ਜਪੁ ਦੀ ਬਾਣੀ
ਆਦਿ ਗ੍ਰੰਥ ਦੀ ਰਚਨਾ ਸਮੇਂ ਜਿਸ ਬਾਣੀ ਨੂੰ ਸਰਵ ਪ੍ਰਥਮ ਦਰਜ ਕੀਤਾ ਗਿਆ ਤੇ ਜਿਸ ਬਾਣੀ ਦਾ ਸਿਰਲੇਖ “ਜਪੁ” ਰੱਖਿਆ ਗਿਆ, ਤੇ ਜਿਸ ਨੂੰ ਗੁਰਬਾਣੀ ਦਾ ਮੂਲ ਅਧਾਰ ਮੰਨਿਆ ਜਾਂਦਾ ਹੈ, ਸਾਡੀ ਇਸ ਪੁਸਤਕ ਦਾ ਮਨੋਰਥ ਉਸ ਬਾਣੀ ਦੇ ਮੂਲ ਤੱਤ ਨੂੰ ਸਮਝਣ ਵਿੱਚ ਮਦਦ ਕਰਨਾ ਹੈ। ਜਪੁ ਦੀ ਬਾਣੀ ਦਾ ਮਹੱਤਵ ਸਿੱਖਾਂ - ਗੁਰਸਿੱਖਾਂ ਤੇ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਲਗਭਗ ਇੱਕੋ ਜਿਹਾ ਹੈ। ਇਸ ਨੂੰ ਗੁਰਬਾਣੀ ਦਾ ਦਾਰਸ਼ਨਿਕ ਪ੍ਰਮਾਣੀਕ ਅਧਾਰ ਕਹਿ ਦੇਣਾ ਅਣਉਚਿਤ ਨਹੀਂ ਹੋਵੇਗਾ।
ਆਮ ਮਾਨਤਾ ਅਨੁਸਾਰ ਇਸ ਬਾਣੀ ਦੇ ਰਚੇਤਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਅਤੇ ਇਹ ਕਿ ਇਸ ਬਾਣੀ ਦੀ ਰਚਨਾ ਗੁਰੂ ਸਾਹਿਬ ਨੇ ਆਪਣੇ ਛੇਕੜਲੇ ਵਰ੍ਹਿਆਂ ਵਿਚ ਕੀਤੀ। ਇਸ ਵਿੱਚ ਉਹਨਾਂ ਦਾ ਉਮਰ ਭਰ ਦੇ ਅਨੁਭਵ ਤੇ ਗਿਆਨ ਦਾ ਨਿਚੋੜ ਹੈ। ਇਹ ਬਾਣੀ ਸਾਨੂੰ ਗੁਰਬਾਣੀ ਦੇ ਬਾਕੀ ਹਿੱਸਿਆਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਅਤੇ ਕਿਸੇ ਵੀ ਦੁਬਿਧਾ ਜਾਂ ਭੁਲੇਖੇ ਦੀ ਸੂਰਤ ਵਿੱਚ ਇਸ ਬਾਣੀ ਦਾ ਪ੍ਰਮਾਣ ਹੀ ਅਧਾਰ ਮੰਨਿਆ ਜਾਂਦਾ ਹੈ।
ਜਪੁ ਦੀ ਇਹ ਬਾਣੀ ਉਹਨਾਂ ਦਾ ਇੱਕ ਆਤਮ ਸੰਵਾਦ ਦੇ ਰੂਪ ਵਿੱਚ ਹੈ, ਜਿਸ ਨੂੰ ਸਿੱਖ ਵਿਚਾਰਧਾਰਾ, ਜਾਂ ਗੁਰਮੱਤ ਮੰਨ ਲਿਆਣਾ ਅਤਿਕਥਨੀ ਨਹੀਂ ਹੈ। ਜਿਥੇ ਬਾਕੀ ਬਾਣੀ ਦਾ ਸੰਦਰਭ ਤੇ ਸੰਵਾਦ ਦਾ ਢੰਗ ਵੱਖਰਾ ਹੈ, ਜਪੁ ਦੀ ਬਾਣੀ ਦਾ ਪੱਧਰ ਦਾਰਸ਼ਨਿਕ ਹੈ। ਦਰਸ਼ਨ ਦੀ ਪੱਧਰ ਉਪਰ ਇੱਕ ਸਮਝ ਤਿਆਰ ਹੁੰਦੀ ਸਪਸ਼ਟ ਪ੍ਰਤੀਤ ਹੁੰਦੀ ਹੈ, ਜਿਸ ਨੂੰ ਇੱਕ ਸੰਪਨ ਸਾਧਨ ਵੱਜੋਂ ਵਰਤੇ ਜਾਣ ਲਈ ਸਾਣ ਤੇ ਲਾਇਆ ਗਿਆ ਹੈ, ਤਾਂ ਜੁ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ
ਕੋਈ ਭਰਮ ਨਾ ਰਹੇ। ਇੰਜ ਇਹ ਬਾਣੀ ਨਾ ਸਿਰਫ ਸਮਝ ਤੇ ਬੁੱਧੀ ਦਾ ਮਿਆਰ ਤੈਅ ਕਰਦੀ ਹੈ ਸਗੋਂ ਉਸ ਨੂੰ ਵਰਤਣ ਤੇ ਉਸ ਦੇ ਅਧਾਰ ਉਪਰ ਸਾਰੇ ਭੁਲੇਖਿਆਂ ਨੂੰ ਨਿਪਟਾਉਣ ਵਿੱਚ ਵੀ ਮਦਦ ਕਰਦੀ ਹੈ।
ਗੁਰਬਾਣੀ ਦੇ ਬਹੁਤੇ ਫੈਸਲੇ ਜਪੁ ਦੀ ਬਾਣੀ ਦੇ ਅਧਾਰ ਉਪਰ ਕੀਤੇ ਜਾ ਸਕਦੇ ਹਨ। ਗੁਰਮੱਤ ਦੀਆਂ ਬਹੁਤੀਆਂ ਕਠਿਨਾਈਆਂ ਜਪੁ ਦੀ ਬਾਣੀ ਹੱਲ ਕਰਦੀ ਹੈ। ਇਸ ਲਈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਬਾਣੀ ਦੀ ਸਮਝ ਦੇ ਪੱਧਰ ਉਪਰ ਵਿਆਖਿਆ ਤੇ ਪਕੜ ਬਹੁਤ ਮਜ਼ਬੂਤ ਕਰਨ ਦੀ ਲੋੜ ਹੈ।
ਸਿੱਖਾਂ ਵਿੱਚ ਇਸ ਦਾ ਆਮ ਪਾਠ ਕੀਤੇ ਜਾਣ ਦਾ ਰਿਵਾਜ ਹੈ। ਇਹ ਨਿੱਤ-ਨੇਮ ਦੀ ਬਾਣੀ ਹੈ, ਭਾਵ ਕਿ ਇਹ ਹਰ ਰੋਜ਼ ਪੜ੍ਹੀ ਜਾਣ ਵਾਲੀ ਬਾਣੀ ਹੈ। ਇਸ ਨੂੰ ਸਿਰਫ ਨਿਤਨੇਮ ਦੇ ਹਿੱਸੇ ਵੱਜੋਂ ਪਾਠ ਕਰਨ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ। ਇਸ ਉਪਰ ਗੰਭੀਰ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਇਸ ਦੀ ਸਮਝ ਤੋਂ ਬਾਦ ਹੀ ਸਿੱਖੀ ਦਾ ਅਸਲ ਮੰਤਵ ਸਮਝ ਪੈਣਾ ਸ਼ੁਰੂ ਹੁੰਦਾ ਹੈ।
ਜਪੁ ਦੀਆਂ 38 ਪਉੜੀਆਂ ਹਨ ਜੋ ਵੱਖ ਵੱਖ ਸਮਿਆਂ ਵਿੱਚ ਉਚਾਰੀਆਂ ਗਈਆਂ ਤੇ ਫਿਰ ਬਾਦ ਵਿੱਚ ਇਹਨਾਂ ਨੂੰ ਇਕੱਠਿਆਂ ਕੀਤਾ ਗਿਆ। ਇਸ ਦਾ ਸੰਕੇਤ ਇਸ ਦੇ ਰੂਪਕ ਪੱਖ ਤੋਂ ਮਿਲਦਾ ਹੈ। ਸਾਰੀਆਂ ਪਉੜੀ ਵਿੱਚ ਪੰਗਤੀਆਂ ਦੀ ਗਿਣਤੀ ਇੱਕੋ ਜਿੰਨੀ ਨਹੀਂ, ਕਿਤੇ ਵੱਧ ਹੈ ਕਿਤੇ ਜ਼ਿਆਦਾ, ਜਦੋਂ ਕਿ ਸਿਧ ਗੋਸ਼ਟਿ ਤੇ ਦੱਖਣੀ ਓਅੰਕਾਰ ਦੀਆਂ ਬਾਣੀਆਂ ਵਿੱਚ ਰੂਪਕ ਪੱਖ ਵਧੇਰੇ ਮਜ਼ਬੂਤ ਹੈ। ਉਹ ਰਾਗ ਅਧਾਰਤ ਬਾਣੀਆਂ ਹਨ, ਜਦੋਂ ਕਿ ਜਪੁ ਦੀ ਬਾਣੀ ਲਈ ਕੋਈ ਰਾਗੁ ਨਿਸ਼ਚਿਤ ਨਹੀਂ ਕੀਤਾ ਗਿਆ। ਇਸ ਤੋਂ ਇਕ ਸੰਕੇਤ ਮਿਲਦਾ ਹੈ ਕਿ ਜਪੁ ਦੀ ਬਾਣੀ ਵਿੱਚ ਵਿਚਾਰ ਦੀ ਪ੍ਰਧਾਨਤਾ ਵਧੇਰੇ ਹੈ ਦੂਜਾ ਇਸ ਨੂੰ ਵੱਖ ਵੱਖ ਹਿੱਸਿਆਂ ਵਿੱਚ ਲਿਖੇ ਜਾਣ ਕਾਰਨ ਇਹ ਕਈ ਵਿਚਾਰਾਂ ਦਾ ਸੰਗ੍ਰਹਿ ਜਾਪਦਾ ਹੈ।
ਜਪੁ ਦੀ ਇਸ ਬਾਣੀ ਵਿੱਚ ਧਰਮ ਨਾਲੋਂ ਸਿੱਖ ਸਿਧਾਂਤ, ਜੀਵਨ ਸ਼ੈਲੀ ਵਿਉਹਾਰ ਉਪਰ ਵਧੇਰੇ ਗੱਲ ਕੀਤੀ ਗਈ ਹੈ। ਇਸ ਲਈ ਇਸ ਨੂੰ ਉਸੇ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ। ਸਿੱਖ ਧਰਮ ਨਹੀਂ, ਭਾਵੇਂ ਇਸ ਨੂੰ ਧਰਮ ਦੇ ਰੂਪ ਵਿੱਚ ਵੇਖਣ ਤੇ ਸਮਝਣ ਦੀ ਰਵਾਇਤ ਬਹੁਤ ਪੁਰਾਣੀ ਹੈ।
ਗੁਰਬਾਣੀ ਵਿੱਚ ਕਿਤੇ ਵੀ ਇਸ ਨੂੰ ਧਰਮ ਦਾ ਨਾਂ ਨਹੀਂ ਦਿੱਤਾ ਗਿਆ। ਨਾ ਇਹ ਫਿਰਕਾ ਹੈ, ਨਾ ਇਹ ਮੱਤ, ਸਗੋਂ ਇਸ ਨੂੰ ਪੰਥ ਆਖਿਆ ਗਿਆ ਹੈ। ਨਿਆਰਾ ਪੰਥ; ਮਤਲਬ ਵੱਖਰੇ ਤੌਰ ਤੇ ਤੁਰਨ ਦਾ ਢੰਗ। ਇਸੇ ਲਈ ਸਿੱਖ ਹੋਣ ਦਾ ਮਤਲਬ ਨਾ ਹਿੰਦੂ ਹੋਣਾ ਹੈ ਤੇ ਨਾ ਮੁਸਲਿਮ, ਦੋਹਾਂ ਧਰਮਾਂ ਦੇ ਲੋਕਾਂ ਨੂੰ ਸਮਝਾਉਣ ਲਈ ਗੁਰੂ ਸਾਹਿਬ ਨੇ ਸਹੀ ਰਸਤੇ ਤੁਰਨ ਤੇ ਚੰਗੇ ਕਰਮ ਕਰਨ ਦਾ ਫੁਰਮਾਨ ਦਿੱਤਾ।
ਗੁਰੂ ਸਾਹਿਬ ਨੂੰ, ਜਪੁ ਦੀ ਬਾਣੀ ਤੋਂ ਸਪਸ਼ਟ ਹੋ ਜਾਂਦਾ ਹੈ, ਪੂਰੇ ਬ੍ਰਹਿਮੰਡ ਦੇ ਸਿਸਟਮ ਦੀ ਪੂਰੀ ਸੋਝੀ ਆ ਗਈ ਸੀ। ਉਹਨਾਂ ਨੇ ਬ੍ਰਹਿਮੰਡ ਦੀ ਕਾਰਜ ਪ੍ਰਣਾਲੀ ਤੇ ਕਾਰਜ ਸ਼ੈਲੀ ਨੂੰ ਸਮਝ ਲਿਆ ਸੀ ਤੇ ਉਸ ਨੂੰ ਮਨੁੱਖ ਦੇ ਆਮ ਜੀਵਨ ਤੇ ਸਮਝ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦਿੱਤਾ ਸੀ। ਇਸੇ ਲਈ ਪੂਰੀ ਬਾਣੀ ਵਿੱਚ ਸੱਭ ਤੋਂ ਵਧੇਰੇ ਸਪਸ਼ਟਤਾ ਗੁਰੂ ਨਾਨਕ ਬਾਣੀ ਵਿੱਚ ਹੈ, ਸੱਭ ਤੋਂ ਵਧੇਰੇ ਤਰਲਤਾ ਤੇ ਕਾਵਿਕਤਾ ਗੁਰੂ ਨਾਨਕ ਬਾਣੀ ਵਿੱਚ ਹੈ। ਜਿੰਨੀ ਇਥੇ ਹੈ ਓਨੀ ਹੋਰ ਕਿਤੇ ਨਹੀਂ। ਗੁਰੂ ਸਾਹਿਬ ਨਾ ਸਿਰਫ ਵਿਚਾਰਾਂ ਦੇ ਪੱਧਰ ਉਪਰ ਸੰਕਲਪਾਂ ਨਾਲ ਖੇਡਦੇ ਹਨ ਸਗੋਂ ਰੂਪ ਪੱਖ ਤੋਂ ਅਜਿਹਾ ਮੁਹਾਵਰਾ ਤਿਆਰ ਕਰਦੇ ਹਨ ਕਿ ਉਹਨਾਂ ਦੀ ਗੱਲ ਬਹੁਤ ਸਰਲ ਤੇ ਸਪਸ਼ਟ ਹੋ ਜਾਂਦੀ ਹੈ।
ਜੇ ਕਰ ਜਪੁ ਦੇ ਮੂਲ ਸਰੋਤ ਦੀ ਗੱਲ ਕਰਨੀ ਹੋਵੇ ਤਾਂ ਸਾਨੂੰ ਇਹ ਆਪਣੇ ਸੱਭ ਤੋਂ ਪੁਰਾਤਨ ਰੂਪ ਵਿੱਚ ਆਦਿ ਗ੍ਰੰਥ ਵਿੱਚ ਦਰਜ ਮਿਲਣ ਵਾਲੀ ਬਾਣੀ ਹੈ, ਜਿਸ ਦੇ ਤਤਕਰੇ ਵਿੱਚ ਇਸ ਨੂੰ “ਜਪੁ ਸ਼੍ਰੀ ਸਤਿਗੁਰੂ ਰਾਮਦਾਸ ਜੀਓ ਕਿਆ”, ਚੂੰਕਿ ਇਹ ਆਦਿ ਗ੍ਰੰਥ ਦੀ ਪੋਥੀ ਦੀ ਪਹਿਲੀ ਬਾਣੀ ਹੈ ਇਸ ਲਈ ਇਸ ਨੂੰ ਬਿਨਾਂ
ਕਿਤੇ ਕਿੰਤੂ-ਪਰੰਤੂ ਤੋਂ ਵਿਚਾਰਨ ਲਈ ਇਸ ਦੇ ਮੌਜੂਦਾ ਸਰੂਪ ਉਰ ਨਿਰਭਰ ਕੀਤਾ ਜਾ ਸਕਦਾ ਹੈ।
ਰੂਪਕ ਪੱਖ ਤੋਂ ਇਸ ਦਾ ਤਿੰਨ ਚਾਰ ਹਿੱਸੇ ਹਨ, ਪਹਿਲਾ, ਮੂਲ-ਮੰਤਰ ਜਾਂ ਮੰਗਲਾਚਰਨ, ਦੂਜਾ, ਜਪੁ ਦੇ ਸਿਰਲੇਖ ਨਾਲ ਸ਼ਰੂ ਹੋਈ ਬਾਣੀ, ਤੀਜਾ ਸੋਚਹਿ ਸੋਚ ਨਾ ਹੋਵਈ ਤੋਂ - ਨਾਨਕ ਨਦਰੀ ਨਦਰਿ ਨਿਹਾਲੁ॥ ਤੱਕ ਦੀ ਬਾਣੀ ਜਿਸ ਦੀਆਂ 38 ਪਉੜੀਆਂ ਹਨ ਤੇ ਆਖਰ ਵਿੱਚ ਪਵਣ ਗੁਰੂ - ਪਾਣੀ ਪਿਤਾ ਵਾਲਾ ਸਲੋਕ। ਬਾਣੀ ਕਾਵਿ ਰੂਪ ਵਿਚ ਹੈ ਜਿਸ ਵਾਸਤੇ ਗੁਰੂ ਸਾਹਿਬ ਨੇ ਕਾਵਿ ਪ੍ਰਬੰਧ ਦੀਆਂ ਸਾਰੀਆਂ ਜੁਗਤੀਆਂ ਦੀ ਵਰਤੋਂ ਕੀਤੀ ਹੈ। ਇਸ ਵਿੱਚ ਮੁਹਾਵਰੇ ਹਨ, ਬਿੰਬ ਹਨ, ਅਲੰਕਾਰ ਹਨ, ਪ੍ਰਤੀਕ ਹਨ ਜਿਹਨਾਂ ਦੀ ਵਰਤੋਂ ਨਾਲ ਗੁਰੂ ਸਾਹਿਬ ਨੇ ਪ੍ਰਵਾਨਤ ਤੇ ਪ੍ਰਮਾਣਿਤ ਸੰਕਲਪਾਂ ਨੂੰ ਖੁੱਲ੍ਹੀ ਚੁਣੌਤੀ ਰਾਹੀਂ ਰੱਦ ਕੀਤਾ ਹੈ।
ਪ੍ਰਵਾਨਤ ਸੰਕਲਪਾਂ ਨੂੰ ਰੱਦ ਕਰਨ ਦੀ ਰਵਾਇਤ ਗੁਰੂ ਸਾਹਿਬ ਤੋਂ ਪਹਿਲਾਂ ਵੀ ਮੌਜੂਦ ਸੀ। ਭਗਤੀ ਲਹਿਰ ਦੀ ਹਵਾ ਵਗ ਰਹੀ ਸੀ ਤੇ ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵੀਦਾਸ ਦੀ ਬਾਣੀ ਆਮ ਪ੍ਰਚਲਤ ਸੀ, ਜਿਸ ਵਿੱਚ ਧਰਮ ਦੇ ਸਾਰੇ ਸਥਾਪਤ ਕਰਮ ਕਾਂਡ ਨੂੰ ਚੁਣੌਤੀ ਦੇ ਕੇ ਰੱਦ ਕੀਤਾ ਗਿਆ ਸੀ। ਗੁਰੂ ਸਾਹਮਣੇ ਦੋ ਵਿਕਲਪ ਸਨ, ਇੱਕ ਉਹ ਆਪਣੇ ਪਰਵਾਰਿਕ ਧਰਮ ਦੀ ਲਹਿਰ ਵਿੱਚ ਸ਼ਾਮਿਲ ਹੋ ਜਾਂਦੇ, ਦੂਜਾ ਉਹ ਭਗਤੀ ਲਹਿਰ ਦੇ ਨਾਲ ਖੜ੍ਹੇ ਹੋ ਜਾਂਦੇ। ਜਿਸ ਧਿਰ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਉਸ ਵਿੱਚ ਧਰਮ ਬਦਲਣ ਵਰਗੀ ਕੋਈ ਵੀ ਗੁੰਜਾਇਸ਼ ਨਹੀਂ ਸੀ। ਕਿਸੇ ਨੂੰ ਉਸ ਦੇ ਧਰਮ ਕਰਕੇ ਕਿਸੇ ਨੌਕਰੀ ਤੋਂ ਬਰਖਾਸਤ ਨਹੀਂ ਸੀ ਕੀਤਾ ਜਾਂਦਾ। ਧਰਮ ਦੇ ਕਰਕੇ ਕਿਸੇ ਨੂੰ ਨਕਾਰਿਆ ਨਹੀਂ ਸੀ ਜਾਂਦਾ।
ਉਦੋਂ ਹਾਲੇ ਬਾਬਰ ਨਹੀਂ ਸੀ ਆਇਆ। ਮੁਸਲਿਮ ਸ਼ਾਸ਼ਕ ਜਿਹੜਾ ਰਾਏ ਬੁਲਾਰ ਦੇ ਰੂਪ ਵਿੱਚ, ਨਵਾਬ ਦੌਲਤ ਖਾਨ ਲੋਧੀ ਦੇ ਰੂਪ ਵਿੱਚ ਮੌਜੂਦ ਸੀ ਜਾਂ ਹੋਰ ਵੀ ਜਿਹੜੇ ਰਾਜੇ ਨਵਾਬ ਉਸ ਵਿਵਸਥਾ ਦਾ ਅੰਗ ਸਨ, ਉਹ
ਮਿਲਵਰਤਣ ਦੇ ਪੱਖ ਵਿੱਚ ਸਨ। ਸੋ ਧਰਮ ਦਾ ਰੂਪ ਕਰਮ ਕਾਂਡ ਦੇ ਰੂਪ ਵਿੱਚ ਹੀ ਮੌਜੂਦ ਸੀ। ਚਾਹੇ ਕੋਈ ਹਿੰਦੂ ਹੋਵੇ ਜਾਂ ਮੁਸਲਿਮ, ਹਰੇਕ ਧਾਰਮਿਕ ਵਿਅਕਤੀ ਆਪੋ ਆਪਣੇ ਢੰਗ ਨਾਲ ਕਰਮ ਕਾਂਡੀ ਸੀ। ਕਰਮ ਕਾਂਡ ਦਾ ਕੀ ਮਤਲਬ ਸੀ, ਇਹ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਭਗਤੀ ਲਹਿਰ ਦੀ ਆਮਦ ਪੰਜਾਬ ਵਿੱਚ ਹੋ ਚੁੱਕੀ ਸੀ। ਬਾਬਾ ਫਰੀਦ ਦੀ ਸੁਰ ਸੁਣੀ ਜਾਂਦੀ ਸੀ। ਨਾਥ ਸਾਹਿਤ ਵੀ ਮੌਜੂਦ ਸੀ। ਭਗਤ ਨਾਮਦੇਵ ਪੰਜਾਬ ਦੀ ਯਾਤਰਾ ਕਰ ਚੁੱਕੇ ਸਨ। ਸੰਤ ਕਬੀਰ ਤੇ ਸੰਤ ਰਵਿਦਾਸ ਜੀ ਦੀ ਬਾਣੀ ਆਮ ਲੋਕਾਂ ਦੀ ਜ਼ਬਾਨ ਉਪਰ ਸੀ। ਭਗਤੀ ਲਹਿਰ ਨੇ ਧਰਮ ਦੀ ਪ੍ਰੰਪਰਾਗਤ ਪ੍ਰਥਾ ਨੂੰ ਨਕਾਰ ਕੇ ਪ੍ਰਭੂ ਨਾਲ ਸਿੱਧੇ ਤੌਰ ਤੇ ਜੁੜਨ ਦਾ ਰਾਹ ਦਰਸਾਇਆ।
ਗੁਰੂ ਸਾਹਿਬ ਪ੍ਰਚਲਤ ਧਰਮ ਨੂੰ ਰੱਦ ਕਰਨ ਦੇ ਹੱਕ ਖੜ੍ਹੇ ਹੋਏ। ਉਹ ਭਗਤੀ ਲਹਿਰ ਦੇ ਨੁਮਾਇੰਦੇ ਵਜੋਂ ਭਗਤੀ ਲਹਿਰ ਦੀ ਵਿਚਾਰਧਾਰਾ ਦੇ ਪੱਖ ਵਿੱਚ ਖੜ੍ਹੋ ਗਏ। ਭਗਤੀ ਲਹਿਰ ਚੂੰਕਿ ਕਿਰਤੀਆਂ, ਕਾਮਿਆਂ ਦੀ ਲਹਿਰ ਸੀ, ਇਹ ਕਿਰਤੀ ਕਾਮੇ, ਮਿਹਨਤ ਕਸ਼ ਸਨ, ਆਪਣੇ ਕੰਮ ਦੇ ਮਾਹਰ, ਆਪਣੇ ਕੰਮ ਦੀ ਕੀਮਤ ਆਪਣੀ ਮਰਜ਼ੀ ਨਾਲ ਵਸੂਲਣ ਵਾਲੇ, ਜਿਹਨਾਂ ਤੋਂ ਬਿਨਾਂ ਸਮਾਜ ਦਾ ਇੱਕ ਪਲ ਨਹੀਂ ਸੀ ਸਰਦਾ; ਇਹ ਕੱਪੜਾ ਬੁਣਨ ਵਾਲੇ ਜੁਲਾਹੇ ਸਨ, ਚਮੜੇ ਦਾ ਕੰਮ ਕਰਨ ਵਾਲੇ ਚਮਾਰ, ਨਾਈ ਦਾ ਕੰਮ ਕਰਨ ਵਾਲੇ, ਕੱਪੜਿਆਂ ਨੂੰ ਛਾਪਣ ਦਾ ਕੰਮ ਕਰਨ ਵਾਲੇ, ਕਸਾਈ ਦਾ ਕੰਮ ਕਰਨ ਵਾਲੇ ਖੇਤੀ ਕਰਨ ਵਾਲੇ, ਇਹ ਸਾਰੇ ਹੁਨਰਮੰਦ ਕਾਮੇ ਸਨ, ਆਮ ਸਮਾਜ ਉਹਨਾਂ ਦੇ ਕੰਮ ਦੀ ਕੀਮਤ ਚੁਕਾਉਣ ਤੋਂ ਅਸਮਰਥ ਉਹਨਾਂ ਨੂੰ ਸਮਾਜਿਕ ਤੌਰ ਤੇ ਨੀਂਵਾਂ ਦਿਖਾਉਣ ਉਪਰ ਤੁਲਿਆ ਹੋਇਆ ਸੀ। ਇਸ ਵਾਸਤੇ ਜਦੋਂ ਸਮਾਜ ਧਰਮ ਦਾ ਨਾਂ ਲੈ ਕੇ ਉਹਨਾਂ ਨੂੰ ਨੀਂਵਾਂ ਦਿਖਾ ਕੇ ਉਹਨਾਂ ਦਾ ਆਰਥਿਕ ਸ਼ੋਸ਼ਣ ਕਰਨਾ ਚਾਹੁੰਦਾ ਸੀ, ਤਾਂ ਭਗਤੀ ਲਹਿਰ ਦੇ ਸੰਸਥਾਪਕਾਂ - ਸੰਤਾਂ ਤੇ ਭਗਤਾਂ ਨੇ ਧਰਮ ਨੂੰ ਨਵੇਂ ਅਰਥਾਂ ਵਿੱਚ ਸਮਝਿਆ ਤੇ ਪ੍ਰਚਾਰਿਆ।