ਹੁਣ ਅਸਾਂ ਵਹਦਤ ਵਿਚ ਘਰ ਪਾਇਆ, ਵਾਸਾ ਹੈਰਤ ਦੇ ਸੰਗ ਆਇਆ,
ਜੀਵਨ ਜੰਮਣ ਮਰਨ ਵੰਜਾਇਆ, ਆਪਣੀ ਸੁੱਧ ਬੁੱਧ ਰਹੀ ਨਾ ਕਾਈ।
ਜਬ ਕੀ ਪੀਆ ਸੰਗ ਪੀਤ ਲਗਾਈ ।
ਮੈਂ ਜਾਤਾ ਸੀ ਇਸ਼ਕ ਸੁਖਾਲਾ, ਚਹੁੰ ਨਦੀਆਂ ਦਾ ਵਹਿਣ ਉਜਾਲਾ,
ਕਦੀ ਤੇ ਅੱਗ ਭੜਕੇ ਕਦੀ ਪਾਲਾ, ਨਿੱਤ ਬਿਰਹੋਂ ਅੱਗ ਲਗਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਡਿਹੋਂ ਡਿਹੋਂ ਇਸ਼ਕ ਨੱਕਾਰੇ ਵੱਜਦੇ, ਆਸ਼ਕ ਵੇਖ ਉਤੇ ਵੱਲ ਭੱਜਦੇ,
ਤੜ ਤੜ ਤਿੜਕ ਗਏ ਲੜ ਲੱਜਦੇ, ਲੱਗ ਗਿਆ ਨਿਹੁੰ ਤਾਂ ਸ਼ਰਮ ਸਿਧਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਪਿਆਰੇ ਬੱਸ ਕਰ ਬਹੁਤੀ ਹੋਈ, ਤੇਰਾ ਇਸ਼ਕ ਮੇਰੀ ਦਿਲਜੋਈ,
ਤੈਂ ਬਿਨ ਮੇਰਾ ਸੱਕਾ ਨਾ ਕੋਈ, ਅੰਮਾਂ ਬਾਬਲ ਭੈਣ ਨਾ ਭਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਕਦੀ ਜਾ ਅਸਮਾਨੀ ਬਹਿੰਦੇ ਹੋ, ਕਦੀ ਇਸ ਜੱਗ ਦਾ ਦੁੱਖ ਸਹਿੰਦੇ ਹੋ,
ਕਦੀ ਪੀਰੇਮੁਗ਼ਾਂ ਬਣ ਬਹਿੰਦੇ ਹੋ, ਮੈਂ ਤਾਂ ਇਕਸੇ ਨਾਚ ਨਚਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਤੇਰੇ ਹਿਜਰੇ ਵਿਚ ਮੇਰਾ ਹੁਜਰਾ ਏ, ਦੁੱਖ ਡਾਢਾ ਮੈਂ ਪਰ ਗੁਜ਼ਰਾ ਏ,
ਕਦੇ ਹੋ ਮਾਇਲ ਮੇਰਾ ਮੁਜਰਾ ਏ, ਮੈਂ ਤੈਥੋਂ ਘੋਲ ਘੁਮਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਤੁਧ ਕਾਰਨ ਮੈਂ ਐਸਾ ਹੋਇਆ, ਤੂੰ ਦਰਵਾਜ਼ੇ ਬੰਦ ਕਰ ਸੋਇਆ,
ਦਰ ਦਸਵੇਂ ਤੇ ਆਣ ਖਲੋਇਆ, ਕਦੇ ਮੰਨ ਮੇਰੀ ਆਸ਼ਨਾਈ।
ਜਬ ਕੀ ਪੀਆ ਸੰਗ ਪੀਤ ਲਗਾਈ ।