

ਮੈਂ ਸ਼ਹੁ ਦਰਿਆਵਾਂ ਪਈਆਂ, ਠਾਠਾਂ ਲਹਿਰਾਂ ਦੇ ਮੂੰਹ ਗਈਆਂ,
ਫੜ ਕੇ ਘੁੰਮਣ ਘੇਰ ਭਵਈਆਂ, ਉਪਰ ਬਰਖਾ ਰੈਣ ਅੰਧਿਆਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਸਈਆਂ ਐਡ ਛਨਿੱਛਰ ਚਾਏ, ਤਾਰੇ ਖਾਰਿਆਂ ਹੇਠ ਛੁਪਾਏ,
ਮੁੰਜ ਦੀਆਂ ਰੱਸੀਆਂ ਨਾਗ ਬਣਾਏ, ਇਹਨਾਂ ਸੇਹਰਾਂ ਤੋਂ ਬਲਿਹਾਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਇਹ ਜੋ ਮੁਰਲੀ ਕਾਨ੍ਹ ਵਜਾਈ, ਦਿਲ ਮੇਰੇ ਨੂੰ ਚੋਟ ਲਗਾਈ,
ਆਹ ਦੇ ਨਾਅਰੇ ਕਰਦੀ ਆਹੀ, ਮੈਂ ਰੋਵਾਂ ਜ਼ਾਰੋ ਜ਼ਾਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਇਸ਼ਕ ਦੀਵਾਨੇ ਲੀਕਾਂ ਲਾਈਆਂ, ਡਾਢੀਆਂ ਘਣੀਆਂ ਸੱਥਾਂ ਪਾਈਆਂ,
ਹਾਂ ਮੈਂ ਬੱਕਰੀ ਕੋਲ ਕਸਾਈਆਂ, ਰਹਿੰਦਾ ਸਹਿਮ ਹਮੇਸ਼ਾ ਭਾਰੀ।
ਤੁਸੀਂ ਕਰੋ ਅਸਾਡੀ ਕਾਰੀ ।
ਇਸ਼ਕ ਰੋਹੇਲਾ ਨਾਹੀਂ ਛੱਪਦਾ, ਅੰਦਰ ਧਰਿਆ ਬੰਨ੍ਹੀਂ ਨੱਚਦਾ,
ਮੈਨੂੰ ਦਿਉ ਸੁਨੇਹੁੜਾ ਸੱਚ ਦਾ, ਮੇਰੀ ਕਰੋ ਕੋਈ ਗ਼ਮਖਾਰੀ ।
ਤੁਸੀਂ ਕਰੋ ਅਸਾਡੀ ਕਾਰੀ।
ਮੈਂ ਕੀ ਮਿਹਰ ਮੁਹੱਬਤ ਜਾਣਾਂ, ਸਈਆਂ ਕਰਦੀਆਂ ਜ਼ੋਰ ਧਿਙਾਣਾ,
ਗਲਗਲ ਮੇਵਾ ਕੀ ਹਦਵਾਣਾ, ਕੀ ਕੋਈ ਵੈਦ ਪਸਾਰੀ।
ਤੁਸੀਂ ਕਰੋ ਅਸਾਡੀ ਕਾਰੀ ।
ਨੌ ਸ਼ੌਹ ਜਿਸ ਦਾ ਬਾਂਸ ਬਰੇਲੀ, ਟੁੱਟੀ ਡਾਲੋਂ ਰਹੀ ਇਕੇਲੀ,
ਕੂਕੇ ਬੇਲੀ ਬੇਲੀ ਬੇਲੀ, ਉਹਦੀ ਕਰੇ ਕੋਈ ਦਿਲਦਾਰੀ।
ਤੁਸੀਂ ਕਰੋ ਅਸਾਡੀ ਕਾਰੀ ।