ਮੱਲੀ ਬੈਠਾ ਹੈ। ਇਥੋਂ ਦੀ ਜਿੱਤ ਵਜ਼ੀਰ ਖਾਂ ਲਈ ਦੋ ਸੁਖ ਰਖਦੀ ਸੀ, ਇਕ ਗੁਰੂ ਕੀ ਹਾਰ, ਦੂਜੇ ਤੁਰਕ ਦਲ ਨੂੰ ਪਾਣੀ ਦੇ ਛੰਭ ਦੀ ਪ੍ਰਾਪਤੀ। ਸੋ ਉਸਨੇ ਕੁਛ ਦੂਰ ਡੇਰਾ ਕਰਕੇ ਆਪਣੀ ਵਿਉਂਤ ਬੰਨ੍ਹ ਕੇ ਹੱਲਾ ਬੋਲ ਦਿੱਤਾ। ਹੁਣ ਇਸ ਵਹੀਰ ਤੇ ਸ਼ਾਹੀ ਸੈਨਾ ਦਾ ਘੋਰ ਯੁੱਧ ਹੋਇਆ। ਸਿੱਖ ਤਾਂ ਮਰਨ ਮੰਡਕੇ ਮੌਤ ਵਿਚ ਸੁਰਖਰੋਈ ਸਮਝਕੇ ‘ਆਪਾ ਨੁਛਾਵਰੀ ਜੁੱਧ’ ਕਰਦੇ ਸੇ ਤੇ ਜਾਨਾਂ ਤੋੜਕੇ ਲੜਦੇ ਸੇ, ਪਰ ਤੁਰਕ ਦਲ ਤਨਖਾਹਾਂਦਾਰ ਜਾਨਾਂ ਬਚਾ ਬਚਾਕੇ ਲੜਦਾ ਸੀ। ਇਸ ਲਈ ਇਸ ਥੋੜੇ ਜਿਹੇ ਜਥੇ ਨੇ ਤੁਰਕ ਦਲ ਦੇ ਬਹੁਤ ਆਹੂ ਲਾਹੇ। ਇਨਸਾਨੀ ਖ੍ਯਾਲ ਤੇ ਕ੍ਯਾਸ ਤੋਂ ਵੱਧ ਕਟਾ ਵੱਢ ਕੀਤੀ। ਜੁੱਧ ਕਰਦਿਆਂ ਲੌਢਾ ਪਹਿਰ ਲੈ ਆਂਦਾ, ਪਰ ਆਖਰ ਤੁਰਕ ਸੈਨਾਂ ਤੋਂ ਬਹੁਤ ਥੋੜੇ ਸਨ, ਲਗ ਪਗ ਸਾਰੇ ਘਾਇਲ ਤੇ ਜ਼ਖਮੀ ਹੋ ਢੱਠੇ, ਪਰ ਇਕ ਨੇ ਬੀ ਪਿੱਠ ਨਹੀਂ ਦਿੱਤੀ, ਇਕ ਨੇ ਬੀ ਹਾਰ ਨਹੀਂ ਮੰਨੀ, ਇਕ ਨੇ ਬੀ ਹੌਸਲਾ ਨਹੀਂ ਹਾਰਿਆ। ਗੁਰੂ ਜੀ ਬੀ ਟਿੱਬੀ ਤੋਂ ਤੱਕ ਤੱਕਕੇ ਆਪਣੇ ਅਮੋਘ ਬਾਣ ਇਸ ਦਾਨਾਈ ਤੇ ਬਲ ਨਾਲ ਛੋੜਦੇ ਰਹੇ ਕਿ ਤੁਰਕ ਦਲ ਦਾ ਨੁਕਸਾਨ ਅਤਿ ਦਾ ਹੋਇਆ, ਪਰ ਉਨ੍ਹਾਂ ਨੂੰ ਇਹ ਪਤਾ ਨਾ ਪਿਆ ਕਿ ਢਾਬ ਲਾਗਲੇ ਟਿੱਬਿਆਂ ਤੋਂ ਛੁਟ ਕਿਤੋਂ ਹੋਰਥੋਂ ਬੀ ਤੀਰ ਆ ਰਹੇ ਹਨ। ਜਦ ਸਿੱਖਾਂ ਵਾਲੇ ਪਾਸਿਓਂ ਤੀਰ ਗੋਲੀ ਬੰਦ ਹੋ ਗਈ, ਹਥਾ ਵਥੀ ਲੜਨ ਵਾਲੇ ਜਥੇ ਕਿ ਯੋਧੇ ਅੱਗੇ ਵਧਣੋਂ ਮੁੱਕ ਗਏ ਤਾਂ ਤੁਰਕ ਦਲ, ਇਹ ਸਮਝਕੇ ਕਿ ਸਿੱਖ ਸਭ ਮਰ ਗਏ ਹਨ, ਛੰਭ ਤੇ ਪਾਣੀ ਪੀਣ ਲਈ ਅਗੇ ਵਧਿਆ। ਅਗੇ ਬੇਰੀਆਂ, ਬੇਰੀਆਂ ਤੇ ਪਏ ਚਾਦਰੇ, ਛੌਲਦਾਰੀਆਂ ਤੇ ਸਾਇਬਾਨ! ਹਾਂ ਮਰੇ ਪਏ, ਕੱਟੇ ਪਏ ਤੇ ਸਿਸਕ ਰਹੇ ਘਾਇਲ ਸਿੱਖਾਂ ਦੇ ਤਨ, ਵਹਿ ਚੁਕੇ ਤੇ ਵਹ ਰਹੇ ਲਹੂ ਦੇ ਸਿਵਾ ਕੁਛ ਨਾ ਦਿੱਸਿਆ। ਪਾਣੀ ਤਾਂ ਮ੍ਰਿਗ ਤ੍ਰਿਸ਼ਨਾਂ ਦੇ ਜਲ ਵਾਂਙੂ ਭੁਲੇਵਾ ਦੇ ਗਿਆ ਤੇ ਤੁਰਕ ਸੈਨਾ ਸਚੀ
ਮੁਚੀ ਦਾ ਜਲ ਨਾ ਪਾਕੇ ਘਬਰਾਏ ਮ੍ਰਿਗ ਵਾਂਗੂੰ ਤੜਫ ਉੱਠੀ। ਇਸ ਵੇਲੇ ਜੋ ਵਿਚਾਰ ਤੁਰਕ ਦਲ ਵਿਚ ਹੋਈ ਸੋ ਪਿਛੇ ਆ ਚੁਕੀ ਹੈ। ਜੋ ਕੁਛ ਟਿੱਬੀ ਤੇ ਵਰਤਿਆ ਉਹ ਬੀ ਆਪ ਪੜ੍ਹ ਚੁਕੇ ਹੋ, ਹੁਣ ਢਾਬ ਵਿਚ ਦਾ ਹਾਲ
३.
ਭਾਈ ਮਹਾਂ ਸਿੰਘ ਜੀ ਸੱਚੇ ਸ਼ਹੀਦ ਦੀ ਆਤਮਾ ਆਪਣੇ ਅੰਤਮ ਸੁਆਸਾਂ ਵੇਲੇ ਇਸ ਪ੍ਰਕਾਰ ਸੰਬਾਦ ਕਰਦੀ ਹੈ:-
ਆਤਮਾਂ (ਮਾਨੋ ਦੇਹ ਨੂੰ ਆਖਦੀ ਹੈ)-
ਹੋ ਜ਼ਿੰਦਗੀ ਦੀ ਕਾਰ ਚੁੱਕੀ, ਦੇਸ਼ ਨਿਜ ਹੁਣ ਚੱਲੀਏ।
ਦੇ ਆਯਾ ਹੁਣ ਦੇਹ ਪ੍ਯਾਰੀ, ਨਾਲ ਖੁਸ਼ੀਆਂ ਘੱਲੀਏ।
ਧੰਨ ਹੈਂ ਤੂੰ ਧੰਨ ਪ੍ਯਾਰੀ! ਧੰਨ ਤੈਨੂੰ ਆਖੀਏ!
ਉਪਕਾਰ ਤੇਰੇ ਸਦਾ ਪ੍ਯਾਰੇ, ਰਿਦੇ ਅਪਣੇ ਰਾਖੀਏ।
ਤੂੰ ਧੰਨ ਹੈਂ ਜਿਨ ਕ੍ਰਿਪਾ ਕੀਤੀ, ਮੈਂ ਜਿਹੇ ਇਕ ਨੀਚ ਤੇ।
ਗੁਰ ਸੇਵ ਸੰਦਾ ਸਮਾਂ ਦਿੱਤਾ, ਰੱਖਿਆ ਜਗ ਕੀਚ ਤੇ।
ਹਾਂ ਸੇਵ ਕਲਗੀ ਵਾਲੜੇ ਦੀ ਦਾਸ ਕੋਲੋਂ ਸੁਹਣੀਏਂ!
ਲੈ, ਰੋਗ ਬੇਮੁਖ ਹੋਣ ਦਾ, ਹਈ ਕੱਟਿਆ ਮਨ ਮੁਹਣੀਏਂ!
ਹਾਂ ਵਾਰਨੇ ਮੈਂ ਤੁੱਧ ਦੇ, ਤੂੰ ਸਫਲ ਗੁਰੂ ਸੁਵਾਰੀਏ!
ਹੁਣ ਦੇਹੁ ਛੁੱਟੀ ਚੱਲੀਏ, ਹੈ ਵਾਟ ਲੰਮੀ ਪ੍ਯਾਰੀਏ!
ਹੈ ਆਗਿਆ ਹੁਣ ਪ੍ਰਭੂ ਜੀ ਦੀ, ਪਹੁੰਚ ਪਈਏ ਘਰਾਂ ਨੂੰ।
ਹੈ ਸਿੱਕ ਦਰਸ਼ਨ ਪਿਤਾ ਦੀ, ਉਡ ਚੱਲੀਏ ਲਾ ਪਰਾਂ ਨੂੰ।
ਦੇਹ (ਮਾਨੋਂ ਉੱਤਰ ਦੇਂਦੀ ਹੈ)-
ਹੋ ਤੁਰੇ ਜਾਂਦੇ ਲਾਲ ਜੀ! ਨਹੀਂ ਅਟਕ ਸਕਦੇ ਜ਼ਰਾ ਬੀ,
ਜੀ ਨਹੀਂ ਚਾਹੇ ਵਿਛੁੜਨਾਂ, ਮੈਂ ਰੋਵਦੀ ਹਾਂ, ਕਰਾਂ ਕੀ?
ਚਲ ਸਕਾਂ ਨਾਹੀਂ ਨਾਲ ਮੈਂ, ਹਾਂ ਨੀਚ ਮਿੱਟੀ ਅੰਧ ਮੈਂ,
ਛੱਡ ਸਕਾਂ ਨਾਹੀਂ ਸੰਗ ਸੁਹਣਾ, ਖਾਂਵਦੀ ਹਾਂ ਰੰਜ ਮੈਂ।
ਹੋ ਤੁਸੀਂ ਆਤਮ ਰੂਪ ਜੀ, ਨਿਤ ਸਦਾ ਹੀ ਅਵਿਨਾਸ਼ ਹੋ!
ਮੈਂ ਨਾਸ਼ਵੰਤੀ ਬਿਨਸਦੀ, ਵਿਗੜਾਂ ਕਦੀ ਮੈਂ ਰਾਸ ਹੋ।
ਵਿਛੜਨਾਂ ਮੈਂ ਨਾਂ ਚਹਾਂ, ਮੈਂ ਆਪਦੇ ਬਿਨ ਮਾਸ ਹਾਂ,
ਸੁਰਜੀਤ ਹਾਂ ਮੈਂ ਨਾਲ ਲੱਗੀ, ਵਿੱਛੁੜੀ ਮੈਂ ਨਾਸ਼ ਹਾਂ।
ਆਤਮਾ-
ਤੂੰ ਸਫਲ ਹੋਈ ਸਫਲ ਹੋਈ, ਨਹੀਂ ਛੁੱਟੜ ਪ੍ਯਾਰੀਏ!
ਹੁਕਮ ਹੈ ਗੁਰ ਰੱਬ ਦਾ ਏ, ਕਿਵੇਂ ਇਸ ਨੂੰ ਟਾਰੀਏ!
ਹਾਂ, ਟਾਰੀਏ ਨਾਂ ਧਾਰੀਏ ਏ, ਧਾਰਕੇ ਉਠ ਚੱਲੀਏ?
ਹੁਣ ਛੱਡ ਛੇਤੀ ਚੱਲੀਏ, ਤੇ ਜਾਇ ਪੱਤਣ ਮੱਲੀਏ।
ਦੇ ਆਗਿਆ ਹੁਣ ਚੱਲੀਏ, ਹੁਣ ਚੱਲੀਏ, ਹੁਣ ਚੱਲੀਏ,
ਹੁਣ ਰਹਿਣ ਨਾਹੀਂ ਬਣੇ ਸਾਨੂੰ, ਚੱਲੀਏ, ਹੁਣ ਚੱਲੀਏ।
ਦੇਹ-
ਇਕ ਸੋਚ ਸੋਚੋ ਲਾਲ ਜੀ! ਹੈ ਕੌਮ ਟੁੱਟੀ ਗੁਰਾਂ ਤੋਂ,
ਇਉਂ ਛੱਡ ਟੁੱਟੀ ਤੁਰੇ ਜਾਂਦੇ, ਚਹੋ ਸੱਦਾ ਧੁਰਾਂ ਤੋਂ*
ਹੈ ਤੁਸਾਂ ਸੇਵਾ ਸਿਰੇ ਚਾੜ੍ਹੀ, ਆਪ ਸਨਮੁਖ ਚਲੇ ਹੋ,
ਪਰ ਬੇਮੁਖਾਈ ਹੈ ਲਿਖੀ ਸੋ ਤੁਰਨ ਨੂੰ ਕਿਉਂ ਖਲੇ ਹੋ ?
ਹੁਣ ਤੁਰ ਚਲੇ ਹੋ ਆਪ ਪ੍ਯਾਰੇ ਕੌਮ ਡੁੱਬੀ ਰਹੀ ਹੈ,
ਹੈ ਧੰਨ ਸਿੱਖੀ ਆਪ ਦੀ ਕੀ ਸਫਲ ਸਿੱਖੀ ਇਹੀ ਹੈ?
ਆਤਮਾ-
ਹਾਂ ਸੱਚ ਹੈ, ਏ ਸੱਚ ਪ੍ਯਾਰੀ, ਦੁਖ ਕਲੇਜੇ ਰਿਹਾ ਹੈ:-
ਮੈਂ ਆਪ ਉਠ ਹਾਂ ਚਲਿਆ ਤੇ ਪੰਥ ਟੁੱਟਾ ਰਿਹਾ ਹੈ!
ਹਾਂ, ਧੰਨ ਹੈਂ ਤੂੰ ਦੇਹ ਮੇਰੀ, ਧੰਨ ਤੇਰੀ ਸਿੱਖਿਆ,
ਜੇ ਗੁਰੂ ਆ ਹੁਣ ਬਾਹੁੜੇ ਤਾਂ ਪਾਟ ਜਾਵੇ ਲਿੱਖਿਆ।
ਵਾਹਿਗੁਰੂ ਵਲ ਧਿਆਨ ਕਰਕੇ)-
( ਹਾਂ ਪ੍ਰਭੂ ਪ੍ਯਾਰੇ ਸੁਣੀਂ, ਬਿਨਤੀ ਮੌਤ ਰੋਕੀਂ ਪਯਾਰਿਆ!
ਹਾਂ ਭੇਜ ਕਲਗੀ ਵਾਲੜਾ ਤੂੰ ਭੇਜ ਲਾਲ ਦੁਲਾਰਿਆ!
(ਗੁਰੂ ਦਾ ਧਿਆਨ ਧਰਕੇ)-
ਦਿਹ ਦਰਸ ਕਲਗੀ ਵਾਲਿਆ! ਆ ਬਹੁੜ ਵੇਲੇ ਅੰਤ ਦੇ,
ਹੁਣ ਢਿੱਲ ਦਾ ਕੁਛ ਸਮਾਂ ਨਾ, ਆ ਵਾਸਤੇ ਭਗਵੰਤ ਦੇ।
ਹਾਂ ਚੱਲਿਆ ਹਾਂ, ਬਹੁੜ ਸਤਿਗੁਰ ਬਹੁੜ ਕਲਗੀ ਵਾਲਿਆ!
ਤੂੰ ਆਸ ਪੂਰੀਂ ਆਪ ਆਕੇ ਆਉ ਫੌਜਾਂ ਵਾਲਿਆ!
ਆ ਕਰੀਂ ਔਕੜ ਦੂਰ ਮੇਰੀ, ਸਨਮੁਖੇ ਆ ਕਰ ਲਈ,
ਤੇ ਮੇਲ ਲੈਣੀ ਟੁੱਟ ਚੁੱਕੀ, ਭੁੱਲ ਸਾਡੀ ਹਰਿ ਲਈ।
–––––––––––––––
* ਚਾਹੇ ਤੈਨੂੰ ਸੱਦਾ ਧੁਰਾਂ ਦਾ ਆ ਗਿਆ ਹੈ।
(ਆਪਣੇ ਆਪ ਨਾਲ)-
ਹਾਂ! ਜਿੰਦ ਨਾ ਹੈ ਤੁਰੇ ਮੇਰੀ ਹੁਕਮ ਨੂੰ ਹੈ ਟਾਲਦੀ।
ਜੇ ਹੁਕਮ ਮੰਨੇ, ਕਾਰ ਸਿੱਖੀ ਇਸ ਸਮੇਂ ਨਹੀਂ ਪਾਲਦੀ।
ਮੈਂ ਤੁਰਾਂ ? ਰਹਾਂ ਉਡੀਕ ਕਰਦਾ? ਫਸ ਗਿਆ ਦੋਥੌੜ ਹਾਂ।
ਤੇ ਝੁਕਾਂ ਜੇਕਰ ਇੱਕ ਪਾਸੇ, ਦੂਜਿਓਂ ਫਿਰ ਚੌੜ ਹਾਂ।
(ਫਿਰ ਗੁਰੂ ਧਿਆਨ ਵਿਚ)-
ਏ ਤਿਲ ਨ ਵਧਣੀ ਉਮਰ ਹੈ, ਇਸ ਸਮੇਂ ਸਿਰ ਟੁੱਟ ਜਾਵਣਾ,
ਉਸ ਸਮੇਂ ਨਾਲੋਂ ਰਤਾ ਪਹਿਲੇ, ਪ੍ਯਾਰਿਆ ਤੂੰ ਆਵਣਾ।
ਹਾਂ ਸੁਰਖਰੋਈ ਸਿੱਖ ਦੀ ਤਦ ਹੋਇ ਕਲਗੀ ਵਾਲਿਆ!
ਤੇ ਵੀਰ ਮਰਿਆਂ ਸਾਰਿਆਂ ਦੀ, ਬਚ ਜਿਨ੍ਹਾਂ ਨੇ ਪਾਲਿਆ-
ਸੰਦੇਸ਼ 'ਟੁੱਟੀ ਗੰਢ ਦੇਵੀਂ' ਸੁਣ ਲਈਂ, ਰਖਵਾਲਿਆ!
ਕਰ ਦਯਾ ਆਵੀਂ ਗੁਰੂ ਪ੍ਯਾਰੇ, ਬਹੁੜ ਬਹੁੜਨ ਵਾਲਿਆ!
ਇਸ ਫਿਕਰ ਦੇ ਵਿਚ ਸਿੱਖ ਸੀਗਾ, ਪਿਆ ਘਾਇਲ ਸੋਚਦਾ
ਹੈ ਪੀੜ ਅਪਣੀ ਚਿੱਤ ਨਾਹੀਂ, ਪੰਥ ਮੇਲਣ ਲੋਚਦਾ;
ਹੈ ਜਾਨ ਟੁਟਦੀ ਕੁੜਕ ਮੁੜਦੀ ਸਿੱਖ ਨੂੰ ਪਰਵਾਹ ਨਾ,
'ਏ ਕਿਵੇਂ ਸਿੱਖੀ ਜਾਇ ਬਖਸ਼ੀ ਰੜਕਦੀ ਏ ਚਾਹਿਨਾ।
'ਮੈਂ ਮੇਲ ਜਾਵਾਂ ਕੌਮ ਟੁੱਟੀ ਆਪ ਪਹਿਲੇ ਮਰਨ ਤੋਂ
'ਏ ਰਹੇ ਨਾਹੀਂ ਵਿੱਛੁੜੀ ਗੁਰੂ ਸੰਦੀ ਸ਼ਰਨ ਤੋਂ।'
ਹੈ ਬਿਨੈ ਕਰਦਾ ਗੁਰੂ ਅੱਗੇ ਪਿਆ ਧਰ ਸਿਰ ਮੂਧ ਹੈ,
ਹੈ ਲਹੂ ਵਗਦਾ ਫੱਟ ਚੀਸਣ ਪਰ ਨ ਇਸ ਦੀ ਸੁਧ ਹੈ।
ਹਾਂ, ਸੂਧ ਹੈ ਇਸ ਸਿੱਕ ਵਾਲੀ ਦਰਸ ਗੁਰ ਦਾ ਪਾ ਲਵਾਂ,
ਤੇ ਚਰਨ ਪਕੜਾਂ ਗੁਰੂ ਜੀ ਦੇ, ਪੰਥ ਨੂੰ ਬਖਸ਼ਾ ਲਵਾਂ।
ਉਹ ਪੰਥ ਪਾਲਿਕ ਗੁਰੂ ਪ੍ਯਾਰੇ, ਪ੍ਯਾਰ ਕਰਦੇ ਸਾਰਿਆਂ,
ਹਾਂ ਪ੍ਯਾਰਦੇ ਹਰ ਸਿੱਖ ਨੂੰ, ਜੋ ਗਿਆ ਸੀਗਾ ਮਾਰਿਆ,
ਆ ਸਹਿਕਦੇ ਦੇ ਪਾਸ ਬੈਠਣ ਲਹੂ ਪੂੰਝਣ ਚਿਹਰਿਓਂ,