ਓ ਗੁਰੂ-ਹਿਰਦਾ ਪ੍ਰੇਮ ਵਾਲਾ, ਦੇਖ ਸਿੱਖੀ ਪ੍ਯਾਰ ਨੂੰ,
ਓ ਦ੍ਰਵ ਗਿਆ ਹਦ ਲੰਘਕੇ, ਪਿਖ ਸਿੱਖ ਦੀ ਇਸ ਕਾਰ ਨੂੰ।
ਝਟ ਕੱਢ ਕਾਗਤ ਖੀਸਿਓਂ, ਦਿਖਲਾਇ ਪ੍ਯਾਰੇ ਸਿੱਖ ਨੂੰ।
ਓ ਪਾੜ ਦਿੱਤਾ ਉਸੀ ਵੇਲੇ, ਠੰਢ ਪਾਈ ਸਿੱਖ ਨੂੰ।
ਫਿਰ ਲਾਇ ਛਾਤੀ ਨਾਲ ਸਿਰ ਨੂੰ, ਗੁਰੂ ਉਸਨੂੰ ਆਖਦੇ-
"ਤੈਂ ਲਈ ਸਿੱਖੀ ਵਾਸਤੇ, ਕੁਛ ਮੰਗ ਅਪਣੇ ਵਾਸਤੇ।"
ਓ ਮੰਗਦਾ ਕੀ? ਆਪ ਸੀ ਓ ਗੁਰੂ ਦਾ ਤੇ ਗੁਰੂ ਨੂੰ
ਉਨ ਸੌਂਪ ਦਿੱਤਾ ਸੀਗ ਆਪਾ-ਗੁਰੂ ਆਸਾ ਪੁਰੂ ਨੂੰ।
ਓ ਆਖਦਾ "ਹੇ ਗੁਰੂ ਦੇਵੋ, ਦਾਨ ਮੈਨੂੰ ਅੰਤ ਨੂੰ,
"ਹਾਂ ਮੇਲ ਲੇਵੋ, ਮੇਲ ਲੇਵੋ, ਬਖਸ਼ ਲੇਵੋ ਪੰਥ ਨੂੰ।
ਗੁਰੂ ਜੀ-
"ਤੂੰ ਮੇਲ ਲੀਤੀ ਸਿਖ ਪ੍ਯਾਰੇ! ਵਿੱਥ ਰਹੀ ਨ ਹੈ ਰਤਾ,
"ਏ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਹੈ ਮਤਾ!
"ਤੂੰ ਜਾਉ ਸੌਖਾ, ਪਾਇ ਵਾਸਾ ਵਿੱਚ ਖਾਸ ਸਰੂਪ ਦੇ,
"ਸਚਖੰਡ ਵਾਸੀ ਹੋਹੁ ਪ੍ਯਾਰੇ ਦਰਸ ਕਰ ਪ੍ਰਭੂ ਰੂਪ ਦੇ।
"ਤੂੰ ਮੇਲ ਤੁੱਟਯਾਂ ਨੂੰ ਲਿਆ ਤੂੰ ਆਪ ਮਿਲਿਓਂ ਕੰਤ ਨੂੰ
"ਹਾਂ ਸਦਾ ਮਿਲਿਓ ਸਦਾ ਮਿਲਿਓ ਸਦਾ ਓਸ ਅਨੰਤ ਨੂੰ।”
ਫਿਰ "ਧੰਨ ਸਤਿਗੁਰ" ਸਿੱਖ ਆਖੇ ਮੀਟਿਆ ਮੁਖ ਗਿਆ ਸੀ।
ਓ ਨੈਣ ਮੀਟੇ ਗਏ ਸੇ, ਜੁਟ ਹੱਥ ਦਾ ਖੁੱਲ੍ਹ ਪਿਆ ਸੀ।
ਓ ਸਿੱਖ ਪੂਰਾ ਹੋ ਗਿਆ, ਗੁਰ ਗੋਦ ਪ੍ਯਾਰਾ ਵੱਸਿਆ,
ਦਰਬਾਰ ਉੱਜਲ ਮੁੱਖੜਾ ਲੈ, ਜਾ ਸਰੂਪੇ ਵੱਸਿਆ*
ਸੋ ਇਸ ਤੋਂ ਪਤਾ ਲਗਾ ਕਿ ਇਸ ਢਾਬ ਦੇ ਮੈਦਾਨ ਜੰਗ ਵਿਚ ਜੋ ਸਿੱਖ ਮਾਰੇ ਪਏ ਸਨ, ਉਨ੍ਹਾਂ ਵਿਚੋਂ ਕੁਛ ਅਜੇ ਆਪਣੇ ਆਖਰੀ ਦਮਾਂ ਤੇ
–––––––––––––––––
* ਸ੍ਰੀ ਕਲਗੀਧਰ ਚਮਤਕਾਰ। (ਪੰਨਾ ੧੯੭-੨੦੦)
ਸਨ, ਜਿਨ੍ਹਾਂ ਵਿਚੋਂ ਮਹਾਂ ਸਿੰਘ ਪੂਰੀ ਹੋਸ਼ ਵਿਚ ਆਪਣਾ ਤੇ ਆਪਣੇ ਪੰਥਕ ਵੀਰਾਂ ਦਾ ਲੋਕ ਪ੍ਰਲੋਕ ਸੁਆਰ ਗਿਆ। ਇਉਂ ਬੀ ਜਾਪਦਾ ਹੈ ਕਿ ਦੋ ਚਾਰ ਸਰੀਰ ਬੇਸੁਧ ਸਨ, ਜਿਨ੍ਹਾਂ ਦੀ ਆਸ ਬਚ ਰਹਿਣੇ ਦੀ ਹੋ ਸਕਦੀ ਸੀ, ਉਨ੍ਹਾਂ ਨੂੰ ਦੁਕੋਹੀ ਚੁਕੋਹੀ ਪਿੰਡਾਂ ਵਿਚ ਬੈਰਾੜ ਲੈ ਗਏ ਸਨ ਜੋ ਦਾਰੂ ਦਾਰੀ ਦਾ ਹੀਲਾ ਹਵਾਲਾ ਹੋ ਜਾਏ। ਕਿਉਂਕਿ ਇਸ ਤੋਂ ਮਗਰੋਂ ਨੇੜੇ ਤੇੜੇ ਦੇ ਪਿੰਡਾਂ ਦਾ ਦੌਰਾ ਕਰਕੇ ਗੁਰੂ ਜੀ ਫੇਰ ਇਕ ਵੇਰ ਏਸੇ ਟਿਕਾਣੇ ਆਏ ਹਨ। ਉਹ ਦੌਰਾ ਕਰਨਾ ਦੱਸਦਾ ਹੈ ਕਿ ਉਨ੍ਹਾਂ ਘਾਇਲ ਸਿੱਖਾਂ ਦੀ ਸੰਭਾਲ ਤੇ ਦਾਰੀ ਲਈ ਗਏ ਹਨ ਤੇ ਮੁੜਕੇ ਅਸਥਾਨ ਤੇ ਸ਼ਹੀਦੀ ਦਾ ਨਿਸ਼ਾਨ ਕਾਇਮ ਕਰਨ ਆਏ ਸੇ ਕਿ ਸਦਾ ਲਈ ਯਾਦਗਾਰ ਰਹੇ।
ਦੂਜਾ ਕੰਮ ਜੋ ਕੋਮਲ ਪਿਆਰਾਂ ਦਾ ਇਸ ਵੇਲੇ ਦਿੱਸਿਆ ਉਹ ਇਹ ਸੀ ਕਿ ਜਿਸ ਪੱਕੇ ਦਿਲ ਵਾਲੇ ਨੇ ਚਮਕੌਰ ਯੁੱਧ ਵਿਚ ਆਪਣੇ ਜਿਗਰ ਦੇ ਲਾਲ ਅੱਖਾਂ ਦੇ ਸਾਹਮਣੇ ਟੁਕੜੇ ਹੁੰਦੇ ਦੇਖੇ ਤੇ 'ਸੀ' ਨਹੀਂ ਸੀ ਕੀਤੀ, ਅੱਜ ਆਪਣੇ ਬੇਮੁਖ ਹੋਕੇ ਸਨਮੁਖ ਹੋਏ ਪੁੱਤਾਂ ਨੂੰ ਦੇਖਕੇ ਦ੍ਰਵਦੇ ਰਹੇ। ਇਕ ਪ੍ਯਾਰੇ ਦੇ ਪਾਸ ਬਹਿ ਜਾਂਦੇ ਸਨ, ਸਿਰ ਚਾਕੇ ਗੋਦੀ ਵਿਚ ਲੈਂਦੇ ਸਨ, ਗਰਦ ਪੂੰਝਦੇ ਸਨ, ਫੇਰ ਵਰ ਦੇਂਦੇ ਸਨ। ਮੇਰਾ ਪੰਜ ਹਜ਼ਾਰੀ ਸੂਰਮਾ। ਕਿਸੇ ਨੂੰ ਆਖਦੇ ਸਨ; ਮੇਰਾ ਦਸਹਜ਼ਾਰੀ ਦੁਲਾ, ਕਿਸੇ ਨੂੰ ਮੇਰਾ ਲਖੀਅਰ ਬੇਟਾ ਆਦਿ ਵਾਕ ਉਚਾਰਦੇ, ਜੱਸ ਕਰਦੇ, ਅਸੀਸਾਂ ਦੇਂਦੇ ਲਗ ਪਗ ਸਾਰੇ ਮੈਦਾਨ ਵਿਚ ਫਿਰ ਨਿਕਲੇ ਸਨ। ਕਈਆਂ ਨੂੰ ਮਹਾਂ ਸਿੰਘ ਨੂੰ ਮਿਲਣ ਤੋਂ ਪਹਿਲੋਂ ਤੇ ਕਈਆਂ ਨੂੰ ਮਗਰੋਂ ਏਹ ਪ੍ਯਾਰ ਮਿਲੇ। ਸਭਨਾਂ ਨੂੰ ਸਦਗਤੀ ਦੀ ਅਸ਼ੀਰਵਾਦ ਦਾਨ ਹੋਈ।
ਇਸ ਵੇਲੇ ਇਕ ਸਿਖ ਨੇ ਆਕੇ ਆਖਿਆ:- "ਸਚੇ ਪਾਤਸ਼ਾਹ! ਇਕ ਝੰਗੀ ਲਾਗ ਇਕ ਮਾਈ ਦਾ ਸਰੀਰ ਹੈ, ਮਰੀ ਨਹੀਂ ਜਾਪਦੀ, ਤੁਰਕਾਂ ਨਾਲ ਲੜੀ ਹੈ ਤੇ ਘਾਇਲ ਪਈ ਜਾਪਦੀ ਹੈ। " ਸੁਣਕੇ ਗੁਰੂ ਜੀ ਮੁਸਕ੍ਰਾਏ ਤੇ ਉਧਰ ਗਏ। ਅਗੇ ਮਾਈ ਢੱਠੀ ਪਈ ਬੇਸੁਧ ਸੀ, ਪਾਸ ਉਹ ਤੁਰਕ ਦੇਹ ਬੀ ਪਈ ਸੀ, ਜਿਸਨੂੰ ਮਾਈ ਨੇ ਸਾਂਗ ਨਾਲ ਪਰੋ ਕੇ ਸੁੱਟਿਆ ਸੀ।
ਦੁਨੀਆਂ ਦੀ ਉਂਗਲ ਤੋਂ ਉਚਾ ਦਾਗ਼ ਦੇਖ ਤੋਂ ਖਾਲੀ,
ਤੇਰਾ ਤੰਬੂ ਨਿੱਕਾ ਜੇਹਾ, ਦੇਂਦਾ ਪਿਆ ਦਿਖਾਲੀ।
ਨਿੰਦਾ ਦੀ ਨਹੀਂ ਪਹੁੰਚ ਓਸ ਥਾਂ ਜਿਸ ਟਿੱਬੀ ਤੈਂ ਡੇਰਾ,
ਕੁਈ ਉਲ੍ਹਾਮਾ ਉੱਡ ਨ ਪਹੁੰਚੇ, ਉੱਚ ਟਿਕਾਣਾ ਤੇਰਾ।
ਤੂੰ ਲੰਮੀ ਉੱਚੀ ਤੇ ਭਰਵੀਂ ਸੂਰਤ ਰੰਗ ਜਲਾਲੀ,
ਤਰਸਾਂ ਵਾਲੀ ਪਰ ਭੈ ਨਾਂਹੀ, ਚੜ੍ਹੀ ਸੱਚ ਦੀ ਲਾਲੀ।
ਸੱਚ ਉਭਰੇਂਦਾ ਸੀਨੇ ਤੇਰੇ, ਚਿਹਰੇ ਸਿਦਕ ਚੜ੍ਹੇਂਦਾ,
ਤੋੜ ਨਿਭਾਵਨ ਵਾਲਾ ਖੇੜਾ ਲੂੰ ਲੂੰ ਵਿੱਚ ਵਸੇਂਦਾ।
ਸੱਜੇ ਖੱਬੇ ਤੱਕੇ ਨਾਂਹੀ ਪਿੱਛੇ ਮੁੜ ਨਾ ਦੇਖੇਂ,
ਅੱਗੇ ਤਾਂਘ ਅਗੇਰੇ ਰੱਖੇ ਅੱਗਾ ਅੱਗਾ ਵੇਖੇਂ।
'ਸੱਚ' 'ਸਿਦਕ' ਦੇ ਤਾਰੇ ਤੇਰੀ ਅੱਖੀਂ ਅਰਸ਼ੋਂ ਆਏ,
ਨਜ਼ਰ ਉਚੇਰੀ ਅਰਸ਼ਾਂ ਵੰਨੇ, ਪੱਕੀ ਗਏ ਟਿਕਾਏ।
ਟਕ ਬੰਨੀਂ ਦੋਹਾਂ ਤੇ ਤੂੰ ਹੈਂ, ਵਧਦੀ ਵਧਦੀ ਜਾਏਂ,
ਇੱਕੋ ਸਾਂਗ ਹੱਥ ਦੀ ਤੇਰੀ ਦੁਨੀਆਂ ਰਾਹ ਦਿਖਾਏ।
ਭਾਗੋ! ਤੂੰ ਭਾਗਾਂ ਹੈਂ ਵਾਲੀ, ਬਡੈ ਭਾਗ ਹਨ ਤੇਰੇ,
ਭਾਗ ਗਏ ਤੈਂ ਪਾਸੋਂ ਪਾਪੀ ਪੰਜ ਦੂਤ ਚਕ ਡੇਰੇ।
ਨਿਤਰੀ ਨੂੰ, ਨਿੱਤਰ ਵਿਚ ਬਲਦੇ ਸੱਚੀ ਸਾਂਗ ਘੁਕਾਈ,
ਡੁੱਬੇ ਤਰੇ, ਨਿੱਤਰੇ ਵੀਰਨ ਤਿੱਖੀ ਤੇਗ ਚਲਾਈ।
ਤੇਰੇ ਸਿਦਕ ਸਿਤਾਰੇ ਬੀਰਾ! ਕਿੰਨੇ ਰਾਹ ਲਗਾਏ,
ਸੱਚੇ ਯਗ, ਸਿਦਕਾਂ ਯਗਵੇਦੀ, ਹਸ ਹਸ ਹੋਮ ਕਰਾਏ।
ਤੂੰ ਚਾਨਣ, ਸਾਗਰਿ ਘਰ ਚਾਨਣ, ਬੜਿਆਂ ਰਾਹ ਦਿਖਾਏਂ,
ਤੈਂ ਵਲ ਤੱਕ ਬਚੇ ਕਈ ਬੋਹਿਥ, ਰਸਤੇ ਜਿਨ੍ਹਾਂ ਖੁੰਝਾਏ।
ਤੂੰ ਮੀਨਾਰ, ‘ਮੁਨਾਰਾ ਚਾਨਣ, ਤੂੰ ਪਾਂਧੀਆਂ ਦਾ ਤਾਰਾ,
ਅੱਚੁਤ ਸਦਾ ਨਿਰੋਲ ਲਿਸ਼ਕਦਾ ਤੇਰਾ ਹੈ ਚਮਕਾਰਾ।
ਪ੍ਰੀਤ 'ਕਲਗੀਆਂ ਵਾਲੇ' ਵਾਲੀ ਪੰਥ ਸੇਵ ਦੀ ਕਰਨੀ,
ਉਸ ਵਿਚ ਸੇਵਾ ਭਾਗੋ! ਤੇਰੀ ਸਦਾ ਸਾਖ ਹੈ ਭਰਨੀ।
ਪੀੜ੍ਹੀਆਂ ਅੰਦਰ ਭਾਗ! ਤੂੰ ਤਾਂ ਭਾਗ ਸਦਾ ਹਨ ਲਾਣੇ,
ਸਿੰਘਣੀਆਂ ਵਿਚ ਭਾਗੋ! ਤੂੰ ਹਨ ਰਸਤੇ ਸਦਾ ਦਿਖਾਣੇ।
ਜਿਸਨੇ ਭਾਰ ਭਾਗੀ ਕੀਤੀ, ਸੱਚ ਸਿਦਕ ਦੇ ਤਾਰੀ,
ਉਸ ਪ੍ਰੀਤਮ ਦੀ ਸਰਨ ਪਕੜਕੇ, ਤਰੀਓਂ ਭਵਜਲ ਤਾਰੀ।
ਭਾਗੋ ਵਰਗੀਆਂ 'ਜੀਵ ਮੂਰਤਾਂ ਜਿਸ ਨੱਕਾਸ਼ ਬਣਾਈਆਂ,
ਉਸ ਦੀ ਕਲਮ ਹੇਠ ਆ ਜਾਓ, ਸ਼ੋਭਾ ਵਧਣ ਸਵਾਈਆਂ*
ਹੁਣ ਇਕੋ ਕੰਮ ਬਾਕੀ ਸੀ, ਸੋ ਬੀ ਆਪਣੇ ਹੁਕਮ ਨਾਲ ਆਪਣੇ ਸਾਹਮਣੇ ਕਰਵਾਯਾ। ਲੱਕੜ ਕਾਠ ਜਮਾਂ ਕਰਵਾਕੇ ਸਾਰਿਆਂ ਨੂੰ ਅਗਨੀ ਦੇਵਤਾ ਦੀ ਗੋਦ ਵਿਚ ਬਿਨਾ ਦਿੱਤਾ ਜੋ ਉਨ੍ਹਾਂ ਦੇ ਭੌਤਕ ਸਰੀਰਾਂ ਨੂੰ ਇਸ
–––––––––––––
* ਸ੍ਰੀ ਕਲਗੀਧਰ ਚਮਤਕਾਰ। (ਪੰਨਾ ੨੦੦-੨੦੧)
ਲੋਕ ਤੋਂ ਲੋਪ ਕਰ ਲਏ ਤੇ ਕੋਈ ਉਨ੍ਹਾਂ ਬਲੀਦਾਨ ਹੋਏ ਸਰੀਰਾਂ ਦੀ ਬੇਅਦਬੀ ਨਾਂ ਕਰ ਸਕੇ। ਫਿਰ ਆਯਾ ਕੀਤੀ ਕਿ ਹੁਣ ਇਸ ਥਾਂ ਨੂੰ ਖਿਦਰਾਣੇ ਦੀ ਢਾਬ ਨਾਂ ਕੋਈ ਆਖੇ ਹੁਣ ਇਹ ਮੁਕਤਸਰ ਹੈ* ਜਿਥੇ ਕਿ ਇਹ ਆਪੇ ਨੂੰ ਪ੍ਯਾਰ ਨਾ ਕਰਨ ਵਾਲੇ, ਆਪਾ ਜਿੱਤ ਲੈਣ ਵਾਲੇ, ਆਪੇ ਨੂੰ ਸ਼ੁੱਧ ਕਰ ਲੈਣ ਵਾਲੇ ਸੂਰਮੇ ਮੁਕਤੀ ਨੂੰ ਪ੍ਰਾਪਤ ਹੋਏ ਸਨ।
੪.
ਖਾਨਾ- ਪਾਤਸ਼ਾਹ, ਸੁਹਣੇ ਸੁਹਣੇ ਦੂਲਿਆਂ ਦੇ ਪਾਤਸ਼ਾਹ, ਪਿਤਾ! ਮੂਰਖ ਮੁਰੱਖੇ ਦੀ ਇਕ ਅਰਜ਼ੋਈ ਹੈ । ਤੂੰ ਭਾਣੇ ਦਾ ਸਾਈਂ ਏ, ਭਾਣਾ ਤੇਰਾ ਗਾਖੜਾ ਏ, ਤੇਰੀਆਂ ਤੁਹੋਂ ਜਾਣਦਾ ਏਂ, ਕੀਕੂੰ ਬੇਮੁਖ ਹੋ ਗਏ, ਕੀਕੂੰ ਫੇਰ ਆਪਣੇ ਕਰ ਲਇਓਈ, ਦਿਲਾਂ ਦੀਆਂ ਵਾਗਾਂ ਕਿਵੇਂ ਮੋੜ ਲਈਓਈ ਤੇ ਕਿਵੇਂ ਸਦਕੇ ਹੋ ਹੋ ਸਿਰਾਂ ਦੀ ਖਿੱਦੋ ਪੱਟੀ ਖੇਡ ਗਏ ਨੇ ਤੇਰੇ ਪਰੇ ਕੀਤੇ ਫੇਰ ਉਰੇ ਕੀਤੇ ਆਪਣੇ। ਤੂੰਹੋਂ ਜਾਣੇਂ ਹੁਣ ਕਿਵੇਂ ਕਰਨਾ ਈ ਤੂੰਹੋਂ ਜਾਣੇਂ। ਚਾਕਰ ਦੀ, ਇਕ ਦਰ ਦੇ ਚਾਕਰਾਂ ਵਾਲੀ ਸੋਚ ਏ, (ਹੱਥ ਜੋੜ ਲਏ)
–––––––––––––––––
* ਇਹ ਅੰਗੀਠਾ ਠੰਢਾ ਹੋਕੇ ਓਥੇ ਹੀ ਰਿਹਾ, ਕੁਛ ਦਿਨਾਂ ਮਗਰੋਂ ਸਤਿਗੁਰ ਜੀ ਫੇਰ ਆਏ ਤੇ ਨਿਸ਼ਾਨ ਕਾਯਮ ਕੀਤੇ। ਪਿਛੋਂ ਜਦੋਂ ਸਮੇਂ ਬੀਤੇ ਤੇ ਖਾਲਸੇ ਦੇ ਦਲਾਂ ਨੇ ਥਾਂ ਢੂੰਡਿਆ ਤਾਂ ਭਾਈ ਲੰਗਰ ਸਿੰਘ ਨੇ, ਜੋ ਤਦੋਂ ਸਤਿਗੁਰੂ ਜੀ ਦੇ ਨਾਲ ਸਨ ਤੇ ਫੇਰ ਹਰੀਕੇ ਪਿੰਡ ਰਹੇ ਸਨ, ਨਿਸ਼ਾਨ ਪਤਾ ਦੱਸਿਆ ਤੇ ਖਾਲਸੇ ਨੇ ਪੱਕਾ ਸ਼ਹੀਦਗੰਜ ਬਣਾਇਆ ਤੇ ਮਾਘੀ ਦਾ ਮੇਲਾ ਯਾਦਗਾਰ ਬਣਾਇਆ। ਇਹ ਜੰਗ ਵਿਸਾਖ ਦਾ ਹੈ, ਪਰ ਮਾਘੀ ਠੰਢੀ ਰੁਤ ਕਰਕੇ ਥਾਪੀ ਸੀ ਜੋ ਵੈਸਾਖ ਵਿਚ ਏਥੇ ਗਰਮੀ ਬਹੁਤ ਹੁੰਦੀ ਹੈ। ਖਿਦਰਾਣੇ ਦੀ ਢਾਬ ਵਿਚ ਇਰਦ ਗਿਰਦ ਦਾ ਪਾਣੀ ਚਲਕੇ ਜਮਾਂ ਹੁੰਦਾ ਸੀ ਤੇ ਸਾਲ ਭਰ ਰਹਿੰਦਾ ਤੇ ਫੇਰ ਬਰਖਾ ਆ ਜਾਂਦੀ ਸੀ। ਹੁਣ ਓਸੇ ਦਾ ਸਰੋਵਰ ਬਣ ਗਿਆ ਹੈ। ਇਸ ਸਾਲ ਇਹ 1 ਢਾਬ ਛੇਤੀ ਸੁੱਕ ਗਈ ਸੀ। ਤਦ ਤੋਂ ਹੁਣ ਤਾਈਂ ਨਾਉਂ ਮੁਕਤਸਰ ਹੈ, ਜਿਲਾ ਫੀਰੋਜ਼ਪੁਰ ਹੈ, ਰੇਲ ਦਾ ਸਟੇਸ਼ਨ ਹੈ, ਪੱਕਾ ਸਰ ਬੀ ਹੈ, ਨਗਰੀ ਬੀ ਵੱਸ ਪਈ ਹੈ, ਗੁਰਦ੍ਵਾਰਾ ਹੈ। ਇਥੇ ਜੇ ਯਾਦਗਾਰੀ ਸਥਾਨ ਹਨ ਏਹ ਹਨ:- ੧. ਸ਼ਹੀਦ ਗੰਜ, ਜਿਥੇ ਸ਼ਹੀਦਾਂ ਦਾ ਸਸਕਾਰ ਹੋਯਾ। ੨. ਟਿੱਬੀ ਸਾਹਿਬ ਜਿਥੋਂ ਆਪ ਤੀਰ ਚਲਾਉਂਦੇ ਰਹੇ। ੩. ਤੰਬੂ ਸਾਹਿਬ, ਜਿਥੇ ਸਿੰਘਾਂ ਨੇ ਡੇਰਾ ਪਾ ਕੇ ਲੜਾਈ ਕੀਤੀ। ੪. ਵਡਾ ਦਰਬਾਰ-ਜਿਥੇ ਸਤਿਗੁਰ ਫਿਰ ਆ ਵਿਰਾਜੇ।