਕਿ ਮੈਂ ਕਲ੍ਯਾਨ ਮਾਰਗ ਤੇ ਨਹੀਂ ਟੁਰਿਆ, ਕੇਵਲ ਹਠ ਯੋਗ ਦੇ ਸਾਧਨਾਂ ਤੇ ਸਰੀਰਕ ਪ੍ਰਾਪਤੀ ਦਾ ਮਾਨ ਧਾਰੀ ਹਾਂ; ਇਹ ਲੱਛਣ ਬ੍ਰਹਮ ਯਾਨੀ ਦਾ ਹੈ। ਫਿਰ ਇਸ ਉਮਰੇ ਇਹ ਪ੍ਰਾਪਤੀ ਹੋਣੀ ਤੇ ਮੁਗਲ ਰਾਜ, ਜਿਸ ਵੱਲ ਕੈਰੀ ਅੱਖ ਕੋਈ ਨਹੀਂ ਤੱਕ ਸਕਦਾ, ਉਸ ਨੂੰ ਤੋੜਨ ਤੇ ਲੱਕ ਬੰਨ੍ਹ ਖੜੋਣਾ ਤੇ ਟੱਕਰ ਮਾਰ ਦੇਣੀ ਇਹ ਅਵਤਾਰੀ ਸਤ੍ਯਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਸਰੀਰ ਕਰਮਾਂ ਅਨੁਸਾਰ ਬਣਦਾ ਹੈ ਤੇ ਕਰਮ ਜਾਲ ਵਿਚ ਬੱਧੇ ਸਰੀਰ ਜੰਮਦੇ ਮਰਦੇ ਹਨ, ਇਹ ਤਾਂ ਗਲ ਵਿਦਵਾਨ ਵੀ ਕਹਿ ਸਕਦੇ ਹਨ, ਪਰ ਇਹ ਕਹਿਣਾ ਕਿ ਕੋਈ ਸਰੀਰ ਨਿਰੇ ਮਾਲਕ ਦੇ 'ਹੁਕਮ' ਵਿਚ ਨਵੇਂ ਕਪੜੇ ਪਹਿਨਦੇ ਹਨ, ਇਹ ਉਨ੍ਹਾਂ ਦੇ 'ਕਾਰਕ' ਹੋਣ ਦਾ ਚਿੰਨ੍ਹ ਹੈ। ਉਨ੍ਹਾਂ ਦਾ ਚੋਲਾ ਕਰਮਾਂ ਦਾ ਦਿੱਤਾ ਚੌਲਾ ਨਹੀਂ, ਮਾਲਕ ਦੀ ਦਾਤ ਹੈ। ਇਸ ਕਰਕੇ ਉਹ ਕਾਰਕ** ਹਨ। ਇਨ੍ਹਾਂ ਕਾਰਨਾਂ ਕਰਕੇ ਉਹ ਇਸ ਉਮਰ ਇਤਨੇ ਕਾਰਜ ਕਰ ਰਹੇ ਹਨ। ਮਹਾਨ ਪੁਰਖ ਹਨ, ਮਹਾਨ ਸ਼ਕਤੀਵਾਨ ਹਨ, ਅਵਤਾਰ ਹਨ, ਉਨ੍ਹਾਂ ਦੇ ਦਰਸ਼ਨ ਬਣਦੇ ਹਨ ਤੇ ਉਨ੍ਹਾਂ ਤੋਂ ਕਲ੍ਯਾਨ ਦੀ ਦਾਤ ਮੰਗਣੇ ਦਾ ਅਵਸਰ ਸ਼ਾਯਦ ਪ੍ਰਭੂ ਨੇ ਮੇਰੇ ਲਈ ਉਨ੍ਹਾਂ ਦੇ ਇਥੇ ਆਉਣ ਵਿਚ ਆਪ ਬਣਾਇਆ ਹੈ।
–––––––––––––––
* ਬੀਤਚੁਕਾ ਸਮਾਂ।
* * ਧੁਰ ਤੋਂ ਸ੍ਰਿਸਟੀ ਦੇ ਉਧਾਰ ਲਈ ਘੱਲੇ ਹੋਏ ਮਹਾਂਪੁਰਖ।
ਇਸ ਪ੍ਰਕਾਰ ਦੀ ਵੀਚਾਰ ਮਗਰੋਂ ਯੋਗੀ ਦਰਸ਼ਨ ਲਈ ਸਤਿਗੁਰ ਦੇ ਦਰਬਾਰ ਆ ਪਹੁੰਚਾ।
ਯਥਾ- ਉਯੋ ਤੁਰਤ ਲੇ ਹਾਥ ਸਟੋਰੀ।
ਸਨੇ ਸਨੇ ਗਮਨ੍ਯ ਪ੍ਰਭੁ ਓਰੀ।
ਆਗੈ ਗੁਰ ਕੇ ਲਯੋ ਦਿਵਾਨ।
ਕਰਤ ਸਿੰਘ ਰਹੁਰਾਸ ਬਖਾਨ।
(ਸੂ:ਪ੍ਰ:ਐਨ੧ ਅੰਸੂ ੧੩)
ਸਾਧੂ ਨੂੰ ਦੇਖਕੇ ਸਤਿਗੁਰਾਂ ਨੇ ਪ੍ਯਾਰ ਨਾਲ ਕਿਹਾ ਸਾਧ ਰਾਮ ਆਓ, ਜੀ ਆਏ, ਬੈਠ ਜਾਓ, ਦਿਓ ਲਓ ਦਰਸ਼ਨ ਸਾਧ ਸੰਗਤ ਦੇ। ਜਦ ਭੋਗ ਪੈ ਗਿਆ ਤਾਂ ਆਦਰ ਨਾਲ ਜੋਗੀ ਨੂੰ ਆਪਣੇ ਕੋਲ ਸੱਦ ਬਿਠਾਇਆ ਤੇ ਵਾਰਤਾਲਾਪ ਅਰੰਭ ਹੋ ਗਈ।
ਜੋਗੀ- ਆਪ ਦੇ ਕੀਤੇ ਵਾਕ ਸੁਣੇ ਹਨ, ਮਨ ਨੇ ਅਨੁਮਾਨ ਲਾਇਆ ਹੈ ਕਿ ਆਪ ਇਸ ਕਲਿਯੁਗ ਵਿਚ ਕਾਰਕ ਹੋਕੇ ਆਏ ਹੋ। ਕਾਰਕ ਵੀ 'ਆਪੇ ਆਏ' ਨਹੀਂ ਹੋ ਆਪ 'ਪਠਾਏ ਹੋਏ ਆਏ ਹੋ, ਮੁਕਤ ਭੁਕਤ ਆਪ ਦੇ ਹੱਥ ਦਿੱਤੀ ਗਈ ਹੈ। ਚਿਰ ਕਾਲ ਤੋਂ ਮੈਂ ਯੋਗ ਸਾਧਨਾ ਵਿਚ ਰਿਹਾ ਹਾਂ, ਪਰ ਕਲ੍ਯਾਨ ਮਾਰਗ ਨਹੀਂ ਲੱਭਾ। ਚਿਰਜੀਵੀ ਹਾਂ, ਹੋਰ ਜੀ ਲੈਸਾਂ, ਪਰ ਅੰਤ ਇਹ ਬਿਨਸਨਹਾਰ ਬਿਨਸੇਗਾ, ਫੇਰ ਖੇਡ ਟੁਰੇਗੀ, ਫਿਰ ਉਹੋ ਗੇੜ। ਗੇੜ ਵਿਚੋਂ ਕੱਢੇ। ਮੈਂ ਯਤਨ ਤਾਂ ਕਈ ਲਾਏ ਹਨ ਕਿ ਕੈਵਲ ਤੱਕ ਅੱਪੜਾਂ, ਪਰ ਕਰਮ ਤੇ ਹਨ ਕ੍ਰਿਯਾ ਵਿਚ ਹੀ ਵਿਸ਼ੇਸ਼ ਪ੍ਰੀਤੀ ਰਹੀ ਹੈ। ਪਰ ਅੱਜ ਜੋ ਸੋਝੀ ਆਪ ਦੇ ਬਚਨਾਂ ਤੋਂ ਆਈ ਹੈ ਖਰੀ ਹੈ ਕਿ ਕਰਮ ਧਰਮ ਸਾਧਨ 'ਹਉ' ਆਸਰੇ ਹੁੰਦੇ ਹਨ ਤੇ 'ਹਉਂ ਟੁੱਟਣ ਦਾ ਕੋਈ ਉਪਰਾਲਾ ਨਹੀਂ ਹੁੰਦਾ। ਰਿੱਧੀ ਸਿੱਧੀ, ਵੱਡੀ ਆਯੂ ਤੇ ਮਾਨ ਆਦਿਕ ਸੂਖਮ ਹੋਕੇ ਕਦੇ ਮੋਟੇ ਹੋਕੇ ਵੜੇ ਰਹੇ ਹਨ ਅੰਦਰ। ਹੁਣ ਮਿਹਰ ਕਰੋ ਤੇ ਆਪਣਾ ਦੁਮਰਦਾ ਲਾਕੇ ਕੱਢ ਲ ਓ ਇਸ 'ਮਾਨ' ਤੋਂ। 'ਮਾਨ' ਮੁਨੀਆਂ, ਮੁਨੀਵਰਾਂ, ਜੋਗੀਆਂ,
ਸਤਿਗੁਰੂ ਜੀ ਬੋਲੇ- ਅਗੇ ਹੀ ਆਪਣੇ ਹੋ ਸਾਧ ਰਾਮ ਜੀ! ਹਠ ਜੰਗ ਮਾੜਾ ਨਹੀਂ, ਪਰ ਹਰ ਸ਼ੈ ਦੀ ਹੱਦ ਹੁੰਦੀ ਹੈ, ਇਸ ਦੀ ਹੱਦ ਹੈ ਸਰੀਰ ਦੀ ਅਰੋਗਤਾ, ਉਮਰ ਦਾ ਵਧਣਾ ਆਦਿ। ਪਰ ਸਰੀਰ ਦੀ ਅਰੋਗਤਾ, ਚਾਹੀਦਾ ਹੈ ਕਿ ਕਾਰਨ ਬਣੇ ਪਰਮ ਪਦ ਦੀ ਪ੍ਰਾਪਤੀ ਦੇ ਸਾਧਨਾਂ ਦਾ ਤੇ ਜੇ ਇਧਰ ਨਾਂ ਲਗੇ ਤਾਂ ਫਲ ਸਾਰਾ ਸਰੀਰਕ ਲਾਹਾ ਹੈ, ਪਰ ਜੇ ਇਹ ਲਗ ਪਵੇ ਰਿੱਧੀ ਸਿੱਧੀਆਂ ਵਲ ਤਾਂ ਫਲ ਹੈ ਮਾਯਕ ਪ੍ਰਾਪਤੀ। ਸੋ ਦੁਹਾਂ ਤਰ੍ਹਾਂ ਮਾਯਾ ਵਲ ਹੀ ਲਗੀ ਨਾ ਬ੍ਰਿਤੀ। ਜਗਤ ਨੂੰ ਤਮਾਸ਼ੇ ਦਿਖਾਉਣ ਯਾ ਮੁਰਾਦਾਂ ਪੂਰੀਆਂ ਕਰਨ ਦੀਆਂ ਖੇਡਾਂ ਵਿਚ ਰਹਿ ਜਾਂਦਾ ਹੈ ਸਾਧਕ। ਇਸ ਕਰਕੇ ਜਿਨ੍ਹਾਂ ਨੂੰ ਜਗਤ ਜਾਲ ਤੋਂ ਕਲ੍ਯਾਨ ਦੀ ਲੋੜ ਹੈ ਉਨ੍ਹਾਂ ਲਈ ਗੁਰ ਨਾਨਕ ਨੇ ਸੁਖੈਨ ਮਾਰਗ ਰਚਿਆ ਹੈ। ਵਾਹਿਗੁਰੂ ਅਕਾਲ ਪੁਰਖ ਤੇ ਭਰੋਸਾ, ਉਸ ਦਾ ਜਸ, ਕੀਰਤਨ, ਗੁਣਾਨੁਵਾਦ, ਮਨ ਨੂੰ ਉਸਦੀ ਯਾਦ ਵਿਚ ਰਖਣਾ, ਹਜੂਰੀ ਵਿਚ ਰਹਿਣਾ, ਉਸਦੇ ਨਾਮ ਸਿਮਰਣ ਦਵਾਰਾ। ਐਉਂ ਜੀਵ ਦਾ ਆਤਮਾ ਪਰਮ ਆਤਮਾ ਦੇ ਨੇੜੇ ਤੋਂ ਨੇੜੇ ਹੁੰਦਾ ਜਾਂਦਾ ਹੈ, ਅੰਤ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਇਹ ਹੈ ਜੋਗ, ਜੋਗ ਨਾਮ ਹੈ ਜੁੜਨ ਦਾ। ਜੁੜੀਦਾ ਹੈ ਕਿਸੇ ਨਾਲ। ਸੋ ਏਥੇ ਜੁੜੀਦਾ ਹੈ ਵਾਹਿਗੁਰੂ ਨਾਲ। ਹਾਂ ਜੋੜੀਦਾ ਹੈ ਆਪਣੇ ਆਤਮਾਂ ਨੂੰ ਪਰਮ ਆਤਮਾਂ ਨਾਲ। ਜੇ ਇਹ ਜੁੜਨਾ ਪ੍ਰਾਪਤ ਨਾ ਕੀਤਾ ਤਾਂ ਜੋਗ ਕਿਸ ਨਾਲ ਕੀਤਾ। ਹਾਂ ਸਾਧੂ ਜੀ! ਕਿਸ ਨਾਲ ਜੁੜਿਆ ? ਆਪਣੇ ਵੱਡਪੁਣੇ ਦੀ ਹਉਮੈਂ ਨਾਲ? ਜਿਨ੍ਹਾਂ ਨੂੰ ਤਮਾਸ਼ੇ ਦਿਖਾਏ ਉਨ੍ਹਾਂ ਦੀ ਮਹਿਮਾ ਨਾਲ ? ਮਨ ਰਿਹਾ ਮਨੋਂ ਮਾਯਾ ਮੰਡਲ ਵਿਚ। ਜੁੜਿਆ ਜੁ ਮਾਇਕ ਪਦਾਰਥਾਂ, ਮਾਯਕ ਸ਼ਕਤੀਆਂ ਤੇ ਮਾਯਕ ਵ੍ਯਕਤੀਆਂ ਨਾਲ। ਪ੍ਰਾਣਾਯਾਮ ਕਰਨ ਨਾਲ, ਜੇ ਦਰੁਸਤੀ ਨਾਲ ਟੁਰੇ ਤਾਂ, ਮਨ ਦੀ ਚੰਚਲਤਾ ਕੁਛ ਘਟਦੀ ਹੈ, ਉਸਦਾ ਲਾਹਾ ਲਓ, ਮਨ ਨਾਲ ਮਾਲਕ ਨੂੰ ਮਿਲੋ। ਐਉਂ ਕਿ ਹੁਣ ਵਾਹਿਗੁਰੂ ਨੂੰ ਆਪਣਾ ਪ੍ਰੀਤਮ ਸਮਝਕੇ ਉਸ ਦੇ
ਇਮ ਕਹਿ ਕ੍ਰਿਪਾ ਦ੍ਰਿਸਟਿ ਪ੍ਰਭੁ ਹੇਰੀ।
ਰਿਦੈ ਪ੍ਰਕਾਸ਼ ਪਇਓ ਤਿਸ ਬੇਰੀ॥ (ਸੁ:ਪ੍ਰ:)
ਜਦ ਉਥਾਨ ਹੋਇਆ ਤਾਂ ਮਹਾਂਰਾਜ ਬੋਲੇ: ਜੋਗੀ ਜੀਓ! ਇਹ ਸਹਜ ਯੋਗ ਹੈ। ਵਾਹਿਗੁਰੂ ਜੀ ਨਾਲ ਨਾਮ ਦਵਾਰਾ ਪ੍ਰੇਮ ਭਾਵਨਾਂ ਨਾਲ ਜੁੜਨਾ। ਹੁਣ ਜਦ ਸਰੀਰ ਦੀ ਕ੍ਰਿਯਾ ਕਰੋਗੇ ਕਿ ਸੰਸਾਰ ਦੇ ਕੰਮ ਕਰੋਗੇ ਤਾਂ ਲੀਨਤਾ ਵਾਲੀ ਅਵਸਥਾ ਬਦਲਦੀ ਹੈ, ਕ੍ਰਿਯਾਮਾਨ ਜੁ ਹੋ ਗਿਆ ਸਰੀਰ ਤੇ ਮਨ। ਹੁਣ ਅਸਾਂ ਨੇ ਵੀਚਾਰ ਕਰਨੀ ਹੈ ਕਿ ਅਸੀਂ ਜਿਸ ਨਾਲ ਜੁੜੇ ਹਾਂ ਉਸ ਤੋਂ ਦੂਰ ਨਹੀਂ ਹੋਣਾ। ਇਸ ਲਈ ਅੰਤਰ ਆਤਮੇ ਉਸ ਨੂੰ ਸਿਮਰਣ ਵਿਚ ਰਖਣਾ ਹੈ। ਸਿਮਰਣ ਨਾਲ ਅਸੀਂ ਆਪਣੇ ਨਾਮੀ ਦੇ ਨੇੜੇ ਤੋਂ ਨੇੜੇ ਰਹਿੰਦੇ ਹਾਂ। ਚਿੱਤ ਬ੍ਰਿਤੀ ਇਕ ਸਦੈਵੀ ਜੋੜ ਕਿ ਜੋਗ ਵਿਚ ਰਹਿੰਦੀ ਹੈ। ਇਹ ਜੋਗ ਸਰਬ ਕਾਲਿਕ ਹੋ ਜਾਂਦਾ ਹੈ। ਜਦ ਮਿਹਰ ਹੋਈ ਤਾਂ ਸਿਮਰਣ ਵਾਲਾ ਆਪਣੇ ਸਿਮਰ* ਵਿਚ ਲੀਨ ਹੋ ਗਿਆ। ਜਦ ਅਯਾਸੀ ਪੁਰਖ ਜਗਤ ਬਿਵਹਾਰ ਵਿਚ ਹੈ ਤਾਂ ਸੁਰਤ ਸਿਮਰਨ ਵਿਚ ਲਗੀ ਰਹਿੰਦੀ ਹੈ, ਜੋ ਕੁਛ ਸਮੇਂ ਬਾਦ ਸਹਿਜ ਸੁਭਾਵ ਲਗੀ ਰਹਿੰਦੀ ਹੈ ਨਿਰਯਤਨ। ਜਿਵੇਂ ਤਾਰੂ ਮੁਰਦਾ ਤਾਰੀ ਵਿਚ ਨਿਰਯਤਨ ਤਰਦਾ ਹੈ ਸਹਜ ਸੁਭਾਵ। ਇਸ ਸਹਜ ਮੇਲ ਜਾਰੀ ਰਹਿਣ ਕਰਕੇ ਕਿਸੇ ਵੇਲੇ ਪ੍ਰੀਤਮ ਪਰਮੇਸ਼ਰ ਦੇ ਨਾਲੋਂ ਅੰਦਰਲੀ ਡੋਰੀ ਟੁੱਟਦੀ ਨਹੀਂ। ਇਹ ਹੈ ਸੁਖੈਨ ਤੋਂ ਸੁਖੈਨ ਕਲਯੁਗ ਲਈ ਕਲ੍ਯਾਨ ਦਾ ਮਾਰਗ। ਇਸ ਦੀ ਪ੍ਰਾਪਤੀ ਦੇ ਹੋ ਗਿਆ ਫਿਰ ਜਨਮ ਮਰਨਾ ਨਹੀਂ। ਚੋਲੇ (ਸਟੀਰ) ਦੀ ਲੋੜ ਹੀ ਉਠ ਜਾਂਦੀ ਹੈ।
–––––––––––––––
* ਸਮਰਤ = ਜਿਮਰਨੇ ਯੋਗ। ਭਾਵ ਜਿਸ ਦਾ ਸਿਮਰਨ ਕਰ ਰਿਹਾ ਸੀ। (ਸੰਸ: ਸਮਰੁਤਵ੍ਯ = ਸਿਮਰਨੇ ਯੋਗ)।
ਇਹ ਸੁਣ ਕੇ ਯੋਗੀ ਨੇ ਚਰਨ ਕਮਲਾਂ ਤੇ ਸਿਰ ਧਰ ਦਿੱਤਾ। ਝਰਨ ਝਰਨ ਹੋਈ ਸਾਰੇ ਸਰੀਰ ਵਿਚ। ਓਹੋ ਆਤਮਾ ਦੀ ਪਰਮਾਤਮਾ ਵਿਚ ਲੀਨਤਾ ਵਾਲੀ ਉਨਮਨੀ, ਬਾਣੀ ਤੋਂ ਪਰੇ ਦੀ ਅਵਸਥਾ, ਛਾ ਗਈ ਜੋ ਦੁਰਲੱਭ ਹੈ। ਜੋਗੀ ਨੇ ਸਮਝ ਹੀ ਨਹੀਂ ਲਿਆ, ਪਾ ਲਿਆ ਪ੍ਰੀਤਮ।
ਜੋਗੀ ਅਗਲੇ ਦਿਨ ਫੇਰ ਆਯਾ ਤੇ ਬੜੇ ਸਤਿਕਾਰ ਨਾਲ ਪੁੱਛਣ ਲਗਾ:- ਦੀਨਾਨਾਥ ਜੀ! ਆਪ ਤਾਂ ਸਦਾ ਮੁਕਤ ਹੋ, ਕਰਮ ਜਾਲ ਆਪ ਨੂੰ ਨਹੀਂ ਪਕੜਦਾ, ਪਰ ਇਹ ਆਪਦੇ ਸਿੱਖ ਤੇ ਜੰਗਾਂ ਜੁੱਧਾਂ ਵਿਚ ਪੈਕੇ ਰਜੋ ਤਮੋ ਗੁਣੀ ਹੋਕੇ ਕਟਾ ਵੱਢ ਕਰਨਗੇ, ਕਲ੍ਯਾਨ ਮਾਰਗ ਤੋਂ ਤਾਂ, ਆਪ ਦੇ ਹੋਕੇ ਬੀ, ਏਹ ਦੂਰ ਜਾ ਪੈਣਗੇ? ਪੈਣਗੇ ਨਹੀਂ ਪਰ ਮੈਨੂੰ ਸੰਸਾ ਫੁਰਦਾ ਹੈ ਕਿ ਪੈਣਗੇ। ਇਹ ਮੇਰਾ ਸੰਸਾ ਆਪ ਨਵਿਰਤ ਕਰ ਦਿਓ।
ਗੁਰੂ ਜੀ- ਸਾਧ ਰਾਮ! ਅਸਾਂ ਇਨ੍ਹਾਂ ਨੂੰ ਗੁੰਝਲਦਾਰ ਤੇ ਬਰੀਕ ਦਾਰਸ਼ਨਿਕ ਮੁਸ਼ਕਲਾਂ ਵਿਚ ਨਹੀਂ ਪਾਇਆ। ਗੁਰੂ ਨਾਨਕ ਦਾ ਮਾਰਗ ਸੁਖੈਨ ਤੇ ਸੁਭਾਵ ਦੇ ਨੇੜੇ ਤੇੜੇ ਰਹਿਕੇ ਤਾਰਨਹਾਰ ਹੈ। ਸੁਭਾਵਕ ਤੇ ਸੁਖੈਨ ਹੋਣ ਕਰਕੇ ਇਸ ਦਾ ਨਾਮ 'ਸਹਜ ਯੋਗ' ਹੈ। ਇਸ ਦੇ ਅੰਗ ਇਹ ਹਨ:-
੧. ਇਕ ਵਾਹਿਗੁਰੂ ਅਕਾਲਪੁਰਖ, ਪਾਰਬ੍ਰਹਮ ਪਰਮੇਸ਼ੁਰ ਹੈ, ਜੋ ਕਰਤਾ ਪੁਰਖ ਹੈ, ਨਿਰਵੈਰ ਹੈ, ਨਿਰਭਉ ਹੈ, ਪ੍ਰੇਮ ਤੇ ਆਨੰਦ ਉਸਦਾ ਸੁਤੇ ਸਰੂਪ ਹੈ। ਉਸ ਪਰ ਦ੍ਰਿੜ੍ਹ ਵਿਸ਼ਵਾਸ, ਇਹ ਪਹਿਲਾ ਅੰਗ ਹੈ।
੨. ਉਸ ਪਰਮੇਸ਼ੁਰ ਨੂੰ ਆਪਣੇ ਪਿਤਾ ਜੀ ਸਮਝਕੇ ਪ੍ਯਾਰ ਕਰਨਾ ਹੈ। ਪ੍ਯਾਰ ਦੇ ਭਾਵ ਪੈਦਾ ਕਰਨੇ ਲਈ ਉਸਦਾ ਜਸ, ਗੁਣਾਨੁਵਾਦ ਤੇ ਕੀਰਤਨ ਕਰਨਾ ਤੇ ਸੁਣਨਾ ਹੈ ਤੇ ਇਸ ਕਾਰਜ ਲਈ ਗੁਰੂ ਕੀ ਬਾਣੀ ਸੌਖੀ ਤੇ ਸਹਜ ਬੋਲੀ ਵਿਚ ਰਚਕੇ ਇਨ੍ਹਾਂ ਸਿੱਖਾਂ ਵਿਚ ਸਥਾਪਨ ਕਰ ਦਿੱਤੀ ਗਈ ਹੈ। ਇਸ ਦਾ ਪਾਠ, ਕੀਰਤਨ, ਵੀਚਾਰ ਆਦਿ ਸਿਖਾਂ ਵਿਚ ਪ੍ਰਵਿਰਤ ਹਨ। ਤੁਸਾਂ ਹੁਣ ਰਹਿਰਾਸ ਦੀ ਬਾਣੀ ਸੁਣਕੇ ਸੁਖ ਪਾਇਆ ਹੈ। ਸੁਣਨ ਵਾਲੇ
੩. ਪਰ ਬਾਣੀ ਦਾ ਪਾਠ ਵੀਚਾਰ ਕੀਰਤਨ ਤਾਂ ਦਿਨ ਰਾਤ ਦੇ ਕਿਸੇ ਕਿਸੇ ਵੇਲੇ ਹੈ, ਹਰ ਵੇਲੇ ਨਹੀਂ ਹੋ ਸਕਦਾ। ਸੋ ਹਰ ਵੇਲੇ ਲਈ ਹੋਰ ਸਾਧਨ ਹੈ, ਉਸੇ ਰੱਬ ਜੀ ਤੋਂ ਉਹਲੇ ਨਾਂ ਹੋਣ ਦਾ, ਯਾ ਕਹੋ ਕਿ ਉਸ ਦੇ ਨੇੜੇ ਨੇੜੇ ਰਹਿਣ ਦਾ। ਉਹ ਸਾਧਨ ਨਾਮ ਹੈ। ਜਿਸਦਾ ਪ੍ਰਕਾਰ ਇਹ ਹੈ:- ਉਸ ਸਦਾ ਪ੍ਰੇਮ ਤੇ ਅਸਚਰਜ ਰੂਪ ਨੂੰ ਸਿੱਖ ਤੁਰਦੇ ਫਿਰਦੇ ਯਾਦ ਰੱਖਦੇ ਹਨ ਸਹਜ ਭਾਵਨਾਂ ਵਿਚ, ਜੇ ਯਾਦ ਨਾਂ ਟਿਕੇ ਤਾਂ ਉਸ ਦਾ ਨਾਮ ਸਿਮਰਦੇ ਹਨ। ਜੇ ਨਾਮ ਸਿਮਰਨ ਵਿਚ ਨਾਂ ਮਨ ਲੱਗੇ ਤਾਂ ਨਾਮ ਰਸਨਾਂ ਤੇ ਬਿਨਾ ਲਈਦਾ ਹੈ ਤੇ ਉਸ ਨਾਲ ਨਾਮ ਜਪੀਦਾ ਹੈ। ਰਸਨਾਂ ਨਾਲ ਜਪਦਿਆਂ ਜਪਦਿਆਂ ਨਾਮ ਰਸਨਾਂ ਤੋਂ ਮਨ ਵਿਚ, ਅਰਥਾਤ ਸਿਮ੍ਰਤੀ ਵਿਚ ਚਲਾ ਜਾਂਦਾ ਹੈ, ਜਾਂ ਇਉਂ ਸਮਝੋ ਕਿ ਪਹਿਲਾਂ ਰਸਨਾਂ ਨਾਲ ਨਾਮ ਜਪੀਦਾ ਹੈ, ਉਹ ਸਿਮਰਨ ਹੋਕੇ ਮਨ ਵਿਚ ਟਿਕਦਾ ਹੈ। ਮਨ ਵਿਚ ਸਿਮਰੀਂਦਾ ਉਹ ਸੂਖਮ ਹੋਕੇ ਤੁਰੀਆ ਵਿਚ ਲੈ ਜਾਂਦਾ ਹੈ। ਨਾਮ ਨਾਮੀ ਦੀ ਏਕਤਾ ਹੋ ਜਾਂਦੀ ਹੈ। ਇਉਂ ਸਿਖ ਬਿਨਾਂ ਹਠ ਜੋਗ ਦੇ, ਬਿਨਾਂ ਰਾਜ ਜੋਗ ਦੇ, ਬਿਨਾਂ ਕਿਸੇ ਹੋਰ ਕਰੜੇ ਸਾਧਨ ਦੇ ਸਹਿਜ ਸੁਭਾਵ ਹੀ ਵਾਹਿਗੁਰੂ ਜੀ ਨਾਲ ਯਾ ਉਨ੍ਹਾਂ ਦੀ ਯਾਦ ਨਾਲ ਜੁੜੇ ਉਸਦੀ ਹਜ਼ੂਰੀ ਵਿਚ ਵੱਸਦੇ ਯੋਗੀ ਹਨ। ਨਾਮ ਜਪਦਿਆਂ ਉਹਨਾਂ ਦਾ ਨਿਸ਼ਾਨਾ ਨਾਮੀ ਹੁੰਦਾ ਹੈ। ਨਾਮ ਦਾ ਅਰਥ ਭਾਵ 'ਪਰਮੇਸ਼ਰ ਹੈ ਇਹ ਧ੍ਰੁਵਾ ਬੰਨ੍ਹਕੇ ਨਾਮ ਜਪਦੇ ਹਨ। ਇਸ ਤਰ੍ਹਾਂ ਦਾ ਸਾਧਨ ਕਰਨ ਵਾਲਾ ਆਪਨੂੰ ਮਾਲਕ ਦੀ ਹਜ਼ੂਰੀ ਵਿਚ ਪ੍ਰਤੀਤ ਕਰਦਾ ਰਹਿੰਦਾ ਹੈ।
੪. ਇਉਂ ਹਜ਼ੂਰੀ ਵਿਚ ਵਸਦਿਆਂ ਪਾਪ ਕਰਮ ਨਹੀਂ ਹੋ ਸਕਦੇ, ਜਿਵੇਂ ਮੇਰੀ ਹਜ਼ੂਰੀ ਵਿਚ ਕੋਈ ਬੰਦਾ ਮਾੜਾ ਕਰਮ ਕਰਨੋਂ ਜਚੇਗਾ, ਤਿਵੇਂ ਵਾਹਿਗੁਰੂ ਦੀ ਹਜੂਰੀ ਵਾਸ ਵਾਲੇ, ਰੱਬ ਪਿਤਾ ਦੇ ਭੈ ਵਿਚ ਹੁੰਦੇ ਹਨ ਕਿ ਉਹ ਦੇਖਦਾ ਹੈ, ਹਰ ਥਾਵੇਂ ਜੁ ਹਰ ਵੇਲੇ ਹੋਇਆ। ਐਉਂ ਉਨ੍ਹਾਂ ਦਾ ਆਚਰਨ ਸਾਈਂ ਦੇ ਭੈ ਵਿਚ ਰਹਿਣ ਕਰਕੇ ਸ਼ੁੱਧ ਰਹਿੰਦਾ ਹੈ।
ਪਹਿਲੋਂ ਸਿਖਾਂ ਨੂੰ ਸਿਖਾਯਾ ਜਾਂਦਾ ਹੈ ਕਿ ਆਚਰਨ ਯਤਨ ਨਾਲ ਸ਼ੁੱਧ ਰਖੋ। ਸੇਵਾ ਕਰੋ ਇਸ ਨਾਲ ਮਾਨ ਹਿਰਦਾ ਹੈ, ਹਉਂ ਘਟਦੀ ਹੈ। ਫੇਰ ਬਾਣੀ ਨਾਲ ਮੈਲ ਟੁਟਦੀ ਹੈ, ਫਿਰ ਨਾਮ ਨਾਲ ਮਨ ਮੂਲੋਂ ਨਿਰਮਲ ਹੋ ਜਾਂਦਾ ਤੇ ਹਜੂਰੀ ਵਾਸ ਹੋ ਜਾਂਦਾ ਹੈ। ਤਦ ਕਰਮ ਆਪੇ ਹੀ ਨਿਰਮਲ ਰਹਿੰਦੇ ਹਨ*।
ਜੋਗੀ- ਸੱਤ ਹੈ, ਬਹੁਤ ਸੁਖੈਨ ਹੈ, ਮਨ ਨੂੰ ਲਗਨ ਚਾਹੀਏ, ਪਰ ਮੈਂ ਇਕ ਹੋਰ ਸ਼ੰਕਾ ਨਵਿਰਤ ਕਰਨੀ ਹੈ। ਏਹ ਜੋ ਲੜਨ ਮਰਨ ਮਾਰਨਗੇ ਏਹ ਰਜੋ ਤਮੇਂ ਗੁਣਾਂ ਵਿਚ ਵਾਪਰਨਗੇ। ਜੋਸ਼ ਵੇਲੇ ਰਜੋ ਤੇ ਕ੍ਰੋਧ ਵੇਲੇ ਤਮੋ।. ਇਸ ਤੋਂ ਕਿਵੇਂ ਛੁੱਟਣਗੇ?
੫. ਗੁਰੂ ਜੀ- ਇਨ੍ਹਾਂ ਨੂੰ ਪੰਜਵੀਂ ਸੰਥਾ ਇਹ ਦਿਤੀ ਗਈ ਹੈ ਕਿ ਵਾਹਿਗੁਰੂ ਪਿਤਾ ਹੈ ਤੇ ਸਾਰੇ ਬੰਦੇ ਉਸ ਦੇ ਬੱਚੇ ਹਨ, ਤਾਂ ਤੇ ਸਾਰੇ ਸਾਡੇ ਵੀਰ ਹਨ। ਕਿਸੇ ਨਾਲ ਵੈਰ ਭਾਵ ਨਹੀਂ ਰਖਣਾ। ਦੇਸ਼, ਜਾਤ, ਧਰਮ ਕਿਸੇ ਵਖੇਵੇਂ ਕਰਕੇ ਸੂਗ ਨਹੀਂ ਕਰਨੀ ਕਿਸੇ ਨਾਲ।
ਜੇ ਕੋਈ ਦੁਖੀ ਹੈ ਤਾਂ ਉਸ ਦੀ ਸਹਾਯਤਾ ਕਰਨੀ ਹੈ। ਸਿਖ ਨੇ ਦਿਲ ਦਯਾ ਵਾਲਾ ਤੇ ਦਾਨਾ ਰਖਣਾ ਹੈ, ਸਭ ਨਾਲ ਸ਼ੁਭ ਵਰਤਣਾ ਹੈ। ਇਸਨੂੰ ਅਸੀਂ 'ਸਰਬੱਤ ਦਾ ਭਲਾ' 'ਚਿਤਵਨਾ' ਤੇ 'ਕਰਨਾ' ਆਖਦੇ ਹਾਂ। ਤੁਸੀਂ ਸਮਝ ਲਓ ਕਿ ਸਿੱਖ 'ਦ੍ਵੈਖ' ਵਿਚ ਨਹੀਂ ਵਸਦਾ। ਦੁਖੀਏ ਦਾ ਦੁਖ ਦੂਰ ਕਰਨਾ ਸਿਖ ਆਪਣਾ ਧਰਮ ਸਮਝਦਾ ਹੈ। ਅੰਦਰ ਜਦ ਨਾਮ ਹੈ ਤਾਂ ਕਰਮ
–––––––––––––––––––
* ਬ੍ਰਹਮ ਗਿਆਨੀ ਤੇ ਹੋਇ ਸੁ ਭਲਾ॥-ਸੁਖਮਨੀ
ਪ੍ਯਾਹ, ਦਇਆ, ਮੈਤ੍ਰੀ ਉਪਕਾਰ ਦੇ ਹੋਣਗੇ, ਐਉਂ ਪਰਮੇਸ਼ੁਰ ਉਸ ਸਿਖ ਵਿਚ ਚਮਕਦਾ ਦਿੱਸੇਗਾ।
ਹੁਣ ਰਿਹਾ ਜੰਗ। ਸਿਖ ਲੋਭ ਲਾਲਚ ਲਈ ਜੰਗ ਨਹੀਂ ਕਰ ਰਹੇ। ਦੇਸ ਦੁਖੀ ਹੈ, ਪਰਜ ਪੀੜਤ ਹੈ, ਅਪਣੇ ਮੁਲਕ ਵਿਚ, ਆਪਣੇ ਘਰਾਂ ਵਿਚ ਅਸੀਂ ਦਾਸ ਬਣਾਏ ਤੇ ਸਲੂਕੇ ਜਾਂਦੇ ਹਾਂ, ਸਾਡੇ ਕਰਮ ਧਰਮ ਵਿਚ ਜੁਲਮ ਕੀਤੇ ਜਾਂਦੇ ਹਨ। ਧਰਮ ਸਭ ਦਾ ਆਪਣਾ ਹੈ। ਰਾਜਾ ਕਿਉਂ ਦਖਲ ਦੇਵੇ ਸਾਡੇ ਧਰਮ ਵਿਚ? ਇਹ ਕਸ਼ਟ ਹੈ ਸਾਰੀ ਪਰਜਾ ਨੂੰ।
ਜੋਗੀ (ਠੰਡਾ ਸਾਹ ਲੈਕੇ)- ਦਾਤਾ! ਸੱਚ ਕਿਹਾ ਨੇ, ਸਦੀਆਂ ਤੋਂ ਪਰਜਾ ਦੁਖੀ ਹੈ ਤੇ ਪਰਵੱਸ ਪਈ ਹੋਈ ਹੈ। ਧਰਮ ਕਰਮ ਦੀ ਖੁੱਲ੍ਹ ਬੱਸ ਚੁਕੀ ਹੈ। ਨੀਵੇਂ ਸਮਝੇ ਤੇ ਧਿਕਾਰੇ ਜਾਂਦੇ ਹਾਂ। (ਠੰਡਾ ਸਾਹ ਲੈਕੇ) ਅਹੋ ਕਾਲ ਗਤੀ!
ਗੁਰੂ ਜੀ- ਸਾਧੂ ਜੀ! ਸ਼ਾਸਤ੍ਰਾਂ ਦਾ ਦੱਸਿਆ ਸਾਧਨ ਵੈਰਾਗ ਹੈ। ਵੈਰਾਗ ਧਾਰ ਕੇ ਹਿਮਾਂਚਲ ਵਿਚ ਜਾ ਕੇ ਸਰੀਰ ਗਾਲਣ ਦੀ ਥਾਂ ਅਸਾਂ ਸਿਖਾਇਆ ਹੈ ਕਿ ਦੇਹੀ ਨਾਲ ਵੈਰਾਗ ਬੇਸ਼ਕ ਕਰੋ, ਪਰ ਸਫਲ ਵੈਰਾਗ ਕਰੋ।
ਜੋਗੀ (ਕਾਹਲਾ ਹੋਕੇ)- ਸਫਲ ਵੈਰਾਗ ਕੀਹ ਹੁੰਦਾ ਹੈ ? ਭਗਵਨ! ਗੁਰੂ ਜੀ- ਸਰੀਰ ਦੀਆਂ ਵਿਹਤ ਲੋੜਾਂ ਪੂਰੀਆਂ ਕਰਕੇ ਮੰਦ ਕਰਮਾਂ ਤੋਂ ਬਚਣਾ ਤੇ ਮਨ ਵਿਚ ਸਰਬਤ ਦਾ ਭਲਾ ਚਿਤਵਨਾ। ਲੋੜ ਪਏ ਤਾਂ ਸਰੀਰ ਦੂਸਰਿਆਂ ਦੀ ਸੇਵ ਵਿਚ, ਦੂਏ ਦੇ ਦੁਖ ਹਰਨ ਵਿਚ ਖਰਚ ਕਰਨਾ। ਤੁਸੀਂ ਦੇਖੋ ਕਿ ਹੁਣ ਦੁਖ ਸਾਰੀ ਪਰਜਾ ਵਿਚ ਝਰਨਾਟਾਂ ਛੇੜ ਰਿਹਾ ਹੈ ਤੇ ਚੀਸਾਂ ਕਢਵਾ ਰਿਹਾ ਹੈ, ਸੋ ਅਸਾਂ ਸਿੱਖਾਂ ਨੂੰ ਜਥੇਬੰਦ ਕਰਕੇ ਇਸ ਪੀੜਾ ਹਰਨ ਤੇ ਲਾ ਦਿਤਾ ਹੈ। ਏਹ ਸਿਖ ਵੈਰ ਵਿਰੋਧ ਵਿਚ ਆਕੇ ਯਾ ਲੋਭ ਲਾਲਚ ਵਿਚ ਫਸਕੇ ਜੰਗ ਨਹੀਂ ਕਰਦੇ, ਇਹ ਦੀਨ ਰੱਖਿਆ ਲਈ ਜੰਗ ਕਰਦੇ ਹਨ। ਜੰਗ ਨਹੀਂ ਕਰਦੇ ਆਪਣਾ ਸਰੀਰ ਛਿਨ ਭੰਗਰ ਜਾਣ ਕੇ ਵੀਰਾਂ ਦੀ ਰਖ੍ਯਾ ਵਿਚ ਵੈਰੀ ਦੀ ਤਲਵਾਰ ਅਗੇ ਅਰਪਨ ਕਰਦੇ ਹਨ। ਆਖਦੇ ਹਨ: ਚਾਹੇ ਸਰੀਰ ਜਾਏ, ਵੀਰਾਂ ਭਰਾਵਾਂ ਦੇ ਦੁਖ ਹਰਨੇ ਹਨ, ਸੋ ਹਿਮਾਂਚਲ ਵਿਚ ਸਰੀਰ ਬਰਫ਼
ਜੋਗੀ (ਲੋਮਾ ਸਾਹ ਲੈਕੇ ਤੇ ਵਾਰ ਵਾਰ ਬੰਦਨਾ ਕਰਕੇ)- ਸੱਚ ਕਿਹਾ ਨੇ ਸੱਚ! ਪਰ ਇਨ੍ਹਾਂ ਨੂੰ ਅਗੋਂ ਤਲਵਾਰ ਮਾਰਨੀ ਪੈਂਦੀ ਹੈ ਵੈਰੀ ਉਤੇ, ਉਹ ਰੱਬ ਦੇ ਬੰਦਿਆਂ ਦੀ ਹਿੰਸਾ ਨਹੀਂ?
ਗੁਰੂ ਜੀ- ਜਦ ਕੋਈ ਬੰਦਾ ਦੂਜਿਆਂ ਨੂੰ ਵੀਰ ਨਹੀਂ ਸਮਝਦਾ ਉਨ੍ਹਾਂ ਨੂੰ ਗੁਲਾਮ ਬਨਾਉਂਦਾ, ਧਰਮ ਕਰਮ ਤੋਂ ਹੋੜਦਾ ਤੇ ਦੁਖ ਦੇਂਦਾ ਹੈ, ਸਮਝਾਇਆਂ ਪ੍ਯਾਰ ਨਾਲ ਸਮਝਦਾ ਨਹੀਂ, ਫਿਰ ਉਸ ਦੀ ਰੋਕ ਉਸਦੇ ਤ੍ਰੀਕੇ ਨਾਲ ਹੀ ਕਰਨੀ ਪਊ, ਨਹੀਂ ਤਾਂ ਉਸਦਾ ਜ਼ੁਲਮ ਸਦਾ ਤੁਰਿਆ ਰਹੂ ਤੇ ਸ੍ਰਿਸ਼ਟੀ ਪੀੜਤ ਗੁਲਾਮ ਤੇ ਦੁਖੀ ਰਹ। ਜੇ ਇਹ ਦੁਖ ਹਰਨਾ ਹੈ ਤਾਂ ਤਲਵਾਰ ਫੜਨੀ ਪਉ। ਨਿਸ਼ਕਾਮ ਹੋਕੇ, ਵੈਰ ਵਿਰੋਧ ਲੋਭ ਲਾਲਚ ਤੋਂ ਖਾਲੀ ਰਹਿਕੇ ਨਿਰੋਲ ਪਰਉਪਕਾਰ ਵਿਚ ਤਲਵਾਰ ਦਾ ਚਲ ਜਾਣਾ ਹਿੰਸਾ ਨਹੀਂ। ਹਿੰਸਾ ਨਾਲ ਮਾਰੇ ਜਾ ਰਹੇ ਕਮਜ਼ੋਰ ਜੀਵਾਂ ਦੀ ਰਖ੍ਯਾ ਤਾਂ ਅਹਿੰਸਾ ਹੈ, ਨਹੀਂ ਤਾਂ ਜ਼ਾਲਮ ਆਪਣੀ ਹਿੰਸਾ ਨੂੰ ਜਾਰੀ ਰਖਦਾ ਹੈ। ਇਸ ਹਿੰਸਾ ਨੂੰ ਹੁੰਦੇ ਰਹਣਿ ਦੇਣਾ ਇਹ ਹਿੱਸਾ ਵਡੀ ਹੈ। ਇਸ ਹਿੰਸਾ ਦੀ ਹਿੰਸਾ ਕਰਨੀ ਅਹਿੰਸਾ ਹੈ। ਜਿਵੇਂ ਰੋਗ ਸਰੀਰ ਨੂੰ ਮਾਰਦਾ ਹੈ, ਔਖਧੀ ਰੋਗ ਨੂੰ ਮਾਰਦੀ
ਜੋਗੀ- ਸੱਚ ਹੈ, ਹੁਣ ਸਮਝ ਆਈ,ਪਰ ਮਾਲਕ ਜੀਓ! ਖੇਲ ਕਠਨ ਹੈ।
ਗੁਰੂ ਜੀ- ਗੁਰੂ ਨਾਨਕ ਦਾ ਮਾਰਗ ਇਹੋ ਹੈ, ਗ੍ਰਿਹਸਤ ਵਿਚ ਨਿਰਬਾਨ। ਗ੍ਰਿਹਸਤੀ ਨੂੰ ਜੋਗੀ ਗੁਰ ਨਾਨਕ ਨੇ ਆਪਣੇ ਸਹਿਜ ਜੋਗ ਨਾਲ ਬਨਾਇਆ ਹੈ। ਐਸੇ ਗ੍ਰਿਹਸਤੀ ਨੂੰ ਸਰਬੱਤ ਦੇ ਭਲੇ ਲਈ ਅਸਾਂ ਜੁੱਧ ਦੀ ਜਾਚ ਬੀ ਦੱਸੀ ਹੈ ਕਿ ਜੰਗ ਦਾ ਰੰਗ ਬੀ ਆ ਬਣੇ ਤਾਂ ਜੋਗ ਦਾ ਰੰਗ ਨਾ ਟੁੱਟੇ। ਇਸ ਕਰਕੇ ਇਨ੍ਹਾਂ ਨੂੰ ਬਾਣੀ ਦੇ ਲੜ ਲਾ ਰਖਿਆ ਹੈ। ਜੇ ਬਾਣੀ ਦਾ ਨਿਤਨੇਮ, ਪਾਠ, ਵੀਚਾਰ, ਕੀਰਤਨ ਕਰੇਗਾ, ਉਚੇ ਆਦਰਸ਼ ਉਸਦੇ ਮਨ ਅੱਗੇ ਰਹਿਣਗੇ। ਇਨ੍ਹਾਂ ਨੂੰ ਸੱਚ, ਗੁਰ ਨਾਨਕ ਦਾ ਸੱਚ ਸਿਖਾਇਆ ਹੈ ਇਸ ਕਰਕੇ ਇਹ ਨੀਤੀ ਵਿਚ ਕੁਟਲਤਾ, ਛਲ, ਫ੍ਰੇਬ, ਧੱਕਾ, ਜ਼ੁਲਮ ਨਹੀਂ ਵਰਤਣਗੇ। ਇਨ੍ਹਾਂ ਦੀ ਵਧਵੀਂ ਅਕਲ, ਨਾਮ ਨਾਲ ਨਿਰਮਲ ਹੋਈ ਅਕਲ ਮੁਸਕਲਾਂ ਨੂੰ ਸੱਚ ਵਿਚ ਰਹਿਕੇ, ਝੂਠ ਗ੍ਰੰਬ ਦੀ ਮਦਦ ਤੋਂ ਬਿਨਾਂ ਹੱਲ ਕਰ ਲਿਆ ਕਰੇਗੀ। ਪਰਤੱਖ ਦੇਖ ਲਓ ਕਿ ਹੁਣ ਕਰ ਰਹੀ ਹੈ, ਸੋ ਅਗੋਂ ਕਰੇਗੀ। ਬਾਣੀ, ਨਾਮ, ਸਤਿਸੰਗ ਏਹ ਤ੍ਰੈ ਰਾਖੇ ਸਿਖਾਂ ਦੇ ਹੋਣਗੇ। ਇਹ ਜਗਤ ਨੂੰ ਦੱਸਣਗੇ ਕਿ 'ਸੱਚ ਤੇ ਨੀਤੀ 'ਜੰਗ ਤੇ ਅਹਿੰਸਾ' ਕਿਵੇਂ ਕੱਠੇ ਰਹਿੰਦੇ ਹਨ। ਜੇ ਸਿੱਖਾਂ ਨੇ ਬਾਣੀ ਨਾਮ ਛੱਡ ਦਿੱਤਾ ਤੇ ਝੂਠ, ਫਰੇਬ, ਕਪਟ, ਛਲ, ਦਗੇਬਾਜੀਆਂ ਦੇ ਮੋਢਿਆਂ ਤੇ ਆਪਣੀ ਨੀਤੀ ਧਰ ਦਿੱਤੀ ਯਾ ਜ਼ੋਰ ਜ਼ੁਲਮ ਤੇ ਉਤਰ ਆਏ ਤਾਂ ਓਹ, 'ਜਗਤ ਦੇ ਬੰਦੇ ਹੋ ਜਾਣਗੇ, ਗੁਰੂ ਕੇ ਨਹੀਂ ਰਹਿਣਗੇ।
ਜੋਗੀ- ਸੱਚ ਹੈ, ਆਪ ਨੇ ਹੀ ਜੰਗ ਤੇ ਜੰਗ ਦੀਆਂ ਤਲਵਾਰਾਂ ਨੂੰ ਇਕ ਮਿਆਨੇ ਪਾਇਆ ਹੈ। ਧੰਨ ਹੈ। ਆਪ ਪੂਰਨ ਪੁਰਖ ਹੋ, ਨਿਰਵੈਰ ਹੋ, ਨਿਰਭਉ ਹੋ ਤੇ ਤਾਰਨ ਲਈ ਆਏ ਹੋ, ਹਾਂ ਤਾਰਨ ਲਈ ਘੱਲੇ ਗਏ ਹੋ। ਧੰਨ ਹੈ ਆਪ, ਧੰਨ ਹੈ, ਬਾਰੰਬਰ ਹੈ ਜੁਹਾਰ, ਬਾਰੰਬਾਰ ਹੈ ਨਮਸਕਾਰ ਆਪਨੂੰ। ਇਸ ਪੁਰਾਣੇ ਚੋਲੇ ਵਾਲੇ ਸਾਧੂ ਦੀਆਂ ਅੰਜੁਲੀਆਂ ਆਪਦੇ
ਸ੍ਰੀ ਗੁਰੂ ਜੀ ਦੇ ਦਰਬਾਰ ਦੇ ਕਵੀ ਸੈਨਾਪਤ ਜੀ ਨੇ ਆਪਣੇ ਅੱਖੀਂ ਦੇਖੇ ਹਾਲ ਗੁਰ ਦਰਬਾਰ ਦੇ ਲਿਖੇ ਹਨ, ਆਪ ਨੇ ਏਹੋ ਆਦਰਸ਼ ਦੱਸਿਆ ਹੈ ਕਿ ਖਾਲਸਾ ਨੂੰ ਤੇਜ, ਜੋਰ ਤੇ ਹੁਕਮ ਬਖਸ਼ਿਆ, ਪਰ ਨਾਲ ਨਾਮ ਸਿਮਰਨ, ਮਨ ਦੀ ਜਿੱਤ, ਵਿਕਾਰਾਂ ਦਾ ਤ੍ਯਾਗ ਬੀ ਬਖਸ਼ਿਆ। ਆਪ ਲਿਖਦੇ ਹਨ:-
ਦੋਹਰਾ- ਖੰਡੇ ਕੀ ਪਾਹੁਲ ਦਈ ਕਰਨਹਾਰ ਪ੍ਰਭ ਸੋਇ।
ਕੀਓ ਦਸੋ ਦਿਸ਼ ਖਾਲਸਾ ਤਾ ਬਿਨ ਅਵਰ ਨ ਕੋਇ।
ਪਉੜੀ- ਦੇ ਖਾਂਡੇ ਕੀ ਪਾਹੁਲ ਤੇਜ ਬਢਾਇਆ।
ਜ਼ੋਰਾਵਰ ਕਰ ਸਿੰਘ ਹੁਕਮ ਵਰਤਾਇਆ।
ਤੇਜ ਵਧਾਕੇ ਜ਼ੋਰਾਵਰ ਬਣਾਕੇ ਨਾਲ ਖਾਲਸੇ ਦਾ ਆਚਰਣ ਕੀਹ ਕਾਇਮ ਕੀਤਾ, ਉਹ ਕਵੀ ਜੀ ਐਉਂ ਦੱਸਦੇ ਹਨ:-
ਸਰਬ ਆਨੰਦ ਗੋਬਿੰਦ ਕੋ ਜਾਪ ਤੇ
ਜਪੋ ਨਿਤ ਨਿੱਤ ਕੇ ਪ੍ਰੀਤਿ ਮੀਤਾ।
ਸਰਬ ਕੇ ਤੰਤ ਯਹਿ ਮੰਤ ਗੁਰਦੇਵ ਕਾ
ਏਕ ਮਨ ਜੀਤ ਸੰਸਾਰ ਜੀਤਾ।
ਸਰਬ ਜੰਜਾਰ ਬੇਕਾਰ* ਛਿਨ ਮੈਂ ਤਜੇ
ਸਰਬ ਗੁਰਦੇਵ ਸਨ ਗ੍ਯਾਨ ਗੀਤਾ।
ਭਯੋ ਜੈਕਾਰ ਤ੍ਰੈਲੋਕ ਚੌਦੈ ਭਵਨ,
ਸਤਿਗੁਰੂ ਖਾਲਸਾ ਖਾਸ ਕੀਤਾ। (ਗੁਰ ਸੋਭਾ)
–––––––––––––- -0-
੧. ਨਮਸਕਾਰ: ਸਕਦੇ।
੨. ਗੁਰੂ ਜੀ ਇਥੇ ਹੋਰ ਨਹੀਂ ਠਹਿਰੇ, ਇਸ ਜੋਗੀ ਦੀ ਐਉਂ ਕਲ੍ਯਾਣ ਕਰਕੇ ਫੇਰ ਛੇਤੀ ਹੀ ਅੱਗੇ ਨੂੰ ਟੁਰ ਗਏ।
੩. ਸਾਰੇ ਜੰਜਾਲ ਜੋ ਵਿਕਾਰਾਂ ਵਿਚ ਫਸਾਉਂਦੇ ਹਨ ।
ਗੀਤ
ਅਜ ਤੇਰੇ ਘਰ ਆਏ !
ਟੇਕ- ਅਜ ਤੇਰੇ ਘਰ ਆਏ ਸਾਗਰ। ਅਜ ਤੇਰੇ ਘਰ ਆਏ।
ਕਲਗੀਆਂ ਵਾਲੇ ਦੀ ਚਰਨ ਰਜ ਲੈ ਕੇ ਜਾਂ ਗੋਦਾਵਰੀ ਸਮੁੰਦਰ ਵਿਚ ਪਹੁੰਚੀ ਤਦ ਸਮੁੰਦਰ ਬਹਰ ਥਰਰ ਕਰ ਉਠਿਆ ਤੇ ਪੁੱਛਣ ਲਗਾ:-
'ਰਜ-ਕਿਣਕੇ' ਕਈ ਭਾਂਤਿ ਭਾਂਤਿ ਦੇ ਚਲਦੇ ਪਾਣੀ ਲ੍ਯਾਏ,
'ਰਜ-ਸੋਨਾ' ਬੀ ਨਦੀਆਂ ਨਾਲੇ ਮੈਂ ਵਿਚ ਲੈ ਲੈ ਆਏ;
ਹਨ ਵਡਮੁੱਲੇ, ਪਰ ਜਿੰਦ-ਹੀਣੇ ਕੱਲ ਤਕ ਜੋ ਮੈਂ ਪਾਏ,
ਅਜ ਗੁਦਾਵਰੀ! ਗੋਦ ਆਪਣੀ ਤੂੰ ਜੋ ਕਿਣਕੇ ਚਾਏ,
ਕਿਥੋਂ ਲੈ ਆਈ ਹੈ? ਸਜਨੀਂ! ਕਿਸ ਜਿੰਦ ਦੇ ਏ ਜਾਏ?
ਏ ਝਰਨਾਂਦੇ, ਥਰਕ ਥਰਕਦੇ, ਜਿੰਦੜੀ ਜਾਂਦੇ ਲਾਏ।
ਗੁਦਾਵਰੀ ਨੇ ਉੱਤਰ ਦਿਤਾ:-
"ਜਿੰਦ-ਸਮੁੰਦ" ਜਿਨੂੰ ਜਗ ਆਖੇ ਜੋ 'ਜਿੰਦ-ਰਤਨ' ਲੁਟਾਏ,
ਉਸ ਆ ਮੈਂ ਵਿਚ ਚਰਨ ਛੁਹਾਏ ਝਰਨ ਝਰਨ ਝਰਨਾਏ;
ਧਰਹੁ ਉਠੀ ਮੈਂ ਜੀਉਂਦੀ ਹੋ ਗਈ ਰਜ ਚਰਨਾਂ ਦੀ ਪਾਏ,
ਓ 'ਰਜ-ਕਿਣਕੇ ਗਾਈਆਂ ਸਾਗਰ ਵਿਰਵਾ ਨਾਂ ਰਹਿ ਜਾਏਂ।
'ਮੁੱਲ ਵਾਲੇ' ਕਿਣਕਿਆਂ ਤੋਂ ਵਧਵੇਂ, ਛਹ ਜੁ ‘ਅਮਲ ਨੂੰ ਧਾਏ,
ਉਹ ਜਿੰਦ ਪਾਵਣ ਵਾਲੇ ਕਿਣਕੇ ਅਜ ਤੇਰੇ ਘਰ ਆਏ।
'ਚਰਨ ਕਮਲ ਰਜ ਕਣ ਕਲਗੀਧਰ ਥਲ ਇਨ ਮੁਏ ਜਿਵਾਏ,
ਅਜ 'ਜਲ' ! ਤੈਨੂੰ ਤਾਰਨ ਕਾਰਨ ਮੈਂ ਗੋਦੀ ਬਹਿ ਆਏ
ਹਾਂ, ਤੇਰੇ ਘਰ ਆਏ ਸਾਗਰ! ਅਜ ਤੇਰੇ ਘਰ ਆਏ।
ਚਰਨ ਕਮਲ ਰਜ ਜੀਉਂਦੇ ਕਿਣਕੇ, ਅਜ ਤੇਰੇ ਘਰ ਆਏ।
(ਕੰਬਦੀ ਕਲਾਈ ਪੰਨਾ ੨੨੭)
ਇਸ ਗੀਤ ਦੇ ਗਾਉਣ ਦੇ ਸੁਰ ਤਾਲ-
ਰਾਗ ਪਹਾੜੀ। ਤਾਰ-ਕਹਿਰਵਾ। ਲਯ-ਦਰਮਿਆਨੀ।
'ਆ' ਦਾ ਘਰ-"ਆਏ” ਪਰ ਹੈ।
ਇਸ ਗੀਤ ਨੂੰ ਗਾਉਣ ਲਗਿਆਂ 'ਮਧਰ' ਦੇ ਸੁਰ ਨੂੰ 'ਸਾ' ਮੰਨਕੇ ਗਾਉਣਾ ਚਾਹੀਦਾ ਹੈ।
X X
ਸੁਰ ਖਾਸ-ਸਾ ਰੇ ਗਾ ਮਾ ਪਾ ਧਾ ਨੀ।
––––––––––––––
* ਰਜ ਦੇ ਕਿਣਕੇ। ਭਾਵ-ਚਰਨ ਧੂੜ ਦੇ ਕਿਣਕੇ