ਬੁੱਲ੍ਹੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ ।
ਮੰਨ ਲੈ ਬੁੱਲ੍ਹਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ ।
ਆਲ ਨਬੀ ਔਲਾਦ ਨਬੀ ਨੂੰ, ਤੂੰ ਕੀ ਲੀਕਾਂ ਲਾਈਆਂ ।
ਜਿਹੜਾ ਸਾਨੂੰ ਸਈਅਦ ਸੱਦੇ, ਦੋਜ਼ਖ ਮਿਲਣ ਸਜਾਈਆਂ ।
ਜੋ ਕੋਈ ਸਾਨੂੰ ਰਾਈਂ ਆਖੇ, ਬਹਿਸ਼ਤੀਂ ਪੀਂਘਾਂ ਪਾਈਆਂ।
ਰਾਈਂ ਸਾਈਂ ਸਭਨੀ ਥਾਈਂ, ਰੱਬ ਦੀਆਂ ਬੇਪਰਵਾਹੀਆਂ।
ਸੋਹਣੀਆਂ ਪਰ੍ਹੇ ਹਟਾਈਆਂ ਨੇ ਤੇ, ਕੋਝੀਆਂ ਲੈ ਗਲ ਲਾਈਆਂ।
ਜੇ ਤੂੰ ਲੋੜੇਂ ਬਾਗ਼ ਬਹਾਰਾਂ, ਚਾਕਰ ਹੋ ਜਾ ਰਾਈਆਂ ।
ਬੁੱਲ੍ਹਾ ਸ਼ੌਹ ਦੀ ਜ਼ਾਤ ਕੀ ਪੁੱਛਨਾ ਏਂ, ਸ਼ੱਕਰ ਹੋ ਰਜਾਈਆਂ ।
ਚਲੋ ਦੇਖੀਏ ਉਸ ਮਸਤਾਨੜੇ ਨੂੰ,
ਜਿਦ੍ਹੀ ਤ੍ਰਿੰਞਣਾਂ ਦੇ ਵਿਚ ਪਈ ਏ ਧੁੰਮ ।
ਉਹ ਤੇ ਮੈਂ ਵਹਿਦਤ ਵਿਚ ਰੰਗਦਾ ਏ,
ਨਹੀਂ ਪੁੱਛਦਾ ਜਾਤ ਦੇ ਕੀ ਹੋ ਤੁਮ ।
ਜੀਦ੍ਹਾ ਸ਼ੋਰ ਚੁਫੇਰੇ ਪੈਂਦਾ ਏ,
ਉਹ ਕੋਲ ਤੇਰੇ ਨਿੱਤ ਰਹਿੰਦਾ ਏ,
ਨਾਲੇ 'ਨਾਹਨ ਅਕਰਬ’ ਕਹਿੰਦਾ ਏ,
ਨਾਲੇ ਆਖੇ 'ਵਫ਼ੀ-ਅਨਫ਼ਸ-ਕੁਮਾ ।
ਛੱਡ ਝੂਠ ਭਰਮ ਦੀ ਬਸਤੀ ਨੂੰ,
ਕਰ ਇਸ਼ਕ ਦੀ ਕਾਇਮ ਮਸਤੀ ਨੂੰ,
ਗਏ ਪਹੁੰਚ ਸਜਣ ਦੀ ਹਸਤੀ ਨੂੰ,
ਜਿਹੜੇ ਹੋ ਗਏ 'ਸੁਮ-ਬੁਕਮ-ਉਮਾ ।