ਬੁੱਲ੍ਹਾ ਆਸ਼ਕ ਦੀ ਬਾਤ ਨਿਆਰੀ, ਪ੍ਰੇਮ ਵਾਲਿਆਂ ਬੜੀ ਕਰਾਰੀ,
ਮੂਰਖ ਦੀ ਮੱਤ ਐਵੇਂ ਮਾਰੀ, ਵਾਕ ਸੁਖ਼ਨ ਚੁੱਪ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।
ਐਸਾ ਮਨ ਮੇਂ ਆਇਓ ਰੇ, ਦੁੱਖ ਸੁੱਖ ਸਭ ਵੰਞਾਇਉ ਰੇ
ਹਾਰ ਸ਼ਿੰਗਾਰ ਕੋ ਆਗ ਲਗਾਊਂ, ਤਨ ਪਰ ਢਾਂਡ ਮਚਾਇਓ ਰੇ ।
ਸੁਣ ਕੇ ਗਿਆਨ ਕੀਆਂ ਐਸੀ ਬਾਤਾਂ, ਨਾਮ ਨਿਸ਼ਾਨ ਤਭੀ ਅਲਘਾਤਾਂ,
ਕੋਇਲ ਵਾਂਙ ਮੈਂ ਕੂਕਾਂ ਰਾਤਾਂ, ਤੈਂ ਅਜੇ ਭੀ ਤਰਸ ਨਾ ਆਇਉ ਰੇ ।
ਗਲ ਮਿਰਗਾਨੀ ਸੀਸ ਖੱਪਰੀਆਂ, ਦਰਸ਼ਨ ਕੀ ਭੀਖ ਮੰਗਣ ਚੜ੍ਹਿਆ,
ਜੋਗਨ ਨਾਮ ਬੂਹਲਤ ਧਰਿਆ, ਅੰਗ ਬਿਭੂਤ ਰਮਾਇਉ ਰੇ
ਇਸ਼ਕ ਮੁੱਲਾਂ ਨੇ ਬਾਂਗ ਸੁਣਾਈ, ਇਹ ਗੱਲ ਵਾਜਬ ਆਈ,
ਕਰ ਕਰ ਸਿਦਕ ਸਿਜਦੇ ਵਲ ਧਾਈ, ਮੂੰਹ ਮਹਿਰਾਬ ਟਿਕਾਇਓ ਰੇ ।
ਪ੍ਰੇਮ ਨਗਰ ਵਾਲੇ ਉਲਟੇ ਚਾਲੇ, ਮੈਂ ਮੋਈ ਭਰ ਖੁਸ਼ੀਆਂ ਨਾਲੇ,
ਆਣ ਫਸੀ ਆਪੇ ਵਿਚ ਜਾਲੇ, ਹੱਸ ਹੱਸ ਆਪ ਕੁਹਾਇਓ ਰੇ ।
ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ, ਜੀਅ ਜਾਮੇ ਦੀ ਦਿੱਤੀ ਸਾਈ,
ਮੁਰਸ਼ਦ ਸ਼ਾਹ ਅਨਾਇਤ ਸਾਈਂ, ਜਿਸ ਦਿਲ ਮੇਰਾ ਭਰਮਾਇਓ ਰੇ
ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹੀ ਚੇਟਕ ਲਾਇਆ ਈ ।
ਮੈਂ ਤੇਰੇ ਵਿਚ ਜੱਰਾ ਨਾ ਜੁਦਾਈ,
ਸਾਥੋਂ ਆਪ ਛੁਪਾਇਆ ਈ ।
ਮਝੀਂ ਆਈਆਂ ਰਾਂਝਾ ਯਾਰ ਨਾ ਆਇਆ,
ਫੂਕ ਬਿਰਹੋਂ ਡੋਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਨਾ ਏਂ,
ਸਾਥੋਂ ਆਪ ਛੁਪਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਵਿਚ ਮਿਸਰ ਦੇ ਵਾਂਗ ਜ਼ੁਲੈਖ਼ਾਂ,
ਘੁੰਗਟ ਖੋਲ੍ਹ ਰੁਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਸ਼ੌਹ ਬੁੱਲ੍ਹੇ ਦੇ ਸਿਰ ਪਰ ਬੁਰਕਾ,
ਤੇਰੇ ਇਸ਼ਕ ਨਚਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹੀ ਚੇਟਕ ਲਾਇਆ ਈ
ਅਲਫ਼ ਅੱਲ੍ਹਾ ਨਾਲ ਰੱਤਾ ਦਿਲ ਮੇਰਾ,
ਮੈਨੂੰ 'ਬੇ' ਦੀ ਖ਼ਬਰ ਨਾ ਕਾਈ ।
'ਬੇ' ਪੜ੍ਹਦਿਆਂ ਮੈਨੂੰ ਸਮਝ ਨਾ ਆਵੇ,
ਲੱਜਤ ਅਲਫ਼ ਦੀ ਆਈ ।
'ਐਨਾ ਤੇ ਗੈਨਾ' ਨੂੰ ਸਮਝ ਨਾ ਜਾਣਾ,
ਗੱਲ ਅਲਫ਼ ਸਮਝਾਈ ।
ਬੁੱਲ੍ਹਿਆ ਕੌਲ ਅਲਫ਼ ਦੇ ਪੂਰੇ,
ਜਿਹੜੇ ਦਿਲ ਦੀ ਕਰਨ ਸਫਾਈ ।
ਅੰਮਾਂ ਬਾਬੇ ਦੀ ਭਲਆਿਈ, ਉਹ ਹੁਣ ਕੰਮ ਅਸਾਡੇ ਆਈ ।
ਅੰਮਾਂ ਬਾਬਾ ਹੋਰ ਦੋ ਰਾਹਾਂ ਦੇ, ਪੁੱਤਰ ਦੀ ਵਡਿਆਈ ।
ਦਾਣੇ ਉੁੱਤੋਂ ਗੁੱਤ ਬਿਗੁੱਤੀ, ਘਰ ਘਰ ਪਈ ਲੜਾਈ ।
ਅਸਾਂ ਕਜ਼ੀਏ ਤਦਾਹੀਂ ਜਾਲੇ, ਜਦਾਂ ਕਣਕ ਉਨ੍ਹਾਂ ਟਰਘਾਈ ।
ਖਾਏ ਖੈਰਾਤੇਂ ਫਾਟੀਏ ਜੁੰਮਾ, ਉਲਟੀ ਦਸਤਕ ਲਾਈ ।
ਬੁੱਲ੍ਹਾ ਤੋਤੇ ਮਾਰ ਬਾਗਾਂ ਥੀ ਕੱਢੇ, ਉੁੱਲੂ ਰਹਿਣ ਉਸ ਜਾਈ ।
ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ ।
ਅਪਣੇ ਸੰਗ ਰਲਾਈਂ ਪਿਆਰੇ, ਅਪਣੇ ਸੰਗ ਰਲਾਈਂ।
ਪਹਿਲੋਂ ਨੇਹੁੰ ਲਗਾਇਆ ਸੀ ਤੈਂ ਆਪੇ ਚਾਈਂ ਚਾਈਂ।
ਮੈਂ ਲਾਇਆ ਏ ਕੇ ਤੁੱਧ ਲਾਇਆ ਏ ਆਪਣੀ ਓੜ ਨਿਭਾਈਂ।
ਰਾਹ ਪਵਾਂ ਤਾਂ ਧਾੜੇ ਬੇਲੇ, ਜੰਗਲ ਲੱਖ ਬਲਾਈਂ।
ਭੌਂਕਣ ਚੀਤੇ ਤੇ ਚਿਤਮੁਚਿੱਤੇ ਭੌਕਣ ਕਰਨ ਅਦਾਈਂ।
ਪਾਰ ਤੇਰੇ ਜਗਤ ਤਰ ਚੜ੍ਹਿਆ ਕੰਢੇ ਲੱਖ ਬਲਾਈਂ।
ਹੌਲ ਦਿਲੇ ਦਾ ਥਰ ਥਰ ਕੰਬਦਾ ਬੇੜਾ ਪਾਰ ਲੰਘਾਈਂ।
ਕਰ ਲਈ ਬੰਦਗੀ ਰੱਬ ਸੱਚੇ ਦੀ ਪਵਣ ਕਬੂਲ ਦੁਆਈਂ।
ਬੁੱਲ੍ਹੇ ਸ਼ਾਹ ਤੇ ਸ਼ਾਹਾਂ ਦਾ ਮੁੱਖੜਾ ਘੁੰਘਟ ਖੋਲ ਵਿਖਾਈਂ।
ਅਪਣੇ ਸੰਗ ਰਲਾਈਂ ਪਿਆਰੇ, ਅਪਣੇ ਸੰਗ ਰਲਾਈਂ।
ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ।
ਇਸ਼ਕ ਡੇਰਾ ਮੇਰੇ ਅੰਦਰ ਕੀਤਾ,
ਭਰ ਕੇ ਜ਼ਹਰਿ ਪਆਿਲਾ ਮੈਂ ਪੀਤਾ,
ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ।
ਛੁੱਪ ਗਿਆ ਸੂਰਜ ਬਾਹਰ ਰਹਿ ਗਈ ਆ ਲਾਲੀ,
ਹੋਵਾਂ ਮੈਂ ਸਦਕੇ ਮੁੜ ਜੇ ਦੇਂ ਵਿਖਾਲੀ,
ਮੈਂ ਭੁੱਲ ਗਈਆਂ ਤੇਰੇ ਨਾਲ ਨਾ ਗਈਆਂ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ।
ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾਂ,
ਇਹ ਸਿਰ ਆਇਆ ਏ ਮੇਰਾ ਹੇਠ ਵਦਾਣਾਂ,
ਸੱਟ ਪਈ ਇਸ਼ਕੇ ਦੀ ਤਾਂ ਕੂਕਾਂ ਦਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਏਸ ਇਸ਼ਕ ਦੇ ਕੋਲੋਂ ਸਾਨੂੰ ਹਟਕ ਨਾ ਮਾਏ,
ਲਾਹੂ (ਲਾਹੌਰ) ਜਾਂਦੜੇ ਬੇੜੇ ਮੋੜ ਕੌਣ ਹਟਾਏ,
ਮੇਰੀ ਅਕਲ ਭੁੱਲੀ ਨਾਲ ਮੁਹਾਣਿਆਂ ਦੇ ਗਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਏਸ ਇਸ਼ਕ ਦੀ ਝੰਗੀ ਵਿੱਚ ਮੋਰ ਬੁਲੇਂਦਾ,
ਸਾਨੂੰ ਕਾਬਾ ਤੇ ਕਿਬਲਾ ਪਿਆਰਾ ਯਾਰ ਦਸੇਂਦਾ,
ਸਾਨੂੰ ਘਾਇਲ ਕਰਕੇ ਫਿਰ ਖਬਰ ਨਾ ਲਈਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਬੁੱਲ੍ਹਾ ਸ਼ਾਹ ਇਨਾਇਤ ਦੇ ਬਹਿ ਬੂਹੇ,
ਜਿਸ ਪਹਿਨਾਏ ਸਾਨੂੰ ਸਾਵੇ ਸੂਹੇ,
ਜਾਂ ਮੈਂ ਮਾਰੀ ਉਡਾਰੀ ਮਿਲ ਪਿਆ ਵਹੀਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਬੰਸੀ ਵਾਲਿਆ ਚਾਕਾ ਰਾਂਝਾ, ਤੇਰਾ ਸੁਰ ਹੈ ਸਭ ਨਾਲ ਸਾਂਝਾ,
ਤੇਰੀਆਂ ਮੌਜਾਂ ਸਾਡਾ ਮਾਂਝਾ, ਸਾਡੀ ਸੁਰ ਤੈਂ ਆਪ ਮਿਲਾਈ ।
ਬੰਸੀ ਕਾਹਨ ਅਚਰਜ ਬਜਾਈ ।
ਬੰਸੀ ਵਾਲਿਆ ਕਾਹਨ ਕਹਾਵੇਂ, ਸਬ ਦਾ ਨੇਕ ਅਨੂਪ ਮਨਾਵੇਂ,
ਅੱਖੀਆਂ ਦੇ ਵਿਚ ਨਜ਼ਰ ਨਾ ਆਵੇਂ, ਕੈਸੀ ਬਿਖੜੀ ਖੇਲ ਰਚਾਈ ।
ਬੰਸੀ ਕਾਹਨ ਅਚਰਜ ਬਜਾਈ ।
ਬੰਸੀ ਸਭ ਕੋਈ ਸੁਣੇ ਸੁਣਾਵੇ, ਅਰਥ ਇਸ ਦਾ ਕੋਈ ਵਿਰਲਾ ਪਾਵੇ,
ਜੋ ਕੋਈ ਅਨਹਦ ਕੀ ਸੁਰ ਪਾਵੇ, ਸੋ ਇਸ ਬੰਸੀ ਕਾ ਸ਼ੌਦਾਈ ।
ਬੰਸੀ ਕਾਹਨ ਅਚਰਜ ਬਜਾਈ ।