ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ
ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ ।
ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ ।
ਇਹ ਤਾਂ ਨੌਗ ਜਗਤ ਦੇ, ਜਿਹਾ ਲਾਵਣ ਜਾਲ ਚਫੇਰੀ
ਕਰਮ ਸ਼ਰ੍ਹਾ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ
ਜ਼ਾਤ ਮਜ਼ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ ਵੈਰੀ
ਨਦੀਉਂ ਪਾਰ ਮੁਲਕ ਸਜਨ ਦਾ ਲਹਵੋ-ਲੁਆਬ ਨੇ ਘੇਰੀ
ਸਤਿਗੁਰ ਬੇੜੀ ਫੜੀ ਖਲੋਤੀ ਤੈਂ ਕਿਉਂ ਲਾਈ ਆ ਦੇਰੀ
ਪ੍ਰੀਤਮ ਪਾਸ ਤੇ ਟੋਲਨਾ ਕਿਸ ਨੂੰ, ਭੁੱਲ ਗਿਉਂ ਸਿਖਰ ਦੁਪਹਿਰੀ ।
ਬੁੱਲ੍ਹਾ ਸ਼ਾਹ ਸ਼ੌਹ ਤੇਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ ।
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ
ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ
ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ
ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ ।
ਮੇਲੇ ਬਾਝੋਂ ਮੇਲਾ ਅੰਤਰ, ਰੁੜ੍ਹ ਗਿਆ ਮੂਲ ਵਿਆਜਾ ਰੇ ।
ਕਠਿਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ ।
ਬੰਦਾ ਰੱਬ ਬ੍ਰਿਹੋਂ ਇਕ ਮਗਰ ਸੁਖ, ਬੁਲ੍ਹਾ ਪੜ ਜਹਾਨ ਬਰਾਜਾ
ਆਓ ਸਈਓ ਰਲ ਦਿਉ ਨੀ ਵਧਾਈ
ਮੈਂ ਵਰ ਪਾਇਆ ਰਾਂਝਾ ਮਾਹੀ ।
ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ,
ਆਓ ਸਈਓ ਰਲ ਦਿਉ ਨੀ ਵਧਾਈ
ਮੁੱਕਟ ਗਊਆਂ ਦੇ ਵਿਚ ਰੁੱਲਦਾ, ਜੰਗਲ ਜੂਹਾਂ ਦੇ ਵਿਚ ਰੁੱਲਦਾ ।
ਹੈ ਕੋਈ ਅੱਲ੍ਹਾ ਦੇ ਵੱਲ ਭੁੱਲਦਾ, ਅਸਲ ਹਕੀਕਤ ਖ਼ਬਰ ਨਾ ਕਾਈ,
ਆਓ ਸਈਓ ਰਲ ਦਿਉ ਨੀ ਵਧਾਈ ।
ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਨੜੀ ਚਾਈ,
ਆਓ ਸਈਓ ਰਲ ਦਿਉ ਨੀ ਵਧਾਈ ।
ਮੈਂ ਵਰ ਪਾਇਆ ਰਾਂਝਾ ਮਾਹੀ ।
ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ?
ਸੁੱਤਿਆਂ ਬੈਠਿਆਂ ਕੁੱਝ ਨਾ ਡਿੱਠਾ, ਜਾਗਦਿਆਂ ਸਹੁ ਪਾਇਓ ਈ ।
'ਕੁਮ-ਬ-ਇਜ਼ਨੀ' ਸ਼ਮਸ ਬੋਲੇ, ਉਲਟਾ ਕਰ ਲਟਕਾਇਓ ਈ
ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਨਾਇਓ ਈ ।
ਮੈਂ ਤੋਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ
ਮੱਝੀਆਂ ਆਈਆਂ ਮਾਹੀ ਨਾ ਆਇਆ, ਫੂਕ ਬ੍ਰਿਹੋਂ ਰੁਲਾਇਓ ਈ ।
ਏਸ ਇਸ਼ਕ ਦੇ ਵੇਖੇ ਕਾਰੇ, ਯੂਸਫ਼ ਖੂਹ ਪਵਾਇਓ ਈ
ਵਾਂਗ ਜ਼ੁਲੇਖਾਂ ਵਿਚ ਮਿਸਰ ਦੇ, ਘੁੰਗਟ ਖੋਲ੍ਹ ਰੁਲਾਇਓ ਈ
ਰੱਬ-ਇ-ਅਰਾਨੀ ਮੂਸਾ ਬੋਲੇ, ਤਦ ਕੋਹ-ਤੂਰ ਜਲਾਇਓ ਈ
ਲਣ-ਤਰਾਨੀ ਝਿੜਕਾਂ ਵਾਲਾ, ਆਪੇ ਹੁਕਮ ਸੁਣਾਇਓ ਈ
ਇਸ਼ਕ ਦਿਵਾਨੇ ਕੀਤਾ ਫਾਨੀ, ਦਿਲ ਯਤੀਮ ਬਨਾਇਓ ਈ ।
ਬੁਲ੍ਹਾ ਸ਼ੌਹ ਘਰ ਵਸਿਆ ਆ ਕੇ, ਸ਼ਾਹ ਇਨਾਇਤ ਪਾਇਓ ਈ ।
ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ ?
ਅਬ ਹਮ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ
ਆਪਣੇ ਆਪ ਨੂੰ ਸੋਧਾ ਰਿਹਾ ਹੂੰ, ਨਾ ਸਿਰ ਹਾਥ ਨਾ ਪੈਰ ।
ਖੁਦੀ ਖੋਈ ਅਪਨਾ ਪਦ ਚੀਤਾ, ਤਬ ਹੋਈ ਗੱਲ ਖ਼ੈਰ ।
ਲੁੱਥੇ ਪਗੜੇ ਪਹਿਲੇ ਘਰ ਥੀ, ਕੌਣ ਕਰੇ ਨਿਰਵੈਰ ?
ਬੁੱਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ, ਕੋਈ ਨਾ ਦਿਸਦਾ ਗ਼ੈਰ ।
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਐਸੀ ਆਈ ਮਨ ਮੇਂ ਕਾਈ,
ਦੁਖ ਸੁਖ ਸਭ ਵੰਜਾਇਓ ਰੇ,
ਹਾਰ ਸ਼ਿੰਗਾਰ ਕੋ ਆਗ ਲਗਾਊੰ,
ਘਟ ਉੁੱਪਰ ਢਾਾਂਡ ਮਚਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਸੁਣ ਕੇ ਗਿਆਨ ਕੀ ਐਸੀ ਬਾਤਾਂ,
ਨਾਮ ਨਿਸ਼ਾਨ ਸਭੀ ਅਣਘਾਤਾਂ,
ਕੋਇਲ ਵਾਂਗੂੰ ਕੂਕਾਂ ਰਾਤਾਂ,
ਤੈਂ ਅਜੇ ਵੀ ਤਰਸ ਨਾ ਆਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਗਲ ਮਿਰਗਾਨੀ ਸੀਸ ਖਪਰੀਆ,
ਭੀਖ ਮੰਗਣ ਨੂੰ ਰੋਰੋ ਫਿਰਿਆ ,
ਜੋਗਨ ਨਾਮ ਭਿਆ ਲਿਟ ਧਰਿਆ,
ਅੰਗ ਬਿਭੂਤ ਰਮਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਇਸ਼ਕ ਮੁੱਲਾਂ ਨੇ ਬਾਂਗ ਦਿਵਾਈ,
ਉੁੱਠ ਬਹੁੜਨ ਗੱਲ ਵਾਜਬ ਆਈ,
ਕਰ ਕਰ ਸਿਜਦੇ ਘਰ ਵਲ ਧਾਈ,
ਮੱਥੇ ਮਹਿਰਾਬ ਟਿਕਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਪ੍ਰੇਮ ਨਗਰ ਦੇ ਉਲਟੇ ਚਾਲੇ,
ਖ਼ੂਨੀ ਨੈਣ ਹੋਏ ਖੁਸ਼ਹਾਲੇ,
ਆਪੇ ਆਪ ਫਸੇ ਵਿੱਚ ਜਾਲੇ,
ਫਸ ਫਸ ਆਪ ਕੁਹਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਦੁੱਖ ਬਿਰਹੋਂ ਨਾ ਹੋਣ ਪੁਰਾਣੇ,
ਜਿਸ ਤਨ ਪੀੜਾਂ ਸੋ ਤਨ ਜਾਣੇ,
ਅੰਦਰ ਝਿੜਕਾਂ ਬਾਹਰ ਤਾਅਨੇ,
ਨੇਹੁੰ ਲਗਿਆਂ ਦੁੱਖ ਪਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਮੈਨਾ ਪਾਲਣ ਰੋਂਦੀ ਪਕੜੀ,
ਬਿਰਹੋਂ ਪਕੜੀ ਕਰਕੇ ਤਕੜੀ,
ਇੱਕ ਮਰਨਾ ਦੂਜੀ ਜੱਗ ਦੀ ਫੱਕੜੀ,
ਹੁਣ ਕੌਣ ਬੰਨਾ ਬਣ ਆਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ,
ਸੋਹਣੀ ਬਣ ਤਣ ਸਭ ਕੋਈ ਆਈ,
ਵੇਖ ਕੇ ਸ਼ਾਹ ਇਨਾਇਤ ਸਾਈਂ,
ਜੀਅ ਮੇਰਾ ਭਰ ਆਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?