ਪਲ ਦਾ ਵਾਸਾ ਵੱਸਣ ਏਥੇ, ਰਹਿਣ ਨੂੰ ਅਗੇ ਡੇਰਾ ਏ,
ਲੈ ਲੈ ਤੁਹਫੇ ਘਰ ਨੂੰ ਘੱਲੀਂ, ਇਹੋ ਵੇਲਾ ਤੇਰਾ ਏ,
ਓਥੇ ਹੱਥ ਨਾ ਲਗਦਾ ਕੁਝ ਵੀ, ਏਥੋਂ ਹੀ ਲੈ ਜਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਪੜ੍ਹ ਸਬਕ ਮੁਹੱਬਤ ਓਸੇ ਦਾ ਤੂੰ, ਬੇਮੂਜਬ ਕਿਉਂ ਡੁਬਨਾ ਏਂ,
ਪੜ੍ਹ ਪੜ੍ਹ ਕਿੱਸੇ ਮਗਜ਼ ਖਪਾਵੇਂ, ਕਿਉਂ ਖੁਭਣ ਵਿਚ ਖੁਭਣਾ ਏਂ,
ਹਰਫ਼ ਇਸ਼ਕ ਦਾ ਇੱਕੋ ਨੁਕਤਾ, ਕਾਹੇ ਕੋ ਊਠ ਲਦਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਭੁੱਖ ਮਰੇਂਦਿਆਂ ਨਾਮ ਅੱਲ੍ਹਾ ਦਾ, ਇਹੋ ਬਾਤ ਚੰਗੇਰੀ ਏ,
ਦੋਵੇਂ ਥੋਕ ਪੱਥਰ ਥੀਂ ਭਾਰੇ, ਔਖੀ ਜਿਹੀ ਇਹ ਫੇਰੀ ਏ,
ਆਣ ਬਣੀ ਜਦ ਸਿਰ ਪਰ ਭਾਰੀ, ਅੱਗੋਂ ਕੀ ਬਤਲਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਅੰਮਾਂ ਬਾਬਾ ਬੇਟੀ ਬੇਟਾ, ਪੁੱਛ ਵੇਖਾਂ ਕਿਉਂ ਰੋਂਦੇ ਨੀ,
ਰੰਨਾਂ ਕੰਜਕਾਂ ਭੈਣਾਂ ਭਾਈ, ਵਾਰਸ ਆਣ ਖਲੋਂਦੇ ਨੀ,
ਇਹ ਜੋ ਲੁੱਟਦੇ ਤੂੰ ਨਹੀਂ ਲੁੱਟਦਾ, ਮਰ ਕੇ ਆਪ ਲੁਟਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਇਕ ਇਕੱਲਿਆਂ ਜਾਣਾ ਈ ਤੈਂ, ਨਾਲ ਨਾ ਕੋਈ ਜਾਵੇਗਾ,
ਖਵੇਸ਼-ਕਬੀਲਾ ਰੋਂਦਾ ਪਿਟਦਾ, ਰਾਹੋਂ ਹੀ ਮੁੜ ਆਵੇਗਾ,
ਸ਼ਹਿਰੋਂ ਬਾਹਰ ਜੰਗਲ ਵਿਚ ਵਾਸੇ, ਓਥੇ ਡੇਰਾ ਪਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।