ਕਰਤੇ ਕੀਆ ਬਾਤਾ
(ਜਪੁ ਦੀ ਬਾਣੀ ਦਾ ਇੱਕ ਵਿਸ਼ਲੇਸ਼ਣ)
ਗੁਰਦੀਪ ਸਿੰਘ ਭਮਰਾ
ਸਮਰਪਣ
ਕਰਤੇ ਕੀਆ ਬਾਤਾ
ਕਰਤੇ
ਨੂੰ
ਤਤਕਰਾ
ਕਰਤੇ ਕੀਆ ਬਾਤਾ
ਗੁਰਬਾਣੀ ਦਾ ਚਿਰੋਕਣਾ ਅਧਿਐਨ ਕਰਦਿਆਂ ਜਿਹੜਾ ਵੀ ਵਕਤ ਇਸ ਵਿੱਚ ਗੁਜ਼ਾਰਿਆ ਇਹ ਮੇਰੇ ਲਈ ਇੱਕ ਸਫਰ ਵਰਗਾ ਸੀ। ਇਹ ਇੱਕ ਬੀਜ ਤੋਂ ਦਰਖ਼ਤ ਬਣਨ ਦਾ ਸੀ।
ਗੁਰਬਾਣੀ ਨੂੰ ਗੁਰਬਾਣੀ ਤੋਂ ਹੀ ਸਮਝਣ ਦੀ ਆਦਤ ਪਈ ਜਦੋਂ ਮੈਨੂੰ ਸਟੀਕਾਂ ਵਿਚਲੀ ਵਿਆਖਿਆ ਵਿੱਚ ਮਨਮੱਤ ਨਜ਼ਰ ਆਈ। ਮੈਂ ਸਟੀਕਾਂ ਦਾ ਸਾਥ ਛੱਡ ਕੇ ਗੁਰਬਾਣੀ ਨੂੰ ਫੜ ਲਿਆ। ਵਾਹ ਲੱਗਦੀ ਮੈਂ ਗੁਰਬਾਣੀ ਦਾ ਅਧਿਐਨ ਗੁਰਬਾਣੀ ਚੋਂ ਹੀ ਕੀਤਾ ਹੈ।
ਗੁਰਬਾਣੀ ਨੇ ਹੀ ਮੇਰੀ ਇਹ ਸਮਝ ਬਣਾਈ ਹੈ। ਗੁਰਬਾਣੀ ਚੋਂ ਮੈਨੂੰ ਰਸਤਾ ਨਜ਼ਰ ਆਇਆ। ਗੁਰਬਾਣੀ ਨੇ ਮੈਨੂੰ ਇਸ ਪੱਧਰ ਤੱਕ ਲੈ ਆਂਦਾ ਕਿ ਸਾਰੇ ਤਾਲੇ ਖੁਲ੍ਹਦੇ ਗਏ। ਭੇਦ ਉਜਾਗਰ ਹੁੰਦੇ ਗਏ। ਸੋ ਇਸ ਚੋਂ ਨਿਕਲੇ ਅਨੁਭਵ ਚੋਂ ਮੈਂ ਇਹ ਪੁਸਤਕ ਕਰਤੇ ਕੀਆ ਬਾਤਾ ਆਪਣੇ ਪਾਠਕਾਂ ਦੀ ਨਜ਼ਰ ਕਰ ਰਿਹਾ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੇਰੇ ਪਾਠਕ ਇੱਕ ਸਮਝ ਵਿਕਸਤ ਕਰਨ ਜਿਸ ਤੋਂ ਅੱਗੇ ਗੁਰਬਾਣੀ ਗੁਰਸਿੱਖੀ, ਗੁਰਮੱਤ ਦੀਆਂ ਸਾਰੀਆਂ ਦੁਬਿਧਾਵਾਂ ਦੂਰ ਹੋ ਸਕਣ।
ਇੱਕ ਚੈਪਟਰ ਸਿੱਖੀ ਦੀ ਸਮਝ ਦੇ ਸਿਰਲੇਖ ਹੇਠ ਸ਼ਾਮਿਲ ਕੀਤਾ ਹੈ, ਜਿਸ ਦਾ ਮੰਤਵ ਸਿੱਖ ਵਿਚਾਰ ਦੀ ਪੂਰੀ ਸਮਝ ਦਾ ਪ੍ਰਗਟਾਵਾ ਕਰਨਾ ਤੇ ਇਸ ਨੂੰ ਅਮਲੀ ਰੂਪ ਵਿੱਚ ਵਰਤ ਕੇ ਇਸ ਤੋਂ ਅਨੁਭਵ ਦੀ ਅਮੀਰੀ ਨਾਲ ਸ਼ਰਸਾਰ ਹੋਣਾ ਹੈ।
ਭੁੱਲ ਚੁਕ ਮੇਰੀ, ਵਾਧਾ ਕਰਤੇ ਦਾ, ਕਰਤਾ ਪੁਰਖ ਕੀਆ ਬਾਤਾ ਦਾ।
ਜਪੁ ਦੀ ਬਾਣੀ
ਆਦਿ ਗ੍ਰੰਥ ਦੀ ਰਚਨਾ ਸਮੇਂ ਜਿਸ ਬਾਣੀ ਨੂੰ ਸਰਵ ਪ੍ਰਥਮ ਦਰਜ ਕੀਤਾ ਗਿਆ ਤੇ ਜਿਸ ਬਾਣੀ ਦਾ ਸਿਰਲੇਖ “ਜਪੁ” ਰੱਖਿਆ ਗਿਆ, ਤੇ ਜਿਸ ਨੂੰ ਗੁਰਬਾਣੀ ਦਾ ਮੂਲ ਅਧਾਰ ਮੰਨਿਆ ਜਾਂਦਾ ਹੈ, ਸਾਡੀ ਇਸ ਪੁਸਤਕ ਦਾ ਮਨੋਰਥ ਉਸ ਬਾਣੀ ਦੇ ਮੂਲ ਤੱਤ ਨੂੰ ਸਮਝਣ ਵਿੱਚ ਮਦਦ ਕਰਨਾ ਹੈ। ਜਪੁ ਦੀ ਬਾਣੀ ਦਾ ਮਹੱਤਵ ਸਿੱਖਾਂ - ਗੁਰਸਿੱਖਾਂ ਤੇ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਲਗਭਗ ਇੱਕੋ ਜਿਹਾ ਹੈ। ਇਸ ਨੂੰ ਗੁਰਬਾਣੀ ਦਾ ਦਾਰਸ਼ਨਿਕ ਪ੍ਰਮਾਣੀਕ ਅਧਾਰ ਕਹਿ ਦੇਣਾ ਅਣਉਚਿਤ ਨਹੀਂ ਹੋਵੇਗਾ।
ਆਮ ਮਾਨਤਾ ਅਨੁਸਾਰ ਇਸ ਬਾਣੀ ਦੇ ਰਚੇਤਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਅਤੇ ਇਹ ਕਿ ਇਸ ਬਾਣੀ ਦੀ ਰਚਨਾ ਗੁਰੂ ਸਾਹਿਬ ਨੇ ਆਪਣੇ ਛੇਕੜਲੇ ਵਰ੍ਹਿਆਂ ਵਿਚ ਕੀਤੀ। ਇਸ ਵਿੱਚ ਉਹਨਾਂ ਦਾ ਉਮਰ ਭਰ ਦੇ ਅਨੁਭਵ ਤੇ ਗਿਆਨ ਦਾ ਨਿਚੋੜ ਹੈ। ਇਹ ਬਾਣੀ ਸਾਨੂੰ ਗੁਰਬਾਣੀ ਦੇ ਬਾਕੀ ਹਿੱਸਿਆਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਅਤੇ ਕਿਸੇ ਵੀ ਦੁਬਿਧਾ ਜਾਂ ਭੁਲੇਖੇ ਦੀ ਸੂਰਤ ਵਿੱਚ ਇਸ ਬਾਣੀ ਦਾ ਪ੍ਰਮਾਣ ਹੀ ਅਧਾਰ ਮੰਨਿਆ ਜਾਂਦਾ ਹੈ।
ਜਪੁ ਦੀ ਇਹ ਬਾਣੀ ਉਹਨਾਂ ਦਾ ਇੱਕ ਆਤਮ ਸੰਵਾਦ ਦੇ ਰੂਪ ਵਿੱਚ ਹੈ, ਜਿਸ ਨੂੰ ਸਿੱਖ ਵਿਚਾਰਧਾਰਾ, ਜਾਂ ਗੁਰਮੱਤ ਮੰਨ ਲਿਆਣਾ ਅਤਿਕਥਨੀ ਨਹੀਂ ਹੈ। ਜਿਥੇ ਬਾਕੀ ਬਾਣੀ ਦਾ ਸੰਦਰਭ ਤੇ ਸੰਵਾਦ ਦਾ ਢੰਗ ਵੱਖਰਾ ਹੈ, ਜਪੁ ਦੀ ਬਾਣੀ ਦਾ ਪੱਧਰ ਦਾਰਸ਼ਨਿਕ ਹੈ। ਦਰਸ਼ਨ ਦੀ ਪੱਧਰ ਉਪਰ ਇੱਕ ਸਮਝ ਤਿਆਰ ਹੁੰਦੀ ਸਪਸ਼ਟ ਪ੍ਰਤੀਤ ਹੁੰਦੀ ਹੈ, ਜਿਸ ਨੂੰ ਇੱਕ ਸੰਪਨ ਸਾਧਨ ਵੱਜੋਂ ਵਰਤੇ ਜਾਣ ਲਈ ਸਾਣ ਤੇ ਲਾਇਆ ਗਿਆ ਹੈ, ਤਾਂ ਜੁ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ
ਕੋਈ ਭਰਮ ਨਾ ਰਹੇ। ਇੰਜ ਇਹ ਬਾਣੀ ਨਾ ਸਿਰਫ ਸਮਝ ਤੇ ਬੁੱਧੀ ਦਾ ਮਿਆਰ ਤੈਅ ਕਰਦੀ ਹੈ ਸਗੋਂ ਉਸ ਨੂੰ ਵਰਤਣ ਤੇ ਉਸ ਦੇ ਅਧਾਰ ਉਪਰ ਸਾਰੇ ਭੁਲੇਖਿਆਂ ਨੂੰ ਨਿਪਟਾਉਣ ਵਿੱਚ ਵੀ ਮਦਦ ਕਰਦੀ ਹੈ।
ਗੁਰਬਾਣੀ ਦੇ ਬਹੁਤੇ ਫੈਸਲੇ ਜਪੁ ਦੀ ਬਾਣੀ ਦੇ ਅਧਾਰ ਉਪਰ ਕੀਤੇ ਜਾ ਸਕਦੇ ਹਨ। ਗੁਰਮੱਤ ਦੀਆਂ ਬਹੁਤੀਆਂ ਕਠਿਨਾਈਆਂ ਜਪੁ ਦੀ ਬਾਣੀ ਹੱਲ ਕਰਦੀ ਹੈ। ਇਸ ਲਈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਬਾਣੀ ਦੀ ਸਮਝ ਦੇ ਪੱਧਰ ਉਪਰ ਵਿਆਖਿਆ ਤੇ ਪਕੜ ਬਹੁਤ ਮਜ਼ਬੂਤ ਕਰਨ ਦੀ ਲੋੜ ਹੈ।
ਸਿੱਖਾਂ ਵਿੱਚ ਇਸ ਦਾ ਆਮ ਪਾਠ ਕੀਤੇ ਜਾਣ ਦਾ ਰਿਵਾਜ ਹੈ। ਇਹ ਨਿੱਤ-ਨੇਮ ਦੀ ਬਾਣੀ ਹੈ, ਭਾਵ ਕਿ ਇਹ ਹਰ ਰੋਜ਼ ਪੜ੍ਹੀ ਜਾਣ ਵਾਲੀ ਬਾਣੀ ਹੈ। ਇਸ ਨੂੰ ਸਿਰਫ ਨਿਤਨੇਮ ਦੇ ਹਿੱਸੇ ਵੱਜੋਂ ਪਾਠ ਕਰਨ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ। ਇਸ ਉਪਰ ਗੰਭੀਰ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਇਸ ਦੀ ਸਮਝ ਤੋਂ ਬਾਦ ਹੀ ਸਿੱਖੀ ਦਾ ਅਸਲ ਮੰਤਵ ਸਮਝ ਪੈਣਾ ਸ਼ੁਰੂ ਹੁੰਦਾ ਹੈ।
ਜਪੁ ਦੀਆਂ 38 ਪਉੜੀਆਂ ਹਨ ਜੋ ਵੱਖ ਵੱਖ ਸਮਿਆਂ ਵਿੱਚ ਉਚਾਰੀਆਂ ਗਈਆਂ ਤੇ ਫਿਰ ਬਾਦ ਵਿੱਚ ਇਹਨਾਂ ਨੂੰ ਇਕੱਠਿਆਂ ਕੀਤਾ ਗਿਆ। ਇਸ ਦਾ ਸੰਕੇਤ ਇਸ ਦੇ ਰੂਪਕ ਪੱਖ ਤੋਂ ਮਿਲਦਾ ਹੈ। ਸਾਰੀਆਂ ਪਉੜੀ ਵਿੱਚ ਪੰਗਤੀਆਂ ਦੀ ਗਿਣਤੀ ਇੱਕੋ ਜਿੰਨੀ ਨਹੀਂ, ਕਿਤੇ ਵੱਧ ਹੈ ਕਿਤੇ ਜ਼ਿਆਦਾ, ਜਦੋਂ ਕਿ ਸਿਧ ਗੋਸ਼ਟਿ ਤੇ ਦੱਖਣੀ ਓਅੰਕਾਰ ਦੀਆਂ ਬਾਣੀਆਂ ਵਿੱਚ ਰੂਪਕ ਪੱਖ ਵਧੇਰੇ ਮਜ਼ਬੂਤ ਹੈ। ਉਹ ਰਾਗ ਅਧਾਰਤ ਬਾਣੀਆਂ ਹਨ, ਜਦੋਂ ਕਿ ਜਪੁ ਦੀ ਬਾਣੀ ਲਈ ਕੋਈ ਰਾਗੁ ਨਿਸ਼ਚਿਤ ਨਹੀਂ ਕੀਤਾ ਗਿਆ। ਇਸ ਤੋਂ ਇਕ ਸੰਕੇਤ ਮਿਲਦਾ ਹੈ ਕਿ ਜਪੁ ਦੀ ਬਾਣੀ ਵਿੱਚ ਵਿਚਾਰ ਦੀ ਪ੍ਰਧਾਨਤਾ ਵਧੇਰੇ ਹੈ ਦੂਜਾ ਇਸ ਨੂੰ ਵੱਖ ਵੱਖ ਹਿੱਸਿਆਂ ਵਿੱਚ ਲਿਖੇ ਜਾਣ ਕਾਰਨ ਇਹ ਕਈ ਵਿਚਾਰਾਂ ਦਾ ਸੰਗ੍ਰਹਿ ਜਾਪਦਾ ਹੈ।
ਜਪੁ ਦੀ ਇਸ ਬਾਣੀ ਵਿੱਚ ਧਰਮ ਨਾਲੋਂ ਸਿੱਖ ਸਿਧਾਂਤ, ਜੀਵਨ ਸ਼ੈਲੀ ਵਿਉਹਾਰ ਉਪਰ ਵਧੇਰੇ ਗੱਲ ਕੀਤੀ ਗਈ ਹੈ। ਇਸ ਲਈ ਇਸ ਨੂੰ ਉਸੇ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ। ਸਿੱਖ ਧਰਮ ਨਹੀਂ, ਭਾਵੇਂ ਇਸ ਨੂੰ ਧਰਮ ਦੇ ਰੂਪ ਵਿੱਚ ਵੇਖਣ ਤੇ ਸਮਝਣ ਦੀ ਰਵਾਇਤ ਬਹੁਤ ਪੁਰਾਣੀ ਹੈ।
ਗੁਰਬਾਣੀ ਵਿੱਚ ਕਿਤੇ ਵੀ ਇਸ ਨੂੰ ਧਰਮ ਦਾ ਨਾਂ ਨਹੀਂ ਦਿੱਤਾ ਗਿਆ। ਨਾ ਇਹ ਫਿਰਕਾ ਹੈ, ਨਾ ਇਹ ਮੱਤ, ਸਗੋਂ ਇਸ ਨੂੰ ਪੰਥ ਆਖਿਆ ਗਿਆ ਹੈ। ਨਿਆਰਾ ਪੰਥ; ਮਤਲਬ ਵੱਖਰੇ ਤੌਰ ਤੇ ਤੁਰਨ ਦਾ ਢੰਗ। ਇਸੇ ਲਈ ਸਿੱਖ ਹੋਣ ਦਾ ਮਤਲਬ ਨਾ ਹਿੰਦੂ ਹੋਣਾ ਹੈ ਤੇ ਨਾ ਮੁਸਲਿਮ, ਦੋਹਾਂ ਧਰਮਾਂ ਦੇ ਲੋਕਾਂ ਨੂੰ ਸਮਝਾਉਣ ਲਈ ਗੁਰੂ ਸਾਹਿਬ ਨੇ ਸਹੀ ਰਸਤੇ ਤੁਰਨ ਤੇ ਚੰਗੇ ਕਰਮ ਕਰਨ ਦਾ ਫੁਰਮਾਨ ਦਿੱਤਾ।
ਗੁਰੂ ਸਾਹਿਬ ਨੂੰ, ਜਪੁ ਦੀ ਬਾਣੀ ਤੋਂ ਸਪਸ਼ਟ ਹੋ ਜਾਂਦਾ ਹੈ, ਪੂਰੇ ਬ੍ਰਹਿਮੰਡ ਦੇ ਸਿਸਟਮ ਦੀ ਪੂਰੀ ਸੋਝੀ ਆ ਗਈ ਸੀ। ਉਹਨਾਂ ਨੇ ਬ੍ਰਹਿਮੰਡ ਦੀ ਕਾਰਜ ਪ੍ਰਣਾਲੀ ਤੇ ਕਾਰਜ ਸ਼ੈਲੀ ਨੂੰ ਸਮਝ ਲਿਆ ਸੀ ਤੇ ਉਸ ਨੂੰ ਮਨੁੱਖ ਦੇ ਆਮ ਜੀਵਨ ਤੇ ਸਮਝ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦਿੱਤਾ ਸੀ। ਇਸੇ ਲਈ ਪੂਰੀ ਬਾਣੀ ਵਿੱਚ ਸੱਭ ਤੋਂ ਵਧੇਰੇ ਸਪਸ਼ਟਤਾ ਗੁਰੂ ਨਾਨਕ ਬਾਣੀ ਵਿੱਚ ਹੈ, ਸੱਭ ਤੋਂ ਵਧੇਰੇ ਤਰਲਤਾ ਤੇ ਕਾਵਿਕਤਾ ਗੁਰੂ ਨਾਨਕ ਬਾਣੀ ਵਿੱਚ ਹੈ। ਜਿੰਨੀ ਇਥੇ ਹੈ ਓਨੀ ਹੋਰ ਕਿਤੇ ਨਹੀਂ। ਗੁਰੂ ਸਾਹਿਬ ਨਾ ਸਿਰਫ ਵਿਚਾਰਾਂ ਦੇ ਪੱਧਰ ਉਪਰ ਸੰਕਲਪਾਂ ਨਾਲ ਖੇਡਦੇ ਹਨ ਸਗੋਂ ਰੂਪ ਪੱਖ ਤੋਂ ਅਜਿਹਾ ਮੁਹਾਵਰਾ ਤਿਆਰ ਕਰਦੇ ਹਨ ਕਿ ਉਹਨਾਂ ਦੀ ਗੱਲ ਬਹੁਤ ਸਰਲ ਤੇ ਸਪਸ਼ਟ ਹੋ ਜਾਂਦੀ ਹੈ।
ਜੇ ਕਰ ਜਪੁ ਦੇ ਮੂਲ ਸਰੋਤ ਦੀ ਗੱਲ ਕਰਨੀ ਹੋਵੇ ਤਾਂ ਸਾਨੂੰ ਇਹ ਆਪਣੇ ਸੱਭ ਤੋਂ ਪੁਰਾਤਨ ਰੂਪ ਵਿੱਚ ਆਦਿ ਗ੍ਰੰਥ ਵਿੱਚ ਦਰਜ ਮਿਲਣ ਵਾਲੀ ਬਾਣੀ ਹੈ, ਜਿਸ ਦੇ ਤਤਕਰੇ ਵਿੱਚ ਇਸ ਨੂੰ “ਜਪੁ ਸ਼੍ਰੀ ਸਤਿਗੁਰੂ ਰਾਮਦਾਸ ਜੀਓ ਕਿਆ”, ਚੂੰਕਿ ਇਹ ਆਦਿ ਗ੍ਰੰਥ ਦੀ ਪੋਥੀ ਦੀ ਪਹਿਲੀ ਬਾਣੀ ਹੈ ਇਸ ਲਈ ਇਸ ਨੂੰ ਬਿਨਾਂ
ਕਿਤੇ ਕਿੰਤੂ-ਪਰੰਤੂ ਤੋਂ ਵਿਚਾਰਨ ਲਈ ਇਸ ਦੇ ਮੌਜੂਦਾ ਸਰੂਪ ਉਰ ਨਿਰਭਰ ਕੀਤਾ ਜਾ ਸਕਦਾ ਹੈ।
ਰੂਪਕ ਪੱਖ ਤੋਂ ਇਸ ਦਾ ਤਿੰਨ ਚਾਰ ਹਿੱਸੇ ਹਨ, ਪਹਿਲਾ, ਮੂਲ-ਮੰਤਰ ਜਾਂ ਮੰਗਲਾਚਰਨ, ਦੂਜਾ, ਜਪੁ ਦੇ ਸਿਰਲੇਖ ਨਾਲ ਸ਼ਰੂ ਹੋਈ ਬਾਣੀ, ਤੀਜਾ ਸੋਚਹਿ ਸੋਚ ਨਾ ਹੋਵਈ ਤੋਂ - ਨਾਨਕ ਨਦਰੀ ਨਦਰਿ ਨਿਹਾਲੁ॥ ਤੱਕ ਦੀ ਬਾਣੀ ਜਿਸ ਦੀਆਂ 38 ਪਉੜੀਆਂ ਹਨ ਤੇ ਆਖਰ ਵਿੱਚ ਪਵਣ ਗੁਰੂ - ਪਾਣੀ ਪਿਤਾ ਵਾਲਾ ਸਲੋਕ। ਬਾਣੀ ਕਾਵਿ ਰੂਪ ਵਿਚ ਹੈ ਜਿਸ ਵਾਸਤੇ ਗੁਰੂ ਸਾਹਿਬ ਨੇ ਕਾਵਿ ਪ੍ਰਬੰਧ ਦੀਆਂ ਸਾਰੀਆਂ ਜੁਗਤੀਆਂ ਦੀ ਵਰਤੋਂ ਕੀਤੀ ਹੈ। ਇਸ ਵਿੱਚ ਮੁਹਾਵਰੇ ਹਨ, ਬਿੰਬ ਹਨ, ਅਲੰਕਾਰ ਹਨ, ਪ੍ਰਤੀਕ ਹਨ ਜਿਹਨਾਂ ਦੀ ਵਰਤੋਂ ਨਾਲ ਗੁਰੂ ਸਾਹਿਬ ਨੇ ਪ੍ਰਵਾਨਤ ਤੇ ਪ੍ਰਮਾਣਿਤ ਸੰਕਲਪਾਂ ਨੂੰ ਖੁੱਲ੍ਹੀ ਚੁਣੌਤੀ ਰਾਹੀਂ ਰੱਦ ਕੀਤਾ ਹੈ।
ਪ੍ਰਵਾਨਤ ਸੰਕਲਪਾਂ ਨੂੰ ਰੱਦ ਕਰਨ ਦੀ ਰਵਾਇਤ ਗੁਰੂ ਸਾਹਿਬ ਤੋਂ ਪਹਿਲਾਂ ਵੀ ਮੌਜੂਦ ਸੀ। ਭਗਤੀ ਲਹਿਰ ਦੀ ਹਵਾ ਵਗ ਰਹੀ ਸੀ ਤੇ ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵੀਦਾਸ ਦੀ ਬਾਣੀ ਆਮ ਪ੍ਰਚਲਤ ਸੀ, ਜਿਸ ਵਿੱਚ ਧਰਮ ਦੇ ਸਾਰੇ ਸਥਾਪਤ ਕਰਮ ਕਾਂਡ ਨੂੰ ਚੁਣੌਤੀ ਦੇ ਕੇ ਰੱਦ ਕੀਤਾ ਗਿਆ ਸੀ। ਗੁਰੂ ਸਾਹਮਣੇ ਦੋ ਵਿਕਲਪ ਸਨ, ਇੱਕ ਉਹ ਆਪਣੇ ਪਰਵਾਰਿਕ ਧਰਮ ਦੀ ਲਹਿਰ ਵਿੱਚ ਸ਼ਾਮਿਲ ਹੋ ਜਾਂਦੇ, ਦੂਜਾ ਉਹ ਭਗਤੀ ਲਹਿਰ ਦੇ ਨਾਲ ਖੜ੍ਹੇ ਹੋ ਜਾਂਦੇ। ਜਿਸ ਧਿਰ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਉਸ ਵਿੱਚ ਧਰਮ ਬਦਲਣ ਵਰਗੀ ਕੋਈ ਵੀ ਗੁੰਜਾਇਸ਼ ਨਹੀਂ ਸੀ। ਕਿਸੇ ਨੂੰ ਉਸ ਦੇ ਧਰਮ ਕਰਕੇ ਕਿਸੇ ਨੌਕਰੀ ਤੋਂ ਬਰਖਾਸਤ ਨਹੀਂ ਸੀ ਕੀਤਾ ਜਾਂਦਾ। ਧਰਮ ਦੇ ਕਰਕੇ ਕਿਸੇ ਨੂੰ ਨਕਾਰਿਆ ਨਹੀਂ ਸੀ ਜਾਂਦਾ।
ਉਦੋਂ ਹਾਲੇ ਬਾਬਰ ਨਹੀਂ ਸੀ ਆਇਆ। ਮੁਸਲਿਮ ਸ਼ਾਸ਼ਕ ਜਿਹੜਾ ਰਾਏ ਬੁਲਾਰ ਦੇ ਰੂਪ ਵਿੱਚ, ਨਵਾਬ ਦੌਲਤ ਖਾਨ ਲੋਧੀ ਦੇ ਰੂਪ ਵਿੱਚ ਮੌਜੂਦ ਸੀ ਜਾਂ ਹੋਰ ਵੀ ਜਿਹੜੇ ਰਾਜੇ ਨਵਾਬ ਉਸ ਵਿਵਸਥਾ ਦਾ ਅੰਗ ਸਨ, ਉਹ
ਮਿਲਵਰਤਣ ਦੇ ਪੱਖ ਵਿੱਚ ਸਨ। ਸੋ ਧਰਮ ਦਾ ਰੂਪ ਕਰਮ ਕਾਂਡ ਦੇ ਰੂਪ ਵਿੱਚ ਹੀ ਮੌਜੂਦ ਸੀ। ਚਾਹੇ ਕੋਈ ਹਿੰਦੂ ਹੋਵੇ ਜਾਂ ਮੁਸਲਿਮ, ਹਰੇਕ ਧਾਰਮਿਕ ਵਿਅਕਤੀ ਆਪੋ ਆਪਣੇ ਢੰਗ ਨਾਲ ਕਰਮ ਕਾਂਡੀ ਸੀ। ਕਰਮ ਕਾਂਡ ਦਾ ਕੀ ਮਤਲਬ ਸੀ, ਇਹ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਭਗਤੀ ਲਹਿਰ ਦੀ ਆਮਦ ਪੰਜਾਬ ਵਿੱਚ ਹੋ ਚੁੱਕੀ ਸੀ। ਬਾਬਾ ਫਰੀਦ ਦੀ ਸੁਰ ਸੁਣੀ ਜਾਂਦੀ ਸੀ। ਨਾਥ ਸਾਹਿਤ ਵੀ ਮੌਜੂਦ ਸੀ। ਭਗਤ ਨਾਮਦੇਵ ਪੰਜਾਬ ਦੀ ਯਾਤਰਾ ਕਰ ਚੁੱਕੇ ਸਨ। ਸੰਤ ਕਬੀਰ ਤੇ ਸੰਤ ਰਵਿਦਾਸ ਜੀ ਦੀ ਬਾਣੀ ਆਮ ਲੋਕਾਂ ਦੀ ਜ਼ਬਾਨ ਉਪਰ ਸੀ। ਭਗਤੀ ਲਹਿਰ ਨੇ ਧਰਮ ਦੀ ਪ੍ਰੰਪਰਾਗਤ ਪ੍ਰਥਾ ਨੂੰ ਨਕਾਰ ਕੇ ਪ੍ਰਭੂ ਨਾਲ ਸਿੱਧੇ ਤੌਰ ਤੇ ਜੁੜਨ ਦਾ ਰਾਹ ਦਰਸਾਇਆ।
ਗੁਰੂ ਸਾਹਿਬ ਪ੍ਰਚਲਤ ਧਰਮ ਨੂੰ ਰੱਦ ਕਰਨ ਦੇ ਹੱਕ ਖੜ੍ਹੇ ਹੋਏ। ਉਹ ਭਗਤੀ ਲਹਿਰ ਦੇ ਨੁਮਾਇੰਦੇ ਵਜੋਂ ਭਗਤੀ ਲਹਿਰ ਦੀ ਵਿਚਾਰਧਾਰਾ ਦੇ ਪੱਖ ਵਿੱਚ ਖੜ੍ਹੋ ਗਏ। ਭਗਤੀ ਲਹਿਰ ਚੂੰਕਿ ਕਿਰਤੀਆਂ, ਕਾਮਿਆਂ ਦੀ ਲਹਿਰ ਸੀ, ਇਹ ਕਿਰਤੀ ਕਾਮੇ, ਮਿਹਨਤ ਕਸ਼ ਸਨ, ਆਪਣੇ ਕੰਮ ਦੇ ਮਾਹਰ, ਆਪਣੇ ਕੰਮ ਦੀ ਕੀਮਤ ਆਪਣੀ ਮਰਜ਼ੀ ਨਾਲ ਵਸੂਲਣ ਵਾਲੇ, ਜਿਹਨਾਂ ਤੋਂ ਬਿਨਾਂ ਸਮਾਜ ਦਾ ਇੱਕ ਪਲ ਨਹੀਂ ਸੀ ਸਰਦਾ; ਇਹ ਕੱਪੜਾ ਬੁਣਨ ਵਾਲੇ ਜੁਲਾਹੇ ਸਨ, ਚਮੜੇ ਦਾ ਕੰਮ ਕਰਨ ਵਾਲੇ ਚਮਾਰ, ਨਾਈ ਦਾ ਕੰਮ ਕਰਨ ਵਾਲੇ, ਕੱਪੜਿਆਂ ਨੂੰ ਛਾਪਣ ਦਾ ਕੰਮ ਕਰਨ ਵਾਲੇ, ਕਸਾਈ ਦਾ ਕੰਮ ਕਰਨ ਵਾਲੇ ਖੇਤੀ ਕਰਨ ਵਾਲੇ, ਇਹ ਸਾਰੇ ਹੁਨਰਮੰਦ ਕਾਮੇ ਸਨ, ਆਮ ਸਮਾਜ ਉਹਨਾਂ ਦੇ ਕੰਮ ਦੀ ਕੀਮਤ ਚੁਕਾਉਣ ਤੋਂ ਅਸਮਰਥ ਉਹਨਾਂ ਨੂੰ ਸਮਾਜਿਕ ਤੌਰ ਤੇ ਨੀਂਵਾਂ ਦਿਖਾਉਣ ਉਪਰ ਤੁਲਿਆ ਹੋਇਆ ਸੀ। ਇਸ ਵਾਸਤੇ ਜਦੋਂ ਸਮਾਜ ਧਰਮ ਦਾ ਨਾਂ ਲੈ ਕੇ ਉਹਨਾਂ ਨੂੰ ਨੀਂਵਾਂ ਦਿਖਾ ਕੇ ਉਹਨਾਂ ਦਾ ਆਰਥਿਕ ਸ਼ੋਸ਼ਣ ਕਰਨਾ ਚਾਹੁੰਦਾ ਸੀ, ਤਾਂ ਭਗਤੀ ਲਹਿਰ ਦੇ ਸੰਸਥਾਪਕਾਂ - ਸੰਤਾਂ ਤੇ ਭਗਤਾਂ ਨੇ ਧਰਮ ਨੂੰ ਨਵੇਂ ਅਰਥਾਂ ਵਿੱਚ ਸਮਝਿਆ ਤੇ ਪ੍ਰਚਾਰਿਆ।
ਆਪਣੇ ਸਮੇਂ ਵਿੱਚ ਸਥਾਪਤ ਸਮਾਜ ਧਰਮ ਦੀ ਵਿਆਖਿਆ ਪ੍ਰਮਾਤਮਾ ਨਾਲ ਮਿਲਾਪ ਦੇ ਸਾਧਨ ਦੇ ਤੌਰ ਤੇ ਕਰਦਾ ਸੀ ਤਾਂ ਭਗਤੀ ਲਹਿਰ ਨੇ ਵਿਆਖਿਆ ਅਤੇ ਵਿਆਖਿਆ ਕਰਨ ਵਾਲੇ ਦੋਹਾਂ ਨੂੰ ਮੁੱਢੋਂ ਰੱਦ ਕਰਕੇ ਇੱਕ ਆਪਣੇ ਹੀ ਢੰਗ ਨੂੰ ਸਥਾਪਤ ਕੀਤਾ।
ਭਗਤ ਬਾਣੀ ਆਖਦੀ ਹੈ ਕਿ ਜੇ ਕਰ ਮਨੁੱਖਾ ਜਨਮ ਦਾ ਉਦੇਸ਼ ਪ੍ਰਮਾਤਮਾ ਨਾਲ ਮਿਲਾਪ ਹੀ ਹੈ ਤਾਂ ਫਿਰ ਡਰ ਕਿਸ ਗੱਲ ਦਾ, ਇਸ ਵਾਸਤੇ ਕਿਸੇ ਕਰਮ ਕਾਂਡ ਤੇ ਬ੍ਰਾਹਮਣ - ਪੁਜਾਰੀ ਦੀ ਲੋੜ ਨਹੀਂ। ਪ੍ਰਮਾਤਮਾ ਦੀ ਭਗਤੀ ਸਿੱਧੇ ਤੌਰ ਤੇ ਵੀ ਕੀਤੀ ਜਾ ਸਕਦੀ ਹੈ। ਭਗਤੀ ਦਾ ਢੰਗ ਉਹਨਾਂ ਨੇ ਕੀਰਤਨ ਦੱਸਿਆ। ਕੀਰਤਨ ਦੀ ਨਵੀਂ ਸ਼ੈਲੀ ਸਥਾਪਤ ਕੀਤੀ। ਇੱਕ ਅਜਿਹੀ ਭਾਸ਼ਾ ਬਣਾਈ ਜੋ ਆਮ - ਸਧਾਰਨ ਲੋਕਾਂ ਦੀ ਭਾਸ਼ਾ ਉਪਰ ਅਧਾਰਤ ਸੀ ਤੇ ਇਸ ਭਾਸ਼ਾ ਵਿੱਚ ਪ੍ਰਭੂ ਦੀ ਉਸਤਤੀ ਕਰਨ ਨੂੰ ਹੀ ਅਸਲ ਭਗਤੀ ਦੱਸਿਆ। ਭਗਤਾਂ ਦੀ ਬਾਣੀ ਇਸ ਮਨੋਰਥ ਨਾਲ ਇਹੋ ਜਿਹੇ ਵਿਚਾਰਾਂ ਨਾਲ ਓਤ ਪੋਤ ਹੈ।
ਭਗਤੀ ਲਹਿਰ ਨੇ ਪੌਰਾਣਿਕ ਕਥਾਵਾਂ ਉਪਰ ਅਧਾਰਤ ਸਾਰੇ ਕਰਮ ਕਾਂਡ ਰੱਦ ਕਰਕੇ ਪ੍ਰਮਾਤਮਾ ਦਾ ਜਿਹੜਾ ਸੰਕਲਪ ਪੈਦਾ ਕੀਤਾ, ਉਹ ਮੁਹਵਰੇ ਦੇ ਤੌਰ ਤੇ ਤਾਂ ਸਹੀ ਪ੍ਰਤੀਤ ਹੁੰਦਾ ਸੀ, ਪਰ ਅਮਲੀ ਤੌਰ ਤੇ ਉਹ ਵਿਗਿਆਨਕ ਨਹੀਂ ਸੀ। ਭਗਤੀ ਲਹਿਰ ਦਾ ਪ੍ਰਮਾਤਮਾ ਜਨ ਸਧਾਰਨ ਦੇ ਮਨ-ਮਸਤਕ ਵਿੱਚ ਉਸੇ ਥਾਂ ਉਪਰ ਹੀ ਪਹੁੰਚਾਉਂਦਾ ਸੀ ਜਿਥੇ ਪਹਿਲਾਂ ਤੋਂ ਸਥਾਪਤ ਪ੍ਰਮਾਤਮਾ ਦੀ ਹੋਂਦ ਪਹਿਲਾਂ ਤੋਂ ਹੀ ਮੌਜੂਦ ਸੀ। ਸਿਰਫ ਕਰਮ ਕਾਂਡ ਨੂੰ ਹੀ ਰੱਦ ਕੀਤਾ ਗਿਆ ਸੀ। ਹਿੰਦੂ ਹੋਣ ਵੱਜੋਂ ਤਿਲਕ ਨਹੀਂ ਲਾਉਣਾ, ਅੱਖਾਂ ਬੰਦ ਕਰਕੇ ਭਗਤੀ ਨਹੀਂ ਕਰਨੀ, ਦਾਨ-ਪੁੰਨ ਕਰਨ ਲਈ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਨਹੀਂ ਹੋਣਾ। ਪਰ ਲੈ ਦੇ ਉਹੋ ਪ੍ਰਮਾਤਮਾ, ਬੀਠਲ, ਉਸ ਦੇ ਮੰਦਰ, ਉਸ ਦੀ ਮੂਰਤੀ, ਉਹੋ ਰਾਮ, ਉਹੋ ਕ੍ਰਿਸ਼ਨ, ਉਹੋ ਗੋਬਿੰਦ, ਉਹੋ ਠਾਕੁਰ, ਉਹੋ ਰੱਬ ਤੇ ਉਹੋ ਪ੍ਰਮਾਤਮਾ; ਸੰਕਲਪ ਵੱਜੋਂ ਇਸ ਵਿੱਚ ਕੋਈ ਵੱਡਾ ਅੰਤਰ ਨਹੀਂ ਸੀ। ਜੇ ਕਰ ਅੰਤਰ ਸੀ ਤਾਂ ਉਹ ਰਿਸ਼ਤੇਦਾਰੀ ਦਾ ਸੀ ਤੇ ਰਸਤੇਦਾਰੀ ਦਾ ਸੀ।
ਮੂਲ ਸੰਕਲਪ ਦੇ ਪੱਧਰ ਉਪਰ ਕੰਮ ਕਰਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹਿੱਸੇ ਆਇਆ। ਜਿਹੜੀ ਬਾਣੀ ਇਸ ਉਦੇਸ਼ ਨਾਲ ਗੁਰੂ ਸਾਹਿਬ ਨੇ ਰਚੀ ਉਹ ਉਹਨਾਂ ਦੇ ਸਾਲਾਂ ਦੇ ਅਨੁਭਵ ਉਪਰ ਅਧਾਰਤ ਸੀ ਤੇ ਇਸ ਬਾਣੀ ਦੀ ਰਚਨਾ ਵੀ ਉਹਨਾਂ ਦੀ ਉਮਰ ਦੇ ਆਖਰੀ ਪੜਾ ਉੱਪਰ ਹੋਈ ਮੰਨੀ ਜਾਂਦੀ ਹੈ।
ਜਪੁ ਦੀ ਬਾਣੀ ਗੁਰੂ ਨਾਨਕ ਦੇਵ ਜੀ ਦੇ ਅਨੁਭਵ ਦਾ ਨਿਚੋੜ ਤੇ ਸੰਵਾਦ ਦੀ ਸਮਰਥਾ ਦਾ ਸ਼ਿਖਰ ਹੈ, ਇਸੇ ਲਈ ਇਸ ਨੂੰ ਕਿਸੇ ਵੀ ਪੱਖ ਤੋਂ ਨਾ ਰੱਦ ਕੀਤਾ ਜਾ ਸਕਦਾ ਹੈ ਤੇ ਨਾ ਹੀ ਇਸ ਉੱਪਰ ਕੋਈ ਪ੍ਰਸ਼ਨ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਦੇ ਵਿਚਾਰ ਰੂਪ ਨੂੰ ਸਮਝਣ ਲਈ ਉਹਨਾਂ ਦੀ ਇਸ ਬਾਣੀ ਨੂੰ ਸਹੀ ਦ੍ਰਿਸ਼ਟੀਕੋਣ ਤੋਂ ਸਮਝਣਾ ਬਹੁਤ ਜ਼ਰੂਰੀ ਹੈ, ਇਹ ਵਿਸ਼ੇ ਵਸਤੂ ਤੋਂ ਇਲਾਵਾ ਰੂਪਕ ਪੱਖ ਤੋਂ ਵੀ ਗੁਰੂ ਸਾਹਿਬ ਦੀ ਕਲਾਤਮਕ ਤੇ ਕਾਵਿਕ ਹੁਨਰ ਦਾ ਸ਼ਿਖਰ ਹੈ। ਇਸ ਵਿੱਚ ਨਾ ਸਿਰਫ ਸਥਾਪਤ ਸੰਕਲਪ ਰੱਦ ਹੀ ਕੀਤੇ ਗਏ ਹਨ ਸਗੋਂ ਜਿਹੜਾ ਨਵਾਂ ਸੰਕਲਪ ਉਸਾਰਿਆ ਗਿਆ ਹੈ, ਉਹ ਮਨੁੱਖੀ ਅਮਲ ਦੇ ਐਨਾ ਨੇੜੇ ਹੈ ਤੇ ਇਹ ਐਨਾ ਸਰਲ ਕਰ ਦਿੱਤਾ ਗਿਆ ਹੈ, ਕਿ ਇਸ ਨੇ ਸਾਰੇ ਪੁਰਾਤਨ ਸੰਕਲਪ ਤੇ ਕਾਰ-ਵਿਹਾਰ ਵਿਹਲੇ ਕਰ ਦਿੱਤੇ ਹਨ।
ਜਿਹੜਾ ਸੰਵਾਦ ਗੁਰੂ ਸਾਹਿਬ ਇਸ ਬਾਣੀ ਵਿੱਚ ਰਚਾਉਂਦੇ ਹਨ ਉਹ ਜਪੁ ਦੀ ਬਾਣੀ ਪੜ੍ਹਨ ਵਾਲੇ ਦੇ ਅੰਦਰ ਤੀਕ ਦੀ ਸਮਝ ਨੂੰ ਬਦਲ ਦਿੰਦਾ ਹੈ। ਇਸ ਲਈ ਇਹ ਬਾਣੀ ਸਿਰਫ ਉਸ ਨੂੰ ਹੀ ਪੜ੍ਹਨੀ ਚਾਹੀਦੀ ਹੈ, ਜਿਸ ਨੇ ਸਮਝਣੀ ਹੋਵੇ, ਸਮਝਣੀ ਵੀ ਉਸ ਨੂੰ ਹੀ ਚਾਹੀਦੀ ਹੈ, ਜਿਸ ਨੇ ਇਸ ਦਾ ਅਨੁਭਵ ਕਰਨਾ ਹੋਵੇ ਤੇ ਫਿਰ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲੈਣਾ ਹੋਵੇ। ਸਿਰਫ ਪਾਠ ਕਰਨ ਦੇ ਉਦੇਸ਼ ਨਾਲ ਇਸ ਨੂੰ ਪੜ੍ਹੀ ਜਾਣਾ ਗੁਰੂ ਸਾਹਿਬ ਦੀ ਸੰਵਾਦ ਸਮਰਥਾ ਦੀ ਬੇਅਦਬੀ ਹੈ। ਉਹਨਾਂ ਨੇ ਧਰਮ ਦੀ ਲੋੜ ਨੂੰ ਪ੍ਰਮਾਤਮਾ ਨਾਲ ਮਿਲਾਪ ਦੀ ਬਜਾਏ ਵਰਤਮਾਨ ਜੀਵਨ ਨੂੰ ਸੁਚੱਜੇ ਢੰਗ ਨਾਲ ਜੀਣ ਉਪਰ ਜੋਰ ਦਿੱਤਾ।
ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ, ਅਨੁਸਾਰ ਵਰਤਮਾਨ ਨੂੰ ਬਿਹਤਰ ਤਰੀਕੇ ਨਾਲ ਜੀਣ ਦੀ ਆਦਤ ਨੂੰ ਹੀ ਧਰਮ ਦਾ ਅਧਾਰ ਬਣਾਇਆ। ਇਸ ਲਈ ਗੁਰੂ ਨਾਨਕ ਜਪੁ ਦੀ ਬਾਣੀ ਨੂੰ ਜੀਵਨ ਦਾ ਸਲੀਕਾ ਸਰਲ ਬਣਾਉਣ ਲਈ ਲੋੜੀਂਦੇ ਸੰਕਲਪਾਂ ਉਪਰ ਕੰਮ ਕਰਨ ਨੂੰ ਪਹਿਲ ਦਿੰਦਾ ਹੈ। ਕੋਈ ਜੋ ਮਰਜ਼ੀ ਕਹੇ, ਪਰ ਸਪਸ਼ਟਤਾ ਇਸੇ ਗੱਲ ਵਿੱਚ ਹੈ ਕਿ ੴ ਉਸ ਸੰਕਲਪ ਨੂੰ ਦਰਸਾਉਣ ਵਾਲਾ ਇੱਕ ਚਿੰਨ੍ਹ ਹੈ ਜਿਸ ਦਾ ਅਰਥ ਪੂਰੇ ਬ੍ਰਹਿਮੰਡ ਦਾ ਵਰਤਾਰਾ ਹੈ, ਇਹ ਵਰਤਾਰਾ ਸਾਰਿਆਂ ਲਈ ਇੱਕ ਹੈ। ਓ ਬ੍ਰਹਿਮੰਡ ਦੇ ਵਰਤਾਰੇ ਦਾ ਪ੍ਰਤੀਕ ਹੈ।
ਇਸ ਦਾ ਦੂਸਰਾ ਪਹਿਲੂ ਵੀ ਹੈ। ਜੇ ਕਰ ਇਹ ਸਾਰਾ ਕੁਝ ਪਹਿਲਾਂ ਤੋਂ ਹੀ ਮੌਜੂਦ ਸੀ, ਅਦਵੈਤ ਆ ਗਿਆ ਸੀ ਤੇ ਬ੍ਰਹਮਾਂ ਦੀ ਵਿਆਖਿਆ ਪੁਰਾਣਾਂ ਦੀਆਂ ਕਥਾਵਾਂ ਰਾਹੀਂ ਹੋਣੀ ਸ਼ੁਰੂ ਹੋ ਗਈ ਸੀ, ਫਿਰ ਗੁਰੂ ਸਾਹਿਬ ਨੇ ਇਹ ਸਾਰਾ ਕੁਝ ਨਵੇਂ ਸਿਰੇ ਤੋਂ ਕਿਉਂ ਆਰੰਭਿਆ?
ਹਰੇਕ ਧਰਮ ਦੀ ਆਪਣੀ ਇੱਕ ਕਾਸਮੋਲੋਜੀ ਹੈ। ਉਸ ਦਾ ਆਪਣੀ ਇੱਕ ਵਿਆਖਿਆ ਹੈ, ਜਿਸ ਰਾਹੀਂ ਉਹ ਆਪਣੇ ਆਪ ਨੂੰ ਜਾਇਜ਼ ਠਹਿਰਾਉਂਦਾ ਹੈ। ਗੁਰੂ ਸਾਹਿਬ ਦੇ ਵਿਚਾਰ ਤੇ ਅਨੁਭਵ ਦਾ ਵਿਸ਼ਾ-ਵਸਤੂ ਸੰਪੂਰਨ ਬ੍ਰਹਿਮੰਡ ਹੈ। ਉਹ ਜਦੋਂ ਵੀ ਮੂਲ ਸੰਕਲਪਾਂ ਦਾ ਹਵਾਲਾ ਸਿਰਜਦੇ ਹਨ, ਜਿਹਨਾਂ ਵਿੱਚ ਏਕੰਕਾਰ, ਨਿਰੰਜਨ, ਅਗੋਚਰ, ੴ, ਸਚੁ, ਸਤਿ ਨਾਮੁ ਕਰਤਾ ਪੁਰਖ ਅਕਾਲ ਰੂਪ ਆਦਿ ਸ਼ਾਮਿਲ ਹਨ, ਉਹ ਬ੍ਰਹਿਮੰਡ ਤੇ ਪੂਰੇ ਅਮਲ ਦੇ ਹਵਾਲੇ ਨਾਲ ਗੱਲ ਕਰਦੇ ਹਨ। ਉਹਨਾਂ ਦਾ ਵਿਸ਼ਾ ਵਸਤੂ ਪੂਰਾ ਬ੍ਰਹਿਮੰਡ, ਉਸ ਦੇ ਨਿਯਮ, ਉਸ ਦੀ ਨਿਯਮਬੱਧਤਾ, ਉਸ ਦੀ ਗਤੀਸ਼ੀਲਤਾ, ਬ੍ਰਹਿਮੰਡ ਦੇ ਨਿਯਮਾਂ ਦੀ ਜੀਵਨ ਨਾਲ ਸੁਮੇਲਤਾ ਤੇ ਤਾਲਮੇਲ, ਇਹ ਸਾਰਾ ਕੁਝ ਸਾਹਮਣੇ ਰੱਖ ਕੇ ਹੀ ਬਿੰਬ ਸਿਰਜਦੇ ਹਨ, ਹਵਾਲਾ ਦਿੰਦੇ ਹਨ। ਇਹੋ ਕਾਰਨ ਹੈ ਕਿ ਬਦਲਦੇ ਹਾਲਤ ਤੇ ਬਦਲਦੇ ਗਿਆਨ ਦੇ ਸਾਹਮਣੇ ਗੁਰਬਾਣੀ ਦੀ ਲੋਅ ਲਟ-ਲਟ ਬਲਦੀ ਹੈ।
ਜਪੁ ਦੀ ਬਾਣੀ: ਜਪੁ ਜੀ
ਜਪੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਪਹਿਲੀ ਬਾਣੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਹੋਣ ਕਾਰਨ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਨਿਚੋੜ ਸਮਝਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਇੱਦਾਂ ਨਹੀਂ ਹੈ। ਇਸ ਦਾ ਮਹੱਤਵ ਉਸ ਤੋਂ ਵੀ ਉੱਪਰ ਹੈ।
ਸ਼ਰਧਾ ਵੱਸ ਇਸ ਨੂੰ ਕਈ ਪਹਿਲੂਆਂ ਤੋਂ ਦੇਖਿਆ ਜਾਂਦਾ ਹੈ, ਇਹ ਸੱਭ ਤੋਂ ਪੜ੍ਹੀ ਜਾਣ ਵੀ ਬਾਣੀ ਹੈ। ਇਹ ਸੱਭ ਤੋਂ ਵੱਧ ਚੇਤੇ ਰੱਖੇ ਜਾਣ ਵਾਲੀ ਬਾਣੀ ਹੈ। ਅਕਸਰ ਗੱਲ ਬਾਤ ਵੇਲੇ ਇਸ ਚੋਂ ਹਵਾਲੇ ਦਿੱਤੇ ਤੇ ਲਏ ਜਾਂਦੇ ਹਨ। ਇਸੇ ਕਰਕੇ ਇਸ ਦੀ ਸੱਭ ਤੋਂ ਵੱਧ ਅਵਹੇਲਨਾ ਕੀਤੀ ਗਈ ਹੈ। ਅਕਸਰ ਸਿੱਖ ਵਿਦਵਾਨ ਤੇ ਪ੍ਰਚਾਰਕ ਇਸ ਨੂੰ ਜਪੁ ਦੀ ਬਾਣੀ ਕਰਕੇ ਹੀ ਮੰਨ ਲੈਂਦੇ ਹਨ। ਜਦੋਂ ਕਿ ਇਹ ਸੱਭ ਘੱਟ ਸਮਝੀ ਗਈ ਬਾਣੀ ਹੈ।
ਵਿਦਵਾਨਾਂ ਨੇ ਇਸ ਦਾ ਟੀਕਾ ਕਰਦਿਆਂ, ਇਸ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਖੋਲ੍ਹਿਆ, ਪਰ ਕੋਈ ਵਿਰਲਾ ਹੀ ਇਸ ਦੇ ਉਸ ਭੇਤ ਨੂੰ ਜਾਣ ਪਾਇਆ ਜਿਸ ਨੂੰ ਜਪੁ ਸਮਝ ਕੇ ਮਨ ਵਿੱਚ ਰੱਖਿਆ ਜਾਣਾ ਸੀ।
ਜਪੁ ਜੀ ਇੱਕ ਅਜਿਹੀ ਬਾਣੀ ਹੈ ਜਿਸ ਉਪਰ ਨਾ ਕੋਈ ਰਾਗ ਹੈ ਤੇ ਨਾ ਹੀ ਇਸ ਦੇ ਮਹਲੇ ਦਾ ਉਲੇਖ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੂਲ ਰੂਪ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਆਈ ਹੈ, ਜਿਸ ਦਾ ਵੇਰਵਾ ਆਦਿ ਗ੍ਰੰਥ ਦੀ ਕਰਤਾਰਪੁਰੀ ਬੀੜ ਵਿੱਚ ਮਿਲਦਾ ਹੈ, ਜਿਸ ਦੇ ਅਨੁਸਾਰ ਇਹ ਸ਼੍ਰੀ ਗੁਰੂ ਰਾਮਦਾਸ ਜੀ ਕੋਲ ਮੌਜੂਦ ਬਾਣੀ ਦਾ ਉਤਾਰਾ ਹੈ। ਪੂਰੀ ਬੀੜ ਵਿੱਚ ਸਿਰਫ ਇਸ ਬਾਣੀ ਦਾ ਸਰੋਤ ਹੀ ਦਰਜ ਕੀਤਾ ਗਿਆ ਹੈ।
ਸੰਭਵ ਹੈ ਕਿ ਇਹ ਸ਼੍ਰੀ ਗੁਰੂ ਰਾਮ ਦਾਸ ਜੀ ਕੋਲ ਇਸ ਦਾ ਜਿਹੜਾ ਵੀ ਖਰੜਾ ਮੌਜੂਦ ਸੀ ਉਸੇ ਨੂੰ ਹੀ ਆਦਿ ਗ੍ਰੰਥ ਦੇ ਆਰੰਭ ਵਿੱਚ ਦਰਜ ਕੀਤਾ ਗਿਆ ਤੇ ਇਸ ਦਾ ਵੇਰਵਾ ਬੀੜ ਦੇ ਆਰੰਭ ਵਿੱਚ ਲਿਖੇ ਤਤਕਰੇ ਵਿੱਚ ਦੇ ਦਿੱਤਾ ਗਿਆ ਸੀ।
ਜਪੁ ਦੀ ਬਾਣੀ ਦਾ ਆਰੰਭ ਮੂਲ ਮੰਤਰ ਨਾਲ ਹੁੰਦਾ ਹੈ, ਜਾ ਬਾਦ ਵਿੱਚ ਹਰ ਰਾਗ ਦੇ ਆਰੰਭ ਵਿੱਚ ਮੰਗਲਾਚਰਨ ਵੱਜੋਂ ਦਰਜ ਕੀਤਾ ਗਿਆ ਹੈ। ਇਸ ਦੇ ਆਰੰਭ ਵਿੱਚ ੴ ਦਾ ਚਿੰਨ੍ਹ ਅੰਕਿਤ ਹੈ, ਜੋ ਗੁਰਮੁਖੀ ਦੇ ਏਕੇ ਅਤੇ ਖੁਲ੍ਹੇ ਮੂੰਹ ਵਾਲੇ ਓ ਨਾਲ ਬਣਿਆ ਹੈ। ਇਸ ਦਾ ਉਚਾਰਨ ਇੱਕ ਓਅੰਕਾਰ ਵੱਜੋਂ ਕੀਤੇ ਜਾਣ ਦਾ ਰਿਵਾਜ ਹੈ। ਉਚਾਰਨ ਚਾਹੇ ਕੋਈ ਵੀ ਹੋਵੇ, ਇਹ ਜਿਸ ਤਰ੍ਹਾਂ ਪੁਰਾਤਨ ਸਰੋਤਾਂ ਵਿੱਚ ਦਿੱਤਾ ਗਿਆ ਹੈ ਹੂਬਹੂ ਉਸੇ ਪ੍ਰਕਾਰ ਜਪੁ ਦੇ ਆਰੰਭ ਵਿੱਚ ਲਿਖਿਆ ਗਿਆ ਹੈ।
ਮੂਲ ਮੰਤਰ / ਮੰਗਲਾ ਚਰਨ ਸਤਿ ਨਾਮੁ ਤੋਂ ਆਰੰਭ ਹੋ ਕੇ ਗੁਰ ਪ੍ਰਸਾਦਿ ਤੱਕ ਹੈ। ਉਸ ਤੋਂ ਅੱਗੇ ਇੱਕ ਸਲੋਕ ਨਾਲ ਇਹ ਬਾਣੀ ਸ਼ੁਰੂ ਹੁੰਦੀ ਹੈ। ਇਸ ਦਾ ਅੰਤ ਵੀ ਇੱਕ ਸਲੋਕ ਨਾਲ ਹੀ ਹੁੰਦੀ ਹੈ। ਦੋਹਾਂ ਦੇ ਵਿਚਾਲੇ ਪਉੜੀਆਂ ਦੀ ਗਿਣਤੀ 38 ਹੈ। ਹਰੇਕ ਪਉੜੀ ਆਪਣੇ ਆਪ ਵਿੱਚ ਇੱਕ ਵੱਖਰਾ ਵਿਚਾਰਾ ਹੈ। ਇਹਨਾਂ ਵਿਚਾਰਾਂ ਦਾ ਸਾਂਝਾ ਸੂਤਰ ਉਹਨਾਂ ਪਉੜੀਆਂ ਦੇ ਅੰਤ ਵਿੱਚ ਆਉਣ ਵਾਲੀਆਂ ਪੰਗਤੀਆਂ ਹਨ। ਇਹਨਾਂ ਪੰਗਤੀਆਂ ਨੂੰ ਸੂਤਰਧਾਰ ਵੱਜੋਂ ਲਿਆ ਗਿਆ ਹੈ। ਇਹਨਾਂ ਸੂਤਰਧਾਰਾਂ ਰਾਹੀਂ ਪਉੜੀਆਂ ਦੀ ਬਾਣੀ ਮੂਲ ਰੂਪ ਵਿੱਚ ਬਾਣੀ ਦੇ ਕੇਂਦਰੀ ਵਿਚਾਰ ਨਾਲ ਜੁੜਦੀ ਹੈ।
ਜਪੁ ਦੀ ਬਾਣੀ ਦਾ ਮਹੱਤਵ ਸਿਖਾਂ ਲਈ ਬਹੁਤ ਜ਼ਿਆਦਾ ਹੈ, ਕਿਉਂ ਕਿ ਇਹ ਨਿੱਤਨੇਮ ਦੀਆਂ ਬਾਣੀਆਂ ਵਿੱਚ ਸਰਵੋਤਮ ਬਾਣੀ ਹੈ, ਅਤੇ ਸਾਰਾ ਸਿੱਖ ਜਗਤ ਇਸ ਦਾ ਨੇਮ ਨਾਲ ਪਾਠ ਕਰਦਾ ਹੈ। ਇਹ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਵੱਜੋਂ ਸਤਿਕਾਰੀ ਜਾਂਦੀ ਹੈ। ਸਿੱਖਾਂ ਵਿੱਚ ਇਸ ਬਾਰੇ ਇੱਕ ਵਿਸ਼ਵਾਸ ਇਹ ਵੀ ਹੈ ਕਿ
ਇਹ ਸਿੱਖੀ ਤੇ ਸਿੱਖ ਮੱਤ ਦੀਆਂ ਪ੍ਰੰਪਰਾਵਾਂ ਦਾ ਅਧਾਰ ਹੈ। ਵੈਸੇ ਵੀ ਇਸ ਬਾਣੀ ਨੂੰ ਸਿੱਖਾਂ ਵਿੱਚ ਤੇ ਸਿੱਖ ਵਿਦਵਾਨਾਂ ਵਿੱਚ ਇੱਕ ਦਰਸ਼ਨ ਦੇ ਤੌਰ ਤੇ ਮਾਣ ਪ੍ਰਾਪਤ ਹੈ। ਸਮਝਿਆ ਜਾਂਦਾ ਹੈ ਕਿ ਇਸ ਬਾਣੀ ਦੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਛੇਕੜਲੇ ਸਮੇਂ ਵਿੱਚ ਕੀਤੀ, ਜਦੋਂ ਉਹ ਕਰਤਾਰ ਪੁਰ ਵਿੱਚ ਟਿਕ ਗਏ ਸਨ।
ਭਾਵੇਂ ਜਪੁ ਦੀ ਬਾਣੀ ਦੀ ਅਨੇਕਾਂ ਵਾਰ ਵਿਆਖਿਆ ਹੋਈ ਹੈ ਤੇ ਇਸ ਬਾਰੇ ਬਹੁਤ ਕੁਝ ਕਿਹਾ ਸੁਣਿਆ ਗਿਆ ਹੈ, ਪਰ ਅੱਜ ਸਾਡੀ ਕੋਸ਼ਿਸ਼ ਇਸ ਬਾਣੀ ਦੇ ਰੂਪਕ ਪੱਖ ਤੋਂ ਇਸ ਦੇ ਵਿਚਾਰ ਤੱਕ ਦਾ ਸਫਰ ਕਰਨਾ ਹੈ ਅਤੇ ਇਹ ਸਾਬਤ ਕਰਨਾ ਹੈ, ਇਸ ਦਾ ਵਿਚਾਰ ਦੀ ਸਥਾਪਨਾ ਨਾਲ ਕੀ ਸਬੰਧ ਹੈ। ਇਸ ਲਈ ਅਸੀਂ ਜਪੁ ਦੇ ਉਹਨਾਂ ਸੂਤਰਧਾਰਾਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ ਜਿਹੜੇ ਇਸ ਨੂੰ ਮੂਲ ਭਾਵ ਨਾਲ ਜੋੜਦੇ ਹਨ ਤੇ ਉਸ ਦੀ ਸਮਝ ਵਿੱਚ ਵਾਧਾ ਕਰਦੇ ਹਨ।
ਬਾਣੀ ਦੇ ਇਹ ਸੂਤਰ ਧਾਰ ਨਾ ਸਿਰਫ ਬਾਣੀ ਦੀ ਵਿਆਖਿਆ ਹੀ ਕਰਦੇ ਹਨ ਸਗੋਂ ਬਾਣੀ ਦੀ ਦੇ ਵਿਚਾਰਾਂ ਦੀ ਰੂਪ ਰੇਖਾ ਨੂੰ ਵੀ ਸਪਸ਼ਟ ਕਰਦੇ ਹੋਏ ਉਹਨਾਂ ਨੂੰ ਇੱਕ ਤਰਕਸੰਗਤ ਢੰਗ ਨਾਲ ਆਪੋ ਵਿੱਚ ਬੁਣਦੇ ਹਨ ਤੇ ਇੱਕ ਬੱਝਵੇਂ ਰੂਪ ਵਿੱਚ ਪੇਸ਼ ਕਰਦੇ ਹਨ। ਇੰਜ ਜਪੁ ਦੀ ਬਾਣੀ ਨਾ ਸਿਰਫ ਸਿੱਖੀ ਦੀ ਹੀ ਵਿਆਖਿਆ ਕਰਦੀ ਹੈ ਸਗੋਂ ਬੜੇ ਹੀ ਅਸਰਦਾਰ ਢੰਗ ਨਾਲ ਸਿਖ ਸਿਧਾਂਤ ਤੇ ਗੁਰਸਿੱਖ ਜੀਵਨ ਸ਼ੈਲੀ ਦਾ ਇੱਕ ਪ੍ਰਭਾਵਸ਼ਾਲੀ ਚਿੰਤਨ ਪੇਸ਼ ਕਰਦੀ ਹੈ।
ਜਪੁ ਦੀ ਬਾਣੀ ਦੇ ਪੰਜ ਸੂਤਰਧਾਰ
ਜਪੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਪਹਿਲੀ ਬਾਣੀ ਹੈ, ਜਿਸ ਉਪਰ ਨਾ ਕੋਈ ਰਾਗ ਹੈ ਤੇ ਨਾ ਹੀ ਇਸ ਦੇ ਮਹਲੇ ਦਾ ਉਲੇਖ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੂਲ ਰੂਪ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਤੋਂ ਆਈ ਹੈ, ਜਿਸ ਦਾ ਵੇਰਵਾ ਆਦਿ ਗ੍ਰੰਥ ਦੀ ਕਰਤਾਰਪੁਰੀ ਬੀੜ ਵਿੱਚ ਮਿਲਦਾ ਹੈ, ਜਿਸ ਦੇ ਅਨੁਸਾਰ ਇਹ ਸ੍ਰੀ ਗੁਰੂ ਰਾਮਦਾਸ ਜੀ ਕੋਲ ਮੌਜੂਦ ਬਾਣੀ ਦਾ ਉਤਾਰਾ ਹੈ। ਪੂਰੀ ਬੀੜ ਵਿੱਚ ਸਿਰਫ ਇਸ ਬਾਣੀ ਦਾ ਸਰੋਤ ਹੀ ਦਰਜ ਕੀਤਾ ਗਿਆ ਹੈ।
ਜਪੁ ਦੀ ਬਾਣੀ ਦਾ ਮਹੱਤਵ ਸਿਖਾਂ ਲਈ ਬਹੁਤ ਜ਼ਿਆਦਾ ਹੈ, ਕਿਉਂ ਕਿ ਇਹ ਨਿੱਤਨੇਮ ਦੀਆਂ ਬਾਣੀਆਂ ਵਿੱਚ ਸਰਵੋਤਮ ਬਾਣੀ ਹੈ, ਅਤੇ ਸਾਰਾ ਸਿੱਖ ਜਗਤ ਇਸ ਦਾ ਨੇਮ ਨਾਲ ਪਾਠ ਕਰਦਾ ਹੈ। ਇਹ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਵੱਜੋਂ ਸਤਿਕਾਰੀ ਜਾਂਦੀ ਹੈ। ਸਿੱਖਾਂ ਵਿੱਚ ਇਸ ਬਾਰੇ ਇੱਕ ਵਿਸ਼ਵਾਸ ਇਹ ਵੀ ਹੈ ਕਿ ਇਹ ਸਿੱਖੀ ਤੇ ਸਿੱਖ ਮੱਤ ਦੀਆਂ ਪ੍ਰੰਪਰਾਵਾਂ ਦਾ ਅਧਾਰ ਹੈ। ਵੈਸੇ ਵੀ ਇਸ ਬਾਣੀ ਨੂੰ ਸਿੱਖਾਂ ਵਿੱਚ ਤੇ ਸਿੱਖ ਵਿਦਵਾਨਾਂ ਵਿੱਚ ਇੱਕ ਦਰਸ਼ਨ ਦੇ ਤੌਰ ਤੇ ਮਾਣ ਪ੍ਰਾਪਤ ਹੈ। ਸਮਝਿਆ ਜਾਂਦਾ ਹੈ ਕਿ ਇਸ ਬਾਣੀ ਦੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਛੇਕੜਲੇ ਸਮੇਂ ਵਿੱਚ ਕੀਤੀ, ਜਦੋਂ ਉਹ ਕਰਤਾਰ ਪੁਰ ਵਿੱਚ ਟਿਕ ਗਏ ਸਨ।
ਭਾਵੇਂ ਜਪੁ ਦੀ ਬਾਣੀ ਦੀ ਅਨੇਕਾਂ ਵਾਰ ਵਿਆਖਿਆ ਹੋਈ ਹੈ ਤੇ ਇਸ ਬਾਰੇ ਬਹੁਤਕੁਝ ਕਿਹਾ ਸੁਣਿਆ ਗਿਆ ਹੈ, ਪਰ ਅਜ ਸਾਡੀ ਕੋਸ਼ਿਸ਼ ਇਸ ਬਾਣੀ ਦੇ ਰੂਪਕ ਪੱਖ ਤੋਂ ਇਸ ਦੇ ਵਿਚਾਰ ਤੱਕ ਦਾ ਸਫਰ ਕਰਨਾ ਹੈ ਅਤੇ ਇਹ ਸਾਬਤ ਕਰਨਾ ਹੈ, ਇਸ ਦਾ ਵਿਚਾਰ ਦੀ ਸਥਾਪਨਾ ਨਾਲ ਕੀ ਸਬੰਧ ਹੈ। ਇਸ ਲਈ ਅਸੀਂ ਜਪੁ ਦੇ ਉਹਨਾਂ ਸੂਤਰਧਾਰਾਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ
ਜਿਹੜੇ ਇਸ ਨੂੰ ਮੂਲ ਭਾਵ ਨਾਲ ਜੋੜਦੇ ਹਨ ਤੇ ਉਸ ਦੀ ਸਮਝ ਵਿੱਚ ਵਾਧਾ ਕਰਦੇ ਹਨ।
ਜਪੁ ਦੀ ਬਾਣੀ ਵਿੱਚ 38 ਪਉੜੀਆਂ ਹਨ, ਜਿਹੜੀਆਂ ਵੱਖ ਵੱਖ ਮਣਕਿਆਂ ਵਾਂਗ ਇੱਕ ਸੂਤਰ ਵਿੱਚ ਪ੍ਰੋਈਆਂ ਹੋਈਆਂ ਹਨ। ਸਾਰੀਆਂ ਵਿਆਖਿਆਵਾਂ ਇਸੇ ਦ੍ਰਿਸ਼ਟੀਕੋਣ ਤੋਂ ਕੀਤੀਆਂ ਗਈਆਂ ਹਨ। ਇਹਨਾਂ ਵਿਆਖਿਆਵਾਂ ਦਾ ਆਪੋ ਆਪਣਾ ਮਹੱਤਵ ਹੋ ਸਕਦਾ ਹੈ, ਪਰੰਤੂ ਇਸ ਵਿੱਚ ਇੱਕ ਨਹੀਂ ਕਈ ਸੂਤਰ ਹਨ। ਅਸੀਂ ਇਹਨਾਂ ਨੂੰ ਨਿਰਧਾਰਤ ਕਰਨ ਲਈ ਇਹਨਾਂ ਦਾ ਇੱਕੋ ਜਿਹਾ ਹੋਣਾ ਪ੍ਰਵਾਨਤ ਕੀਤਾ ਹੈ। ਇਹਨਾਂ ਸੂਤਰਾਂ ਦਾ ਵੇਰਵਾ ਇਸ ਪ੍ਰਕਾਰ ਹੈ-
ੳ ਗੁਰਾ ਇਕ ਦੇਹ ਬੁਝਾਈ॥ ਸਭਨਾਂ ਜੀਆ ਕਾ ਇਕ ਦਾਤਾ ਸੋ ਮੈ ਵਿਸਰਿ ਨਾ ਜਾਈ॥ (ਦੋ ਪਉੜੀਆਂ)
ਅ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ (ਚਾਰ ਪਉੜੀਆਂ)
ੲ ਐਸਾ ਨਾਮੁ ਨਿਰੰਜਣੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ (ਚਾਰ ਪਉੜੀਆਂ)
ਸ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ (ਚਾਰ ਪਉੜੀਆਂ)
ਹ ਆਦੇਸੁ ਤਿਸੈ ਆਦੇਸ॥ ਆਦਿ ਅਨੀਲ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸ॥ (ਚਾਰ ਪਉੜੀਆਂ)
ਇਹੋ ਪੰਜ ਸੂਤਰ ਹਨ ਜੋ ਸਾਰੀ ਬਾਣੀ ਨੂੰ ਮੂਲ ਵਿਚਾਰ ਨਾਲ ਜੋੜਦੇ ਹਨ। ਇਸ ਦਾ ਮੂਲ ਵਿਚਾਰ ੴ ਸਤਿ ਨਾਮੁ, ਆਦਿ ਸਚੁ ਜੁਗਾਦਿ ਸਚੁ॥ ਹੈ ਭੀ
ਸਚੁ ਨਾਨਕ ਹੋਸੀ ਭੀ ਸਚੁ॥ ਅਤੇ ਬਾਣੀ ਦੇ ਅੰਤ ਵਿੱਚ ਆਏ ਸਲੋਕ ਵਿੱਚ ਹੈ। ਗੁਰ ਪ੍ਰਸਾਦਿ ਦਾ ਭਾਵ ਹੁਕਮ ਰਜਾਈ ਚਲਣਾ ... ਵਿੱਚ ਪ੍ਰਗਟ ਹੁੰਦਾ ਹੈ।
ਗੁਰਾ ਇੱਕ ਦੇਹ ਬੁਝਾਈ.... ਗਿਆਨ ਨੇ ਇੱਕ ਸਮਝ ਬਣਾਈ ਹੈ ਕਿ ਸਭਨਾ ਜੀਆ ਕਾ ਇੱਕ ਦਾਤਾ... ਮਤਲਬ ਕਿ ਜਿਹੜੀ ਸਮਝ ਬਣੀ ਹੈ ਉਹ ਸਾਰਿਆਂ ਉੱਪਰ ਲਾਗੂ ਹੁੰਦੀ ਹੈ। ਸਭ ਨੂੰ ਜੋ ਕੁਝ ਮਿਲਦਾ ਹੈ, ਉਹ ਉਸ ਸਮਝ ਦੇ ਅਨੁਸਾਰ ਹੀ ਵਾਪਰਦਾ ਹੈ।
ਦੂਜੇ ਸੂਤਰ ਵਿੱਚ ਜਿਹੜੀ ਗੱਲ ਸਥਾਪਤ ਕੀਤੀ ਗਈ ਹੈ, ਉਹ ਹੈ ਕਿ ਜਿਹੜਾ ਇਸ ਸਚੁ ਵਿੱਚ ਵਿਸ਼ਵਾਸ ਰੱਖਦਾ ਹੈ, ਭਾਵ ਉਸ ਦਾ ਭਗਤ ਹੈ, ਸਿਰਫ ਉਸ ਦਾ ਹੀ ਵਿਗਾਸ ਹੁੰਦਾ ਹੈ, ਕਿਉਂ ਕਿ ਇਸ ਦੀ ਸਮਝ ਆ ਜਾਣ ਨਾਲ ਸਾਰੇ ਦੁਖ ਤੇ ਪਾਪ ਖਤਮ ਹੋ ਜਾਂਦੇ ਹਨ।
ਤੀਜਾ ਸੂਤਰ ਨਾਮੁ ਬਾਰੇ ਹੈ, ਇਹ ਨਾਮ ਇੱਕ ਵਰਤਾਰੇ ਦੇ ਰੂਪ ਵਿੱਚ ਵਰਤਦਾ ਹੈ, ਇਹ ਨਿਰੰਜਣ ਹੈ ਭਾਵ ਵੇਖਿਆ ਨਹੀਂ ਜਾ ਸਕਦਾ। ਇਹ ਮਾਇਆ ਤੋਂ ਨਿਰਲੇਪ ਹੈ, ਭਾਵ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਹੈ। ਮਾਇਆ ਤੋਂ ਮਤਲਬ ਧਨ ਬਿਲਕੁਲ ਨਹੀਂ। ਮਾਇਆ ਤੇ ਸੱਤਿਅ ਦੋ ਭਾਵ ਲਏ ਗਏ ਹਨ, ਵੇਦਾਂਤ ਤੋਂ, ਮਾਇਆ ਕੁਦਰਤ ਉਹ ਵਰਤਾਰਾ ਜੋ ਸਮੇਂ ਨਾਲ ਬਦਲਦਾ ਹੈ। ਜਿਹੜੀ ਚੀਜ਼ ਬਦਲ ਰਹੀ ਹੈ ਉਹ ਧਿਆਨ ਵਿੱਚ ਆ ਜਾਂਦੀ ਹੈ, ਪਰ ਸੱਤਿਅ ਇੱਕ ਅਜਿਹਾ ਵਰਤਾਰਾ ਹੈ ਜੋ ਸਮੇਂ ਨਾਲ ਬਦਲਦਾ ਨਹੀਂ। ਇਹ ਸਿਸਟਮ ਵਾਂਗ ਹੈ ਜੋ ਆਦਿ ਵਿੱਚ ਉਸੇ ਤਰ੍ਹਾਂ ਹੀ ਰਿਹਾ ਜਿਵੇਂ ਹੁਣ ਹੈ। ਨਾਮੁ ਦਾ ਵਰਤਾਰਾ ਅਜਿਹਾ ਹੈ ਜੋ ਵੇਖਣ ਵਿੱਚ ਨਹੀਂ ਆਉਂਦਾ, ਜਿਸ ਨੇ ਮਨ ਕਰਕੇ ਮੰਨ ਲਿਆ ਉਸੇ ਨੇ ਇਸਨੂੰ ਸਮਝ ਲਿਆ।
ਚੌਥਾ ਸੂਤਰ ਉਹ ਨਾਮੁ ਨਿਰੰਕਾਰ ਹੈ, ਜੋ ਉਸ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੁੰਦਾ ਹੈ, ਇਹ ਉਸ ਦੀ ਭਲੀ ਕਾਰ ਹੈ, ਮਤਲਬ ਨਾਮੁ ਦਾ ਸਿਸਟਮ ਨਾ ਕਿਸੇ ਨਾਲ ਲਿਹਾਜ ਕਰਦਾ ਹੈ ਤੇ ਨਾ ਹੀ ਕਿਸੇ ਨਾਲ ਦੁਸ਼ਮਣੀ ਰੱਖਦਾ ਹੈ।
ਪੰਜਵਾਂ ਤੇ ਆਖਰੀ ਸੂਤਰ ਹੈ, ਆਦੇਸ ਇਹ ਹੈ ਕਿ ਇਹ ਸਿਸਟਮ ਆਦਿ ਤੋਂ ਕਰੋੜਾਂ ਸਾਲਾਂ ਤੋਂ ਆਪਣੇ ਅਨਾਦਿ ਰੂਪ ਵਿੱਚ ਮੌਜੂਦ ਹੈ। ਸਿਰਫ ਰੰਗ ਢੰਗ ਬਦਲਦੇ ਹਨ, ਪਰ ਉਹ ਸਿਸਟਮ ਉਸੇ ਪ੍ਰਕਾਰ ਸਾਰੀ ਸ੍ਰਿਸ਼ਟੀ ਵਿੱਚ ਸੁਭਾਇਮਾਨ ਹੈ।
ਪੰਜੇ ਸੂਤਰ ਸਚੁ ਸ਼ਬਦ ਨਾਲ ਜੁੜਦੇ ਹਨ। ਸਚੁ ਦੀ ਵਿਆਖਿਆ ਕਰਦੇ ਹਨ। ਸਚੁ ਜੋ ਇੱਕ ਐਬਸਟ੍ਰੈਕਟ ਵਰਤਾਰਾ ਹੈ, ਕੁਦਰਤ ਦੇ ਨਿਯਮ ਰੂਪ ਵਿੱਚ ਮੌਜੂਦ ਹੈ। ਇਸ ਨੂੰ ਜਾਣਨ ਲਈ ਤੇ ਇਸ ਦਾ ਅਨੁਭਵ ਕਰਨ ਲਈ ਸਚਿਆਰਾ ਬਣਨਾ ਪਵੇਗਾ। ਸਚਿਆਰਾ ਤੋਂ ਭਾਵ ਬੋਲੇ ਜਾਣ ਵਾਲੇ ਸੱਚ ਨਾਲ ਨਹੀਂ ਹੈ, ਸਗੋਂ ਸਚੁ ਦੇ ਰਸਤੇ ਉਪਰ ਤੁਰਨਾ ਪਵੇਗਾ। ਇਸ ਵਾਸਤੇ ਉਸੇ ਤਰ੍ਹਾਂ ਕਰਨਾ ਪਵੇਗਾ ਜਿਵੇਂ ਸਚੁ ਕਰਦਾ ਹੈ। ਭਾਵ ਹਰ ਘਟਨਾ ਦਾ ਇੱਕ ਕਾਰਨ ਹੈ ਤੇ ਕਾਰਨ ਤੇ ਘਟਨਾ ਦੇ ਤਾਲਮੇਲ ਨੂੰ ਅਪਣੇ ਜੀਵਨ ਦੀਆਂ ਸਾਰੀਆਂ ਕਿਰਿਆਵਾਂ ਦਾ ਅਧਾਰ ਬਣਾਉਣਾ ਪਵੇਗਾ। ਗੁਰ ਪ੍ਰਸਾਦਿ ਦਾ ਭਾਵ ਹੈ ਗਿਆਨ ਨੂੰ ਅਨੁਭਵ ਕਰਕੇ ਸਮਝਣਾ, ਆਪੇ ਬੀਜ ਆਪੇ ਹੀ ਖਾਹ, ਨੂੰ ਸਮਝਣਾ ਹੈ ਤਾਂ ਜੋ ਬੀਜਿਆ ਹੈ ਉਸ ਨੂੰ ਉੱਗਦਾ ਦੇਖ ਕੇ ਸਮਝਣਾ ਪਵੇਗਾ ਕਿ ਇਹ ਸਿਧਾਂਤ ਕੰਮ ਕਰਦਾ ਹੈ ਤੇ ਇਹ ਇੱਕ ਸਦੀਵੀ ਸੱਚ ਹੈ।
ਸਿੱਖੀ ਦੀ ਸਮਝ
ਗੁਰ ਮੱਤ ਦੇ ਅਨੁਸਾਰ ਹਰ ਸਿੱਖ ਨੂੰ ਕਰਤਾ ਪੁਰਖ ਉਪਰ ਪੂਰਨ ਭਰੋਸਾ, ਸਿਦਕ ਲੋੜੀਂਦਾ ਹੈ। ਜਿਵੇਂ-ਜਿਵੇਂ ਅਸੀਂ ਕਰਤਾਪੁਰਖ ਦੇ ਵਰਤਾਰੇ ਵਿੱਚ ਵਿਚਰਦੇ ਹਾਂ ਉਵੇਂ-ਉਵੇਂ ਸਾਨੂੰ ਕਰਤਾ ਪੁਰਖ ਦੇ ਨਿਯਮ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ।
ਕਰਤਾ ਪੁਰਖ ਦਾ ਦੀ ਰਜ਼ਾ ਵਿੱਚ ਰਹਿਣਾ, ਜਿਸ ਦੇ ਬਾਰੇ ਆਸਾ ਦੀ ਵਾਰ ਦੀ ਅੰਤਲੀ ਪਉੜੀ ਨਿਰਣਾ ਕਰਦੀ ਹੈ ਕਿ ਸੋ ਕਰੇ ਜਿ ਤਿਸੈ ਰਜਾਇ, ਭਾਵ ਉਹੀ ਕਰ ਜੋ ਉਸ ਦੀ ਰਜਾ ਵਿੱਚ ਹੋਵੇ, ਉਸ ਦੇ ਨੇਮ ਵਿੱਚ ਹੋਵੇ। ਕਰਤਾ ਪੁਰਖ ਦੀ ਸਾਰੀ ਵਿਆਖਿਆ ਆਸਾ ਦੀ ਵਾਰ ਵਿੱਚ ਕੀਤੀ ਗਈ ਹੈ। ਜਪੁ ਦੀ ਬਾਣੀ ਤੋਂ ਬਾਦ ਆਸਾ ਦੀ ਵਾਰ ਵਿੱਚ ਕਰਤਾ ਦੇ ਇਸੇ ਨਿਯਮ ਨੂੰ ਹੋਰ ਅੱਗੇ ਖੋਲ੍ਹਿਆ ਗਿਆ ਹੈ।
ਗੁਰਬਾਣੀ ਦਾ ਮੂਲ ਆਦੇਸ਼ ਕੀ ਹੈ?
ਹਰ ਸਿੱਖ ਆਪਣੇ ਮਨ ਵਿੱਚ ਸਵਾਸ ਸਵਾਸ ਇਸ ਗੱਲ ਉਪਰ ਭਰੋਸਾ ਰਖੇ ਕਿ ਉਸ ਦੇ ਹਰ ਕਰਮ ਨੂੰ ਉਸ ਦਾ ਫਲ ਮਿਲਣਾ ਹੈ। ਚੰਗੇ ਕਰਮ ਚੰਗਾ ਫਲ ਬੁਰਾ ਕਰਮ ਬੁਰਾ ਫਲ, ਇਹ ਨਿਯਮ ਧਰਮ ਦੇ ਰੂਪ ਵਿੱਚ ਮੌਜੂਦ ਹੈ, ਪੂਰੇ ਬ੍ਰਹਿਮੰਡ ਦੇ ਵਰਤਾਰੇ ਵਿੱਚ, ਜਿੱਥੇ ਹਰ ਘਟਨਾ ਦੇ ਪਿਛੇ ਇੱਕ ਕਾਰਨ ਮੌਜੂਦ ਹੈ ਤੇ ਕਾਰਨ ਤੇ ਘਟਨਾ ਦਾ ਗਹਿਰਾ ਤਾਲਮੇਲ ਹੈ। ਜਿਹੋ ਜਿਹਾ ਕਾਰਨ ਉਹੋ ਜਿਹਾ ਉਸ ਦਾ ਨਤੀਜਾ।
ਜੀਵਨ ਦੇ ਸਾਰੇ ਫੈਸਲੇ ਸੋਚ ਸਮਝ ਕੇ ਕਰੋ, ਸਾਰੇ ਫੈਸਲਿਆਂ ਵੇਲੇ ਕਰਤਾਪੁਰਖ ਦੇ ਨਿਯਮ ਨੂੰ ਯਾਦ ਰੱਖੋ। ਕਿਉਂ ਕਿ ਤੁਹਾਡੇ ਫੈਸਲਿਆਂ ਨਾਲ
ਪ੍ਰਭਾਵਤ ਹੋਣ ਵਾਲੇ ਨਤੀਜੇ ਉਸ ਸਚੁ ਦੇ ਨਿਯਮ ਅਨੁਸਾਰ ਹੀ ਮਿਲਣੇ ਹਨ। ਹਮੇਸ਼ਾ ਇਹ ਸੋਚ ਕੇ ਚੜ੍ਹਦੀ ਕਲਾ ਵਿੱਚ ਰਹੋ ਕਿ ਸੱਭ ਕੁਝ ਕਰਤਾ ਦੇ ਨਿਯਮਾਂ ਅਨੁਸਾਰ ਹੀ ਵਾਪਰਨਾ ਹੈ। ਸਹਿਜ ਤੇ ਸਬਰ ਉਸ ਸਮੇਂ ਲਈ ਹੈ ਜਦੋਂ ਕੁਝ ਬੀਜ ਕੇ ਉਸ ਦੇ ਸਿੱਟੇ ਦੀ ਉਡੀਕ ਕੀਤੀ ਜਾਂਦੀ ਹੈ।
ਹਰ ਸਿੱਖ ਨੂੰ ਆਪਣੇ ਫੈਸਲਿਆਂ ਲਈ ਖੁਦ ਜਿੰਮੇਵਾਰ ਹੋਣਾ ਚਾਹੀਦਾ ਹੈ। ਇਸ ਦੀ ਜਿੰਮੇਵਾਰੀ ਉਸ ਨੂੰ ਆਪ ਲੈਣੀ ਚਾਹੀਦੀ ਹੈ। ਕੋਈ ਹੋਰ ਇਸ ਵਾਸਤੇ ਜਿੰਮੇਵਾਰ ਨਹੀਂ। ਕਰਤਾ ਨੇ ਤਾਂ ਤੁਹਾਡੇ ਕੀਤੇ ਹੋਏ ਫੈਸਲਿਆਂ ਨੂੰ ਫਲ ਦੇਣਾ ਹੈ। ਇਸ ਦੇ ਚੰਗੇ ਜਾਂ ਮੰਦੇ ਹੋਣ ਵਿੱਚ ਕਰਤਾ ਦਾ ਕੋਈ ਹੱਥ ਨਹੀਂ। ਇਸ ਲਈ ਜੇਹੋ ਜਿਹਾ ਫਲ ਲੋੜੀਂਦਾ ਹੈ, ਉਹੋ ਜਿਹਾ ਕਰਮ ਕਰੋ।
ਕਰਤਾ ਦੇ ਨਿਯਮ ਨੂੰ ਮੰਨਣਾ ਭਾਵ ਕਰਤਾ ਦੇ ਮਾਰਗ ਉਪਰ ਚੱਲਣਾ ਹੀ ਕਰਤਾ ਦੀ ਰਜ਼ਾ ਵਿੱਚ ਰਹਿਣਾ ਹੈ। ਸਚਿਆਰ ਹੋਣਾ ਤੋਂ ਭਾਵ ਕਰਤਾ ਵਰਗੇ ਹੋ ਜਾਣਾ, ਇਹੋ ਸੱਤਿਅ ਦਾ ਨਿਯਮ ਹੈ ਜੋ ਭਾਰਤੀ ਦਰਸ਼ਨ ਦੇ ਮੂਲ ਵਿਚ ਪਿਆ ਹੈ, ਜਿਸ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਅੱਗੇ ਤੋਰਿਆ।
ਰਜ਼ਾ ਨੂੰ ਸਤਿ ਕਰਕੇ ਮੰਨਣਾ, ਭਾਣੇ ਨੂੰ ਮੰਨਣਾ ਵੀ ਇਸੇ ਦਾ ਹਿੱਸਾ ਹੈ। ਅਸਲ ਵਿੱਚ ਗੁਰਬਾਣੀ ਸਿੱਖ ਨੂੰ ਕਰਤਾ ਪੁਰਖ ਦਾ ਹਿੱਸਾ ਹੀ ਬਣਾ ਦਿੰਦੀ ਹੈ। ਇਸੇ ਲਈ ਚਰਿੱਤਰ ਦਾ ਵਧੇਰੇ ਮਹੱਤਵ ਹੈ। ਕਾਰਜਸ਼ੈਲੀ ਨੂੰ ਜ਼ਿਆਦਾ ਅਹਿਮ ਮੰਨਿਆ ਜਾਂਦਾ ਹੈ। ਸਿੱਖ ਦਾ ਕਿਰਦਾਰ ਉਸ ਦੀ ਕਾਰਜ ਸ਼ੈਲੀ ਚੋਂ ਨਜ਼ਰ ਆਵੇ।
ਉਸ ਦਾ ਭਰੋਸਾ ਕਰਤਾ ਪੁਰਖ ਉਪਰ ਹੋਵੇ। ਕਰਤਾ ਪੁਰਖ ਕੋਈ ਵਿਅਕਤੀ ਨਹੀਂ ਸਗੋਂ ਸੰਪੂਰਨ ਤੌਰ ਤੇ ਸਚੁ ਦਾ ਵਰਤਾਰਾ ਹੈ। ਕਰਤਾ ਪੁਰਖ ਤਾਂ ਇੱਕ ਮੁਹਾਵਰਾ ਹੈ। ਇਸ ਨੂੰ ਬਹੁਤ ਸਧਾਰਨ ਤੌਰ ਤੇ ਸਮਝਣਾ ਹੈ ਤਾਂ ਇਸ ਤੋਂ ਭਾਵ ਹੈ ਕਿ ਆਪਣੇ ਫੈਸਲਿਆਂ ਲਈ ਆਪ ਜਿੰਮੇਵਾਰ ਹੋਣਾ, ਆਪਣੀ ਹੋਣੀ ਲਈ
ਆਪ ਜਿੰਮੇਵਾਰ ਹੋਣਾ ਤੇ ਆਪਣੇ ਸਾਰੇ ਫੈਸਲੇ ਸੋਚ ਸਮਝ ਕੇ ਕਰੋ। ਕਿਉਂ ਕਿ ਇੱਕ ਵਾਰੀ ਚੁੱਕੇ ਗਏ ਕਦਮ ਪਿਛੇ ਨੂੰ ਨਹੀਂ ਪੁੱਟੇ ਜਾ ਸਕਦੇ।
ਗੁਰੂ ਸਾਹਿਬ ਦਾ ਇਹ ਵਿਚਾਰ ਪੂਰੀ ਤਰ੍ਹਾਂ ਵਿਗਿਆਨਕ ਹੈ। ਵਿਗਿਆਨ ਟੂਕਾਂ ਵਿਚ ਨਹੀਂ ਪਿਆ, ਗੁਰ ਮੱਤ ਤਾਂ ਆਪਣੇ ਆਪ ਵਿੱਚ ਸੱਭ ਤੋਂ ਮਾਡਰਨ ਜੀਵਨ ਜਾਚ ਹੈ, ਜਿਸ ਵਾਸਤੇ ਕਿਸੇ ਕਰਮ ਕਾਂਡ ਦੀ ਲੋੜ ਨਹੀਂ। ਕੋਈ ਅਪਰਾਧ ਬੋਧ ਨਹੀਂ। ਸਿਰਫ ਅੱਖਾਂ ਖੋਲ੍ਹ ਕੇ ਤੁਰਨ ਦਾ ਨਾ ਸਿੱਖੀ ਹੈ। ਸਮਝਦਾਰ ਹੋਣਾ ਹੀ ਸਿੱਖੀ ਹੈ। ਸਿਰਫ ਸਮਝਦਾਰ ਨੂੰ ਕਰਤਾ ਦੇ ਨਿਯਮ ਉਪਰ ਭਰੋਸਾ ਹੁੰਦਾ ਹੈ। ਇਹ ਭਰੋਸਾ ਤੇ ਇਸ ਨੂੰ ਸਮਝਣ ਦੇ ਵਿਵੇਕ ਦਾ ਦਾਨ ਹਰ ਗੁਰ ਸਿੱਖ ਅਰਦਾਸ ਵਿੱਚ ਮੰਗਦਾ ਹੈ।
ਸਰਬੱਤ ਦਾ ਭਲਾ ਵੀ ਤਾਂ ਹੀ ਹੋਵੇਗਾ, ਜਦੋਂ ਤੁਹਾਨੂੰ ਕਰਤਾ ਦੇ ਨੇਮ ਵਿੱਚ ਭਰੋਸਾ ਹੋਵੇਗਾ। ਅਸੀਂ ਤੁਹਾਡੀ ਸੌਖ ਲਈ ਕਰਤਾ ਪੁਰਖ ਸ਼ਬਦ ਵਰਤ ਪੈਂਦੇ ਹਾਂ, ਕਰਤਾ ਪੁਰਖ ਨੂੰ ਕਿਸੇ ਪਾਠ ਪੂਜ, ਅਰਚਨਾ, ਚੜ੍ਹਾਵੇ ਦੀ ਲੋੜ ਨਹੀਂ। ਉਸ ਦਾ ਨੇਮ ਅਟੱਲ ਹੈ ਤੇ ਪੂਰੇ ਬ੍ਰਹਿਮੰਡ ਵਿੱਚ ਇੱਕੋ ਜਿਹਾ ਹੈ। ਵਿਗਿਅਨ ਨੇ ਵੀ ਇਹੋ ਲੱਭਿਆ ਹੈ। ਇਸ ਥਾਂ ਪਹੁੰਚ ਕੇ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਬਾਬਾ ਨਾਨਕ ਵਿਗਿਆਨੀਆਂ ਦੀ ਕਤਾਰ ਵਿੱਚ ਖੜ੍ਹਾ ਹੋਵੇ ਤੇ ਪੂਰੇ ਬ੍ਰਹਿਮੰਡ ਨੂੰ ਨਿਹਾਰ ਹੋਵੇ।
ਇਸ ਲਈ ਸਿੱਖ ਹੋਣ ਦੇ ਨਾਤੇ ਆਪਣੇ ਬੱਚਿਆਂ ਨੂੰ ਖੂਬ ਪੜ੍ਹਨ ਤੇ ਸਿੱਖਣ ਦੇ ਮੌਕੇ ਦਿਓ। ੳਹਨਾਂ ਨੂੰ ਫੈਸਲੇ ਕਰਨ ਦੀ ਆਦਤ ਪਾਓ। ਉਹਨਾਂ ਦੇ ਫੈਸਲਿਆਂ ਨੂੰ ਉਹਨਾਂ ਦੇ ਨਤੀਜਿਆਂ ਦੀ ਸ਼ਕਲ ਵਿੱਚ ਸਮਝਾਓ। ਉਹਨਾਂ ਉਪਰ ਆਪਣੇ ਫੈਸਲੇ ਨਾ ਲੱਦੋ। ਆਪਣੇ ਫੈਸਲੇ ਆਪ ਕਰਨ ਤੇ ਉਹਨਾਂ ਨੂੰ ਭੁਗਤਣ ਦੀ ਆਦਤ ਪਾਉਣਾ ਹੀ ਉਹਨਾਂ ਨੂੰ ਸਿੱਖੀ ਨਾਲ ਜੋੜਨਾ ਹੈ। ਉਹਨਾਂ ਨੂੰ ਗੁਰਬਾਣੀ ਪੜ੍ਹਦਿਆਂ ਇਸ ਦੀ ਸਮਝ ਨਾਲ ਜਾਣੂ ਕਰਾਓ।
ਸਿੱਖੀ ਨਾ ਭੇਖ ਵਿੱਚ ਹੈ, ਨਾ ਦਿੱਖ ਵਿਚ, ਨਾ ਕਰਮ ਕਾਂਡ ਵਿੱਚ ਸਿੱਖੀ ਤੁਹਾਡੀ ਸੋਚ ਵਿੱਚ ਹੋਣੀ ਚਾਹੀਦੀ ਹੈ, ਤੁਹਾਡੀ ਸਮਝ ਵਿੱਚ ਤੁਹਾਡੇ ਚਰਿੱਤਰ ਵਿੱਚ, ਤੁਹਾਡੀ ਸਮਝ ਵਿੱਚ ਹੋਣੀ ਚਾਹੀਦੀ ਹੈ। ਤੁਹਾਡੇ ਹਰ ਫੈਸਲੇ ਵਿੱਚ ਇਸ ਦਾ ਮੌਜੂਦ ਹੋਣਾ ਹੀ ਤੁਹਾਡੀ ਅਸਲ ਸਿੱਖੀ ਹੈ। ਹਰ ਤਰ੍ਹਾਂ ਦੇ ਅਪਰਾਧ ਬੋਧ ਤੋਂ ਮੁਕਤ ਹੋਵੋ। ਭੈਅ ਰਹਿਤ ਹੋਵੋ, ਭਰੋਸਾ ਕਰਤਾ ਪੁਰਖ ਦੇ ਸਤਿ ਨਾਮੁ ਉਪਰ ਜਿਹੜਾ ਅਕਾਲ ਰੂਪ ਵਿੱਚ ਹਰ ਥਾਂ ਸਰਬ ਵਿਆਪਕ ਹੈ, ਇੱਕ ਵਰਤਾਰੇ ਦੀ ਸ਼ਕਲ ਵਿੱਚ।
ਪਾਠਕਾਂ ਦੇ ਅਧਿਐਨ ਲਈ ਆਸਾ ਦੀ ਵਾਰ ਦੀਆਂ ਪਉੜੀਆਂ ਦਾ ਹਵਾਲਾ ਦਿੱਤਾ ਗਿਆ ਹੈ।
1
ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
ਕਰਿ ਆਸਣੁ ਡਿਠੋ ਚਾਉ ॥੧॥
2
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ ॥
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
ਲਿਖਿ ਨਾਵੈ ਧਰਮੁ ਬਹਾਲਿਆ ॥੨॥
3
ਆਪੀਨ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥
ਮਨਿ ਅੰਧੈ ਜਨਮੁ ਗਵਾਇਆ ॥੩॥
4
ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹੀ ਵਿਚਹੁ ਆਪੁ ਗਵਾਇਆ ॥
ਜਿਨਿ ਸਚੋ ਸਚੁ ਬੁਝਾਇਆ ॥੪॥
5
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
ਕੋ ਰਹੈ ਨ ਭਰੀਐ ਪਾਈਐ ॥੫॥
6
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
ਜਗਜੀਵਨੁ ਦਾਤਾ ਪਾਇਆ ॥੬॥
7
ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ ॥
ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥
ਵਡਿਆਈ ਵਡਾ ਪਾਇਆ ॥੭॥
8
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹੀ ਸਚੁ ਕਮਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ ਕੈ ਹਿਰਦੈ ਸਚੁ ਵਸਾਇਆ ॥
ਮੂਰਖ ਸਚੁ ਨ ਜਾਣਨ੍ਹੀ ਮਨਮੁਖੀ ਜਨਮੁ ਗਵਾਇਆ ॥
ਵਿਚਿ ਦੁਨੀਆ ਕਾਹੇ ਆਇਆ ॥੮॥
9
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹੀ ਧਾਵਦੇ ॥
ਇਕਿ ਮੂਲੁ ਨ ਬੁਝਨ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥
ਤਿਨ੍ਹ ਮੰਗਾ ਜਿ ਤੁਝੈ ਧਿਆਇਦੇ ॥੯॥
10
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹਾ ਦੀ ਪਾਈਐ ॥
ਮਤਿ ਥੋੜੀ ਸੇਵ ਗਵਾਈਐ ॥੧੦॥
11
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
ਸਹਜੇ ਹੀ ਸਚਿ ਸਮਾਇਆ ॥੧੧॥
12
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
ਮੁਹਿ ਚਲੈ ਸੁ ਅਗੈ ਮਾਰੀਐ ॥੧੨॥
13
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ
ਇਨ੍ਹੀ ਨੇਤ੍ਰੀ ਜਗਤੁ ਨਿਹਾਲਿਆ ॥
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥
ਕਰਿ ਕਿਰਪਾ ਪਾਰਿ ਉਤਾਰਿਆ ॥੧੩॥
14
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥
ਕਰਿ ਅਉਗਣ ਪਛੋਤਾਵਣਾ ॥੧੪॥
15
ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥
ਤਾ ਦਰਗਹ ਪੈਧਾ ਜਾਇਸੀ ॥੧੫॥
16
ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥
ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥
ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥
ਦਰਿ ਮੰਗਨਿ ਭਿਖ ਨ ਪਾਇਦਾ ॥੧੬॥
17
ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥
ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥
ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥
ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥
ਜਰੁ ਆਈ ਜੋਬਨਿ ਹਾਰਿਆ ॥੧੭॥
18
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥
ਸਹਿ ਮੇਲੇ ਤਾ ਨਦਰੀ ਆਈਆ ॥
ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥
ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥
ਸਹਿ ਤੁਠੈ ਨਉ ਨਿਧਿ ਪਾਈਆ ॥੧੮॥
19
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥
20
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥
21
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥੨੧॥
22
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥
ਜਿਸ ਦਾ ਦਿਤਾ ਖਾਵਣਾ ਤਿਸ ਕਹੀਐ ਸਾਬਾਸਿ ॥
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥
23
ਨਾਨਕ ਅੰਤ ਨ ਜਾਪਨ੍ਹੀ ਹਰਿ ਤਾ ਕੇ ਪਾਰਾਵਾਰ ॥
ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
ਇਕਨ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥
24
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕੁ ਸੰਬਾਹਿ ॥
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
ਸੋ ਕਰੇ ਜਿ ਤਿਸੈ ਰਜਾਇ ॥੨੪॥੧॥
ਜਪੁ ਦੀ ਬਾਣੀ ਦੇ ਪੰਜ ਖੰਡ
ਜਪੁ ਦੀ ਬਾਣੀ ਦਾ ਸੱਭ ਤੋਂ ਮਹੱਤਵ ਪੂਰਨ ਹਨ ਉਹ ਪੰਜ ਖੰਡ ਜਿਹਨਾਂ ਬਾਰੇ ਵੱਖੋ ਵੱਖ ਵਿਦਵਾਨਾਂ ਦੀ ਆਪੋ ਆਪਣੀ ਰਾਏ ਹੈ। ਅਸੀਂ ਆਪਣੇ ਸਹੂਲਤ ਲਈ ਇਹਨਾਂ ਪੰਜ ਖੰਡਾਂ ਨੂੰ ਉਸ ਬਾਣੀ ਦਾ ਹਿੱਸਾ ਮੰਨਿਆ ਹੈ ਜੋ ਸੂਤਰਾਂ ਤੋਂ ਬਾਹਰ ਰਹਿ ਗਈ ਹੈ। ਪੰਜ ਖੰਡਾਂ ਦੀ ਮਦਦ ਨਾਲ ਜਪੁ ਦੀ ਬਾਣੀ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ।
ਜਪੁ ਦੀ ਜਿਹੜੇ ਹਿਸੇ ਇਸ ਸੂਤਰ ਤੋਂ ਬਾਹਰ ਰਹਿ ਜਾਂਦੇ ਹਨ, ਉਹ ਹਨ, ਪਉੜੀ ਅੰਕ 1 ਤੋਂ 4, ਪਉੜੀ 20 ਤੋਂ 27 ਤੱਕ, ਪਉੜੀ 32 ਤੋਂ 38 ਤੱਕ। ਇਹਨਾਂ ਵਿੱਚ ਜਪੁ ਦੇ ਚਾਰ ਖੰਡ ਵੀ ਹਨ, ਪਹਿਲਾ ਹੈ ਧਰਮ ਖੰਡ, ਦੂਜਾ ਹੈ ਗਿਆਨ ਖੰਡ, ਤੀਜਾ ਕਰਮ ਖੰਡ ਤੇ ਚੌਥਾ ਹੈ ਸਚ, ਧਰਮ ਖੰਡ।
ਧਰਮ ਖੰਡ ਦਾ ਸੰਬੰਧ ਧਰਮ ਨਾਲ ਹੈ, ਭਾਵ ਸਮਾਜ ਤੋਂ ਮਿਲੀ ਹੋਈ ਜਾਣਕਾਰੀ ਵਿੱਚ ਧਰਮ ਵੀ ਆਉਂਦਾ ਹੈ, ਜਿਸ ਤੋਂ ਮਿਲੇ ਭਾਵ ਅਨੁਸਾਰ ਦਿਖਾਈ ਦਿੰਦੀ ਦੁਨੀਆ ਤੋਂ ਉੱਪਰ ਪ੍ਰਮਾਤਮਾ ਬਾਰੇ ਜਾਣਕਾਰੀ ਮਿਲਦੀ ਹੈ। ਭੌਤਿਕ ਤੌਰ ਤੇ ਧਰਮ ਦਾ ਖੰਡ ਦਾ ਮਹੱਤਵ ਧਰਮ ਨੂੰ ਮੰਨਣ ਤੇ ਉਸ ਦੀ ਅਗਵਾਈ ਲੈਣਾ ਹੈ। ਧਰਮ ਚੂੰਕਿ ਪਰਵਾਰ ਤੇ ਸਮਾਜ ਤੋਂ ਆਉਂਦਾ ਹੈ। ਪਹਿਲੇ ਵਿਸ਼ਵਾਸ ਤੇ ਮਾਨਤਾਵਾਂ ਦਾ ਸਰੋਤ ਧਰਮ ਹੈ। ਇਹੋ ਮਾਨਤਾਵਾਂ ਸਾਡੇ ਮਨ ਵਿੱਚ ਘਰ ਕਰ ਲੈਂਦੀਆਂ ਹਨ।
ਧਰਮ ਨੇ ਦੱਸਿਆ ਕਿ ਰੱਬ ਬਹੁਤ ਤਾਕਤਵਰ ਹੈ, ਉਸਦਾ ਨਾਂ ਇੱਕ ਹੀ ਹੈ, ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਹੈ, ਕਰਮ ਖੰਡ ਵਿੱਚ ਕਰਮ ਦੀ ਪ੍ਰਧਾਨਤਾ ਹੈ, ਸਰਮ ਖੰਡ ਵਿੱਚ ਰੂਪ ਦੀ ਪ੍ਰਧਾਨਤਾ ਹੈ, ਪਰ ਸਚ ਖੰਡ ਵਿੱਚ ਸਚੁ ਦੀ ਪ੍ਰਧਾਨਤਾ ਹੈ। ਸਚੁ ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਸਚ ਖੰਡ ਦੀ
ਸਮਝ ਆਉਣ ਤੋਂ ਬਾਦ ਹੀ ਨਿਰੰਕਾਰ ਦੀ ਸਮਝ ਆਉਂਦੀ ਹੈ। ਨਿਰੰਕਾਰ ਕੋਈ ਵਿਅਕਤੀ ਨਹੀਂ ਹੈ ਸਗੋਂ ਪੂਰੇ ਸਿਸਟਮ ਦਾ ਇੱਕ ਵਰਤਾਰਾ ਹੈ।
ਸਚੁ ਖੰਡ ਕਰਮ ਖੰਡ ਤੇ ਧਰਮ ਖੰਡ, ਗਿਆਨ ਖੰਡ ਤੇ ਸਰਮ ਖੰਡ, ਸਾਰਿਆਂ ਦਾ ਸੂਤਰ ਇੱਕ ਹੀ ਹੈ। ਧਰਮ ਮਨੁੱਖ ਨੂੰ ਸਮਾਜ ਤੋਂ ਮਿਲਦਾ ਹੈ, ਰਵਾਇਤ ਰਾਹੀ, ਗਿਆਨ ਉਸ ਦੀ ਆਪਣੀ ਚੇਤਨਾ ਹੈ, ਉਸ ਗਿਆਨ ਦੀ ਵਰਤੋਂ ਹੁੰਦੀ ਹੈ, ਕਰਮ ਨੂੰ ਘੜਨ ਵਿੱਚ ਕਰਮ ਕਰਕੇ ਉਸ ਦਾ ਫਲ ਪ੍ਰਾਪਤ ਕਰਨ ਵਿੱਚ, ਸਰਮ ਖੰਡ ਵਿੱਚ ਮਨੁੱਖ ਦੀ ਆਪਣਾ ਘਾਲਣਾ ਹੈ, ਜਿਥੇ ਸਿਰਜਨਾ ਦੀ ਪ੍ਰਧਾਨਤਾ ਹੈ, ਪਰ ਸਾਰਿਆਂ ਵਿੱਚੋਂ ਲੰਘ ਕੇ ਜਦੋਂ ਸਚੁ ਜਿਸ ਦਾ ਵਰਤਾਰਾ ਕਦੇ ਧਰਮ ਕਿਹਾ ਗਿਆ, ਕਦੇ ਉਸ ਨੂੰ ਗਿਆਨ ਰਾਹੀਂ ਖੋਜਿਆ ਗਿਆ, ਕਦੇ ਸਰਮ- ਘਾਲਨਾ ਕਰਕੇ ਲੱਭਿਆ ਗਿਆ, ਪਰ ਅੰਤ ਵਿੱਚ ਨਿਬੇੜਾ ਸੱਚ ਦੀ ਸਮਝ ਉੱਪਰ ਹੀ ਨਿਬੜੀ। ਜੋ ਕਰਾਂਗੇ ਤੇ ਜੈਸਾ ਕਰਾਂਗੇ ਤੈਸਾ ਹੀ ਮਿਲੇਗਾ। ਇਸ ਸਮਝ ਤੋਂ ਬਾਦ ਨਾ ਕੋਈ ਦੁਖ ਤੇ ਨਾ ਹੀ ਪਾਪ ਦਾ ਅਪਰਾਧ ਬੋਧ, ਨਾ ਕਿਸੇ ਦੀ ਈਨ ਤੇ ਨਾ ਕਿਸੇ ਦੀ ਜ਼ਿਆਦਤੀ, ਜਿਹੜੇ ਇਹੋ ਜਿਹੀ ਜ਼ਿੰਦਗੀ ਜੀ ਗਏ, ਬਹੁਤ ਘਾਲਣਾ ਕਰਕੇ, ਸਿਰਫ ਉਹੋ ਹੀ ਇੱਕ ਸੰਤੁਸ਼ਟ ਅੰਤ ਨੂੰ ਪ੍ਰਾਪਤ ਹੋਏ।
ਜਿੱਥੇ ਸਚੁ ਵਸੈ ਸੋਈ ਸਚੁ ਖੰਡ, ਜਿਥੇ ਸਚੁ ਵਰਤੇ ਉਹੀ ਸਚੁ ਖੰਡ, ਸਚੁ ਦੇ ਰਾਹ ਸਾਰੇ ਜਣੇ ਚੱਲਣ ਉਥੇ ਹੀ ਸਚੁ ਵੱਸੇ, ਵਧੇ ਫੁਲੇ ਤੇ ਪਰਵਾਣ ਚੜ੍ਹੇ। ਜਿਥੇ ਸਾਰਿਆਂ ਨੂੰ ਸਚੁ ਦੀ ਸਮਝ ਆ ਜਾਵੇ ਉਹੋ ਸਚੁ ਖੰਡ। ਸਚੁ ਖੰਡ ਵਿੱਚ ਨਿਰੰਕਾਰ ਵਰਤੇ, ਕਿਸੇ ਅਕਾਰ ਵਿੱਚ ਜਾਹਰਾ ਨਜ਼ਰ ਨਾ ਆਵੇ ਪਰ ਪਰ ਵਰਤੇ ਸਚੁ ਹੀ। ਹਰ ਕੀਤੇ ਹੋਏ ਯਤਨ ਨੂੰ ਫਲ ਪਵੇ, ਹਰ ਕੀਤੇ ਗਏ ਯਤਨ ਦਾ ਕੋਈ ਸਿੱਟਾ ਨਿਕਲੇ ਉਹੀ ਸਚੁ ਦਾ ਵਰਤਾਰਾ, ਜਿੱਥੇ ਸਚੁ ਨੂੰ ਰੋਕਿਆ ਨਾ ਜਾਵੇ।
ਸਚੁ ਤਾਂ ਸਚੁ ਹੀ ਹੈ, ਆਦਿ ਜੁਗਾਦਿ ਤੋਂ, ਇਹ ਮਨੁੱਖ ਦੀ ਹੋਣੀ ਨੂੰ ਘੜਨ ਵਾਲਾ ਸਮਰਥ ਦਾਤਾ ਹੈ, ਉਸ ਸਿਸਟਮ ਦਾ ਅਧਾਰ ਜਿਸ ਨੂੰ ੴ ਆਖਦੇ ਹੋ। ਸਤਿ ਦਾ ਨਾਮੁ ਹੈ, ਇਹੋ ਕਰਤਾ ਪੁਰਖ ਭਾਵ ਕਰਨਹਾਰਾ ਹੈ, ਸਮਰਥ ਕਰਨ ਹਾਰਾ, ਜਿਸਨੂੰ ਹਰੇਕ ਆਪੋ ਆਪਣੇ ਢੰਗ ਨਾਲ ਸਮਝਦਾ ਹੈ।
ਕੋਈ ਪ੍ਰਮਾਤਮਾ ਨੂੰ ਵਿਅਕਤੀ ਰੂਪ ਵਿੱਚ ਦੇਖਣਾ ਚਾਹੁੰਦਾ ਹੈ ਤੇ ਕੋਈ ਸ਼ਕਤੀ ਦੇ ਰੂਪ ਵਿੱਚ, ਕਿਸੇ ਨੂੰ ਇਹ ਕੋਈ ਅਜਬ ਤਾਕਤ ਜਾਪਦੀ ਹੈ ਤੇ ਕਿਸੇ ਨੂੰ ਕੁਝ ਹੋਰ; ਹਰੇਕ ਦਾ ਇਸ ਬਾਰੇ ਆਪਣਾ ਹੀ ਤਸੱਵਰ ਹੈ। ਹਰੇਕ ਇਸ ਨੂੰ ਆਪਣੇ ਢੰਗ ਨਾਲ ਸੋਚਣਾ ਤੇ ਸਮਝਣਾ ਚਾਹੁੰਦਾ ਹੈ। ਧਰਮ ਪੁਸਤਕਾਂ ਇਸ ਭਾਵ ਦੀ ਆਪਣੇ ਢੰਗ ਨਾਲ ਵਿਆਖਿਆ ਕਰਦੀਆਂ ਹਨ। ਇਹ ਵਿਆਖਿਆ ਏਨੀ ਤਿੱਖੀ ਹੋ ਜਾਂਦੀ ਹੈ ਕਿ ਮਨੁੱਖਾਂ ਨੂੰ ਆਪੋ ਵਿੱਚ ਵੰਡ ਕੇ ਰੱਖ ਦਿੰਦੀ ਹੈ। ਸਿੱਟੇ ਵੱਜੋਂ ਕੋਈ ਸ਼ਿਵ ਭਗਤ ਹੈ, ਕੋਈ ਵਿਸ਼ਨੂੰ ਉਪਾਸ਼ਕ ਹੈ, ਕੋਈ ਬ੍ਰਹਮ ਤੋਂ ਗਿਆਨ ਲੈ ਕੇ ਬ੍ਰਹਮ ਗਿਆਨੀ ਹੋਣਾ ਲੋਚਦਾ ਹੈ।
ਜਪੁ ਦੀ ਬਾਣੀ ਵਿੱਚ ਐਬਸਟ੍ਰੈਕਟ ਤੋਂ ਸਥੂਲ, ਸਥੂਲ ਤੋਂ ਸੂਖਮ ਤੇ ਸੂਖਮ ਤੋਂ ਫਿਰ ਸਥੂਲ ਤੱਕ ਜਾਂਦਿਆਂ ਇੱਕ ਅਬਸਟ੍ਰੈਕਟ ਸਮਝ ਬਣਾਈ ਗਈ ਹੈ। ਇਹ ਕਾਵਿ ਰਚਨਾ ਦਾ ਸ਼ਾਹਕਾਰ ਹੈ। ਇਹ ਗੁਰੂ ਸਾਹਿਬ ਦੀ ਬੌਧਿਕ ਕ੍ਰਿਤ ਹੈ, ਇਹੋ ਜਿਹੀ ਜੁੜਤ ਸਾਨੂੰ ਦੁਨੀਆ ਦੇ ਕਿਸੇ ਸਾਹਿਤ ਵਿੱਚ ਨਹੀਂ ਮਿਲਦੀ।
ਪੰਚ ਪਰਵਾਣ
ਪੰਚ ਕਿਸੇ ਪੰਚਾਇਤੀ ਰਾਜ ਦੀ ਨੁਮਾਇੰਦਗੀ ਨਹੀਂ ਕਰਦੇ ਸਗੋਂ ਇਹ ਪੰਜ ਤੱਤਾਂ ਦੀ ਪ੍ਰਧਾਨਤਾ ਦੀ ਗੱਲ ਕਰਦੇ ਹਨ। ਪੰਜ ਪਦਾਰਥ, ਜਿਹਨਾਂ ਤੋਂ ਇਹ ਸ੍ਰਿਸ਼ਟੀ ਬਣੀ ਹੈ। ਇਹਨਾਂ ਸਾਰਿਆਂ ਉਪਰ ਲਾਗੂ ਹੋਣ ਵਾਲੀ ਕੋਈ ਗੱਲ, ਕੋਈ ਨਿਯਮ ਤਾਂ ਇੱਕੋ ਜਿਹਾ ਹੋਵੇਗਾ?
ਪੰਜ ਤੱਤ ਕਿਸ ਦੇ ਅਧੀਨ ਹਨ? ਹਵਾ ਪਾਣੀ ਅੱਗ ਅਕਾਸ਼ ਧਰਤ, ਉਹ ਕਿਹੜੀ ਗੱਲ ਹੈ ਜੋ ਇਹਨਾਂ ਸਾਰਿਆਂ ਨੂੰ ਪਰਵਾਣ ਹੈ ਤੇ ਸਾਰਿਆਂ ਵਿੱਚ ਪ੍ਰਧਾਨ ਹੈ। ਪੰਜਾਂ ਦਾ ਗੁਰ ਭੇਤ, ਇੱਕੋ ਨਹੀਂ? ਸਾਰੇ ਤੱਤ ਜਿਸ ਤੋਂ ਪ੍ਰਭਾਵਤ ਹੁੰਦੇ ਹਨ? ਕੀ ਇਹਨਾਂ ਵਿੱਚ ਕਰਤਾ ਤੇ ਕਰਣਾ ਸ਼ਾਮਿਲ ਨਹੀਂ? ਕੀ ਇਹ ਕਰਤੇ ਦੇ ਨਿਯਮ ਵਿੱਚ ਆਉਂਦੇ?
ਸਾਰੀ ਪਉੜੀ ਵਿੱਚ ਬ੍ਰਹਿਮੰਡ ਦੇ ਵਰਤਾਰੇ ਦੀ ਗੱਲ ਹੋ ਰਹੀ ਹੈ। ਇਹ ਸਾਰੇ ਵਰਤਾਰੇ ਸਥੂਲ ਹਨ। ਧਰਤੀ ਧਰਮ ਦੇ ਬਲਦ ਦੇ ਸਿੰਗਾਂ ਉਪਰ ਟਿਕੀ ਹੈ ਵਾਲੀ ਗੱਲ ਵੀ ਪਰਤਾਈ ਗਈ ਹੈ; ਕੀ ਇਸ ਵਿਆਖਿਆ ਨਾਲ ਬ੍ਰਹਿਮੰਡ ਵਿੱਚ ਹੋਰ ਧਰਤੀਆਂ ਦੇ ਮੌਜੂਦ ਹੋਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਇਹ ਸਾਰੇ ਮੁਹਾਵਰੇ ਜਿਸ ਦਿਸ਼ਾ ਵੱਲ ਸੰਕੇਤ ਕਰਦੇ ਹਨ, ਉਹ ਕੋਈ ਗੁਪਤ ਵਰਤਾਰਾ ਨਹੀਂ ਜਿਸ ਨੂੰ ਅਧਿਆਤਮ ਦੇ ਪੱਧਰ ਉਪਰ ਜਾ ਕੇ ਸਮਝਣਾ ਪਵੇ। ਪ੍ਰਧਾਨਤਾ ਤਾਂ ਸਿਰਫ ਕਰਤਾ ਦੇ ਕਰਣੀ ਦੀ ਪ੍ਰਕ੍ਰਿਆ ਹੈ। ਉਹ ਕਿਵੇਂ ਇਹਨਾਂ ਸਾਰਿਆਂ ਵਿੱਚ ਸਥਾਪਤ ਹੁੰਦੀ ਹੋਈ ਪ੍ਰਤੀਤ ਹੁੰਦੀ ਹੈ। ਇਸ ਦੀ ਸਮਝ ਬਣਾਉਣ ਦੀ ਲੋੜ ਹੈ।
ਇਸ ਪਉੜੀ ਵਿੱਚ ਇੱਕ ਨਹੀਂ ਕਈ ਵਿਚਾਰ ਹਨ, ਇਹਨਾਂ ਨੂੰ ਤਰਤੀਬ ਵਾਰ ਖੋਲ੍ਹ ਲੈਣਾ ਚਾਹੀਦਾ ਹੈ?
ਪੰਚ ਪਰਵਾਣ ਪੰਚ ਪਰਧਾਨੁ ॥
ਪੰਚੇ ਪਾਵਹਿ ਦਰਗਹਿ ਮਾਨੁ ॥
ਪੰਚੇ ਸੋਹਹਿ ਦਰਿ ਰਾਜਾਨੁ ॥
ਪੰਚਾ ਕਾ ਗੁਰੁ ਏਕੁ ਧਿਆਨੁ ॥
ਜੇ ਕੋ ਕਹੈ ਕਰੈ ਵੀਚਾਰੁ ॥
ਕਰਤੇ ਕੈ ਕਰਣੈ ਨਾਹੀ ਸੁਮਾਰੁ ॥
ਇਹ ਪਹਿਲਾ ਵਿਚਾਰ ਹੈ। ਜੇ ਕੋਈ ਇਹਨਾਂ ਉਪਰ ਵਿਚਾਰ ਕਰੇ ਤੇ ਸਮਝੇ ਕਿ ਇਹ ਕਰਤੇ ਦੀ ਕਰਣੀ ਦੇ ਹੀ ਅਧੀਨ ਵਿਚਰਦੇ ਹਨ, ਪੰਜ ਭੌਤਿਕ ਪਦਾਰਥਾਂ ਦਾ ਵਰਤਾਰਾ ਕਰਤੇ ਦੇ ਨਿਯਮ ਤੋਂ ਬਾਹਰਾ ਕਿਵੇਂ ਹੋ ਸਕਦਾ ਹੈ। (ਇਹ ਕਰਤੇ ਦਾ ਨਿਯਮ ਕਾਰਣ ਤੇ ਘਟਨਾ ਦਾ ਤਾਲਮੇਲ ਹੀ ਤਾਂ ਹੈ ਜੋ ਆਦਿ ਅਨਾਦਿ ਕਾਲ ਤੋਂ ਪਦਾਰਥ ਨੂੰ ਸੇਧ ਦੇ ਰਿਹਾ ਹੈ।
ਧੌਲੁ ਧਰਮੁ ਦਇਆ ਕਾ ਪੂਤੁ ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
ਜੇ ਕੋ ਬੁਝੈ ਹੋਵੈ ਸਚਿਆਰੁ ॥
ਧਵਲੈ ਉਪਰਿ ਕੇਤਾ ਭਾਰੁ ॥
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
ਧਰਮ ਦਾ ਮੰਨਣਾ ਹੈ ਕਿ ਧਰਤੀ ਬਲਦ ਦੇ ਸਿੰਗਾਂ ਉਪਰ ਖੜ੍ਹੀ ਹੈ। ਪਰ ਅਸਲ ਧਰਮ ਤਾਂ ਸਚੁ ਦਾ ਹੈ, ਜਿਸ ਦੇ ਕਾਰਨ ਸਾਰੀ ਸ੍ਰਿਸ਼ਟੀ ਦਾ ਵਰਤਾਰਾ ਵਰਤ ਰਿਹਾ ਹੈ। ਜਿਸ ਨੇ ਇਹ ਬੁੱਝ ਲਿਆ ਕਿ ਸਚੁ ਦਾ ਵਰਤਾਰਾ ਹੀ ਉਸ ਤਾਣ, ਤਾਕਤ ਦਾ ਮੂਲ ਹੈ, ਜਿਸ ਨੇ ਸ੍ਰਿਸ਼ਟੀ ਨੂੰ ਆਪਣੇ ਸਰੂਪ ਵਿੱਚ ਟਿਕਾਇਆ ਹੋਇਆ ਹੈ। ਕਵਣ ਜੋਰ ਉਸ ਨਿਯਮ ਦਾ ਹੈ ਜਿਸ ਨੂੰ ਸਤਿਅ ਜਾਂ ਸਚੁ ਆਖਿਆ ਗਿਆ ਹੈ।
ਜੀਅ ਜਾਤਿ ਰੰਗਾ ਕੇ ਨਾਵ ॥
ਸਭਨਾ ਲਿਖਿਆ ਵੁੜੀ ਕਲਾਮ ॥
ਏਹੁ ਲੇਖਾ ਲਿਖਿ ਜਾਣੈ ਕੋਇ ॥
ਲੇਖਾ ਲਿਖਿਆ ਕੇਤਾ ਹੋਇ ॥
ਕੇਤਾ ਤਾਣੁ ਸੁਆਲਿਹੁ ਰੂਪੁ ॥
ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ਕੀਤਾ ਪਸਾਉ ਏਕੋ ਕਵਾਉ ॥
ਤਿਸ ਤੇ ਹੋਏ ਲਖ ਦਰੀਆਉ ॥
ਸਚੁ ਦਾ ਪਸਾਰਾ ਹੀ ਹੈ ਇਹ ਸ੍ਰਿਸ਼ਟੀ ਤੇ ਸਾਰੀ ਸ੍ਰਿਸ਼ਟੀ ਦਾ ਇੱਕੋ ਨਿਯਮ ਹੈ, ਜਿਸ ਤੋਂ ਇਹ ਸਾਰਾ ਬ੍ਰਹਿਮੰਡ ਗਤਿਮਾਨ ਹੈ। ਸਾਰੇ ਬਿਰਤਾਂਤ ਦਾ ਨਿਚੋੜ ਕਰਤਾ ਦਾ ਨਿਯਮ ਹੀ ਤਾਂ ਹੈ, ਜਿਸ ਦੇ ਅਧੀਨ ਸਾਰੇ ਪੰਜ ਤੱਤ ਹਨ।
ਹਰੇਕ ਧਰਮ ਗ੍ਰੰਥ ਨੇ ਆਪੋ ਆਪਣੇ ਢੰਗ ਨਾਲ ਇਸ ਵਰਤਾਰੇ ਦੀ ਵਿਆਖਿਆ ਕੀਤੀ ਹੈ। ਹਰ ਫਿਰਕੇ, ਤੇ ਮਜ਼ਹਬ ਨੇ ਇਸ ਦੇ ਬਾਰੇ ਕੁਝ ਨਾ ਕੁਝ ਆਖਿਆ ਹੈ, ਪਰ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਕਿ ਬਿਨਾਂ ਕਾਰਨ ਤੋਂ ਕਿਵੇਂ ਕੁਝ ਵਾਪਰ ਸਕਦਾ ਹੈ? ਏਕ ਤੋਂ ਅਨੇਕਤਾ ਬਾਰੇ ਵੀ ਗੱਲ ਇਸ ਪਉੜੀ ਵਿੱਚ ਹੈ। ਸਾਰਾ ਪਸਾਰਾ ਹੀ ਇੱਕ ਤੋਂ ਹੈ ਤੇ ਉਹ ਇੱਕ ਕਰਤਾ
ਪੁਰਖ ਦਾ ਨਿਯਮ ਹੈ। ਜਿਸ ਦਾ ਅਧਿਐਨ ਆਸਾ ਦੀ ਵਾਰ ਦੀਆਂ ਪਉੜੀਆਂ ਵਿੱਚ ਮਿਲਦਾ ਹੈ।
ਇਸ ਪਉੜੀ ਵਿੱਚ ਸ੍ਰਿਸ਼ਟੀ ਦੇ ਸੰਚਾਲਨ ਦੀ ਨਿਯਮਬੱਧਤਾ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਆਪਣੇ ਵਿਚਾਰ ਸਪਸ਼ਟ ਕਰਨ ਲਈ ਜਿਹੜੇ ਅਲੰਕਾਰ ਤੇ ਮੁਹਾਵਰੇ ਵਰਤੇ ਗਏ ਹਨ, ਉਹ ਬਹੁਤ ਸਥੂਲ ਪੱਧਰ ਦੇ ਹਨ ਤੇ ਆਮ ਸਮਝ ਵਿੱਚ ਪਹਿਲਾਂ ਤੋਂ ਮੌਜੂਦ ਸੰਕਲਪ ਰੂਪ ਹਨ। ਇਹਨਾਂ ਦੇ ਹਵਾਲੇ ਨਾਲ ਜੋ ਸਪਸ਼ਟ ਕੀਤਾ ਗਿਆ ਹੈ ਉਹ ਹੈ:
ਜੇ ਕੋ ਕਹੈ ਕਰੈ ਵੀਚਾਰੁ ॥
ਕਰਤੇ ਕੈ ਕਰਣੈ ਨਾਹੀ ਸੁਮਾਰੁ ॥
***********
ਜੇ ਕੋ ਬੁਝੈ ਹੋਵੈ ਸਚਿਆਰੁ ॥
ਧਵਲੈ ਉਪਰਿ ਕੇਤਾ ਭਾਰੁ ॥
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
***********
ਕੀਤਾ ਪਸਾਉ ਏਕੋ ਕਵਾਉ ॥
ਤਿਸ ਤੇ ਹੋਏ ਲਖ ਦਰੀਆਉ ॥
ਇਹ ਪੰਗਤੀਆਂ ਇਸ ਪਉੜੀ ਦਾ ਸਾਰ ਰੂਪ ਹਨ। ਸਾਰੀਆਂ ਵਿੱਚ ਇੱਕ ਵੀ ਵਿਚਾਰ ਪ੍ਰਗਟਾਇਆ ਗਿਆ ਹੈ। ਇਕ ਹੀ ਸਿਸਟਮ ਜਿਸ ਦਾ ਅਧਾਰ ਰੂਪ ਇੱਕ ਹੈ, ਇੱਕ ਹੀ ਨਿਯਮ ਅਧੀਨ ਕੰਮ ਕਰਨ ਵਾਲਾ ਵੱਖ-ਵੱਖ ਧਾਰਾਵਾਂ ਵਿੱਚ ਦਿਖਾਈ ਦੇਣ ਵਾਲਾ ਅਸਲ ਵਿੱਚ ੴ ਹੈ।
ਜਪੁ ਦੀ ਬਾਣੀ ਦਾ ਨਿਚੋੜ
ਜਪੁ ਦੀ ਬਾਣੀ ਦਰਅਸਲ ਸਚੁ ਦੀ ਬਾਣੀ ਹੈ, ਇਹ ਸਚੁ ਦੀ ਵਿਆਖਿਆ ਹੈ, ਸਚੁ ਦੇ ਵਰਤਾਰੇ ਦੀ ਵਿਆਖਿਆ ਹੈ, ਜਿਸ ਲਈ ਮਨੁੱਖ ਨੂੰ ਸਚਿਆਰਾ ਬਣਨ ਦਾ ਆਦੇਸ ਦਿੱਤਾ ਗਿਆ ਹੈ। ਸਚਿਆਰਾ ਦਾ ਭਾਵ ਸੱਚ ਬੋਲਣ ਵਾਲਾ ਨਹੀਂ ਸਗੋਂ ਸਚੁ ਦੇ ਮਾਰਗ ਉਪਰ ਚੱਲਣਾ ਹੈ। ਸਚੁ ਦੇ ਮਾਰਗ ਉਪਰ ਚੱਲਣਾ ਦਾ ਮਤਲਬ ਵੀ ਸਚੁ ਵਾਗੂ ਵਰਤਣਾ ਹੈ।
ਇਹ ਸਤਿ ਨਾਮ ਦੀ ਬਾਣੀ ਹੈ। ਸਤਿ ਦੇ ਵਰਤਣ ਨੂੰ ਹੀ ਸਤਿ ਨਾਮ ਆਖਿਆ ਗਿਆ ਹੈ। ਬਾਣੀ ਦਾ ਕੇਂਦਰ ਸਚੁ ਹੈ, ਇਸ ਨੂੰ ਪਹਿਲੇ ਸਲੋਕ ਵਿੱਚ ਖੋਲ੍ਹਿਆ ਗਿਆ ਹੈ।
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਸਚਿਆਰਾ ਹੋਣ ਲਈ ਸਚੁ ਦੇ ਰਸਤੇ ਚੱਲ ਕੇ ਜਿਹੜਾ ਅਨੁਭਵ ਹੋਵੇਗਾ, ਉਹੋ ਗੁਰ ਪ੍ਰਸਾਦਿ ਹੈ। ਮਤਲਬ ਹੰਢਾ ਕੇ ਪ੍ਰਾਪਤ ਕੀਤਾ ਸਿੱਧਾ ਅਨੁਭਵ, ਇਸ ਨੇ ਹੀ ਤੁਹਾਨੂੰ ਅੱਗੇ ਤੁਰਨ ਦਾ ਰਸਤਾ ਦਿਖਾਉਣਾ ਹੈ ਤੇ ਜੀਵਨ ਜਾਚ ਨੂੰ ਸਹਿਜ ਬਣਾਉਣਾ ਹੈ।
ਗੁਰਬਾਣੀ ਵਿੱਚ ਗੁਰ ਪ੍ਰਸਾਦਿ ਕਿਸੇ ਇੱਕ ਪ੍ਰਕਾਰ ਦਾ ਨਹੀਂ, ਸਗੋਂ ਇਸ ਵਿਚਲੀ ਵਿੰਭਿੰਨਤਾ ਤੇ ਉਸ ਦੇ ਨਿਚੋੜ ਦਾ ਇਕੋ ਜਿਹਾ ਹੋਣਾ ਗੁਰਬਾਣੀ ਦੀ ਵਿਸ਼ੇਸ਼ਤਾ ਹੈ।
ਸਚੁ ਨੂੰ ਪ੍ਰੀਭਾਸ਼ਤ ਕਰਨ ਦਾ ਇੱਕ ਭਰਪੂਰ ਪਰ ਸਫਲ ਜਤਨ ਸਾਨੂੰ ਜਪੁ ਦੀ ਬਾਣੀ ਚੋਂ ਮਿਲਦਾ ਹੈ। ਇਸ ਦੇ ਪੰਜ ਸੂਤਰਧਾਰ ਜੋ ਇਸਦੇ ਰੂਪਕ ਪੱਖ ਦਾ ਇੱਕ ਹਿੱਸਾ ਹਨ, ਬਹੁਤ ਸੁੰਦਰ ਤੇ ਸਹਿਜ ਢੰਗ ਨਾਲ ਸਚੁ ਸ਼ਬਦ ਨਾਲ ਜਾ ਜੁੜਦੇ ਹਨ।
ੳ ਗੁਰਾ ਇਕ ਦੇਹ ਬੁਝਾਈ॥ ਸਭਨਾਂ ਜੀਆ ਕਾ ਇਕ ਦਾਤਾ ਸੋ ਮੈ ਵਿਸਰਿ ਨਾ ਜਾਈ॥ (ਦੋ ਪਉੜੀਆਂ)
ਅ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ (ਚਾਰ ਪਉੜੀਆਂ)
ੲ ਐਸਾ ਨਾਮੁ ਨਿਰੰਜਣੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ (ਚਾਰ ਪਉੜੀਆਂ)
ਸ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ (ਚਾਰ ਪਉੜੀਆਂ)
ਹ ਆਦੇਸੁ ਤਿਸੈ ਆਦੇਸ॥ ਆਦਿ ਅਨੀਲ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸ॥ (ਚਾਰ ਪਉੜੀਆਂ)
ਪਹਿਲੇ ਸੂਤਰ ਵਿੱਚ ਇਕ ਦੇਹ ਬੁਝਾਉਣਾ, ਭਾਵ ਇੱਕ ਬੁਝਾਰਤ ਖੋਲ੍ਹਣਾ ਹੈ, ਜਿਸ ਰਾਹੀ ਸਚੁ ਸਾਰਿਆਂ ਦਾ ਇੱਕ ਦਾਤਾ ਰੂਪ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ। ਦੂਜੇ ਸੂਤਰ ਵਿੱਚ ਸੁਣਿਐ ... ਉਪਰ ਜੋਰ ਹੈ, ਕੀ ਸੁਣਿਆ? ਜਿਸ ਨਾਲ ਦੂਖ ਤੇ ਪਾਪ ਦਾ ਨਾਸ ਹੋ ਜਾਵੇ।
ਤੀਜੇ ਸੂਤਰ ਵਿੱਚ ਐਸਾ ਨਾਮੁ ਉਪਰ ਜੋਰ ਦਿੱਤਾ ਗਿਆ ਹੈ। ਜਿਸ ਦੇ ਮੰਨੇ ਜਾਣ ਨਾਲ ਮੰਨੀਆਂ ਹੋਈਆਂ ਗੱਲਾਂ ਦੀ ਸਮਝ ਆ ਜਾਵੇ। ਚੌਥੇ ਵਿੱਚ ਜੋ ਤੁਧ ਭਾਵੈ... ਮਤਲਬ ਜੋ ਤੈਨੂੰ ਭਾਵੈ, ਚੰਗਾ ਲੱਗੇ, ਉਸ ਉਪਰ ਜੋਰ ਦਿੱਤਾ ਗਿਆ ਹੈ।
ਪੰਜਵੇਂ ਸੂਤਰ ਵਿੱਚ ਆਦਿ ਅਨੀਲ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸ॥ ਦੀ ਗੱਲ ਹੋ ਰਹੀ ਹੈ। ਪੰਜਾਂ ਸੂਤਰਾਂ ਵਿੱਚ ਕਰਤਾ ਪੁਰਖ ਦੇ ਕਰਤਾ ਹੋਣ ਦੀਆਂ ਗੱਲਾਂ ਹਨ। ਉਸ ਦੇ ਵਰਤਾਰੇ ਨੂੰ ਸਮਝਣ ਲਈ ਅਸਾਨ ਸ਼ਬਦਾਂ ਵਿੱਚ ਕੀਤੀ ਗਈ ਵਿਆਖਿਆ ਹੈ।
ਜੇ ਕਰ ਇਹਨਾਂ ਸਾਰਿਆਂ ਲਈ ਕਿਹੜੀ ਬੂਝ ਦੀ ਸੂਝ, ਕਿਸ ਨੂੰ ਸੁਣਿਐ ਦੁਖ ਤੇ ਪਾਪ ਬੋਧ ਦੀ ਸਮਝ ਆ ਜਾਵੇ, ਕਿਹੜਾ ਨਾਮੁ, ਕਿਸ ਨੂੰ ਕੀ ਭਾਵੇ, ਕਿਹੜਾ ਆਦੇਸ, ਇਹਨਾਂ ਸਾਰਿਆਂ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਖੋਜ ਸਚੁ ਉਪਰ ਜਾ ਕੇ ਖਤਮ ਹੁੰਦੀ ਹੈ। ਜਪੁ ਦੀ ਬਾਣੀ ਦੀ ਆਖਰੀ ਪਉੜੀ ਇਸ ਨੂੰ ਹੋਰ ਖੋਲ੍ਹਦੀ ਹੈ, ਪੂਰੀ ਸਪੱਸ਼ਟਤਾ ਦੇ ਨਾਲ-
ਜਤੁ ਪਾਹਾਰਾ ਧੀਰਜੁ ਸੁਨਿਆਰੁ॥
ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ॥
ਭਾਂਡਾ ਭਾਉ ਅੰਮ੍ਰਿਤ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ॥
ਜਿਨਿ ਕਉ ਨਦਰਿ ਕਰਮੁ ਤਿਨ ਕਾਰ॥
ਨਾਨਕ ਨਦਰੀ ਨਦਰਿ ਨਿਹਾਲ॥
ਜਿਸ ਜਿਸ ਨੇ ਇਸ ਸਚੁ ਨੂੰ ਆਪਣੇ ਅੰਦਰ ਵਸਾ ਲਿਆ, ਉਸ ਦੇ ਜੀਣ, ਸੋਚਣ, ਸਮਝਣ ਦਾ ਢੰਗ ਬਦਲ ਜਾਵੇਗਾ। ਉਸ ਦੀ ਸੋਚ ਇਸ ਦੇ ਅਨੁਸਾਰ ਬਦਲ ਜਾਵੇਗੀ। ਫਿਰ ਉਹ ਜੋ ਕੁਝ ਕਰੇਗਾ, ਕਹੇਗਾ, ਜਿੰਨੇ ਵੀ ਫੈਸਲੇ ਕਰੇਗਾ, ਉਸ ਸਚੁ ਦੇ ਭੈਅ ਵਿੱਚ ਰਹਿ ਕੇ ਹੀ ਕਰੇਗਾ। ਤੇ ਉਸ ਦੇ ਵਿਸ਼ਵਾਸ ਨੂੰ ਫਲ ਪਵੇਗਾ, ਇਹ ਵੀ ਲਾਜ਼ਮੀ ਹੈ।
ਇਸ ਦਾ ਨਿਪਟਾਰਾ ਜਪੁ ਦੀ ਬਾਣੀ ਦੇ ਅੰਤ ਵਿੱਚ ਦਰਜ ਕੀਤੇ ਸਲੋਕ ਵਿੱਚ ਕਰ ਦਿੱਤਾ ਗਿਆ ਹੈ।
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਚੰਗਿਆਇਆ ਬੁਰਿਆਈਆ ਵਾਚੈ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥
ਸਾਡੇ ਚੰਗੇ ਤੇ ਮੰਦੇ ਭਵਿੱਖ ਦਾ ਫੈਸਲਾ ਸਾਡੇ ਸਮੇਂ ਦਾ ਨਿਰਣਾ ਸਾਡੇ ਕਰਮਾਂ ਨੇ ਕਰਨਾ ਹੈ। ਜਿਹੋ ਜਿਹੇ ਸਾਡੇ ਕਰਮ ਹੋਣਗੇ, ਜਿਹੋ ਜਿਹਾ ਅਸੀਂ ਵਰਤਮਾਨ ਸਮੇਂ ਵਿੱਚ ਬੀਜਾਂਗੇ, ਉਹੋ ਕੁਝ ਸਾਨੂੰ ਵੱਢਣਾ ਪੈਣਾ ਹੈ। ਸਮਾਂ ਹਰ ਚੰਗੇ ਤੇ ਮਾੜੇ ਕਰਮ ਨੂੰ ਉਸ ਦੀ ਸਮਰੱਥਾ ਅਨੁਸਾਰ ਫਲ ਲਗਾਉਂਦਾ ਹੈ। ਇਸ ਲਈ ਜਿਨ੍ਹਾਂ ਨੇ ਅੱਜ ਦੇ ਸਮੇਂ ਵਿੱਚ ਕੁਦਰਤ ਦੇ ਇਸ ਨਾਮੁ ਭਾਵ ਸਿਧਾਂਤ ਨੂੰ ਮਨ ਵਿੱਚ ਯਾਦ ਰੱਖ ਕੇ ਮਸਕਤਿ ਘਾਲੀ, ਘਾਲਣਾ ਘਾਲੀ ਸਿਰਫ ਉਹਨਾਂ ਦਾ ਸਮਾਂ ਹੀ ਸੁਭਾਗਾ ਰਿਹਾ ਤੇ ਸੁਖ ਬਣ ਕੇ ਮਿਲਿਆ।
ਜਪੁ ਦੀ ਬਾਣੀ ਜੀਵਨ ਜਾਚ ਸੰਬੰਧੀ ਬਹੁਤ ਮਹੱਤਵਪੂਰਨ ਸੇਧ ਦਿੰਦੀ ਹੈ। ਠੀਕ ਗਲਤ ਦਾ ਫੈਸਲਾ ਕਰ ਸਕਣ ਦੀ ਸਮਰਥਾ ਪ੍ਰਦਾਨ ਕਰਦੀ ਹੈ। ਇਹ ਤੁਹਾਡੇ ਅੰਦਰ ਦੇ ਸਾਰੇ ਖ਼ਦਸ਼ੇ ਦੂਰ ਕਰਦੀ ਹੈ। ਇਹ ਤੁਹਾਨੂੰ ਜ਼ਿੰਦਗੀ ਵਿੱਚ ਸੋਚ ਸਮਝ ਕੇ ਤੇ ਪੂਰੀ ਜੁੰਮੇਵਾਰੀ ਨਾਲ ਫੈਸਲੇ ਕਰਨ ਦੀ ਸਮਰਥਾ ਬਖਸ਼ਦੀ ਹੈ। ਇਹ ਤੁਹਾਡੇ ਇਸ ਧਰਾਤਲ, ਇਸ ਜੀਵਨ ਵਿੱਚ ਸਫਲਤਾ ਨਾਲ ਜੀਉਣ ਦਾ ਰਸਤਾ ਦਿਖਾਉਂਦੀ ਹੈ।
ਤੁਹਾਡੇ ਦੁਖ ਤੇ ਸੁੱਖ ਦਾ ਕਾਰਨ ਕੋਈ ਹੋਰ ਨਹੀਂ ਤੁਸੀਂ ਖੁਦ ਹੋ। ਤੁਹਾਡੇ ਗਲਤ ਫੈਸਲਿਆਂ ਕਾਰਨ ਹੀ ਤੁਹਾਨੂੰ ਦੁਖੀ ਹੋਣਾ ਪਿਆ। ਜੇ ਸੁਖ ਮਿਲਿਆ ਤਾਂ ਵੀ ਉਹ ਚੰਗੀ ਨੀਅਤ ਨਾਲ ਕੀਤੇ ਗਏ ਤੁਹਾਡੇ ਫੈਸਲੇ ਸਨ, ਜਿਹਨਾਂ ਨੇ ਤੁਹਾਡਾ ਰਸਤਾ ਸੌੜਾ ਨਹੀਂ ਹੋਣ ਦਿੱਤਾ। ਆਸਾ ਦੀ ਵਾਰ ਵਿੱਚ ਇਸ ਦਾ ਨਿਰਣਾ ਗੁਰੂ ਸਾਹਿਬ ਨੇ ਬਖੂਭੀ ਕੀਤਾ ਹੈ।
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥
ਕਰਿ ਅਉਗਣ ਪਛੋਤਾਵਣਾ ॥੧੪॥
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ...... ਮਤਲਬ ਕਿ ਹੁਣ ਜਦੋਂ ਆਪਣੇ ਕੀਤੇ ਗਲਤ ਫੈਸਲਿਆਂ ਕਾਰਨ ਜ਼ਿੰਦਗੀ ਨਰਕ ਬਣਨ ਲੱਗੀ ਹੈ ਤੇ ਹੁਣ ਜਦੋਂ ਕਿਸੇ ਕਿਸਮ ਦਾ ਬਚਾਅ ਨਹੀਂ ਰਿਹਾ, (ਕੱਪੜੇ ਸਰੀਰ ਨੂੰ ਸੁਖ ਦਿੰਦੇ ਹਨ, ਗਰਮੀ ਸਰਦੀ ਤੋਂ ਬਚਾਉਂਦੇ ਹਨ।) ਹੁਣ ਸੱਚ ਨੰਗਾ ਸਾਹਮਣੇ ਆ ਰਿਹਾ ਹੈ, ਭਾਵ ਕਿ ਜਦੋਂ ਕੁਦਰਤ ਤੁਹਾਨੂੰ ਤੁਹਾਡਾ ਕੀਤਾ ਪਰਤਾਉਣ ਲੱਗੀ ਹੈ ਤਾਂ ਭਵਿੱਖ ਤੋਂ ਡਰ ਆ ਰਿਹਾ ਹੈ। ਅਉਗਣ ਕਰਕੇ ਹੁਣ ਪਛਤਾਉਣ ਦਾ ਕੀ ਲਾਭ। ਪਹਿਲਾਂ ਸੋਚਣਾ ਚਾਹੀਦਾ ਸੀ। ਇਸ ਤੋਂ ਵੱਡਾ ਵਿਗਿਆਨਕ ਸੱਚ ਕੀ ਹੋ ਸਕਦਾ ਹੈ, ਜਿਸ ਦੇ ਅਨੁਸਾਰ ਹਰ ਕ੍ਰਿਆ ਦੀ ਪ੍ਰਤੀਕ੍ਰਿਆ ਦਾ ਹੋਣਾ ਤੈਅ ਹੈ।
ਇਹ ਸਾਰੀਆਂ ਕਰਤੇ ਕੀਆ ਬਾਤਾ ਹਨ, ਜਿਹਨਾਂ ਬਾਰੇ ਗੁਰੂ ਸਾਹਿਬ ਨੇ ਫੁਰਮਾਣ ਕੀਤਾ, ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ।