Back ArrowLogo
Info
Profile

  1. ਉੱਠ ਗਏ ਗਵਾਂਢੋਂ ਯਾਰ

ਉੱਠ ਗਏ ਗਵਾਂਢੋਂ ਯਾਰ,

ਰੱਬਾ ਹੁਣ ਕੀ ਕਰੀਏ ?

 

ਉੱਠ ਗਏ ਹੁਣ ਬਹਿੰਦੇ ਨਾਹੀਂ, ਹੋਇਆ ਸਾਥ ਤਿਆਰ,

ਰੱਬਾ ਹੁਣ ਕੀ ਕਰੀਏ ?

 

ਦਾਢ ਕਲੇਜੇ ਬਲ ਬਲ ਉਠਦੀ, ਭੜਕੇ ਬਿਰਹੋਂ ਨਾਰ,

ਰੱਬਾ ਹੁਣ ਕੀ ਕਰੀਏ ?

 

ਬੁੱਲ੍ਹਾ ਸ਼ਹੁ ਪਿਆਰੇ ਬਾਝੋਂ ਰਹੇ ਉਰਾਰ ਨਾ ਪਾਰ,

ਰੱਬਾ ਹੁਣ ਕੀ ਕਰੀਏ ?

 

  1. ਉੱਠ ਜਾਗ ਘੁਰਾੜੇ ਮਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ ।

ਇਹ ਸੌਣ ਤੇਰੇ ਦਰਕਾਰ ਨਹੀਂ ।

 

ਇਕ ਰੋਜ਼ ਜਹਾਨੋਂ ਜਾਣਾ ਏ, ਜਾ ਕਬਰੇ ਵਿਚ ਸਮਾਣਾ ਏ,

ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ,

ਉੱਠ ਜਾਗ ਘੁਰਾੜੇ ਮਾਰ ਨਹੀਂ ।

 

ਤੇਰਾ ਸਾਹਾ ਨੇੜੇ ਆਇਆ ਏ, ਕੁੱਝ ਚੋਲੀ ਦਾਜ ਰੰਗਾਇਆ ਏ,

ਕਿਉਂ ਆਪਣਾ ਆਪ ਵੰਜਾਇਆ ਏ, ਐ ਗ਼ਾਫ਼ਲ ਤੈਨੂੰ ਸਾਰ ਨਹੀਂ,

ਉੱਠ ਜਾਗ ਘੁਰਾੜੇ ਮਾਰ ਨਹੀਂ ।

 

ਤੂੰ ਸੁੱਤਿਆਂ ਉਮਰ ਵੰਜਾਈ ਏ, ਤੂੰ ਚਰਖੇ ਤੰਦ ਨਾ ਪਾਈ ਏ,

ਕੀ ਕਰਸੇਂ ਦਾਜ ਤਿਆਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ ।

ਉੱਠ ਜਾਗ ਘੁਰਾੜੇ ਮਾਰ ਨਹੀਂ ।

138 / 148
Previous
Next