ਅਲਸਤੁਬਰੱਬੁਕਮ ਵਾਰਦ ਹੋਯਾ, ਕਾਲੂਬਲਾ ਧੁੰਮ ਪਾਈ ।
ਕੁਨਫਯੀਕੂਨ ਅਵਾਜ਼ਾ ਹੋਯਾ, ਤਦਾਂ ਅਸਾਂ ਭੀ ਕੋਲੋਂ ਆਹੀ ।
ਲੱਜ਼ਤ ਮਾਰ ਦੀਵਾਨੀ ਕੀਤੀ ਨਹੀਂ ਜਾਤੀ ਅਸਲੀ ਆਹੀ ।
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਇਹ ਪਰਦਾ ਕਿਸ ਤੋਂ ਰਾਖੀ ਦਾ ।
ਕਾਰਨ ਪੀਤ ਮੀਤ ਬਣ ਆਇਆ, ਮੀਮ ਦਾ ਘੁੰਘਟ ਮੁੱਖ ਪਰ ਪਾਇਆ,
ਅਹਿਦ ਤੇ ਅਹਿਮਦ ਨਾਮ ਧਰਾਇਆ, ਸਿਰ ਛਤਰ ਝੁੱਲੇ ਲੌਲਾਕੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਤੁਸੀਂ ਆਪੇ ਆਪ ਹੀ ਸਾਰੇ ਹੋ, ਕਿਉਂ ਕਹਿੰਦੇ ਅਸੀਂ ਨਿਆਰੇ ਹੋ,
ਆਏ ਆਪਣੇ ਆਪ ਨੱਜ਼ਾਰੇ ਹੋ, ਵਿਚ ਬਰਜੱਖ ਰਖਿਆ ਖਾਕੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਤੁਧ ਬਾਝੋਂ ਦੂਸਰਾ ਕਿਹੜਾ ਹੈ, ਕਿਉਂ ਪਾਇਆ ਉਲਟਾ ਝੇੜਾ ਹੈ,
ਇਹ ਡਿਠਾ ਬੜਾ ਅੰਧੇਰਾ ਹੈ, ਹੁਣ ਆਪ ਨੂੰ ਆਪੇ ਆਖੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਕਿਤੇ ਰੂਮੀ ਹੋ ਕਿਤੇ ਸ਼ਾਮੀ ਹੋ, ਕਿਤੇ ਸਾਹਿਬ ਕਿਤੇ ਗੁਲਾਮੀ ਹੋ,
ਤੁਸੀਂ ਆਪਣੇ ਆਪ ਤਮਾਮੀ ਹੋ, ਕਹੋ ਖੋਟਾ ਖਰਾ ਸੌ ਲਾਖੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਜਿਸ ਤਨ ਵਿਚ ਇਸ਼ਕ ਦਾ ਜੋਸ਼ ਹੋਇਆ, ਉਹ ਬੇਖ਼ੁਦ ਹੋ ਬੇਹੋਸ਼ ਹੋਇਆ,
ਉਹ ਕਿਉਂ ਕਰ ਰਹੇ ਖਾਮੋਸ਼ ਹੋਇਆ, ਜਿਸ ਪਿਆਲਾ ਪੀਤਾ ਸਾਕੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।