ਚੁੱਗ ਚੁੱਗ ਕੇ ਮੈਂ ਢੇਰੀ ਕੀਤਾ ਲੱਥੇ ਆਣ ਬਪਾਰੀ ।
ਔਖੀ ਘਾਟੀ ਮੁਸ਼ਕਲ ਪੈਂਡਾ ਸਿਰ ਪਰ ਗੱਠੜੀ ਭਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ।
ਅਮਲਾਂ ਵਾਲੀਆਂ ਸਭ ਲੰਘ ਗਈਆਂ ਰਹਿ ਗਈ ਔਗੁਣਹਾਰੀ ।
ਸਾਰੀ ਉਮਰਾ ਖੇਡ ਗਵਾਈ ਓੜਕ ਬਾਜ਼ੀ ਹਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ।
ਅਲੱਸਤ ਕਿਹਾ ਜਦ ਅੱਖੀਆਂ ਲਾਈਆਂ ਹੁਣ ਕਿਉਂ ਯਾਰ ਵਿਸਾਰੀ ।
ਇੱਕੋ ਘਰ ਵਿਚ ਵਸਦੀਆਂ ਰਸਦੀਆਂ ਹੁਣ ਕਿਉਂ ਰਹੀ ਨਯਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ।
ਮੈਂ ਕਮੀਨੀ ਕੁਚੱਜੀ ਕੋਹਜੀ ਬੇਗੁਣ ਕੌਣ ਵਿਚਾਰੀ ।
ਬੁੱਲ੍ਹਾ ਸ਼ੌਹ ਦੇ ਲਾਇਕ ਨਾਹੀਂ ਸ਼ਾਹ ਇਨਾਇਤ ਤਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ।
ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ,
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਲੋਕੀਂ ਸੱਜਦਾ ਕਾਅਬੇ ਨੂੰ ਕਰਦੇ ਸਾਡਾ ਸੱਜਦਾ ਯਾਰ ਪਿਆਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਅਉਗਣ ਵੇਖ ਨਾ ਭੁੱਲ ਮੀਆਂ ਰਾਂਝਾ ਯਾਦ ਕਰੀਂ ਏਸ ਕਾਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਮੈਂ ਮਨਤਾਰੂ ਤਰਨ ਨਾ ਜਾਣਾਂ ਸ਼ਰਮ ਪਈ ਤੁੱਧ ਤਾਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।