

ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ,
ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕੀਹਨੂੰ ਭਾਏ ਜੀ,
ਕਦੀ ਬਾਤ ਸੱਚੀ ਭੀ ਲੁੱਕਦੀ ਏ? ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।
ਇਕ ਜੰਗਲ ਬਹਿਰੀਂ ਜਾਂਦੇ ਨੀ, ਇਕ ਦਾਣਾ ਰੋਜ਼ ਲੈ ਖਾਂਦੇ ਨੀ,
ਬੇ ਸਮਝ ਵਜੂਦ ਥਕਾਂਦੇ ਨੀ, ਘਰ ਹੋਵਣ ਹੋ ਕੇ ਮਾਂਦੇ ਨੀ,
ਐਵੇਂ ਚਿੱਲਿਆਂ ਵਿਚ ਜਿੰਦ ਮੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।
ਫੜ ਮੁਰਸ਼ਦ ਆਬਦ ਖੁਦਾਈ ਹੋ, ਵਿੱਚ ਮਸਤੀ ਬੇਪਰਵਾਹੀ ਹੋ,
ਬੇਖਾਹਸ਼ ਬੇਨਵਾਈ ਹੋ, ਵਿੱਚ ਦਿਲ ਦੇ ਖੂਬ ਸਫਾਈ ਹੋ,
ਬੁੱਲ੍ਹਾ ਬਾਤ ਸੱਚੀ ਕਦੋਂ ਰੁਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।
ਕੁਨ-ਫਅਕੁਨੋਂ ਅੱਗੇ ਦੀਆਂ ਲਗੀਆਂ,
ਨੇਹੁੰ ਨਾ ਲਗੜਾ ਚੋਰੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।
ਆਪ ਛਿੜ ਜਾਂਦਾ ਨਾਲ ਮੱਝੀ ਦੇ,
ਸਾਨੂੰ ਕਿਉਂ ਬੇਲਿਉਂ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।
ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ,
ਮਿੰਨਤਾਂ ਕਰ ਕਰ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।