ਗੁਰੂ ਜੀ- ਮੁਰੱਖਿਆ! ਦੱਸ ਬਈ ਤੂੰ ਬੀ ਓਪਰਾ ਨਹੀਂ, ਆਪਣਾ ਹੈਂ, ਘਾਲ ਘਾਲੀ ਆ ਅਕਲਾਂ ਵਾਲੀ, ਥਹੁ ਪਤੇ ਖਬਰਾਂ ਦੇ ਦੇਕੇ ਸੇਵਾ ਕਰ ਲਈ ਆ। ਪਰਜਾ ਦੇ ਛੁਟਕਾਰੇ ਦੇ ਮਹਾਂ ਯੱਗ ਵਿਚ ਤੇਰੀ ਵਲੋਂ ਬੀ ਆਹੂਤੀਆਂ ਪੈ ਗਈਆਂ ਹਨ, ਹੁਣ ਦੱਸ ਤੇਰਾ ਵੀਚਾਰ ਕੀਹ ਏ?
ਖਾਨਾ- ਹਜੂਰ, ਜਿਥੇ ਬੈਠੇ ਹੋ ਟਿੱਬੀ ਏ ਉੱਚੀ, ਖਿਦਰਾਣੇ ਵਿਚ ਤਾਂ ਸੁੱਕ ਈ ਸੁੱਕ ਪਈ ਪਿਆਰਿਆਂ ਦੀਆਂ ਆਸਾਂ ਉਮੈਦਾਂ ਨੂੰ ਡੋਬਣ ਦੇ ਤਰਲੇ ਲੈ ਰਹੀਏ। ਸਿੰਘਾਂ ਦਾ ਕੱਠਾ ਕੀਤਾ ਨਾਲ ਆਂਦਾ ਪਾਣੀ ਮੁੱਕ ਟਰਿਆ ਏ। ਭਾਵੇਂ ਆਪ ਨਾਲ ਹੁਣ ਬਹੁਤੇ ਸੂਰਮੇ ਨਹੀਂ ਪਰ ਆਖਰ ਪਾਣੀ ਪਾਣੀ ਏਂ ਤੇ ਪਾਣੀ ਦੀ ਲੋੜ ਡਾਢੀ ਏ। ਸਿੰਘ ਆਸਾ ਦੀ ਵਾਰ ਵਿਚ ਪੜ੍ਹਦੇ ਮੈਂ ਸੁਣੇ ਹਨ "ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ”। ਸੋ ਪਾਣੀ ਵਾਲੇ ਥਾਂ ਹੁਣ ਚੱਲੋ, ਥੋੜੀ ਕੁ ਵਾਟ ਤੇ ਇਕ ਪਾਸੇ ਨਿੱਕੀ ਜਿਹੀ ਢਾਬ ਹੈ ਤੇ ਉਹ ਸਰਵੀ ਹੈ। ਜੇ ਆਪਣੇ ਨਿੱਕੇ ਜਿਹੇ ਦਲ ਨੂੰ ਓਥੇ ਲੈ ਚੱਲੋ ਤਾਂ ਪਾਣੀ ਦਾ ਤੋਟਾ ਨਾਂ ਪਵੇਗਾ।
ਗੁਰੂ ਜੀ- ਪਾਣੀ ਕਾਫ਼ੀ ਹੋਸੀ ?.... ਕੋਈ ਨੇੜੇ ਤੇੜੇ ਦਾ ਤੌਖਲਾ..... ।
ਖਾਨਾ- ਪਾਣੀ ਥੋੜਾ ਹੈ ਪਰ ਆਪ ਜੀ ਦੇ ਸੰਗ ਲਈ ਕਾਫ਼ੀ ਹੈ ਤੇ ਨਿਰਮਲ ਵੀ। ਤੌਖਲਾ ਕੋਈ ਨਹੀਂ, ਉਜਾੜ ਪਈ ਹੈ। ਦੂਰ ਕੁਛ ਥੇਹ ਹੈ। ਪੁਰਾਣਾ, ਕਦੇ ਵਸੋਂ ਹੁੰਦੀ ਸੀ ਘੁੱਘ। ਹਾਂ, ਇਕ ਜੋਗੀ ਦਾ ਟਿਕਾਣਾ ਹੈ ਇਸ ਜਲ ਦੇ ਕਿਨਾਰੇ। ਉਸ ਦਾ ਸੰਗ ਸਾਧ ਚੇਲੇ ਬਾਲੇ ਹੈਨ ਯਾ ਆਏ ਗਏ।
ਗੁਰੂ ਜੀ ਨੇ ‘ਕਦੇ ਵਸੋਂ ਸੀ' ਸੁਣ ਕੇ ਨੈਣ ਮੁੰਦ ਲਏ ਤੇ ਫੇਰ ਬੋਲੇ -ਹਾਂ ਪੁਰਾਣਾ ਟਿਕਾਣਾ ਹੈ, ਚੱਲ ਬਈ ਖਾਨਾ!
ਇਉਂ ਕਹਿ ਟਿੱਬੀ ਤੋਂ ਕੂਚ ਕੀਤਾ ਤੇ ਉਸ ਸਰ ਦੇ ਕਿਨਾਰੇ ਜਾ ਡੇਰਾ ਲਾਇਆ। ਖਾਨਾਂ ਹੁਣ ਵਿਦਾ ਹੋ ਗਿਆ ਜੋ ਕਪੂਰੇ ਨੂੰ ਜਾ ਮਿਲੇ ਤੇ ਗੁਰੂ ਜੀ ਦਾ ਸਾਰਾ ਹਾਲ ਦੱਸ ਦੇਵੇ ਕਿ ਓਹ ਸਲਾਮਤੀ ਦੇ ਟਿਕਾਣੇ ਬੈਠੇ ਹਨ। ਤੇ ਜੇ ਲੋੜ ਪਵੇ ਤਾਂ ਕਪੂਰਾ ਕੋਈ ਹੋਰ ਸੁਨੇਹਾ ਗੁਰੂ ਜੀ ਨੂੰ ਘੱਲਣਾ ਚਾਹੇ
੫. ਜੋਗ।
ਸਰ ਯਾਂ ਢਾਬ ਦੇ ਦੂਜੇ ਪਾਸੇ ਇਕ ਜੋਗੀ ਦਾ ਆਸ਼੍ਰਮ ਸੀ। ਇਸ ਦੇ ਆਸ਼੍ਰਮ ਵਿਚ ਖਬਰ ਹੋਈ ਕਿ ਪਾਰਲੇ ਕੰਢੇ ਕੋਈ ਵੱਡੇ ਲੋਕ ਜੀ ਆ ਉਤਰੇ ਹਨ। ਤਦ ਉਸ ਸਾਧ ਜੋਗੀ ਨੇ ਸੇਵਕਾਂ ਨੂੰ ਪੁੱਛਿਆ ਕਿ ਕਉਣ ਹੈ ਬਈ ਜੋ ਪਾਰ ਆ ਉਤਰਿਆ ਹੈ? ਸੇਵਕਾਂ ਨੇ ਵਿਚਰ ਰਹੇ ਕੁਛ ਸਿਖਾਂ ਤੋਂ ਪੁੱਛ ਪੁਛਾ ਕੇ ਦੱਸਿਆ ਕਿ ਗੁਰੂ ਹੈ ਗੋਬਿੰਦ ਸਿੰਘ- ਗੁਰੂ ਨਾਨਕ ਦਾ ਗਦੀ ਨਸ਼ੀਨ। ਨਾਲੇ ਤਾਂ ਗੁਰੂ ਹੈ ਨਾਲੇ ਜੋਧਾ ਹੈ । ਕਈ ਵੇਰ ਤੁਰਕਾਂ ਨੂੰ ਵਖਤ ਪਾ ਚੁਕਾ ਹੈ। ਜੋ ਹੀਆ ਕਿਸੇ ਦਾ ਨਹੀਂ ਸੀ ਪੈਂਦਾ ਕਿ ਮੁਗਲ ਨਾਲ ਕੋਈ ਟੱਕਰ ਲਏ। ਇਸ ਜੋਧੇ ਨੇ ਮੁਗਲ ਰਾਜ ਦੇ ਇਸ ਮਧ੍ਯਾਨ ਕਾਲ ਦੇ ਤਪ ਤੇਜ ਵਿਚ ਵੱਟਾ ਮਾਰ ਕੇ ਦਿਖਾ ਦਿੱਤਾ ਹੈ ਕਿ ਮੁਗਲ ਅਜਿੱਤ ਨਹੀਂ ਹੈ। ਖਬਰੇ ਜ਼ੁਲਮ ਰਾਜ ਦਾ ਸੂਰਜ ਅਸਤ ਹੀ ਕਰ ਦੇਵੇ।
ਸਾਧੂ ਨੇ ਕਿਹਾ ਆਰਬਲਾ ਕਿਤਨੀ ਕੁ ਹੋਊ? ਚੇਲੇ ਨੇ ਕਿਹਾ ਕੋਈ ਤ੍ਰੀਹ ਚਾਲੀ ਹੋਸੀ। ਚਾਲੀ ਤੋਂ ਹੇਠਾਂ ਹੋਸੀ:-
ਸੁਨਤਿ ਸਾਧ ਤਰਕਤਿ ਕਹਿ ਬੈਠਾ:
ਤਿਸ ਗੁਰ ਤੇ ਹਮ ਨੇ ਕਯਾ ਲੈਨਾ।
ਸਾਧੀ ਸਾਧਨਾ ਹੋਇ ਨ ਕੋਈ।
ਸ਼ਾਂਤਿ ਸਮੇਤ ਨਹੀਂ ਚਿਤ ਹੋਈ॥੩੭॥
(ਸੂ.ਪ੍ਰ.ਐਨ੧,ਅੰਸੂ ੧੩)
ਇਹ ਕਹਿਕੇ ਸਾਧ ਨੇ ਦਰਸ਼ਨ ਲਈ ਜਾਣ ਦੀ ਸਲਾਹ ਛਡ ਦਿੱਤੀ। ਸੋ ਆਪ ਤਾਂ ਨਾ ਆਇਆ, ਪਰ ਚੇਲੇ ਆਉਣ ਜਾਣ ਲੱਗ ਪਏ।
ਗੁਰੂ ਜੀ ਸੁਣ ਕੇ ਮੁਸਕ੍ਰਾਏ ਤੇ ਕਹਿਣ ਲੱਗੇ: ਮਾਯਾ ਪ੍ਰਬਲ ਹੈ, ਗ੍ਰਿਹਸਤੀ, ਦੁਨੀਆਂਦਾਰ, ਰਾਉ, ਰੰਕ ਸਭ ਨੂੰ ਘੇਰੇ ਬੈਠੀ ਹੈ, ਪਰ ਦੇਖੋ ਤਯਾਗੀਆਂ ਤੇ ਜੋਗੀਆਂ ਨੂੰ ਬੀ ਆ ਵਰਦੀ ਹੈ। ਜੇ ਭਲਾ ਹਠ ਜੱਗ ਦੀਆਂ ਕਸਰਤਾਂ ਕਰਕੇ ਸਰੀਰ ਨਿਰੋਗ ਕਿ ਵਡੀ ਉਮਰਾ ਵਾਲਾ ਕਰ ਲਿਆ ਤਾਂ ਕਾਹਦਾ ਮਾਣਾਂ, ਕਿਸੇ ਇਕੋ ਚੋਲਾ ਦੇਰ ਪਾ ਬਣਾਕੇ ਪੁਰਾਣਾ ਪਾਈ ਰਖਿਆ, ਕਿਸੇ ਨਵੇਂ ਨਵੇਂ ਛੇਤੀ ਛੇਤੀ ਬਦਲ ਲਏ। ਜੇ ਤਾਂ ਸਾਈਂ ਦਿੱਤੇ ਕਿਸੇ ਨੇ ਪਾਏ ਤੇ ਸਾਈਂ ਦਾ ਕੰਮ ਕਰਨ ਏਥੇ ਆ ਗਿਆ ਤਾਂ ਨਵੇਂ ਚੰਗੇ ਤੇ ਜੇ ਕਰਮਾਂ ਦਾ ਬੱਧਾ ਆਇਆ ਤੇ ਕਰਮਾਂ ਅਨੁਸਾਰ ਕਪੜਾ ਗਲ ਪਾ ਆਇਆ* ਤਾਂ ਜੇਹਾ ਨਵਾਂ ਜੇਹਾ ਪੁਰਾਹਣਾ, ਗਲੋਂ ਤਾਂ ਨਾਂ ਲੱਥਾ ਕਪੜਾ ਜੋ ਕਰਮਾਂ ਦਾ ਜ਼ੰਜ਼ੀਰ ਹੋਇਆ ਮਾਨੋ। ਹਾਂ, ਜੇ ਕੋਈ ਇਕੇ ਚੋਲੇ ਨੂੰ ਵਧੇਰਾ ਚਿਰ ਹੰਢਣ ਵਾਲਾ ਬਣਾਵੇ ਤ ਕਾਰ ਬੀ ਉਹ ਕਰੇ ਜਿਸ ਨਾਲ ਕਰਮ ਵੱਸ ਹੋ ਕੇ ਮੁੜ ਨਾ ਪਾਉਣਾ ਪਵੇ ਤਾਂ ਤਾਂ ਗਲ ਚੰਗੀ ਹੋ ਗਈ। ਜੇ ਉਹ ਕਾਰ ਨਾਂ ਹੋਵੇ ਤਾਂ ਨਿਰਾ ਪੁਰਾਣੇ ਚੋਲੇ ਦਾ ਮਾਣਾ ਮਾਇਆ ਦਾ ਆਵਰਣ ਹੀ ਹੈ ਨਾਂ, ਹੰਕਾਰ ਦੀ ਹੀ ਸੂਰਤ ਹੈ ਨਾਂ। ਹਉਮੈਂ ਹੀ ਹੈ ਨਾਂ ਦੇਹ ਦਾ ਹੇਤੂ। ਜੇਹੀ ਹਉਮੈ ਰਾਜ ਭਾਗ ਦੀ ਜੇਹੀ ਕੰਗਾਲਤਾਈ ਦੀ, ਜੇਹੀ ਵਡੀ ਉਮਰਾ ਦੀ, ਜੇਹੀ ਰਿਧੀ ਸਿਧੀ ਪ੍ਰਾਪਤੀ ਦੀ।.... ਨਾਨਕਾ ਸਭ ਵਾਉਂ।
(ਸਿਰੀ ਰਾਗ ਮਹਲਾ ੧)
ਇਸ ਵੇਲੇ ਇਕ ਸਿਖ ਨੇ ਪੁੱਛਿਆ: ਪਾਤਸ਼ਾਹ ਕਿੰਨੀ ਕੁ ਉਮਰਾ ਹੋਸੀ ਸਾਧੂ ਦੀ? ਗੁਰੂ ਜੀ ਨੇ ਜਿੰਨੀ ਉਸ ਦੀ ਉਮਰਾ ਸੀ ਦੱਸ ਦਿਤੀ। ਚੇਲਿਆਂ ਨੇ ਸਾਰੀ ਗਲ ਬਾਤ ਜੋਗੀ ਨੂੰ ਆ ਦੱਸੀ।
–––––––––––––––
* ਕਰਮੀ ਆਵੈ ਕਪੜਾ
ਯੋਗੀ ਸੁਣ ਕੇ ਕੁਝ ਹਰਾਨਿਆਂ, ਬਉਰਾਨਿਆਂ ਤੇ ਫੇਰ ਨੈਣ ਮੁੰਦ ਕੇ ਸੋਚੀਂ ਪੈ ਗਿਆ। ਫੇਰ ਅੱਖਾਂ ਖੋਹਲਕੇ ਕਹਿਣ ਲਗਾ:- ਦਰਸ਼ਨ ਕਰਨਾਂ ਹੀ ਬਣਦਾ ਹੈ। ਇਕ ਚੇਲੇ ਨੇ ਪੁੱਛਿਆ:- ਆਪ ਦੀ ਸਲਾਹ ਕਿਵੇਂ ਬਦਲ ਗਈ ਏ? ਜੋਗੀ ਬੋਲਿਆ:- ਉਹਨਾਂ ਦਾ ਮੇਰੀ ਉਮਰਾ ਦਾ ਅੰਦਾਜਾ ਠੀਕ ਠੀਕ ਦੱਸ ਦੇਣਾ ਇਹ ਧ੍ਯਾਨ ਸਿੱਧ ਯੋਗੀ' ਦਾ ਲੱਛਣ ਹੈ। ਹੋਰ ਕੌਣ ਭੂਤ* ਵਿਚ ਇਤਨੀ ਗੰਮਤਾ ਰਖ ਸਕਦਾ ਹੈ। ਉਨ੍ਹਾਂ ਦਾ ਇਹ ਪਛਾਣ ਲੈਣਾ ਕਿ ਮੈਂ ਹਠ ਯੋਗੀ ਤਾਂ ਹਾਂ ਤੇ ਹਠ ਯੋਗ ਨੂੰ ਮਾੜਾ ਨਾਂ ਕਹਿਣਾ ਪਰ ਠੀਕ ਮੁੱਲ ਪਾ ਦੇਣਾ ਤੇ ਪਛਾਣ ਲੈਣਾ ਕਿ ਮੈਂ ਕਲ੍ਯਾਨ ਮਾਰਗ ਤੇ ਨਹੀਂ ਟੁਰਿਆ, ਕੇਵਲ ਹਠ ਯੋਗ ਦੇ ਸਾਧਨਾਂ ਤੇ ਸਰੀਰਕ ਪ੍ਰਾਪਤੀ ਦਾ ਮਾਨ ਧਾਰੀ ਹਾਂ; ਇਹ ਲੱਛਣ ਬ੍ਰਹਮ ਯਾਨੀ ਦਾ ਹੈ। ਫਿਰ ਇਸ ਉਮਰੇ ਇਹ ਪ੍ਰਾਪਤੀ ਹੋਣੀ ਤੇ ਮੁਗਲ ਰਾਜ, ਜਿਸ ਵੱਲ ਕੈਰੀ ਅੱਖ ਕੋਈ ਨਹੀਂ ਤੱਕ ਸਕਦਾ, ਉਸ ਨੂੰ ਤੋੜਨ ਤੇ ਲੱਕ ਬੰਨ੍ਹ ਖੜੋਣਾ ਤੇ ਟੱਕਰ ਮਾਰ ਦੇਣੀ ਇਹ ਅਵਤਾਰੀ ਸਤ੍ਯਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਸਰੀਰ ਕਰਮਾਂ ਅਨੁਸਾਰ ਬਣਦਾ ਹੈ ਤੇ ਕਰਮ ਜਾਲ ਵਿਚ ਬੱਧੇ ਸਰੀਰ ਜੰਮਦੇ ਮਰਦੇ ਹਨ, ਇਹ ਤਾਂ ਗਲ ਵਿਦਵਾਨ ਵੀ ਕਹਿ ਸਕਦੇ ਹਨ, ਪਰ ਇਹ ਕਹਿਣਾ ਕਿ ਕੋਈ ਸਰੀਰ ਨਿਰੇ ਮਾਲਕ ਦੇ 'ਹੁਕਮ' ਵਿਚ ਨਵੇਂ ਕਪੜੇ ਪਹਿਨਦੇ ਹਨ, ਇਹ ਉਨ੍ਹਾਂ ਦੇ 'ਕਾਰਕ' ਹੋਣ ਦਾ ਚਿੰਨ੍ਹ ਹੈ। ਉਨ੍ਹਾਂ ਦਾ ਚੋਲਾ ਕਰਮਾਂ ਦਾ ਦਿੱਤਾ ਚੌਲਾ ਨਹੀਂ, ਮਾਲਕ ਦੀ ਦਾਤ ਹੈ। ਇਸ ਕਰਕੇ ਉਹ ਕਾਰਕ** ਹਨ। ਇਨ੍ਹਾਂ ਕਾਰਨਾਂ ਕਰਕੇ ਉਹ ਇਸ ਉਮਰ ਇਤਨੇ ਕਾਰਜ ਕਰ ਰਹੇ ਹਨ। ਮਹਾਨ ਪੁਰਖ ਹਨ, ਮਹਾਨ ਸ਼ਕਤੀਵਾਨ ਹਨ, ਅਵਤਾਰ ਹਨ, ਉਨ੍ਹਾਂ ਦੇ ਦਰਸ਼ਨ ਬਣਦੇ ਹਨ ਤੇ ਉਨ੍ਹਾਂ ਤੋਂ ਕਲ੍ਯਾਨ ਦੀ ਦਾਤ ਮੰਗਣੇ ਦਾ ਅਵਸਰ ਸ਼ਾਯਦ ਪ੍ਰਭੂ ਨੇ ਮੇਰੇ ਲਈ ਉਨ੍ਹਾਂ ਦੇ ਇਥੇ ਆਉਣ ਵਿਚ ਆਪ ਬਣਾਇਆ ਹੈ।
–––––––––––––––
* ਬੀਤਚੁਕਾ ਸਮਾਂ।
* * ਧੁਰ ਤੋਂ ਸ੍ਰਿਸਟੀ ਦੇ ਉਧਾਰ ਲਈ ਘੱਲੇ ਹੋਏ ਮਹਾਂਪੁਰਖ।
ਇਸ ਪ੍ਰਕਾਰ ਦੀ ਵੀਚਾਰ ਮਗਰੋਂ ਯੋਗੀ ਦਰਸ਼ਨ ਲਈ ਸਤਿਗੁਰ ਦੇ ਦਰਬਾਰ ਆ ਪਹੁੰਚਾ।
ਯਥਾ- ਉਯੋ ਤੁਰਤ ਲੇ ਹਾਥ ਸਟੋਰੀ।
ਸਨੇ ਸਨੇ ਗਮਨ੍ਯ ਪ੍ਰਭੁ ਓਰੀ।
ਆਗੈ ਗੁਰ ਕੇ ਲਯੋ ਦਿਵਾਨ।
ਕਰਤ ਸਿੰਘ ਰਹੁਰਾਸ ਬਖਾਨ।
(ਸੂ:ਪ੍ਰ:ਐਨ੧ ਅੰਸੂ ੧੩)
ਸਾਧੂ ਨੂੰ ਦੇਖਕੇ ਸਤਿਗੁਰਾਂ ਨੇ ਪ੍ਯਾਰ ਨਾਲ ਕਿਹਾ ਸਾਧ ਰਾਮ ਆਓ, ਜੀ ਆਏ, ਬੈਠ ਜਾਓ, ਦਿਓ ਲਓ ਦਰਸ਼ਨ ਸਾਧ ਸੰਗਤ ਦੇ। ਜਦ ਭੋਗ ਪੈ ਗਿਆ ਤਾਂ ਆਦਰ ਨਾਲ ਜੋਗੀ ਨੂੰ ਆਪਣੇ ਕੋਲ ਸੱਦ ਬਿਠਾਇਆ ਤੇ ਵਾਰਤਾਲਾਪ ਅਰੰਭ ਹੋ ਗਈ।
ਜੋਗੀ- ਆਪ ਦੇ ਕੀਤੇ ਵਾਕ ਸੁਣੇ ਹਨ, ਮਨ ਨੇ ਅਨੁਮਾਨ ਲਾਇਆ ਹੈ ਕਿ ਆਪ ਇਸ ਕਲਿਯੁਗ ਵਿਚ ਕਾਰਕ ਹੋਕੇ ਆਏ ਹੋ। ਕਾਰਕ ਵੀ 'ਆਪੇ ਆਏ' ਨਹੀਂ ਹੋ ਆਪ 'ਪਠਾਏ ਹੋਏ ਆਏ ਹੋ, ਮੁਕਤ ਭੁਕਤ ਆਪ ਦੇ ਹੱਥ ਦਿੱਤੀ ਗਈ ਹੈ। ਚਿਰ ਕਾਲ ਤੋਂ ਮੈਂ ਯੋਗ ਸਾਧਨਾ ਵਿਚ ਰਿਹਾ ਹਾਂ, ਪਰ ਕਲ੍ਯਾਨ ਮਾਰਗ ਨਹੀਂ ਲੱਭਾ। ਚਿਰਜੀਵੀ ਹਾਂ, ਹੋਰ ਜੀ ਲੈਸਾਂ, ਪਰ ਅੰਤ ਇਹ ਬਿਨਸਨਹਾਰ ਬਿਨਸੇਗਾ, ਫੇਰ ਖੇਡ ਟੁਰੇਗੀ, ਫਿਰ ਉਹੋ ਗੇੜ। ਗੇੜ ਵਿਚੋਂ ਕੱਢੇ। ਮੈਂ ਯਤਨ ਤਾਂ ਕਈ ਲਾਏ ਹਨ ਕਿ ਕੈਵਲ ਤੱਕ ਅੱਪੜਾਂ, ਪਰ ਕਰਮ ਤੇ ਹਨ ਕ੍ਰਿਯਾ ਵਿਚ ਹੀ ਵਿਸ਼ੇਸ਼ ਪ੍ਰੀਤੀ ਰਹੀ ਹੈ। ਪਰ ਅੱਜ ਜੋ ਸੋਝੀ ਆਪ ਦੇ ਬਚਨਾਂ ਤੋਂ ਆਈ ਹੈ ਖਰੀ ਹੈ ਕਿ ਕਰਮ ਧਰਮ ਸਾਧਨ 'ਹਉ' ਆਸਰੇ ਹੁੰਦੇ ਹਨ ਤੇ 'ਹਉਂ ਟੁੱਟਣ ਦਾ ਕੋਈ ਉਪਰਾਲਾ ਨਹੀਂ ਹੁੰਦਾ। ਰਿੱਧੀ ਸਿੱਧੀ, ਵੱਡੀ ਆਯੂ ਤੇ ਮਾਨ ਆਦਿਕ ਸੂਖਮ ਹੋਕੇ ਕਦੇ ਮੋਟੇ ਹੋਕੇ ਵੜੇ ਰਹੇ ਹਨ ਅੰਦਰ। ਹੁਣ ਮਿਹਰ ਕਰੋ ਤੇ ਆਪਣਾ ਦੁਮਰਦਾ ਲਾਕੇ ਕੱਢ ਲ ਓ ਇਸ 'ਮਾਨ' ਤੋਂ। 'ਮਾਨ' ਮੁਨੀਆਂ, ਮੁਨੀਵਰਾਂ, ਜੋਗੀਆਂ,