ਮੁਰਲੀ ਬਾਜ ਉਠੀ ਅਣਘਾਤਾਂ ।
ਸੁਣ ਕੇ ਭੁੱਲ ਗਈਆਂ ਸਭ ਬਾਤਾਂ ।
ਲੱਗ ਗਏ ਅਨਹਦ ਬਾਣ ਨਿਆਰੇ, ਝੂਠੀ ਦੁਨੀਆਂ ਕੂੜ ਪਸਾਰੇ,
ਸਾਈਂ ਮੁੱਖ ਵੇਖਣ ਵਣਜਾਰੇ, ਮੈਨੂੰ ਭੁੱਲ ਗਈਆਂ ਸਭ ਬਾਤਾਂ ।
ਮੁਰਲੀ ਬਾਜ ਉਠੀ ਅਣਘਾਤਾਂ ।
ਹੁਣ ਮੈਂ ਚੈਂਚਲ ਮਿਰਗ ਫਹਾਇਆ, ਓਸੇ ਮੈਨੂੰ ਬੰਨ੍ਹ ਬਹਾਇਆ,
ਸਿਰਫ ਦੁਗਾਨਾ ਇਸ਼ਕ ਪੜ੍ਹਾਇਆ, ਰਹਿ ਗਈਆਂ ਤ੍ਰੈ ਚਾਰ ਕਾਤਾਂ ।
ਮੁਰਲੀ ਬਾਜ ਉਠੀ ਅਣਘਾਤਾਂ ।
ਬੂਹੇ ਆਣ ਖਲੋਤਾ ਯਾਰ, ਬਾਬਲ ਪੁੱਜ ਪਿਆ ਤਕਰਾਰ,
ਕਲਮੇ ਨਾਲ ਜੇ ਰਹੇ ਵਿਹਾਰ, ਨਬੀ ਮੁਹੰਮਦ ਭਰੇ ਸਫਾਤਾਂ।
ਮੁਰਲੀ ਬਾਜ ਉਠੀ ਅਣਘਾਤਾਂ ।
ਬੁੱਲ੍ਹੇ ਸ਼ਾਹ ਮੈਂ ਹੁਣ ਬਰਲਾਈ, ਜਦ ਦੀ ਮੁਰਲੀ ਕਾਹਨ ਬਜਾਈ,
ਬਾਵਰੀ ਹੋ ਤੁਸਾਂ ਵੱਲ ਧਾਈ, ਖੋਜੀਆਂ ਕਿਤ ਵਲ ਦਸਤ ਬਾਰਤਾਂ ।
ਮੁਰਲੀ ਬਾਜ ਉਠੀ ਅਣਘਾਤਾਂ ।
ਇਹਨਾਂ ਸੁਕਿਆਂ ਫੁੱਲਾਂ ਵਿਚ ਬਾਸ ਨਹੀਂ,
ਪਰਦੇਸ ਗਿਆਂ ਦੀ ਕੋਈ ਆਸ ਨਹੀਂ,
ਜਿਹੜੇ ਸਾਈਂ ਸਾਜਣ ਸਾਡੇ ਪਾਸ ਨਹੀਂ,
ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ ।