Back ArrowLogo
Info
Profile

ਪੜ੍ਹ ਪੜ੍ਹ ਨਫ਼ਲ ਨਮਾਜ਼ ਗੁਜ਼ਾਰੇਂ, ਉੱਚੀਆਂ ਬਾਂਗਾਂ ਚਾਂਘਾਂ ਮਾਰੇਂ,

ਮੰਤਰ ਤੇ ਚੜ੍ਹ ਵਾਅਜ਼ ਪੁਕਾਰੇਂ, ਕੀਤਾ ਤੈਨੂੰ ਹਿਰਸ ਖੁਆਰ।

ਇਲਮੋਂ ਬੱਸ ਕਰੀਂ ਓ ਯਾਰ ।

 

ਪੜ੍ਹ ਪੜ੍ਹ ਮਸਲੇ ਰੋਜ਼ ਸੁਣਾਵੇਂ, ਖਾਣਾ ਸ਼ੱਕ ਸੁਬਹੇ ਦਾ ਖਾਵੇਂ,

ਦੱਸੋਂ ਹੋਰ ਤੇ ਹੋਰ ਕਮਾਵੇਂ, ਅੰਦਰ ਖੋਟ ਬਾਹਰ ਸਚਿਆਰ ।

ਇਲਮੋਂ ਬੱਸ ਕਰੀਂ ਓ ਯਾਰ ।

 

ਪੜ੍ਹ ਪੜ੍ਹ ਇਲਮ ਨਜੂਮ ਵਿਚਾਰੇ, ਗਿਣਦਾ ਰਾਸਾਂ ਬੁਰਜ ਸਤਾਰੇ,

ਪੜ੍ਹੇ ਅਜ਼ੀਮਤਾਂ ਮੰਤਰ ਝਾੜੇ, ਅਬ ਜਦ ਗਿਣੇ ਤਅਵੀਜ਼ ਸ਼ੁਮਾਰ ।

ਇਲਮੋਂ ਬੱਸ ਕਰੀਂ ਓ ਯਾਰ ।

 

ਇਲਮੋਂ ਪਏ ਕਜ਼ੀਏ ਹੋਰ, ਅੱਖੀਂ ਵਾਲੇ ਅੰਨ੍ਹੇ ਕੋਰ,

ਫੜੇ ਸਾਧ ਤੇ ਛੱਡੇ ਚੋਰ, ਦੋਹੀਂ ਜਹਾਨੀਂ ਹੋਇਆ ਖੁਆਰ।

ਇਲਮੋਂ ਬੱਸ ਕਰੀਂ ਓ ਯਾਰ ।

 

ਇਲਮੋਂ ਪਏ ਹਜ਼ਾਰਾਂ ਫਸਤੇ, ਰਾਹੀ ਅਟਕ ਰਹੇ ਵਿਚ ਰਸਤੇ,

ਮਾਰਿਆ ਹਿਜਰ ਹੋਏ ਦਿਲ ਖਸਤੇ, ਪਿਆ ਵਿਛੋੜੇ ਦਾ ਸਿਰ ਭਾਰ ।

ਇਲਮੋਂ ਬੱਸ ਕਰੀਂ ਓ ਯਾਰ ।

 

ਇਲਮੋਂ ਮੀਆਂ ਜੀ ਕਹਾਵੇਂ, ਤੰਬਾ ਚੁੱਕ ਚੁੱਕ ਮੰਡੀ ਜਾਵੇਂ,

ਧੇਲਾ ਲੈ ਕੇ ਛੁਰੀ ਚਲਾਵੇਂ, ਨਾਲ ਕਸਾਈਆਂ ਬਹੁਤ ਪਿਆਰ ।

ਇਲਮੋਂ ਬੱਸ ਕਰੀਂ ਓ ਯਾਰ ।

 

ਬਹੁਤਾ ਇਲਮ ਅਜ਼ਰਾਈਲ ਨੇ ਪੜ੍ਹਿਆ, ਝੁੱਗਾ ਤਾਂ ਓਸੇ ਦਾ ਸੜਿਆ,

ਗਲ ਵਿਚ ਤੌਕ ਲਾਹਨਤ ਦਾ ਪੜਿਆ, ਆਖ਼ਿਰ ਗਿਆ ਉਹ ਬਾਜ਼ੀ ਹਾਰ ।

ਇਲਮੋਂ ਬੱਸ ਕਰੀਂ ਓ ਯਾਰ ।

42 / 148
Previous
Next