(ਆਪਣੇ ਆਪ ਨਾਲ)-
ਹਾਂ! ਜਿੰਦ ਨਾ ਹੈ ਤੁਰੇ ਮੇਰੀ ਹੁਕਮ ਨੂੰ ਹੈ ਟਾਲਦੀ।
ਜੇ ਹੁਕਮ ਮੰਨੇ, ਕਾਰ ਸਿੱਖੀ ਇਸ ਸਮੇਂ ਨਹੀਂ ਪਾਲਦੀ।
ਮੈਂ ਤੁਰਾਂ ? ਰਹਾਂ ਉਡੀਕ ਕਰਦਾ? ਫਸ ਗਿਆ ਦੋਥੌੜ ਹਾਂ।
ਤੇ ਝੁਕਾਂ ਜੇਕਰ ਇੱਕ ਪਾਸੇ, ਦੂਜਿਓਂ ਫਿਰ ਚੌੜ ਹਾਂ।
(ਫਿਰ ਗੁਰੂ ਧਿਆਨ ਵਿਚ)-
ਏ ਤਿਲ ਨ ਵਧਣੀ ਉਮਰ ਹੈ, ਇਸ ਸਮੇਂ ਸਿਰ ਟੁੱਟ ਜਾਵਣਾ,
ਉਸ ਸਮੇਂ ਨਾਲੋਂ ਰਤਾ ਪਹਿਲੇ, ਪ੍ਯਾਰਿਆ ਤੂੰ ਆਵਣਾ।
ਹਾਂ ਸੁਰਖਰੋਈ ਸਿੱਖ ਦੀ ਤਦ ਹੋਇ ਕਲਗੀ ਵਾਲਿਆ!
ਤੇ ਵੀਰ ਮਰਿਆਂ ਸਾਰਿਆਂ ਦੀ, ਬਚ ਜਿਨ੍ਹਾਂ ਨੇ ਪਾਲਿਆ-
ਸੰਦੇਸ਼ 'ਟੁੱਟੀ ਗੰਢ ਦੇਵੀਂ' ਸੁਣ ਲਈਂ, ਰਖਵਾਲਿਆ!
ਕਰ ਦਯਾ ਆਵੀਂ ਗੁਰੂ ਪ੍ਯਾਰੇ, ਬਹੁੜ ਬਹੁੜਨ ਵਾਲਿਆ!
ਇਸ ਫਿਕਰ ਦੇ ਵਿਚ ਸਿੱਖ ਸੀਗਾ, ਪਿਆ ਘਾਇਲ ਸੋਚਦਾ
ਹੈ ਪੀੜ ਅਪਣੀ ਚਿੱਤ ਨਾਹੀਂ, ਪੰਥ ਮੇਲਣ ਲੋਚਦਾ;
ਹੈ ਜਾਨ ਟੁਟਦੀ ਕੁੜਕ ਮੁੜਦੀ ਸਿੱਖ ਨੂੰ ਪਰਵਾਹ ਨਾ,
'ਏ ਕਿਵੇਂ ਸਿੱਖੀ ਜਾਇ ਬਖਸ਼ੀ ਰੜਕਦੀ ਏ ਚਾਹਿਨਾ।
'ਮੈਂ ਮੇਲ ਜਾਵਾਂ ਕੌਮ ਟੁੱਟੀ ਆਪ ਪਹਿਲੇ ਮਰਨ ਤੋਂ
'ਏ ਰਹੇ ਨਾਹੀਂ ਵਿੱਛੁੜੀ ਗੁਰੂ ਸੰਦੀ ਸ਼ਰਨ ਤੋਂ।'
ਹੈ ਬਿਨੈ ਕਰਦਾ ਗੁਰੂ ਅੱਗੇ ਪਿਆ ਧਰ ਸਿਰ ਮੂਧ ਹੈ,
ਹੈ ਲਹੂ ਵਗਦਾ ਫੱਟ ਚੀਸਣ ਪਰ ਨ ਇਸ ਦੀ ਸੁਧ ਹੈ।
ਹਾਂ, ਸੂਧ ਹੈ ਇਸ ਸਿੱਕ ਵਾਲੀ ਦਰਸ ਗੁਰ ਦਾ ਪਾ ਲਵਾਂ,
ਤੇ ਚਰਨ ਪਕੜਾਂ ਗੁਰੂ ਜੀ ਦੇ, ਪੰਥ ਨੂੰ ਬਖਸ਼ਾ ਲਵਾਂ।
ਉਹ ਪੰਥ ਪਾਲਿਕ ਗੁਰੂ ਪ੍ਯਾਰੇ, ਪ੍ਯਾਰ ਕਰਦੇ ਸਾਰਿਆਂ,
ਹਾਂ ਪ੍ਯਾਰਦੇ ਹਰ ਸਿੱਖ ਨੂੰ, ਜੋ ਗਿਆ ਸੀਗਾ ਮਾਰਿਆ,
ਆ ਸਹਿਕਦੇ ਦੇ ਪਾਸ ਬੈਠਣ ਲਹੂ ਪੂੰਝਣ ਚਿਹਰਿਓਂ,
ਤੇ ਗਰਦ ਝੜਨ ਆਪ ਹੱਥੀਂ, ਧੰਨ ਤੇਰੀ ਮਿਹਰ ਓ!
ਹੁਣ ਗੋਦ ਅਪਣੀ ਸਿੱਖ ਦਾ ਸਿਰ ਆਪ ਚਾਕੇ ਰੱਖਿਆ,
ਫਿਰ ਪ੍ਯਾਰ ਦੇਕੇ ਨੈਣ ਖੋਲ੍ਹੇ, ਬਿਰਦ ਅਪਣਾ ਲੱਖਿਆ।
ਫਿਰ ਨੀਰ ਚੋਇਆ, ਤ੍ਰਾਣ ਦਿੱਤਾ, ਪ੍ਯਾਰ ਦੇ ਸੁਰਜੀਤਿਆ,
ਤੇ ਅੰਤ ਛਿਨ ਦੀ ਲਾਲਸਾ ਨੂੰ ਆਪ ਪੂਰਾ ਕੀਤਿਆ।
ਸਿਖ ਨੈਣ ਖੁੱਲ੍ਹੇ ਦੇਖਦੇ ਹਨ:- ਸਿੱਕ ਪੂਰੀ ਗਈ ਹੈ,
ਜੋ ਚਿੱਤ ਵਿਚ ਮੈਂ ਚਿਤਵਦਾ ਸਾਂ ਚਿਤਵਨੀ ਉਹ ਲਈ ਹੈ,
ਹੈ ਅੱਖ ਦੇ ਤਿਲ ਵਿਚ ਗੁਰੂ ਦਾ ਰੂਪ ਹੁਣ ਪਰਕਾਸਦਾ, ਹੈ
ਮਿਹਰ ਦਾ ਝਲਕਾਰ ਪੈਂਦਾ, ਪ੍ਰੇਮ ਰੰਗ ਵਿਗਾਸਦਾ।
ਗੁਰ ਹੋਇ ਬਿਹਬਲ ਕਹਿਣ "ਪਯਾਰੇ ਮੰਗ ਜੋ ਤੂੰ ਚਾਹਿ ਹੈ।
"ਜੋ ਚਾਹਿੰਗਾ ਸੋ ਪਾਇੰਗਾ, ਘਰ ਮੈਂਡੜੇ ਨਹੀਂ ਨਾਂਹਿ ਹੈ"!
ਉਸ ਧੰਨ ਮੁਖ ਸਿੱਖ ਧੰਨ ਤੋਂ ਬਲਿਹਾਰ ਹੋਵੇ ਲਾਲਸਾ!
ਓ ਬੁੱਲ੍ਹ ਖੁੱਲ੍ਹੇ ਅੰਤ ਦੇ, ਓ ਬੋਲਦੇ ਕੀ ਖਾਲਸਾ!
ਓ ਆਖਦੇ ਕੀ ਬੁੱਲ੍ਹ ਪਾਵਨ, ਬੋਲਦੇ ਕੀ ਬੈਨ ਹੈ?
ਉਸ ਬੋਲਣੇ ਦਾ ਖਾਲਸਾ ਜੀ ਅੱਜ ਤੁਹਾਨੂੰ ਚੈਨ ਹੈ।
ਓ ਬੁੱਲ੍ਹ ਮਿਟਣੇ ਪਹਿਲਿਓਂ ਕੀ ਬੋਲਦੇ ਹਨ ਸੋਹਿਣਾ ?
ਉਹ ਬੋਲਣਾ ਸੀ ਅੰਤ ਦਾ, ਅਤਿ ਚਾਰਦਾ ਮਨ ਮੋਹਿਣਾ!
ਦੋ ਹੱਥ ਨਿਰਬਲ ਨਾਲ ਜੁੜਦੇ, ਅੱਖੀਆਂ ਵਿਰਲਾਪ ਕੇ।
ਏ ਮਧੁਰ ਬੋਲੀ ਬੋਲਦੇ, ਤੇ ਰਾਗ ਮੇਲ ਅਲਾਪ ਕੇ।
ਏ ਬਿਨੈ ਆਖਣ ਗੁਰੂ ਅੱਗੇ, ਵਾਜ ਸੁਣੀਂ ਨ ਜਾਂਵਦੀ।
ਤੇ ਕੰਨ ਨੀਵੇਂ ਗੁਰੂ ਕਰਦੇ, ਵਾਜ ਕੀ ਹੈ ਆਂਵਦੀ:-
"ਇਸ ਟੁੱਟੜੀ ਨੂੰ ਮੇਲ ਲੇਵੋ, ਗੰਢ ਲੇਵੇ ਵਿੱਛੁੜੀ।
"ਬੇਦਾਵਿ ਪੱਤਰ ਪਾੜ ਸੁੱਟੋ; ਕੱਜ ਲੇਵੋ ਉੱਛੜੀ"।
ਏ ਨਰਮ ਧੀਮੀਂ ਵਾਜ ਸੀਗੀ, ਮਲ੍ਹਮ ਮੇਲਣ ਵਾਲੜੀ।
ਏ ਪ੍ਰੇਮ ਦੀ ਸੀ ਰਾਗਣੀ, ਸਭ ਪਾੜ ਮੇਲਣ ਵਾਲੜੀ।
ਓ ਗੁਰੂ-ਹਿਰਦਾ ਪ੍ਰੇਮ ਵਾਲਾ, ਦੇਖ ਸਿੱਖੀ ਪ੍ਯਾਰ ਨੂੰ,
ਓ ਦ੍ਰਵ ਗਿਆ ਹਦ ਲੰਘਕੇ, ਪਿਖ ਸਿੱਖ ਦੀ ਇਸ ਕਾਰ ਨੂੰ।
ਝਟ ਕੱਢ ਕਾਗਤ ਖੀਸਿਓਂ, ਦਿਖਲਾਇ ਪ੍ਯਾਰੇ ਸਿੱਖ ਨੂੰ।
ਓ ਪਾੜ ਦਿੱਤਾ ਉਸੀ ਵੇਲੇ, ਠੰਢ ਪਾਈ ਸਿੱਖ ਨੂੰ।
ਫਿਰ ਲਾਇ ਛਾਤੀ ਨਾਲ ਸਿਰ ਨੂੰ, ਗੁਰੂ ਉਸਨੂੰ ਆਖਦੇ-
"ਤੈਂ ਲਈ ਸਿੱਖੀ ਵਾਸਤੇ, ਕੁਛ ਮੰਗ ਅਪਣੇ ਵਾਸਤੇ।"
ਓ ਮੰਗਦਾ ਕੀ? ਆਪ ਸੀ ਓ ਗੁਰੂ ਦਾ ਤੇ ਗੁਰੂ ਨੂੰ
ਉਨ ਸੌਂਪ ਦਿੱਤਾ ਸੀਗ ਆਪਾ-ਗੁਰੂ ਆਸਾ ਪੁਰੂ ਨੂੰ।
ਓ ਆਖਦਾ "ਹੇ ਗੁਰੂ ਦੇਵੋ, ਦਾਨ ਮੈਨੂੰ ਅੰਤ ਨੂੰ,
"ਹਾਂ ਮੇਲ ਲੇਵੋ, ਮੇਲ ਲੇਵੋ, ਬਖਸ਼ ਲੇਵੋ ਪੰਥ ਨੂੰ।
ਗੁਰੂ ਜੀ-
"ਤੂੰ ਮੇਲ ਲੀਤੀ ਸਿਖ ਪ੍ਯਾਰੇ! ਵਿੱਥ ਰਹੀ ਨ ਹੈ ਰਤਾ,
"ਏ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਹੈ ਮਤਾ!
"ਤੂੰ ਜਾਉ ਸੌਖਾ, ਪਾਇ ਵਾਸਾ ਵਿੱਚ ਖਾਸ ਸਰੂਪ ਦੇ,
"ਸਚਖੰਡ ਵਾਸੀ ਹੋਹੁ ਪ੍ਯਾਰੇ ਦਰਸ ਕਰ ਪ੍ਰਭੂ ਰੂਪ ਦੇ।
"ਤੂੰ ਮੇਲ ਤੁੱਟਯਾਂ ਨੂੰ ਲਿਆ ਤੂੰ ਆਪ ਮਿਲਿਓਂ ਕੰਤ ਨੂੰ
"ਹਾਂ ਸਦਾ ਮਿਲਿਓ ਸਦਾ ਮਿਲਿਓ ਸਦਾ ਓਸ ਅਨੰਤ ਨੂੰ।”
ਫਿਰ "ਧੰਨ ਸਤਿਗੁਰ" ਸਿੱਖ ਆਖੇ ਮੀਟਿਆ ਮੁਖ ਗਿਆ ਸੀ।
ਓ ਨੈਣ ਮੀਟੇ ਗਏ ਸੇ, ਜੁਟ ਹੱਥ ਦਾ ਖੁੱਲ੍ਹ ਪਿਆ ਸੀ।
ਓ ਸਿੱਖ ਪੂਰਾ ਹੋ ਗਿਆ, ਗੁਰ ਗੋਦ ਪ੍ਯਾਰਾ ਵੱਸਿਆ,
ਦਰਬਾਰ ਉੱਜਲ ਮੁੱਖੜਾ ਲੈ, ਜਾ ਸਰੂਪੇ ਵੱਸਿਆ*
ਸੋ ਇਸ ਤੋਂ ਪਤਾ ਲਗਾ ਕਿ ਇਸ ਢਾਬ ਦੇ ਮੈਦਾਨ ਜੰਗ ਵਿਚ ਜੋ ਸਿੱਖ ਮਾਰੇ ਪਏ ਸਨ, ਉਨ੍ਹਾਂ ਵਿਚੋਂ ਕੁਛ ਅਜੇ ਆਪਣੇ ਆਖਰੀ ਦਮਾਂ ਤੇ
–––––––––––––––––
* ਸ੍ਰੀ ਕਲਗੀਧਰ ਚਮਤਕਾਰ। (ਪੰਨਾ ੧੯੭-੨੦੦)
ਸਨ, ਜਿਨ੍ਹਾਂ ਵਿਚੋਂ ਮਹਾਂ ਸਿੰਘ ਪੂਰੀ ਹੋਸ਼ ਵਿਚ ਆਪਣਾ ਤੇ ਆਪਣੇ ਪੰਥਕ ਵੀਰਾਂ ਦਾ ਲੋਕ ਪ੍ਰਲੋਕ ਸੁਆਰ ਗਿਆ। ਇਉਂ ਬੀ ਜਾਪਦਾ ਹੈ ਕਿ ਦੋ ਚਾਰ ਸਰੀਰ ਬੇਸੁਧ ਸਨ, ਜਿਨ੍ਹਾਂ ਦੀ ਆਸ ਬਚ ਰਹਿਣੇ ਦੀ ਹੋ ਸਕਦੀ ਸੀ, ਉਨ੍ਹਾਂ ਨੂੰ ਦੁਕੋਹੀ ਚੁਕੋਹੀ ਪਿੰਡਾਂ ਵਿਚ ਬੈਰਾੜ ਲੈ ਗਏ ਸਨ ਜੋ ਦਾਰੂ ਦਾਰੀ ਦਾ ਹੀਲਾ ਹਵਾਲਾ ਹੋ ਜਾਏ। ਕਿਉਂਕਿ ਇਸ ਤੋਂ ਮਗਰੋਂ ਨੇੜੇ ਤੇੜੇ ਦੇ ਪਿੰਡਾਂ ਦਾ ਦੌਰਾ ਕਰਕੇ ਗੁਰੂ ਜੀ ਫੇਰ ਇਕ ਵੇਰ ਏਸੇ ਟਿਕਾਣੇ ਆਏ ਹਨ। ਉਹ ਦੌਰਾ ਕਰਨਾ ਦੱਸਦਾ ਹੈ ਕਿ ਉਨ੍ਹਾਂ ਘਾਇਲ ਸਿੱਖਾਂ ਦੀ ਸੰਭਾਲ ਤੇ ਦਾਰੀ ਲਈ ਗਏ ਹਨ ਤੇ ਮੁੜਕੇ ਅਸਥਾਨ ਤੇ ਸ਼ਹੀਦੀ ਦਾ ਨਿਸ਼ਾਨ ਕਾਇਮ ਕਰਨ ਆਏ ਸੇ ਕਿ ਸਦਾ ਲਈ ਯਾਦਗਾਰ ਰਹੇ।
ਦੂਜਾ ਕੰਮ ਜੋ ਕੋਮਲ ਪਿਆਰਾਂ ਦਾ ਇਸ ਵੇਲੇ ਦਿੱਸਿਆ ਉਹ ਇਹ ਸੀ ਕਿ ਜਿਸ ਪੱਕੇ ਦਿਲ ਵਾਲੇ ਨੇ ਚਮਕੌਰ ਯੁੱਧ ਵਿਚ ਆਪਣੇ ਜਿਗਰ ਦੇ ਲਾਲ ਅੱਖਾਂ ਦੇ ਸਾਹਮਣੇ ਟੁਕੜੇ ਹੁੰਦੇ ਦੇਖੇ ਤੇ 'ਸੀ' ਨਹੀਂ ਸੀ ਕੀਤੀ, ਅੱਜ ਆਪਣੇ ਬੇਮੁਖ ਹੋਕੇ ਸਨਮੁਖ ਹੋਏ ਪੁੱਤਾਂ ਨੂੰ ਦੇਖਕੇ ਦ੍ਰਵਦੇ ਰਹੇ। ਇਕ ਪ੍ਯਾਰੇ ਦੇ ਪਾਸ ਬਹਿ ਜਾਂਦੇ ਸਨ, ਸਿਰ ਚਾਕੇ ਗੋਦੀ ਵਿਚ ਲੈਂਦੇ ਸਨ, ਗਰਦ ਪੂੰਝਦੇ ਸਨ, ਫੇਰ ਵਰ ਦੇਂਦੇ ਸਨ। ਮੇਰਾ ਪੰਜ ਹਜ਼ਾਰੀ ਸੂਰਮਾ। ਕਿਸੇ ਨੂੰ ਆਖਦੇ ਸਨ; ਮੇਰਾ ਦਸਹਜ਼ਾਰੀ ਦੁਲਾ, ਕਿਸੇ ਨੂੰ ਮੇਰਾ ਲਖੀਅਰ ਬੇਟਾ ਆਦਿ ਵਾਕ ਉਚਾਰਦੇ, ਜੱਸ ਕਰਦੇ, ਅਸੀਸਾਂ ਦੇਂਦੇ ਲਗ ਪਗ ਸਾਰੇ ਮੈਦਾਨ ਵਿਚ ਫਿਰ ਨਿਕਲੇ ਸਨ। ਕਈਆਂ ਨੂੰ ਮਹਾਂ ਸਿੰਘ ਨੂੰ ਮਿਲਣ ਤੋਂ ਪਹਿਲੋਂ ਤੇ ਕਈਆਂ ਨੂੰ ਮਗਰੋਂ ਏਹ ਪ੍ਯਾਰ ਮਿਲੇ। ਸਭਨਾਂ ਨੂੰ ਸਦਗਤੀ ਦੀ ਅਸ਼ੀਰਵਾਦ ਦਾਨ ਹੋਈ।
ਇਸ ਵੇਲੇ ਇਕ ਸਿਖ ਨੇ ਆਕੇ ਆਖਿਆ:- "ਸਚੇ ਪਾਤਸ਼ਾਹ! ਇਕ ਝੰਗੀ ਲਾਗ ਇਕ ਮਾਈ ਦਾ ਸਰੀਰ ਹੈ, ਮਰੀ ਨਹੀਂ ਜਾਪਦੀ, ਤੁਰਕਾਂ ਨਾਲ ਲੜੀ ਹੈ ਤੇ ਘਾਇਲ ਪਈ ਜਾਪਦੀ ਹੈ। " ਸੁਣਕੇ ਗੁਰੂ ਜੀ ਮੁਸਕ੍ਰਾਏ ਤੇ ਉਧਰ ਗਏ। ਅਗੇ ਮਾਈ ਢੱਠੀ ਪਈ ਬੇਸੁਧ ਸੀ, ਪਾਸ ਉਹ ਤੁਰਕ ਦੇਹ ਬੀ ਪਈ ਸੀ, ਜਿਸਨੂੰ ਮਾਈ ਨੇ ਸਾਂਗ ਨਾਲ ਪਰੋ ਕੇ ਸੁੱਟਿਆ ਸੀ।
ਦੁਨੀਆਂ ਦੀ ਉਂਗਲ ਤੋਂ ਉਚਾ ਦਾਗ਼ ਦੇਖ ਤੋਂ ਖਾਲੀ,
ਤੇਰਾ ਤੰਬੂ ਨਿੱਕਾ ਜੇਹਾ, ਦੇਂਦਾ ਪਿਆ ਦਿਖਾਲੀ।
ਨਿੰਦਾ ਦੀ ਨਹੀਂ ਪਹੁੰਚ ਓਸ ਥਾਂ ਜਿਸ ਟਿੱਬੀ ਤੈਂ ਡੇਰਾ,
ਕੁਈ ਉਲ੍ਹਾਮਾ ਉੱਡ ਨ ਪਹੁੰਚੇ, ਉੱਚ ਟਿਕਾਣਾ ਤੇਰਾ।
ਤੂੰ ਲੰਮੀ ਉੱਚੀ ਤੇ ਭਰਵੀਂ ਸੂਰਤ ਰੰਗ ਜਲਾਲੀ,
ਤਰਸਾਂ ਵਾਲੀ ਪਰ ਭੈ ਨਾਂਹੀ, ਚੜ੍ਹੀ ਸੱਚ ਦੀ ਲਾਲੀ।
ਸੱਚ ਉਭਰੇਂਦਾ ਸੀਨੇ ਤੇਰੇ, ਚਿਹਰੇ ਸਿਦਕ ਚੜ੍ਹੇਂਦਾ,
ਤੋੜ ਨਿਭਾਵਨ ਵਾਲਾ ਖੇੜਾ ਲੂੰ ਲੂੰ ਵਿੱਚ ਵਸੇਂਦਾ।
ਸੱਜੇ ਖੱਬੇ ਤੱਕੇ ਨਾਂਹੀ ਪਿੱਛੇ ਮੁੜ ਨਾ ਦੇਖੇਂ,
ਅੱਗੇ ਤਾਂਘ ਅਗੇਰੇ ਰੱਖੇ ਅੱਗਾ ਅੱਗਾ ਵੇਖੇਂ।
'ਸੱਚ' 'ਸਿਦਕ' ਦੇ ਤਾਰੇ ਤੇਰੀ ਅੱਖੀਂ ਅਰਸ਼ੋਂ ਆਏ,
ਨਜ਼ਰ ਉਚੇਰੀ ਅਰਸ਼ਾਂ ਵੰਨੇ, ਪੱਕੀ ਗਏ ਟਿਕਾਏ।