ਬੇਦਰਦਾਂ ਦਾ ਕੀ ਭਰਵਾਸਾ, ਖੌਫ਼ ਨਹੀਂ ਦਿਲ ਅੰਦਰ ਮਾਸਾ,
ਚਿੜੀਆਂ ਮੌਤ ਗਵਾਰਾਂ ਹਾਸਾ, ਮਗਰੋਂ ਹੱਸ ਹੱਸ ਤਾੜੀ ਮਾਰੀ ।
ਕੀ ਬੇਦਰਦਾਂ ਸੰਗ ਯਾਰੀ,
ਆਵਣ ਕਹਿ ਗਏ ਫੇਰ ਨਾ ਆਏ, ਆਵਣ ਦੇ ਸਭ ਕੌਲ ਭੁਲਾਏ,
ਮੈਂ ਭੁੱਲੀ ਭੁੱਲ ਨੈਣ ਲਗਾਏ, ਕੇਹੇ ਮਿਲੇ ਸਾਨੂੰ ਠੱਗ ਬਪਾਰੀ ।
ਕੀ ਬੇਦਰਦਾਂ ਸੰਗ ਯਾਰੀ,
ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ (ਕੀਤਾ) ਜ਼ਹਿਰ ਪਿਆਲਾ ਪੀਤਾ,
ਨਾ ਕੁਝ ਨਫ਼ਾ ਨਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਭਾਰੀ ।
ਕੀ ਬੇਦਰਦਾਂ ਸੰਗ ਯਾਰੀ,
ਰੋਵਣ ਅੱਖੀਆਂ ਜ਼ਾਰੋ ਜ਼ਾਰੀ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ ।
ਕੁਨਫਯੀਕੂਨ ਤੈਂ ਆਪ ਕਹਾਆ, ਤੈਂ ਬਾਝੋਂ ਹੋਰ ਕਿਹੜਾ ਆਇਆ,
ਇਸ਼ਕੋਂ ਸਭ ਜ਼ਹੂਰ ਬਣਾਇਆ, ਆਸ਼ਕ ਹੋ ਕੇ ਵੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਪੁੱਛੋ ਆਦਮ ਕਿਸ ਨੇ ਆਂਦਾ ਏ, ਕਿਥੋਂ ਆਇਆ ਕਿੱਥੇ ਜਾਂਦਾ ਏ,
ਓਥੇ ਕਿਸ ਦਾ ਤੈਨੂੰ ਲਾਂਹਜਾ ਏ, ਓਥੇ ਖਾ ਦਾਣਾ ਉਠ ਨੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਆਪੇ ਸੁਣੇ ਤੇ ਆਪ ਸੁਣਾਵੇਂ, ਆਪੇ ਗਾਵੇਂ ਆਪ ਬਜਾਵੇਂ,
ਹੱਕੋਂ ਕੌਲ ਸਰੋਦ ਸੁਣਾਵੇਂ, ਕਿਤੇ ਜਾਹਲ ਹੋ ਕੇ ਨੱਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।