ਜਪੁ ਦੀ ਇਸ ਬਾਣੀ ਵਿੱਚ ਧਰਮ ਨਾਲੋਂ ਸਿੱਖ ਸਿਧਾਂਤ, ਜੀਵਨ ਸ਼ੈਲੀ ਵਿਉਹਾਰ ਉਪਰ ਵਧੇਰੇ ਗੱਲ ਕੀਤੀ ਗਈ ਹੈ। ਇਸ ਲਈ ਇਸ ਨੂੰ ਉਸੇ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ। ਸਿੱਖ ਧਰਮ ਨਹੀਂ, ਭਾਵੇਂ ਇਸ ਨੂੰ ਧਰਮ ਦੇ ਰੂਪ ਵਿੱਚ ਵੇਖਣ ਤੇ ਸਮਝਣ ਦੀ ਰਵਾਇਤ ਬਹੁਤ ਪੁਰਾਣੀ ਹੈ।
ਗੁਰਬਾਣੀ ਵਿੱਚ ਕਿਤੇ ਵੀ ਇਸ ਨੂੰ ਧਰਮ ਦਾ ਨਾਂ ਨਹੀਂ ਦਿੱਤਾ ਗਿਆ। ਨਾ ਇਹ ਫਿਰਕਾ ਹੈ, ਨਾ ਇਹ ਮੱਤ, ਸਗੋਂ ਇਸ ਨੂੰ ਪੰਥ ਆਖਿਆ ਗਿਆ ਹੈ। ਨਿਆਰਾ ਪੰਥ; ਮਤਲਬ ਵੱਖਰੇ ਤੌਰ ਤੇ ਤੁਰਨ ਦਾ ਢੰਗ। ਇਸੇ ਲਈ ਸਿੱਖ ਹੋਣ ਦਾ ਮਤਲਬ ਨਾ ਹਿੰਦੂ ਹੋਣਾ ਹੈ ਤੇ ਨਾ ਮੁਸਲਿਮ, ਦੋਹਾਂ ਧਰਮਾਂ ਦੇ ਲੋਕਾਂ ਨੂੰ ਸਮਝਾਉਣ ਲਈ ਗੁਰੂ ਸਾਹਿਬ ਨੇ ਸਹੀ ਰਸਤੇ ਤੁਰਨ ਤੇ ਚੰਗੇ ਕਰਮ ਕਰਨ ਦਾ ਫੁਰਮਾਨ ਦਿੱਤਾ।
ਗੁਰੂ ਸਾਹਿਬ ਨੂੰ, ਜਪੁ ਦੀ ਬਾਣੀ ਤੋਂ ਸਪਸ਼ਟ ਹੋ ਜਾਂਦਾ ਹੈ, ਪੂਰੇ ਬ੍ਰਹਿਮੰਡ ਦੇ ਸਿਸਟਮ ਦੀ ਪੂਰੀ ਸੋਝੀ ਆ ਗਈ ਸੀ। ਉਹਨਾਂ ਨੇ ਬ੍ਰਹਿਮੰਡ ਦੀ ਕਾਰਜ ਪ੍ਰਣਾਲੀ ਤੇ ਕਾਰਜ ਸ਼ੈਲੀ ਨੂੰ ਸਮਝ ਲਿਆ ਸੀ ਤੇ ਉਸ ਨੂੰ ਮਨੁੱਖ ਦੇ ਆਮ ਜੀਵਨ ਤੇ ਸਮਝ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦਿੱਤਾ ਸੀ। ਇਸੇ ਲਈ ਪੂਰੀ ਬਾਣੀ ਵਿੱਚ ਸੱਭ ਤੋਂ ਵਧੇਰੇ ਸਪਸ਼ਟਤਾ ਗੁਰੂ ਨਾਨਕ ਬਾਣੀ ਵਿੱਚ ਹੈ, ਸੱਭ ਤੋਂ ਵਧੇਰੇ ਤਰਲਤਾ ਤੇ ਕਾਵਿਕਤਾ ਗੁਰੂ ਨਾਨਕ ਬਾਣੀ ਵਿੱਚ ਹੈ। ਜਿੰਨੀ ਇਥੇ ਹੈ ਓਨੀ ਹੋਰ ਕਿਤੇ ਨਹੀਂ। ਗੁਰੂ ਸਾਹਿਬ ਨਾ ਸਿਰਫ ਵਿਚਾਰਾਂ ਦੇ ਪੱਧਰ ਉਪਰ ਸੰਕਲਪਾਂ ਨਾਲ ਖੇਡਦੇ ਹਨ ਸਗੋਂ ਰੂਪ ਪੱਖ ਤੋਂ ਅਜਿਹਾ ਮੁਹਾਵਰਾ ਤਿਆਰ ਕਰਦੇ ਹਨ ਕਿ ਉਹਨਾਂ ਦੀ ਗੱਲ ਬਹੁਤ ਸਰਲ ਤੇ ਸਪਸ਼ਟ ਹੋ ਜਾਂਦੀ ਹੈ।
ਜੇ ਕਰ ਜਪੁ ਦੇ ਮੂਲ ਸਰੋਤ ਦੀ ਗੱਲ ਕਰਨੀ ਹੋਵੇ ਤਾਂ ਸਾਨੂੰ ਇਹ ਆਪਣੇ ਸੱਭ ਤੋਂ ਪੁਰਾਤਨ ਰੂਪ ਵਿੱਚ ਆਦਿ ਗ੍ਰੰਥ ਵਿੱਚ ਦਰਜ ਮਿਲਣ ਵਾਲੀ ਬਾਣੀ ਹੈ, ਜਿਸ ਦੇ ਤਤਕਰੇ ਵਿੱਚ ਇਸ ਨੂੰ “ਜਪੁ ਸ਼੍ਰੀ ਸਤਿਗੁਰੂ ਰਾਮਦਾਸ ਜੀਓ ਕਿਆ”, ਚੂੰਕਿ ਇਹ ਆਦਿ ਗ੍ਰੰਥ ਦੀ ਪੋਥੀ ਦੀ ਪਹਿਲੀ ਬਾਣੀ ਹੈ ਇਸ ਲਈ ਇਸ ਨੂੰ ਬਿਨਾਂ
ਕਿਤੇ ਕਿੰਤੂ-ਪਰੰਤੂ ਤੋਂ ਵਿਚਾਰਨ ਲਈ ਇਸ ਦੇ ਮੌਜੂਦਾ ਸਰੂਪ ਉਰ ਨਿਰਭਰ ਕੀਤਾ ਜਾ ਸਕਦਾ ਹੈ।
ਰੂਪਕ ਪੱਖ ਤੋਂ ਇਸ ਦਾ ਤਿੰਨ ਚਾਰ ਹਿੱਸੇ ਹਨ, ਪਹਿਲਾ, ਮੂਲ-ਮੰਤਰ ਜਾਂ ਮੰਗਲਾਚਰਨ, ਦੂਜਾ, ਜਪੁ ਦੇ ਸਿਰਲੇਖ ਨਾਲ ਸ਼ਰੂ ਹੋਈ ਬਾਣੀ, ਤੀਜਾ ਸੋਚਹਿ ਸੋਚ ਨਾ ਹੋਵਈ ਤੋਂ - ਨਾਨਕ ਨਦਰੀ ਨਦਰਿ ਨਿਹਾਲੁ॥ ਤੱਕ ਦੀ ਬਾਣੀ ਜਿਸ ਦੀਆਂ 38 ਪਉੜੀਆਂ ਹਨ ਤੇ ਆਖਰ ਵਿੱਚ ਪਵਣ ਗੁਰੂ - ਪਾਣੀ ਪਿਤਾ ਵਾਲਾ ਸਲੋਕ। ਬਾਣੀ ਕਾਵਿ ਰੂਪ ਵਿਚ ਹੈ ਜਿਸ ਵਾਸਤੇ ਗੁਰੂ ਸਾਹਿਬ ਨੇ ਕਾਵਿ ਪ੍ਰਬੰਧ ਦੀਆਂ ਸਾਰੀਆਂ ਜੁਗਤੀਆਂ ਦੀ ਵਰਤੋਂ ਕੀਤੀ ਹੈ। ਇਸ ਵਿੱਚ ਮੁਹਾਵਰੇ ਹਨ, ਬਿੰਬ ਹਨ, ਅਲੰਕਾਰ ਹਨ, ਪ੍ਰਤੀਕ ਹਨ ਜਿਹਨਾਂ ਦੀ ਵਰਤੋਂ ਨਾਲ ਗੁਰੂ ਸਾਹਿਬ ਨੇ ਪ੍ਰਵਾਨਤ ਤੇ ਪ੍ਰਮਾਣਿਤ ਸੰਕਲਪਾਂ ਨੂੰ ਖੁੱਲ੍ਹੀ ਚੁਣੌਤੀ ਰਾਹੀਂ ਰੱਦ ਕੀਤਾ ਹੈ।
ਪ੍ਰਵਾਨਤ ਸੰਕਲਪਾਂ ਨੂੰ ਰੱਦ ਕਰਨ ਦੀ ਰਵਾਇਤ ਗੁਰੂ ਸਾਹਿਬ ਤੋਂ ਪਹਿਲਾਂ ਵੀ ਮੌਜੂਦ ਸੀ। ਭਗਤੀ ਲਹਿਰ ਦੀ ਹਵਾ ਵਗ ਰਹੀ ਸੀ ਤੇ ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵੀਦਾਸ ਦੀ ਬਾਣੀ ਆਮ ਪ੍ਰਚਲਤ ਸੀ, ਜਿਸ ਵਿੱਚ ਧਰਮ ਦੇ ਸਾਰੇ ਸਥਾਪਤ ਕਰਮ ਕਾਂਡ ਨੂੰ ਚੁਣੌਤੀ ਦੇ ਕੇ ਰੱਦ ਕੀਤਾ ਗਿਆ ਸੀ। ਗੁਰੂ ਸਾਹਮਣੇ ਦੋ ਵਿਕਲਪ ਸਨ, ਇੱਕ ਉਹ ਆਪਣੇ ਪਰਵਾਰਿਕ ਧਰਮ ਦੀ ਲਹਿਰ ਵਿੱਚ ਸ਼ਾਮਿਲ ਹੋ ਜਾਂਦੇ, ਦੂਜਾ ਉਹ ਭਗਤੀ ਲਹਿਰ ਦੇ ਨਾਲ ਖੜ੍ਹੇ ਹੋ ਜਾਂਦੇ। ਜਿਸ ਧਿਰ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਉਸ ਵਿੱਚ ਧਰਮ ਬਦਲਣ ਵਰਗੀ ਕੋਈ ਵੀ ਗੁੰਜਾਇਸ਼ ਨਹੀਂ ਸੀ। ਕਿਸੇ ਨੂੰ ਉਸ ਦੇ ਧਰਮ ਕਰਕੇ ਕਿਸੇ ਨੌਕਰੀ ਤੋਂ ਬਰਖਾਸਤ ਨਹੀਂ ਸੀ ਕੀਤਾ ਜਾਂਦਾ। ਧਰਮ ਦੇ ਕਰਕੇ ਕਿਸੇ ਨੂੰ ਨਕਾਰਿਆ ਨਹੀਂ ਸੀ ਜਾਂਦਾ।
ਉਦੋਂ ਹਾਲੇ ਬਾਬਰ ਨਹੀਂ ਸੀ ਆਇਆ। ਮੁਸਲਿਮ ਸ਼ਾਸ਼ਕ ਜਿਹੜਾ ਰਾਏ ਬੁਲਾਰ ਦੇ ਰੂਪ ਵਿੱਚ, ਨਵਾਬ ਦੌਲਤ ਖਾਨ ਲੋਧੀ ਦੇ ਰੂਪ ਵਿੱਚ ਮੌਜੂਦ ਸੀ ਜਾਂ ਹੋਰ ਵੀ ਜਿਹੜੇ ਰਾਜੇ ਨਵਾਬ ਉਸ ਵਿਵਸਥਾ ਦਾ ਅੰਗ ਸਨ, ਉਹ
ਮਿਲਵਰਤਣ ਦੇ ਪੱਖ ਵਿੱਚ ਸਨ। ਸੋ ਧਰਮ ਦਾ ਰੂਪ ਕਰਮ ਕਾਂਡ ਦੇ ਰੂਪ ਵਿੱਚ ਹੀ ਮੌਜੂਦ ਸੀ। ਚਾਹੇ ਕੋਈ ਹਿੰਦੂ ਹੋਵੇ ਜਾਂ ਮੁਸਲਿਮ, ਹਰੇਕ ਧਾਰਮਿਕ ਵਿਅਕਤੀ ਆਪੋ ਆਪਣੇ ਢੰਗ ਨਾਲ ਕਰਮ ਕਾਂਡੀ ਸੀ। ਕਰਮ ਕਾਂਡ ਦਾ ਕੀ ਮਤਲਬ ਸੀ, ਇਹ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਭਗਤੀ ਲਹਿਰ ਦੀ ਆਮਦ ਪੰਜਾਬ ਵਿੱਚ ਹੋ ਚੁੱਕੀ ਸੀ। ਬਾਬਾ ਫਰੀਦ ਦੀ ਸੁਰ ਸੁਣੀ ਜਾਂਦੀ ਸੀ। ਨਾਥ ਸਾਹਿਤ ਵੀ ਮੌਜੂਦ ਸੀ। ਭਗਤ ਨਾਮਦੇਵ ਪੰਜਾਬ ਦੀ ਯਾਤਰਾ ਕਰ ਚੁੱਕੇ ਸਨ। ਸੰਤ ਕਬੀਰ ਤੇ ਸੰਤ ਰਵਿਦਾਸ ਜੀ ਦੀ ਬਾਣੀ ਆਮ ਲੋਕਾਂ ਦੀ ਜ਼ਬਾਨ ਉਪਰ ਸੀ। ਭਗਤੀ ਲਹਿਰ ਨੇ ਧਰਮ ਦੀ ਪ੍ਰੰਪਰਾਗਤ ਪ੍ਰਥਾ ਨੂੰ ਨਕਾਰ ਕੇ ਪ੍ਰਭੂ ਨਾਲ ਸਿੱਧੇ ਤੌਰ ਤੇ ਜੁੜਨ ਦਾ ਰਾਹ ਦਰਸਾਇਆ।
ਗੁਰੂ ਸਾਹਿਬ ਪ੍ਰਚਲਤ ਧਰਮ ਨੂੰ ਰੱਦ ਕਰਨ ਦੇ ਹੱਕ ਖੜ੍ਹੇ ਹੋਏ। ਉਹ ਭਗਤੀ ਲਹਿਰ ਦੇ ਨੁਮਾਇੰਦੇ ਵਜੋਂ ਭਗਤੀ ਲਹਿਰ ਦੀ ਵਿਚਾਰਧਾਰਾ ਦੇ ਪੱਖ ਵਿੱਚ ਖੜ੍ਹੋ ਗਏ। ਭਗਤੀ ਲਹਿਰ ਚੂੰਕਿ ਕਿਰਤੀਆਂ, ਕਾਮਿਆਂ ਦੀ ਲਹਿਰ ਸੀ, ਇਹ ਕਿਰਤੀ ਕਾਮੇ, ਮਿਹਨਤ ਕਸ਼ ਸਨ, ਆਪਣੇ ਕੰਮ ਦੇ ਮਾਹਰ, ਆਪਣੇ ਕੰਮ ਦੀ ਕੀਮਤ ਆਪਣੀ ਮਰਜ਼ੀ ਨਾਲ ਵਸੂਲਣ ਵਾਲੇ, ਜਿਹਨਾਂ ਤੋਂ ਬਿਨਾਂ ਸਮਾਜ ਦਾ ਇੱਕ ਪਲ ਨਹੀਂ ਸੀ ਸਰਦਾ; ਇਹ ਕੱਪੜਾ ਬੁਣਨ ਵਾਲੇ ਜੁਲਾਹੇ ਸਨ, ਚਮੜੇ ਦਾ ਕੰਮ ਕਰਨ ਵਾਲੇ ਚਮਾਰ, ਨਾਈ ਦਾ ਕੰਮ ਕਰਨ ਵਾਲੇ, ਕੱਪੜਿਆਂ ਨੂੰ ਛਾਪਣ ਦਾ ਕੰਮ ਕਰਨ ਵਾਲੇ, ਕਸਾਈ ਦਾ ਕੰਮ ਕਰਨ ਵਾਲੇ ਖੇਤੀ ਕਰਨ ਵਾਲੇ, ਇਹ ਸਾਰੇ ਹੁਨਰਮੰਦ ਕਾਮੇ ਸਨ, ਆਮ ਸਮਾਜ ਉਹਨਾਂ ਦੇ ਕੰਮ ਦੀ ਕੀਮਤ ਚੁਕਾਉਣ ਤੋਂ ਅਸਮਰਥ ਉਹਨਾਂ ਨੂੰ ਸਮਾਜਿਕ ਤੌਰ ਤੇ ਨੀਂਵਾਂ ਦਿਖਾਉਣ ਉਪਰ ਤੁਲਿਆ ਹੋਇਆ ਸੀ। ਇਸ ਵਾਸਤੇ ਜਦੋਂ ਸਮਾਜ ਧਰਮ ਦਾ ਨਾਂ ਲੈ ਕੇ ਉਹਨਾਂ ਨੂੰ ਨੀਂਵਾਂ ਦਿਖਾ ਕੇ ਉਹਨਾਂ ਦਾ ਆਰਥਿਕ ਸ਼ੋਸ਼ਣ ਕਰਨਾ ਚਾਹੁੰਦਾ ਸੀ, ਤਾਂ ਭਗਤੀ ਲਹਿਰ ਦੇ ਸੰਸਥਾਪਕਾਂ - ਸੰਤਾਂ ਤੇ ਭਗਤਾਂ ਨੇ ਧਰਮ ਨੂੰ ਨਵੇਂ ਅਰਥਾਂ ਵਿੱਚ ਸਮਝਿਆ ਤੇ ਪ੍ਰਚਾਰਿਆ।
ਆਪਣੇ ਸਮੇਂ ਵਿੱਚ ਸਥਾਪਤ ਸਮਾਜ ਧਰਮ ਦੀ ਵਿਆਖਿਆ ਪ੍ਰਮਾਤਮਾ ਨਾਲ ਮਿਲਾਪ ਦੇ ਸਾਧਨ ਦੇ ਤੌਰ ਤੇ ਕਰਦਾ ਸੀ ਤਾਂ ਭਗਤੀ ਲਹਿਰ ਨੇ ਵਿਆਖਿਆ ਅਤੇ ਵਿਆਖਿਆ ਕਰਨ ਵਾਲੇ ਦੋਹਾਂ ਨੂੰ ਮੁੱਢੋਂ ਰੱਦ ਕਰਕੇ ਇੱਕ ਆਪਣੇ ਹੀ ਢੰਗ ਨੂੰ ਸਥਾਪਤ ਕੀਤਾ।
ਭਗਤ ਬਾਣੀ ਆਖਦੀ ਹੈ ਕਿ ਜੇ ਕਰ ਮਨੁੱਖਾ ਜਨਮ ਦਾ ਉਦੇਸ਼ ਪ੍ਰਮਾਤਮਾ ਨਾਲ ਮਿਲਾਪ ਹੀ ਹੈ ਤਾਂ ਫਿਰ ਡਰ ਕਿਸ ਗੱਲ ਦਾ, ਇਸ ਵਾਸਤੇ ਕਿਸੇ ਕਰਮ ਕਾਂਡ ਤੇ ਬ੍ਰਾਹਮਣ - ਪੁਜਾਰੀ ਦੀ ਲੋੜ ਨਹੀਂ। ਪ੍ਰਮਾਤਮਾ ਦੀ ਭਗਤੀ ਸਿੱਧੇ ਤੌਰ ਤੇ ਵੀ ਕੀਤੀ ਜਾ ਸਕਦੀ ਹੈ। ਭਗਤੀ ਦਾ ਢੰਗ ਉਹਨਾਂ ਨੇ ਕੀਰਤਨ ਦੱਸਿਆ। ਕੀਰਤਨ ਦੀ ਨਵੀਂ ਸ਼ੈਲੀ ਸਥਾਪਤ ਕੀਤੀ। ਇੱਕ ਅਜਿਹੀ ਭਾਸ਼ਾ ਬਣਾਈ ਜੋ ਆਮ - ਸਧਾਰਨ ਲੋਕਾਂ ਦੀ ਭਾਸ਼ਾ ਉਪਰ ਅਧਾਰਤ ਸੀ ਤੇ ਇਸ ਭਾਸ਼ਾ ਵਿੱਚ ਪ੍ਰਭੂ ਦੀ ਉਸਤਤੀ ਕਰਨ ਨੂੰ ਹੀ ਅਸਲ ਭਗਤੀ ਦੱਸਿਆ। ਭਗਤਾਂ ਦੀ ਬਾਣੀ ਇਸ ਮਨੋਰਥ ਨਾਲ ਇਹੋ ਜਿਹੇ ਵਿਚਾਰਾਂ ਨਾਲ ਓਤ ਪੋਤ ਹੈ।
ਭਗਤੀ ਲਹਿਰ ਨੇ ਪੌਰਾਣਿਕ ਕਥਾਵਾਂ ਉਪਰ ਅਧਾਰਤ ਸਾਰੇ ਕਰਮ ਕਾਂਡ ਰੱਦ ਕਰਕੇ ਪ੍ਰਮਾਤਮਾ ਦਾ ਜਿਹੜਾ ਸੰਕਲਪ ਪੈਦਾ ਕੀਤਾ, ਉਹ ਮੁਹਵਰੇ ਦੇ ਤੌਰ ਤੇ ਤਾਂ ਸਹੀ ਪ੍ਰਤੀਤ ਹੁੰਦਾ ਸੀ, ਪਰ ਅਮਲੀ ਤੌਰ ਤੇ ਉਹ ਵਿਗਿਆਨਕ ਨਹੀਂ ਸੀ। ਭਗਤੀ ਲਹਿਰ ਦਾ ਪ੍ਰਮਾਤਮਾ ਜਨ ਸਧਾਰਨ ਦੇ ਮਨ-ਮਸਤਕ ਵਿੱਚ ਉਸੇ ਥਾਂ ਉਪਰ ਹੀ ਪਹੁੰਚਾਉਂਦਾ ਸੀ ਜਿਥੇ ਪਹਿਲਾਂ ਤੋਂ ਸਥਾਪਤ ਪ੍ਰਮਾਤਮਾ ਦੀ ਹੋਂਦ ਪਹਿਲਾਂ ਤੋਂ ਹੀ ਮੌਜੂਦ ਸੀ। ਸਿਰਫ ਕਰਮ ਕਾਂਡ ਨੂੰ ਹੀ ਰੱਦ ਕੀਤਾ ਗਿਆ ਸੀ। ਹਿੰਦੂ ਹੋਣ ਵੱਜੋਂ ਤਿਲਕ ਨਹੀਂ ਲਾਉਣਾ, ਅੱਖਾਂ ਬੰਦ ਕਰਕੇ ਭਗਤੀ ਨਹੀਂ ਕਰਨੀ, ਦਾਨ-ਪੁੰਨ ਕਰਨ ਲਈ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਨਹੀਂ ਹੋਣਾ। ਪਰ ਲੈ ਦੇ ਉਹੋ ਪ੍ਰਮਾਤਮਾ, ਬੀਠਲ, ਉਸ ਦੇ ਮੰਦਰ, ਉਸ ਦੀ ਮੂਰਤੀ, ਉਹੋ ਰਾਮ, ਉਹੋ ਕ੍ਰਿਸ਼ਨ, ਉਹੋ ਗੋਬਿੰਦ, ਉਹੋ ਠਾਕੁਰ, ਉਹੋ ਰੱਬ ਤੇ ਉਹੋ ਪ੍ਰਮਾਤਮਾ; ਸੰਕਲਪ ਵੱਜੋਂ ਇਸ ਵਿੱਚ ਕੋਈ ਵੱਡਾ ਅੰਤਰ ਨਹੀਂ ਸੀ। ਜੇ ਕਰ ਅੰਤਰ ਸੀ ਤਾਂ ਉਹ ਰਿਸ਼ਤੇਦਾਰੀ ਦਾ ਸੀ ਤੇ ਰਸਤੇਦਾਰੀ ਦਾ ਸੀ।
ਮੂਲ ਸੰਕਲਪ ਦੇ ਪੱਧਰ ਉਪਰ ਕੰਮ ਕਰਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹਿੱਸੇ ਆਇਆ। ਜਿਹੜੀ ਬਾਣੀ ਇਸ ਉਦੇਸ਼ ਨਾਲ ਗੁਰੂ ਸਾਹਿਬ ਨੇ ਰਚੀ ਉਹ ਉਹਨਾਂ ਦੇ ਸਾਲਾਂ ਦੇ ਅਨੁਭਵ ਉਪਰ ਅਧਾਰਤ ਸੀ ਤੇ ਇਸ ਬਾਣੀ ਦੀ ਰਚਨਾ ਵੀ ਉਹਨਾਂ ਦੀ ਉਮਰ ਦੇ ਆਖਰੀ ਪੜਾ ਉੱਪਰ ਹੋਈ ਮੰਨੀ ਜਾਂਦੀ ਹੈ।
ਜਪੁ ਦੀ ਬਾਣੀ ਗੁਰੂ ਨਾਨਕ ਦੇਵ ਜੀ ਦੇ ਅਨੁਭਵ ਦਾ ਨਿਚੋੜ ਤੇ ਸੰਵਾਦ ਦੀ ਸਮਰਥਾ ਦਾ ਸ਼ਿਖਰ ਹੈ, ਇਸੇ ਲਈ ਇਸ ਨੂੰ ਕਿਸੇ ਵੀ ਪੱਖ ਤੋਂ ਨਾ ਰੱਦ ਕੀਤਾ ਜਾ ਸਕਦਾ ਹੈ ਤੇ ਨਾ ਹੀ ਇਸ ਉੱਪਰ ਕੋਈ ਪ੍ਰਸ਼ਨ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਦੇ ਵਿਚਾਰ ਰੂਪ ਨੂੰ ਸਮਝਣ ਲਈ ਉਹਨਾਂ ਦੀ ਇਸ ਬਾਣੀ ਨੂੰ ਸਹੀ ਦ੍ਰਿਸ਼ਟੀਕੋਣ ਤੋਂ ਸਮਝਣਾ ਬਹੁਤ ਜ਼ਰੂਰੀ ਹੈ, ਇਹ ਵਿਸ਼ੇ ਵਸਤੂ ਤੋਂ ਇਲਾਵਾ ਰੂਪਕ ਪੱਖ ਤੋਂ ਵੀ ਗੁਰੂ ਸਾਹਿਬ ਦੀ ਕਲਾਤਮਕ ਤੇ ਕਾਵਿਕ ਹੁਨਰ ਦਾ ਸ਼ਿਖਰ ਹੈ। ਇਸ ਵਿੱਚ ਨਾ ਸਿਰਫ ਸਥਾਪਤ ਸੰਕਲਪ ਰੱਦ ਹੀ ਕੀਤੇ ਗਏ ਹਨ ਸਗੋਂ ਜਿਹੜਾ ਨਵਾਂ ਸੰਕਲਪ ਉਸਾਰਿਆ ਗਿਆ ਹੈ, ਉਹ ਮਨੁੱਖੀ ਅਮਲ ਦੇ ਐਨਾ ਨੇੜੇ ਹੈ ਤੇ ਇਹ ਐਨਾ ਸਰਲ ਕਰ ਦਿੱਤਾ ਗਿਆ ਹੈ, ਕਿ ਇਸ ਨੇ ਸਾਰੇ ਪੁਰਾਤਨ ਸੰਕਲਪ ਤੇ ਕਾਰ-ਵਿਹਾਰ ਵਿਹਲੇ ਕਰ ਦਿੱਤੇ ਹਨ।
ਜਿਹੜਾ ਸੰਵਾਦ ਗੁਰੂ ਸਾਹਿਬ ਇਸ ਬਾਣੀ ਵਿੱਚ ਰਚਾਉਂਦੇ ਹਨ ਉਹ ਜਪੁ ਦੀ ਬਾਣੀ ਪੜ੍ਹਨ ਵਾਲੇ ਦੇ ਅੰਦਰ ਤੀਕ ਦੀ ਸਮਝ ਨੂੰ ਬਦਲ ਦਿੰਦਾ ਹੈ। ਇਸ ਲਈ ਇਹ ਬਾਣੀ ਸਿਰਫ ਉਸ ਨੂੰ ਹੀ ਪੜ੍ਹਨੀ ਚਾਹੀਦੀ ਹੈ, ਜਿਸ ਨੇ ਸਮਝਣੀ ਹੋਵੇ, ਸਮਝਣੀ ਵੀ ਉਸ ਨੂੰ ਹੀ ਚਾਹੀਦੀ ਹੈ, ਜਿਸ ਨੇ ਇਸ ਦਾ ਅਨੁਭਵ ਕਰਨਾ ਹੋਵੇ ਤੇ ਫਿਰ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲੈਣਾ ਹੋਵੇ। ਸਿਰਫ ਪਾਠ ਕਰਨ ਦੇ ਉਦੇਸ਼ ਨਾਲ ਇਸ ਨੂੰ ਪੜ੍ਹੀ ਜਾਣਾ ਗੁਰੂ ਸਾਹਿਬ ਦੀ ਸੰਵਾਦ ਸਮਰਥਾ ਦੀ ਬੇਅਦਬੀ ਹੈ। ਉਹਨਾਂ ਨੇ ਧਰਮ ਦੀ ਲੋੜ ਨੂੰ ਪ੍ਰਮਾਤਮਾ ਨਾਲ ਮਿਲਾਪ ਦੀ ਬਜਾਏ ਵਰਤਮਾਨ ਜੀਵਨ ਨੂੰ ਸੁਚੱਜੇ ਢੰਗ ਨਾਲ ਜੀਣ ਉਪਰ ਜੋਰ ਦਿੱਤਾ।