Back ArrowLogo
Info
Profile

  1. ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ

ਜਾਨ ਕਰਾਂ ਕੁਰਬਾਨ ਭੇਤ ਨਾ ਦੱਸਨਾ ਏਂ,

ਢੂੰਡਾਂ ਤਕੀਏ ਦੁਆਰ ਤੈਨੂੰ ਉੱਠ ਨੱਸਨਾ ਏਂ,

ਰਲ ਮਿਲ ਸਈਆਂ ਪੁੱਛਣ ਗਈਆਂ,

ਹੋਇਆ ਵਕਤ ਭੰਡਾਰ ਦਾ ਵੇ ਅੜਿਆ ।

ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ ।

 

ਇਸ਼ਕ ਅੱਲਾਹ ਦੀ ਜ਼ਾਤ ਲੋਕਾਂ ਦਾ ਮਿਹਣਾ,

ਕਿਹਨੂੰ ਕਰਾਂ ਪੁਕਾਰ ਕਿਸੇ ਨਹੀਂ ਰਹਿਣਾ,

ਓਸੇ ਦੀ ਗੱਲ ਉਹੋ ਜਾਣੇ,

ਕੌਣ ਕੋਈ ਮਾਰਦਾ ਵੇ ਅੜਿਆ ।

ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ ।

 

ਅੱਜ ਅਜੋਕੜੀ ਰਾਤ ਮੇਰੇ ਘਰ ਵੱਸ ਖਾਂ ਵੇ ਅੜਿਆ,

ਦਿਲ ਦੀਆਂ ਘੁੰਢੀਆਂ ਖੋਲ੍ਹ ਅਸਾਂ ਨਾਲ ਹੱਸ ਖਾਂ ਵੇ ਅੜਿਆ,

ਜਦ ਕੀਤੇ ਕੌਲ ਕਰਾਰ ਕੀ ਇਤਬਾਰ,

ਸੋਹਣੇ ਯਾਰ ਦਾ ਵੇ ਅੜਿਆ ।

ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ ।

 

ਇਕ ਕਰਦੀਆਂ ਖ਼ੁਦੀ ਹੰਕਾਰ ਉਹਨਾਂ ਨੂੰ ਤਾਰਨੈਂ ਵੇ ਅੜਿਆ,

ਇਕ ਰਹਿੰਦੀਆਂ ਨਿੱਤ ਖ਼ੁਆਰ ਸੜੀਆਂ ਨੂੰ ਸਾੜਨੈਂ ਵੇ ਅੜਿਆ,

ਮੈਂਡੇ ਸੋਹਣੇ ਯਾਰ ਦਾ ਕੀ ਇਤਬਾਰ ਤੇਰੇ ਪਿਆਰ ਦਾ ਵੇ ਅੜਿਆ ।

ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ ।

147 / 148
Previous
Next