ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ।।
ਜੰਗ ਨਾਲੇ ਜੋਗ
१.ਜੰਗ
ਹੁਨਾਲੇ ਦੀ ਰੁਤ, ਵਿਸਾਖ ਦਾ ਮਹੀਨਾ, ਗਰਮੀ ਤ੍ਰਿੱਖੀ ਤੇ ਚੁਭਵੀਂ, ਪਰ ਚਲ ਰਹੀ ਹੈ ਨਾਲ ਤ੍ਰਿੱਖੀ ਹਵਾ। ਮਾਲਵਾ ਦੇਸ਼ ਹੈ, ਇਕ ਉੱਚੀ ਟਿੱਬੀ ਹੈ, ਇਸ ਟਿੱਬੀ ਤੇ ਖਾਲਸਾ ਜੀ ਹਨ ਤੇ ਟਿੱਬੀ ਦੇ ਉਚੇਰੇ ਥਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੀਰ ਆਸਨ ਜਮਾਏ ਕਿਸੇ ਕਿਸੇ ਵੇਲੇ ਇਕ ਭ੍ਯਾਨਕ ਤੀਰ ਛੋੜ ਦੇਂਦੇ ਹਨ ਜੋ ਸੂਕਦਾ ਚਲਾ ਜਾਂਦਾ ਹੈ, ਡਾਢੀ ਦੂਰ ਵਾਟ ਤੇ ਖਿਦਰਾਣੇ ਦੀ ਢਾਬ ਉਤੋਂ ਦੀ ਸ਼ਾਹੀ ਲਸ਼ਕਰ ਤੇ ਜਾਕੇ ਪੈਂਦਾ ਹੈ ਫਨੀਅਰ ਵਾਂਙੂ। ਇੰਨੇ ਨੂੰ ਆ ਗਿਆ ‘ਖਾਨਾ' । ਪਹਿਰੇ ਦੇ ਸਿੰਘਾਂ ਨੇ ਪਛਾਣ ਲਿਆ ਤੇ ਲੰਘ ਜਾਣ ਦਿੱਤਾ ਸਾਹਿਬਾਂ ਪਾਸ।
ਖਾਨਾ (ਨੇੜੇ ਆ, ਧਰਤੀ ਤੇ ਸਿਰ ਧਰ, ਮੱਥਾ ਟੇਕ ਤੇ ਹੱਥ ਜੋੜਕੇ ਖੜਾ ਹੋ ਗਿਆ)- ਪਾਤਸ਼ਾਹ। ਅੱਜ ਦਾ ਰੰਗ ਮੁਕ ਗਿਆ। ਆਪ ਸਿਆਣ ਹੀ ਗਏ ਹੋਸੋ।
ਗੁਰੂ ਜੀ- ਹਾਂ ਹੁਣ ਮਝੈਲਾਂ ਵਲੋਂ ਤੀਰ ਗੋਲੀ ਨਹੀਂ ਜਾਂਦੀ ਦੀਹਦੀ, ਨਾਂ ਹੀ ਤਲਵਾਰ, ਸਾਂਗ, ਸੈਹਥੀ ਦੇ ਨਾਲ ਗਜਦੇ ਜੈਕਾਰੇ ਗੂੰਜਦੇ ਸੁਣਾਈ ਦਿੰਦੇ ਹਨ, ਚੁਪ ਹੈ; ਪਰ ਦੱਸ ਕਿ ਤੂੰ ਵਿਚ ਫਿਰਦਾ ਅੱਖੀਂ ਵੇਖਕੇ ਕੀਹ ਆਇਆ ਹੈਂ ?
ਖਾਨਾ- ਪਾਤਸ਼ਾਹ! ਜਦ ਮਝੈਲਾਂ ਵਲੋਂ ਚੁਪ ਹੋ ਗਈ। ..... ਹਾਂ ਸਚੀ, ਚੁਪ ਤਾਂ ਹੀ ਹੋਈ ਜਾਂ ਸਾਰੇ ਸ਼ਹੀਦ ਹੋ ਗਏ, (ਅਙਕ ਕੇ) ਹਾਂ ਮੇਰੀ ਜਾਚੇ, ਸਾਰੇ ਸ਼ਹੀਦ ਹੋ ਗਏ। ਫੇਰ ਇਕ ਦਸਤਾ ਵਜ਼ੀਰੇ ਨੇ ਘੱਲਿਆ ਕਿ ਦੇਖੋ ਕੀਹ ਗਲ ਹੈ। ਜਦ ਤਸੱਲੀ ਹੋ ਗਈਓਸੁ ਤਾਂ ਢਾਬ ਤੋਂ ਪਾਣੀ ਲੈਣ ਲਈ ਇਕ ਦਸਤਾ ਅੱਗੇ ਵਧਿਆ। ਜਦ ਢਾਬ ਸੁੱਕੀ ਪਾਣੀ ਤੋਂ ਸੱਖਣੀ ਪਈ ਦੀ ਖਬਰ ਇਸ ਦਸਤੇ ਨੇ ਲਿਆਕੇ ਦਿੱਤੀ ਤਾਂ ਕੀਹ ਵਜੀਰ ਖਾਂ ਤੇ ਕੀਹ ਉਸ ਦੇ ਸਰਦਾਰ ਸਭਨਾਂ ਦੇ ਸਿਰ ਪਾਣੀ ਪੈ ਗਿਆ। ਸਰਦਾਰਾਂ ਤੋਂ ਫੇਰ ਆਨ ਫਾਨ ਵਿਚ ਖਬਰ ਲਸ਼ਕਰ ਵਿਚ ਫੈਲ ਗਈ ਕਿ ਜਿਸ ਪਾਣੀ ਲਈ ਲੜੇ ਮਰੇ ਸਾਂ ਉਹ ਪਾਣੀ ਤਾਂ ਸੁਰਾਬ* ਹੋ ਨਿਕਲਿਆ। ਆਬ ਦੀ ਥਾਵੇਂ ਢਾਬ ਤਾਂ ਪਾਣੀ ਦੀ ਅਣਹੋਂਦ ਨਾਲ ਭਰੀ ਪਈ ਹੈ। ਇਹ ਸੁਣਕੇ ਹਫਲਾ ਤਫਲੀ ਪੈ ਗਈ। ਵਜ਼ੀਰ ਖਾਂ ਨੇ ਦਲ ਨੂੰ ਵਿਆਕੁਲ ਵੇਖਕੇ ਸਾਡੇ ਚੌਧਰੀ ਨੂੰ ਸੱਦਕੇ ਮਸਲਤ ਪੁੱਛੀ। ਉਸ ਨੇ ਕਿਹਾ, "ਖਾਂ ਸਾਹਿਬ, ਮੈਦਾਨ ਮਾਰ ਲਿਆ ਨੇ, ਰਹਿ ਬਣ ਆਈ ਹੈ। ਹੁਣ ਜੇ ਏਥੇ ਠਹਿਰਨਾ ਜੇ ਤਾਂ ਢਾਬ ਖੁਦਾ ਦੇ ਹੁਕਮ ਨਾਲ ਬੇਆਬ ਪਈ ਹੈ। ਹਾਂ ਬੰਦਾ ਤਾਂ ਨਹੀਂ ਨਾ ਕੋਈ ਰਾਤੋ ਰਾਤ ਪੀ ਗਿਆ, ਖੁਦਾ ਦਾ ਹੀ ਹੈ ਨਾ ਹੁਕਮ। ਨਾਂ ਸਿੱਖਾਂ ਨੇ ਸੁਕਾ ਦਿੱਤੀ ਏ, ਜੇ ਇਸ ਸੁੱਕੀ ਸੜੀ ਵਿਚ ਡਟੇ ਤੁਸਾਂ ਨਾਲ ਲੜਦੇ ਸਾਰਾ ਦਿਨ ਸ਼ਹੀਦੀ ਦੇ ਸ਼ਰਬਤ ਨਾਲ ਬੁੱਲ੍ਹ ਹਰੇ ਕਰਦੇ ਪਾਰਲੇ ਲੋਕ ਨੂੰ ਕੈਂਸਰ (ਸੁਰਗਾਂ ਵਿਚ ਮਿਠੇ ਪਾਣੀ ਦਾ ਸਰੋਵਰ) ਦਾ ਪਾਣੀ ਪੀਣ ਟੁਰ ਗਏ ਹਨ। ਅੱਲਾ ਦਾ ਹੁਕਮ ਹੀ ਸਮਝੋ। ਹੁਣ ਰੱਬ ਭਲਾ ਕਰੇ ਸਭਸਦਾ, ਅਗੇ ਚਲੋ ਪਾਣੀ ਦੀ ਭਾਲ ਵਿਚ ਤਾਂ ਤੀਹ ਕੋਹ ਪੰਧ ਜੇ, ਤੇ ਜੇ ਮੁੜੇ ਪਿੱਛੇ ਤਾਂ ਜੇ ਅੱਠ ਦਸ ਕੋਹ ਦੇ ਆਨ ਮਾਨ। ਮੇਰੀ ਮਲਵਈ ਦੀ ਮਤ ਵਿਚ ਏਥੇ ਠਹਿਰਨਾ ਯਾ ਅੱਗੇ ਵਧਣਾਂ ਬਿਨ ਆਈਓਂ ਮਰਨਾ ਜੇ। ਮੌਤ. ਹਾਂ ਜੀਓ, ਮੌਤ ਦੇ ਟੋਏ ਵਿਚ ਛਾਲ ਮਾਰਨੀ ਏ ਆਪੇ, ਤੇ ਸਲਾਮਤੀ, ਹਾਂ ਪਿੱਛੇ ਹੀ ਮੁੜਨ ਵਿਚ ਸਲਾਮਤੀ ਏ। ਅੱਠੀ ਦਸੀਂ ਕੋਹੀਂ ਪਹਿਰ ਦੋਪਹਿਰ ਵਿਚ ਜਾ ਪਾਣੀ ਦੇ ਮੱਥੇ ਲੱਗਾਂਗੇ। ਓਥੇ ਹੈ ਖੁਲ੍ਹਾ ਲਸ਼ਕਰ ਜੋਗਾ ਪਾਣੀ, ਅੱਗੋਂ ਜਿਵੇਂ ਹੁਕਮ
ਲਓ ਗੁਰੂ ਜੀ ! ਇਹੋ ਜੇਹੀ ਗਲ ਬਾਤ ਦੇ ਮਗਰੋਂ ਨਾਬ ਨੇ ਸਰਦਾਰਾਂ ਨੂੰ ਸੱਦਿਆ। ਓਹ ਬੀ ਸੁਣਕੇ ਘਬਰਾਏ ਹੋਏ ਆਖਣ ਲਗੇ-ਹਜੂਰ! ਵੈਰੀ ਮਾਰਕੇ ਬਾ-ਦਿਲ ਹੋਇਆ ਦਲ ਬੇਦਿਲ ਹੋ ਰਿਹਾ ਹੈ। ਭਾਵੇਂ ਅਸਾਂ ਸਾਰੇ ਵੈਰੀ ਮਾਰ ਲਏ ਹਨ, ਇਕ ਨਹੀਂ ਜੀਉਂਦਾ ਛੱਡਿਆ, ਫਤੇ ਦਾ ਡੰਕਾ ਵਜਾ ਲਿਆ ਹੈ ਤੇ ਫਤੇ ਹੋ ਬੀ ਗਈ ਏ ਸੱਚ ਮੁੱਚ, ਪਰ ਸੁੱਕੀ ਬੇਆਬੀ ਢਾਬ ਮੂੰਹ ਪਾੜ ਪਾੜ ਕੇ ਪੈਂਦੀ ਏ ਪਾਣੀ ਵਾਂਙੂ ਪੀ ਜਾਣ ਨੂੰ ਤੇ ਨਿਤਰਿਆ ਹੋਇਆ ਬੇਬਾਦਲ ਅਜਮਾਨ ਦਲ ਨੂੰ ਬੇਦਿਲ ਕਰ ਰਿਹਾ ਹੈ ਤੇ ਹਰ ਸਿਪਾਹੀ ਅਲਅਤਸ਼, ਅਲਅਤਸ਼* ਕਹਿ ਰਿਹਾ ਹੈ ਤੇ ਅਗੇ ਵਧਣੋਂ ਪੈਰ ਸੰਕੋਚ ਰਿਹਾ ਹੈ। 'ਨਾਂਹ' ਤਾਂ ਅਜੇ ਨਹੀ ਕਰਦੇ, ਪਰ ਜੇਕਰ ਕਰ ਦੇਣ ਤਾਂ ਸ਼ਾਹੀ ਰੋਹਬ ਕੀ ਰਹਿਸੀ ਤੇ ਸਿੱਖ ਖਬਰੇ ਵਣ ਵਣ ਵਿਚੋਂ ਉਗਮ ਪੈਣ ਤੇ ਕੀਹ ਕੀਹ ਕਰ ਗੁਜ਼ਰਨ ਮਾਲਵਾ ਹੈ ਸ਼ੇਰਾਂ ਦਾ ਘੁਰਾ। ਇਸ ਲਈ ਪਿੱਛੇ ਮੁੜਨਾ ਠੀਕ ਲਗਦਾ ਹੈ। ਪਸੂ ਬੀ ਘਬਰਾ ਰਹੇ ਹਨ। ਚੌਧਰੀ ਨੇ ਗਲ ਖਰੀ ਆਖੀ ਏ, ਇਹ ਜਾਣਕਾਰ ਏ ਦੇਸ਼ ਦਾ, ਖੈਰਖਾਹ ਏ ਸਰਕਾਰ ਦਾ। ਹੁਣ ਫਤੇ ਦੀ ਗੋਲੀ ਮੂੰਹ ਵਿਚ ਪਾਓ ਤੇ ਪਾਣੀ ਦਾ ਘੁੱਟ ਪੀਕੇ ਅੰਦਰ ਲੰਘਾਉਣ ਲਈ ਮੁੜ ਪਓ ਪਿੱਛੇ। ਜਿੱਥੇ ਲੈ ਚਲੇ ਚੌਧਰੀ।
ਸੋ ਇਸ ਤਰ੍ਹਾਂ ਦੇ ਮਸ਼ਵਰੇ ਹੋ ਹਵਾਕੇ, ਗੁਰੂ ਜੀਓ! ਮਗਰ ਪਿਛੇ ਕੂਚ ਦਾ ਫੈਸਲਾ ਹੋ ਗਿਆ। ਮੈਂ ਚੁਪਾਤੇ ਖਿਸਕ ਆਯਾ ਹਾਂ ਕਿ ਆਪ ਨੂੰ ਖੁਸ਼ੀ ਦੀ ਖਬਰ ਪੁਚਾ ਦਿਆਂ ਕਿ ਵੈਰੀ ਟੁਰ ਗਏ ਜੇ ਤੇ ਸੱਜਣ ਜੋ ਕੱਲ ਬੇਦਾਵੇ ਪਏ ਲਿਖਦੇ ਤੇ ਮੂੰਹ ਮੈਲਾ ਪਏ ਕਰਦੇ ਸਨ ਅੱਜ ਸਨਮੁਖ ਜੂਝਦੇ ਆਪਣੇ ਮੂੰਹ ਆਪਣੇ ਲਹੂ ਨਾਲ ਧੋਕੇ ਸੁਰਖਰੂ ਹੋਏ, ਆਪ ਦੇ ਰਾਹਾਂ ਨੂੰ ਪਏ ਬਿੱਟ ਬਿੱਟ ਤੱਕਦੇ ਹਨ ਕਿ ਕਦ ਆਉਣ ਮਿਹਰਾਂ ਦੇ ਸਾਈਂ ਤੇ ਕਰ ਲੈਣ ਸਾਡੇ ਦਰਸ਼ਨ, ਅਸੀਂ ਜੁ ਨਾਂ ਰਹੇ ਦਰਸ਼ਨ ਕਰਨ ਜੋਗੇ।
––––––––––––
* ਹਾਇ ਪਿਆਸ ਹਾਇ ਤ੍ਰੈਹ।
ਸਾਹਿਬ ਡਾਢੇ ਧਿਆਨ ਨਾਲ ਅੱਖਰ ਅੱਖਰ ਸੁਣਦੇ ਰਹੇ। ਸੁਣਕੇ ਮੁਸਕ੍ਰਾਂਦੇ ਬੀ ਰਹੇ ਵਿਚ ਵਿਚ, ਫਿਰ ਬੋਲੇ:- ਖਾਨਿਆਂ! ਤੂੰ ਤਾਂ ਅਜ
ਮਹਾਨ ਕਵੀਆਂ ਵਾਂਗ ਗਲਾਂ ਕੀਤੀਆਂ ਹਨ। ਸੁਹਣਿਆਂ ਕਿਤੇ ਪੜ੍ਹਦਾ ਸੁਣਦਾ ਰਿਹਾ ਏਂ ਕਿ ਤੂੰ ਬੀ ਕੋਈ ਕਾਲੀ ਦਾ ਦਾਸ ਏਂ, ਦੂਜਾ ਕਾਲੀ ਦਾਸ? ਖਾਨਾ- ਪਾਤਸ਼ਾਹ! ਲੋਕੀ ਤਾਂ ਆਜਜ਼ੀ ਨਾਲ ਆਪਣੇ ਆਪ ਨੂੰ 'ਮੂਰਖ' ਆਖ ਲੈਂਦੇ ਹਨ ਤੇ ਮੈਨੂੰ ਤਾਂ ਕਹਿੰਦੇ ਹੀ 'ਸੁਰੱਖਾ* ਹਨ। ਸੁਰੱਖਾ ਨਾਮ 'ਮੂਰਖ' ਦਾ ਹੋਣਾ ਹੈ ? ਬਾਕੀ ਅਸੀਂ ਲੋਕ ਰਾਜ ਦਰਬਾਰੀ ਹਾਂ, ਕੁਛ ਗਲਾਂ ਕਰ ਹੀ ਲੈਂਦੇ ਹਾਂ, ਫੇਰ ਪਾਤਸ਼ਾਹ! ਆਪ ਦੀ ਸੇਵਾ ਵਿਚ ਚਾਉ ਚੜ੍ਹ ਰਿਹਾ ਹੈ ਤੇ ਸਾਹਿਬ ਦਾ ਜਲਵਾ ਸੇਵਕ ਦੇ 'ਚਾਉ ਨਾਲ ਨਿਰਮਲ ਹੋਏ ਦਿਲ-ਨੀਰ' ਵਿਚ ਪੈ ਰਿਹਾ ਹੈ। 'ਬੋਲਾਇਆ ਬੋਲੀ ਤੇਰਾ' ਮੈਂ ਸਿਖ ਪੜ੍ਹਦੇ ਸੁਣੇ ਹਨ।
ਸਾਹਿਬ ਫੇਰ ਮੁਸਕ੍ਰਾਏ ਸ਼ਾਬਾਸ਼ ਖਾਨਾਂ ਤੂੰ ਬੜਾ ਨਿਮਕ ਹਲਾਲ ਹੈਂ ਆਪਣੇ ਮਾਲਕ ਦਾ ਤੇ ਸਾਡਾ ਸੱਚਾ ਸਾਦਿਕ ਨਿਕਲਿਆ ਹੈ। ਇਹ ਕਹਿਕੇ ਆਪ ਬੀਰ ਆਸਨ ਤੋਂ ਉੱਠੇ, ਤੀਰ ਕਮਾਨ ਹੱਥੋਂ ਧਰਿਆ ਤੇ ਖਾਨੇ ਦੇ ਸਿਰ ਤੇ ਪ੍ਯਾਰ ਦੇਕੇ ਬਾਕੀ ਸੂਰਿਆਂ ਨੂੰ ਤੀਰ ਭੱਧੇ ਰੱਖਣੇ ਦੀ ਆਯਾ ਕਰਕੇ ਟਹਿਲਣ ਲਗ ਪਏ। ਕੁਛ ਚਿਰ ਮਗਰੋਂ ਪਹਿਰੇ ਤੋਂ ਇਕ ਸਿੰਘ ਆਇਆ ਤੇ ਖਾਨੇ ਨੂੰ ਕੰਨ ਵਿਚ ਕਹਿਣ ਲਗਾ 'ਧੌਲੂ' ਆਇਆ ਖੜਾ ਹੈ।
ਖਾਨਾ ਸਿਰ ਨਿਵਾਕੇ ਚਲਾ ਗਿਆ ਤੇ ਉਸ ਨਾਲ ਗੱਲਾਂ ਕਰਕੇ ਸਾਹਿਬਾਂ ਦੇ ਚਰਨਾਂ ਵਿਚ ਫੇਰ ਆ ਗਿਆ:- ਪਾਤਸ਼ਾਹ ਤੁਰਕ ਦਲ ਟੂਰ ਗਿਆ ਹੈ ਸਾਰਾ। ਨਵਾਬ, ਸਰਦਾਰ, ਲਸ਼ਕਰ ਸਭ ਸਫਨ ਸਫਾ ਹੋ ਗਏ, ਮੈਦਾਨ ਖਾਲੀ ਪਿਆ ਹੈ ਜੀਉਂਦੇ ਵੈਰੀਆਂ ਤੋਂ, ਹਾਂ ਭਰਿਆ ਪਿਆ ਹੈ ਮਰੇ ਵੈਰੀਆਂ ਨਾਲ, ਟੁੰਡ ਮੁੰਡ ਰੂੰਡ ਨਾਲ, ਤੜਫਦੇ ਤੇ ਨਾ ਤੁਰ ਸਕਣ ਜੰਗੇ
–––––––––––––––––––
* ਮੁਰੱਖਾ ਪਦ ਦਾ ਮੂਲ ਹੈ 'ਮੁਹਰੇ ਰਖਿਆ' ਭਾਵ ਰਹਨੁਮਾਈ ਕਰਨ ਵਾਲਾ। 'ਖਾਨਾ' ਇਸ ਪਦ ਦੇ ਅਰਥ 'ਮੁਰੱਖਾ' ਨੂੰ ਮੂਰਖ ਤੋਂ ਬਣਿਆ ਦੱਸ ਰਿਹਾ ਹੈ। ਇਕ ਕਟਾਖ੍ਯ ਸੁੱਟਣੇ ਲਈ।
ਨਾ ਲਿਜਾਏ ਜਾ ਸਕਣ ਵਾਲੇ ਘਾਇਲਾਂ ਨਾਲ* ਧੌਲਾ ਸਾਰੇ ਸੂੰਹ ਲੈ ਆਇਆ ਹੈ, ਪੱਕੀ ਸੱਚੀ ਖਬਰ ਲਿਆਇਆ ਏ ਕਿ ਕੋਈ ਵੈਰੀ ਬਾਕੀ ਨਹੀਂ ਰਿਹਾ। ਇਧਰ ਢਾਬ ਭਰੀ ਪਈ ਹੈ ਸਨਮੁਖ ਜੂਝਦੇ, ਰਤੂ ਨਾਲ ਹੋਲੀਆਂ ਖੇਡਣ ਵਾਲੇ, ਆਪਣੇ ਸਿਰਾਂ ਦੇ ਕੰਮਕੁਮੇ ਉਡਾਉਂਦੇ ਆਪਾ ਵਾਰ ਦੂਲਿਆਂ ਨਾਲ ਜੋ ਆਪ ਦੇ ਆਖਰੀ ਦਰਸ਼ਨ ਲੈਣ ਕਿ ਆਪ ਨੂੰ ਆਪਣੇ ਆਖਰੀ ਦਰਸਨ ਦੇਣ ਲਈ ਮਾਨੋ ਉਡੀਕ ਵਿਚ ਹੈਨ। ਤੇਰੇ ਸਿੱਖ ਗੁਰੂ ਜੀ ਪੜ੍ਹਦੇ ਮੈਂ ਸੁਣੇ ਹਨ:-
"ਕਬੀਰ ਮੁਹਿ ਮਰਨੇ ਕਾ ਚਾਉ ਹੈ
ਮਰਉ ਤ ਹਰਿ ਕੈ ਦੁਆਰ॥
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ॥”
ਪੁੱਛੇ ਨਾਂ ਹੁਣ ਚੱਲਕੇ, ਮਰੇ ਪਿਆਂ ਨੂੰ, ਪੁਤਰ ਜੁ ਹੋਏ। ਸਭ ਤੇਰੇ ਹੀ ਹਨ- ਕੋਈ ਅਦਬਾਂ ਵਾਲੇ, ਕੋਈ ਲਾਡਲੇ, ਕੋਈ ਵਿਗੜਕੇ ਸੰਵਰੇ, ਵਿਚ ਖਾਨਾ ਬੀ ਏ ਖਿਡਾਵਾ, ਟਹਿਲੀਆ ਤੇਰੇ ਸੁਹਣੇ ਪੁਤ੍ਰਾਂ ਦਾ, ਪਰ ਭੁਲਣਹਾਰ ਹੈ।
ਸਾਹਿਬ ਹੱਸ ਪਏ, ਖਾਨੇ ਨੂੰ ਥਾਪੜਾ ਦਿਤਾ ਤੇ ਦਸ ਸਿੰਘ ਟੋਰੇ ਜੋ ਅੱਗੇ ਚੱਲਣ ਤੇ ਸੂੰਹ ਭਾਲ ਵਿਚ ਪਹੁੰਚਣ ਤੇ ਕਿਸੇ ਪ੍ਯਾਰੇ ਨੂੰ ਲੋੜ ਹੋਵੇ ਤਾਂ ਪਾਣੀ ਪਾਣੀ ਦੀ ਸੇਵਾ ਕਰਨ। ਮਗਰੋਂ ਆਪ ਬੀ ਉਸ ਸੁੱਕੇ ਪਾਣੀਆਂ ਦੀ ਢਾਬ ਵਿਚ ਰੱਤੂ ਦੇ ਲਹਿ ਲਹਾਉਂਦੇ ਲਹਿਰੇ ਵੇਖਣ ਲਈ ਤ੍ਯਾਰ ਹੋ ਪਏ ਤੇ ਖਾਨੇ ਨੂੰ ਕਹਿਣ ਲਗੇ:-
ਕਿਉਂ ਬਈ ਖਾਨਾ। ਸਿੰਘ ਸਾਰੇ ਸ਼ਹੀਦ ਹੋ ਗਏ ਕਿ ਕੋਈ ਜੀਉਂਦਾ ਬੀ ਹੋਸੀ ਤੇ ਕੋਈ ਜਾਗਦਾ ਬੀ ?
ਖਾਨਾ- ਪਾਤਸ਼ਾਹ ਮੈਂ ਵਿਚ ਫਿਰਕੇ ਤਾਂ ਨਹੀਂ ਡਿੱਠਾ, ਪਰ ਜਦ ਤੜ ਭੜ ਬੰਦ ਹੋ ਗਈ ਸੀ ਤਾਂ ਇਹੋ ਜਾਣ ਪੈਂਦਾ ਸੀ ਕਿ ਕੋਈ ਲੜਨ ਜੋਗਾ
––––––––––––––––––
ਇਮ ਕਹਿ ਬਾਗ ਤੁਰੰਗਮ ਪ੍ਰੇਰੀ। ਚਲ੍ਯੋ ਸ਼ੀਘ੍ਰ ਕਰ ਸਭਿ ਕੇ ਪ੍ਰੇਰੀ॥ ੨੪॥
ਮ੍ਰਿਤੁ ਤੇ ਤਜੇ ਹੁਤੇ ਤਿਸ ਨੋਰਾ। ਘਾਇਲ ਕਹੁ ਬੀ ਛੋਰਤ ਦੌਰਾ।
ਬਿਨ ਜਲ ਤੇ ਤਰਫਤ ਬਹੁ ਮਰੇ। ਬਿਨ ਸਮਰਥ ਰਣ ਥਲ ਜੇ ਪਰੇ॥੨੫॥ (ਗੁ.ਪ੍ਰ.ਸੂ:੬੦੨੬)