ਲੁੱਥੇ ਪਗੜੇ ਪਹਿਲੇ ਘਰ ਥੀ, ਕੌਣ ਕਰੇ ਨਿਰਵੈਰ ?
ਬੁੱਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ, ਕੋਈ ਨਾ ਦਿਸਦਾ ਗ਼ੈਰ ।
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਐਸੀ ਆਈ ਮਨ ਮੇਂ ਕਾਈ,
ਦੁਖ ਸੁਖ ਸਭ ਵੰਜਾਇਓ ਰੇ,
ਹਾਰ ਸ਼ਿੰਗਾਰ ਕੋ ਆਗ ਲਗਾਊੰ,
ਘਟ ਉੁੱਪਰ ਢਾਾਂਡ ਮਚਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਸੁਣ ਕੇ ਗਿਆਨ ਕੀ ਐਸੀ ਬਾਤਾਂ,
ਨਾਮ ਨਿਸ਼ਾਨ ਸਭੀ ਅਣਘਾਤਾਂ,
ਕੋਇਲ ਵਾਂਗੂੰ ਕੂਕਾਂ ਰਾਤਾਂ,
ਤੈਂ ਅਜੇ ਵੀ ਤਰਸ ਨਾ ਆਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਗਲ ਮਿਰਗਾਨੀ ਸੀਸ ਖਪਰੀਆ,
ਭੀਖ ਮੰਗਣ ਨੂੰ ਰੋਰੋ ਫਿਰਿਆ ,
ਜੋਗਨ ਨਾਮ ਭਿਆ ਲਿਟ ਧਰਿਆ,
ਅੰਗ ਬਿਭੂਤ ਰਮਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਇਸ਼ਕ ਮੁੱਲਾਂ ਨੇ ਬਾਂਗ ਦਿਵਾਈ,
ਉੁੱਠ ਬਹੁੜਨ ਗੱਲ ਵਾਜਬ ਆਈ,
ਕਰ ਕਰ ਸਿਜਦੇ ਘਰ ਵਲ ਧਾਈ,
ਮੱਥੇ ਮਹਿਰਾਬ ਟਿਕਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਪ੍ਰੇਮ ਨਗਰ ਦੇ ਉਲਟੇ ਚਾਲੇ,
ਖ਼ੂਨੀ ਨੈਣ ਹੋਏ ਖੁਸ਼ਹਾਲੇ,
ਆਪੇ ਆਪ ਫਸੇ ਵਿੱਚ ਜਾਲੇ,
ਫਸ ਫਸ ਆਪ ਕੁਹਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਦੁੱਖ ਬਿਰਹੋਂ ਨਾ ਹੋਣ ਪੁਰਾਣੇ,
ਜਿਸ ਤਨ ਪੀੜਾਂ ਸੋ ਤਨ ਜਾਣੇ,
ਅੰਦਰ ਝਿੜਕਾਂ ਬਾਹਰ ਤਾਅਨੇ,
ਨੇਹੁੰ ਲਗਿਆਂ ਦੁੱਖ ਪਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਮੈਨਾ ਪਾਲਣ ਰੋਂਦੀ ਪਕੜੀ,
ਬਿਰਹੋਂ ਪਕੜੀ ਕਰਕੇ ਤਕੜੀ,
ਇੱਕ ਮਰਨਾ ਦੂਜੀ ਜੱਗ ਦੀ ਫੱਕੜੀ,
ਹੁਣ ਕੌਣ ਬੰਨਾ ਬਣ ਆਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ,
ਸੋਹਣੀ ਬਣ ਤਣ ਸਭ ਕੋਈ ਆਈ,
ਵੇਖ ਕੇ ਸ਼ਾਹ ਇਨਾਇਤ ਸਾਈਂ,
ਜੀਅ ਮੇਰਾ ਭਰ ਆਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਅਬ ਲਗਨ ਲਗੀ ਕਿਹ ਕਰੀਏ ?
ਨਾ ਜੀ ਸਕੀਏ ਤੇ ਨਾ ਮਰੀਏ ।
ਤੁਮ ਸੁਣੋ ਹਮਾਰੀ ਬੈਨਾ,
ਮੋਹੇ ਰਾਤ ਦਿਨੇ ਨਹੀਂ ਚੈਨਾ,
ਹੁਣ ਪੀ ਬਿਨ ਪਲਕ ਨਾ ਸਰੀਏ
ਅਬ ਲਗਨ ਲਗੀ ਕਿਹ ਕਰੀਏ ?
ਇਹ ਅਗਨ ਬਿਰਹੋਂ ਦੀ ਜਾਰੀ,
ਕੋਈ ਹਮਰੀ ਪ੍ਰੀਤ ਨਿਵਾਰੀ,
ਬਿਨ ਦਰਸ਼ਨ ਕੈਸੇ ਤਰੀਏ ?
ਅਬ ਲਗਨ ਲਗੀ ਕਿਹ ਕਰੀਏ ?
ਬੁੱਲ੍ਹੇ ਪਈ ਮੁਸੀਬਤ ਭਾਰੀ,
ਕੋਈ ਕਰੋ ਹਮਾਰੀ ਕਾਰੀ,
ਇਕ ਅਜਿਹੇ ਦੁੱਖ ਕੈਸੇ ਜਰੀਏ?
ਅਬ ਲਗਨ ਲਗੀ ਕਿਹ ਕਰੀਏ ?
ਐਸਾ ਜਗਿਆ ਗਿਆਨ ਪਲੀਤਾ ।
ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ, ਨਾਮ ਇਸ਼ਕ ਦੀ ਹੈ ਮਨਜ਼ੂਰੀ,
ਆਸ਼ਕ ਨੇ ਵਰ ਜੀਤਾ, ਐਸਾ ਜਗਿਆ ਗਿਆਨ ਪਲੀਤਾ ।
ਵੇਖੋ ਠੱਗਾਂ ਸ਼ੋਰ ਮਚਾਇਆ, ਜੰਮਣਾ ਮਰਨਾ ਚਾ ਬਣਾਇਆ ।
ਮੂਰਖ ਭੁੱਲੇ ਰੌਲਾ ਪਾਇਆ, ਜਿਸ ਨੂੰ ਆਸ਼ਕ ਜ਼ਾਹਰ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।
ਬੁੱਲ੍ਹਾ ਆਸ਼ਕ ਦੀ ਬਾਤ ਨਿਆਰੀ, ਪ੍ਰੇਮ ਵਾਲਿਆਂ ਬੜੀ ਕਰਾਰੀ,
ਮੂਰਖ ਦੀ ਮੱਤ ਐਵੇਂ ਮਾਰੀ, ਵਾਕ ਸੁਖ਼ਨ ਚੁੱਪ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।
ਐਸਾ ਮਨ ਮੇਂ ਆਇਓ ਰੇ, ਦੁੱਖ ਸੁੱਖ ਸਭ ਵੰਞਾਇਉ ਰੇ
ਹਾਰ ਸ਼ਿੰਗਾਰ ਕੋ ਆਗ ਲਗਾਊਂ, ਤਨ ਪਰ ਢਾਂਡ ਮਚਾਇਓ ਰੇ ।
ਸੁਣ ਕੇ ਗਿਆਨ ਕੀਆਂ ਐਸੀ ਬਾਤਾਂ, ਨਾਮ ਨਿਸ਼ਾਨ ਤਭੀ ਅਲਘਾਤਾਂ,
ਕੋਇਲ ਵਾਂਙ ਮੈਂ ਕੂਕਾਂ ਰਾਤਾਂ, ਤੈਂ ਅਜੇ ਭੀ ਤਰਸ ਨਾ ਆਇਉ ਰੇ ।
ਗਲ ਮਿਰਗਾਨੀ ਸੀਸ ਖੱਪਰੀਆਂ, ਦਰਸ਼ਨ ਕੀ ਭੀਖ ਮੰਗਣ ਚੜ੍ਹਿਆ,
ਜੋਗਨ ਨਾਮ ਬੂਹਲਤ ਧਰਿਆ, ਅੰਗ ਬਿਭੂਤ ਰਮਾਇਉ ਰੇ
ਇਸ਼ਕ ਮੁੱਲਾਂ ਨੇ ਬਾਂਗ ਸੁਣਾਈ, ਇਹ ਗੱਲ ਵਾਜਬ ਆਈ,
ਕਰ ਕਰ ਸਿਦਕ ਸਿਜਦੇ ਵਲ ਧਾਈ, ਮੂੰਹ ਮਹਿਰਾਬ ਟਿਕਾਇਓ ਰੇ ।
ਪ੍ਰੇਮ ਨਗਰ ਵਾਲੇ ਉਲਟੇ ਚਾਲੇ, ਮੈਂ ਮੋਈ ਭਰ ਖੁਸ਼ੀਆਂ ਨਾਲੇ,
ਆਣ ਫਸੀ ਆਪੇ ਵਿਚ ਜਾਲੇ, ਹੱਸ ਹੱਸ ਆਪ ਕੁਹਾਇਓ ਰੇ ।
ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ, ਜੀਅ ਜਾਮੇ ਦੀ ਦਿੱਤੀ ਸਾਈ,
ਮੁਰਸ਼ਦ ਸ਼ਾਹ ਅਨਾਇਤ ਸਾਈਂ, ਜਿਸ ਦਿਲ ਮੇਰਾ ਭਰਮਾਇਓ ਰੇ
ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹੀ ਚੇਟਕ ਲਾਇਆ ਈ ।
ਮੈਂ ਤੇਰੇ ਵਿਚ ਜੱਰਾ ਨਾ ਜੁਦਾਈ,
ਸਾਥੋਂ ਆਪ ਛੁਪਾਇਆ ਈ ।
ਮਝੀਂ ਆਈਆਂ ਰਾਂਝਾ ਯਾਰ ਨਾ ਆਇਆ,
ਫੂਕ ਬਿਰਹੋਂ ਡੋਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਨਾ ਏਂ,
ਸਾਥੋਂ ਆਪ ਛੁਪਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਵਿਚ ਮਿਸਰ ਦੇ ਵਾਂਗ ਜ਼ੁਲੈਖ਼ਾਂ,
ਘੁੰਗਟ ਖੋਲ੍ਹ ਰੁਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਸ਼ੌਹ ਬੁੱਲ੍ਹੇ ਦੇ ਸਿਰ ਪਰ ਬੁਰਕਾ,
ਤੇਰੇ ਇਸ਼ਕ ਨਚਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹੀ ਚੇਟਕ ਲਾਇਆ ਈ
ਅਲਫ਼ ਅੱਲ੍ਹਾ ਨਾਲ ਰੱਤਾ ਦਿਲ ਮੇਰਾ,
ਮੈਨੂੰ 'ਬੇ' ਦੀ ਖ਼ਬਰ ਨਾ ਕਾਈ ।