ਮੂਲ ਸੰਕਲਪ ਦੇ ਪੱਧਰ ਉਪਰ ਕੰਮ ਕਰਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹਿੱਸੇ ਆਇਆ। ਜਿਹੜੀ ਬਾਣੀ ਇਸ ਉਦੇਸ਼ ਨਾਲ ਗੁਰੂ ਸਾਹਿਬ ਨੇ ਰਚੀ ਉਹ ਉਹਨਾਂ ਦੇ ਸਾਲਾਂ ਦੇ ਅਨੁਭਵ ਉਪਰ ਅਧਾਰਤ ਸੀ ਤੇ ਇਸ ਬਾਣੀ ਦੀ ਰਚਨਾ ਵੀ ਉਹਨਾਂ ਦੀ ਉਮਰ ਦੇ ਆਖਰੀ ਪੜਾ ਉੱਪਰ ਹੋਈ ਮੰਨੀ ਜਾਂਦੀ ਹੈ।
ਜਪੁ ਦੀ ਬਾਣੀ ਗੁਰੂ ਨਾਨਕ ਦੇਵ ਜੀ ਦੇ ਅਨੁਭਵ ਦਾ ਨਿਚੋੜ ਤੇ ਸੰਵਾਦ ਦੀ ਸਮਰਥਾ ਦਾ ਸ਼ਿਖਰ ਹੈ, ਇਸੇ ਲਈ ਇਸ ਨੂੰ ਕਿਸੇ ਵੀ ਪੱਖ ਤੋਂ ਨਾ ਰੱਦ ਕੀਤਾ ਜਾ ਸਕਦਾ ਹੈ ਤੇ ਨਾ ਹੀ ਇਸ ਉੱਪਰ ਕੋਈ ਪ੍ਰਸ਼ਨ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਦੇ ਵਿਚਾਰ ਰੂਪ ਨੂੰ ਸਮਝਣ ਲਈ ਉਹਨਾਂ ਦੀ ਇਸ ਬਾਣੀ ਨੂੰ ਸਹੀ ਦ੍ਰਿਸ਼ਟੀਕੋਣ ਤੋਂ ਸਮਝਣਾ ਬਹੁਤ ਜ਼ਰੂਰੀ ਹੈ, ਇਹ ਵਿਸ਼ੇ ਵਸਤੂ ਤੋਂ ਇਲਾਵਾ ਰੂਪਕ ਪੱਖ ਤੋਂ ਵੀ ਗੁਰੂ ਸਾਹਿਬ ਦੀ ਕਲਾਤਮਕ ਤੇ ਕਾਵਿਕ ਹੁਨਰ ਦਾ ਸ਼ਿਖਰ ਹੈ। ਇਸ ਵਿੱਚ ਨਾ ਸਿਰਫ ਸਥਾਪਤ ਸੰਕਲਪ ਰੱਦ ਹੀ ਕੀਤੇ ਗਏ ਹਨ ਸਗੋਂ ਜਿਹੜਾ ਨਵਾਂ ਸੰਕਲਪ ਉਸਾਰਿਆ ਗਿਆ ਹੈ, ਉਹ ਮਨੁੱਖੀ ਅਮਲ ਦੇ ਐਨਾ ਨੇੜੇ ਹੈ ਤੇ ਇਹ ਐਨਾ ਸਰਲ ਕਰ ਦਿੱਤਾ ਗਿਆ ਹੈ, ਕਿ ਇਸ ਨੇ ਸਾਰੇ ਪੁਰਾਤਨ ਸੰਕਲਪ ਤੇ ਕਾਰ-ਵਿਹਾਰ ਵਿਹਲੇ ਕਰ ਦਿੱਤੇ ਹਨ।
ਜਿਹੜਾ ਸੰਵਾਦ ਗੁਰੂ ਸਾਹਿਬ ਇਸ ਬਾਣੀ ਵਿੱਚ ਰਚਾਉਂਦੇ ਹਨ ਉਹ ਜਪੁ ਦੀ ਬਾਣੀ ਪੜ੍ਹਨ ਵਾਲੇ ਦੇ ਅੰਦਰ ਤੀਕ ਦੀ ਸਮਝ ਨੂੰ ਬਦਲ ਦਿੰਦਾ ਹੈ। ਇਸ ਲਈ ਇਹ ਬਾਣੀ ਸਿਰਫ ਉਸ ਨੂੰ ਹੀ ਪੜ੍ਹਨੀ ਚਾਹੀਦੀ ਹੈ, ਜਿਸ ਨੇ ਸਮਝਣੀ ਹੋਵੇ, ਸਮਝਣੀ ਵੀ ਉਸ ਨੂੰ ਹੀ ਚਾਹੀਦੀ ਹੈ, ਜਿਸ ਨੇ ਇਸ ਦਾ ਅਨੁਭਵ ਕਰਨਾ ਹੋਵੇ ਤੇ ਫਿਰ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲੈਣਾ ਹੋਵੇ। ਸਿਰਫ ਪਾਠ ਕਰਨ ਦੇ ਉਦੇਸ਼ ਨਾਲ ਇਸ ਨੂੰ ਪੜ੍ਹੀ ਜਾਣਾ ਗੁਰੂ ਸਾਹਿਬ ਦੀ ਸੰਵਾਦ ਸਮਰਥਾ ਦੀ ਬੇਅਦਬੀ ਹੈ। ਉਹਨਾਂ ਨੇ ਧਰਮ ਦੀ ਲੋੜ ਨੂੰ ਪ੍ਰਮਾਤਮਾ ਨਾਲ ਮਿਲਾਪ ਦੀ ਬਜਾਏ ਵਰਤਮਾਨ ਜੀਵਨ ਨੂੰ ਸੁਚੱਜੇ ਢੰਗ ਨਾਲ ਜੀਣ ਉਪਰ ਜੋਰ ਦਿੱਤਾ।
ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ, ਅਨੁਸਾਰ ਵਰਤਮਾਨ ਨੂੰ ਬਿਹਤਰ ਤਰੀਕੇ ਨਾਲ ਜੀਣ ਦੀ ਆਦਤ ਨੂੰ ਹੀ ਧਰਮ ਦਾ ਅਧਾਰ ਬਣਾਇਆ। ਇਸ ਲਈ ਗੁਰੂ ਨਾਨਕ ਜਪੁ ਦੀ ਬਾਣੀ ਨੂੰ ਜੀਵਨ ਦਾ ਸਲੀਕਾ ਸਰਲ ਬਣਾਉਣ ਲਈ ਲੋੜੀਂਦੇ ਸੰਕਲਪਾਂ ਉਪਰ ਕੰਮ ਕਰਨ ਨੂੰ ਪਹਿਲ ਦਿੰਦਾ ਹੈ। ਕੋਈ ਜੋ ਮਰਜ਼ੀ ਕਹੇ, ਪਰ ਸਪਸ਼ਟਤਾ ਇਸੇ ਗੱਲ ਵਿੱਚ ਹੈ ਕਿ ੴ ਉਸ ਸੰਕਲਪ ਨੂੰ ਦਰਸਾਉਣ ਵਾਲਾ ਇੱਕ ਚਿੰਨ੍ਹ ਹੈ ਜਿਸ ਦਾ ਅਰਥ ਪੂਰੇ ਬ੍ਰਹਿਮੰਡ ਦਾ ਵਰਤਾਰਾ ਹੈ, ਇਹ ਵਰਤਾਰਾ ਸਾਰਿਆਂ ਲਈ ਇੱਕ ਹੈ। ਓ ਬ੍ਰਹਿਮੰਡ ਦੇ ਵਰਤਾਰੇ ਦਾ ਪ੍ਰਤੀਕ ਹੈ।
ਇਸ ਦਾ ਦੂਸਰਾ ਪਹਿਲੂ ਵੀ ਹੈ। ਜੇ ਕਰ ਇਹ ਸਾਰਾ ਕੁਝ ਪਹਿਲਾਂ ਤੋਂ ਹੀ ਮੌਜੂਦ ਸੀ, ਅਦਵੈਤ ਆ ਗਿਆ ਸੀ ਤੇ ਬ੍ਰਹਮਾਂ ਦੀ ਵਿਆਖਿਆ ਪੁਰਾਣਾਂ ਦੀਆਂ ਕਥਾਵਾਂ ਰਾਹੀਂ ਹੋਣੀ ਸ਼ੁਰੂ ਹੋ ਗਈ ਸੀ, ਫਿਰ ਗੁਰੂ ਸਾਹਿਬ ਨੇ ਇਹ ਸਾਰਾ ਕੁਝ ਨਵੇਂ ਸਿਰੇ ਤੋਂ ਕਿਉਂ ਆਰੰਭਿਆ?
ਹਰੇਕ ਧਰਮ ਦੀ ਆਪਣੀ ਇੱਕ ਕਾਸਮੋਲੋਜੀ ਹੈ। ਉਸ ਦਾ ਆਪਣੀ ਇੱਕ ਵਿਆਖਿਆ ਹੈ, ਜਿਸ ਰਾਹੀਂ ਉਹ ਆਪਣੇ ਆਪ ਨੂੰ ਜਾਇਜ਼ ਠਹਿਰਾਉਂਦਾ ਹੈ। ਗੁਰੂ ਸਾਹਿਬ ਦੇ ਵਿਚਾਰ ਤੇ ਅਨੁਭਵ ਦਾ ਵਿਸ਼ਾ-ਵਸਤੂ ਸੰਪੂਰਨ ਬ੍ਰਹਿਮੰਡ ਹੈ। ਉਹ ਜਦੋਂ ਵੀ ਮੂਲ ਸੰਕਲਪਾਂ ਦਾ ਹਵਾਲਾ ਸਿਰਜਦੇ ਹਨ, ਜਿਹਨਾਂ ਵਿੱਚ ਏਕੰਕਾਰ, ਨਿਰੰਜਨ, ਅਗੋਚਰ, ੴ, ਸਚੁ, ਸਤਿ ਨਾਮੁ ਕਰਤਾ ਪੁਰਖ ਅਕਾਲ ਰੂਪ ਆਦਿ ਸ਼ਾਮਿਲ ਹਨ, ਉਹ ਬ੍ਰਹਿਮੰਡ ਤੇ ਪੂਰੇ ਅਮਲ ਦੇ ਹਵਾਲੇ ਨਾਲ ਗੱਲ ਕਰਦੇ ਹਨ। ਉਹਨਾਂ ਦਾ ਵਿਸ਼ਾ ਵਸਤੂ ਪੂਰਾ ਬ੍ਰਹਿਮੰਡ, ਉਸ ਦੇ ਨਿਯਮ, ਉਸ ਦੀ ਨਿਯਮਬੱਧਤਾ, ਉਸ ਦੀ ਗਤੀਸ਼ੀਲਤਾ, ਬ੍ਰਹਿਮੰਡ ਦੇ ਨਿਯਮਾਂ ਦੀ ਜੀਵਨ ਨਾਲ ਸੁਮੇਲਤਾ ਤੇ ਤਾਲਮੇਲ, ਇਹ ਸਾਰਾ ਕੁਝ ਸਾਹਮਣੇ ਰੱਖ ਕੇ ਹੀ ਬਿੰਬ ਸਿਰਜਦੇ ਹਨ, ਹਵਾਲਾ ਦਿੰਦੇ ਹਨ। ਇਹੋ ਕਾਰਨ ਹੈ ਕਿ ਬਦਲਦੇ ਹਾਲਤ ਤੇ ਬਦਲਦੇ ਗਿਆਨ ਦੇ ਸਾਹਮਣੇ ਗੁਰਬਾਣੀ ਦੀ ਲੋਅ ਲਟ-ਲਟ ਬਲਦੀ ਹੈ।
ਜਪੁ ਦੀ ਬਾਣੀ: ਜਪੁ ਜੀ
ਜਪੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਪਹਿਲੀ ਬਾਣੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਹੋਣ ਕਾਰਨ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਨਿਚੋੜ ਸਮਝਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਇੱਦਾਂ ਨਹੀਂ ਹੈ। ਇਸ ਦਾ ਮਹੱਤਵ ਉਸ ਤੋਂ ਵੀ ਉੱਪਰ ਹੈ।
ਸ਼ਰਧਾ ਵੱਸ ਇਸ ਨੂੰ ਕਈ ਪਹਿਲੂਆਂ ਤੋਂ ਦੇਖਿਆ ਜਾਂਦਾ ਹੈ, ਇਹ ਸੱਭ ਤੋਂ ਪੜ੍ਹੀ ਜਾਣ ਵੀ ਬਾਣੀ ਹੈ। ਇਹ ਸੱਭ ਤੋਂ ਵੱਧ ਚੇਤੇ ਰੱਖੇ ਜਾਣ ਵਾਲੀ ਬਾਣੀ ਹੈ। ਅਕਸਰ ਗੱਲ ਬਾਤ ਵੇਲੇ ਇਸ ਚੋਂ ਹਵਾਲੇ ਦਿੱਤੇ ਤੇ ਲਏ ਜਾਂਦੇ ਹਨ। ਇਸੇ ਕਰਕੇ ਇਸ ਦੀ ਸੱਭ ਤੋਂ ਵੱਧ ਅਵਹੇਲਨਾ ਕੀਤੀ ਗਈ ਹੈ। ਅਕਸਰ ਸਿੱਖ ਵਿਦਵਾਨ ਤੇ ਪ੍ਰਚਾਰਕ ਇਸ ਨੂੰ ਜਪੁ ਦੀ ਬਾਣੀ ਕਰਕੇ ਹੀ ਮੰਨ ਲੈਂਦੇ ਹਨ। ਜਦੋਂ ਕਿ ਇਹ ਸੱਭ ਘੱਟ ਸਮਝੀ ਗਈ ਬਾਣੀ ਹੈ।
ਵਿਦਵਾਨਾਂ ਨੇ ਇਸ ਦਾ ਟੀਕਾ ਕਰਦਿਆਂ, ਇਸ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਖੋਲ੍ਹਿਆ, ਪਰ ਕੋਈ ਵਿਰਲਾ ਹੀ ਇਸ ਦੇ ਉਸ ਭੇਤ ਨੂੰ ਜਾਣ ਪਾਇਆ ਜਿਸ ਨੂੰ ਜਪੁ ਸਮਝ ਕੇ ਮਨ ਵਿੱਚ ਰੱਖਿਆ ਜਾਣਾ ਸੀ।
ਜਪੁ ਜੀ ਇੱਕ ਅਜਿਹੀ ਬਾਣੀ ਹੈ ਜਿਸ ਉਪਰ ਨਾ ਕੋਈ ਰਾਗ ਹੈ ਤੇ ਨਾ ਹੀ ਇਸ ਦੇ ਮਹਲੇ ਦਾ ਉਲੇਖ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੂਲ ਰੂਪ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਆਈ ਹੈ, ਜਿਸ ਦਾ ਵੇਰਵਾ ਆਦਿ ਗ੍ਰੰਥ ਦੀ ਕਰਤਾਰਪੁਰੀ ਬੀੜ ਵਿੱਚ ਮਿਲਦਾ ਹੈ, ਜਿਸ ਦੇ ਅਨੁਸਾਰ ਇਹ ਸ਼੍ਰੀ ਗੁਰੂ ਰਾਮਦਾਸ ਜੀ ਕੋਲ ਮੌਜੂਦ ਬਾਣੀ ਦਾ ਉਤਾਰਾ ਹੈ। ਪੂਰੀ ਬੀੜ ਵਿੱਚ ਸਿਰਫ ਇਸ ਬਾਣੀ ਦਾ ਸਰੋਤ ਹੀ ਦਰਜ ਕੀਤਾ ਗਿਆ ਹੈ।
ਸੰਭਵ ਹੈ ਕਿ ਇਹ ਸ਼੍ਰੀ ਗੁਰੂ ਰਾਮ ਦਾਸ ਜੀ ਕੋਲ ਇਸ ਦਾ ਜਿਹੜਾ ਵੀ ਖਰੜਾ ਮੌਜੂਦ ਸੀ ਉਸੇ ਨੂੰ ਹੀ ਆਦਿ ਗ੍ਰੰਥ ਦੇ ਆਰੰਭ ਵਿੱਚ ਦਰਜ ਕੀਤਾ ਗਿਆ ਤੇ ਇਸ ਦਾ ਵੇਰਵਾ ਬੀੜ ਦੇ ਆਰੰਭ ਵਿੱਚ ਲਿਖੇ ਤਤਕਰੇ ਵਿੱਚ ਦੇ ਦਿੱਤਾ ਗਿਆ ਸੀ।
ਜਪੁ ਦੀ ਬਾਣੀ ਦਾ ਆਰੰਭ ਮੂਲ ਮੰਤਰ ਨਾਲ ਹੁੰਦਾ ਹੈ, ਜਾ ਬਾਦ ਵਿੱਚ ਹਰ ਰਾਗ ਦੇ ਆਰੰਭ ਵਿੱਚ ਮੰਗਲਾਚਰਨ ਵੱਜੋਂ ਦਰਜ ਕੀਤਾ ਗਿਆ ਹੈ। ਇਸ ਦੇ ਆਰੰਭ ਵਿੱਚ ੴ ਦਾ ਚਿੰਨ੍ਹ ਅੰਕਿਤ ਹੈ, ਜੋ ਗੁਰਮੁਖੀ ਦੇ ਏਕੇ ਅਤੇ ਖੁਲ੍ਹੇ ਮੂੰਹ ਵਾਲੇ ਓ ਨਾਲ ਬਣਿਆ ਹੈ। ਇਸ ਦਾ ਉਚਾਰਨ ਇੱਕ ਓਅੰਕਾਰ ਵੱਜੋਂ ਕੀਤੇ ਜਾਣ ਦਾ ਰਿਵਾਜ ਹੈ। ਉਚਾਰਨ ਚਾਹੇ ਕੋਈ ਵੀ ਹੋਵੇ, ਇਹ ਜਿਸ ਤਰ੍ਹਾਂ ਪੁਰਾਤਨ ਸਰੋਤਾਂ ਵਿੱਚ ਦਿੱਤਾ ਗਿਆ ਹੈ ਹੂਬਹੂ ਉਸੇ ਪ੍ਰਕਾਰ ਜਪੁ ਦੇ ਆਰੰਭ ਵਿੱਚ ਲਿਖਿਆ ਗਿਆ ਹੈ।
ਮੂਲ ਮੰਤਰ / ਮੰਗਲਾ ਚਰਨ ਸਤਿ ਨਾਮੁ ਤੋਂ ਆਰੰਭ ਹੋ ਕੇ ਗੁਰ ਪ੍ਰਸਾਦਿ ਤੱਕ ਹੈ। ਉਸ ਤੋਂ ਅੱਗੇ ਇੱਕ ਸਲੋਕ ਨਾਲ ਇਹ ਬਾਣੀ ਸ਼ੁਰੂ ਹੁੰਦੀ ਹੈ। ਇਸ ਦਾ ਅੰਤ ਵੀ ਇੱਕ ਸਲੋਕ ਨਾਲ ਹੀ ਹੁੰਦੀ ਹੈ। ਦੋਹਾਂ ਦੇ ਵਿਚਾਲੇ ਪਉੜੀਆਂ ਦੀ ਗਿਣਤੀ 38 ਹੈ। ਹਰੇਕ ਪਉੜੀ ਆਪਣੇ ਆਪ ਵਿੱਚ ਇੱਕ ਵੱਖਰਾ ਵਿਚਾਰਾ ਹੈ। ਇਹਨਾਂ ਵਿਚਾਰਾਂ ਦਾ ਸਾਂਝਾ ਸੂਤਰ ਉਹਨਾਂ ਪਉੜੀਆਂ ਦੇ ਅੰਤ ਵਿੱਚ ਆਉਣ ਵਾਲੀਆਂ ਪੰਗਤੀਆਂ ਹਨ। ਇਹਨਾਂ ਪੰਗਤੀਆਂ ਨੂੰ ਸੂਤਰਧਾਰ ਵੱਜੋਂ ਲਿਆ ਗਿਆ ਹੈ। ਇਹਨਾਂ ਸੂਤਰਧਾਰਾਂ ਰਾਹੀਂ ਪਉੜੀਆਂ ਦੀ ਬਾਣੀ ਮੂਲ ਰੂਪ ਵਿੱਚ ਬਾਣੀ ਦੇ ਕੇਂਦਰੀ ਵਿਚਾਰ ਨਾਲ ਜੁੜਦੀ ਹੈ।
ਜਪੁ ਦੀ ਬਾਣੀ ਦਾ ਮਹੱਤਵ ਸਿਖਾਂ ਲਈ ਬਹੁਤ ਜ਼ਿਆਦਾ ਹੈ, ਕਿਉਂ ਕਿ ਇਹ ਨਿੱਤਨੇਮ ਦੀਆਂ ਬਾਣੀਆਂ ਵਿੱਚ ਸਰਵੋਤਮ ਬਾਣੀ ਹੈ, ਅਤੇ ਸਾਰਾ ਸਿੱਖ ਜਗਤ ਇਸ ਦਾ ਨੇਮ ਨਾਲ ਪਾਠ ਕਰਦਾ ਹੈ। ਇਹ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਵੱਜੋਂ ਸਤਿਕਾਰੀ ਜਾਂਦੀ ਹੈ। ਸਿੱਖਾਂ ਵਿੱਚ ਇਸ ਬਾਰੇ ਇੱਕ ਵਿਸ਼ਵਾਸ ਇਹ ਵੀ ਹੈ ਕਿ
ਇਹ ਸਿੱਖੀ ਤੇ ਸਿੱਖ ਮੱਤ ਦੀਆਂ ਪ੍ਰੰਪਰਾਵਾਂ ਦਾ ਅਧਾਰ ਹੈ। ਵੈਸੇ ਵੀ ਇਸ ਬਾਣੀ ਨੂੰ ਸਿੱਖਾਂ ਵਿੱਚ ਤੇ ਸਿੱਖ ਵਿਦਵਾਨਾਂ ਵਿੱਚ ਇੱਕ ਦਰਸ਼ਨ ਦੇ ਤੌਰ ਤੇ ਮਾਣ ਪ੍ਰਾਪਤ ਹੈ। ਸਮਝਿਆ ਜਾਂਦਾ ਹੈ ਕਿ ਇਸ ਬਾਣੀ ਦੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਛੇਕੜਲੇ ਸਮੇਂ ਵਿੱਚ ਕੀਤੀ, ਜਦੋਂ ਉਹ ਕਰਤਾਰ ਪੁਰ ਵਿੱਚ ਟਿਕ ਗਏ ਸਨ।
ਭਾਵੇਂ ਜਪੁ ਦੀ ਬਾਣੀ ਦੀ ਅਨੇਕਾਂ ਵਾਰ ਵਿਆਖਿਆ ਹੋਈ ਹੈ ਤੇ ਇਸ ਬਾਰੇ ਬਹੁਤ ਕੁਝ ਕਿਹਾ ਸੁਣਿਆ ਗਿਆ ਹੈ, ਪਰ ਅੱਜ ਸਾਡੀ ਕੋਸ਼ਿਸ਼ ਇਸ ਬਾਣੀ ਦੇ ਰੂਪਕ ਪੱਖ ਤੋਂ ਇਸ ਦੇ ਵਿਚਾਰ ਤੱਕ ਦਾ ਸਫਰ ਕਰਨਾ ਹੈ ਅਤੇ ਇਹ ਸਾਬਤ ਕਰਨਾ ਹੈ, ਇਸ ਦਾ ਵਿਚਾਰ ਦੀ ਸਥਾਪਨਾ ਨਾਲ ਕੀ ਸਬੰਧ ਹੈ। ਇਸ ਲਈ ਅਸੀਂ ਜਪੁ ਦੇ ਉਹਨਾਂ ਸੂਤਰਧਾਰਾਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ ਜਿਹੜੇ ਇਸ ਨੂੰ ਮੂਲ ਭਾਵ ਨਾਲ ਜੋੜਦੇ ਹਨ ਤੇ ਉਸ ਦੀ ਸਮਝ ਵਿੱਚ ਵਾਧਾ ਕਰਦੇ ਹਨ।
ਬਾਣੀ ਦੇ ਇਹ ਸੂਤਰ ਧਾਰ ਨਾ ਸਿਰਫ ਬਾਣੀ ਦੀ ਵਿਆਖਿਆ ਹੀ ਕਰਦੇ ਹਨ ਸਗੋਂ ਬਾਣੀ ਦੀ ਦੇ ਵਿਚਾਰਾਂ ਦੀ ਰੂਪ ਰੇਖਾ ਨੂੰ ਵੀ ਸਪਸ਼ਟ ਕਰਦੇ ਹੋਏ ਉਹਨਾਂ ਨੂੰ ਇੱਕ ਤਰਕਸੰਗਤ ਢੰਗ ਨਾਲ ਆਪੋ ਵਿੱਚ ਬੁਣਦੇ ਹਨ ਤੇ ਇੱਕ ਬੱਝਵੇਂ ਰੂਪ ਵਿੱਚ ਪੇਸ਼ ਕਰਦੇ ਹਨ। ਇੰਜ ਜਪੁ ਦੀ ਬਾਣੀ ਨਾ ਸਿਰਫ ਸਿੱਖੀ ਦੀ ਹੀ ਵਿਆਖਿਆ ਕਰਦੀ ਹੈ ਸਗੋਂ ਬੜੇ ਹੀ ਅਸਰਦਾਰ ਢੰਗ ਨਾਲ ਸਿਖ ਸਿਧਾਂਤ ਤੇ ਗੁਰਸਿੱਖ ਜੀਵਨ ਸ਼ੈਲੀ ਦਾ ਇੱਕ ਪ੍ਰਭਾਵਸ਼ਾਲੀ ਚਿੰਤਨ ਪੇਸ਼ ਕਰਦੀ ਹੈ।