ਖੇੜਾ ਫੁੱਲ ਘੋੜੇ ਤੇ ਚੜ੍ਹਿਆ, ਫੱਕਰ ਧੂੜ ਗਰਦ ਵਿਚ ਰਲਿਆ,
ਏਡਾ ਮਾਣ ਕਿਉਂ ਕੂੜਾ ਕਰਿਆ, ਉਸ ਕੀਤੀ ਬੇਪਰਵਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੜ੍ਹ ਕੇ ਪੀਰ ਖੇੜਿਆਂ ਦਾ ਆਇਆ, ਉਸ ਨੇ ਕੇਹਾ ਸ਼ੋਰ ਮਚਾਇਆ,
ਮੈਨੂੰ ਮਾਹੀ ਨਜ਼ਰ ਨਾ ਆਇਆ, ਤਾਂਹੀਏਂ ਕੀਤੀ ਹਾਲ ਦੁਹਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਮੈਂ ਮਾਹੀ ਦੀ ਮਾਹੀ ਮੇਰਾ, ਗੋਸ਼ਤ ਪੋਸਤ ਬੇਰਾ-ਬੇਰਾ,
ਦਿਨ ਹਸ਼ਰ ਦੇ ਕਰਸਾਂ ਝੇੜਾ, ਜਦ ਦੇਸੀ ਦਾਦ ਇਲਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੂਚਕ ਕਾਜ਼ੀ ਸਦ ਬਹਾਇਆ, ਮੈਂ ਮਨ ਰਾਂਝੂ ਮਾਹੀ ਭਾਇਆ,
ਧੱਕੋ ਧੱਕ ਨਿਕਾਹ ਪੜ੍ਹਾਇਆ, ਉਸ ਕੀਤਾ ਫ਼ਰਜ਼ ਅਦਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਤੇਲ ਵਟਨਾ ਕੰਧੇ ਮਲਿਆ, ਚੋਇਆ ਚੰਦਨ ਮੱਥੇ ਰਲਿਆ,
ਮਾਹੀ ਮੇਰਾ ਬੇਲੇ ਵੜਿਆ, ਮੈਂ ਕੀ ਕਰਨੀ ਕੰਙਣ ਬਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਹੋਰ ਸੱਭੋ ਕੁਝ ਦੱਸਣ ਕਰਿਆ, ਇਹ ਦੁੱਖ ਜਾਏ ਨਾ ਮੈਥੋਂ ਜਰਿਆ,
ਟਮਕ ਰਾਂਝਣ ਦੇ ਸਿਰ ਤੇ ਧਰਿਆ, ਮੋਢੇ ਬੁਗ਼ਚਾ ਲੋਹ ਕੜਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਟਮਕ ਸੁੱਟ ਟਿੱਲੇ ਵਲ ਜਾਵੇ, ਬੈਠਾ ਉਸ ਦਾ ਨਾਮ ਧਿਆਵੇ,
ਕੰਨ ਪੜਵਾ ਕੇ ਮੁੰਦਰਾਂ ਪਾਵੇ, ਗੁੜ ਲੈ ਕੇ ਦੋ ਸੇਰ ਸ਼ਾਹੀ।
ਮੇਰੇ ਕਿਉਂ ਚਿਰ ਲਾਇਆ ਮਾਹੀ ।