ਭਾਵੇਂ ਜਾਣ ਨਾ ਜਾਣ ਵੇ ਵਿਹੜੇ ਆ ਵੜ ਮੇਰੇ ।
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ।
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ ਢੂੰਡਾਂ ਜੰਗਲ ਬੇਲਾ ਰੋਹੀ,
ਢੂੰਡਾਂ ਤਾਂ ਸਾਰਾ ਜਹਾਨ ਵੇ ਵਿਹੜੇ ਆ ਵੜ ਮੇਰੇ ।
ਲੋਕਾਂ ਦੇ ਭਾਣੇ ਚਾਕ ਮਹੀਂ ਦਾ ਰਾਂਝਾ ਤਾਂ ਲੋਕਾਂ ਵਿਚ ਕਹੀਂਦਾ,
ਸਾਡਾ ਤਾਂ ਦੀਨ ਈਮਾਨ ਵੇ ਵਿਹੜੇ ਆ ਵੜ ਮੇਰੇ ।
ਮਾਪੇ ਛੋੜ ਲੱਗੀ ਲੜ ਤੇਰੇ ਸ਼ਾਹ ਇਨਾਇਤ ਸਾਈਂ ਮੇਰੇ,
ਲਾਈਆਂ ਦੀ ਲੱਜ ਪਾਲ ਵੇ ਵਿਹੜੇ ਆ ਵੜ ਮੇਰੇ ।
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ।
ਭਰਵਾਸਾ ਕੀ ਆਸ਼ਨਾਈ ਦਾ।
ਡਰ ਲਗਦਾ ਬੇ-ਪਰਵਾਹੀ ਦਾ ।
ਇਬਰਾਹੀਮ ਚਿਖਾ ਵਿਚ ਪਾਇਉ, ਸੁਲੇਮਾਨ ਨੂੰ ਭੱਠ ਝੁਕਾਇਉ,
ਯੂਨਸ ਮੱਛੀ ਤੋਂ ਨਿਗਲਾਇਉ, ਫੜ ਯੂਸਫ ਮਿਸਰ ਵਿਕਾਈਦਾ।
ਭਰਵਾਸਾ ਕੀ ਆਸ਼ਨਾਈ ਦਾ।
ਜ਼ਿਕਰੀਆ ਸਿਰ ਕਲਵੱਤਰ ਚਲਾਇਉ, ਸਾਬਰ ਦੇ ਤਨ ਕੀੜੇ ਪਾਇਉ,
ਸੁੰਨਆਂ ਗਲ ਜ਼ੱਨਾਰ ਪਵਾਇਉ,ਕਿਤੇ ਉਲਟਾ ਪੋਸ਼ ਲੁਹਾਈ ਦਾ ।
ਭਰਵਾਸਾ ਕੀ ਆਸ਼ਨਾਈ ਦਾ।