

ਵਾਹ ਵਾਹ ਰਮਜ਼ ਸਜਣ ਦੀ ਹੋਰ।
ਆਸ਼ਕ ਬਿਨਾਂ ਨਾ ਸਮਝੇ ਕੋਰ ।
ਕੋਠੇ ਤੇ ਚੜ੍ਹ ਦੇਵਾਂ ਹੋਕਾ, ਇਸ਼ਕ ਵਿਹਾਜਿਉ ਕੋਈ ਨਾ ਲੋਕਾ,
ਇਸ ਦਾ ਮੂਲ ਨਾ ਖਾਣਾ ਧੋਖਾ, ਜੰਗਲ ਬਸਤੀ ਮਿਲੇ ਨਾ ਠੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ।
ਆਸ਼ਕ ਦੋਹੀਂ ਜਹਾਨੀਂ ਮੁੱਠੇ, ਨਾਜ਼ ਮਸ਼ੂਕਾਂ ਦੇ ਉਹ ਕੁੱਠੇ,
ਇਸ਼ਕ ਦਾ ਫੱਟਿਆ ਕੋਈ ਨਾ ਛੁੱਟੇ, ਕੀਤੋ ਸੂ ਬਾਂਦਾ ਫੱਟ ਫਲੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਦੇ ਦੀਦਾਰ ਹੋਇਆ ਜਦ ਰਾਹੀ, ਅਚਣਚੇਤ ਪਈ ਗਲ ਫਾਹੀ,
ਡਾਢੀ ਕੀਤੀ ਲਾਪਰਵਾਹੀ, ਮੈਨੂੰ ਮਿਲ ਗਿਆ ਠੱਗ ਲਾਹੌਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ।
ਸ਼ੀਰੀਂ ਹੈ ਬਿਰਹੋਂ ਦਾ ਖਾਣਾ, ਕੋਹ ਚੋਟੀ ਫਰਹਾਦ ਨਿਮਾਣਾ,
ਯੂਸਫ਼ ਮਿਸਰ ਬਜ਼ਾਰ ਵਿਕਾਣਾ, ਉਸ ਨੂੰ ਨਾਹੀਂ ਵੇਖਣ ਕੋਰ।
ਵਾਹ ਵਾਹ ਰਮਜ਼ ਸਜਣ ਦੀ ਹੋਰ।
ਲੈਲਾ ਮਜਨੂੰ ਦੋਵੇਂ ਬਰਦੇ, ਸੋਹਣੀ ਡੁੱਬੀ ਵਿਚ ਬਹਿਰ ਦੇ,
ਹੀਰ ਵੰਝਾਏ ਸੱਭੇ ਘਰ ਦੇ, ਇਸ ਦੀ ਖਿੱਚੀ ਮਾਹੀ ਡੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਆਸ਼ਕ ਫਿਰਦੇ ਚੁੱਪ ਚੁਪਾਤੇ, ਜੈਸੇ ਮਸਤ ਸਦਾ ਮਧ ਮਾਤੇ,
ਦਾਮ ਜ਼ੁਲਫ ਦੇ ਅੰਦਰ ਫਾਥੇ, ਓਥੇ ਚੱਲੇ ਵੱਸ ਨਾ ਜ਼ੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ।
ਜੇ ਉਹ ਆਣ ਮਿਲੇ ਦਿਲਜਾਨੀ, ਉਸ ਤੋਂ ਜਾਨ ਕਰਾਂ ਕੁਰਬਾਨੀ,
ਸੂਰਤ ਦੇ ਵਿਚ ਯੂਸਫ਼ ਸਾਨੀ, ਆਲਮ ਦੇ ਵਿਚ ਜਿਸ ਦਾ ਸ਼ੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।