ਬੁੱਲ੍ਹਾ ਦੁਸ਼ਮਨ ਨਾਲ ਬਰੇ ਵਿਚ, ਹੈ ਦੁਸ਼ਮਨ ਬਲ ਢਾਣਾ ।
ਮਹਿਬੂਬ-ਰੱਬਾਨੀ ਕਰੇ ਰਸਾਈ, ਖ਼ੌਫ ਜਾਏ ਮਲਕਾਣਾ ।
ਪਿਆਰੇ ਬਿਨ ਮਸਲ੍ਹਤ ਉੱਠ ਜਾਣਾ ।
ਤੂੰ ਕਦੀ ਤੇ ਹੋ ਸਿਆਣਾ ।
ਜਾਂਦਾ ਜਾ ਨਾ ਆਵੀਂ ਫੇਰ, ਓਥੇ ਬੇਪਰਵਾਹੀ ਢੇਰ,
ਓਥੇ ਡਹਿਲ ਖਲੋਂਦੇ ਸ਼ੇਰ, ਤੂੰ ਵੀ ਫੱਧਿਆ ਜਾਵੇਂਗਾ ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ।
ਖੂਹ ਵਿਚ ਯੂਸਫ ਪਾਇਉ ਨੇ, ਫੜ ਵਿਚ ਬਜ਼ਾਰ ਵਿਕਾਇਉ ਨੇ,
ਇੱਕ ਅੱਟੀ ਮੁੱਲ ਪਵਾਇਉ ਨੇ, ਤੂੰ ਕੌਡੀ ਮੁੱਲ ਪਵਾਵੇਂਗਾ ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ।
ਨੇਹੁੰ ਲਾ ਵੇਖ ਜ਼ੁਲੈਖਾਂ ਲਏ, ਓਥੇ ਆਸ਼ਕ ਤੜਫਣ ਪਏ,
ਮਜਨੂੰ ਕਰਦਾ ਹੈ ਹੈ ਹੈ, ਤੂੰ ਓਥੋਂ ਕੀ ਲਿਆਵੇਂਗਾ ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ।
ਉਥੇ ਇਕਨਾ ਪੋਸਤ ਲੁਹਾਈਦੇ, ਇਕ ਆਰਿਆਂ ਨਾਲ ਚਿਰਾਈਦੇ,
ਇੱਕ ਸੂਲੀ ਪਕੜ ਚੜ੍ਹਾਈਦੇ, ਉਥੇ ਤੂੰ ਵੀ ਸੀਸ ਕਟਾਵੇਂਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ।
ਘਰ ਕਲਾਲਾਂ ਦਾ ਤੇਰੇ ਪਾਸੇ, ਓਥੇ ਆਵਣ ਮਸਤ ਪਿਆਸੇ,
ਭਰ ਭਰ ਪੀਵਣ ਪਿਆਲੇ ਕਾਸੇ, ਤੂੰ ਵੀ ਜੀਅ ਲਲਚਾਵੇਂਗਾ ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ।