ਨਾ ਮੈਂ ਮੋਮਨ ਨਾ ਮੈਂ ਕਾਫਰ,
ਨਾ ਸਈਯੇਦ ਨਾ ਸੈਦ ।
ਚੌਦੀਂ ਤਬਕੀਂ ਸੀਰ ਅਸਾਡਾ,
ਕਿਤੇ ਨਾ ਹੁੰਦਾ ਕੈਦ ।
ਖ਼ਰਾਬਾਤ ਮੈਂ ਜਾਲ ਅਸਾਡੀ,
ਨਾ ਸ਼ੋਭਾ ਨਾ ਐਬ ।
ਬੁੱਲ੍ਹਾ ਸ਼ਹੁ ਦੀ ਜ਼ਾਤ ਕੀ ਪੁਛਨੈਂ,
ਨਾ ਪੈਦਾ ਨਾ ਪੈਦ ।
ਪੈਰੋਂ ਨੰਗੀ ਸਿਰੋਂ ਝੰਡੋਲੀ ਸੁਨੇਹਾ ਆਇਆ ਪਾਰੋਂ,
ਤੜਬਰਾਟ ਕੁਝ ਬਣਦਾ ਨਾਹੀਂ ਕੀ ਲੈਸਾਂ ਸੰਸਾਰੋਂ,
ਮੈਂ ਪਕੜਾਂ ਛਜਨੀ (ਛਜਲੀ) ਹਿਰਸ ਉਡਾਵਾਂ ਛੱਟਾ ਮਾਲਗੁਜ਼ਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।
ਹਿੰਦੂ ਤੁਰਕ ਨਾ ਹੁੰਦੇ ਐਸੇ ਦੋ ਜਰਮੇ ਤਰੈ ਜਰਮੇ
ਹਰਾਮ ਹਲਾਲ ਪਛਾਤਾ ਨਾਹੀਂ ਅਸੀਂ ਦੋਹਾਂ ਤੇ ਨਹੀਂ ਭਰਮੇ,
ਗੁਰੂ ਪੀਰ ਦੀ ਪਰਖ ਅਸਾਂਨੂੰ ਸਭਨਾਂ ਤੋਂ ਸਿਰ ਵਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।
ਘੁੰਡੀ ਮੁੰਡੀ ਦਾ ਬੁਹਲ ਬਹਾਇਆ ਬਖਰਾ ਲਿਆ ਦੀਦਾਰੋਂ,
ਘੁੰਡ ਮੁੱਖ ਪੀਆ ਤੋਂ ਲਾਹਿਆ ਸ਼ਰਮ ਰਹੀਂ ਦਰਬਾਰੋਂ,
ਬੁੱਲ੍ਹਾ ਸ਼ਹੁ ਦੇ ਹੋ ਕੇ ਰਹੀਏ ਛੁੱਟ ਗਏ ਕਾਰ ਬਗਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।