ਰੂੜੋ ਕਹਉ ਨ ਕਹਿਆ ਜਾਈ ॥ ਅਕਥ ਕਥਉ ਨਹ ਕੀਮਤਿ ਪਾਈ ॥੬॥੨॥
ਆਸਾ ਮਹਲਾ ੧, ਪੰਨਾ ੪੧੨
ਅਤਿ ਰੰਗ ਰੂੜੇ (ਸੁੰਦਰ) ਵਾਹਿਗੁਰੂ ਦੀ ਕਥਾ ਕਰਨੀ ਅਸੰਭਵ ਹੈ । ਉਸ ਦੀ ਸੁੰਦਰਤਾ ਦਾ ਕਥਨਾ ਭੀ ਅਕੱਥ ਹੀ ਹੈ । ਜਿਨ੍ਹਾਂ ਨੇ ਇਸ ਅਕੱਥ ਸੁੰਦਰਤਾ ਨੂੰ ਪਰਤੱਖ ਦੇਖਿਆ ਭੀ ਹੈ, ਓਹ ਭੀ ਇਸ ਸੁੰਦਰਤਾ ਨੂੰ ਕਥ ਨਹੀਂ ਸਕਦੇ । ਬਸ ਵਾਹ ਵਾਹ ਕਰਦੇ ਹੀ ਬਿਸਮਾਦ ਹੋ ਜਾਂਦੇ ਹਨ । ਇਹ ਬਿਸਮਾਦ ਹੁ ਵਾਹੁ ਕਥਾ ਰੂਪੀ ਵਾਹਿਗੁਰੂ ਨਾਮ ਦਾ ਅਕੱਥ ਅਭਿਆਸ, ਵਾਹਿਗੁਰੂ ਵਿਚ ਲੀਨ ਕਰਨ ਨੂੰ ਸਮਰੱਥ ਹੈ । ਤਾਂ ਤੇ ਉਹ ਹੋਰ ਕਿਸੇ ਬਿੱਧ ਭੀ ਕਥਿਆ ਨਹੀਂ ਜਾ ਸਕਦਾ । ਜਿਤਨੀ ਭੀ ਗੁਰਬਾਣੀ ਹੈ ਇਹ ਵਾਹਿਗੁਰੂ ਦੀ ਸਿਫਤਿ ਸਾਲਾਹ ਰੂਪੀ ਅਕੱਥ ਕਥਾ ਹੀ ਗੁਰੂ ਸਾਹਿਬਾਨ ਨੇ ਵਖਾਣੀ ਹੈ । ਸਭ ਤੋਂ ਸ੍ਰੇਸ਼ਟ ਅਤੇ ਮੁਖੀ ਬਾਣੀ ਗੁਰਬਾਣੀ ਦਾ ਤੱਤ 'ਵਾਹਿਗੁਰੂ' ਨਾਮ ਰੂਪੀ ਬਾਣੀ ਹੈ, ਜਿਸਦਾ ਅਭਿਆਸ ਕਰੀ ਜਾਣਾ ਹੀ ਅਕੱਥ ਕਥਾ ਕਰਨਾ ਹੈ। ਜੇਕਰ ਇਸ ਅਕੱਥ ਕਥਾ ਨੂੰ ਕਥਨ ਦਾ, ਕੱਚੀ ਬਾਣੀ ਉਚਾਰ ਕੇ ਕੋਈ ਤਰਲਾ ਭੀ ਮਾਰਦਾ ਹੈ ਤਾਂ ਨਿਰਾ ਬਿਰਥਾ ਹੈ। ਕੀਮਤ ਉਸ ਦੀ ਫਿਰ ਭੀ ਨਹੀਂ ਪਾਈ ਜਾ ਸਕਦੀ।
ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥
ਨਾਨਕ ਜਿਨ ਕਉ ਸਤਿਗੁਰੁ ਮਿਲਿਆ ਤਿਨ ਕਾ ਲੇਖਾ ਨਿਬੜਿਆ ॥੧੮॥੨॥
ਆਸਾ ਮਹਲਾ ੩ ਪਟੀ, ਪੰਨਾ ੪੩੫
ਅਕੱਥ ਵਾਹਿਗੁਰੂ ਕਿਸੇ ਪ੍ਰਕਾਰ ਭੀ ਅਲਪਗ ਪੁਰਸ਼ਾਂ ਤੋਂ ਕਥਿਆ ਨਹੀਂ ਜਾ ਸਕਦਾ, ਉਸ ਦਾ ਅੰਤ ਤਾਂ ਕੀ ਲਖਿਆ ਜਾਣਾ ਸੀ । ਜਿਨ੍ਹਾਂ ਨੂੰ ਸਤਿਗੁਰ ਨਾਨਕ ਮਿਲਿਆ ਹੈ, ਤਿਨ੍ਹਾਂ ਨੂੰ ਗੁਰੂ ਦੁਆਰਿਓਂ ਗੁਰ-ਦੀਖਿਆ (ਗੁਰਮੰਤ) ਦੀ ਪ੍ਰਾਪਤੀ ਹੋਈ । ਤਿਨ੍ਹਾਂ ਨੇ ਇਸ ਗੁਰਦੀਖਿਆ ਗੁਰਮੰਤ੍ਰ ਦੀ ਅਗਾਧ ਕਮਾਈ ਕਰਕੇ ਵਾਹਿਗੁਰੂ ਦੇ ਸਰੂਪ ਵਿਚ ਹੀ ਸਮਾਈ ਜਾ ਪਾਈ । ਤਿਨ੍ਹਾਂ ਦੇ ਲੇਖੇ ਸਭ ਨਿਬੜ ਗਏ । ਉਨ੍ਹਾਂ ਨੇ ਵਾਹਿਗੁਰੂ ਦਾ ਅੰਤ ਪਾ ਕੇ ਕੀ ਲੈਣਾ ਹੈ ! ਉਨ੍ਹਾਂ ਨੂੰ ਅਕੱਥ ਕਥਾ (ਵਾਹਿਗੁਰੂ ਨਾਮ ਦਾ) ਐਸਾ ਰਸ ਆਇਆ ਹੈ ਕਿ ਉਹ ਇਸ ਵਿਚ ਗੀਧੇ ਹੋਏ ਗੁਰ ਮੰਤ੍ਰ ਅਭਿਆਸ ਨੂੰ ਛਡ ਹੀ ਨਹੀਂ ਸਕਦੇ, ਕਥੀ ਹੀ ਜਾਂਦੇ ਹਨ । ਇਸੇ ਕਰਕੇ ਹੀ ਵਾਹਿਗੁਰੂ ਨਾਮ ਦਾ ਅਭਿਆਸ ਅਕੱਥ ਕਥਾ ਹੈ। ਅਕੱਥ ਕਥਾ ਦਾ ਰਸ ਰਸਦੇ ਹੋਏ ਅਕਹਿ ਰਸ ਵਿਚ ਲੀਨ ਹੋ ਜਾਂਦੇ ਹਨ। ਓਹ ਜੀਉਂਦੇ ਜਾਗਦੇ ਹੋਏ, ਸਾਵਧਾਨ ਹੋ ਕੇ ਇਸ ਰਸ-ਲੀਨਤਾ ਦਾ ਰੰਗ ਮਾਣਦੇ ਹਨ । ਅੱਗੇ ਸੱਚੇ ਖੰਡ ਗੁਰਪੁਰੀ ਵਿਚ ਜਾ ਕੇ,