

ਇਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਲੂਮੀ ਸਭ ਦੀ ਏ,
ਹਰ ਹਰ ਵਿਚ ਸੂਰਤ ਰੱਬ ਦੀ ਏ, ਕਿਤੇ ਜ਼ਾਹਰ ਕਿਤੇ ਛੁਪੇਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਏਥੇ ਦੁਨੀਆਂ ਵਿਚ ਅਨ੍ਹੇਰਾ ਏ, ਇਹ ਤਿਲਕਣ ਬਾਜ਼ੀ ਵਿਹੜਾ ਏ,
ਵੜ ਅੰਦਰ ਵੇਖੋ ਕਿਹੜਾ ਏ, ਕਿਉਂ ਖਫ਼ਤਣ ਬਾਹਰ ਢੂੰਡੇਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਏਥੇ ਲੇਖਾ ਪਾਓਂ ਪਸਾਰਾ ਏ, ਇਹਦਾ ਵਖਰਾ ਭੇਤ ਨਿਆਰਾ ਏ,
ਇਹ ਸੂਰਤ ਦਾ ਚਮਕਾਰਾ ਏ, ਜਿਵੇਂ ਚਿਣਗ ਦਾਰੂ ਵਿਚ ਪੈਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਕਿਤੇ ਨਾਜ਼ ਅਦਾ ਦਿਖਲਾਈਦਾ, ਕਿਤੇ ਹੋ ਰਸੂਲ ਮਿਲਾਈਦਾ,
ਕਿਤੇ ਆਸ਼ਕ ਬਣ ਬਣ ਆਈਦਾ, ਕਿਤੇ ਜਾਨ ਜੁਦਾਈ ਸਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਜਦੋਂ ਜ਼ਾਹਰ ਹੋਏ ਨੂਰ ਹੁਰੀਂ, ਜਲ ਗਏ ਪਹਾੜ ਕੋਹ-ਤੂਰ ਹੁਰੀਂ,
ਤਦੋਂ ਦਾਰ ਚੜ੍ਹੇ ਮਨਸੂਰ ਹੁਰੀਂ, ਓਥੇ ਸ਼ੇਖੀ ਪੇਸ਼ ਨਾ ਵੈਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਜੇ ਜ਼ਾਹਰ ਕਰਾਂ ਇਸਰਾਰ ਤਾਈਂ, ਸਭ ਭੁੱਲ ਜਾਵਣ ਤਕਰਾਰ ਤਾਈਂ,
ਫਿਰ ਮਾਰਨ ਬੁੱਲ੍ਹੇ ਯਾਰ ਤਾਈਂ, ਏਥੇ ਮਖ਼ਫ਼ੀ ਗੱਲ ਸੋਹੇਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਅਸਾਂ ਪੜ੍ਹਿਆ ਇਲਮ ਤਹਕੀਕੀ ਏ, ਓਥੇ ਇਕੋ ਹਰਫ਼ ਹਕੀਕੀ ਏ,
ਹੋਰ ਝਗੜਾ ਸਭ ਵਧੀਕੀ ਏ, ਐਵੇਂ ਰੌਲਾ ਪਾ ਪਾ ਬਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।