

ਵੇਖੋ ਨੀ ਸ਼ਹੁ ਇਨਾਇਤ ਸਾਈਂ।
ਮੈਂ ਨਾਲ ਕਰਦਾ ਕਿਵੇਂ ਅਦਾਈਂ ।
ਕਦੀ ਆਵੇ ਕਦੀ ਆਵੇ ਨਾਹੀਂ, ਤਿਉਂ ਤਿਉਂ ਮੈਨੂੰ ਭੜਕਣ ਭਾਹੀਂ,
ਨਾਮ ਅੱਲ੍ਹਾ ਪੈਗ਼ਾਮ ਸੁਣਾਈਂ, ਮੁੱਖ ਵੇਖਣ ਨੂੰ ਨਾ ਤਰਸਾਈਂ ।
ਵੇਖੋ ਨੀ ਸ਼ਹੁ ਇਨਾਇਤ ਸਾਈਂ।
ਬੁੱਲ੍ਹਾ ਸ਼ਹੁ ਕੇਹੀ ਆਈ ਮੈਨੂੰ, ਰਾਤ ਹਨੇਰੀ ਉੱਠ ਟੁਰਦੀ ਨੈ ਨੂੰ,
ਜਿਸ ਔਝੜ ਤੋਂ ਸਭ ਕੋਈ ਡਰਦਾ, ਸੋ ਮੈਂ ਢੂੰਡਾਂ ਚਾਈਂ ਚਾਈਂ ।
ਵੇਖੋ ਨੀ ਸ਼ਹੁ ਇਨਾਇਤ ਸਾਈਂ।
ਮੈਂ ਨਾਲ ਕਰਦਾ ਕਿਵੇਂ ਅਦਾਈਂ ।
ਆਪੇ ਜ਼ਾਹਿਰ ਆਪੇ ਬਾਤਨ ਆਪੇ ਲੁੱਕ ਲੁੱਕ ਬਹਿੰਦੇ ਓ।
ਆਪੇ ਮੁੱਲਾਂ ਆਪੇ ਕਾਜ਼ੀ ਆਪੇ ਇਲਮ ਪੜ੍ਹੇਂਦੇ ਓ ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ।
ਘੱਤ ਜ਼ੰਨਾਰ ਕੁਫ਼ਰ ਦਾ ਗਲ ਵਿਚ ਬੁੱਤ-ਖ਼ਾਨੇ ਵੜ ਬਹਿੰਦੇ ਓ।
ਲੋਲਾਕ ਲਮਾ ਅਫਲਾਕ ਵਿਚਾਰੇ ਆਪੇ ਧੁੰਮ ਮਚੇਂਦੇ ਓ ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ।
ਜ਼ਾਤ ਤੋਂ ਹੈ ਅਜ਼ਰਾਫ ਰੰਝੇਟਾ ਲਾਈਆਂ ਦੀ ਲਾਜ ਰਖੇਂਦੇ ਓ ।
ਬੁੱਲ੍ਹਾ ਸ਼ਹੁ ਅਨਾਇਤ ਮੈਨੂੰ ਪਲ ਪਲ ਦਰਸ਼ਨ ਦੇਂਦੇ ਓ ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ ।