ਭੇਟਾ
ਦਿਲ ਨਿੱਕਾ ਜਿਹਾ,
ਅੱਜ ਦਾ ਬਹੂੰ ਵੱਡਾ ਆਇਆ ਹੈ,
ਅਨੰਦਪੁਰੇ ਵਿਚ ਬਾਬੇ ਬਾਜਾਂ ਵਾਲੇ ਦਾ ਦਰਬਾਰ, ਦਿੱਸਦਾ,
ਦਿਲ ਦੀ ਟੋਹ ਨੂੰ,
ਉਹ ਰੌਣਕ ਇਲਾਹੀ ਮੇਰੇ ਦਿਲ ਦੀ ਕੰਗਿਰੀ 'ਤੇ ਵੱਜੀ ਹੈ,
ਦਿਲ ਮੇਰਾ ਚਮਕ ਉੱਠਿਆ;
ਅਨੰਦਪੁਰੇ ਪ੍ਰੀਤਮ ਪਿਆਰਾ ਮਿੱਤਰ ਕਵੀਆਂ ਦੀ ਰਚਨਾ ਨੂੰ ਸੁਣ ਰਿਹਾ !
ਕੋਮਲ ਉਨਰਾਂ ਦੇ ਰੰਗਾਂ ਦਾ ਸਰਵੱਗਯ ਪਾਰਖੀ,
“ਠਹਿਰ ਭਾਈ ! ਜ਼ਰਾ, ਠਹਿਰੋ,
ਇਕ ਬਾਲ ਦੀ ਆਵਾਜ਼ ਦੀ ਠੰਢ ਜਿਹੀ ਆਈ ਹੈ"
ਮੈਂ ਬਾਲ-ਜੋਸ਼ ਵਿਚ ਅੱਗੇ ਵਧਿਆਂ,
ਤੇ ਚਰਨਾਂ 'ਤੇ ਰੱਖੀ ਜਾ ਇਹ ਸੈਂਚੀ !
ਮੈਨੂੰ ਥਾਪੀ ਸਾਈਂ ਦੀ ਹੁਣੇ ਮਿਲੀ ਹੈ,
ਮੇਰੀ ਸੈਂਚੀ ਕਬੂਲ ਹੋਈ,
"ਇਕ ਬਾਲ ਦੀ ਆਵਾਜ਼ ਦੀ ਠੰਢ ਜਿਹੀ ਆਈ ਹੈ"
੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ਮੁਖਬੰਦ
ਦਾਰਸ਼ਨਿਕ ਵਿੱਦਿਆ ਜਿਸ ਨੂੰ ਪੱਛਮ ਵਾਲੇ ਫ਼ਲਸਫ਼ਾ ਕਹਿੰਦੇ ਹਨ, ਜਗਤ ਦੇ ਅੱਡ ਅੱਡ ਹਿੱਸਿਆਂ ਵਿਚ ਦਿਮਾਗੀ ਉੱਨਤੀ ਅਨੁਸਾਰ ਤੁਰੀ, ਚਲੀ, ਵਧੀ ਤੇ ਹੁਣ ਵਿੱਦਿਆ ਪਰਚਾਰ ਤੇ ਜਗਤ ਵਿਚ ਸਫ਼ਰ ਦੇ ਸਾਮਾਨ ਆਸਾਨ ਹੋ ਜਾਣ
ਕਰਕੇ, ਖਿਆਲਾਂ ਦੇ ਵਟਾਂਦਰੇ ਸੌਖੇ ਹੋ ਜਾਣ ਕਰ ਕੇ ਕਿਸੇ ਔਜ 'ਤੇ ਅਪੜ ਗਈ ਹੈ । ਜਿਸ ਦੇ ਉੱਨਤ ਹੋਣ ਵਿਚ ਸਭ ਤੋਂ ਵਡਾ ਹਿੱਸਾ ਹਿੰਦ ਦਾ ਹੈ, ਗੋ ਯੂਨਾਨ ਨੇ ਪਿਛਲੇ ਜ਼ਮਾਨੇ ਤੇ ਜਰਮਨੀ ਨੇ ਇਸ ਜ਼ਮਾਨੇ ਵਿਚ ਬਹੁਤ ਵਧਵੇਂ ਤੇ ਪ੍ਰਭਾਵਸ਼ਾਲੀ ਕਦਮ ਮਾਰੇ ਹਨ ।
ਇਸ ਵਿੱਦਿਆ ਦਾ ਵਿਸਥਾਰ ਤੇ ਸਾਰੇ ਜਿਲਦਾਂ ਲਿਖਣ ਦਾ ਕੰਮ ਹੈ। ਇਥੇ ਸਾਰ ਦਾ ਹਾਲ ਸੰਖੇਪ ਕਰਕੇ ਦਸਣੇ ਵੀ ਸਾਰ ਕੇਵਲ ਨਚੋੜ ਵਾਂਗ ਦਸਦੇ ਹਾਂ, ਦੋ ਖ਼ਿਆਲਾਂ ਵਿਚ ਇਸ ਦੀ ਵੰਡ ਹੋ ਸਕਦੀ ਹੈ :
੧. ਹਿੰਦੂ, ਯੂਨਾਨ, ਯੁਰਪ, ਚੀਨ ਤੇ ਜਰਮਨੀ ਆਦਿਕ ਸਾਰਿਆਂ ਦਾ ਨਚੋੜ ਹੈ ਕਿ : ਜਗਤ ਕਿਸੇ ਇਕ ਸ਼ਕਤੀ (ਆਤਮਾ ਜਾਂ ਮਰਜ਼ੀ) ਦਾ ਆਪਣੇ ਆਪ ਨੂੰ 'ਗ੍ਰਹਿਣ' (ਜਾਂ ਹਉਂ ਨਾਲ ਪ੍ਰਗਟ ਕਰਨ) (Assertion) ਨਾਲ ਰਚਿਆ ਪਿਆ ਹੈ ਤੇ ਇਸ ਹਉਂ ਜਾਂ ਗ੍ਰਹਿਣ ਵਾਲੇ ਰੁਖ ਦੇ ਨਿਵਾਰਨ(Denial) ਤੋਂ ਕਲਿਆਨ ਹੈ।
੨. ਜਰਮਨੀ ਵਿਚ ਨਿਟਸ਼ੇ ਨੇ ਇਸ ਦੇ ਉਲਟ ਖ਼ਿਆਲ ਸਿਰੇ ਚਾੜ੍ਹਿਆ ਸੀ ਕਿ ਹਉਂ ਨਿਵਾਰਨਾ ਕਮਜ਼ੋਰੀ ਅਤੇ ਤਬਾਹੀ ਹੈ । ਗ੍ਰਹਿਣ ਜਾਂ ਹਉਂ ਦਾ ਜ਼ੋਰਨਾਲ ਵਰਤਣਾ ਇਹੀ ਮੁਰਾਦ ਜ਼ਿੰਦਗੀ ਹੈ, ਇਹੀ ਫ਼ਲਸਫ਼ਾ ਹੈ ਤੇ ਇਹੀ ਕਰਤਵ ਦਰੁਸਤ ਹੈ ।
ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੇ ਜੋ ਧਰਮ ਬਣਾਇਆ ਤੇ ਅਮਲੀਜਾਮਾਂ ਪੁਆ ਕੇ ਟੋਰਿਆ, ਉਹ ਕਿਸੇ ਖ਼ੁਸ਼ਕ ਫ਼ਲਸਫ਼ੇ ਦੀ ਬਿਨਾਂ 'ਤੇ ਕੇਵਲ ਸੋਚਾਂਵਿਚਾਰਾਂ ਦਾ ਇਕ ਗੋਰਖਧੰਦਾ, ਖ਼ਿਆਲ ਦੀ ਉਡਾਰੀ ਵਾਲੋ ਦਿਸਾਗਾਂ ਦਾ ਸਿੱਟਾ ਨਹੀਂ ਸੀ, ਬਲਕਿ ਇਕ ਜੀਵਨ ਦੇ ਸੋਮੇਂ ਤੋਂ ਫਟਿਆ ਅਮਲੀ ਤੇਜੀਵਨ ਲਹਿਰ ਤੇ ਰੰਗ ਰਸ ਨਾਲ ਥਰਕਦਾ, ਧਰਕਦਾ, ਗੇੜ ਮਾਰਦਾ ਉਮਲਦਾ ਤੇ ਉਛਲਦਾ ਕਰਤਵਸੀ, ਇਸ ਦਾ ਮੁੱਦਾ ਤੇ ਅਸਰ ਅਮਲੀ ਤੇ ਆਦਰਸ਼ਕ 'ਇਨਸਾਨ' ਪੈਦਾ ਕਰਨਾ ਸੀ ।
ਇਹ ਕਹਿਣਾ ਕਿ ਇਕ ਅਮਲੀ 'ਇਨਸਾਨ' ਪੈਦਾ ਹੋ ਜਾਏ ਤੇ ਉਸ ਦੀ ਉਤਪਤੀ ਦੇ ਪਿਛੇ ਕੋਈ ਫਲਸਫਾ ਨਾ ਹੋਵੇ ਇਹ ਕਹਿਣ ਦੇ ਤੁਲ ਹੈ ਕਿ 'ਆਦਰ-ਸ਼ਕ ਇਨਸਾਨ ਅਗਿਆਨ ਤੇ ਮੰਡਲ ਦੀ ਉਤਪਤੀ ਹੈ ਜੋ ਗਲ ਕਿ ਬੁੱਲ੍ਹਾਂ ਦੀ ਮੁਸਕ੍ਰਾਹਟ ਤੋਂ ਵਧੇਰੇ ਕਦਰਦਾਨੀ ਦੀ ਹੱਕਦਾਰ ਨਹੀਂ ਹੈ, ਪਰ ਫਿਰ ਇਹ ਕਹਿਣਾ ਕੀ ਅਰਥ ਰਖਦਾ ਹੈ ? ਇਸ ਦਾ ਉੱਤਰ ਇਹ ਹੈ ਕਿ, ਕੇਵਲ ਦਿਮਾਂਗੀ ਤਲਾਸ਼ 'ਤੇ ਲਭ ਉਨ੍ਹਾ ਇਨਸਾਨਾਂ ਦੀ, ਜੋ ਆਤਮਾ ਜੀਵਨ ਵਾਲੇ ਨਹੀਂ, ਪਰ ਨਿਰੇ ਵਿਦਵਾਨ ਹਨ, ਬੁੱਧ ਦੀ ਚਤੁਰਤਾ ਤੇ ਵਿਚਾਰ ਦੇ ਗੋਰਖਧੰਦੇ ਚ ਸਕਦੀ ਹੈ, ਪਰ ਇਹ ਕੇਵਲ ਪੜ੍ਹ ਪੜ੍ਹਾ ਕੇ ਸਮਝ ਲੈਣ ਨਾਲ ਹੀ ਤਅੱਲੁਕ ਰਖਦੀਆਂ ਹਨ । ਕਰਤੂਤ (Action) ਵਲ ਪ੍ਰੇਰ ਵੀ ਦਿੰਦੀਆਂ ਹਨ, ਪਰ ਅਸਲੀ ਜਾਨ ਤੇ ਨਿਗਰ ਨੀਂਦ ਕਰਤੂਤ ਦੀ ਨਹੀਂ ਰਖਦੀਆਂ। ਇਸ ਦੇ ਨਾਲ ਜਿਸ ਨੂੰ ਅਸੀਂ ਅਮਲੀ ਜੀਵਨ ਜਾਂ ਜੀਵਨ ਲਹਿਰ ਵਾਲਾ ਰੌ ਕਹਿੰਦੇ ਹਾਂ, ਉਹ ਦਿਮਾਗ਼ ਹੀਨ, ਬੁਧੀ ਹੀਨ ਮੰਡਲ ਦੀ ਸ਼ੈਅ ਨਹੀਂ ਹੈ, ਉਹ ਇਕ ਜੀਉਂਦਾ ਬੁੱਤ ਹੈ, ਜਿਸ ਦੀ ਜਾਨ ਉਸ ਦੇ
ਆਤਮਾ ਦੀ ਜਾਗਰਤ ਤੇ ਅਨੰਤ (Infinite) ਨਾਲ ਕਿਸੇ ਪਰਕਾਰ ਦੀ ਛੁਹ (Touch) ਵਿਚ ਹੈ ਤੇ ਉਸ ਦੀ ਪਿਠ ਪਿਛੇ ਆਸਰਾ ਉਚੇ ਆਦਰਸ਼ (Ideal) ਦਾ ਹੈ, ਜੋ ਉਸ ਬੁੱਤ ਦੀ ਤਾਕਤ ਤੇ ਸਮਰਥਾ ਹੈ । ਉਹ ਆਦਰਸ਼ ਦਿਮਾਗੀ ਹਿਲ ਜੁਲ ਤੋਂ ਉਤਪਤ ਨਹੀਂ ਹੋਇਆ, ਪਰ ਆਤਮਾ ਦੀ ਛੁਹ ਤੋਂ । ਪਰ ਹੁਣ ਦਿਮਾਗ਼ ਵਿਚ ਉਸ ਦੇ ਉਚੇ ਆਦਰਸ਼ ਦਾ ਪਰਤੌ (Reflection) ਆ ਪਿਆ ਹੈ,ਉਸ ਪਰਤੌ
ਪੰਜਾਬ ਵਿਚ ਜੋ ਉੱਚੀਆਂ ਦਸ ਜ਼ਿੰਦਗੀਆਂ ਪੰਦਰਵੀਂ ਸਦੀ ਵਿਚ ਹੋਈਆਂ ਹਨ, ਉਨ੍ਹਾਂ ਦੇ ਆਪ ਬਸਰ ਕੀਤੇ ਤੇ ਲੋਕਾਂ ਵਿਚ ਫੂਕੇ ਜੀਵਨ ਤੋਂ ਅਤੇ ਉਨ੍ਹਾਂ ਦੇ ਉਚਾਰੇ ਬਚਨਾਂ ਤੇ ਸ਼ਬਦਾਂ ਤੋਂ ਜੋ ਪ੍ਰਭਾਵ ਪਿਆ ਉਹ ਅਸਲੀ ਜੀਵਨ-ਰੌ ਸੀ, ਪਰ
1. Intuition & inspiration.
ਇਹ ਰੌ ਜਿਹਾ ਕਿ ਅਸਾਂ ਉੱਤੇ ਦੱਸਿਆ ਹੈ ਅਗਿਆਨ ਮੰਡਲ ਦੀ ਕੋਈ ਨਿਰਜੀਵ ਸ਼ਕਤੀ ਨਹੀਂ ਸੀ ਪਰ ਗਿਆਨ ਮੰਡਲ ਵਿਚ ਆਪਣਾ ਆਦਰਸ਼ ਰਖਣ ਵਾਲੀ ਸਪੱਸ਼ਟ ਇਕ ਸਤਿਆਵਾਨ ਮੂਰਤੀ ਸੀ, ਜਿਸ ਨੂੰ ਦਿਮਾਗ਼ ਨੇ ਘੱਟ ਘੋਟ ਕੇ ਪੈਦਾ
ਨਹੀਂ ਸੀ ਕੀਤਾ, ਪਰ ਕਿਸੇ ਜੀਵਨ ਰੌ ਨੇ, ਕਿਸੇ ਅਨੰਤ ਛੁਹ (Intuition and inspiration) ਨੇ ਅਕਸ ਪਾ ਕੇ ਮੂਰਤੀਮਾਨ ਕੀਤਾ ਸੀ । ਇਸ ਆਦਰਸ਼ ਦਾ, ਹਿਰਦੇ ਵਿਚ ਧਰਕ ਰਹੇ ਜੀਵਨ ਦਾ ਹੱਥਾਂ ਪੈਰਾਂ ਅੱਖਾਂ ਆਦਿ ਤੋਂ ਹੋ ਰਹੇ ਪ੍ਰਭਾਵਸ਼ਾਲੀ ਅਸਰ ਵਾਲਾ ਅਮਲ ਦਾ ਕਾਰਨ ਉਸ ਨਿੱਗਰ ਕਾਰਨ ਵਿਚ ਸੀ ਜੋ ਦਿਮਾਗ ਤੋਂ ਉਪਜਦਾ ਤਾਂ ਨਹੀਂ ਸੀ, ਪਰ ਇਸ ਵਿਚ ਆ ਕੇ ਵੱਸਦਾ ਤੇ ਇਸ ਨੂੰ ਉੱਜਲ ਤੇ ਰੌਸ਼ਨ ਕਰਦਾ ਸੀ, ਇਸ ਵਿਚ ਆਪਣੇ ਆਪ ਨੂੰ ਪ੍ਰਤੀਤ (Feel) ਕਰਾਣ ਲਈ 'ਪ੍ਰਤੀਤੀ ਸਤਿਆ' ਜਗਾਉ ਦਾ ਸੀ ਤੇ ਅੱਗੋਂ ਅਮਲ ਕਰਨ ਲਈ ਅਮਲੀ ਸਤਿਆ ਭਰਦਾ ਸੀ ।
ਇਸ ਰੋ ਨੇ ਦਿਮਾਗਾਂ ਤੇ ਕਬਜ਼ੇ ਕਰ ਕੇ ਉਨ੍ਹਾਂ ਨੂੰ ਉੱਜਲ ਰੌਸ਼ਨ ਤੇ ਪ੍ਰਤੀਤੀ ਸਤਿਆ ਵਾਲੇ ਕਰ ਲਿਆ। ਉਨ੍ਹਾਂ ਰੌਸ਼ਨ ਦਿਮਾਗਾਂ ਤੇ 'ਪ੍ਰਤੀਤੀ ਸਤਿਆ ਵਾਲੇ' ਦਿਲਾਂ ਨੇ ਆਪਣੇ ਆਪੇ ਵਿਚ ਉਸ ਉੱਚੇ ਆਦਰਸ਼ ਤੇ ਸੁਆਦ ਤੇ ਅਕਹਿ ਛੁਹ ਦੇ ਰਸ ਨੂੰ ਮਾਣਿਆ ਤੇ ਸਰੀਰ ਨਾਲ ਉਸ ਅਨੁਸਾਰੀ ਅਮਲ ਕੀਤੇ ਤੇ ਇਸ ਅਮਲ ਤੇ ਇਸ ਅੰਦਰਲੇ ਨਾਲ ਹੋਰਨਾਂ ਵਿਚ ਇਹੋ ਜੀਵਨ ਪੈਦਾ ਕੀਤਾ । ਇਹ ਸਾਰੇ ਦਾ ਸਾਰਾ ਫਲਸਫਾ ਜਾਂ ਦਾਰਸ਼ਨਿਕ ਅੰਗ ਉਨ੍ਹਾਂ ਦੇ ਜੀਵਨ ਵਿਚ ਜੀਉਂਦਾ ਵਿਚਰਦਾ ਰਿਹਾ, (Action) ਵਿਚ ਪ੍ਰਗਟਦਾ ਰਿਹਾ ਤੇ ਸ਼ਬਦਾਂ ਦੇ ਵਜੂਦ ਵਿਚ (In book form)ਸੰਗੀਤ (Music) ਤੇ ਕਵਿਤਾ(Poetry) ਦੀ ਜਿੰਦੀ ਧਰਕ (Pulsation) ਨਾਲ ਅੱਖਰਾਂ, ਪਦਾਂ ਤੇ ਬੀੜ ਦੇ ਰੂਪ ਵਿਚ ਵੀ ਜੀਉਂਦਾ ਜਾਗਦਾ ਤੇ ਮੁਤਾਲਿਆ ਕਰਨ ਵਾਲਿਆਂ ਤੇ ਪ੍ਰਭਾਵ ਪਾਂਦਾ ਰਿਹਾ, ਪਰ ਦਿਮਾਗੀ ਫਲਸਫ਼ੇ ਵਾਂਗ ਛਣ ਛਣ ਕੇ ਕਾਂਟਛਾਂਟ ਖਾ ਕੇ ਨਿਰੇ ਦਲੀਲੀ ਰੂਪ ਵਿਚ ਲਿਖੇ ਜਾਣ ਦੇ ਰੂਪ ਵਿਚ ਨਹੀਂ
1. Pulsating.
2. Feeling ਤੇ Realization ਵਾਲੇ ।
3. ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ।
4. As a work of philosophy.
ਆਇਆ, ਕਿਉਂਕਿ ਨਾ ਲੋੜ ਪਈ ਤੇ ਨਾ ਜੀਵਨ ਰੋ ਦੀ ਥੁੜ ਆਈ ਕਿ ਨਿਰੇ ਦਿਮਾਗੀ ਥੰਮਾਂ ਦਾ ਆਸਰਾ ਦਿਤਾ ਜਾਏ ।
ਹੁਣ ਜਦ ਕਿ ਦਿਮਾਗ਼ੀ ਹਨੇਰੀ ਜਗਤ 'ਤੇ ਝੁਲ ਰਹੀ ਹੈ ਤੇ ਉੱਪਰ ਦਸੇ ਅਮਲ ਤੇ ਜੀਵਨ ਖੰਭਾਂ ਤੋਂ ਵਿਹੂਣੀ ਹੋ ਕੇ ਕੇਵਲ ਦਲੀਲੀ ਲਹਿਰ ਦਿਲਾਂ ਦਿਮਾਗਾਂ 'ਤੇ ਕਬਜ਼ਾ ਕਰ ਰਹੀ ਹੈ ਤੇ ਇਹ ਹਵਾ ਉਪਰ ਕਹੀ ਰੌ ਵਾਲਿਆ ਵਿਚ ਆ ਵੜੀ ਹੈ ਤੇ ਵਿੱਦਿਆ ਹੀ ਜਗਤ ਦਾ ਅਮਲ ਹੋ ਰਿਹਾ ਹੈ ਤਾਂ ਉਸ ਰੋ ਵਾਲਿਆਂ ਦੇ 'ਘਟੇ ਮਨ' ਵਾਲੇ ਬੱਚੇ ਪੁੱਛਦੇ ਹਨ, ਦੇਖੋ ਸਾਂਖ ਇਹ ਕਹਿੰਦਾ ਹੈ, ਨਿਟਸ਼ੇ ਇਹ ਕਹਿੰਦਾ ਹੈ, ਸ਼ੰਕਰ ਇਹ ਕਹਿ ਗਿਆ ਹੈ, ਪਲੈਟ ਇਹ ਕਹਿ ਗਿਆ ਹੈ, ਰਾਬਿੰਦਰ ਨਾਥ ਇਹ ਲਿਖ ਰਿਹਾ ਹੈ, ਇਕਬਾਲ ਨੇ ਇਹ ਆਖਿਆ । ਸਾਨੂੰ ਵੀ ਸਾਡਾ ਆਦਰਸ਼ ਦਿਮਾਗੀ (Intellectual) ਤਰੀਕੇ ਤੇ ਦਸੋ । ਤਦ ਜ਼ਰੂਰੀ ਹੋਇਆ ਹੈ ਕਿ ਉਨ੍ਹਾਂ ਨੂੰ ਆਪਣੇ 'ਜੀਵਨ-ਸੋਮੇਂ' ਤੇ ਲਿਆ ਕੇ ਜੀਵਨ ਰੌ ਤੋਂ ਲਾਭਵੰਦ ਹੋਣ ਲਈ ਪਹਿਲੇ ਉਨ੍ਹਾਂ ਦੇ ਦਿਮਾਗ ਅਗੇ ਉਸ ਆਦਮੀ ਦੀ ਤਸਵੀਰ ਲਿਆਂਦੀ ਜਾਵੇ । ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੇ ਦਿਮਾਗ, ਦਿਲ ਵਿਚ ਵੱਸਣ ਲਈ ਤੇ ਅਮਲ ਵਿਚ ਵਰਤਣ ਲਈ ਮੂਰਤੀਮਾਨ ਕੀਤਾ ਸੀ । ਇਸ ਲਈ ਹੁਣ ਜ਼ਰੂਰੀ ਹੋ ਰਿਹਾ ਹੈ ਕਿ ਉੱਪਰ ਕਥਿਆ ਆਦਰਸ਼ ਵਿੱਦਿਆ ਮੰਡਲ ਵਿਚ ਸਮਝ ਗੋਚਰਾ ਹੋਣ ਲਈ ਵਰਣਨ ਕੀਤਾ ਜਾਵੇ ।
ਗੁਰੂ ਸਾਹਿਬਾਂ ਨੇ ਇਨਸਾਨ ਦੇ ਅੰਦਰਲੇ ਨੂੰ ਪਹਿਲਾਂ ਫੜਿਆ ਹੈ ਤੇ ਇਸ ਨੂੰ ਸਾਂਖ ਵਾਗੂ ਨਿਰੀ ਗਿਣਤੀ ਨਾਲ ਗਿਣਨੇ, ਘੜਨੇ ਤੇ ਘੋਟਨੇ ਦਾ ਜਤਨ ਨਹੀਂ ਕੀਤਾ । ਉਨ੍ਹਾਂ ਨੇ ਇਕ ਛੋਹ ਲਿਆਂਦੀ ਜੋ 'ਅਨੰਤ ਛੁਹ' ਆਖੋ, ਸੁਰਤ ਦੀ ਛੋਹ ਆਖੋ, ਵਾਹਿਗੁਰੂ ਦੀ ਸ਼ਰਨ ਪ੍ਰਾਪਤੀ ਆਖੋ, ਚਰਨ ਕੰਵਲ ਦੀ ਮੌਜ ਆਖੋ, ਲਿਵ ਆਖੋ, ਆਤਮ ਰਸ ਆਖੋ,ਸੁਰਤ ਦੀ ਜਾਗਤ ਆਖੋ, ਜੋ ਚਾਹੇ ਨਾਮ ਦਿਓ, ਪਰ ਉਹ ਕੋਈ ਸ਼ੈਅ ਹੈ ਜੋ ਇਸ ਆਦਮੀ ਦੇ ਅੰਦਰਲੇ ਨੂੰ ਟੁੰਬ ਕੇ ਜਗਾ ਦੇਂਦੀ ਹੈ । ਇਕ ਰੌ ਇਸ ਵਿਚ ਫੇਰ ਦੇਂਦੀ ਹੈ, ਜਿਸ ਨਾਲ ਜਿਵੇਂ ਨੀਂਦ ਮਗਰੋਂ ਜਾਗ ਪੈਣ ਦਾ ਇਕ ਅਹਿਸਾਸ (ਪ੍ਰਤੀਤੀ) ਤੇ ਉਸ ਵਿਚ ਕੋਈ ਸੁਆਦ ਜਿਹਾ ਆਉਂਦਾ ਹੈ, ਇਸ ਤਰ੍ਹਾਂ ਆਪੇ ਵਿਚ ਇਕ ਜਾਗ੍ਰਤ (Awakening) ਦੀ ਪ੍ਰਤੀਤ, ਕੁਝ ਉਡਾਰ ਜਿਹੀ
1. ਮੁਰਾਦ ਸਿਖਾਂ ਤੋਂ ਹੈ ।
ਪ੍ਰਤੀਤੀ, ਕੁਝ ਉਚਿਆਣ (Elevation) ਜਿਹੀ ਦੀ ਪ੍ਰਤੀਤੀ, ਕੁਝ ਸਰੀਰ ਵਿਚ ਹਲਕਾਪਨ ਜਿਹੀ ਦੀ ਪ੍ਰਤੀਤੀ, ਕੁਝ ਅੰਦਰ ਹੁਸਨ ਜਾਂ ਸੁੰਦਰਤਾ ਜਿਹੀ ਦੀ ਪ੍ਰਤੀਤੀ ਪ੍ਰਤੀਤ ਹੁੰਦੀ ਹੈ । ਇਸ ਪ੍ਰਤੀਤੀ ਵਿਚ 'ਗ੍ਰਹਿਣ' (Assertion) 'ਤਿਆਗ' (Denial) ਜਾਂ 'ਹਉਂ ਧਾਰਨ ਤੇ 'ਹਉਂ ਨਿਵਾਰਨ' ਦਾ ਝਗੜਾ ਬਿਨਾਂ ਝਗੜਿਆਂ ਚੁੱਕ ਜਾਂਦਾ ਹੈ । ਜਗਤ ਇਕ ਗੋਰਖਧੰਦਾ ਹੈ, ਦੁੱਖ ਰੂਪ ਹੈ, ਇਸ ਤੋਂ ਨੱਸਣ ਦਾ ਕਿਹੜਾ ਰਸਤਾ ਹੈ ਤੇ ਉਹ ਤਿਆਗ ਤੇ ਆਪਾ ਨਿਵਾਰਨ ਤੇ ਆਪਾ ਕੁਹਣ ਵਿਚ ਹੈ, ਇਹ ਦਿਲਗੀਰੀ ਆ ਕੇ ਨਹੀਂ ਵਾਪਰਦੀ । ਨਾਲ ਹੀ ਇਹ ਕਿ ਜਗਤ ਹੀ ਮਨੋਰਥ ਹੈ, ਖਾਣਾ ਪੀਣਾ, ਐਸ਼ ਕਰਨੀ, ਪਦਾਰਥ ਜੋੜਨੇ, ਮਾਰਨਾ ਤੇ ਮਾਰ ਕੇ ਦੁਖਿਤ ਨਾ ਹੋਣਾ, ਸਭ ਤੋਂ ਸਿਰ ਕੱਢ ਤੁਰਨਾ ਤੇ ਸਭ ਨੂੰ ਮੋਢਾ ਮਾਰ ਕੇ ਡੇਗਣਾ ਇਹੀ ਜੀਵਨ ਹੈ, ਇਹ ਅਫਾਰਾ ਆ ਕੇ ਦਿਲ ਦਾ ਕਬਜ਼ਾ ਨਹੀਂ ਕਰਦਾ ਤੇ ਇਨਸਾਨ ਤੋਂ ਅੰਧੇਰੇ ਦੇ ਕੰਮ ਨਹੀਂ ਕਰਵਾਉਂਦਾ।
ਨਾ ਹੀ ਇਹ ਉਲਝਨ ਘਬਰਾਉਂਦੀ ਹੈ ਕਿ ਖ਼ਬਰੇ ਕੀ ਹੈ ? ਕਿਉਂ ਰਚੇ ਗਏ ? ਕਿਉਂ ਆਏ ? ਪੀੜਾ ਹੈ, ਦੁੱਖ ਹੈ, ਪੀੜਾ ਕਿਉਂ ਹੈ ? ਜਿਸ ਨੇ ਰਚਿਆ ਉਸ ਨੇ ਪੀੜਾ ਕਿਉਂ ਰਚੀ ? ਨਿਰਪੀੜ ਰਚਦਾ । ਪਾਪ ਕਿਉਂ ਹੈ ? ਪਾਪ ਦਾ ਦੰਡ ਕਿਉਂ ਹੈ? ਐਉਂ ਹੁੰਦਾ, ਐਉਂ ਨਾ ਹੁੰਦਾ । ਹੁਣ ਕੀ ਕਰੀਏ ? ਪੜ੍ਹੀਏ, ਤਪ ਕਰੀਏ, ਇਹ ਸਾਰਾ ਕੁਝ ਨਾ ਕਰੀਏ ? ਪਤਾ ਕੁਝ ਨਹੀਂ ਲਗਦਾ । ਚਲੋ, ਜਾਣ ਦਿਓ ਜਾਂ ਇਹ ਜੀਵਨ ਨਹੀਂ ਰਹਿਣਾ, ਤਾਂ ਤੇ ਜਿੰਨੇ ਦਿਨ ਹੈ, ਦਾਰੂ ਦਾ ਪਿਆਲਾ ਤੇ ਸੁਹੱਪਣ ਦੀ ਵੀਣੀ, ਨਾਦ ਵਾਲੀ ਗਲੇ ਦੀ ਨਾਲੀ ਜਾਂ ਤੁੰਬੇ ਤੇ ਲੱਕੜੀ ਦੀ ਵੀਣਾ, ਜਾਂ ਬਾਂਸ ਦੀ ਸੱਤ ਛਕੀ ਪੈਰੀ ਦੀਆਂ ਅਵਾਜ਼ਾਂ ਦੀਆਂ ਮੌਜਾਂ ਵਿਚ ਬਿਤਾ ਲੈਣਾ ਹੀ ਸਰੇਸ਼ਟਤਾ ਹੈ । ਇਸ ਤਰ੍ਹਾਂ ਦੇ ਝਮੇਲੇ ਨਹੀਂ ਪੈਂਦੇ, ਸਗੋਂ ਉਹ ਅੰਦਰ ਲਗ ਗਈ, ਕੋਈ ਛੋਹ ਕਿਸੇ ਐਸੇ ਉਚਿਆਨ (Elevation) ਤੇ ਪ੍ਰਤੀਤੀ (Feeling) ਵਿਚ ਉਚਿਆ ਜਾਂਦੀ (Elevate) ਹੈ ਕਿ ਗ੍ਰਹਿਣ ਤਿਆਗ ਆਪੇ (Self) ਤੋਂ ਹੇਠਾਂ ਦਿਸਦੇ ਹਨ, ਅਤੇ ਦੋਵੇਂ ਥੰਮ੍ਹ ਹੋ ਕੇ ਉਸ ਦੀ ਉਚਿਆਣ ਦੀ ਕਾਇਮੀ ਦੇ ਹੇਠਾਂ ਆਪੇ ਆ ਜਾਂਦੇ ਹਨ । ਐਸਾ 'ਜਾਗ ਪਿਆ ਇਨਸਾਨ ਇਹ ਥੰਮੇ ਕਿਤੋਂ ਲਕੋ ਕੇ ਆਪਣੀ ਸੂਰਤ ਦੀ ਉਚਿਆਈ ਹੇਠਾਂ ਨਹੀਂ ਦੇਂਦਾ, ਉਹ ਦਰਸ਼ਨ ਸ਼ਾਸਤਰਾਂ ਦੀ ਘੋਖ ਤੋਂ ਜਾਂ ਤਪੀਆਂ, ਹਠੀਆਂ, ਤਿਆਗੀਆਂ ਜਾਂ ਗ੍ਰਹਿਣੀਆਂ ਦੀ ਸੁਹਬਤ ਤੋਂ ਇਹ
ਸੋ ਹੁਣ ਜਦੋਂ ਉਹ ਆਪੇ ਦਾ ਰਸ ਮਾਣਦੇ ਹਨ ਤੇ ਦੂਜਿਆਂ ਨੂੰ ਦੁਖੀ ਦੇ ਦੇ ਹਨ, ਉਹ ਇਹ ਜੀਵਨ ਕਿਣਕਾ (ਇਹ ਆਪਣੇ ਅੰਦਰਲੇ ਦੀ ਜਾਗਦੀ ਜਿਉਂਦੀ ਛੁਹ) ਦਾਨ ਕਰ ਕੇ ਦੂਜਿਆਂ ਨੂੰ ਆਪਣੇ ਵਰਗਾ ਕਰਨਾ ਲੋਚਦੇ ਹਨ । ਇਹ ਦਾਨ 'ਜੀਅ ਦਾਨ' ਹੈ, ਇਕ 'ਛੁਹ ਦਾਨ ਹੈ, ਜਿਵੇਂ ਬਲਦਾ ਦੀਵਾ ਬੁਝੇ ਦੀਵੇ ਜਾਂ ਅਨਬਲੇ ਦੀਵੇ ਨੂੰ 'ਛੁਹ ਦਾਨ' ਕਰਦਾ ਹੈ । ਇਹ ਛੂਹ, ਇਹ ਰੰਗ, ਇਹ ਦਸ਼ਾ, ਇਹ ਜਾਗਤ, ਇਹ ਉਚਿਆਨ ਜੋ ਚਾਹੋ ਇਸ ਦਾ ਨਾਉਂ ਧਰੋ, ਇਸ ਦਾ ਦਾਨ ਕਰਨਾ ਉਸ ਵਿਚ ਇਕ ਤਰ੍ਹਾਂ ਦਾ ਮਾਨ' ਗ੍ਰਹਿਣ ਉਪਜਦਾ ਹੈ । ਉਸ ਨੂੰ ਜਿਥੋਂ ਇਹ ਛੁਹ ਦਾਨ ਲਭਾ ਹੈ, ਉਥੋਂ ਇਸ ਛੁਹ ਦਾਨ ਨੂੰ ਅਗੇ ਦਾਨ ਕਰਨ ਦਾ ਇਸ਼ਾਰਾ ਮਿਲਦਾ ਹੈ, ਜੋ ਇਸ ਦੇ ਇਸ ਦਾਨ ਕਰਨ ਦਾ ਇਰਾਦਾ ਨੀਅਤ (Motive) ਤੇ ਸਾਹਸ (Courage) ਬਣਦਾ ਹੈ । ਇਹ ਅੰਦਰੋਂ ਦਾਨ ਕਰਨ ਦਾ ਰੁਖ ਬਣ ਕੇ ਫੇਰ ਸਰੀਰ ਦੁਆਰਾ ਅਮਲ ਵਿਚ ਆਉਂਦਾ ਹੈ, ਇਹ ਅਮਲ (Action) ਫੇਰ ਜੋ ਸੂਰਤ ਤੇ ਵਰਤਾਰਾ ਪਕੜਦਾ ਹੈ, ਉਹ ਗ੍ਰਹਿਣ ਜਾਂ ਹਉਂ ਧਾਰਨ (Assertion and affair motion) ਸਹੀ ਕਿਸਮ ਦਾ ਹੈ । ਉਸ ਦਾ ਨਾਉਂ ਚੜ੍ਹਦੀਆਂ ਕਲਾ ਦਾ ਵਰਤਾਰਾ ਹੈ, ਜੋ ਨਾ ਤਿਆਗ (Denial) ਹੈ, ਨਾ ਗ੍ਰਹਿਣ (Assertion), ਪਰ ਦੋਹਾਂ ਥੰਮ੍ਹਾਂ ਤੇ ਖੜਾ ਇਕ ਅੰਦਰਲੇ ਦਾ ਉਚਿਆਨ ਹੈ, ਜਿਸ ਵਿਚ ਰੌਸ਼ਨੀ ਤੇ ਰਸ ਹੁੰਦਾ ਹੈ ।
1. ਉਹ ਰਸ ਆਵਾ ਇਹ ਰਸ ਨਹੀਂ ਭਾਵਾ। ਪੂਨਾ : ਜਿਹੇ ਰਸ ਬਿਸਰ ਗਏ ਰਸ ਅਉਰ ।
2. ਮਨ ਦਾ ਕਿਸੇ ਉਚਿਆਈ 'ਤੇ ਜਾ ਟਿਕਣਾ ਜੋ ਹਉਂ ਹੰਕਾਰ ਨਹੀਂ ਹੈ, ਗੁਰੂ ਜੀ ਨੇ 'ਉਨਮਨ' ਆਖਿਆ ਹੈ ।
ਉਸ ਦੀ ਅਮਲ ਗ੍ਰਹਿਣ ਅਵਸਥਾ ਹਉਂ (Assertion) ਨਹੀਂ, ਪਰਅੰਦਰਲੀ ਉਚਿਆਨ ਹੈ । ਉਸ ਦਾ ਅੰਦਰ ਉੱਚਾ ਹੈ, ਉਸ ਦੀ ਸੁਰਤਿ ਸਦਾਉਚਿਆਨ ਵਿਚ ਹੈ । ਇਹ ਉਚਿਆਨ ਅਸਲੀ ਉਚਿਆਨ ਹੈ, ਜਿਸ ਦਾ ਸੁਪਨਾ ਗ੍ਰਹਿਣ ਵਾਲਿਆਂ ਨੂੰ ਆ ਜਾਂਦਾ ਹੈ ਤੇ ਉਹ ਇਹ ਉਚਿਆਨ ਪ੍ਰਾਪਤ ਨਹੀਂ ਕਰਸਕਦੇ, ਪਰ ਹੰਕਾਰ ਨੂੰ, ਗ੍ਰਹਿਣ ਨੂੰ, ਜੋਰ ਪਾਣ ਨੂੰ, ਜ਼ੋਰ ਲਾਣ ਨੂੰ (Assertion) ਸਮਝਦੇ ਹਨ ਕਿ ਜੋ ਸੁਪਨਾ ਆਇਆ ਸੀ, ਇਹੋ ਸੀ । ਸੁਪਨਾ ਉਨ੍ਹਾਂ ਦਾ ਠੀਕ ਹੁੰਦਾ ਹੈ ਪਰ ਸੁਪਨੇ ਦੀ ਟੀਕਾ ਤੇ ਅਮਲ ਵਿਚ ਗਲਤੀ ਦਾ ਨੁਕਤਾ ਆ ਜਾਂਦਾ ਹੈ । ਹਉਂ ਹੰਕਾਰ, ਹਠ, ਜ਼ੋਰ ਨਾਲ ਮਨੁਖਾਂ ਤੋਂ ਉਚੇ ਹੋ ਜਾਣਾ, ਆਪਣੇ ਲਈ ਤਾਂ ਇਕ ਵਾਧੇ ਦੀ ਗੱਲ ਹੈ, ਪਰ 'ਹਉ', ਹੰਕਾਰ, ਹਠ, ਜ਼ੋਰ' ਦੂਜਿਆਂ ਨੂੰ ਨਿਮਾਣੇ ਤੇ ਕਮਜ਼ੋਰ ਬਣਾਉਂਦਾ ਹੈ। ਸੋ ਇਹ 'ਗ੍ਰਹਿਣ' ਆਪਣੀ ਕਿਸਮ, ਆਪਣੀ ਜਾਤੀ ਦੀ ਹਾਨੀ ਕਰਨ ਵਾਲਾ ਹੈ । ਜੋ ਸ਼ੈਅ ਆਪੇ ਨੂੰ ਹਛਾ ਕਰਦੀ ਹੈ, ਤੇ ਦੂਜਿਆਂ ਦੀ ਹਾਨੀ ਤੇ ਪਲਦੀ ਹੈ ਤੇ ਆਪਣੇ ਵਰਗੇ ਦੇ ਵਾਧੇ ਨੂੰ ਕਟਦੀ ਹੈ, ਉਹ ਕਦੇ ਪ੍ਰਯੋਜਨੀਯ ਤੇ ਚੰਗੀ ਨਹੀਂ ਹੋ ਸਕਦੀ । ਜਗਤ ਦੇ ਜ਼ੋਰਾਵਰਾ ਦੇ ਬੇਸਮਝੇ ਗ੍ਰਹਿਣ ਤੇ ਇਸ ਖ਼ਿਆਲ ਵਾਲੇ ਵਿਦਵਾਨਾਂ ਦੀ ਫ਼ਲਾਸਫੀ ਦੇ ਗ੍ਰਹਿਣ ਦਾ ਇਹੋ ਨੁਕਸ ਹੈ । ਸੁਪਨਾ ਠੀਕ ਹੈ, ਪਰ ਅਸਲ ਹੋਰ ਹੈ ਸੁਪਨਾ ਹੋਰ ਹੈ।
ਅਮਲ ਦੀ ਛੁਹ ਪਿੱਛੇ ਦੱਸੀ ਉਚਿਆਈ ਬਖਸ਼ਦੀ ਹੈ । ਇਹ ਉਚਿਆਈ ਗ੍ਰਹਿਣ ( Assertion) ਨਹੀਂ ਹੈ, ਉਸ ਦੇ ਪੱਧਰ (Level) ਤੋਂ ਬਹੁਤ ਉਚੀ ਚੀਜ਼ ਹੈ । ਇਸੇ ਦਾ ਸੁਪਨਾ 'ਤਿਆਗ' (Denial) ਵਾਲੇ ਫਿਲਾਸਫਰਾਂ ਨੂੰ ਆਉਂਦਾ ਹੈ । ਉਸ ਸੁਪਨੇ ਦੀ ਅਸਲੀਅਤ ਦਸ ਗੁਰੂ ਸਾਹਿਬਾਂ ਪਾਸ ਸੀ ਤੇ ਉਹ ਉਨ੍ਹਾਂ ਨੇ ਦਾਨ ਕੀਤੀ, ਜਿਸ ਨੂੰ ਛੋਹੇ 'ਜੀਆ ਦਾਨ' ਦਿਤਾ ਨਿਰਾ ਉਪਦੇਸ਼ ਤੇ ਗੁਰਮੰਤ੍ਰ ਦਾ ਉਚਾਰਨ ਨਹੀਂ ਦਿਤਾ, ਜੈਸਾ ਕਿ ਤਿਆਗ ਮਾਰਗ ਦੇ ਉਪਦੇਸ਼ਕ ਦੇ ਸਕਦੇ ਹਨ, ਪਰ ਅਸਲੀ ਅਮਲੀ ਜੀਅ ਦਾਨ' ਦਿਤਾ । 'ਜੀਅ ਦਾਨ' ਨਾਲ ਅੰਦਰ ਉਹ ਉਚਿਆਨ ਆ ਗਿਆ, ਜੋ 'ਤਿਆਗ ਫ਼ਲਸਫਾ' ਵਾਲੇ ਨੂੰ 'ਦੁੱਖ ਰੂਪ ਜਗਤ' ਵਿਚ ਇਸ ਦੇ ਦੁੱਖ ਦੂਰ ਕਰਨ ਦੇ ਇਲਾਜ
1. ਜੀਅ ਦਾਨ ਦੇ ਭਗਤੀ ਲਾਇਨ ॥ ਪੂਨਾ :-ਕਿਨਕਾ ਏਕ ਜਿਸ ਜੀਅ ਬਸਾਵੈ ॥ ਤਾਂ ਕੀ ਮਹਿਮਾ ਗਨੀ ਨਾ ਆਵੈ ॥
ਵਿਚ ਆਤਮਾ ਤੇ ਪ੍ਰਕਿਰਤੀ ਨੂੰ ਅੱਡ ਅੱਡ ਕਰਨ ਦੇ ਜਤਨ ਤੇ ਤਪਾ ਦੇ ਤਪਣ (Asceticism) ਵਿਚ ਨਹੀਂ ਸੀ ਦਿਸਿਆ । ਸੁਪਨਾ ਤਿਆਗੀ ਨੂੰ ਵੀ ਠੀਕ ਆਇਆ ਸੀ ਕਿ ਉਹ ਜੋ ਨਿਰਦੁੱਖ ਅਵਸਥਾ ਹੈ, ਉਹ ਜਗਤ ਦੇ ਮੋਹ ਤੇ ਰਾਗ ਤੋਂ ਪਰੇ ਹੈ ਤੇ ਵੈਰਾਗ ਵਿਚ ਹੈ, ਉਸ ਨੇ ਉਸ ਦਾ ਦਾਰੂ ਜੋ ਕੀਤਾ ਤਾਂ ਵੈਰਾਗ ਦੀ ਦਿਲਗੀਰੀ ਵਿਚ ਕੀਤਾ, ਜਿਸ ਨਾਲ ਆਪ ਜਗਤ ਨਾਲ ਇਕ ਵਖਰਾਪਨ ਤਾਂ ਪ੍ਰਤੀਤ ਕਰਨ ਲਗ ਪਿਆ, ਪਰ ਮੋਹ ਮਾਇਆ ਦੇ ਨਾਲ ਇਕੋ ਫਰਸ਼ 'ਇਕੋ ਪੱਧਰ (Level) 'ਤੇ ਖੜਾ ਰਿਹਾ, ਰੁਸੇਵੇਂ ਤੇ ਦਿਲਗੀਰੀ ਜਿਹੀ ਦੇ ਪ੍ਰਭਾਵ ਵਿਚ ਰਹਿ ਕੇ 'ਵੱਖ ਵੱਖ' ਭਾਵੇਂ ਹੋ ਗਿਆ । ਇਸ ਵਖੇਵੇਂ ਨੂੰ ਉਸ ਨੇ ਅਨੰਦ ਰੂਪ ਨਹੀਂ ਮੰਨਿਆ, ਦੁਖਾਂ ਦੀ ਨਵਿਰਤੀ ਮੰਨਿਆ । ਸੋ ਇਹ ਵੀ ਅਸਲੀ ਅੰਦਰਲੇ ਦੀ ਉਚਿਆਈ ਦਾ ਹੀ ਸੁਪਨਾ ਸੀ, ਕਿ ਜਿਸ ਉਚਿਆਈ ਵਿਚ ਆਪਾ ਸਭ ਤੋਂ ਵੱਖਰਾ, ਪਰ ਉੱਚਾ', ਸਭ ਤੋਂ ਵਿੱਥ ਤੇ, ਪਰ ਸੁਖ, ਸੁਆਦ, ਰਸ ਵਰਗੇ ਕਿਸੇ ਐਸੇ ਰੰਗ ਵਿਚ ਹੁੰਦਾ ਹੈ ਕਿ ਉਹ ਜੀਵਨ ਜੀਉਣਾ ਹੀ ਇਕ ਵਾਂਛਤ ਗੱਲ ਹੈ। ਪਰ ਸੁਪਨੇ ਵੇਖਣਹਾਰੇ ਨੇ ਵਖਰਾਪਨ ਤਿਆਗ ਨਾਲ ਲਭ ਲਿਆ, ਪਰ ਅਸਲੀ ਉਚਿਆਨ ਨਾ ਲਭੀ । ਸੋ ਦੋਵੇਂ ਸੁਪਨਾ ਲੈਣ ਵਾਲੇ ਆਪਣੇ ਬਣਾਏ ਫ਼ਲਸਫਿਆਂ ਵਿਚ ਉਸੇ ਇਕੋ ਪੱਧਰ ਤੇ ਖੜੇ ਹਨ । ਇਕ ਵਖਰ ਜਾ ਖਲੋਤਾ ਹੈ ਤੇ ਸਮਝਦਾ ਹੈ ਇਹ ਨੁਕਤਾ ਹੈ, ਇਕ ਜ਼ੋਰ ਨਾਲ ਚੰਬੜ ਜਾਂਦਾ ਹੈ, ਪਰ ਦੂਜਿਆਂ ਨੂੰ ਹੇਠਾਂ ਦੇ ਕੇ ਦੂਜੈਗੀ ਤੇ ਹੀ ਖੜਦਾ ਹੈ ਤੇ ਸਮਝਦਾ ਹੈ, ਇਹੋ ਨੁਕਤਾ ਹੈ । ਪਰ ਅਸਲੀਅਤ ਵਾਲਾ ਇਨ੍ਹਾਂ ਦੋਹਾਂ ਦੇ ਪੱਧਰ ਤੋਂ ਉੱਚਾ ਹੁੰਦਾ ਹੈ ਤੇ ਗ੍ਰਹਿਣ ਤਿਆਗ ਨੂੰ ਆਪਣੀ ਉਚਿਆਈ ਦੇ ਹੇਠਾਂ ਦੋਇ ਥੰਮੇ ਲਗੇ ਵੇਖਦਾ ਹੈ '
ਅੰਦਰਲੀ ਛੁਹ ਨਾਲ ਜਾਗੇ ਉਚਿਆਨ ਤੇ ਸੁਖ ਪ੍ਰਤੀਤੀ ਵਾਲੇ ਦਾ ਗ੍ਰਹਿਣ 'ਹਉਂ" ਹੰਕਾਰ, ਹਠ, ਜ਼ੋਰ ਵਾਲੇ ਦੇ ਹੰਕਾਰ ਤੋਂ ਵਖਰਾ ਹੈ, ਉਸ ਦਾ ਗ੍ਰਹਿਣ ਆਪ ਅੰਦਰਲੇ ਦੀ 'ਉਚ-ਪ੍ਰਤੀਤੀ ਵਿਚ ਹੈ, ਤੇ ਉਸ ਦਾ ਗ੍ਰਹਿਣ 'ਅਮਲ' ਵਿਚ ਇਹ ਹੈ ਕਿ ਉਹ ਆਪਣੇ ਵਰਗਾ ਜੀਵਨ ਵਧਦਾ ਫੁੱਲਦਾ ਵੇਖਣਾ ਚਾਹੁੰਦਾ ਹੈ ।
1. ਇਸ ਉਚਿਆਨ ਤੇ ਵਖਰੇਪਨ ਵਿਚ ਫੇਰ ਇਕ ਮਟਕ ਭਾਸਦੀ ਹੈ ਕਿ ਉਹ ਸਭ ਵਿਚ ਉਹ ਉੱਚੀ ਸੁੰਦਰਤਾ ਦੇ ਦਰਸ਼ਨ ਦਾ ਇਕ 'ਸਭ ਨਾਲ ਮੇਲ' ਵੀ ਵੈਂਹਦਾ ਹੈ ਜਿਸ ਵਿਚ ਦੂਜੈਗੀ ਨਹੀਂ ਹੁੰਦੀ ।
ਉਹ ਜਗਦਾ ਦੀਵਾ ਹੈ ਤੇ ਹੋਰ ਦੀਵੇ ਜਗਾਣਾ ਆਪਣਾ ਮਨੋਰਥ ਸਮਝਦਾ ਹੈ । ਇਸ ਉਚਿਆਈ ਵਾਲਾ ਇਥੋਂ ਤਕ ਤਾਂ ਤਿਆਗ ਵਿਚ ਬੈਠਾ ਭਾਸਦਾ ਹੈ ਤੇ ਉਚਾ ਹੋਣ ਵਿਚ ਨੀਵੇਂ ਪਧਰ ਦਾ ਤਿਆਗ ਸੱਚ ਮੁਚ ਹੈ ਹੀ, ਪਰ ਇਸ ਤੋਂ ਅਗੋਂ ਹੁਣ ਉਹ ਕੁਝ ਉਸ ਨੂੰ ਵਾਪਰਦਾ ਹੈ ਜਿਥੇ ਉਹ ਗ੍ਰਹਿਣ ਵਾਲਾ ਦਿਸਦਾ ਹੈ। ਉਹ ਇਸ ਤਰ੍ਹਾਂ ਕਿ ਉਹ ਜੀਉਂਦਾ ਹੈ, ਜਗਤ ਵਿਚ ਵਸਦਾ ਹੈ, ਜੰਗਲਾਂ ਵਿਚ ਨੱਸ ਜਾਣ ਤੇ ਵਖਰੇ ਹੋ ਬਹਿਣ ਦੀ ਲੋੜ ਨਹੀਂ ਪ੍ਰਤੀਤ ਕਰਦਾ ਸੋ ਵਿਚ ਵਸਦਿਆਂ ਮਾਮਲੇ ਪੈਂਦੇ ਹਨ, ਇਹ ਮਾਮਲਿਆਂ ਦਾ ਪੈਣਾ ਦਸਦਾ ਹੈ ਕਿ ਉਸ ਵਿਚ ਉਹ ਕੁਝ ਅਸਲੀ ਰੂਪਾਂ ਵਿਚ ਹੈ ਜੋ ਕੁਝ ਕਿ ਗ੍ਰਹਿਣ ਤੇ ਹਉਂ (Assertion) ਵਾਲੇ ਨੇ ਕਿਹਾ ਸੀ ਕਿ ਮੇਰੇ ਵਿਚ ਹੈ। ਨਮੂਨੇ ਲਈ ਐਉਂ ਕਿ ਉਹ ਜਗਤ ਵਿਚ ਕੰਮ ਕਰਦਾ ਹੈ, ਜੀਅ ਦਾਨ ਦੇਂਦਾ ਹੈ, ਲੋਕੀਂ ਲੈਂਦ ਹਨ, ਉਨ੍ਹਾਂ ਦਾ ਭਾਈਚਾਰਾ ਏਸੇ ਮਨੋਰਥ ਲਈ ਬਣਦਾ ਹੈ । ਉਸ ਦੇ ਦੁਸ਼ਮਨ ਪੈਦਾ ਹੁੰਦੇ ਹਨ, ਅਗਿਆਨ ਵਾਲੇ। ਗਲਤ ਕਿਸਮ ਦੇ ਧਾਰਮਕ ਆਗੂ ਆਪਣੀ ਉਪਜੀਵਕਾ ਦੇ ਭੈ ਮਾਰੋ, ਰਾਜਾ ਰਾਜਹਾਨੀ ਦੇ ਭੈ ਮਾਰ ਤੇ ਹੋਰ ਅਨੇਕਾਂ ਤਰ੍ਹਾਂ ਦੇ ਦੋਖੀ ਉਪਜਦੇ ਹਨ, ਉਹ ਉਸ ਨੂੰ ਤੇ ਉਸ ਤੋਂ ਉਪਜਿਆਂ ਨੂੰ ਮਾਰਦੇ ਹਨ। ਇਹ ਉਚਿਆਨ ਵਿਚ ਜੀਅ ਰਿਹਾ ਇਨਸਾਨ, ਝੁਠੀ ਉਚਿਆਨ (ਹੰਕਾਰੀਆਂ) ਅਗੇ ਲੰਮਾ ਨਹੀਂ ਪੈਂਦਾ । ਇਹ ਮਨ ਦਾ ਰੁਖ, ਆਨ (Attitude) ਇਸ ਜਾਗੇ ਮਨ ਲਈ ਮਾਮਲੇ ਉਪਜਾਂਦੀ ਤੇ ਘੇਰੇ ਪਾਦੀ ਹੈ, ਏਥੇ ਇਸ ਦੀ ਜਗਤ ਦੀਆਂ ਕਾਲੀਆਂ ਤਾਕਤਾਂ ਨਾਲ ਕਸ਼ਮਕਸ਼ ਸ਼ੁਰੂ ਹੁੰਦੀ ਹੈ । ਹੁਣ ਇਹ ਗ੍ਰਹਿਣੀ ਲੋਕਾਂ ਵਿਚ ਕੰਮ ਕਰਦਾ ਜ਼ੋਰ ਲਾਂਦਾ ਦਿਸਦਾ ਹੈ, ਪਰ ਇਹ 'ਹਉ ਹੰਕਾਰ ਜ਼ੋਰ' ਦੀ ਸੁਪਨੇ ਵਾਲੀ ਉਚਿਆਨ ਵਿਚ ਨਹੀਂ ਜੀਉਂਦਾ, ਇਹ ਅੰਦਰ ਦੀ ਅਸਲੀ ਉਚਿਆਨ ਤੇ ਜੀਅ ਰਿਹਾ ਹੈ । ਬਾਹਰੋਂ ਅਮਲ ਵਿਚ ਇਸ ਦਾ ਵਰਤਾਉ 'ਤਿਆਗ ਸੁਪਨ' ਵਾਲਿਆਂ ਵਾਂਗੂ ਹਾਰ ਜਾਣ, ਦਿਲਗੀਰ ਹੋ ਕੇ ਭਜ ਜਾਣ ਵਲ ਨਹੀਂ ਪੈਂਦਾ, ਉਸ ਦੀ ਉਚਿਆਨ ਉਸ ਨੂੰ ਮਾਮਲਿਆਂ ਦੇ ਇਲਾਜ, ਦਿਲਗੀਰੀ ਵਾਲੇ ਤਿਆਗ ਵਿਚ ਨਹੀਂ ਦਸਦੀ, ਪਰ ਅੰਦਰਲੀ ਉਚਿਆਨ ਦੀ ਛਾਵੇਂ ਝੂਠੀਆਂ ਉਚਿਆਨਾਂ ਨੂੰ ਫ਼ਤਹਿ ਕਰਨ ਵਿਚ ਇਹ ਰੱਬੀ ਇਨਸਾਨ ਹੈ, ਜੋ ਅਝੁਕ ਹੈ, ਅਭੈ ਹੈ ਤੇ ਮਾਮਲੇ ਪਿਆਂ ਤੇ ਪੂਰੇ ਗ੍ਰਹਿਣ ਵਾਲਿਆਂ ਵਾਂਗੂ ਜਾਪਦਾ ਹੈ । ਇਸ ਨੂੰ ਤਿਆਗ ਉਸ ਦਾ ਇਕ ਥੰਮ੍ਹਾ ਹੈ, ਗ੍ਰਹਿਣ ਉਸ ਦਾ ਦੂਸਰਾ ਥੰਮ੍ਹਾ ਹੈ ਉੱਚੇ ਰਹਿਣ
ਜਿਸ ਗੱਲ ਦਾ ਸੁਪਨਾ ਸਾਂਖ ਤੇ ਨਿਟਸ਼ੇ ਨੂੰ ਅੱਧਾ ਅੱਧਾ ਆਇਆ ਹੈ, ਉਹ ਸੈਅ ਸਾਰੀ ਦੀ ਸਾਰੀ ਅਸਲੀ ਰੂਪ ਵਿਚ 'ਗੁਰੂ ਆਦਰਸ਼' ਵਿਚ ਹੈ । ਇਸ ਆਦਰਸ (Ideal), ਜੀਵਨ (Life) ਤੇ ਅਮਲ (ਕਰਨੀ Action) ਵਾਲਾ ਇਨਸਾਨ ਉਨ੍ਹਾਂ ਸਾਜਿਆ। ਇਸ ਆਦਰਸ਼ ਦਾ ਬਿਆਨ ਜਦ ਉਨ੍ਹਾਂ ਨੂੰ ਬੋਲ ਕੇ ਜਾਂ ਲਿਖ ਕੇ ਵਰਣਨ ਕਰਨਾ ਪਿਆ ਤਦ ਉਨ੍ਹਾਂ ਨੇ ਇਸ ਨੂੰ ਦਲੀਲੀ ਘੱਟ ਘਾਟ ਦੀ ਤਰਜ਼ ਵਿਚ ਬਿਆਨ ਨਹੀਂ ਕੀਤਾ, ਪਰ ਸੰਗੀਤ ਤੇ ਕਵਿਤਾ (Music & poetry) ਵਿਚ ਕੀਤਾ ਹੈ ਕਿਉਂਕਿ ਵਰਣਨ ਕਰਨ ਵਾਲੇ ਮੰਡਲ ਵਿਚ ਸੰਗੀਤ ਤੇ ਕਵਿਤਾ ਇਕ ਜਾਨਦਾਰ ਲਹਿਰੇ ਹਨ ਤੇ ਜੀਉਂਦੇ ਦਾ ਫਲਸਫਾ ਹਰ ਮੰਡਲ ਵਿਚ ਜੀਉਂਦੀ ਲਹਿਰ ਦੇ ਖੰਭਾਂ 'ਤੇ ਉਡਦਾ ਹੈ । ਅਜ ਕਲ੍ਹ ਦੇ ਸਮੇਂ ਦੀ ਲੋੜ ਕਰ ਕੇ—ਕਿ ਦਿਮਾਗੀ ਇਨਸਾਨ ਇਸਨੂੰ ਆਪਣੇ ਦਿਮਾਗੀ (Intellectual) ਨੁਕਤੇ ਤੋਂ ਸਮਝਣ ਤੇ ਉਨ੍ਹਾਂ ਵਿਚ ਇਸ
1. ਇਹੈ ਕਾਜ ਧਰਾ ਹਮ ਜਨਮੰ । ਸਮਝ ਲੇਹੁ ਸਾਧੂ ਸਭ ਮਨਮੰ । ਧਰਮ ਚਲਾ- ਵਨ ਸੰਤ ਉਬਾਰਨ । ਦੁਸਟ ਸਭਨ ਕੋ ਮੂਲ ਉਪਾਰਨ ।
2. ਭਾਵ ਗੁਰਬਾਣੀ ਤੋਂ ਹੈ ।
ਵਿਚ ਆਦਰਸ਼ ਦੀ ਉਚਤਾ ਦਿਸੇ ਤੇ ਫਰ ਰੁਚੀ ਉਪਜੇ ਤਾਂ ਇਸ ਦੀ ਤਲਾਸ਼ ਤੇ ਪ੍ਰਾਪਤੀ ਦੇ ਰਾਹੇ ਪੈਣ ਜਿਸ ਤਾਂ ਜਗਤ ਦੀਆਂ ਮੁਸ਼ਕਲਾ ਦੂਰ ਹੋਣ - ਇਹ 'ਖੁਲ੍ਹੇ ਘੁੰਡ" ਦੇ ਨਾਮ ਹੇਠਾਂ ਅਗਲੀਆਂ ਸਤਰਾਂ ਕਰਤਾ ਜੀ ਨੇ ਦਰਸਈਆਂ ਹਨ, ਜੋ ਬੜੀ ਸੌਖੀ ਕਵਿਤਾ ਦੇ ਰੂਪ ਵਿਚ ਹਨ। ਇਨ੍ਹਾਂ ਸਤਰਾਂ ਨੂੰ ਹੋਰ ਸੁਗਮਤਾ ਨਾਲ ਸਮਝਣ ਲਈ ਮੁਖਬੰਦ ਦਿਤਾ ਗਿਆ ਹੈ ਤੇ ਹੇਠਾਂ "ਡੱਲਾ ਤੇ ਗੁਰੂ ਗੋਬਿੰਦ ਸਿੰਘ’ ਦੀ ਬਾਤ ਚੀਤ ਜੋ ਬੜੇ ਦਿਨ ਹੋਏ ਹਨ ਤਾਂ "ਦੇਸਾਂ' ਨਾਮੇ ਪੰਥੀ ਵਿਚ ਲਿਖੀ ਗਈ ਸੀ, ਲਿਖਦੇ ਹਾਂ । ਖੁਲ੍ਹੇ ਘੁੰਡ ਦੀ ਕਵਿਤਾ ਪੜ੍ਹਨ ਤੋਂ ਪਹਿਲਾਂ ਇਸ ਆਦਰਸ਼ ਦੀ ਸਾਫ ਸਮਝ ਪੈ ਜਾਵੇ ।
ਡੱਲੇ ਤੇ ਦਸਮ ਗੁਰੂ ਗੋਬਿੰਦ ਸਿੰਘ ਦੀ ਬਾਤਚੀਤ'
ਗੁਰੂ ਜੀ- ਡੱਲਿਆ ! ਉਦਾਸ ਨਾਂ ਹੋ, ਤੇਰੇ ਆਦਮੀ ਬਹਾਦਰ ਹਨ, ਪਰ ਜਦ ਉਨ੍ਹਾਂ ਦੇ ਹੰਕਾਰ ਤੋਂ ਵਡੇਰਾ ਦੁਖ ਉਨ੍ਹਾ ਉਤੇ ਝੂਲ ਪਏਗਾ ਤਾਂ ਉਨ੍ਹਾਂ ਦੀ ਬਹਾਦਰੀ ਉਥੇ ਲੰਮੀ ਪੈ ਜਾਏਗੀ । ਪਰ ਜੇ ਉਨਾਂ ਦੀ ਬਹਾਦਰੀ ਚੜ੍ਹਦੀਆਂ ਕਲਾਂ ਵਿਚ ਹੈ ਤਦ ਉਸ ਬਹਾਦਰੀ ਦੀ ਨੀਂਹ ਉੱਚੀ ਜਾ ਚੜ੍ਹੀ ਹੈ ਤਦ ਤਨ ਜਾਏਗਾ, ਧਨ ਜਾਏਗਾ ਧਾਮ ਜਾਏਗਾ, ਸਰਬੰਸ ਜਾਏਗਾ, ਪਰ ਉਨ੍ਹਾਂ ਦੀ ਸੂਰਬੀਰਤਾ ਨਹੀਂ ਜਾਏਗੀ ।
ਮਲੂਮ ਸਰੀਰ ਵੱਡਾ ਹੁੰਦਾ ਹੈ, ਪਰ ਵੰਡਾ ਮਨ ਹੈ । ਖ਼ਿਆਲ ਦਾ ਮੰਡਲ ਵੱਡਾ ਹੈ, ਦੁਖ ਸੁਖ ਖ਼ਿਆਲ ਵਿਚ ਵਸਦਾ ਹੈ, ਜਦ ਖ਼ਿਆਲ ਵਿਚੋਂ ਪੀੜ ਜਿੱਤ ਲਈਦੀ ਹੈ ਤਾਂ ਸੂਰਮਾ ਅੱਗੇ ਵਧ ਕੇ ਘਾਉ ਖ਼ਾ ਕੇ ਮਰਦਾ ਹੋਇਆ ਵੀ ਪੀੜ ਨਹੀਂ ਮੰਨਦਾ । ਸਤੀ (ਭਾਵੇਂ ਮਾੜਾ ਕੰਮ ਹੈ) ਚਿਖਾ ਚੜ੍ਹਦੀ ਪੀੜ ਦੀ ਪਰਵਾਹ ਨਹੀਂ ਕਰਦੀ । ਖ਼ਿਆਲ ਵਿਚੋਂ ਪੀੜ ਤੇ ਫ਼ਤਹਿ ਲਈ ਖ਼ਿਆਲ ਬਲਵਾਨ ਕਰਨਾ ਲੋੜੀਏ । ਖ਼ਿਆਲ ਪੂਰਾ ਤੇ ਅਸਲੀ ਬਲਵਾਨ ਵਾਹਿਗੁਰੂ ਦੀ ਸਮੀਪਤਾ ਨਾਲ ਹੁੰਦਾ ਹੈ,
1. ਦੇਖੋ ਖਾਲਸਾ ਟਰੈਕਟ ਸੁਸਾਇਟੀ ਦਾ ਟਰੈਕਟ 'ਦੇਸਾਂ' ਨੰਬਰ ੬੭੨ ।
ਵਾਹਿਗੁਰੂ ਦੀ ਸਮੀਪਤਾ ਉਸ ਦੀ ਬਾਣੀ ਤੇ ਨਾਮ ਦੇ ਅਭਿਆਸ ਨਾਲ ਹੁੰਦੀ ਹੈ, ਇਸ ਕਰ ਕੇ ਗੁਰੂ ਘਰ ਵਿਚ ਬਾਣੀ ਤੇ ਨਾਮ ਦਾ ਪਿਆਰ ਹੈ । ਤੁਸੀਂ ਸਿੱਖ ਹੋ ਪਰ ਜੰਗਲਾ ਵਿਚ ਵੱਸਦੇ ਬਾਣੀ ਨਾਮ ਨਾਲ ਘਟ ਜੁੜੇ ਹੋ । ਬਾਣੀ ਵਾਹਿਗੁਰੂ ਦਾ ਤੀਰ ਹੈ ਤੇ ਨਾਮ ਵਾਹਿਗੁਰੂ ਦਾ ਰੂਪ ਹੈ, ਬਾਣੀ ਛੱਕ ਪਾ ਕੇ ਮਨ ਵਿੰਨ੍ਹਦੀ ਹੈ ਤੇ ਨਾਮ ਪ੍ਰਵੇਸ਼ ਕਰ ਕੇ ਆਤਮਾ ਨੂੰ ਪ੍ਰਮਾਤਮਾ ਦੇ ਨਾਲ ਠਹਿਕਾ ਦੇਂਦਾ ਹੈ, ਫੇਰ ਰੱਬੀ ਰੋ ਆਤਮਾ ਵਿਚ ਹਰ ਵੇਲ ਆਉਂਦੀ ਰਹਿੰਦੀ ਹੈ, ਫੇਰ ਇਸ ਬੰਦੇ ਦਾ ਬਲ ਵਾਹਿਗਰੂ ਦੇ ਬਲ ਨਾਲ ਜੁੜ ਕੇ ਉਥੋਂ ਤਾਕਤ ਲੈਂਦਾ ਹੈ, ਇਸ ਕਰਕੇ ਅਸੀਂ ਆਖਦੇ ਹਾਂ-
"ਵਾਹਿਗੁਰੂ ਜੀ ਕਾ ਖਾਲਸਾ"
ਖਾਲਸਾ ਵਾਹਿਗੁਰੂ ਜੀ ਦਾ ਹੈ । ਐਉਂ ਨਹੀਂ ਜਿਵੇਂ ਕਿਲ੍ਹਾ ਤਲਵੰਡੀ, ਛੱਲੇ ਤੇ ਬਾਜਰਾ ਤੇਰੀ ਮਾਲਕੀ ਹੈ ਤੇ ਉਹ ਮੁਰਦਾ ਚੀਜ਼ਾਂ ਤੇਰੇ ਕਬਜ਼ੇ ਵਿਚ ਹਨ, ਪਰ ਜਿਵੇਂ ਕਿਰਨਾਂ ਸੂਰਜ ਦੀਆਂ ਹਨ, ਜਿਵੇਂ ਝੂਟੇ ਨਾਲ ਲੱਗਾ ਫਲ ਬੂਟੇ ਦਾ ਹੈ, ਜਿਵੇਂ ਚਸ਼ਮੇਂ ਦੀ ਆਡ ਨਾਲ ਲੱਗਾ ਸਰੋਵਰ ਚਸ਼ਮੇਂ ਦਾ ਹੈ, ਹਾਂ ਡੱਲਿਆ ! ਤਿਵੇਂ ਖ਼ਾਲਸਾ ਵਾਹਿਗੁਰੂ ਦਾ ਹੈ, ਆਪਣਾ ਤੇ ਆਪਣੇ ਨਾਲ ਪ੍ਰੋਤਾ ।
ਹੁਣ ਸਮਝ ਡੱਲਿਆ ! ਜਦ ਬਾਣੀ ਨਾਲ ਸਾਡੇ ਮਨ ਦਾ ਪਰਦਾ ਜੋ ਸਾਨੂੰ ਪਸ਼ੂ ਤੋਂ ਜੀਵ ਬਣਾ ਰਿਹਾ ਹੈ, ਫਟਿਆ ਤੇ ਨਾਮ ਨੇ ਸਾਡੇ ਅੰਦਰਲੇ ਨੂੰ ਵਾਹਿਗੁਰੂ ਨਾਲ ਜੋੜ ਦਿੱਤਾ, ਤਦ ਆਪਾ ਰੱਬ ਦਾ ਹੋ ਗਿਆ। ਉਸ ਦੇ ਨਾਲ ਹਰਦਮ ਜੁੜਿਆ । ਉਸ ਤੋਂ ਪਲ ਰਿਹਾ ਤੇ ਪਾਲਨ ਲੈ ਰਿਹਾ ਹੈ, ਹਰਦਮ ਉਸ ਦੇ ਸਮੱਰਥਾ ਬਲ ਤੇ ਸਾਰੇ ਗੁਣਾਂ ਦਾ ਸਾਂਝੀਵਾਲ ਹੋ ਰਿਹਾ ਹੈ, ਹਰ ਦਮ । ਦੱਸ ਇਹ ਆਪਾ ਜੀ ਉੱਠਿਆ ਕਿ ਨਾ ?
ਡੱਲਾ-ਜੀ ਸੱਚੇ ਪਾਤਸ਼ਾਹ !
ਗੁਰੂ ਜੀ - ਸਮਝ ਸਰੀਰ ਦੀ ਮੌਤ—ਇਸ ਜੀ ਉਠੇ ਆਪੇ ਨੂੰ ਸਰੀਰ ਦੀ ਮੌਤ ਕੀ ਸ਼ੈਅ ਰਹੀ ? ਕੁਝ ਵੀ ਨਾ । ਮਰਨ ਦਾ ਭਰਮ ਬਿਲਾ ਗਿਆ, ਭਰਮ ਬਿਲਾ ਗਿਆ ਭੈ ਦੂਰ ਹੋ ਗਿਆ। ਜਿਸ ਦੇ ਅੰਦਰ ਵਾਹਿਗੁਰੂ ਦੀ ਜੋਤ ਨਾਲ ਸੰਬੰਧ ਹੋ ਕੇ ਹਰਦਮ ਭਾਸਦਾ ਹੈ ਕਿ ਆਹ ਮੈਂ ਮਿਲਿਆ ਪਿਆ ਹਾਂ, ਆਹ ਜੋਤ ਜਗ ਰਹੀ ਹੈ, ਉਹ
1. ਇਹ ਅਨੰਤ ਦੀ ਛੁਹ ਹੈ ।
ਆਪਣੇ ਜੀਵਨ ਨੂੰ 'ਕਦੇ ਨਾ ਮਰਨ ਵਾਲਾ' ਵੇਖ ਰਿਹਾ ਹੈ । ਉਸ ਨੂੰ ਹੁਣ ਮੌਤ ਦਾ ਕੀ ਡਰ ਹੈ ? ਉਹ ਜਾਣਦਾ ਹੈ ਕਿ ਸਰੀਰ ਤਾਂ ਰਹਿਣਾ ਹੀ ਨਹੀਂ, ਇਸ ਨੇ ਮਰਨਾ ਹੀ ਹੈ ਤੇ ਜੋ ਹਿੱਸਾ ਇਸ ਵਿਚ "ਮੈਂ" ਦਾ ਸੀ ਸੋ ਹੁਣ ਜਾਗਦੀ ਜੋਤ ਨਾਲ ਲੱਗ ਕੇ ਜਾਗ੍ਰਤ ਹੋ ਗਿਆ ਹੈ, ਜਿਉ ਪਿਆ ਹੈ, ਜਗਮਗਾ ਰਿਹਾ ਹੈ । ਤਦ ਉਹ ਮੌਤ ਤੋਂ ਕਿਉਂ ਡਰਦਾ ਹੈ ! ਮੌਤ ਦਾ ਡਰ ਫ਼ਤਿਹ ਹੋ ਗਿਆ । ਇਹ ਖ਼ਾਲਸਾ ਹੈ ਬਈ ! ਜਦੋਂ ਪੂਰਨ ਜੋਤ ਵਾਹਿਗੁਰੂ ਦੀ ਅੰਦਰ ਆਤਮੇ ਆਪਣੇ ਵਿਚ ਜੋਤ ਜਗ ਪਈ, ਇਹ ਖ਼ਾਲਸਾ ਜੋਤ ਨਾਲ ਜੋ ਜਗਿਆ ਵਾਹਿਗੁਰੂ ਦਾ ਹੋ ਗਿਆ । ਸੋ ਕਹੁ ਨਾ :
"ਵਾਹਿਗੁਰੂ ਜੀ ਕਾ ਖ਼ਾਲਸਾ"
ਹੁਣ ਉਹ ਵਾਹਿਗੁਰੂ ਸਦਾ ਹੈ ਤੇ ਇਹ ਨਾਲ ਰਲ ਕੇ ਸਦਾ ਹੋ ਗਿਆ । ਜਦ ਇਹ ਜੋਤ ਜਗ ਪਈ, ਮੌਤ ਜਿੱਤੀ ਗਈ। ਡੱਲਿਆ ! ਲੈ ਹੋਰ ਤਰ੍ਹਾਂ
ਸਮਝ--
"ਖੰਡਾ ਪ੍ਰਿਥਮੈ ਸਾਜ ਕੇ
ਜਿਨ ਸਭ ਸੰਸਾਰ ਉਪਾਇਆ ।”
ਸਾਈਂ ਨੇ ਪਹਿਲੇ ਖੰਡਾ ਸਾਜਿਆ, ਖੰਡਾ- ਖੰਡਣ ਵਾਲਾ ਸ਼ਸਤ੍ਰ । ਤਦੋਂ ਜਗਤ ਬਣਾਇਆ ਜਦੋਂ ਪਹਿਲਾਂ ਜਗਤ ਨੂੰ ਭੰਨਣ ਦਾ ਸਾਮਾਨ ਕੀਤਾ, ਪਹਿਲਾਂ ਮੰਤ ਰਚੀ, ਸੋ ਖ਼ਾਲਸੇ ਨੂੰ ਸਮਝ ਆ ਗਈ ਕਿ ਮੌਤ ਬਰਹੱਕ ਹੈ । ਫੇਰ ਖ਼ਾਲਸਾ ਸੋਚਦਾ ਹੈ ਕਿ ਮੌਤ ਹੈ ਤੇ ਮੈਂ ਮਰਨਾ ਕੋਈ ਨਹੀਂ ਤਾਂ ਤੇ ਮੌਤ ਝੂਠੀ ਹੈ, ਮੇਰਾ ਮੌਤ ਦਾ ਕੋਈ ਸੰਬੰਧ ਨਹੀਂ, ਚਲਾ ਬਦਲਣਾ ਹੈ ਕਿਵੇਂ ਬਦਲ ਗਿਆ । ਅਕਸਰ ਚੋਲਾ ਪੀੜਾਂ ਨਾਲ ਬਦਲਦਾ ਹੈ, ਸੋ ਜਦ ਆਪਾ ਜੋਤ ਰੂਪ ਵਿਚ ਜਗ ਰਿਹਾ ਹੈ ਫਿਰ ਪੀੜ ਕੀ ਤੇ ਮੌਤ ਕੀ ? ਉਹ ਫਿਰ ਪੀੜ 'ਤੇ ਫ਼ਤਹਿ ਪਾਂਦਾ ਹੈ । ਇਵੇਂ ਉਹ ਸੂਰਬੀਰ ਮੌਤ ਤੇ ਪੀੜ ਤੋਂ ਅਭੈ ਹੋ ਜਾਂਦਾ ਹੈ ।
ਡੱਲਾ-ਪਾਤਸ਼ਾਹ ! ਅਸੀਂ ਜਾਂਗਲੀ ਲੋਕ ਹਾਂ ਤੇ ਆਪ ਮਿਹਰਾਂ ਕਰ ਰਹੇ ਹੋ, ਪਰ ਇਕ ਮੇਰਾ ਮੂਰਖ ਦਾ ਸਹਸਾ ਮੇਟਣਾ ਜਦੋਂ ਮੌਤ ਬਰਹੱਕ ਦਿੱਸੀ ਫੇਰ
1. ਪੂਰਨ ਜੋਤ ਜਗੈ ਘਟਮੈ ਤਬ ਖ਼ਾਲਸਾ ਤਾਹਿ ਨਖਾਲਸ ਜਾਨੈ ।"
2. "ਜਹਿ ਅਬਿਗਤ ਭਗਤਿ ਤਹ ਆਪਿ ।" "ਥਿਰ ਪਾਰਬ੍ਰਹਮ ਪਰਮੇਸਰੋ ਸੇਵਕ ਥਿਰੁ ਹੋਸੀ ।"
ਕਿਉਂ ਸੂਰਬੀਰਤਾ ਕਰੇਗਾ, ਵੈਰਾਗ ਧਾਰ ਕੇ ਪਹਾੜਾਂ ਵਿਚ ਨਾ ਜਾਂ ਸਮਾਧੀ ਲਾਏਗਾ ? ਉਸ ਨੂੰ ਫ਼ਤਹਿ ਕਰਨ ਦਾ ਉਤਸ਼ਾਹ ਕਿ ਪਿਆਰ ਕਰਨ ਦਾ ਉਮਾਹ ਕਿ ਕੰਮ ਕਰਨ ਦਾ ਚਾਉ, ਕਿਸ ਆਸਰੇ ਰਹੇਗਾ ? ਮਨ 'ਤੇ ਪੜਦਾ ਪਿਆ ਰਹੇ, ਜ਼ਿੰਦਗੀ ਅੰਦਰੋਂ ਲੈਣ ਨੂੰ, ਪਿਆਰ ਕਰਨ ਨੂੰ, ਹੱਸਣ ਖੇਡਣ ਨੂੰ ਉੱਮਲ ਰਹੇ ਤਾਂ ਹੀ ਸਾਰੇ ਕੰਮ ਹੋ ਸਕਦੇ ਹਨ, ਲੈਣ ਲੈਣਾ ਦਾ ਚਾਉ ਹੀ ਤਾਂ ਕੰਮਾਂ ਵਿਚ ਲਈ ਫ਼ਿਰਦਾ ਹੈ । ਨਹੀਂ ਤਾਂ ਫੇਰ ਦਿਲਗੀਰ ਹੋ ਕੇ ਨਿੰਮੋਝੂਣ ਪਿਆ ਰਹੂ । ਜੀਣ ਦਾ ਕੀ ਸਵਾਦ ਤੇ ਕੰਮ ਕਰਨ ਦਾ ਕੀ ਲਾਭ ? ਖਿਮਾ ਕਰਨੀ, ਮੈਂ ਜਾਂਗਲੀ ਆਦਮੀ ਹਾਂ ।
ਗੁਰੂ ਜੀ--ਡੱਲਿਆ ! ਡਿੱਠਾ ਨਹੀਓ' ਨਾ, ਤਾਹੀਓਂ ਪਿਆ ਆਖਦਾ ਹੈ ਨਾ । ਜਦ ਅੰਦਰ ਜੋਤ ਜਗੀ ਤਾਂ ਉਹ ਕੋਈ ਭਾਂਬੜ ਤਾਂ ਨਹੀਂ ਬਲ ਪੈਣਾ, ਉਹ ਸਾਡਾ ਅੰਦਰਲਾ ਜਗਤ ਦੇ ਆਧਾਰ ਅਨੰਤ ਸੱਤਾ ਦੇ ਨਾਲ ਲੱਗ ਕੇ ਉਸ ਦੇ ਅਸਰ ਨਾਲ ਇਕ ਉੱਚੇ ਉਤਸਾਹ, ਉੱਚੇ ਪ੍ਰਭਾਉ, ਇਕ ਉਚਿਆਣ ਦੇ ਰੰਗ ਵਿਚ ਰਹੇਗਾ । ਉਹੋ ਅਸਲੀ ਸੱਤਿਆ, ਉਹ ਅਸਲੀ ਤਾਕਤ ਇਸ ਵਿਚ ਇਹ ਸੁਆਦ ਦਾ ਰੰਗ ਭਰੇਗੀ । ਇਹ ਉਸ ਵਿਚ ਜੀਏਗਾ, ਬਿਗਸੇਗਾ। ਸਾਈਂ ਅਨੰਦ ਰੂਪ ਹੈ, ਇਹ ਅਨੰਦ ਰਹੇਗਾ । ਸੋ ਅਨੰਦ ਤਾਂ ਆ ਗਿਆ । ਹੁਣ ਰਿਹਾ ਕੰਮ ਕਰਨ ਵਿਚ ਉਤਸਾਹ, ਸਾਈਂ ਸਰਬ ਸਮਰਥ ਹੈ, ਉਸ ਦੀ ਸਮਰੱਥਾ ਇਸ ਵਿਚ ਆਵੇਗੀ । ਸਾਈਂ ਨੇ ਜਗਤ ਰਚਿਆ ਹੈ, ਇਹ ਉਸ ਰਚਨਾ ਵਿਚ ਉਸ ਸਾਈਂ ਦੇ ਕੰਮ ਦਾ ਸਾਂਝੀਵਾਲ ਕਾਮਾ ਬਣੇਗਾ । ਸੋ ਇਹ ਗੱਲ ਅਸਾਂ ਖ਼ਾਲਸਾ ਆਦਰਸ਼ ਵਿਚ ਰੱਖੀ ਹੈ ਕਿ ਅੰਦਰਲਾ ਪਿਆ ਜਾਗ, ਮੌਤ ਤੇ ਪੀੜ ਗਈ ਜਿੱਤੀ, ਹੁਣ ਸਰੀਰ ਜੋ ਸਾਈਂ ਨੇ ਦਿਤਾ, ਉਸ ਨੂੰ ਸਫਲਾ ਕਰੋ । ਸਰੀਰ ਉਸ ਨੇ ਐਵੇਂ ਨਹੀਂ ਦਿਤਾ, ਇਹ ਕਿਸੇ ਕੰਮ ਵਾਸਤੇ ਹੈ । ਇਸ ਦਾ ਕੰਮ ਹੈ, 'ਆਤਮ ਉੱਧਾਰ' ਤੁਸੀਂ ਉਧਰੇ ਹੋ, ਹੋਰਨਾਂ ਨੂੰ ਉਧਾਰੋ ! ਜਦ ਉਧਰੇ ਹੋਏ ਲੋਕ ਦੂਸਰਿਆਂ ਨੂੰ ਉਧਾਰਦੇ ਹਨ, ਤਦ ਲੋਕੀਂ ਈਰਖਾ ਕਰਦੇ ਹਨ । ਉਹ ਬੇਪ੍ਰਵਾਹ ਆਪਣੇ ਰੰਗ ਟੁਰਦੇ ਹਨ, ਨਿਰਵੈਰ ਹੁੰਦੇ ਹਨ, ਪਰ ਲੋਕੀਂ ਉਨ੍ਹਾਂ ਨੂੰ ਤੰਗ ਕਰਦੇ ਹਨ, ਉਹ ਸਹਾਰਦੇ ਹਨ ! ਇਹਨਾਂ ਲੋਕਾਂ ਦੇ ਸੱਚੇ
I Assertion,
ਸੁੱਚੇ ਤੇ ਪਵਿੱਤ੍ਰ ਜੀਵਨ, "ਸੱਚੀ ਜ਼ਿੰਦਗੀ" ਦਿਖਾ ਦੇਂਦੇ ਹਨ ! ਫੇਰ ਪੁਰਾਣੇ ਮਰ ਚੁੱਕੇ ਧਰਮ ਦੇ ਆਗੂ, ਮੁਰਦਾ ਪੁਜਾਰੀ ਤੇ ਪੂਜਾ ਦੇ ਧਨ ਤੇ ਪਲ ਰਹੇ ਲੋਕੀਂ, ਜਿਨ੍ਹਾਂ ਵਿਚ ਧਰਮ ਦੀ ਆਂਚ ਮੁਕ ਚੁੱਕ ਹੁੰਦੀ ਹੈ, ਘਬਰਾਂਦੇ ਹਨ, ਕਿਉਂਕਿ ਲੋਕਾਂ ਦੀ ਸ਼ਰਧਾ ਇਨ੍ਹਾਂ ਦੀ ਮੁਰਦਾ ਪ੍ਰਸਤੀ ਤੋਂ ਹਟ ਕੇ ਜੀਊਂਦੀ ਜ਼ਿੰਦਗੀ ਵਲ ਪਲਟਾ ਖਾਂਦੀ ਹੈ, ਇਹ ਫੇਰ ਉਨ੍ਹਾਂ ਨਾਲ ਈਰਖਾ ਕਰਦੇ ਹਨ ! ਤਿਨਾਂ ਦੀ ਈਰਖਾ ਦੀ ਪੇਸ਼ ਨਹੀਂ ਜਾਂਦੀ,ਫੇਰ ਇਹ ਵਕਤ ਦੇ ਹਾਕਮਾਂ ਨੂੰ ਕੋਈ ਬੁੱਤਾ,ਧੋਖਾ, ਲਾਲਚ ਦੇ ਕੇ ਨਾਲ ਰਲਾਂਦੇ ਹਨ। ਰਾਜਾ ਨਾਲ ਨਾ ਰਲੇ ਤਾਂ ਰਾਜਾ ਨੂੰ ਰਾਜ-ਭੈ ਦਸਦੇ ਹਨ ਕਿ ਇਹ ਲੋਕ ਬਹੁਤ ਹੋ ਗਏ ਹਨ, ਆਪੋ ਵਿਚ ਏਕੇ ਵਾਲੇ ਹਨ, ਐਸਾ ਨਾ ਹੋਵੇ ਕੋਈ ਰਾਜ ਉਪੱਦ੍ਰਵ ਕਰ ਦੇਣ । ਇਸ ਤਰ੍ਹਾਂ ਫੇਰ ਰਾਜਾ ਉਨ੍ਹਾਂ ਜੀਉਂਦਿਆਂ ਲੋਕਾਂ ਪਰ ਸਖਤੀ ਕਰਦਾ ਹੈ, ਉਹ ਉੱਤਰ ਨਹੀਂ ਦੇਂਦੇ, ਝਲਦੇ ਝਲਦੇ ਮਰ ਮਿਟਦੇ ਹਨ, ਐਉਂ ਜੋਤ ਜਗ ਜਗ ਕੇ ਬੁਝਦੀ ਹੈ, ਫੇਰ ਜਗਦੀ ਹੈ, ਫੇਰ ਬੁਝਦੀ ਹੈ । ਖਾਲਸੇ ਦੇ ਖਿਆਲ ਵਿਚ, ਖਾਲਸੇ ਦੇ ਆਦਰਸ਼ ਵਿਚ ਇਹ ਗੱਲ ਹੁਣ ਹੋਰਵੇਂ ਹੈ । ਉਹ ਇਉਂ ਹੈ ਕਿ ਜਦ ਅੰਦਰ ਜੋਤ ਜਗ ਪਈ, ਤਦ ਹੋਰਨਾਂ ਅੰਦਰ ਜੋਤ ਜਗਾ ਕੇ ਉਨ੍ਹਾਂ ਨੂੰ ਖਾਲਸੇ ਬਣਾਨਾ ਹੈ, ਤੇ ਇਸ ਕੰਮ ਵਿਚ ਉਤਸਾਹ ਤੇ ਉਮਾਹ ਅੰਦਰਲਾ ਰੱਬੀ ਪਿਆਰ ਵਾਲਾ ਹੋਣਾ ਹੈ । ਜਦੋਂ ਰੋਕਾਂ ਪੈਣ, ਜ਼ੁਲਮ ਹੋਵੇ, ਤਦ ਨਿਰਵੈਰ ਰਹਿਣਾ ਹੈ, ਪਰ ਨਿਰਵੈਰ ਰਹਿਣ ਲਈ ਜੰਗਲਾਂ ਵਿਚ ਲੁਕਣਾ ਨਹੀਂ, ਭੱਜ ਨਹੀਂ ਜਾਣਾ ਮਰ ਨਹੀਂ, ਜਾਣਾ ਸਗੋਂ, ਤਦੋਂ ਨਾਲ 'ਨਿਰਭਉ' ਰਹਿਣਾ ਹੈ। ਭੈ ਨਹੀਂ ਮੰਨਣਾ, ਭੈ ਦਾ ਸਮਾਂ ਆਵੇ ਤਾਂ ਸੁਰਤਿ ਉੱਚੀ ਹੋ ਕੇ ਦੁਖ ਝੱਲੇ, ਜੇ ਭਰਾਵਾਂ (ਜਾਗ ਪਿਆ) ਤੇ ਕਸ਼ਟ ਪਏ ਤਾਂ ਇਹ ਸਰੀਰ ਮਿੱਥਿਆ ਹੈ, ਉਨ੍ਹਾਂ ਦੀ ਰਾਖੀ ਤੇ ਇਹ ਲਾ ਦੇਵੇ, ਇਉਂ ਲੋੜ ਪਏ ਤੇ ਸਰੀਕ ਲਾ ਕੇ ਵੀ ਰਖਿਆ ਕਰਨ, ਭਲੇ ਕਰਨ ਦਾ ਉਮਾਹ ਪਿਆਰ ਤੇ ਜ਼ਿੰਦਗੀ ਦੇ ਹੁਲਾਰੇ ਵਿਚ ਝੁਲੇਗਾ । ਇਹ ਹੁਲਾਰਾ ਹੁਣ ਖ਼ਾਲਸੇ ਨੇ ਵਰਤਣਾ ਹੈ ਤੇ ਜ਼ੁਲਮ, ਮੂਰਖਤਾ ਤੇ ਅਗਿਆਨ ਦੇ ਅੱਗੇ ਧਰਮ ਤੇ ਧਰਮੀਆਂ ਨੂੰ ਤਬਾਹ ਨਹੀਂ ਹੋਣ ਦੇਣਾ । ਸੋ ਇਹ ਆਦਰਸ਼ ਖ਼ਾਲਸੇ ਨੂੰ ਅਨਿਆਏ ਦੇ ਧੱਕੇ ਦੇ ਕੱਟਣ ਵਾਸਤੇ ਸ਼ਮਸ਼ੇਰ ਧਾਰੀ ਬਣਾਂਦਾ ਹੈ ।
ਖ਼ਾਲਸੇ ਵਿਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਖ਼ਾਲੀ ਮੁਰਦਾਪਨ ਦਾ ਜੋਗ ਨਹੀਂ ਰਹੇਗਾ, ਪਰ ਸਾਰੇ ਅੰਦਰਲੇ ਮਹਾਂ ਬਲੀ ਇਸ ਦੇ ਨੌਕਰ ਹੋ ਵਰਤਣਗੇ । ਸਾਹਿਬ ਇਨ੍ਹਾਂ ਦੀ ਹੋਵੇਗੀ, ਨੌਕਰੀ ਤਾਕਤਾਂ ਦੀ ਹੋਵੇਗੀ । ਲੋਭ ਰਹੇਗਾ, ਪਰਮੇਸ਼ਰ ਨਾਲ ਲੋਕਾਂ ਨੂੰ ਜੋੜਨ ਦਾ । ਕਾਮ ਕਾਮਨਾ ਰਹੇਗੀ, ਹਰ ਵੇਲੇ ਸਾਈਂ ਨਾਲ ਅੰਤਰ- ਆਤਮੋ
ਡੱਲਾ--ਮਹਾਰਾਜ ! ਬੁੱਧ ਮੋਟੀ ਤੇ ਠੁੱਲੀ ਹੈ ।
ਗੁਰੂ ਜੀ - ਮੌਖੀ ਕਰ ਦਸਾਂਗੇ । ਸੋ ਡੱਲਿਆ ! ਖਾਲਸਾ ਅੰਦਰੋਂ ਜੋਤ ਨਾਲ ਲੱਗਾ ਰਹੇ, ਇਹ ਤੂੰ ਸਮਝੀ, ਫੇਰ ਹੋਰਨਾਂ ਦੇ ਘਟ ਜੋਤ ਜਗਾਵੇ ਇਹ ਤੂੰ ਸਮਝੀ, ਤੇ ਤੀਸਰੀ ਗੱਲ ਇਹ ਹੈ ਕਿ ਜਗਤ ਨਾਲ ਨਿਰਵੈਰ ਰਹੇ ਪਰ ਨਿਰਭਉ ਜ਼ਰੂਰ ਰਹੇ । ਨਿਰਭਉ ਰਹਿਣ ਵਾਲੇ ਨੂੰ ਜੰਗ ਤਕ ਨੌਬਤ ਜ਼ਰੂਰ ਪੁੱਜ ਜਾਂਦੀ ਹੈ, ਸੋ ਜੇ ਯੁੱਧ ਆ ਪਵੇ ਤਾਂ ਆ ਪਵੇ, ਮੌਤ ਤੇ ਪੀੜ ਨੂੰ ਜਿੱਤ ਚੁੱਕੇ ਜੋਗੀ ਸੂਰਮੇ ਬਣਦੇ ਹਨ, ਉਨ੍ਹਾਂ ਦੀ ਸੂਰਮਤਾਈ ਜਗਤ ਤੋਂ ਨਿਰਾਲੀ ਹੁੰਦੀ ਹੈ । ਉਹ ਕੰਮ ਕਰਦੇ ਹਨ ਆਪਣੇ ਵਾਹਿਗੁਰੂ ਦੀ ਪ੍ਰਸੰਨਤਾ ਦੇ ਉਤਸਾਹ ਵਿਚ । ਜੋ ਕਰਦੇ ਹਨ, ਉਸ ਨੂੰ ਅਰਪਦੇ ਹਨ । ਉਹ ਆਪਣੇ ਨਿਜ ਦੇ, ਗ੍ਰਹਿਸਤ ਦੇ, ਪਰਵਾਰ ਦੇ, ਕੌਮ ਦੇ, ਦੇਸ਼ ਦੇ ਤੇ ਸ੍ਰਿਸ਼ਟੀ ਦੇ ਸਾਰੇ ਕੰਮ ਕਰਦੇ ਹਨ, ਪਰ ਅੰਦਰੋਂ ਹਰ ਵੇਲੇ ਅਨੰਤ ਨਾਲ ਵਾਹਿਗੁਰੂ ਨਾਲ ਲੱਗੇ ਰਹਿੰਦੇ ਹਨ। ਅੰਤਰ ਆਤਮੇ ਵਾਹਿਗੁਰੂ ਤੋਂ ਸਾਕਤ ਹੋ ਕੇ, ਵਿਛੜਕੇ ਉਹ ਕੋਈ ਕੰਮ ਨਹੀਂ ਕਰਦੇ, ਜਿਵੇਂ ਬੱਚਾ ਮਾਂ ਦੀ ਗੋਦ ਵਿਚ ਬੈਠਾ ਹੱਸਦਾ, ਖੇਲਦਾ, ਖਾਂਦਾ, ਪੀਂਦਾ ਉਛਲਦਾ ਹੈ, ਪਰ ਗੋਦੋਂ ਵਿਛੜ ਕੇ ਰੋਂਦਾ ਤੇ ਘਬਰਾਂਦਾ ਹੈ, ਗੋਦੀ ਦੇ ਬਾਲ ਵਾਂਗੂੰ ਉਹ ਜਗਤ ਦੇ ਸਾਰੇ ਕੰਮ ਡਾਢੀ ਸੂਰਮਤਾਈ ਨਾਲ, ਬਲ ਨਾਲ, ਉਤਸ਼ਾਹ ਨਾਲ ਕਰਦੇ ਹਨ ! ਕੰਮ ਕਰਦੇ ਹਨ, ਪਰ ਸਾਕਤ
1. Subjective attitude.
ਨਹੀਂ ਹੁੰਦੇ, ਲਿਵ, ਲਗਨ, ਲਗਾਉ ਵਿਚ ਰਹਿ ਕੇ ਕਰਦੇ ਹਨ । ਤੇਰੇ ਭਰਾ ਬੜੇ ਸੂਰਮੇਂ ਹਨ, ਪਰ ਖ਼ਾਲਸੇ ਵਰਗੇ ਨਹੀਂ । ਉਹ ਕਿਸੇ ਲੋਭ ਲਈ ਲੜਨਗੇ, ਕਿਸੇ ਭੈ ਪਿਆਂ ਲੜਨਗੇ, ਕਿਸੇ ਰਾਖੀ ਲਈ ਜੂਝਣਗੇ । ਜਦੋਂ ਆਪਣੇ ਤੋਂ ਬਲ ਵਧੇਰਾ ਪੈ ਜਾਏਗਾ, ਹਾਰ ਮੰਨ ਜਾਣਗੇ । ਜਦੋਂ ਜਿੱਤ ਜਾਣਗੇ, ਹੰਕਾਰ ਦੇ ਗੱਡੇ ਚੜ੍ਹ ਜਾਣਗੇ, ਫਿਚ ਉਹੋ ਜ਼ੁਲਮ, ਧੱਕੇ, ਵਧੀਕੀਆਂ ਆਪ ਕਰਣਗੇ ਜਿਨ੍ਹਾਂ ਲਈ ਉਨ੍ਹਾਂ ਨੇ ਵੈਰੀ ਨੂੰ ਮਾਰਿਆ ਸੀ । ਫੇਰ ਉਹ ਜਗਤ-ਨਿਆਉਂ ਵਿਚ ਆਪ ਮਾਰੇ ਜਾਣ ਦੇ ਜੋਗ ਬਣ ਜਾਣਗੇ । ਜੇ ਡੱਲਿਆ ! ਉਹ ਹਾਰ ਜਾਣਗੇ ਤਾਂ ਜਿੱਤੇ ਹੋਏ ਵੈਰੀ ਦੇ ਅੱਗੇ ਆਪਣਾ ਮਨ ਵੀ ਹਾਰ ਦੇਣਗੇ, ਸੁਰਤਿ ਤੇ ਰੂਹ ਵੀ ਤਬਾਹ ਕਰ ਬੈਠਣਗੇ । ਮਨ ਗੁਲਾਮੀ ਵਿਚ, ਸਰੀਰ ਗੁਲਾਮੀ ਵਿਚ ਟੁਰ ਜਾਏਗਾ, ਐਉਂ ਉਹ ਆਪ ਤੇ ਉਨ੍ਹਾਂ ਤੋਂ ਬਣੀ ਕੌਮ ਮੁਰਦਾਰ ਹੋ ਜਾਏਗੀ ।
ਹਾਂ, ਡੱਲਿਆ ! ਹੰਕਾਰ ਦੇ ਆਸਰੇ ਆਦਮੀ ਸੂਰਮਗਤੀ ਕਰ ਗੁਜ਼ਰਦਾ ਹੈ, ਕੁਰਬਾਨ ਵੀ ਹੋ ਜਾਂਦਾ ਹੈ, ਪਰ ਨਿਰੇ ਹੰਕਾਰ ਦੇ ਆਸਰੇ ਵਾਲੇ ਨੂੰ ਤ੍ਰੈ ਡਰ ਹਨ (੧) ਜਦੋਂ ਆਪਣੇ ਤੋਂ ਵੱਡੇ ਹੰਕਾਰੀ, ਵੱਡੇ ਬਲ ਵਾਲੇ ਤੇ ਵੱਡੇ ਜੱਥੇਬੰਦ ਨਾਲ ਟੱਕਰਨਗੇ, ਤਦ ਹਾਰ ਜਾਣਗੇ ! (੨) ਹਾਰ ਕੇ, ਦੇਸ, ਧਨ, ਧਾਮ ਦੇਂਦੇ ਹੋਏ ਮਨਾਂ ਕਰਕੇ ਗ਼ੁਲਾਮ ਹੋ ਜਾਣਗੇ ਤੇ ਅੰਤ ਮੁਰਦਿਹਾਨ ਵਰਤੇਗੀ। (੩) ਜੇ ਜਿੱਤ ਗਏ ਤੇ ਆਪ ਜ਼ਾਲਮ ਧੱਕੇ-ਖ਼ੋਰ ਬਣਨਗੇ, ਧੱਕੇ ਨਾਲ ਧਨ 'ਕੱਠਾ ਕਰ ਕੇ ਧਨੀ ਬਣਨਗੇ ਧਨੀ ਹੋ ਕੇ ਐਸ਼ ਵਿਚ ਪੈਣਗੇ, ਐਸ਼ ਤੋਂ ਨਿਰਬਲ ਹੋ ਜਾਣਗੇ, ਨਿਰਬਲ ਹੋ ਕੇ ਫੇਰ ਮਨ ਆਸਤਕ ਤੇ ਮੁਰਦਾ ਹੋ ਕੇ ਸਰੀਰ, ਮਨ ਤੇ ਆਤਮਾ ਦਾ ਬਲ ਖੀਨ ਹੋ ਜਾਏਗਾ । ਚੌਥਾ ਉਨ੍ਹਾਂ ਦਾ ਇਕ ਨਿਸਚੇ ਨੁਕਸਾਨ ਹੋਵੇਗਾ ਕਿ ਉਹ ਪਰਲੋਕ ਗੁਆ ਲੈਣਗੇ ! ਗੁਰੂ ਬਾਬ ਨੇ ਦਸਿਆ ਹੈ :
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥
ਅੰਧੇ ਆਪੁ ਨ ਪਛਾਣਨੀ ਦੂਜੇ ਪਚਿ ਜਾਵਹਿ ॥
ਅਤਿ ਕ੍ਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥
ਹਰਿ ਜੀਉ ਅਹੰਕਾਰੁ ਨਾ ਭਾਵਈ ਵੇਦ ਕੂਕਿ ਸੁਣਾਵਹਿ ॥
ਅਹੰਕਾਰ ਮੂਏ ਸੇ ਵਿਗਤੀ ਗਏ ਮਰ ਜਨਮਹਿ ਫਿਰਿ ਆਵਹਿ ॥੯॥
ਸੋ ਨਿਰਾ ਹੰਕਾਰੀ ਜਿੱਤੇ ਚਾਹੇ ਹਾਰੇ, ਮਰ ਕੇ ਸੁਖੀ ਨਹੀਂ ਹੋ ਸਕਦਾ । ਇਸ ਲਈ ਨਿਰਾ ਹੰਕਾਰੀ ਸੂਰਮਾ ਆਦਰਸ਼ਕ ਸੂਰਮਾ ਨਹੀਂ ਹੈ ।
ਡੱਲਾ ਤੇ ਜੀ ! ਰੋਰ ਉਹ ਕਾਹਦੇ ਲਈ ਲੜੇਗਾ ? ਬਾਵਰਾ ਤਾਂ ਨਹੀਂ, ਐਵੇਂ ਲੜੇਗਾ !
ਗੁਰੂ ਜੀ—(ਮੁਸਕਾ ਕੇ) ਉਹ ਜਾਣਦਾ ਹੈ, ਵਾਹਿਗੁਰੂ ਸਭ ਤੋਂ ਬਲੀ ਹੈ, ਜਿੱਤ ਤੇ ਉਸ ਦੀ ਹੈ ਜੋ ਸਭ ਤੋਂ ਬਲੀ ਹੈ । ਸੋ ਜਿੱਤ ਸਦਾ ਰੱਬ ਦੀ ਹੈ, ਤੇ ਅਸੀਂ ਤੈਨੂੰ ਦੱਸ ਆਏ ਹਾਂ ਕਿ ਖ਼ਾਲਸਾ ਉਹ ਹੈ ਜੋ ਵਾਹਿਗੁਰੂ ਦਾ ਹੋ ਚੁਕਾ ਹੈ । ਮੋ ਖ਼ਾਲਸਾ ਵਾਹਿਗੁਰੂ ਦਾ ਹੈ, ਵਾਹਿਗੁਰੂ ਦਾ ਖ਼ਾਲਸਾਂ ਜਾਣਦਾ ਹੈ ਕਿ ਜਿੱਤ ਸਦਾ ਵਾਹਿਗੁਰੂ ਦੀ ਹੈ, ਉਹ ਸਭ ਤੋਂ ਬਲੀ ਜੋ ਹੋਇਆ । ਹੁਣ ਤੂੰ ਸਮਝ ਲੈ ਕਿ ਖ਼ਾਲਸਾ ਵੀ ਵਾਹਿਗੁਰੂ ਦਾ ਤੇ ਜਿੱਤ ਵੀ ਵਾਹਿਗੁਰੂ ਦੀ । ਤਦ ਜਿੱਤ ਤੇ ਖ਼ਾਲਸਾ ਆਪੋ ਵਿਚ ਇਕ ਮਾਲਕ ਇਕ ਪਿਤਾ ਦੇ ਹੋਏ। ਸੋ ਜਿੱਤ ਖ਼ਾਲਸੇ ਦੀ ਹੋਈ, ਇਸ ਕਰ ਕੇ ਖ਼ਾਲਸਾ ਜਿੱਤ ਲਈ ਨਹੀਂ ਲੜਦਾ। ਖ਼ਾਲਸਾ ਜਾਣਦਾ ਹੈ ਜਿੱਤ ਮੇਰੇ ਵਾਹਿਗੁਰੂ ਦੀ ਹੈ ਤੇ ਮੈਂ ਵਾਹਿਗੁਰੂ ਦਾ ਹਾਂ, ਜਿੱਤ ਤਾਂ ਮੇਰਾ ਵਿਰਸਾ ਹੈ। ਮੈਂ ਜਿੱਤਣਾ ਹੈ ਤਾਂ ਉਸ ਅਮਿਤ ਬਲ ਨਾਲ ਜੋ ਮੇਰਾ ਨਹੀਂ, ਪਰ ਅੰਦਰੋਂ ਨਾਲ ਲਗੇ ਰਹਿਣ ਕਰਕੇ ਸਾਈ ਵਿਚੋਂ ਮੇਰੇ ਵਿਚ ਆਉਂਦਾ ਹੈ; ਜਿੱਤ ਉਹਦੀ, ਜਿਸ ਦਾ ਬਲ ਮੇਰੇ ਵਿਚ ਆ ਰਿਹਾ ਹੈ । ਸੋ ਖ਼ਾਲਸਾ ਲੜਦਾ ਹੈ ਅਸੂਲ ਲਈ, ਸੱਚ ਲਈ । ਸੱਚ ਤੇ ਅਸੂਲ ਜਦ ਜਗਤ ਦੇ ਜ਼ੁਲਮ ਨਾਲ ਤਬਾਹ ਹੋਣ ਲਗੇ, ਤਦ ਖ਼ਾਲਸਾ ਦਾ ਨੇਮ ਹੈ ਕਿ ਬੀਰਤਾ ਨਾਲ ਉਸ ਨੂੰ ਬਚਾਵੇ । ਜਗਤ ਦੇ ਜ਼ੁਲਮ ਅਗੇ ਆਪਣਾ ਖ਼ੂਬਸੂਰਤ ਆਪਾ ਲੰਮਾ ਨਾ ਪਾ ਦੇਵੇ, ਪਰ ਬੀਰਤਾ ਨਾਲ ਜ਼ੁਲਮ ਨੂੰ ਕੱਟ ਸੁੱਟੇ ।
ਡੱਲਾ—ਮਹਾਰਾਜ ਜੀ ! ਮੈਂ ਮੂਰਖ ਨੇ ਤਾਂ ਇਹ ਡਿੱਠਾ ਹੈ ਕਿ ਜੋ ਜੋਗੀਬਣੇ, ਵਿਰਾਗੀ ਬਣੇ ਉਹ ਫੇਰ ਲੁਕ ਹੀ ਗਏ, ਤੇ ਜੋ 'ਲੈ ਲੈਣ' ਵਲ ਲਗੇ ਉਹ ਜਰਵਾਣੇ ਡਾਕੂ, ਪਠਾਣਾਂ ਮੁਗਲਾਂ ਵਰਗੇ ਜ਼ਾਲਮ ਹਾਕਮ ਬਣੇ। ਜੋਗੀਆ ਨੇ ਕਦੇ ਜ਼ਾਲਮਾਂ ਦਾ ਮੂੰਹ ਨਾ ਮੋੜਿਆ ਤੇ ਜ਼ਾਲਮਾਂ ਕਦੇ ਸੁਖ ਨਾ ਵਰਤਾਈ, ਨਿਆਂ ਨਾ ਕੀਤਾ ।
ਗੁਰੂ ਜੀ-ਖਾਲਸਾ ਸੋ ਜੋ ਅੰਦਰੋਂ ਜੋਗੀ ਹੋਵੇ, 'ਨਾਮ' ਤੇ 'ਬਾਣੀ' ਦਾ । ਖ਼ਾਲਸਾ ਸੋ ਜੋ ਜ਼ਾਲਮ ਦੀ ਇੱਟ ਆਵੇ ਤਾਂ ਪੱਥਰ ਨਾਲ ਉਸ ਦੀ ਇੱਟ ਭੰਨ ਦੇਵੇ । ਆਪੇ 'ਤੇ ਫ਼ਤਹਿਯਾਬ ਹੋਵੇ, ਮੌਤ ਨੂੰ ਤੁੱਛ ਸਮਝ ਕੇ ਡਰੇ ਨਾ, ਪਰ ਅੰਦਰਲੇ ਉਮਾਹ ਨਾਲ ਦੇਹੀ ਨੂੰ ਸਫਲਾ ਕਰੇ । ਹਰ ਇਕ ਸਿਖ ਜੋਤ ਜਗੀ ਵਾਲਾ, ਇਕ ਦੀ ਅੰਦਰੋਂ ਟੇਕ ਵਾਲਾ, ਨਿਰਭੈ ਰਹਿਣ ਵਾਲਾ, ਪਰ ਭੈ ਨਾ ਦੇਣ ਵਾਲਾ, ਨਿਰਵੈਰ ਖ਼ਾਲਸਾ ਹੈ । ਐਸੇ ਸਾਰੇ ਸਿੱਖਾਂ ਦਾ ਇੱਕਠ ਖ਼ਾਲਸਾ ਹੈ । ਗੁਰੂ ਵੀ ਖ਼ਾਲਸਾ ਹੈ । ਖ਼ਾਲਸਾ ਵੀ ਗੁਰੂ ਹੈ, ਖ਼ਾਲਸਾ ਰੱਬ ਦੀ ਗੋਦ ਵਿਚ ਖੇਲ ਰਿਹਾ ਇਕ ਰੂਹਾਨੀ ਖ਼ਿਆਲ—ਧਿਆਨ ਹੈ, ਆਦਰਸ਼ ਹੈ, ਜਿਸ ਉੱਤੇ ਹਰ ਸਿੱਖ ਦਾ ਖ਼ਿਆਲ ਟਿਕ ਰਿਹਾ ਹੈ, ਜਿਵੇਂ ਜਹਾਜ਼ ਚਲਾਉਣ ਵਾਲੇ ਦਾ ਖ਼ਿਆਲ ਚਾਨਣ ਮੁਨਾਰੇ' ਦੇ ਦੀਵੇ 'ਤੇ ਟਿਕਦਾ ਹੈ । ਖ਼ਾਲਸਾ ਉਹ ਨਮੂਨਾ ਹੈ, ਜਿਸ ਉਤੇ ਆਇਆਂ ਜਗਤ ਦੀ ਕਲਿਆਨ ਹੁੰਦੀ ਹੈ ।
ਡੱਲਾ-ਮੈਂ ਮੂਰਖ ਨੂੰ ਮੋਟੀ ਜਿਹੀ ਗੱਲ ਦਸੋ, ਜੇ ਖ਼ਾਲਸਾ ਹਾਰ ਜਾਏ ਤਾਂ ਰੱਬ ਦੀ ਹਾਰ ?
ਗੁਰੂ ਜੀ—ਨਹੀਂ ਸੁਹਣਿਆ ! ਵਾਹਿਗੁਰੂ ਦੀ ਹਾਰ ਕਦੇ ਨਹੀਂ । ਜਿਸ ਨੂੰ ਤੂੰ ਹਾਰ ਕਹਿੰਦਾ ਹੈਂ, ਉਹ ਵੀ ਜਿੱਤ ਹੁੰਦੀ ਹੈ । ਇਹੋ ਤਾਂ ਖ਼ਾਲਸੇ ਦਾ ਮਨ ਨੀਵਾਂ ਹੈ ਤੇ ਮਨ ਉੱਚੀ ਮੱਤ ਦੇ ਵਸ ਵਿਚ ਹੈ ਤੇ ਉਹ ਮੱਤ ਵਾਹਿਗੁਰੂ ਦੀ ਰਖਵਾਲੀ ਵਿਚ ਟੁਰਦੀ ਹੈ ਤੇ ਦਸਦੀ ਹੈ ਕਿ ਜੋ ਹਾਰ ਹੈ, ਇਸ ਦਾ ਫਲ ਜਿੱਤ ਨਿਕਲੇਗਾ। ਵਾਹਿਗੁਰੂ ਨੇ ਭਾਣਾ ਵਰਤਾਇਆ ਹੈ, ਸਾਡੀ ਸਮਝ ਸਮਝਦੀ ਨਹੀਂ, ਇਸ ਦਾ ਫਲ ਅਜ ਉਹ ਜਿੱਤ ਨਹੀਂ ਸੀ, ਜੋ ਅਸੀਂ ਜਿੱਤ ਸਮਝਦੇ ਹਾਂ, ਇਸ ਦਾ ਫਲ ਅਗੇ ਚਲ ਕੇ ਜਿੱਤ ਹੈ। ਜਿਨ੍ਹਾਂ ਸਾਡੇ ਨਾਲ ਜੁਝਣ ਵਾਲਿਆਂ ਅਜ ਜਿੱਤ ਮਨਾਈ ਹੈ, ਇਹ ਜਿੱਤ ਉਨ੍ਹਾਂ ਦੇ ਹਾਰ ਦੀ ਨੀਂਹ ਪੱਟ ਗਈ ਹੈ। ਖ਼ਾਲਸਾ ਕਦੇ ਨਹੀਂ ਹਾਰੇਗਾ । ਹਾਂ ! ਜਿਸ ਦਿਨ ਨਾਮ ਨਾਲ ਪ੍ਰੀਤ ਛਡੇਗਾ; ਗੁਰਬਾਣੀ ਦਾ ਇਲਹਾਮ* ਇਸ ਦੇ
1. Light house
2. Inspiration
ਅੰਦਰ ਨਾ ਰਹੇਗਾ, ਜੋਤ ਨਾਲੋਂ ਵਿੱਥ ਕਰ ਜਾਏਗਾ, ਤਦੋਂ ਫੇਰ ਜੋ ਚੁਰਾਸੀ ਦੇ ਭਾਗ ਹੁੰਦੇ ਹਨ, ਭੋਗੇਗਾ । ਜਦ ਤਕ ਪੂਰਨ ਜੋਤ ਨੂੰ ਜਪਦਾ ਹੈ, ਬਾਣੀ ਦੀ ਗਿਜ਼ਾ 'ਤੇ ਮਨ ਨੂੰ ਪਾਲਦਾ ਹੈ, ਨਿਰਵੈਰ ਹੈ, ਭੰ ਦੇਂਦਾ ਨਹੀਂ, ਪਰ ਭੈ ਮੰਨਦਾ ਨਹੀਂ, ਤਦ ਤਕ ਕੌਣ ਹਰਾਣ ਵਾਲਾ ਜੰਮਿਆ ਹੈ ? ਇਹ ਜੀਵਨ ਹੈ, ਜਿੱਤ ਹੈ ਤੇ ਇਸ ਜੀਵਨ ਵਾਲਾ ਜਿਸ ਸੰਗਰਾਮ ਵਿਚ ਡਟੇਗਾ ਉਹ ਜਿੱਤੇਗਾ, ਕਦੇ ਕਿਵੇਂ, ਕਦੇ ਕਿਵੇਂ। ਤੂੰ ਸਮਝਦਾ ਹੈ ਪਹਾੜੀਏ ਰਾਜੇ ਜਿੱਤੇ ਹਨ, ਖ਼ਾਲਸਾ ਸਮਝਦਾ ਹੈ ਕਿ ਗੁਲਾਮੀ ਦਾ ਤੌਕ ਉਨ੍ਹਾਂ ਨੇ ਆਪਣੇ ਗਲੇ ਪੀਡਾ ਕਰ ਲਿਆ ਹੈ ।
ਤੂੰ ਸਮਝਦਾ ਹੈਂ ਤੁਰਕਾਂ ਫ਼ਤਹਿ ਪਾਈ ਹੈ, ਖ਼ਾਲਸਾ ਸਮਝਦਾ ਹੈ ਕਿ ਉਨ੍ਹਾਂ ਆਪਣੀਆਂ ਜੜ੍ਹਾਂ 'ਤੇ ਕੁਹਾੜਾ ਆਪ ਮਾਰਿਆ ਹੈ । ਤੂੰ ਸਮਝਦਾ ਹੈਂ ਚਾਰ ਸਾਹਿਬਜ਼ਾਦੇ ਮਾਰੇ ਗਏ ਹਨ, ਖ਼ਾਲਸਾ ਸਮਝਦਾ ਹੈ ਕਿ ਉਨ੍ਹਾਂ ਦੇ ਲਹੂ ਦੀ ਬੂੰਦ ਬੂੰਦ ਤੋਂ ਸਦਾ 'ਖ਼ਾਲਸਾ ਫਲ' ਦੇਣ ਵਾਲੇ ਬ੍ਰਿਛ ਉੱਗ ਪਏ ਹਨ । ਤੂੰ ਸਮਝਦਾ ਹੈ ਮੁਗ਼ਲ ਰਾਜ ਨੇ ਖ਼ਾਲਸੇ 'ਤੇ ਫ਼ਤਹਿ ਪਾਈ ਹੈ, ਖ਼ਾਲਸਾ ਸਮਝਦਾ ਹੈ ਕਿ ਮੁਗ਼ਲ ਰਾਜ ਦੀ ਜੜ੍ਹ ਕੱਟੀ ਗਈ ਹੈ । ਜੜ੍ਹ ਕੱਟ ਜਾਣੀ ਫ਼ਤਹਿ ਹੈ, ਹੁਣ ਕਿਸੇ ਬੁੱਲੇ ਨੇ ਕਿਸ ਨੂੰ ਡੰਗ ਘੱਤਣਾ ਹੈ। 'ਸਾਈਂ ਨਾਲ, ਜੁੜਿਆਂ ਨਾਲ ਲੜਕੇ ਮੁਗ਼ਲਾਂ ਦੀ ਜੜ ਮੇਖ ਤਰੁੱਟ ਗਈ ਹੈ। ਖ਼ਾਲਸੇ ਦਾ ਯੁੱਧ ਧਰਮ ਰਖਿਆ ਲਈ ਸੀ, ਧਰਮ ਪੱਕਾ ਹੋ ਗਿਆ, ਝਾੜ ਝਾੜ ਤੋਂ ਖ਼ਾਲਸਾ ਉੱਗਮੰਗਾ । ਤੇਰੇ ਵਰਗੇ ਖ਼ਾਲਸੇ ਸਜਣਗੇ ! ਜਿਸ ਖ਼ਾਲਸੇ ਨੂੰ ਵਜੀਦਾ ਮੁਕਾ ਗਿਆ ਹੈ, ਉਹ ਖ਼ਾਲਸਾ ਅਨੰਦਪੁਰ ਨਾਲੋਂ ਵਧੇਰੇ ਵਧ ਰਿਹਾ ਹੈ। ਜ਼ਾਲਮ ਸਰਹਿੰਦ ਦੀ ਇੱਟ ਨਾਲ ਇੱਟ ਖੜਕੇਗੀ, ਦਿੱਲੀ ਵਿਚ ਜ਼ਾਲਮ ਮੁਗ਼ਲ ਅੰਨ ਮੰਗਦੇ ਦਿੱਸਣਗੇ, ਤਖ਼ਤ ਤਾਜ ਹੁਕਮ ਹਾਸਲ, ਸੁਪਨਾ ਹੋ ਜਾਣਗੇ ।
ਭੂਮਿਕਾ
ਮੈਂ ਢਾਡੀ ਉੱਚੇ, ਆਲੀਸ਼ਾਨ ਗੁਰੂ ਨਾਨਕ ਕਰਤਾਰ ਦਾ,
ਅਜ ਮੇਰਾ ਗੀਤ ਸਿਖ 'ਅਮੈਂ' ਨੂੰ ਗਾਉਂਦਾ,
ਮੈਨੂੰ ਕੋਮਲ ਉਨਰੀ ਕਿਰਤ, ਧਿਆਨ ਦੋਵੇਂ ਅੰਮ੍ਰਿਤ-ਦਰਬਾਰ ਪੁਚਾਉਂਦੇ,
ਫ਼ਲਸਫ਼ੇ ਦੀਆ ਗੱਲਾਂ ਕਰ ਹਾਰੇ ਸਭ,
ਬਾਬਾ ਜੀ ਗੱਲਾਂ ਥੀਂ ਹੋੜਦੇ, 'ਥੀ', 'ਬੀ' ਅਸੀਸ ਇਹ,
ਕਰ ਕਿਰਤ ਉਨਰੀ, ਹੋ, ਹੋ ਜਪ, ਜਪ, ਸਿਮਰਨ ਸਿਖਾਉਂਦੇ,
ਕਿਰਤ ਲਗੀ ਸੁਰਤਿ ਧਿਆਨ ਬੱਝੀ ਸੁਰਤਿ ਉਨਰ ਕਰਤਾਰੀ,
ਇਹ ਸਿੱਖੀ ਦਾ ਉੱਚਾ ਕਮਾਲ ਮੈਂ ਅੱਜ ਗਾਉਂਦਾ,
ਇਹ ਮੈਂ ਨਹੀਂ ਮਾਇਆ ਦੀ, 'ਅਮੈ' ਹੈ ਪਿਆਰ ਦੀ, ਸੇਵਾ ਦੀ ਕਿਰਤ ਦੀ,
ਸੁਹਣੱਪ ਆਸ਼ਕੀ,
ਜੁਗੋ ਜੁਗ ਹੋਈ ਇਹ ਵਿਰਲੀ ਵਿਰਲੀ, ਪਰ ਰੂਹ ਕਦੀ ਕੋਈ,
ਬੁੱਧ ਦੇਵ ਜੀ ਦੇ ਭਿਖੂ ਸੁਹਣੇ, ਬੋਧੀ ਸਤ੍ਰ ਲੋਕੀ ਸੁਹਣੀ ਕਿਰਤ ਇਹ ਪਛਾਣਦੇ,
ਧਰੂ ਪ੍ਰਹਿਲਾਦ ਨੇ ਇਹੋ ਗੀਤ ਗਾਵਿਆਂ,
ਫਲਸਫੇ ਦੀ ਲੋੜ ਨਾਹੀਂ,
ਆਪ ਮੁਹਾਰੀ ਸਮਝ ਪੈਂਦੀ, ਕਿਰਤ-ਜੀਵਨ ਲੋੜ ਹੈ !
ਜੀਵਨ-ਉਨਰ ਦੀ ਸੋਝੀ ਕਦਮ ਕਦਮ ਸਿਖਦੀ, ਦਮ ਬਦਮ ਦਸਦੀ ਪੱਕਦੀ,
ਫਲਸਫਾ ਮਾਰੇ ਸੁਰਤਿ, ਨਿਰਾ ਬਾਹਰ ਦਾ ਉਨਰ ਵੀ ਮਾਰਦਾ,
ਸਿਮਰਨ ਦਾ ਦੀਵਾ ਘਟ ਬਲੇ ਜਦ,
ਤਦ (ਉਨਰ) ਆਰਟ ਸੁਰਤਿ ਨੂੰ ਸਵਾਰਦਾ,
ਬਿਖਰੀਆਂ ਜ਼ੁਲਫਾਂ ਨੂੰ ਮਟਕਾਂਦਾ, ਨਈ ਗੋਂਦਾਂ ਗੁੰਦਦਾ, ਮਹਿਕਾਂਦਾ, ਵਨ, ਵਨ
ਦੀਆਂ ਕਲੀਆਂ ਲਟਕਾਂਦਾ, ਤੇ ਵੇਖਦਾ ਉਹ ਸਭ ਲਟਕਦੀਆਂ
ਜ਼ੁਲਫਾਂ ਤੇ ਕਲੀਆਂ ਲਟਕਦੀਆਂ ਨਾਲ ਨਾਲ ।
'ਮੈਂ' ਦਾ ਗੀਤ ਗਾਇਆ ਜਰਮਨੀ ਦੇ ਨਿਤਸ਼ੇ,
ਗੀਤਾਂ ਦੇ ਗੀਤ ਥੀਂ ਵੀ ਵੱਖਰਾ,
ਮੇਰਾ ਗੀਤ ਹੋਰ ਹੈ,
ਉਹ ਵੀ ਮੈਂ ਦਾ ਗੀਤ ਹੋਰ ਵਖਰਾ,
ਉਪਨਿਖਦਾਂ ਦੀ ਬ੍ਰਹਮ 'ਮੈਂ' ਦਾ ਗੀਤ ਨਾਂਹ,
ਮੈਂ ਗੁਰ-ਸਿੱਖ 'ਅ+ ਮੈਂ" ਅੱਜ ਗਾਉਂਦਾ !
ਮੈਂ ਨੂੰ ਫਲਸਫਾ ਮਾਰਦਾ,
ਬੇਹੋਸ਼ ਕਰ ਸੁੱਟਦਾ, ਇਹ ਇਕ ਜ਼ਹਿਰ ਹੈ,
ਥੋੜਾ, ਥੋੜਾ, ਜੀਵਨ ਨਾਲ, ਅੱਧਾ ਇਕ ਘੁੱਟ ਜਿਹਾ ਭਰਨਾ ਠੀਕ ਵੀ,
ਫ਼ਲਸਫ਼ਾ ਸਾਰੇ, ਆਰਟ ਸਾਰੇ,
ਅੰਦਰ ਜਗੀ ਜੋਤ ਬਿਨਾਂ ਸਭ ਹਨੇਰਾ ਹਨੇਰਾ,
ਗੁਰੂ-ਸੁਰਤਿ, ਸਿਖ-ਸੁਰਤਿ ਵਿਚ ਕਿੰਜ ਖੇਡਦੀ ਆਦਮੀ ਬਣਾਨ ਨੂੰ,
ਮੈਂ ਤਾਂ ਅੱਜ ਚਰਨ ਕਮਲ ਸੰਗ ਜੁੜੀ
ਜੋੜਿਆਂ ਨੈਣਾਂ ਨੂੰ ਵੇਖਦਾ,
ਵੇਖ, ਵੇਖ ਮੈਂ ਚੀਖ --ਗੀਤ ਗਾਉਂਦਾ,
ਸਿਖ 'ਅਮੈਂ' ਦਾ ਗੀਤ ਸਾਰਾ ਗੂੰਜਦਾ,
ਦਿਲ ਭਰਦਾ ਮੇਰਾ, ਵਾਂਗ ਵਾਦੀਆਂ,
ਜਿਥੇ ਚੱਲਣ-ਭਾਰੀ ਗਾਂਦੀਆਂ ਜਾਂਦੀਆਂ ਨਦੀਆਂ,
ਅੰਦਾਜ਼ ਮੇਰੇ ਗਾਣ ਦਾ ਮੈਂ ਨਹੀਂ ਬਣਾਇਆ,
ਇਹੋ ਜਿਹਾ ਬਣਿਆ, ਵਾਜ ਨਿਕਲਿਆ,
ਪੂਰਾ ਰਾਗ ਅੰਦਰ ਫਸਿਆ, ਸੁਰਾਂ ਟੁੱਟ ਭੱਜ ਨਿਕਲੀਆਂ,
ਇਸ ਟੁੱਟੀ ਭੱਜੀ ਜਿਹੀ ਸਾਬਤੀ ਵਿਚ ਰਾਗ ਮੇਰਾ ਛਿੜਿਆ ਹੈ,
ਇਸ ਵਿਚ ਨਹੀਂ, ਸੱਚੀ,
ਉਹ ਆਪ ਦੇ ਅੰਦਰ ਅੰਦਰ ਛਿੜਿਆ ਹੈ, ਅੰਦਰ ਅੰਦਰ ਕੂਕਦਾ,
ਗਲੇ ਵਿਚ, ਦਿਲ ਵਿਚ ਆਪ ਦੇ,
ਮੇਰੇ ਇਸ ਗੀਤ ਦਾ ਅਲਾਪ ਪੂਰਾ ਮੈਨੂੰ ਪਿਆ ਦਿੱਸਦਾ,
ਜਿਵੇਂ ਮੇਰੇ ਦਿਲ ਵਿਚ ਸਾਰਾ ਪੂਰਾ ਵੱਸਦਾ,
ਆਪ ਦੇ ਗਲੇ ਤੇ ਦਿਲ ਵਿਚ ਵੱਸਦਾ,
ਆਪੇ ਵਿਚੋਂ ਕੱਢ, ਕੱਢ ਗਾਉਣਾ,
ਆਪ ਦੇ ਗਲੇ ਦੀ ਲਿਫਾਣ, ਆਵਾਜ਼ ਦੀ ਤਾਨ ਕੁਝ ਠਹਿਰੀ, ਠਹਿਰੀ, ਮੰਗਦਾ।
ਇਹ ਗੀਤ ਸਾਰਾ ਉਤਰਿਆ ਮੀਂਹ ਵਾਂਗ ਵੱਸਦਾ,
ਕਿਸੇ ਮੇਰੇ ਦਿਲ ਛੁਪੀ ਤਾਰ ਥੀਂ, ਜਿਹੜੀ ਕੰਬਦੀ, ਕੰਬਦੀ, ਰਾਗ ਦਾ ਦਰਿਆ
ਲੰਘਿਆ ਅੰਦਰੋਂ,
ਹਾਲੇ ਵੀ ਅੰਦਰ ਇਕ ਇਲਾਹੀ ਗੂੰਜ ਨਾਲ ਭਰਿਆ,
ਰੋਮ, ਰੋਮ, ਗੀਤ ਗਾਉਂਦਾ, ਤਾਰਾਂ ਖੜਕਦੀਆਂ ।
ਹੋਰ ਬਸ ਇਕ ਨਿੱਕੀ ਤਰਬ ਦਾ ਕਾਂਬਾ ਜ਼ਿੰਦਗੀ,
ਜੇ ਮੈਂ ਮੇਰੀ ਤਾਰ ਹੋਵੇ ਕਿਸੇ ਇਲਾਹੀ ਫਕੀਰ ਦੀ।
ਗਵਾਲੀਅਰ
ਅਗਸਤ ੧੯੨੨
ਪੂਰਨ ਸਿੰਘ
ਨਾਮ ਮੈਂ ਪੁੱਛਦਾ ਨਾਮ ਮੇਰਾ ਕੀ ਹੈ ?
१.
ਮੁੜ, ਮੁੜ, ਪਿੱਛੇ, ਅੱਗੇ, ਮੈਂ ਵੇਖਦਾ,
ਨਾਮ ਕੀ ਚੀਜ਼ ਹੈ, ਨਾਮ ਮੈਨੂੰ ਧਰਕਦਾ,
ਮੈਂ ਆਪਣੇ ਨਾਮ 'ਤੇ ਕਿਉ ਬੋਲਦਾ ?
ਨਾਮ ਕੀ ਹੈ ? ਹੋਰ ਕੋਈ ਨਾਮ ਹੋਵੇ,
ਫਰਕ ਕੀ ਹੈ ?
ਮੈਂ ਅਚਰਜ ਹੋ ਵੇਖਦਾ ਨਾਮ ਆਪਣੇ ਨੂੰ,
ਮੁੜ, ਮੁੜ ਵੇਖਦਾ ਇਹ ਕੀ ਹੈ ?
ਗੁਲਾਬ ਨੂੰ ਗੁਲਾਬ ਗੁਲਾਬ ਸਦੋ,
ਭਾਵੇਂ ਭਾ, ਭਾ ਨਾਮ ਵਿਚ ਕੀ ਹੈ ?
ਖ਼ੁਸ਼ਬੋ ਪਿਆਰ ਦੀ,
ਲਾਲੀ ਜਵਾਨੀ ਦੀ,
ਭਾ ਅਰਸ਼ ਦੀ
ਜਿੰਦ ਬੂਟੇ ਦੀ,
ਧਰਤ ਦਾ ਸੁਫਨਾ - ਬੱਸ, ਇਹ ਗੁਲਾਬ ਹੈ ।
ਮੇਰਾ, ਗੁਲਾਬ ਵਾਂਗੂ 'ਗੁਲਾਬ ਗੁਲਾਬ', ਨਾਮ ਵਿਚ ਕੀ ਹੈ ?
ਮੈਂ ਲੱਖਾਂ ਸਮੁੰਦਰਾਂ ਦਾ ਮੋਤੀ,
ਅਰਸ਼ਾਂ ਦੀਆਂ ਰੋਸ਼ਨੀਆਂ ਦਾ ਕਤਰਾ,
ਲੱਖਾਂ ਨੈਣਾਂ ਦੀ ਝਲਕ ਜਿਹੀ,
ਸੁਹਣੇ ਮੂੰਹਾਂ ਅਨੇਕਾਂ ਦੀ ਬਿਜਲੀ,
ਰੌਣਕ ਕਿਸੇ ਅਣਡਿੱਠੇ ਇਕਬਾਲ ਦੀ,
ਨਾਮ ਆਪਣਾ ਪੁੱਛਦਾ,
ਪੁਲਾੜ ਜਿਹੀ ਵਿਚ ਇਕ ਵਿਅਰਥ ਜਿਹੀ ਚੀਖ ਹੈ ।
२
ਢੇਰ ਚਿਰ ਹੋਇਆ,
ਮੈਂ ਜਦ ਬਾਲ ਸਾਂ,
ਖੁਸ਼ੀ ਸਾਂ ਨਵੇਂ ਜੰਮੇ ਫੁੱਲ ਦੀ
ਲਾਲੀ ਪੂਰਬ ਦੀ, ਨੀਲਾਣ ਅਕਾਸ਼ ਦੀ,
ਪ੍ਰਕਾਸ਼ ਦੀ ਡਲ੍ਹਕਦੀ ਡਲੀ ਸਾਂ,
ਨਿੱਕਾ ਜਿਹਾ ਚੰਨ ਮੂੰਹ,
ਮਾਂ ਦਿਤਾ ਨਾਮ ਵੀ ਨਵਾਂ ਨਵਾਂ ਸੀ,
ਮੈਂ ਸਾਂ ਨਾਮ 'ਤੇ ਰੀਝਦਾ !
ਸਭ ਅੰਦਰ ਸੀ ਮੈਂ ਮੇਰੀ,
ਨਾਮ ਬਾਹਰ ਦੀ ਆਵਾਜ਼ ਸੀ,
ਪੈਂਦੀ ਚੰਗੀ ਲੱਗਦੀ, ਰੂਹ ਪੁੱਛਦੀ,
ਬਾਹਰ ਕੀ, ਅੰਦਰ ਤਾਂ ਸਭ ਕੁਝ ਸੀ,
ਬਾਹਰ ਕੌਣ ਬੁਲਾਉਂਦਾ ?
ਰੀਝਦਾ ਸਾਂ ਸੁਣ ਸੁਣ ਨਾਮ ਉਹ,
ਪਿਆਰ ਵਾਂਗ ਰੰਗੇ ਲਾਲ ਖਿਡਾਉਣੇ,
ਤੇ ਨਾਂ ਲਵੇ ਜੇ ਕੋਈ ਮੇਰਾ
ਝਟ ਬੋਲਦਾ ਖੁਸ਼ ਹੋ :
ਝਟ ਬੋਲਦਾ ਖ਼ੁਸ਼ ਹੋ :
ਹਾਂ ਜੀ ! ਹਾਂ ਜੀ ! ਅਗੋਂ ਹੱਥ ਜੋੜਦਾ,
ਖਲੋਂਦਾ ਹੱਥ ਬੱਝੇ,
ਜਿਵੇਂ ਵੱਛਾ ਇਕ ਗਉ ਦਾ ਰੱਸੀ ਬੱਝਿਆ ।
ਕੀ ਨਾਮ ਨਾਲ ਮਾਂ ਬੰਨ੍ਹਿਆਂ ਮੇਰੇ ਅੰਦਰ ਦਾ ਸਵੱਰਗ ਸਾਰਾ, ਮਤੇ ਮੈਂ ਉੱਡ ਨਾ
ਜਾਂ, ਛੱਡ ਉਹਦੇ ਪੰਘੂੜਿਆਂ !
ਗੋਰਾ ਜਿਹਾ ਬਾਲ ਕਾਲੇ ਧਾਗੇ ਨਾਲ ਬੰਨ੍ਹਣਾ ।
ਪਰ ਜਦ ਅੱਖਾਂ ਵੇਖਣ ਸਿੱਖੀਆਂ ਬਾਹਰ ਨੂੰ,
ਤੇ ਹੌਲੇ ਹੌਲੇ ਨਜ਼ਾਰਾ ਭੁੱਲਿਆ ਆਪਣੇ ਅੰਦਰ ਦੇ ਚਮਤਕਾਰ ਦਾ,
ਅੱਕ ਥੱਕ ਪੁੱਛਦੀਆਂ— ਨਾਮ ਵਿਚ ਕੀ ਹੈ ?
ਮੁਠ ਵਿਚ ਨੱਪ, ਨੱਪ, ਮੁੜ ਖੋਹਲ, ਖੋਹਲ ਆਖਣ-
ਦੱਸ ਨਾਮ, ਤੇਰਾ ਇਸ ਵਿਚ ਕੀ ਹੈ ?
ਨੈਣ ਮੇਰੇ ਮੈਨੂੰ ਪੁੱਛਣ- "ਤੂੰ ਕੌਣ ?"
ਤੇ ਮੈਂ ਵੇਖ ਵੇਖ ਹਾਰਦਾ-ਵੱਤ ਮੈਂ ਕੌਣ ?
ਮੇਰੇ ਜਿਹੇ ਸਾਰੇ ਦਿੱਸਦੇ,
ਫਿਰ ਵੱਖਰੇ, ਵੱਖਰੇ ਕਿਉਂ,
ਫਿਰ ਵੱਖਰਾਪਨ ਕੀ ਹੈ ?
३
ਆਦਮੀ ਸਾਰੇ ਇਕੋ ਜਿਹੇ,
ਸਾਹ ਸੱਤ ਭੀ ਇਕ ਹੈ,
ਨੁਹਾਰਾਂ ਮਿਲਦੀਆਂ, ਲਹੂ ਮਿਲਦਾ,
- ਹੈਵਾਨਾਂ, ਇਨਸਾਨਾਂ ਦਾ, ਪੰਛੀਆਂ,
ਫੁੱਲਾਂ ਦਾ, ਪੱਤੀਆਂ, ਜਵਾਹਰਾਤਾਂ ਦਾ—
ਫਿਰ ਅਚਰਜ ਇਹ ਰੰਗ, ਹਰ ਕੋਈ ਵੱਖਰਾ !
ਬਾਹਾਂ ਨੂੰ ਉਲਾਰਨਾ ਮੇਰਾ, ਸਭ ਦਾ, ਇਕੋ,
ਨੈਣਾਂ ਦਾ ਝਮਕਣਾ ਤੱਕਣਾ ਉਹ ਵੀ ਇਕ ਹੈ,
ਹੋਠਾਂ ਦੀ ਲਾਲੀ ਉਹੋ ਚੂਨੀਆਂ ਵਾਲੀ,
ਤੇ ਖਿੜ ਖਿੜ ਹੱਸਣਾ ਮੇਰਾ, ਗੁਲਾਬਾਂ ਦਾ ਇਕ ਹੈ !
ਦਿਲ ਦੀ ਧੜਕ, ਕੀੜੀ ਦੀ, ਹਾਥੀ ਦੀ, ਸ਼ੇਰ ਦੀ, ਮੇਰੀ,
ਫੁੱਲ ਦੇ ਸ੍ਵਾਸਾਂ ਦੀ ਚਾਲ ਮੇਰੇ ਸ੍ਵਾਸਾਂ ਦੀ ਚਾਲ ਹੈ,
ਪੱਥਰਾਂ ਵਿਚ, ਹੀਰਿਆਂ ਵਿਚ,
ਜਲਾਂ ਵਿਚ, ਥਲਾਂ ਵਿਚ,
ਮੇਰੀ ਆਪਣੀ ਮਾਸ, ਹੱਡ, ਚੰਮ ਦੀ ਨੁਹਾਰ ਹੈ !
ਕੀ ਫੰਝਾ ਵਾਲੇ ਉੱਡਦੇ ਪੰਖੇਰੂ ਵਖ ਮੈਂ ਥੀਂ ?
ਕੀ ਉਨ੍ਹਾਂ ਦੇ ਨਾਮ ਵਿਚ ਮੇਰਾ ਨਾਮ ਨਹੀਂ ਹੈ ?
ਪਰ ਕਬੂਤਰਾਂ ਦੇ ਨੈਣਾਂ ਵਿਚ ਮੇਰੇ ਅੱਥਰੂ,
ਤੇ ਹੰਸਣੀ ਦੇ ਦਿਲ ਵਿਚ ਦਰਦ -ਬ੍ਰਿਹਾ ਮੇਰਾ ਹੈ,
ਡਾਰਾਂ ਥੀਂ ਵਿਛੜੀ ਕੂੰਜ ਦਾ ਰੋਣਾ ਮੇਰਾ ਆਪਣਾ,
ਤੇ ਚੋਗ-ਚੁਗਾਂਦੀ ਚਿੜੀ ਦੀ ਚੁੰਝ ਵਿਚ,
ਦਿੱਸੇ ਮੈਨੂੰ ਆਪਣੀ ਮਾਂ ਦਾ ਪਿਆਰ ਹੈ !
ਪੁਸ਼ਾਕੇ ਵਖੋ ਵਖ ਦਿਸਦੇ,
ਪਰ ਦਿਲ ਮੇਰਾ, ਜਾਨ ਤੇਰੀ,
ਆਸਾਂ, ਨਿਰਾਸਾਂ, ਧੜਕ, ਸਹਿਮ,
ਕਾਂਬਾ, ਉਭਾਰ, ਉਤਾਰ ਮੇਰਾ,
ਸੁਖ, ਦੁਖ, ਭੁਖ, ਨੰਗ,
ਮੌਤ ਤੇ ਵਿਛੋੜਾ ਮੇਰਾ,
ਹਾਏ ! ਇਹ ਸਭ ਕੁਝ ਕਿੰਜ ਮੇਰੇ ਥੀਂ ਵੱਖ ਹੈ ?
ਇਉਂ ਤਾਂ ਨਾਰ ਦੀ ਨੁਹਾਰ ਹੋਰ,
ਮਰਦ ਹੋਰ, ਕੁੜੀ, ਮੁੰਡਾ ਵਖ ਹੈ,
ਚੋਲਾ ਵੱਖੋ ਵੱਖ ਹੈ,
ਪਰ ਜੀਣ ਮਰਨ ਮੇਰਾ ਸਾਂਝਾ ।
ਮੇਰਾ ਨਿੱਕਾ ਜਿਹਾ ਨਾਮ ਮੈਨੂੰ ਮਾਰਦਾ,
ਸੱਦ ਕੇ, ਮੈਨੂੰ ਮੇਰੇ ਨਾਂ ਥੀਂ ਛੁਡਾਉਣਾ !
ਇਹੋ ਬਸ ਪਾਪ ਮੇਰਾ,
ਇਹੋ ਕਰਮ, ਮੇਰੇ ਮਾਂ ਪਿਓ ਨੇ ਮੇਰੇ ਨਾਲ ਚਮੋੜਿਆ ।
ਇਹ ਵਹਿਮ ਜੇ ਦੀਨ ਵਾਲਿਓ ।
ਫਸੀ ਮੈਂ ਵਹਿਮ ਥੀਂ ਕੱਢੀਓ।
ਦੌੜੀਓ ! ਇਸ ਰੱਸੀ ਦੀ ਫਾਂਸੀ ਬਣ ਪਈ ਹੈ !
ਮੇਰਾ ਨਾਮ ਮੈਨੂੰ ਮਾਰਦਾ,
ਲੋਕੀਂ ਖਿੱਚਦੇ, ਟੋਰਦੇ, ਬੁਲਾਂਦੇ, ਹੱਕਦੇ,
ਲਿਜਾਂਦੇ ਅਗਾਂਹ ਨੂੰ, ਪਿਛਾਂਹ ਨੂੰ,
ਜਿਧਰ ਉਨ੍ਹਾ ਦੀ ਮਰਜੀ,
ਮੈਂ ਖਿਚੀ ਖਿਚੀ, ਹਫ ਹਫ, ਦੌੜ ਦੌੜ ਅੱਕਿਆ,
ਇਹ ਕੀ ਗੱਲ ਮੇਰੇ ਵਿਚ ਅਣਹੋਈ ਜਿਹੀ ਜਵੜੀ ?
ਮੈਂ ਮੁੜ ਮੁੜ ਪੁੱਛਦਾ,
ਨਾਮ ਕੀ ਚੀਜ਼ ਹੈ ?
ਕੂੜ ਮਾਂ ਪਿਓ ਲਾਈ ਲੀਕ ਮੈਨੂੰ,
ਉਨ੍ਹਾਂ ਦੀ ਖੇਡ ਹੋਈ; ਸਾਡੀ ਮੰਤ,
ਇਹ ਕੀ ਵੜਦੇ ਸਾਰ ਸਾਨੂੰ ਮਾਰਿਆ ?
ਜਿਹੜੀ ਚੀਜ਼—'ਹੈ ਨਾਂਹ' 'ਹੋਈ, ਨਾਂਹ' ਉਸ ਨਾਲ ਜਕੜਿਆ।
ਮੈਨੂੰ ਨਿੱਕਾ ਕਰ ਮਾਰਿਆ !
ਸਾਰੀ ਉਮਰ ਖੇਡ ਜਿਹੀ ਵਿਚ ਲੰਘੀ, ਨਾਮ ਦੀਆਂ ਬੱਤੀਆਂ ਬਾਲਦੇ, ਸ਼ਹਿਰ,
ਸ਼ਹਿਰ ਫਿਰਿਆ, ਮੁਲਕ ਮੁਲਕ ਘੁੰਮਿਆ, ਹਫਿਆਂ, ਨਾਮ ਦਾ ਫਰਰਾ
ਉੱਚਾ ਉੱਚਾ ਲਹਿਰਾਂਦੇ !
ਨਾਮ ਇਕ ਵਹਿਮ ਸੀ,
ਉਮਰ ਸਾਰੀ ਵਹਿਮ ਦੇ ਕੰਮ ਕਰਕੇ ਹਾਰੀ ।
ਮੈਂ ਕੋਈ ਹੋਰ ਹਾਂ,
ਹੁਣ ਮੈਨੂੰ ਆਪਣੀ ਸਾਰੀ ਨੁਹਾਰ ਪੂਰੀ,
ਦਰਿਆਵਾਂ, ਪਰਬਤਾਂ, ਘਾਹਾਂ ਵਿਚ ਦਿੱਸਦੀ,
ਫੁੱਲਾਂ ਵਿਚ ਲਹੂ ਮੇਰਾ,
ਉਨ੍ਹਾਂ ਦਾ ਲਹੂ ਮੇਰੇ ਵਿਚ !
ਹੱਡੀਆਂ ਮੇਰੀਆਂ ਹਿਮਾਲਾ ਦੀ ਕੜੀਆਂ, ਸਿੱਧੀਆਂ ਗ੍ਰੈਨਾਈਟ (ਬੱਜਰ) ਦੇ ਹੱਡਾ
ਨਾਲ ਵਜ ਵਜ ਕੂਕਦੀਆਂ--"ਇਹ ਮੈਂ ਹਾਂ"-
ਖੁਲ੍ਹੇ ਮੈਦਾਨਾਂ ਦੇ ਘਾਹ
ਮੇਰੇ ਕੇਸਾਂ ਦਾ ਨਾਮ ਪਏ ਲੈਂਦੇ,
ਕੰਨੀਂ ਸੁਣੀਆਂ ਮੈਂ ਸਭ ਕੰਨਸੋਆਂ !
ਰਾਤ ਦੀ ਅੱਖ ਵਿਚ ਮੇਰਾ,ਮੇਰਾ ਸੁਫਨਾ,
ਅਸਗਾਹ ਨੀਲਾਣ ਵਿਚ ਮੇਰੇ ਮਨ-ਗਗਨਾਂ ਦਾ ਝਾਵਲਾ !
ਮੈਂ ਇੰਨਾਂ ਅਨੰਤ ਜਿਹਾ ਦਿੱਸਦਾ,
ਸਾਰਾ ਜਗ ਮੇਰੇ ਸੁਫਨੇ ਦੇ ਪੇਚ ਵਿਚ
ਜਗ ਥੀਂ ਵੀ ਹੋਰ ਕੁਝ ਹਾਲੇ ਮੈਂ ਕੁਝ ਹੋਰ ਹਾਂ,
ਮੇਰਾ ਨਿੱਕਾ ਜਿਹਾ ਨਾਮ ਕਿਉਂ ਰੱਖਿਆ,
ਸਭ ਥੀਂ ਕੱਟ ਕੇ, ਪਾੜ ਕੇ, ਚੀਰ ਕੇ, ਲੀਰ ਜਿਹੀ ਆਕਾਸ਼ ਨਾਲੋਂ ਇਸ ਨਾਮ
ਦੀ ਨਿਕਾਣ ਵਿਚ ਮੁੜ, ਮੁੜ, ਰੱਖਿਆ ! ਮੁੜ ਮੁੜ ਢੱਕਿਆ !
ਇਹ ਕੀ ?
ਕਰਮ, ਕਰਮ ਕੂਕਦੇ, ਕੌਣ ਕਰਦਾ ?
१
ਕਰਮ, ਕਰਮ, ਕੂਕਦੇ ਕੌਣ ਕਰਦਾ ?
ਮੈਂ ਤਾਂ ਅਨੰਤ ਹਾਂ, ਜਗ ਸਾਰਾ,
ਬ੍ਰਹਿਮੰਡ ਸਾਰਾ, ਪ੍ਰਿਥਵੀ ਦੇ ਚਲਣ ਦੇ ਕਰਮ ਕਰ ਕੇ
ਉੱਠ ਮੈਨੂੰ ਇਕ ਚਿੜੀ ਨੂੰ ਚੁਕ ਚੁਕ ਮਾਰਦੇ,
ਇਹ ਕੀ ? ਕਰਮ ਕੌਣ ਕਰਦਾ ?
ਮੈਂ ਕੀ ਕਰਦਾ ? ਮੈਂ ਤਾਂ ਬੇਹੋਸ਼, ਕਾਲ-ਫੜਿਆ, ਬੇਸੁੱਧ ਜਿਹਾ, ਮੈਨੂੰ ਤਾਂ
ਥਹੁ ਨਹੀਂ, ਮੈਂ ਕੀ ਕਰਦਾ ?
ਦਰਿਆ ਦੀ ਇਕ ਲਹਿਰ ਇਉਂ ਵਗਦੀ,
ਦੂਜੀ ਊਂ ਵਗਦੀ ਖ਼ਬਰ ਨਹੀਂ ਪੈਂਦੀ ਕਿਉਂ ਵਗਦੀ,
ਪਵਨ ਦੇ ਵੇਗ ਨਾਲ ਉੱਠਦੀਆਂ,
ਲਹਿਰਾਂ ਨੂੰ ਕੀ ਜ਼ਿੰਮੇਵਾਰੀ ?
ਹਵਾ ਨਾਲ ਪਾਣੀ ਕਿਉਂ ਕੰਬਦਾ ?
ਜੇ ਲਹਿਰਾਂ ਦੀ ਪਛਾੜਦੀ ਕਰਮ-ਗਿਣਤੀ,
ਮਿੱਤਰੋ ! ਪਾਣੀਆਂ ਨੂੰ ਹਿਠਾਹਾਂ ਨੂੰ ਖਿੱਚੇ ਕੌਣ ?
ਕੌਣ ਚਾੜ੍ਹਦਾ ਉਤਾਹਾਂ ਨੂੰ,
ਸ਼ਕਲਾਂ ਹਰ ਸਾਨੀਏ ਲੱਖ, ਲੱਖ ਵਖਰੀਆ !
ਮੀਂਹ ਪੈਂਦਾ, ਤੇ ਬਣਾਂਦਾ, ਨਿੱਕੀਆਂ ਨਿੱਕੀਆਂ, ਤਲਾਉੜੀਆਂ,
ਗਲੀਆਂ ਦੀ ਨਿੱਕੀ ਨਿੱਕੀ ਸੁੱਕੀ ਰੇਤ 'ਤੇ ਪਾਣੀ ਟੁਰਦੇ,
ਤੇ ਪਾਣੀਆਂ ਤੇ ਮੀਂਹ ਦੀਆਂ ਕਣੀਆਂ ਦਾ ਡਿੱਗਣਾ,
ਤੇ ਬੂੰਦਾਂ ਦਾ ਆਪਣੇ ਵਿਛਾਏ ਜਲਾਂ 'ਤੇ ਬੁਦਬੁਦੇ ਬਣਨਾ,
ਘੜੀ, ਘੜੀ ਬਣਨਾ, ਬਿਨਸਨਾ, ਮਰਣ ਜੀਣ ਤਾਂ ਇੱਕ ਘੜੀ ਅਕਹਿ ਜਿਹਾ
ਨਾਚ ਬੁਦਬੁਦਿਆਂ ਦਾ !
ਉਹ ਨੱਚਣਾ ਖ਼ੁਸ਼ੀ ਵਿਚ, ਉੱਠਣਾ, ਭੱਜਣਾ ਪਾਣੀਆਂ ਟੁਰਦਿਆਂ 'ਤੇ
ਹੋਣਾ-ਨ-ਹੋਣਾ ਬਰਾਬਰ ਹਰ ਪਾਸਿਓਂ,
ਤੇ ਮੁੜ ਲੱਖਾਂ ਵਿਚ ਹਰ ਇਕ ਵੱਖਰੇ ਬੁਦਬੁਦੇ ਦਾ ਨਾਚ ਆਪਣਾ,
ਇਨ੍ਹਾਂ ਘੜੀ ਦੀ ਘੜੀ ਖ਼ੁਸ਼ੀਆਂ ਕਰਨ ਲਈ,
ਇਸ ਦੁਖ-ਸੁਖ ਜੀਣ ਮਰਣ, ਦੇ ਮਿਲਵੇਂ ਅਨੰਦ ਨਿਤਯ ਦੇ ਕਰਮ ਲਈ
ਵੀ ਕਿਧਰੇ ਸੁਹਣੀ ਜਿਹੀ ਫਾਂਸੀ ਕਰਮ ਦੀ ਲਟਕੀ ਪਈ ਹੈ !
ਤੇ ਕਿਸ ਲਟਕਾਈ ਹੈ ?
२
ਹੀਆ ਵੱਡਾ ਲੋੜੀਏ,
ਮੇਰੇ ਮੱਥੇ ਕਰਮ ਲਿਖਣੇ ਨਹੀਂ ਸੌਖੇ !
ਮੈਂ ਕੀ ਜਾਣਦਾ ਮੈਂ ਕੌਣ ?
ਪਹਿਲਾਂ ਤਾਂ ਮੈਨੂੰ ਮੇਰਾ ਪੂਰਾ, ਪੂਰਾ ਥਹੁ ਦਿਓ,
ਫਿਰ ਮੈਨੂੰ 'ਸਿਆਣ' ਦਿਓ,
ਇੱਕੋ ਜਿਹੀ, ਅੱਜ ਦੀ, ਕਲ੍ਹ ਦੀ, ਭਲਕੇ ਦੀ ।
ਮੈਂ ਕੀ ਜਾਣਦਾ, ਮੈਂ ਕੀ ਕਰਦਾ,
ਸਾਰਾ ਰੱਬ ਦਾ ਹਾਲ ਮੈਨੂੰ ਮਲੂਮ ਨਾਂਹ,
ਥੋੜਾ ਵੀ ਮਲੂਮ ਨਾਂਹ,
ਕੌਣ ਆਖਦਾ : "ਮੈਂ ਕਰਦਾ"
ਪਤਾ ਨਹੀਂ ਕੌਣ ਕਰਦਾ,
ਪਤਾ ਨਹੀਂ, ਮੈਨੂੰ ਨਹੀਂ, ਦੱਸੇ ਹੋਰ ਕੋਈ ਹੈ ਪਤਾ ਜਿਸ ਨੂੰ,
ਹਾਂ ! ਕਿਸ ਮੀਂਹ ਦੀ ਕਣੀਆਂ ਦੀ ਬੁਦਬੁਦਾ-ਖੇਡ ਮੈਂ ?
ਹਾਂ ! ਕਿਸ ਕਰਤਾਰ ਦੀ ਕਿਹੜੀ ਲੀਲਾ ਦਾ ਮੈਂ ਰੰਗ ਹਾਂ ?
ਇਸ ਦੱਸੇ ਕੌਣ ?
ਪਤੇ ਵਾਲਾ ਵੀ, ਪਰ ਦੱਸੇ ਕਿੰਜ ?
ਹੀਆ ਵੱਡਾ ਲੋੜੀਏ, ਮੇਰੇ ਮੱਥੇ ਕਰਮ, ਧਰਮ, ਮੜ੍ਹਨ ਨੂੰ !
३
ਓ ਸਾਈਂ ਵਾਲਿਓ !
ਆਪ ਨੂੰ ਕਰਮਾਂ ਦੀ ਪਈ ਹੈ,
ਮੈਂ ਕੂਕਦਾ, ਦੱਸੋ ਕੀ ਇਲਾਜ, ਸੱਜਨੋਂ !
ਮੈਂ ਆਪਣਾ ਆਪ ਨ ਜਾਣਦਾ,
ਦੱਸੋ ਮੈਨੂੰ ਕੌਣ ਹਾਂ ?
ਜਿਸਮ ਮੈਨੂੰ ਅਨੰਤ ਜਿਹਾ ਦਿੱਸਦਾ ਮੇਰਾ,
ਨਾਮ ਮੇਰਾ ਨਿੱਕਾ
ਤੇ ਨਾਮ ਨੇ ਵਖਰੀ ਕੀਤੀ ਇਸ ਵੱਡੇ ਜੁੱਸੇ ਦੀ ਨਿੱਕੀ ਜਿਹੀ ਕਾਟ ਜਿਹੀ ਪਈ ਹੈ।
ਕਤਰਿਆਂ, ਕੱਟਿਆ ਸਭ ਨਾਲੋਂ ਵੱਖਰਾ ਪਿਆ ਦਿੱਸਦਾ !
ਕੀ ਬੱਸ ਇਹ ਮੈਂ ਹਾਂ—
ਜਿਹੜਾ ਇਸ ਵੱਖਰੇ, ਨਿੱਕੇ ਕੱਟੇ ਜਿਸਮ ਨੂੰ ਤੋਰਦਾ ?
ਕਿ ਇਸ ਵਿਚ ਖ਼ਾਸ ਕੋਈ ਭੇਤ ਹੈ ਵੱਖਰੇਪਨ ਦਾ ?
ਕਿ ਇਸ ਨੁਹਾਰ ਦਾ, ਰਤਾਕ, ਬੱਸ ! ਰੀਣ ਕੁ, ਹਵਾ ਮਾਤ੍ਰ ਵੱਖਰਾ ਇਕ ਰੰਗ,
ਭਾ, ਬੱਸ ! ਇਹ ਵੱਖ ਹੈ ?
ਤੇ ਇਹ ਮੈਂ ਮੇਰੀ, ਵੱਖਰ ਸਭ ਮੇਰੀਅਤ (ਮੇਰਾ ਪਨ) ਹੈ ?
ਪਰ ਇਹ ਵੀ ਠੀਕ ਨ ਦਿੱਸਦੀ ਗੱਲ,
ਮੈਂ ਤੱਕੀ ਹੈ, ਇਹ ਵੱਖਰੀ ਜਿਹੀ ਮੇਰੀ 'ਮੈਂ' ਮੇਰੀਅਤ ਵੀ,
ਲੱਖਾਂ ਵੇਰੀ ਉੱਡ ਛੱਡ ਇਸ ਵੱਖਰੇ ਵਕਸ਼ ਤੇ ਨਕੂਸ਼ ਥੀਂ,
ਮੇਰੇ ਤੱਕਦੇ, ਤੱਕਦੇ ਨੱਸੀ ਫੰਙ ਲਾ,
ਇਸ 'ਮੈਂ ਮੇਰੀ ਨੂੰ ਛੱਡ ਕੇ;
ਸੁਹਣੀ ਚੀਜ਼ ਕਦੀ ਜਦ ਦਿੱਸੀ ਇਸ ਨੂੰ,
ਇਹ ਮੈਂ ਮੋਈ, ਉੱਡੀ, ਭੱਜੀ, ਪਿਛੇ ਮੁੜ ਮੁੜ ਤੱਕ ਕੇ ਆਖੇ :
"ਬੱਸ ਮੈਂ ਇਹ ਹਾਂ,
ਜਾਹ ਉਹ ਨਹੀਂ,
ਇੱਥੋਂ ਰਹਿਸਾਂ, ਉਥੇ ਨ ਮੁੜਾਂ ਕਦੀਂ,
ਇਸ ਵਿਚ ਸਮਾਸਾਂ ਇੱਥੇ,
ਛੱਡ ਮੈਨੂੰ, ਛੋੜ, ਮਰ ਤੂੰ, ਜਾਹ,
ਹੱਟ, ਛੱਡ ਜਾਹ, ਮੈਨੂੰ,
ਮੈਂ ਤਾਂ ਇਹ ਹਾਂ,
ਉਹ ਵਹਿਮ ਸੀ,
ਮੈਂ ਬੱਸ ਹੁਣ ਇੱਥੇ ਰਹਿਸਾਂ ।"
ਲੱਖ ਵੇਰੀ ਹੋੜਿਆਂ ਇਸ ਨਟਣੀ ਜਿਹੀ ਨੂੰ,
ਪਰ ਹਰ ਵੇਰੀ ਉਧਲਦੀ, ਜਦ ਕੋਈ ਸੁਹਣਾ ਆਣ ਗਲ ਲੱਗਿਆ।
ਦਰਿਆ ਵਿਚ ਛਾਲਾਂ ਮਾਰੇ,
ਅੱਗਾਂ ਵਿਚ ਉੱਠ ਨੱਸੇ ਅੱਧੀ ਰਾਤੀਂ ਕਾਲੀਆਂ,
ਸਦਾ ਆਖੇ, ਮੈਂ ਇਹ ਨਹੀਂ, ਉਹ ਹਾਂ,
ਸਦਾ ਟੁਰਦੀ, ਨਿਤ ਉੱਠ ਨਸਦੀ,
ਘੜੀ ਘੜੀ ਲੁੱਛਦੀ ਵਾਂਗ ਜਲ ਬਿਨਾਂ ਮਛਲੀਆਂ,
ਵੇਖ ਵੇਖ ਲਿਸ਼ਕਾਂ ਸੁਹਣੱਪ ਦੀਆਂ।
ਫੁੱਲਾਂ ਵਿਚ ਰੀਝੇ ਇਰ
ਬਰਫਾਂ ਦੀ ਖੁਲ੍ਹ, ਤੇ ਠੰਢ 'ਤੇ ਮਰਦੀ,
ਧੁੱਪ ਲੋਚੇ ਅੱਗ ਲੋਚੇ, ਦਿਨ ਲੱਚੇ ਰਾਤ ਵੀ,
ਪਰਬਤਾਂ ਦੀ ਦੂਰੋਂ ਦਿੱਸਦੀ ਸਪੇਦੀ ਲੋਚੇ,
ਸੋਨਾ ਲੱਚੇ ਹੇਮਖੰਡ ਦਾ,
ਲਾਲ ਰੰਗੇ, ਕਾਲੀ, ਸ਼ਾਮ ਦੀ,
ਪਾਤਸ਼ਾਹਾਂ ਦੀ ਬੇਟੀਆਂ ਦੀ ਨੁਹਾਰਾਂ ਦੀ ਦੀਦ ਮੰਗੇ,
ਕਦੀ ਵਾਰੇ ਘਰ ਬਾਹਰ, ਘੁਮਿਆਰ ਦੀ ਗ਼ਰੀਬ ਟੁਲ ਅੰਗਣੀਆਂ ਦੀ
ਸੁਹਣੱਪ 'ਤੇ;
ਹਵ ਦੀ ਚੁੰਮਦੀ ਛੋਹ ਨੂੰ ਬੱਚੇ, ਦੇ, ਦੇ ਚੁੰਮੀਆਂ;
ਜਲਾ ਦੇ ਵਹਿਣਾਂ ਦੀ ਆਸ਼ਕ ਮਰੇ, ਮਾਰ ਮਾਰ ਚੁੱਭੀਆਂ,
ਤਾਰਿਆਂ ਨੂੰ ਦੇਵੇ ਅੱਧੀ ਰਾਤ ਉੱਠ ਨੈਣਾਂ ਦੀਆਂ ਹੱਪੀਆਂ,
ਸੂਰਜ ਨੂੰ ਚੁੱਕ ਹੱਥ ਵਿਚ ਗੇਂਦ, ਗੇਂਦ ਖੇਡਦੀ,
ਪੰਨੇ ਮੰਗੇ, ਹੀਰੇ ਮੰਗੇ, ਚੂਨੀਆਂ, ਪੰਜ ਗੀਟੜਾ ਇਹ,
ਰੀਝੇ ਕਦੀ ਅਜਨਬੀ ਕਿਸੇ ਦੇ ਪਿਆਰ ਦੇ ਸੇਵਾ ਦੇ ਮਿੱਠੇ ਮਿੱਠੇ ਗੀਤ ਇਹ
ਕਦੀ ਮੰਗੇ ਕੰਡਿਆਂ ਦੇ ਦਿਤੇ ਜ਼ਖਮਾਂ ਦੀ ਪੀੜ ਇਹ,
ਫੁੱਲਾਂ ਨੂੰ ਟੋਲਦੀ,
ਕਦੀ ਸੂਲੀ ਸਹਾਰਦੀ ਕੰਡੇ ਜਿੰਨੀ ਪੀੜ ਨਾਂਹ,
ਕਦੀ ਫੁੱਲ-ਸੱਟ ਉੱਤੇ ਚੀਰਦੀ,
ਰੀਝੇ ਕਦੀ ਕਿਸੀ ਦੀ ਨਿੱਕੀ ਜਿਹੀ ਅਦਾ 'ਤੇ,
ਤੋ ਰਾਜਿਆਂ ਨੂੰ ਠੋਕਰਾਂ ਮਾਰਦੀ,
ਹੇਠਾਂ ਨਾਲ ਬੱਧੀ ਹਸੀ ਦੀ ਲਹਿਰ ਵਿਚ ਡੁੱਬਦੀ ਕਮਲੀ ਬਿਨ ਪਾਣੀਆਂ,
ਕਦੀ ਕਿਸੀ ਦੇ ਨੈਣਾਂ ਦੀ ਮਾਰੀ ਫਕੀਰ ਜਿਹੀ ਹੋਂਵਦੀ,
ਬਰਦੀ ਬਣਦੀ ਕਿਸੀ ਸੁਹਣੇ ਦੀਦਾਰ ਦੀ,
ਤੋਂ ਤਖ਼ਤਾਂ ਤੇ ਪੈਰ ਧਰ ਲੰਘਦੀ ਸ਼ੋਖ ਜਿਹੀ ਹੋ ਕੇ,
ਕਦੀ ਹਾਸੇ ਨਾਲ ਪ੍ਰੋਈ ਖੜੀ,
ਕਦੀ ਅੱਥਰੂਆਂ ਦੀ ਕਤਾਰ ਚਲਦੀ,
ਰੀਝੇ ਅਸਮਾਨਾਂ ਵਲ ਨੀਝ ਲਾ;
ਤਾਰਿਆਂ ਨੂੰ ਤੱਕ, ਤੱਕ, ਬਲਦੀ, ਸੋਖਦੀ ।
ਕਦੀ ਹਿਸੇ (ਬੁੱਝੇ) ਇਹ ਕਾਲੀ ਰਾਤ ਦੀ ਇਕੱਲ ਵਿਚ,
ਇਉਂ ਲੱਖ ਵੇਰੀ ਮੈਂ ਤੱਕਿਆ,
ਇਹ ਆਪਾ ਟੁੱਕ, ਸੁੱਟਦੀ,
ਕਹਿੰਦੀ-ਵਾਰੀ, ਵਾਰੀ, ਘੋਲੀ ਘੋਲੀ, ਲੱਖ, ਲੱਖ ਵੇਰੀਆਂ, ਇਕ,
ਇਕ ਰੂਪ ਦੀ ਕਿਰਨ 'ਤੇ,
ਕਿਸੇ ਅਣਡਿੱਠੇ ਦੇ ਨੈਣਾਂ ਦੀ ਮੋਈ ਇਹ,
ਸਾਧਣੀ, ਬੈਰਾਗਣੀ, ਯੋਗਣੀ,
ਭੋਗਣੀ, ਸ਼ੋਖ, ਚੰਚਲ ਪਰੀ ਇਹ !
੫
ਕਦਮ, ਕਦਮ, ਦਮ ਬਦੰਮ,
ਆਪਾ ਛੱਡ ਇਹ ਨੱਸਦੀ,
ਦੂਇਆਂ ਨੂੰ ਪਿਆਰਦੀ,
ਆਖਦੀ ਹਾਲਦੀ ਜੀਭ ਨਾਲ,
ਮੂੰਹੋਂ ਨਹੀਂ ਬਲਦੀ, ਚੁੱਪ, ਬੋਲਦੀ
ਵਾਂਗ ਮੰਦਰ ਦੇ ਧੂਪ ਦੇ, ਉਦਾ, ਉਦਾ ਧੂੰਆਂ ਦਿਲ ਥੀਂ, ਉੱਠਦਾ
ਉੱਚੀ ਜਾਂਦੀ ਵਾਂਗ ਅਰਦਾਸ ਦੇ !
ਇਉਂ ਸੁਹਣੱਪ ਦੇ ਪਿਆਰ ਵਿਚ;
ਇਕ ਇਕ ਦਮ ਵਿਚ ਇਸ ਨੂੰ ਲੱਖ, ਲੱਖ, ਮੌਤਾਂ, ਮਰਨ ਲੱਖ, ਲੱਖ ਹੁੰਦੇ
ਇਹਦੇ ਪਰ ਮਰਨ ਨਾਂਹ ਪਛਾਣਦੀ,
ਮੋਈ ਸਦਾ ਦੀ, ਹਰ ਘੜੀ,
ਸਦਾ ਜੀਉਦੀ, ਮਰਦੀ ਨਾਂਹ ।
ਮੈਂ ਕਦੀ ਇਸ ਨਿੱਕੀ ਨਾਮ-ਨਹਾਰ ਵਿਚ ਨਾਂਹ ਤੱਕਿਆ,
ਜਦ ਆਈ, ਮੁੜੀ ਪਿੱਛੇ,
ਝਲਕਾ ਕਿਸੇ ਦੇ ਰੂਪ ਦਾ ਵੱਜਿਆ,
ਮੁੜ ਉਧਲੀ, ਇਹਦੀ ਕਦੀ ਖ਼ੈਰ ਨਾਂਹ !
ਲੱਖਾਂ ਬਿਜਲੀਆਂ ਪੈਂਦੀਆਂ, ਇਸ 'ਤੇ ਚੁੱਪ ਚੁਪੀਤੀਆਂ,
ਛਪੇ ਜੇ ਕਦੀ, ਇਹਦਾ ਆਹਲਣਾ ਟੋਲਦੀ ਆਂ, ਟੋਲ ਟੋਲ, ਇਹਦੇ
ਆਹਲਣੇ ਫੂਕਦੀ ਆਂ,
ਇਸ ਬਾਵਲੀ ਨੂੰ ਪਤਾ ਨਹੀਂ !
੬
ਇਹ ਜ਼ਰੂਰ ਹੈ, ਇੰਨੀ ਬੇਸਬਰ ਇਹੀ ਚੀਜ਼ ਇਹ, ਇਸ ਨਿੱਕੀ ਜਿਹੀ-ਨੁਹਾਰ
ਨਾਲ, ਵੱਖਰਾਪਨ ਜਿਹੇ ਵੰਨ ਨਾਲ; ਕਿਸੇ ਪੱਕੀ ਰੇਸ਼ਮ ਦੀ ਰੱਸੀ
ਨਾਲ ਬੱਧੀ ਜ਼ਰੂਰ ਹੈ:
ਨੱਸ, ਨੱਸ ਜਾਂਦੀ, ਮਰਦੀ, ਡੁੱਬਦੀ, ਸੜਦੀ, ਉੱਡਦੀ,
ਪਰ ਮਰੇ ਨਾਂਹ, ਡੁੱਬੇ ਨਾਂਹ, ਸੜੇ ਨਾਂਹ, ਸੁੱਕੇ ਨਾਂਹ, ਮੁੜ ਮੁੜ ਇਥੇ ਆਉਂਦੀ,
ਜਿਵੇਂ ਪੰਛੀ ਮੁੜ ਮੁੜ ਆਵੇ ਪਾਣੀਆਂ ਥੀਂ ਥੱਕਿਆ, ਸਾਗਰਾਂ ਵਿਚ ਚਲਦਾ
ਨਿੱਕਾ ਜੋ ਜਹਾਜ਼ ਹੈ !
ਮੈਂ ਹੈਵਾਨ ਦੇਖਦਾ,
ਇਹ ਡੁੱਲ੍ਹਣਾ, ਵਗਣਾ, ਵਹਿਣਾ,
ਮਰਨਾ ਛਿਣ ਛਿਣ ਦਾ ਮੇਰੀ ਮੈਂ ਦਾ, ਇਕ ਅਚਰਜ ਜਿਹਾ ਰੰਗ ਹੈ !
ਇਹ ਸਮੁੰਦਰਾਂ ਵਿਚ ਵਹਿਣ ਦਾ ਕੀ ਭੇਤ ਹੈ ?
ਇਹ ਲੱਖਾਂ ਦਰਿਆਵਾਂ ਦੀ ਨ੍ਹਾਤੀ ਧੋਤੀ ਆਬ ਨੂੰ,
ਮੇਰੀ ਮੈਂ 'ਤੇ ਚੜ੍ਹਿਆ ਰੰਗ ਮਿਲਵਾਂ ਮਿਲਵਾਂ ਲੱਖਾਂ ਹੀ ਸੁਹੱਣਪਾਂ ਦਾ,
ਇਸ ਵਿਚ ਲੱਖਾਂ ਸਮੁੰਦਰਾਂ ਦੇ ਪਾਣੀਆਂ ਦੀ ਡਲ੍ਹਕ
ਹਰ ਕਿਸੇ ਦੀ ਰੱਬਤਾ ਨੂੰ ਛੋਂਹਦੀ,
ਅਨੰਤਤਾ ਨੂੰ ਚੁੰਮਦੀ ਦਿਨ ਰਾਤ ਇਹ ਹੈ,
ਸਭ ਨਾਲ ਲਗ, ਲਗ, ਪਿਆਰ-ਜੱਫੀਆਂ ਵਿਚ ਪਲਦੀ,
ਵਗ ਵਗ ਠਹਿਰਦੀ ਠਹਿਰ ਠਹਿਰ, ਵਗਦੀ
ਨਿੱਸਰਦੀ, ਉਚੀਦੀ, ਥੀਂਦੀ
ਇਹ, 'ਨਾਂਹ', 'ਨਾਂਹ' ਹੋ ਕੇ ।
ਇਹ ਕੀ ਅਦਭੁਤ ਜਿਹੀ ਖੇਡ ਹੈ ?
ਅਨੰਤ, ਅਮਿਤ, ਅਤੋਲ, ਅਮਲ, ਅਡੋਲ, ਅਗੰਮ, ਅਥਾਹ, ਅਸਗਾਹ, ਜਿਹੜੀ
"ਉਹ" ।
ਇਉਂ ਖੇਡ ਜਿਹੀ ਵਿਚ, ਅੰਤ, ਮਿਤ, ਤੋਲ, ਮੋਲ, ਡੋਲ, ਗੱਮਤਾ, ਬਾਹਤ
ਗਾਹਤਾ ਜਿਹੀ 'ਇਸ' ਵਿਚ ਆਉਂਦੀ, ਵੱਸਦੀ, ਹੱਸਦੀ ਹੁੰਦੀ,
ਅਚਰਜ ਹੈ !
੭
ਕਰਮ ਮੈਨੂੰ ਫੜਨਗੇ,
ਫੜਨ !
ਹੱਥ ਮਾਰ ਕਰਮਾਂ ਦੇ ਹੱਥ 'ਤੇ,
ਖੁਲ੍ਹੇ ਮੈਦਾਨ, ਖੁਲ੍ਹੇ ਘੁੰਡ ਮੈਂ ਨੱਸਦੀ !
ਫੜੋ ! ਆਓ ਲਾਓ ਜ਼ੋਰ ਮੈਂ ਨੱਸਦੀ !
ਪਰ ਦੱਸੋ ਪਹਿਲਾਂ ਮੈਂ ਕਿਥੇ ? ਨਾਮ ਮੇਰਾ ਕੀ ਹੈ ?
ਉਹ ਨਾਮ ਲੋਕੀਂ ਜਿਹੜਾ ਲੈ'ਦੇ,
ਢੂੰਢ, ਢੂੰਢ ਥੱਕਿਆ,
ਜੀਵਨ-ਖੇਤਰ ਵਿਚ ਕਿਧਰੇ ਨਾਂਹ ਲੱਭਿਆ !
ਕਰਜ਼ ਦੇਣੇ ਜਿਨ੍ਹਾਂ ਦੇ,
ਫ਼ਰਜ਼ ਦੇਣੇ ਜਿਨ੍ਹਾਂ ਦੇ,
ਨੱਸੇ, ਦੌੜੇ ਸੁਣ ਮੈਂ ਆਖਿਆ,
ਫੜਿਆ ਮੈਨੂੰ, ਜ਼ੋਰ ਨਾਲ,
ਸਾਰੇ ਆਖਣ ਠੀਕ ਫੜਿਆ,
ਤੇ ਘੁਟ, ਘੁਟ, ਮੁੱਠਾਂ ਵਿਚ ਨੱਪਿਆ,
ਮੁੱਠ ਖੋਹਲੀ ਸਾਰੀ ਖ਼ਾਲੀ ਦੀ ਖ਼ਾਲੀ,
ਜੱਫੀਆਂ ਬਾਹਾਂ ਦੀਆਂ ਸਾਰਿਆਂ ਦੀਆਂ ਖ਼ਾਲੀ !
ਹਾਂ, ਆਖਣ ਉਹ ਗਿਆ ਕਿਥੇ ?
ਜਿਸ ਸਾਡੇ ਫ਼ਰਜ਼ ਦੇਣੇ ਇੰਨੇ ਢੇਰ ਸਾਰੇ,
ਜਿਸ ਸਾਡੇ ਕਰਜ਼ ਦੇਣੇ ਇੰਨੇ ਢੇਰ ਸਾਰੇ,
ਉਹ ਕੌਣ ਸੀ ?
ਚੰਗੀ ਤਰ੍ਹਾਂ ਨੀਝ ਲਾ ਨਾਂਹ ਤੱਕਿਆ,
ਸੀ ਵੀ ਕੁਝ ਕਿ ਨਹੀਂ ਸੀ ? ਠੀਕ ਸਿਞਾਣ ਨਾ ਸਕਿਆ ।
ਗਾਇਆ ਸੀ ਮੈਂ ਬਹੂੰ ਸੁਹਣਾ,
ਸੋਨੇ ਦੇ ਗੀਤ ਰੰਗੀਲੇ ਫਬੀਲੇ,
ਖ਼ਲਕ ਮੋਹਿਤ ਹੋ ਡਿੱਗਦੀ ਵਾਂਗ ਪਤੰਗਿਆਂ,
ਗੀਤ ਦੇ ਦੀਵੇ ਜੋ ਬਾਲੇ ਮੇਰੀ ਸੁਰਤਿ ਨੇ
ਦੌੜੀ ਸਾਰੀ ਖ਼ਲਕ ਆਈ,
ਲੋਕਾਈ ਕੂਕਦੀ, ਗਾਣ ਵਾਲਾ ਕਿਥੇ ?
ਕੀ ਇਹ ਬਲਦੇ ਦੀਵੇ ਪਏ ਗਾਉਂਦੇ ?
ਖ਼ੁਸ਼ੀ ਹੋ ਸਾਰੇ ਆਖਣ ਇਹ ਵੇਖੋ ਇਹ ਹੈ।
ਫੜ, ਫੜ, ਦਿਲਾਂ ਦੀਆਂ ਮੁੱਠੀਆਂ ਭਰਦੇ,
ਜਿਵੇਂ ਸੱਚ ਮੁੱਚ ਗਾਣ ਵਾਲਾ ਲੱਭਿਆ,
ਅੱਖਾਂ ਖੋਹਲ ਤੱਕਿਆ, ਕੁਝ ਨਹੀਂ ਸੀ ਉੱਥੇ,
ਮੁੱਠ ਖੋਹਲ ਖੋਹਲ ਤੱਕਦੇ,
ਖ਼ਾਲੀ, ਸਾਰੀਆਂ ਖ਼ਾਲੀ ਖ਼ਾਲੀ !
੮
ਓਏ ਮੈਂ ਉਡਾਰੂ ਜਿਹਾ ਰਸ ਹਾਂ,
ਮੈਂ ਕਿਸੇ ਆਲੀ ਉੱਚੀ ਸਰਕਾਰ, ਦਰਬਾਰ ਦਾ ਢਾਡੀ,
ਪੈਰ, ਹੱਥ, ਨੈਣ, ਦਿਲ, ਜਿਗਰ, ਜਾਨ ਵਾਲਾ ਪੂਰਾ,
ਮੇਰੇ ਪਿੱਛੇ ਕਿਉਂ ਲੱਗੇ ?
ਕਰਮਾਂ ਦੀ ਖੇਡ ਕਿਸੇ ਹੋਰ ਗਲੀ ਲੋਕੀਂ ਖੇਡਦੇ ।
ਮੈਂ ਕਰਮਾਂ ਦੀ ਖੇਡ ਨਹੀਂ ਖੇਡਦਾ,
ਕਰਮ ਮੇਰੇ ਉਹ ਉੱਡਦੇ ਵਾਂਗ ਟਿੱਡੀਆਂ;
ਦਿਨ ਦਿਹਾੜੀ ਹਨੇਰਾ ਪਾ ਮੈਨੂੰ ਡਰਾਉਂਦੇ,
ਪਰ ਛਿਣ, ਪਲ ਵਿਚ, ਜਦ ਮੈਂ ਡਰ ਡਰ ਮਰਦਾ,
"ਮਰਦ ਦਾ ਚੇਲਾ" ਛੱਡਦਾ ਤਿਲੀਅਰ ਆਪਣੇ, ਅਧ ਅਸਮਾਨਾਂ ਵਿਚ ਉੱਡਦੇ,
ਰੱਬ ਮੇਰਾ ਭੇਜਦਾ ਮਿਹਰਾਂ ਦੇ ਪੰਛੀ,
ਉਹ ਕੁਟ ਕੁਟ ਟੁਕ ਟੁਕ, ਮੇਰੇ ਕਰਮਾਂ ਦੇ ਟਿੱਡੀ-ਦਲ ਮਾਰਦੇ !
ਢੇਰਾਂ ਦੇ ਢੇਰ ! ਉਹ ਤਲੇ ਪਏ ਲਗਦੇ । ਮੋਈਆਂ ਟਿੱਡੀਆਂ ਦੇ,
ਓਏ ! ਤੈਨੂੰ ਮੈਨੂੰ ਪਤਾ ਕੀ,
ਗਗਨਾਂ ਵਾਲੇ ਦੇ ਛੁਪੇ ਲੁਕੇ ਪਛੀ ਅਦੇ, ਮਾਰ ਮੁਕਾਂਦੇ ਕਰਮਾਂ ਨੂੰ,
ਮੈਂ ਤਾਂ ਸਦਾ ਸੁਣਦਾ ਸੁਹਣੀ ਕਰਮਾਂ ਦੀ ਕਾਟ ਨੂੰ,
ਸੁਹਣੀ ਟੁਕ, ਟੁਕ ਹੋਂਦੀ ਜਦ
ਓਏ ! ਮੌਤਾਂ ਦਾ ਮੀਂਹ ਕਿਹਾ ਪੈਂਦਾ, ਮੌਤਾਂ ਡਿਗਦੀਆਂ, ਤ੍ਰਿਮ ਤ੍ਰਿਮ,
ਮੌਤਾਂ ਦਾ ਮੀਂਹ ਵੱਸਦਾ, ਤ੍ਰਿਮ, ਤ੍ਰਿਮ, ਤ੍ਰਿਮ ।
ਕਰਤਾਰ ਦੀ ਕਰਤਾਰਤਾ
[ਜਗਤ ਸਾਰਾ ਚਿਤਰਸ਼ਾਲਾ, ਬੁੱਤ ਸ਼ਾਲਾ]
१
ਘੜਤਾਂ, ਬਨਤਾਂ, ਸ਼ਕਲਾਂ, ਘਾੜਾਂ,
ਚਿਤਰ, ਰੂਪ, ਰੰਗ, ਨੁਹਾਰਾਂ
ਅਨੇਕ ਸਾਈਂ ਘੜਦਾ,
ਘਾੜ ਦੀ ਆਵਾਜ਼ ਆਵੇ,
ਸਾਈਂ ਹਥੌੜਾ ਵੱਜਦਾ,
ਜਗਤ ਸਾਰਾ ਚਿਤਰਸ਼ਾਲਾ, ਬੁੱਤ ਸ਼ਾਲਾ ਰੱਬ ਦੀ,
ਇਹ ਕਰਤਾਰ ਦੀ ਕਰਤਾਰਤਾ,
ਬੇਜਾਨ ਸਾਰੇ, ਬੁੱਤ ਸਾਰੇ ਚਿਤਰ ਸਾਰੇ,
ਹੱਥ ਮਾਲਕ ਦਾ ਜਦ ਲਗਦਾ,
ਦਮ, ਜਾਨ ਭਰਦਾ, ਜਿੰਦ ਚਲਦੀ
ਇਸ ਬੁੱਤਖ਼ਾਨੇ ਕਮਾਲ ਵਿਚ ।
ਉਹਦੀ ਕੌਮਲਾਂ ਥੀਂ ਕੋਮਲ ਉਨਰੀ ਕਰਤਾਰਤਾ,
ਉਹਦੀ ਵਾਹੀ ਲਕੀਰਾਂ ਦਾ ਭੇਤ ਗੂੜਾ;
ਅਗੱਮ ਦੀ ਕਲਮ ਨਾਲ ਪਾਉਂਦਾ,
ਲਕੀਰਾਂ ਦੇ ਚੱਕਰਾਂ ਵਿਚ ਸਭ ਜਗ ਚਮਕਦਾ,
ਉਹਦੇ ਰੰਗਾਂ ਦੀਆਂ ਉਡਾਰੀਆਂ, ਫੁਲਕਾਰੀਆਂ ਸਾਰੀਆਂ ਮਿਲਵੇਂ ਪ੍ਰਭਾਵਾਂ ਦਾ
ਸਮੂਹ ਸਾਰਾ,
ਸਭ ਰੂਪ, ਰੰਗ ਰਾਗ ਹੈ ਕਰਤਾਰ ਦਾ,
ਉਦਾਸੀ, ਖੁਸ਼ੀ, ਚਾਅ, ਜੀਣ, ਮਰਣ,
ਬੀਣ, ਅਥੀਣ, ਪ੍ਰਕਾਸ਼ ਤੇ ਹਨੇਰਾ ਦੋਵੇਂ,
ਉਸ ਕਰਤਾਰ ਦੀ ਕਲਮ ਦੀ ਛੋਹ ਦੀ ਲਮਕ, ਛੁਟਕ, ਝਿਜਕ, ਉੱਠਕ,
ਵਗਕ, ਵੇਪ੍ਰਵਾਹੀ ਜਿਹੀ, ਜਿਹੀ ਬੱਸ ਹੈ !
ਇਹੋ ਕਰਤਾਰੀ ਛੁਹ ਜੀਣ ਜਗ ਦਾ ਸ੍ਵਾਸ ਹੈ ।
ਇਹ ਵੱਖਰੀ, ਵੱਖਰੀ ਨੁਹਾਰ,
ਇਹ ਸਭ ਨਾਨਾ-ਵੱਖਰਾਪਨ,
ਅਨੰਤ, ਅਮਰ, ਨਿੱਕਾ ਜਿਹਾ ਰੰਗ ਭਾਵੇਂ, ਨਾਨਾ, ਨਾਨਾ ਜੀ ਹੈ ।
ਠੀਕ ! ਇਹ ਨਿੱਕੀ, ਨਿੱਕੀ ਅਨਹੋਂਦ ਜਿਹੀ, ਹੋਂਦ ਹੋ ਦਮ ਭਰਦੀ ਰੱਬ ਵਾਲਾ, ਕਹਿੰਦੀ ਉਹਦੇ ਹੱਥ ਦੀ ਛੋਹ ਦੀ ਸਾਰ ਹਾਂ ! ਰਸ ਦੀ ਕਣੀ ਹਾਂ, ਮਰਜ਼ੀ ਦੀ ਮਣੀ ਹਾਂ, ਉਹਦੇ ਹੱਥ ਦੀ ਬਣੀ ਹਾਂ, ਹੁਣ ਅਬਣ ਨ ਸਕਦੀ ! ਜੁਗੋ ਜੁਗ ਚਮਕ ਮੇਰੀ, ਮੇਰੀ ਕਾਹਦੀ ਉਹਦੀ ਛੋਹ ਦੀ ਕਰਾਮਾਤ ਸਾਰੀ,
ਗਗਨ, ਗਗਨ ਚਮਕ ਸੀ,
ਕਲਮ ਅਗੰਮ ਦੀ ਲਿਖੀ ਲਿਖੀ ਰੇਖ ਮੈਂ, ਹੁਣ ਕੌਣ ਮੇਟਸੀ, ਕਿਰਨ ਵਾਂਗੂ
ਕੰਬਦੀ ਵਾਹੀ ਵਾਂਗ ਤੀਰ ਮੈਂ,
ਗਾਈ ਹੋਈ ਸੁਰ ਹਾਂ ਰੰਗੀਲੀ ਸਰਕਾਰ ਦੀ, ਸਾਰਾ ਕਾਲ ਗਾਉ ਦਾ, ਪ੍ਰਤੀ
ਧੁਨੀ ਗਾਉਂਦੀ, ਨਾਮ ਕਰਤਾਰ ਦਾ, ਸਿਮਰ, ਸਿਮਰ ਹੋਰ ਹੋਂਦੀ,
ਸਦਾ ਬਸੰਤ ਜਿਹੀ ਮੁੜ ਮੁੜ ਰੰਗਦੀ, ਰੰਗਾਂ ਦੀ ਖੇਡ ਮੈਂ, ਮੁੜ ਮੁੜ ਠੰਢਦੀ
ਮੁੜ, ਮੁੜ ਤਪਦੀ, ਅੱਕਦੀ ਨਾਂਹ, ਮੁੱਕਦੀ ਨਾਂਹ, ਥੱਕਦੀ ਨਾਂਹ ਮੈਂ
ਕਰਤਾਰ ਦੀ ਕਰਤਾਰਤਾ ।
ਮੈਂ ਜਿੰਦ ਹਾਂ, ਨਿਰਜਿੰਦ ਹਾਂ, ਮਿੱਟੀ ਹਾਂ, ਪੱਥਰ ਹਾਂ, ਦੁੱਧ ਵਰਗੀ ਚਾਨਣੀ,
ਸੁਫਨਾ ਹਾਂ, ਕੀ ਜਾਣਾਂ ? ਉਹਦੇ ਉਨਰ ਦੀ ਪੂਰਣਤਾ,
ਹੱਥ ਕਰਤਾਰ ਦੀ ਛੋਹ ਦੀ ਏਕਤਾ,
ਮੈਂ ਦੀ ਅਨੇਕਤਾ ਨਾਨਤਾ, ਸਬੂਤ ਮੇਰੀ ਮੈਂ ਹੈ ।
ਇਹ ਨਿੱਕਾ ਨਿੱਕਾ ਨੁਹਾਰਾਂ ਦਾ ਫਰਕ -
ਹੈਵਾਨਾਂ ਵਿਚ, ਇਨਸਾਨਾਂ ਵਿਚ, ਨਰਾਂ ਤੇ ਨਾਰੀਆਂ, ਜਲਾਂ ਵਿਚ,
ਥਲਾਂ ਵਿਚ, ਹਰਿਆਵਲਾਂ, ਸੋਕਿਆਂ, ਤਾਰਿਆਂ ਤੇ ਫੁੱਲਾਂ ਵਿਚ,
ਮਨੁੱਖਾਂ ਤੇ ਪੰਛੀਆਂ ਵਿਚ, ਜੜਾਂ ਤੇ ਤੱਨਾਂ ਵਿਚ, ਚਰਾਂ ਵਿਚ,
ਅਚਰਾਂ ਵਿਚ, ਪ੍ਰਕਾਸ਼ਾਂ ਹਨੇਰਿਆਂ ਵਿਚ,
ਇਹ ਨਿੱਕੀ ਨਿੱਕੀ ਅਮੁੱਲ, ਨਾਨਾ ਅੰਮ੍ਰਿਤਤਾ,
ਇਹੋ ਤਾਂ ਕਰਤਾਰ ਦੀ ਕਰਤਾਰਤਾ ਦਾ, ਸ੍ਵਾਦਲਾ ਨਾਨਾ-ਵੰਨਪੰਨ ਹੈ,
ਇਹੋ ਤਾਂ ਰਸੀਆਂ ਦੀ ਆਸ ਭਾਰੀ, ਨਹੀਂ ਤਾਂ ਬਾਕੀ ਮਰਨ, ਮਰਨ ਹੈ,
ਇਹੋ ਤਾਂ ਰਸ ਦਾ ਜੀਣ ਬਾਬਾ, ਇਹੋ ਤਾਂ ਦਰਸ਼ਨ ਹੈ ।
ਬੂੰਦ ਬੂੰਦ ਲਟਕੀ ਹੈ, ਚਮਕੀ ਤਾਰ, ਤਾਰ ਨਾਲ, ਖਚੀਂਦੀ ਤਾਰ ਕਿਰਨ ਹਾਰ,
ਬੂੰਦ, ਬੂੰਦ ਖੇਡਦੀ, ਇਹੋ ਤਾਰ ਬੰਨ੍ਹਦੀ ਸਦੈਵਤਾ ਨੂੰ ਛਿਣ, ਛਿਣ ਦੇ
ਸੁਫ਼ਨੇ ਵਿਚ, ਸਦੈਵਤਾ ਖੇਡਦੀ !
ਇਹੋ ਤਾਰ ਪ੍ਰਦੀ ਕਰਤਾਰ ਦੀ ਜਿੰਦਤਾ ਨੂੰ, ਅਣਹੋਈਅਣ ਹੈ—ਅਣਹੋਸੀ
ਨਿਰਜਿੰਦ ਜਿਹੀ ਚੀਜ਼ ਨਾਲ, ਬਸ ਜਿੰਦਤਾ ਖੇਡਦੀ, ਵਾਹ ! ਵਾਹ !
ਸਾਈਂ ਕਰਦੇ-ਇਹ ਕਰਤਾਰ ਦੀ ਕਰਤਾਰਤਾ !
ਫ਼ਲਸਫ਼ਾ ਤੇ ਆਰਟ (ਉਨਰ)
१
ਫ਼ਲਸਫ਼ਾ ਜਿੰਨਾਂ ਆਰਟ ਰੂਪ ਹੈ,
ਉਹ ਕੁਝ ਇੰਜ ਹੈ, ਜਿਵੇਂ ਅਨਪੜ੍ਹ ਜ਼ਿਮੀਂਦਾਰ ਜ਼ਿਮੀਂ ਵਾਹੁੰਦਾ ਤੇ ਦਾਣੇ
ਪਾਂਦਾ ਆਪਣੇ ਘਰ, ਬਿਨਾਂ ਜਾਣੇ ਗੱਲਾਂ ਬਾਹਲੀਆਂ,
ਆਪ ਮੁਹਾਰੀ ਉਤੋਂ ਜਿੰਨੀ ਲੋੜ ਹੁੰਦੀ, ਫ਼ਲਸਫ਼ਾ ਆਪ ਮੁਹਾਰਾ ਆਉਂਦਾ
ਜਿਵੇਂ ਨਿੱਕੀ ਇਕ ਬੱਤੀ ਫੜੀ ਹੱਥ ਵਿਚ, ਲੰਮੀ ਹਨੇਰੀ ਜੰਗਲ-
ਵਾਟ ਟੁਰੀ ਜਾਂਦਿਆਂ ਜਾਂਦਿਆਂ, ਆਪ ਮੁਹਾਰੀ, ਨਪ, ਨਪ, ਕੱਟਦੀ!
ਇਕ ਵਾਰ ਜੱਟ ਇਕ ਸੋਚਾਂ-ਵਹਿਣ ਪੈ ਗਿਆ,
ਹਲ ਛੱਡਿਆ, ਪੈਲੀਆਂ ਵਿਚ ਜਾਗ ਜਿਹੀ ਵਿਚ ਸੈਂ ਗਿਆ,
ਉਹ ਪੁੱਛਦਾ ਬੀਜ ਕੋਲੂੰ, ਬੀਜ ਕਿਉਂ ਉੱਗਦਾ ?
ਮਿੱਟੀ ਵਿਚ ਕੀ ਹੈ ? ਬੀਜ ਫੜ ਸੁੱਕਾ ਹਰਿਆਂਵਦੀ, ਜਿਥੇ ਕੁਝ ਨਹੀਂ ਸੀ,
ਉਥੇ ਸਭ ਕੁਝ ਹੌਂਵਦਾ, ਜ਼ਮੀਨ ਵਿਚ ਕੌਣ ਛੁਪਿਆ, ਜਿਹੜਾ ਕਣਕ
ਦੇ ਬੂਟੇ ਨੂੰ ਉੱਚਾ, ਉੱਚਾ ਕਰਦਾ, ਪੱਤਰ ਕੱਢ, ਕੱਢ, ਚਿਤਰ ਜੀਂਦਾ,
ਜੀਂਦਾ ਖਿਚਦਾ, ਕੀ ਇਹ ਉਹੀ ਬੀਜ ਹੈ ?
ਪਿਆ ਵਹਿਣ ਨਵਾਂ ਜੱਟਾਂ ਦਾ ਪੁੱਤ ।
ਜੱਟ ਸਾਰੇ 'ਕੱਠੇ ਹੋ ਆਖਦੇ ।
ਓ ! ਆਲਾ ਸਿੰਘਾ !
ਕੀ ਹੋਇਆ ? ਕੂੰਦਾ ਨਹੀਂ ਤੂੰ ?
ਨਾਂਹ ਹਲ ਮਾਰਦਾ ?
ਦੂਜਾ ਜੱਟ-ਮਚਲਿਆ ! ਰੋਟੀ ਖਾਂਦਾ, ਲੱਸੀ ਪੀਂਦਾ ਸਭ ਸਾਡੇ ਵਾਂਗ, ਪੈਲੀ ਵਿਚ ਲੇਟ ਲੇਟ ਪਿਛਲੇ ਦਾਣੇ ਸਾਰੇ ਗੰਦੇ ਕਰਦਾ, ਓਏ ! ਕਿਰਤ ਥੀਂ ਛੁੱਟੜਾ ।
ਤੀਜਾ-ਕੁਝ ਨਾ ਆਖੋ ਭਾਈ ! ਆਲਾ ਸਿੰਘ ਸਾਧ ਹੋ ਗਿਆ ਜੇ ।
ਚੌਥਾ--ਲੈ ! ਵੇਖਾਂ ਸਾਧ ਹੋ ਗਿਆ ਈ ਉੱਲੀ ਲੱਗੇ ਬੰਦੇ ਵੀ ਸਾਧ ਥੀਂਦੇ ?ਆਲਾ ਸਿੰਘ ਆਲਸ ਦੀ ਉੱਲੀ ਦਾ ਮਾਰਿਆ, ਸਚ ਜਾਣੀਂ ! ਸਾਧ ਤਾਂ ਤੇਜ਼ ਧਾਰ ਵਾਲੀ ਤਲਵਾਰ ਹੁੰਦੇ, ਉਹ ਤਾਂ ਕੁਝ ਹੋਰ ਚੀਜ਼ ! ਪੰਜਵਾਂ-ਭਰਾ ਸਾਡੇ ਨੂੰ ਕਈ ਮਨ ਦਾ ਰੋਗ ਲਗਾ ਈ, ਭਰਾਵਾਂ ਦੱਸ ਖਾਂ ! ਦਾਣੇ ਇਕ ਦੀ ਥਾਂ ਦੋ ਕਿੰਜ ਲਗਣ, ਤੇ ਸੋਚਦਿਆਂ ਇਕ ਵੀ ਗੁੰਵਾ ਲਿਆ ਈ ਭਰਾਵਾ ! ਇਸ ਸਾਲ ਹੁਣ ਤੇਰੇ ਘਰ ਦਾਣੇ ਮੁਕਣੇ !
ਇਹੋ ਨਾਂਹ ਬਸ ਸੋਚਾਂ ਦਾ ਸਿੱਟਾ :
ਹਲ ਵਾਹੋ, ਰੂੜੀ ਪਾਓ, ਜਾਂ ਖਾਦ ਬਣੀ ਹੱਡੀ ਪਾਓ, ਲਹੂ ਪਾਓ, ਪੈਲੀ ਵਾਹੋ, ਪਸੀਨੇ ਆਪਣੇ ਦਾ ਬੀਜ ਪਾਓ, ਮੁੜ ਵਾਹੋ, ਬੀਜ ਚੰਗਾ ਚੁਣੋ, ਮੁੜ ਚੁਣੋ, ਫਿਰ ਚੁਣੋ, ਇਹ ਸਭ ਠੀਕ, ਇੰਨਾਂ ਤਾਂ ਅਸੀਂ ਵੀ ਸਮਝਦੇ । ਪਰ ਸੋਚਾਂ ਕੀ ਸੰਵਾਰਦੀਆਂ !
ਫਲਾਸਫ਼ਰ ਬੋਲਿਆ :
ਹੈਂ ! ਕੀ ਸਾਰਾ ਸਾਲ ਹੀ ਲੰਘ ਗਿਆ, ਮੈਂ ਤਾਂ ਹਾਲੇ ਇਥੇ ਅਪੜਿਆ ਕਿ ਖੇਤੀ ਕਰਨਾ ਸਾਡੇ ਵੱਸ ਦੀ ਹੀ ਚੀਜ਼ ਨਾਂਹ, ਹਲ ਕਾਹਨੂੰ ਮਾਰਨਾ ! ਮੀਂਹ ਪਾਣਾ ਜੋ ਵਸ ਨਾਂਹ ਸਭ ਕੰਮ ਕਸੂਤਰੇ। ਕੰਮ ਕਰਨਾ ਨਿਹਫਲ ਜਿਹਾ ਦਿੱਸਦਾ !
ਸਾਰੇ -ਓਏ ! ਆਲਾ ਸਿੰਘਾ !
ਬੱਸ ! ਇਸ ਔਕੜਾਂ ਵਿਚ ਫਸਿਆ ਪਿਆ ਹੈਂ, ਅਸਾਂ ਕਿਹਾ ਕੋਈ ਸੁਹਣੀ ਗੱਲ ਸੋਚਦਾ ! ਕਮਲਿਆ ! ਚਲ, ਉੱਠ, ਹਲ ਜੋੜ, ਮੀਂਹ ਪੈਸੀ ਨਾ ਪੈਸੀ ਸੋਚਦਾ । ਨਾਂ ਪਿਆ ! ਅਸੀਂ ਧਰਤੀ ਪੁੱਟ ਤੇਰੀ ਪੈਲੀ ਖੂਹ-ਪਾਣੀ ਦਿਆਂਗੇ, ਉਠ ਕਮਲਿਆ। ਹੱਕ ਬਲਦ ।
ਬੱਸ ਠੀਕ ! ਇਉਂ ਜਦ ਆਰਟ (ਉਨਰ) ਦੀ ਕਿਰਤ ਥੀਂ, ਸੋਚ ਨਿਕਲ ਲਾਂਭੇ ਜਾਂਦੀ, ਫਲਸਫਾ ਬਣਦੀ, ਇਹ ਫਲਸਫਾ-ਸੋਚ ਮਾਰਦੀ, ਆਰਟ ਵੀ ਉਠ ਮਾਰਦਾ ਜਦ ਨਿਰੋਲ ਫ਼ਲਸਫ਼ਾ ਬਣ ਆਉਂਦਾ, ਅਤੀ ਚਿੰਤਨ ਫਲਸਫਾ ਹੈ ਜਿਵੇਂ ਜੱਟਾਂ ਬੁੱਝਿਆ, ਬੰਦੇ ਨੂੰ ਉੱਲੀ ਲਾ ਮਾਰਦਾ, ਆਦਮੀ ਕੁਝ ਮਸਿਆ, ਮੁਸਿਆ ਹੁੰਦਾ, ਬਦਬੂ ਆਉਂਦੀ !
२
ਫ਼ਲਸਫ਼ੇ ਥੀਂ ਮੈਂ* ਅੱਕਿਆ,
ਤੇ ਫ਼ਲਸਫ਼ੇ ਦੀ ਨੀਂਹ ਤੇ ਰਖੋ ਜਿਹੜੇ ਧਰਮ ਤੇ ਮਜ਼੍ਹਬ ਜਿਹੜੇ ਕਿਰਤੀ
ਨਹੀਂ ਹਨ !
ਲੋਕੀਂ ਵੀ ਸਾਰੇ ਅੱਕੇ ਪਏ ਹਨ,
ਧਰਮ ਇਕ ਫਾਹੀ ਜਿਹੀ ਲੱਗੀ ਸਭ ਦੇ ਗਲੇ ਵਿਚ,
ਸ਼ਰਮ ਮਾਰ ਕੂੰਦੇ ਨਹੀਂ ਹਨ,
ਪਰ ਛੱਡ ਦੇ, ਛੱਡੀ ਬੈਠੇ ਸਦੀਆਂ ਦੇ ਧਰਮ ਸਭ ਚੋਰੀ ਚੋਰੀਆਂ !
ਇਕ ਕੂੜ-ਵਹਿਮ ਵਿਚ ਫਸੇ ਨਿਕਲ ਨਾ ਸਕਦੇ,
ਸੱਚ ਇਨ੍ਹਾਂ ਪਾਸੋਂ ਕਦਾਈ ਦਾ ਉੱਡਿਆ,
ਜਿਵੇਂ ਮੈਂ ਬਤਾਲੀ ਸਾਲ ਬਾਅਦ ਵੀ ਨਾ-ਵਹਿਮ ਥੀਂ ਨਾ ਨਿਕਲ ਸਕਦਾ,
ਕੋਈ ਬੁਲਾਏ ਮੈਨੂੰ ਕੰਨ ਵਾਂਗ ਘੋੜੀ ਘੋੜੇ ਦੇ ਖੜੇ ਕਰ ਸੁਣਦਾ,
ਖ਼ੁਸ਼ ਹੁੰਦਾ, ਹਿਣਕਦਾ ਖੋਤਾ,
ਪਰ ਅਫ਼ਸੋਸ ਇੰਨਾਂ ਕਿ ਮੈਨੂੰ ਘੋੜੀ ਘੋੜੇ ਜਿੰਨੀ ਵੀ ਅਕਲ ਨਹੀਂ ਆਈ
ਹਾਲੀਂ ਤੱਕ,
ਉਹ ਤਾਂ ਬੋਲਦੇ ਜਦ ਮਾਲਕ ਸੀਟੀ ਮਾਰਦਾ,
ਉਹ ਹਿਣਹਿਣਾਂਦੇ ਜਦ ਜਦ ਸਾਈਂ ਕਦੀ ਦਿੱਸਦਾ,
ਤੇ ਮੈਂ ਹਾਲੀਂ ਖੋਤੇ ਦਾ ਖੋਤਾ, ਕੋਈ ਪਰਖ ਨਾਂਹ, ਸਿੰਞਾਣ ਨਾਂਹ !
ਫ਼ਲਸਫ਼ੇ ਦਾ ਕੰਮ ਹੈ ਠੱਗ ਲੈ ਜਾਣਾ,
ਰੱਬ ਦੇ ਬੁੱਤਖਾਨੇ ਥੀਂ ਕੱਢ ਕਿਸੇ ਗੁਫਾ ਜਿਹੀ ਵਿਚ ਵਾੜਨਾ,
ਇਹ ਗੁਵਾਂਦਾ ਰਾਹ ਮੇਰੇ ਅਸਲੀ ਵਤਨ ਦਾ,
ਲੋਕੀਂ ਭੁੱਲੇ ਫਿਰ ਟੋਲਦੇ ਸਦੀਆਂ, ਰਾਹ ਨਾ ਲੱਭਦਾ, ਪ੍ਰੀਤਮ ਦੇ ਦੇਸ ਦਾ,
ਗੁਫਾ ਹਨੇਰੀ, ਵਿਚ ਘੁੰਮਣ-ਘੇਰੀਆਂ, ਭੁੱਲ ਭੁਲੱਈਆਂ !
ਮਾਰਾਂ ਰਾਹ ਦੀਆਂ ਖਾਂਦੇ,
ਭਨਾਂਦੇ ਸਿਰ, ਢਹਿ ਢਹਿ ਮਰਦੇ,
ਫਿਰ ਉੱਠਦੇ ਫਿਰ ਮਾਰੇ ਜਾਂਦੇ,
ਰੰਗ ਇਹ ਫ਼ਲਸਫ਼ਾ !
ਖੁਲ੍ਹੇ ਮੈਦਾਨਾਂ ਦੇ ਲੋਕ ਹਨੇਰੀ ਕੋਠੜੀ ਪੈਂਦੇ,
ਉੱਥੇ ਭੂਤ ਵੱਸਦੇ,
ਉਨ੍ਹਾਂ ਦੀਆਂ ਗੁਲਾਮੀਆਂ ਕਰਦੇ, ਪਾਣੀ ਢੋਂਦੇ, ਲੱਕੜਾਂ ਕੱਟਦੇ,
ਕੋਟੜੇ ਖਾਂਦੇ, ਕੁਝ ਬਣ ਨਾ ਪੈਂਦਾ,
ਰਾਹ ਨਹੀਂ ਦਿੱਸਦਾ ਬਾਹਰ ਆਣ ਨੂੰ,
ਮੁੜ ਮੁੜ 'ਰੱਬ' ਰੱਬ' ਕਰਦੇ ਮਤੇ ਕੁਝ ਬਣੇ,
ਪਰ ਅਮਰ ਕੋਈ ਨਹੀਂ,
ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ, ਇੰਨਾ ਵੀ ਜਿੰਨਾਂ ਦੋ ਪੈਸੇ ਦੀ
ਅਫ਼ੀਮ ਵਿਚ, ਇਕ ਪਿਆਲੇ ਸ਼ਰਾਬ ਵਿਚ,
'ਰੱਬ' 'ਰੱਬ' ਕਰਦੇ ਬੇ-ਰਸਾ, ਬਹੁੜੀ ਕਿੱਧਰੋਂ ਕੋਈ ਨਾਂਹ,
ਆਖ਼ਰ ਖੱਪ, ਖੱਪ ਰੱਬ ਥੀਂ ਮੁਨਕਰਦੇ,
'ਇਹੋ ਨਾਂਹ ਖੇਡ ਧਰਮ ਥੀਂ ਅਧਰਮ ਹੋਣ ਦੀ,
ਬਿਨਾਂ ਰਸ ਦੇ ਜੋਗ ਥੀਂ ਭੋਗ ਚੰਗਾ ਲੱਗਦਾ,
ਮੁੜ ਮੁੜ ਪਿਆਲੇ ਪੀ, ਪੀ, ਜ਼ਨਾਨੀਆਂ ਦੇ ਗਲੇ ਲੱਗਦੇ, ਮੋਏ ਹੋਏ ਮੋਈਆਂ
ਨੂੰ ਮਾਰਦੇ, ਕੀੜੇ ਕਤੂਰੇ ਵਧਦੇ, ਹੋਰ ਹੁੰਦੇ ਵਧ, ਗੁਲਾਮੀ ਕਰਨ ਨੂੰ
ਭੂਤਾਂ ਦੀ, ਕਿਰਤ ਥੀਂ, ਛੁੱਟੜ ਲੋਕੀਂ, ਮਾਰੇ ਫ਼ਲਸਫ਼ੇ ਠੱਗ ਨੇ !
ਪਰ ਟੁਰੀ ਜਾਂਦੇ ਲੋਕੀਂ ਪਏ ਉਸੇ ਅੰਨ੍ਹੀ ਹਨੇਰੀਆਂ !
ਹਿੰਮਤ ਕਰਨ ਉਹ ਵੀ ਉਸ ਵਿਚ, ਵਿਅਰਥ ਸਾਰੀ ਹਿੰਮਤ,
ਬਾਹਰ ਆਣੇ ਕੌਣ ਸਾਰੇ ਅਫ਼ੀਮਚੀ,
ਤੇ ਕੱਟੜੇ ਪੈਂਦੇ ਨੰਗੇ ਪਿੰਡਿਆਂ ਤੇ ਉਸ ਹਨੇਰੇ ਦੇ ਭੂਤਾਂ ਦੇ,
ਕਰਤਾਰ ਨੂੰ ਭੁੱਲ ਕੇ, ਉਹਦੇ ਬੁੱਤਸ਼ਾਲਾ, ਚਿਤਰਸ਼ਾਲਾ ਥੀਂ ਨਿਕਲ, ਮਨ ਦੀ
ਕੋਠੜੀ ਹਨੇਰੀ ਵਿਚ ਕੈਦ ਹੋ "ਮੈਂ" "ਮੈਂ" ਦੀ ਕਾਲੀ ਰਾਤ ਵਿਚ ਰਹਿੰਦੇ,
ਕਦਮ ਸਭ, ਬੱਸ, ਉਲਟ ਪੈਂਦੇ, ਧਿਆਨ ਸਾਰਾ ਉਲਟਾ, ਜੋਗ ਉਲਟਾ ਪੈਂਦਾ,
ਭੋਗ ਵੀ ਪੁੱਠਾ ਹੋ ਮਾਰਦਾ, ਧਰਮ ਖਾਣ ਨੂੰ ਆਉਂਦਾ, ਰੱਬ ਵੈਰੀ
ਦਿੱਸਦਾ;
ਜੀਣਾ ਮਰਨ ਥੀਂ ਵਧ ਦੁਖਦਾਈ,
ਮਰਨ ਨਸੀਬ ਨਹੀਂ ਹੁੰਦਾ,
ਮੁੜ ਮੁੜ ਡਿਗਦੇ ਮਨ-ਘੜਤ ਫ਼ਲਸਫ਼ੇ ਵਿਚ, ਉਲਟੀ ਸਭ ਸ੍ਰਿਸ਼ਟੀ ਦਿੱਸਦੀ,
ਜੀਵਨ ਸਾਰਾ ਇਨ੍ਹਾਂ ਮਨ ਦੇ ਜੂਏ ਵਿਚ ਹਾਰ ਹੱਥ ਝਾੜਿਆ !
ਜਵਾਰੀਏ, ਚੋਰ ਸਾਰੇ, ਹਾਰ, ਹਾਰ ਮਰਦੇ !
ਗੀਤਾ ਪੜ੍ਹਨ, ਕੁਰਾਨ ਪੜ੍ਹਨ,
ਉਪਨਿਸ਼ਦ ਪੜ੍ਹਨ, ਪੁਰਾਨ ਸਾਰੇ,
ਹਨੇਰੇ ਵਿਚ, ਰੱਬ ਥੀਂ ਭੁੱਲਿਆਂ,
ਇਸ ਕਾਈ ਭੂਤ--'ਮੈਂ" ਨੂੰ ਪਾਲਦੇ
ਕੀੜੇ ਵਧਦੇ, ਕਤੂਰੇ,
ਪਿਆਰ ਨਾਲ ਨਿਉਂ ਸਾਰਾ ਟੁਟੀਦਾ,
ਸੁਹਣੱਪ ਨੈਣਾਂ ਵਿਚ ਨਹੀਂ ਰਹਿੰਦੀ,
ਕਰਤਾਰ ਦੀ ਛੋਹ ਜਿਹੜੀ ਕਈ ਵਿਚ ਉਹ ਪਥਰੋਂਦੀ, ਹਾਂ ਮੈਂ ਕਹਾਂਗਾ,
ਕਰਤਾਰ ਦੀ ਕਣੀ ਅੰਞਾਈ, ਵਿਅਰਥ ਗੁੰਮਦੀ,
ਦਿਲ ਖ਼ਾਲੀ ਸੱਖਣਾ ਸੱਖਣੇਪਨ ਕਾਲੇ ਦਾ ਧਿਆਨ, ਆਕਾਸ਼ ਦੀਆਂ ਬ੍ਰਿਤੀਆਂ
ਫ਼ਲਸਫ਼ਾ ਸਿਖਾਂਦਾ,
ਮਨ ਵਿਚ ਕੈਦ ਲੋਕੀਂ,
ਮਨ-ਘੜਤ ਗੱਲਾਂ ਕਦ ਜਗਾ ਸਕਣ,
ਹੋਰ ਮਾਰਦੀਆਂ ਹੋਰ ਫ਼ਾਂਹਦੀਆਂ,
ਮਨ ਦੀਆਂ ਚੰਚਲਤਾਈਆਂ ਤੇ ਕੈਦੀ ਸਭ ਖ਼ੁਸ਼ ਹੁੰਦੇ,
ਸਮਝਣ ਹਨੇਰੇ ਦੀਆਂ ਦੀਵਾਰਾਂ ਟੁੱਟੀਆਂ,
ਉਹ ਹੋਰ ਹਨੇਰ ਪਾਉਂਦੀਆਂ !
३
ਇਉਂ ਆਖ਼ਰ ਫ਼ਲਸਫ਼ਾ ਕੌਮਾਂ ਦੀ ਮੌਤ ਹੈ,
ਸਦੀਆਂ ਲੰਮੀ ਰਾਤ ਪਾਉਂਦਾ,
ਸਾਰਾ ਧਰਮ ਕਰਮ ਮਾਰਦਾ !
ਧੰਨ ਸਾਰੇ ਪਾਪ ਇਨ੍ਹਾਂ ਦੇ
ਪਾਪ ਘੋਰ ਪਾਪ ਹੋਂਵਦੇ,
ਮੌਤ ਹੋਰ ਕੀ ਹੈ ?
ਦੁਖ ਇਹ ਮੌਤ ਤੇ ਹੈ !
ਕੌਮਾਂ ਮਰ ਮੋਈਆਂ,
ਸ੍ਵਾਸ ਸਾਰੇ ਬੇਸ੍ਵਾਦ ਜਿਹੇ, ਦੁਖੀ ਜਿਹੇ,
ਛਿੱਥੇ ਜਿਹੇ ਪੈਣਾ, ਮਰਨ ਬੱਸ ਇਹ ਹੈ ਮੇਰਾ, ਤੇਰਾ,
ਹੋਰ ਮੌਤ ਕੋਈ ਨਾਂਹ,
ਮੋਇਆਂ ਮਨਾਂ ਨੇ ਇਨ੍ਹਾਂ ਮੁਰਦਿਆਂ ਨੂੰ ਕੀ ਜਿਵਾਉਣਾ !
ਉਹ ਧਰਮ ਬੁੱਧ ਜੀ ਦੀ ਅੱਖ ਥੀਂ ਆਇਆ ਬਚਾਉਂਦਾ
ਉਹੋ ਮਨਾਂ ਥੀਂ ਆਇਆ ਮਾਰਦਾ,
ਉਹੋ ਸਾਈਂ ਦੀ ਅੱਖ ਥੀਂ ਮੁਰਦੇ ਜਿਵਾਉਂਦਾ,
ਉਹੋ ਮਨ ਥੀਂ ਨਿਕਲਿਆ ਕਾਲ-ਸੱਟ ਮਾਰਦਾ ।
8
ਪਾਰਸ ਸੀ ਭਾਰਾ ਰਾਜਪੂਤ ਇਕ ਰਾਜੇ ਪਾਸ,
ਪ੍ਰਿਥੀਰਾਜ ਉਸ ਨੂੰ ਸੱਦਦਾ, ਆਖਦਾ, ਪਾਰਸ ਦਿਹ ਮੈਨੂੰ ਲੋੜ ਹੈ !
ਰਾਜੇ ਕੱਢ ਪਾਰਸ ਦਿਖਾਲਿਆ,
ਸਾਦਾ ਜਿਹਾ ਪੱਥਰ ਸੀ,
ਪ੍ਰਿਥੀਰਾਜ ਦੀ ਤਲਵਾਰ ਨੂੰ ਸੱਜੇ ਹੱਥ ਲੈ ਪਾਰਸ ਛੁਹਾਇਆ,
ਸੋਨੇ ਦੀ ਹੋਈ, ਸਾਰੀ ਚਮਕੀ;
ਪ੍ਰਿਥਰਾਜ ਖੁਸ਼ ਹੋ ਮੰਗਦਾ,
ਪਾਰਸ ਦਾ ਮਾਲਕ ਦਿੰਦਾ ਪਾਰਸ,
ਪਰ ਪਾਰਸ ਪ੍ਰਿਥੀਰਾਜ ਦੇ ਹੱਥ ਉਹ ਕੰਮ ਨਾਂਹ ਕਰਦਾ;
ਕਈ ਲੋਹੇ ਆਂਦੇ, ਲੋਹੇ ਦੇ ਲੋਹੇ, ਪਾਰਸ ਪੱਥਰ ਦਾ ਪੱਥਰ,
ਪ੍ਰਿਥੀਰਾਜ ਘੁਰਦਾ, ਇਹ ਪਾਰਸ ਨਾਂਹ,
ਰਾਜੇ ਹੱਥ-ਨਾਟਕ ਕੋਈ ਕੀਤਾ,
ਮੁੜ ਪਾਰਸ ਮਾਲਕ ਹੱਥ ਸਿੰਞਾਣ ਕੇ ਮੰਨਦਾ,
ਮੁੜ ਸਾਰੇ ਲੋਹੇ ਉਸੀ ਪੱਥਰ ਦੀ ਛੋਹ ਨਾਲ ਸੋਨਾ ਹੁੰਦੇ,
ਮੁੜ ਪ੍ਰਿਥੀਰਾਜ ਪਾਰਸ ਲੈਂਦੇ, ਪਾਰਸ ਮੁੜ ਰੁੱਸਦਾ ।
ਜੋ ਗੱਲ ਪ੍ਰਿਥੀਰਾਜ ਸੀ ਨਹੀਂ ਸਮਝਿਆ, ਉਹ ਅਸੀਂ ਸਦੀਆਂ ਲੰਮੀਆਂ
ਨ ਸਮਝਦੇ,
ਪਰ ਉਨਰ-ਕਮਾਲ ਦਾ, ਆਰਟ ਰੱਬ ਦਾ ਭੇਤ ਇਹ,
ਪਾਰਸ ਦਾ ਕਮਾਲ ਤਾਂ ਰੱਬ ਦੇ ਹੱਥ ਦੀ ਛੁਹ ਹੈ,
ਮਨ ਮਨੁੱਖ ਦਾ ਪਾਰਸ ਠੀਕ ਹੈ,
ਪਰ ਬਿਨਾਂ ਉਸ ਹੱਥ-ਛੁਹ ਦੇ ਪੱਥਰ ਦਾ ਪੱਥਰ,
ਇਹ 'ਮੈਂ ਦਾ ਭੇਤ ਹੈ,
ਉਹ ਨਹੀਂ ਜੋ ਉਪਨਿਖਦ ਦੱਸਦਾ,
ਤੇ ਉਪਨਿਖਦ ਬ੍ਰਹਮ 'ਮੈਂ' ਫ਼ਲਸਫ਼ੇ ਦੀ ਝਾਤ ਨਾਲ ਹੋਰ ਕੂਕਦੇ,
ਪਾਰਸ ਦੀ 'ਮੈਂ' ਬੋਲਦੇ ਨਾਂਹ,
ਰੁਸਦੀ, ਮਨੀਂਦੀ, ਪਰ ਚੁੱਪ
ਆਖੇ ਕੁਝ ਨਾਂਹ, ਹੋਈ ਜੂ ਕੁਝ ਨਾਂਹ
ਗੀਤਾ ਦੀ ਮੈਂ ਵੀ ਬੋਲਦੀ,
ਬੁੱਧ ਦੇ ਬੁਤ ਦੀ ਮੈਂ ਨਾਂਹ ਬੋਲਦੀ,
'ਸ਼ਬਦ ਮੈਂ" ਗੁਰੂ ਗ੍ਰੰਥ ਦੀ ਚੁੱਪ ਹੈ,
ਇੱਥੇ ਕੋਮਲ ਉਨਰਾਂ ਦੇ ਕਮਾਲ ਦੀ ਨਜ਼ਾਕਤ,
ਇੱਥੇ ਅਦਾ ਹੈ ਪਿਆਰ ਦੀ,
ਇੱਥੇ ਮਨ ਮਰ ਗਿਆ ਹੈ, ਪਾਰਸ ਦੀ ਮੈਂ ਵਿਚ,
ਬੱਸ, ਇੰਨਾਂ ਨਿੱਕਾ ਜਿਹਾ ਭੇਤ ਹੈ
ਫ਼ਲਸਫ਼ੇ ਤੇ ਆਰਟ, ਮਨ ਦੀ ਹਨੇਰੀ ਮੈਂ ਤੇ ਕਿਰਤੀ ਮੈਂ ਵਿਚ,
ਆਰਟ-ਕਿਰਤ ਦੀ ਟੋਹ ਜਾਣਦੀ,
ਪਾਰਸ ਕਰਤਾਰ ਹੱਥ ਦੀ ਛੋਹ ਸਞਾਣਦਾ,
ਇਹ ਸਰਵੱਗਯਤ ਆਰਟ (ਉਨਰ) ਦੀ
ਬੁੱਤ ਵਿਚ ਚਿਤਰ ਵਿਚ, ਰੰਗ ਕਿਸੇ ਵਿਚ
ਬੈਠੀ, ਸੁੱਤੀ, ਜੀਂਦੀ, ਜਾਗਦੀ,
ਹਿਲਦੀ ਪ੍ਰੀਤਮ ਦੀ ਬੱਸ ਯਾਦ ਤਾਰ ਹੈ !
ਉਸ ਕਰਤਾਰ ਦੀ ਛੋਹ ਦਾ ਸ੍ਵਾਦ ਹੈ,
ਪਾਰਸ ਰੱਬ ਦੀ ਕਰਾਮਾਤ ਹੈ,
ਇਉਂ ਸਦਾ ਆਇਆ ਸਦੈਵ ਲਈ,
ਇਕ ਰੰਗ-ਰਸ, ਸ੍ਵਾਦ-ਸੁਖ,
ਇਹ ਸਦੈਵ ਦਾ ਜੀਣ ਹੈ,
ਆਵੇਸ਼ ਹੈ ਰੱਬੀ, ਗੁਪਤ,
ਬੱਸ ਚੀਜ਼ ਹੈ, ਅਨੇਮੀ,
ਨੇਮ ਸਾਰੇ ਡੁੱਬਦੇ !
ਬੱਸ, ਪਿਆਰ ਹੀ ਪਿਆਰ ਇਕ ਪੂਰਾ ਸੱਚ ਹੈ,
ਠੀਕ ਹੈ ! ਸਭ ਪੀਰ ਪੈਗੰਬਰ, ਔਲੀਏ,
ਇਕ ਸਾਦੀ ਪਾਰਸ-ਗੱਲ ਸਨ ਭੁੱਲੇ,
ਉਨ੍ਹਾਂ ਦੀਆਂ ਉੱਮਤਾਂ ਰੁਲੀਆਂ:
ਡੰਕੇ ਦੀ ਚੋਟ ਵੱਜੀ,
ਦਮਾਮੇਂ ਦੀ ਸੱਟ ਅਨੰਦਪੁਰੇ ਗੂੰਜਦੀ,
ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਲਿਖਦੇ,
ਦਰਸਾਉਂਦੇ ਸੱਚ, ਦਰਸ਼ਨ ਕਰਾਉਂਦੇ :
"ਕੂੜ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ,
ਸਾਰ ਕਹੈ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਯੋ ਤਿਨ ਹੀ ਪ੍ਰਭ ਪਾਇਉ"
ਬਾਜਾਂ ਵਾਲੇ ਆਖਦੇ :
ਇਨ੍ਹਾਂ ਰਾਹ-ਭੁੱਲਿਆਂ, ਰੱਬ ਭੁੱਲਿਆ
ਮਨਾਂ ਦੇ ਧਰਮ, ਕਰਮ ਸਭ ਫੋਕਟ, ਢੰਗ ਸਾਰੇ ਮਸੰਦਾਂ ਦੇ,
ਸਭ ਇਹ ਦੁਖ, ਮੌਤ-ਸੰਪ੍ਰਦਾ ਜੇ ਮੇਰ ਸਿਖੋ !
"ਬਿਨ ਕਰਤਾਰ ਨ ਕਿਰਤਮ ਮਾਨੋ --
ਇਹ ਮੋਏ 'ਕਿਰਤਮ ਸੱਚ ਪਛਾਣਦੇ;
ਫਰਮਾਉਂ ਦੇ :
'ਸ਼ਬਦ-ਅਵਤਾਰ' ਗੁਰੂ ਗ੍ਰੰਥ ਮੈਂ ਹਾਂ,
'ਰੱਬ ਦੀ ਯਾਦ' ਬੱਸ ਮਾਂ ਮੇਰੀ,
ਯਾਦ ਕਰੋ, ਗੁਰੂ ਤੁਸਾਂ ਵਿਚ ਹੈ,
ਕਰਤਾਰ ਦੀ ਕਰਤਾਰਤਾ ਦੀ ਛੋਹ ਦਾ ਰਸ-ਰੂਪ ਯਾਦ ਹੈ,
ਰਸ ਨਾਮ ਦਾ ਖੁਨਕ-ਪਿਆਰ, ਬੱਸ ਇਹੋ ਜੀ ਜੀਣ, ਇਹੋ ਸੁਖ ਇਹ ਸੱਚ ਹੈ ।
ਹੋਰ ਕੋਈ ਨਾਮ ਨਾਂਹ, ਬਸ ਇਕ ਇਹ ਨਾਮ ਹੈ, ਇਹ ਕਰਤਾਰ ਹੈ ਅਕਾਲ ਹੈ,
ਅਕਾਲ ਉਸਤਤ ਇਕ ਨਿਰੋਲ ਸੱਚ ਹੈ,
ਹੋਰ ਏਕਤਾ ਨਾਂਹ ਕੋਈ,
ਨਾਨਤਾ ਤੇ ਰੰਗ ਵਿਚ ਇਕ ਨਾਮ ਨਾਨਾ-ਏਕਤਾ ਹੈ,
ਸਤਿਨਾਮ ਉਸ ਨੂੰ ਗੁਰੂ-ਅਵਤਾਰ ਆਖਦਾ,
ਏਕਾ ਪਹਿਲਾ ਲਾਉਂਦਾ ਇਕ ਹੈ,
ਪਰ ਗੁਰੂ ਗ੍ਰੰਥ ਸਾਰਾ ਇਸ ਇਕ ਰੰਗ ਦੀ ਨਾਨਤਾ,
ਪਿਆਰ ਵੇਖ, ਪਿਆਰ ਪੀ, ਪਿਆਰ ਛੁਹ,
ਪਿਆਰ ਨੂੰ ਮਿਲ, ਪਿਆਰ ਭੋਗ, ਪਿਆਰ ਜੋਗ,
ਪਿਆਰ ਗੀਤ, ਪਿਆਰ ਨਿਤਯ, ਪਿਆਰ ਰਸ,
ਬੱਸ ਪਿਆਰਾਂ ਦੀ ਨਾਨਤਾ !
੫
ਅਣਘੜੇ ਪੱਥਰ ਵਿਚੋਂ ਕਿਰਨ ਖਾ,
ਪਰੀ ਫੰਝਾਂ ਵਾਲੀ ਬੁੱਤ ਬਣ ਨਿਕਲੀ,
ਇਹੋ ਦੇਵੀ ਦੇਵਤਾ ਕਰਦੀ 'ਤੂੰਹੀਂ' 'ਤੂੰਹੀ'
ਸਾਈਂ, ਸਾਈਂ ਕਰਦੀ, ਉੱਡਦੀ,
ਵੱਖਰੀ ਨੁਹਾਰ, ਕਰਤਾਰ ਦੀ ਨਵੀਂ ਛੁਹ,
ਇਹੋ ਸਦੈਵ ਦਾ ਸੁਖ ਜਿਸ ਨੂੰ ਸਾਈਂ ਕੂਕਦਾ ।
ਪਾਰਸ ਮੈਂ
৭
ਪੰਜਾਬ ਵਿਚ ਜੰਮਣਾ ਅਮੁੱਲ ਜਿਹੀ ਚੀਜ਼ ਹੈ,
ਇਥੇ ਕਲਗੀਆਂ ਵਾਲੇ ਦੇ 'ਤੀਰ ਸ਼ਬਦ' ਚਮਕਦੇ,
ਇਥੇ 'ਨਿਹਾਲੀ ਨਦਰਾਂ' ਦਾ ਉਹੋ ਪ੍ਰਕਾਸ਼ ਹੈ,
ਨਦਰਾਂ ਦੱਸਦੀਆਂ ਨੈਣਾਂ ਵਿਚ ਖੂਬ ਖੁਭ ਕੇ, ਸੁਖ ਕੀ, ਜੀਵਨ ਕੀ,
ਸ੍ਵਤੰਤਰਤਾ ਕੀ ਹੈ ?
ਪਾਰਸਿਕ ਮੈਂ ਦਾ ਸੁਹਣਾ ਕਮਾਲ ਹੈ !
"ਰੱਬ ਦੀ ਯਾਦ" ਤੇਰਾ ਨਾਮ ਹੈ,
"ਰੱਬ ਦੀ ਯਾਦ" ਬੱਸ ਪਿਆਰ ਹੈ,
"ਰੱਬ ਦੀ ਯਾਦ" ਪ੍ਰਾਣਾਂ ਦਾ ਪ੍ਰਾਣ ਹੈ,
"ਰੱਬ ਦੀ ਯਾਦ" ਸੁਤੰਤਰਤਾ ਹੈ,
"ਰੱਬ ਦੀ ਯਾਦ" ਕਰਤਾਰ ਹੈ,
ਇਹ 'ਪਾਰਸ-ਮੈਂ ਸਭ ਜਗ- ਪ੍ਰਕਾਸ਼ ਹੈ,
ਸਤਿਗੁਰਾਂ, ਸਾਹਿਬਾਂ, ਸਾਈਆਂ, ਸਰਕਾਰਾਂ,
ਇਸ ਪਾਰਸ -- ਮੈਂ ਦੀ ਕਿਰਤ ਸਿਖਾਈ,
ਮਨ-ਘੜਤ ਨਹੀਂ ਕੋਈ ਚੀਜ਼ ਇਹ,
ਸਦੀਆਂ ਦੀ ਕਠਨ ਮਿਹਰ-ਕਮਾਈ ਹੈ
ਹੋਰ ਮੈਂ "ਕੁਝ ਨਹੀਂ," ਠੀਕ
ਹੋਰ ਮੈਂ ਸਦਾ "ਹੈ ਨਹੀਂ," ਠੀਕ,
ਪਰ 'ਪਾਰਸ-ਮੈਂ' ਨੇ ਇਸ 'ਨਹੀਂ' ਵਿਚ,
"ਸਭ ਕੁਝ" ਤੇ "ਸਦਾ ਹੈ" ਜੋਤ ਜਿਹੀ ਰਖੀ, ਇਕ ਜੀਅ ਜਿਹਾ ਬਾਲਿਆ
ਇਹ ਪਾਰਸਿਕ ਮੈਂ, ਦਿੱਸਣ ਪਿੱਸਣ ਵਿਚ
ਦੂਜੇ ਪੱਥਰਾਂ ਵਾਂਗ ਨਿੱਕਾ ਜਿਹਾ ਪੱਥਰ, ਪਰ ਸਮੁੰਦਰਾਂ ਦੇ ਸਮੁੰਦਰ
ਇਸ ਕਤਰੇ ਵਿਚ ਕੰਬਦੇ !
ਇਹ ਮੈਂ ਇੰਝ ਤੇ ਉਂਝ, ਆਪੇ ਵਿਕ ਕੁਝ ਨਾਂਹ, ਮਿੱਟੀ, ਰੱਬ ਵਿਚ, ਕਰਤਾਰ
ਦੀ ਛੁਹ ਨਾਲ, ਮਿਹਰ ਦੀ ਬਰਕਤ ਪਾ, ਅਨੰਤ ਹੈ, ਜੀ ਹੈ, ਜਾਨ ਹੈ
ਸਦੈਵਤਾ
ਇਹ ਮੈਂ ਇਉਂ ਇਕ 'ਕਾਵਯ ਅਲੰਕਾਰ' ਹੈ,
ਇਹ ਮੈਂ ਚੁੱਪ ਹੈ, ਪਰ ਬੋਲਦੀ, ਕੂਕਦੀ, ਗਰਜਦੀ ਵਾਂਗ ਲੱਖਾਂ ਕੜਕਦਿਆਂ
ਬੱਦਲਾਂ, ਇਹ ਸਮੂਹ ਹੈ ਬਿਜਲੀਆਂ ਅਨੇਕਾਂ ਦੇ ਸੁਹਣੱਪਾਂ ਦਾ, ਲਿਸ਼ਕਾਂ
ਇਲਾਹੀ ! ਅਨੇਕਾਂ ਜਵਾਨੀਆਂ ਦੀਆਂ ਰਿਸ਼ਮਾਂ ਦਾ ਸੂਰਜ ਚਮਕਦਾ !
ਇਹ ਮੈਂ ਹਿਲਦੀ ਨਹੀਂ, ਪਰ ਹਿਲਾਂਦੀ, ਹਿਲੂਣਦੀ ਜਗਤ ਸਾਰਾ,
ਕੰਬਦੀ, ਕੰਬਾਂਦੀ ਪੁਲਾੜ ਦੀ ਨੀਂਹਾਂ ਨੂੰ,
ਇਹ ਮੈਂ ਜੜ ਹੈ, ਪਰ ਚੈਤਨਯ ਮਯ ਦਾ ਇਸ ਵਿਚ,
ਜਿਉਂ ਬਰਫਾਂ ਦੀ ਚਿਟਿਆਈ ਵਿਚ ਰੂਪ ਭਬਕਦਾ,
ਵਾਂਗ ਬੁਦਬੁਦੇ ਖਿਣ ਭੰਗਰ ਹੈ,
ਪਰ ਅਮਰ ਇਹੋ ਜਿਹੀ ਹੋਰ ਕੋਈ ਵਸਤ ਨਹੀਂ,
ਮੌਤ ਤੇ ਜੀਵਨ ਦੀਆਂ ਘਾਟੀਆਂ, ਵਾਦੀਆਂ, ਸ਼ੂਕਦੀ ਲੰਘਦੀ ਸਹਿਜ ਸੁਭਾ
ਵਾਂਗ ਹਵਾ ਦੇ, ਵਗਦੀ ਜਲ ਵਾਂਗੂ ਠਾਠਾਂ ਮਾਰਦੀ ਮੌਤੇ ਦੇ ਇਧਰ
ਉਧਰ, ਚਾਰ ਚੁਫੇਰੀਆਂ, ਮੁੜਦੀ, ਧੁੱਪ, ਛਾਂ ਕਰਦੀ, ਜੀਣ ਮਰਨ ਨੂੰ,
ਸਦਾ-ਉਡਾਰੂ ਜਿਹੀ, ਲੋਪ, ਲੋਪ ਹੁੰਦੀ,
ਝਿਲਮਿਲਾ ਸੰਸਾਰ ਇਹਦਾ ਕੱਪੜਾ,
ਸਭ ਦਿੱਸਣ ਪਿੱਸਣ ਇਹਦਾ ਗਹਿਣਾ,
ਬੱਸ ! ਇਹ ਨਿੱਕਾ ਜਿਹਾ ਜਾਦੂ ਰੰਗ ਕਰਤਾਰ ਦਾ।
२
ਠੀਕ, ਘੁਮਿਆਰ ਭਾਂਡਿਆਂ ਵਿਚ ਵੱਸਦਾ,
ਰੀਝ ਜਿਹੀ ਵਿਚ ਆ ਕੇ, ਬੁੱਤ ਬਣਾਇਆ ਤੇ ਆਪ ਮੋਹਿਤ ਹੋ ਉਨ੍ਹਾਂ
ਵਿਚ ਵੱਸਦਾ, ਹੋਠ ਤੱਕੀਂ ਨੀ ਲਾਲ, ਲਾਲ ਮਿੱਟੀ ਦੇ ਘੜੇ ਦੇ !
ਘੜਾ - ਇਹ ਘੁਮਿਆਰ ਦਾ ਸੁਫਨਾ,
ਸੁਰਾਹੀ—ਗਰਦਨ, ਸੁਰਾਹੀ ਦੀ ਗਰਦਨ ਉਹ ਜਿਸ ਨੂੰ ਘੁਮਿਆਰ, ਦਿਨ,
ਰਾਤ ਪਿਆਰਦਾ,
ਬਰਤਨ--ਮਿੱਟੀ ਥੀਂ ਹੱਥ ਕਰਤਾਰ ਦਾ ਅਮਰ ਜਿਹੀਆਂ ਸ਼ਕਲਾਂ ਕੱਢਦਾ,
ਇਹ ਬਰਤਨ, ਇਹ ਕਤਾਰਾਂ ਭਾਂਡਿਆਂ ਦੀਆਂ ਕਿਹੀਆਂ ਸੁਹਣੀਆਂ,
ਖਿਆਲਾਂ ਥੀਂ ਚੰਗੀਆਂ, ਸੁਫਨਿਆਂ ਥੀਂ ਮਿੱਠੀਆਂ, ਪਿਆਰ ਦੀਆਂ
ਚੁੰਮੀਆਂ,
ਸਿਮਰਨ ਦੇ ਸਵਾਸ ਇਨ੍ਹਾਂ ਭਾਂਡਿਆਂ ਵਿਚ ਕਿਹੇ ਚੱਲਦੇ,
ਇਨ੍ਹਾਂ ਲੱਖਾਂ ਚਿਹਰਿਆਂ ਵਿਚ ਇਕ ਨੂਰੀ ਚਿਹਰਾ ਘੁਮਿਆਰ ਦਾ
ਲਿਸ਼ਕਦਾ !
ਛੰਨਾਂ-ਪਾਣੀ ਕਿਸ ਵਿਚ ਪੀਣ ਲੱਗਾ ਹੈਂ ਸੱਜਨਾਂ ! ਛੰਨਾਂ ਛਿਣ ਛਿਣ ਕੂਕਦਾ,
ਘੁਮਿਆਰ ਦੇ ਦਿਲ-ਲੁਕਾ ਗੀਤ, ਸੁੰਝ ਸਾਰੀ ਮਾਰਦਾ ।
ਕੂਜ਼ਾ - ਇਹ ਕੁਜ਼ਾ ਹੱਥ ਤੇਰੇ ਸੱਜਨਾਂ ! ਠੰਢੇ ਚਸ਼ਮਿਆਂ ਦੀ ਧਾਰ ਦੀ ਸੁਰ
ਫੜੀ ਤੂੰ,
ਡੋਹਲ ਪਾਣੀ ਭਰਿਆ ਕੂਜ਼ਾ ਜੀਵਨ-ਧਾਰ ਪਈ ਪੈਂਦੀ, ਸਿਮਰਨ ਵਗਦਾ !
ਪਿੱਤਲ ਦੇ ਕੌਲ ਕੌਲੀਆਂ-
ਨਿੱਕੇ ਨਿੱਕੇ ਪਿੱਤਲ ਦੇ ਕੌਲ ਕੌਲੀਆਂ ਕਿਸ ਬਣਾਏ, ਗਿਆ ਕਿਥੇ
ਠਠਿਆਰ,
ਫੁੱਲਾਂ ਦੇ ਮੂੰਹ ਜਿਹੇ ਲੱਗਦੇ,
ਠਠਿਆਰ ਦੀ ਰੂਹ ਚਮਕਦੀ,
ਫੁੱਲ ਇਹ ਗੱਲਾਂ ਕਰਦੇ ਹੋਠਾਂ ਤੇਰਿਆਂ ਦੇ ਨਾਲ ਲਗ,
ਕਿ ਕਰਤਾਰ ਆਪ ਤੈਨੂੰ ਚੁੰਮਦਾ ?
ਥਾਲੀ ਕਾਂਸੀ ਦੀ-
ਇਹ ਥਾਲੀ ਤੇਰੀ ਸੱਜਨਾ !
ਕੰਡੇ ਨਿੱਕੀ ਨਿੱਕੀ ਪਹਾੜੀ ਰਮਲ ਦੀ ਵਾੜ ਵਿਚ ਘਿਰੀ ਤੇਰੀ ਵਾਦੀ
ਦੀ ਖੁਲ੍ਹ ਸੱਜਨਾ !
ਇਹ ਵਿਹੜਾ, ਤੇਰਾ ਘਰ, ਪਹਿਰੇ ਦੇਂਵਦੇ
ਕੀ ਪੈਲੀ ਤੇਰੀ ਵਾਹੀ, ਬੀਜੀ ਦੀ ਵਾੜ ਇਹ,
ਕੀ ਅੰਦਰ ਦੀ ਸ੍ਵੈਤੰਤਰਤਾ, ਚੋਗਿਰਦਿਓਂ ਬੱਝੀ ਪਈ ਸੋਭਦੀ, ਡੁਲ੍ਹਣ,
ਵੀਟਣ, ਗਵਾਚਣ ਥੀਂ ਬਚਾਅ ਜਿਹਾ ਇਹ ਕੰਢੇ ਇਹਦੇ,
ਕੀ ਤੇਰਾ ਦਿਲ ਚਮਕਦਾ, ਤੇ ਸਾਫ਼ ਦਿਲ 'ਤੇ ਪੈਂਦੇ ਝਾਵਲੇ ਆਕਾਸ਼ ਦੇ ?
ਕੀ ਸਿਮਰਨ ਤੇਰਾ ਇਸ ਵਿਚ ?
ਕੀ ਕਰਤਾਰ ਦਿਤੀ ਰੋਟੀਆਂ ?
ਕੜਛੀ-
ਕੜਛੀ ਸੱਜਨਾ !
ਕੈਂਹ ਦਾ ਹੱਥ ਨਿੱਕਾ ਨਿੱਕਾ,
ਕੈਂਹ ਦੀ ਬਾਂਹ ਘਰ ਤੇਰੇ ਲਿਸ਼ਕਦੀ,
ਜਿਵੇਂ ਹਨੇਰੇ ਵਿਚ ਕਿਰਨ ਚਮਕਦੀ,
ਜਿਵੇਂ ਸੁਫਨੇ ਵਿਚ ਕੱਜੀ ਸਾਰੀ,
ਪਿਆਰੀ ਦਾ ਇਕ ਅੰਗ ਦਿੱਸਦਾ,
ਉਹ ਇਕ ਸਤਿਸੰਗ ਘੁੰਮਦਾ,
ਸੇਵਾ ਹੁੰਦੀ ਪਿਆਰੀ ਦੀ,
ਅੰਨ ਰੱਬ ਦਾ ਵਰਤਦਾ
ਕਿਰਤ ਵਰਤਦੀ, ਪਿਆਰ ਵਰਤਦਾ,
ਹੱਥ ਨਿੱਕਾ ਨਿੱਕਾ ਸੁਹਣੀ ਕਿਰਤ ਕਰਦਾ,
ਗਲ ਦੀ ਵੇਲ ਸੋਨੇ ਦੀ—
ਇਹ, ਵੇਲ ਕੁੜੇ ! ਸੋਨੇ ਦੀ ਹਮੇਲ ਕੇਈ ਪਾਈ ਹੈ, ਬਾਗ਼ਾਂ ਦੇ ਪਾਨ
ਦੇ ਪੱਤਿਆਂ ਨੂੰ ਸੋਨੇ ਦੀ ਧਰਤ 'ਤੇ ਉਸੇ ਹੀ ਜਿੰਦ, ਉਸੇ ਲਟਕ ਵਿਚ
ਕੌਣ ਉਗਾਉ ਦਾ !
ਫੁੱਲ ਦੀ ਸੁਹਣੱਪ ਉਸੇ ਤਰ੍ਹਾਂ ਬਲਦੀ,
ਤੇਰੀ ਵੇਲ ਦੇ ਗਲ ਵਿਚ ਬਾਗ਼ ਲਟਕਦੇ,
ਤੇ ਵੇਲ ਸੋਨੇ ਦੀ ਲਟਕਦੀ ਤੇਰੇ ਗਲ ਪਿਆਰੀਏ !
ਨਵੀਂ ਜੁਗਨੀ ਕਿਸੇ ਦੀ ਛਾਤੀ 'ਤੇ-
ਠੀਕ 'ਜਗਨੀ ਕੂਕਦੀ'--ਛਾਤੀ ਉਸ ਉੱਭਰੀ ਜਵਾਨੀ ਦੇ ਉਮਾਹ ਨਾਲ,
ਜਵਾਨੀ ਆ ਜੁਗਨੀ ਵਿਚ ਗੀਤ ਭਰਦੀ,
ਕੁੜੀ ਕੂਕਦੀ ਜੁਗਨੀ ਚੁੱਪ ਹੈ,
ਜੁਗਨੀ ਕੂਕਦੀ ਕੁੜੀ ਸਾਰੀ ਚੁੱਪ ਨਹੀਂ ਹੈ !
ਗਹਿਣੇ-
ਇਨ੍ਹਾਂ ਕਲਾਈਆਂ, ਗੱਲ੍ਹਾਂ, ਹੱਥਾਂ,
ਪੈਰਾਂ, ਕੇਸਾਂ, ਸ੍ਵਾਸਾਂ ਵਿਚ ਗਹਿਣੇ ਸੋਭਦੇ,
ਕੰਨਾਂ ਵਿਚ ਮੱਛਰਿਆਲੇ ਲਟਕਦੇ ਹਿਲਦੇ,
ਸਾਡੇ ਬੁੱਲੇ ਸ਼ਾਹ ਨੂੰ ਵੀ ਕਿਹੇ ਚੰਗੇ ਲੱਗਦੇ,
ਆਹ ! ਇਨ੍ਹਾਂ ਨੱਢੀਆ ਦੇ ਅੰਗਾਂ ਦੀ ਛਣਕਾਰ, ਛਣ ਛਣ ਬੋਲਦੇ,
ਇਨ੍ਹਾਂ ਲਾਲ ਚੂੜੇ ਵਾਲੀਆਂ ਦੀ ਭਰੀ ਗੀਤ ਬਾਹਾਂ ਦੀ ਉਲਾਰ ਮਾਰਦੀ!
ਕਪੜੇ—
ਕੱਪੜੇ ਤੇਰੇ ਸੁਹਣਿਆਂ ! ਇਹ ਵੀ ਅੰਦਰ ਦਾ ਰਾਗ ਬਾਹਰ ਫੁੱਟਿਆ,
ਮੈਨੂੰ 'ਵਾਜਾਂ ਮਾਰ ਕੇ, ਹੇਕਾਂ ਲਾਉਂਦੇ,
ਕਦੀ ਕਦੀ ਡੋਰੇ ਥੀਂ ਵੀ ਸੁਹਣੇ ਤੇਰੇ ਕੱਪੜੇ !
ਇਹ ਮਿੱਤਰ ਤੇਰੇ ਰੂਹ ਦੇ,
ਤੈਨੂੰ ਕੱਜਦੇ, ਪਰਦੇ ਪਾਉਂਦੇ,
ਅਣਡਿੱਠ ਕਰਦੇ ਬਖਸ਼ਦੇ,
ਬਖ਼ਸ਼ਾਉਂਦੇ ਤੈਨੂੰ,
ਤੈਨੂੰ ਮੁੜ ਮੁੜ ਕੱਜਦੇ !
ਮੈਂ ਬੱਸ ਪਾਣੀਆਂ ਦੀ ਲੀਕ ਹਾਂ,
ਬੱਦਲਾਂ ਦੇ ਰੰਗਾਂ ਦਾ ਸਵੇਰ,
ਸ਼ਾਮ ਦਾ ਨੱਚਦਾ, ਕੰਬਦਾ, ਜਲੌ;
ਮੈਂ ਰੰਗਾਂ ਦੇ ਫੰਗਾਂ ਨਾਲ ਸੱਜੀ,
ਉੱਡਦੀ ਉੱਡਦੀ ਹਰ ਘੜੀ ਦੀ ਤਸਵੀਰ, ਜਿਹਦਾ ਸਦਾ ਅਮਿੱਟਵਾਂ ਪ੍ਰਭਾਵ ਹੈ
ਮੇਰੀ ਜਨਮ ਘੜੀ ਅੱਜ ਹੈ, ਹੁਣ ਹੈ, ਇਹ ਪਲ, ਛਿਣ ਹੈ,
ਮੈਨੂੰ ਤਾਂ ਜਨਮ ਦੀ ਖ਼ੁਸ਼ੀ ਸਾਹ ਲੈਣ ਨਹੀਂ ਦੇਂਦੀ !
ਪੱਥਰ ਦੇ ਹੋਣ ਚਾਹੇ ਕਾਗਤ ਦੇ, ਪਾਣੀ ਦੇ, ਹਵਾ ਦੇ, ਬੱਦਲ ਦੇ,
ਮੈਨੂੰ ਤਾਂ ਰੂਪ ਸਾਰੇ, ਰੰਗ ਸਾਰੇ, ਮੈਂ ਮੈਂ ਲੱਗਦੇ-ਜਿਨ੍ਹਾਂ ਦੇ ਦਿਲਾਂ ਵਿਚ
ਕਰਤਾਰ ਦੀ ਲੁਕ ਬੈਠੀ ਛੋਹ ਹੈ।
ਪਿਆਰ ਦਾ ਸਦਾ ਲੁਕਿਆ ਭੇਤ
ਪਾਰਸ, ਮੈਂ ਨੂੰ ਭੁਲਾਣਾ—ਹਾਂ, ਇਸ ਕਰਤਾਰ ਦੀ ਯਾਦ ਨੂੰ,
ਪਾਰਸ, ਮੈ ਨੂੰ ਛੱਡਣਾ -ਹਾਂ, ਇਸ ਯਾਰ ਦੀ ਪਿਆਰ ਛੁਹ ਦੀ
ਅੰਗ ਅੰਗ ਰਮੀ, ਰਮਣਾਂ
ਪਾਰਸ, ਮੈ ਨੂੰ ਅਮੈਂਨਣਾ — ਹਾਂ, ਇਸ ਲੀਕਾਂ, ਰੰਗਾਂ ਵਿਚ, ਬੱਝੀ, ਕੱਜੀ,
ਅਨੰਤ-- ਜੀ ਨੂੰ;
ਪਾਰਸ ਮੈਂ ਨੂੰ ਭੰਨਣਾ ਹਾਂ, ਇਸ ਗਾਂਦੀ ਕਰਾਮਾਤ ਦੇ ਬੁੱਤ ਨੂੰ,
ਹਉ ਜੀ ਹਉ, ਫ਼ਲਸਫ਼ੇ ਦਾ ਤਾਣ ਇਹ, ਬੁੱਤਾਂ ਨੂੰ ਤੋੜਨਾ,
ਮੋਮਨ ਜਿਹਾ ਥੀਣ ਨੂੰ,
ਹਉ ਜੀ ਹਉ, ਇਹ ਮੋਈਆਂ ਮਨ ਦਾ ਕਮਲਾ ਯਕੀਨ ਕਉ,
ਹਉ ਜੀ ਹਉ, ਮੋਈਆਂ ਮਨਾਂ ਦਾ ਧਰਮ, ਭਰਮ, ਯੋਗ, ਭੋਗ ਕਉ,
ਮੈਂ ਤਾਂ ਖ਼ੁਸ਼ਬੂ ਕਰਤਾਰ ਦੀ, ਉੱਡਦੀ, ਪਰ ਬੱਝੀ ਵਿਚ ਫੁੱਲ ਹਾਂ, ਅਨੇਕਾ
ਸੋਨੇ ਦੀਆਂ ਕਿਰਨਾਂ ਮੇਰੇ ਉੱਡਦੇ ਪੈਰਾਂ ਵਿਚ,
ਮੈਂ ਤਾਂ ਕਰਤਾਰ ਦੀ ਛਣ ਛਣ ਕਰਦੀ, ਮਹੀਨ ਬਰੀਕ ਤਰਬ ਜਿਹੜੀ
ਕੰਬਦੀ, ਕੰਬਦੀ,
ਮੈਂ ਤਾਂ ਨਿਖਰੀ ਨੁਹਾਰ ਹਾਂ, ਆਪਣੀ ਵੱਖਰੀ, ਵੱਖਰੀ, ਨੱਕ, ਕੰਨ, ਮੱਥਾ ਮੇਰਾ
ਆਪਣਾ, ਹੱਥ, ਪੈਰ, ਜਿਸਮ ਸਾਰਾ ਮੈਂ ਰੂਹ ਹਾਂ,
ਮੈਂ ਨਵੀਂ ਨਿਕੋਰ ਹੁਣੇ ਆਈ, ਹੁਣ ਗਈ, ਹੁਣੇ ਬਣੀ, ਅਮਰ ਇਕ ਸਦੈਵਤਾ,
ਮੈਂ ਤਾਂ ਬਖ਼ਸ਼ੀ, ਮੈਂ ਰੱਬ ਦੀ, ਮੈਂ ਹਾਂ ਆਪਣੀ-
ਮੈਂ ਤਾਂ ਕਮਾਲ ਹਾਂ ਨਾਂਹ ਹੋਣ ਦਾ;
ਸੁੱਤੀ ਹੋਵਾਂ ਤਾਂ ਉਹ;
ਜਾਗਦੀ ਹੋਵਾਂ, ਹੋਰ ਉਹ,
ਮੈਂ ਤਾਂ ਪਾਗਲ ਜਿਹੀ ਹੋਂਦ ਹਾਂ !
ਮੈਂ ਜਦ ਘੁੰਡ ਖੋਹਲ ਆਉਂਦੀ, ਦਰਿਆ ਥੰਮਦੇ, ਝੁੱਕਦੇ, ਮੱਥਾ ਟੇਕਦੇ ਲੰਘਦੇ,
ਚੰਨ ਸੂਰਜ ਝੁਕ ਝੁਕ ਸਲਾਮ ਕਰਨ, ਹਵਾਵਾਂ ਦੌੜ ਦੌੜ ਚਾਈਂ ਚਾਈਂ
ਝੱਲਣ ਚੌਰੀਆਂ ! ਪਹਾੜ ਦੇਖ ਮੈਨੂੰ ਉੱਛਲਦੇ,
------
1. ਭਾਵ ਹੈ ਮੈਂ ਨੂੰ ਅ + ਮੈਂ ਕਰਨਾ ।
ਇਉਂ ਨਿੱਕੀ ਜਿਹੀ ਮੈਂ ਖੁਲ੍ਹੇ ਘੁੰਡ ਮੋਹਿਤ ਹੁੰਦੀ ਸਭ 'ਤੇ, ਮੋਹਿਤ ਕਰਦੀ
ਆਉਂਦੀ, ਤਖਤਾਂ 'ਤੇ ਹੱਸਦੀ, ਖੇਡਦੀ, ਘਾਹਾਂ ਤੇ ਰੇਤਾਂ ਦੀ ਸੇਜਾਂ 'ਤੇ
ਰੀਝਦੀ, ਗੁਟਕਦੀ, ਮੁਸ਼ਕਦੀ, ਨੱਸਦੀ, ਆਂਦੀ ਜਾਂਦੀ........
ਪਿਆਰ ਵਾਲਾ ਸਦਾ ਲੁਕਿਆ ਭੇਤ ਇਹ, ਖੁਲ੍ਹੇ ਘੁੰਡ ਦਾ ਵੇਲਾ ਕੋਈ ਕੋਈ
ਵਿਰਲਾ, ਵਿਰਲੀ ਵਿਰਲੀ ਰੂਹ, ਕੋਈ, ਅਨੇਮੀ ਜਿਹਾ, ਭਾਗ ਜਿਹਾ,
ਕਦੀ ਕਦੀ ਦਿੱਸਦਾ ।
ਦੀਵਿਆਂ ਲੱਖਾਂ ਦੀ ਜਗਮਗ
ਅਨੇਕ ਹੋਣਾ ਦਾ ਹੋਣਾ, ਅਨਗਿਣਤ ਮੈਂ-ਆਂ ਦੀ ਮਮਤਾਂ, ਕਰਤਾਰ ਦੇ
ਪਿਆਰ ਵਿਚ ਬਲਦੀਆਂ,
ਇਹ ਵੱਖ ਵੱਖ ਲੱਖ ਲੱਖ, ਦੀਵਿਆਂ ਦੀ ਜਗਮਗ ਦਾ ਮਿਲਵਾਂ ਸੁਹਣੱਪ ਹੈ।
ਕਰਤਾਰ ਦਾ ਕੰਮ ਹੈ-ਅਨੇਕ ਕਰਨ, ਇਹਦਾ ਰੂਪ-ਨਾਨਤਾ,
ਸੁਹਣੱਪ ਨੂੰ ਮੁੜ ਮੁੜ ਜਨਮ ਦੇਣਾ, ਹੋਰ ਹੋਰ ਸੁਹਣਾ ਕੋਈ ਵੰਨ, ਕੋਈ ਰੰਗ
ਭਰਨਾ ਨੂਰ,
ਦੱਸਦੀ, ਵੱਖ, ਵੱਖ, ਲੱਖ ਲੱਖ, ਨਵੇਂ ਜਨਮ, ਹਰ ਘੜੀ, ਸ੍ਵਾਸ, ਸ੍ਵਾਸ, ਨਵਾਂ
ਸੱਜਰਾ ਆਦਿ ਹੈ ਹਰ ਘੜੀ, ਹਰ ਪਲ ਛਿਣ ਇਕ ਅਨਾਦਿ ਦਾ !
ਅਨੇਕਤਾ ਸੁਹਣੱਪ ਦੀ ਜਵਾਨੀ ਹੈ, ਇਹ ਭਰ ਜਵਾਨੀ ਦੀਆਂ ਨਦਰਾਂ ਦਾ
ਭਰਵਾ, ਰੱਜਵਾਂ ਖਿੱਚਵਾਂ, ਮਾਰਵਾਂ ਸਵਾਦ ਹੈ!
ਇਹ ਕਰਤਾਰ ਦੀ ਏਕਤਾ ਦੀ ਮਹਿਫਲ ਹੈ, ਰਾਗ ਦੀ, ਸੁਰਾਂ ਦੀ ਨਾਨਤਾ !
ਬੁੱਧ ਜੀ ਦਾ ਬੁੱਤ, ਧਿਆਨੀ ਬੁੱਧ
ਪੱਥਰ ਦਾ ਬੁੱਤ, ਬੱਸ,
ਕਿ ਹੋਰ ਕੁਝ ?
ਇਹ ਬੁੱਧ ਜੀਂਦਾ ਬੁੱਤ ਲੋਕੀਂ ਆਖਦੇ,
ਵਡੇ ਵਡੇ ਝੁਕਦੇ ਰਸੀਏ ਮੰਨਦੇ, ਘੜਨ ਹਾਰ ਦਾ ਟਿਕਾਉ ਇਥੇ ਸਾਰਾ, ਉਹਦਾ
ਸੁਖ-ਰਸ ਪੱਥਰ ਵਿਚ ਸਮਾਇਆ ਹੈ ਵਾਂਗ ਰਾਗ ਦੇ ।
ਰਾਗ ਦੀ ਠੰਢੀ ਠਾਰ ਰੋ ਵਗਦੀ,
ਪੱਥਰ ਵਿਚ ਦਿਲ ਦੀ ਲੋਅ ਨੂੰ ਵੇਖਣਾ !
ਮੱਥਾ ਕਿਹਾ ਲੱਸਦਾ,
ਨਿਰਵਾਨ ਦ ਅਕਹਿ ਜਿਹੇ ਸੁਖ ਵਿਚ,
ਇਹ ਧਿਆਨੀ—ਬੁੱਧ ਜੀ ਦੀ, ਪਦਮ-ਆਸਣ ਬੈਠੀ ਧਿਆਨ ਸਿਧ ਮੂਰਤੀ !
ਕਿਹਾ ਸ਼ਾਂਤ ਜਿਹਾ ਪ੍ਰਭਾਵ ਸਾਰੀ ਦਾ ਵਾਂਗ ਚਾਂਦਨੀ,
ਬਾਹਾਂ ਵਿਚੋਂ ਵੱਗਦਾ ਪਾਣੀ ਹੋਇਆ ਪ੍ਰਕਾਸ਼ ਇਕ, ਪੱਥਰ ਨੂੰ ਮੋਮ ਕਰ ਵਗਦਾ,
ਪਿਘਲੀ ਜਿਹੀ ਆਲਮਗੀਰ ਕੋਈ ਅਹਿੰਸਾ, ਦਇਆ
ਸੰਤੋਖ, ਸਤ, ਜਗ ਸਾਰਾ ਪਿਘਲਾਂਦੀ, ਇਸ ਪਿਆਰ ਵਿਚ;
ਪਦਮ ਆਸਨ 'ਤੇ ਬੈਠਾ ਮਨੁੱਖ ਸਾਰਾ, ਮਨੁੱਖਤਾ ਸਾਰੀ,
ਰੱਬਤਾ ਇਕ ਫੁੱਲ ਵਰਗੀ ਕੋਮਲਤਾ ਸਰੂਪ ਹੋ ਸਾਜੀ ਹੈ,
ਇਥੇ ਪੱਥਰ ਨੂੰ ਕੌਣ ਪੁੱਛਦਾ ?
ਹੱਥ, ਕੰਨ, ਨੱਕ, ਮੱਥੇ ਦੀ ਢੁਕ ਅਢੁਕ, ਮਿਕ ਅਮਿਕ ਵੇਖਣ ਦੀ ਵਿਹਲ
ਕਿਥੇ ਲੱਗਦੀ ?
ਸੂਰਜ ਜਿਹਾ ਚੜ੍ਹਦਾ,
ਨੈਣ ਮੁੰਦਦੇ ਜਾਂਦੇ ਜਿਵੇਂ ਬੁੱਧ-ਬੁੱਤ ਦੇ,
ਸੁਖ ਲੈਣ ਦੁਨੀਆਂ ਇਸ ਦਰ ਆਉਂਦੀ ਹੈ,
ਜੀਣ ਜਾਣਨ ਨੂੰ ਲੋਚਦੀ,
ਮੂਰਤ ਕੌਣ ਦੇਖਦਾ, ਦਰਸ਼ਨਾਂ ਨੂੰ ਲੋਚਦੇ,
ਮੂਰਤਾਂ ਇਸ ਥੀਂ ਲੱਖ ਗੁਣ ਵਧ ਢੁਕੀਆਂ ਸੱਜੀਆਂ, ਪਈਆਂ ਹਨ
ਗਲੀ, ਗਲੀ, ਇਥੇ ਤਾਂ ਪੱਥਰ ਵਿਚ ਆਵੇਸ਼ ਨੂੰ ਟੋਲਦੇ,
ਲਭ, ਲਭ, ਨੈਣਾਂ ਨਾਲ ਚੁੰਮਦੇ ਹੱਥਾਂ ਨੂੰ ਪੈਰਾਂ ਨੂੰ,
ਬੁੱਧ ਜੀ ਦੇ ਨਿਰਵਾਨ ਵਿਚ ਟਿਕੇ ਮਨੁੱਖ ਦੇ ਰੂਪ ਨੂੰ ।
ਭਰਵੱਟਿਆਂ ਤੇ ਕੇਸਾਂ 'ਤੇ ਬੋਲੀ ਸਮਾਧੀ ਦੀ ਠੰਢੀ ਠੰਢੀ ਤ੍ਰੇਲ ਹੈ,
ਤੇ ਪਲਕਾਂ ਨਾਲ ਪਾਰਖੀ ਮੌਤੀ ਇਹ ਚੁਣ, ਚੁਣ ਪ੍ਰਦੇ, ਦੇਖਦੇ ਸੁਹਣਿਆ 'ਤੇ
ਮਸਤ ਹੋਣ ਵਾਲੇ ਚੰਗੇ ਰਸ ਦੀ ਲਹਿਰਾਂ ਪੇਚ ਕਿੰਝ ਪੈਂਦੇ,
ਆਕਾਸ਼ ਕਿੰਤ ਇਨ੍ਹਾਂ ਬਾਹੀਂ ਰਾਹੀਂ ਹਿਠਾਹਾਂ ਉਤਰਦਾ,
ਤੇ ਧਰਤ ਕਿੰਝ ਇਨ੍ਹਾਂ ਬੰਦ ਨੈਣਾਂ ਰਾਹੀਂ ਉਤਾਹਾਂ ਨੂੰ ਚੜ੍ਹਦੀ
ਕਿਰਤ ਦੇ ਪਾਰਖੀ ਰਮਜ਼ਾਂ ਗੁੱਝੀਆਂ ਛਿੱਪੀਆਂ ਨੂੰ ਟੋਲਦੇ
ਨੈਣਾਂ ਵਾਲੇ ਨੈਣਾਂ ਨਾਲ ਤੱਕਦੇ,
ਲਕੀਰਾਂ ਤੇ ਰੇਖਾਂ ਤੇ ਘਰਾਂ ਤੇ ਮੰਦ ਮੰਦ ਨਿਰਵਾਨੀ ਹਾਸੇ ਨੂੰ ਪਛਾਣਦੇ ।
ਧਿਆਨ ਦੀ ਧੁੰਦ ਜਿਹੀ
৭
ਬੁੱਧ-ਆਰਟ
ਬੁੱਧ - ਆਰਟ (ਉਨਰ) ਥੀਂ ਪੁਚਾਣਾ ਨਵਾਂ ਆਰਟ ਵੀ ਪੂਰਬ ਦਾ ਬਹੂੰ ਸਾਰਾ,
ਕੁਝ ਫ਼ਲਸਫ਼ੇ ਦੀ ਗੁਫਾ ਦਾ ਹਨੇਰ ਨਾਲ ਲਿਆ ਹੋਇਆ, ਕੁਝ ਧਿਆਨ ਦੀ
ਧੁੰਦ ਜਿਹੀ ਨਾਲ, ਨਾਲ,
ਹਾਲੇ ਪੂਰਾ ਠੀਕ ਨਾਂਹ, ਹੋਰ, ਹੋਰ, ਨਵਾਂ ਹੋਵਣਾ,
ਪਿਛੇ ਦੀਆਂ ਗਈਆਂ ਗੁਜ਼ਰੀਆਂ ਗੱਲਾਂ ਦੀ ਪੁਰਾਣੀ ਸੁਹਣੱਪ ਠੀਕ ਹੈ,
ਪਰ ਸੱਚ ਪੁਰਾਣਾ ਮੁੜ ਨਵਾ, ਨਵਾਂ ਘੜਨਾ, ਅਵੇਸ਼ ਨੂੰ ਵੇਖਣਾ, ਅਵੇਸ਼ ਰੱਬੀ
ਮੁੜ ਲੋਚਣਾ,
ਪੁਰਾਣੇ ਇਤਿਹਾਸ ਉਨਰ ਦੀਆਂ ਠੀਕਰੀਆਂ ਨੂੰ ਮੁੜ ਮੁੜ ਜੋੜਨਾ, ਬੋਲੀ
ਜਿਹੀ ਸਿੱਖਣ ਨੂੰ ਤਾਂ ਠੀਕ ਹੈ,
ਪਰ ਨਵੇਂ ਦਿਨ ਦੇ ਮੱਥੇ 'ਤੇ ਰੇਖ ਨਈ, ਓਪਰੀ, ਜਿਹੜੀ ਹਾਲੇ ਪਿੱਛੇ
ਮੁੜੀਆਂ ਅੱਖਾਂ, ਤੱਕੀ ਨਾਂਹ, ਹਾਲੇ ਅੱਖਾਂ ਖੋਹਲ ਤੱਕਣਾ,
ਆਰਟ ਪੂਰਬ ਦਾ, ਪੱਛਮ ਦਾ ਇਕ ਰੌ, ਨਵਾਂ, ਨਵਾਂ ਹੋਣਾ ।
२
ਐਲੀਫੈਂਟਾ ਦੀ ਤ੍ਰੈ ਮੂਰਤੀ
ਐਲੀਫੈਂਟਾ ਦੀ ਤ੍ਰੈ-ਮੂਰਤੀ,
ਤ੍ਰੈ ਪਿਆਰਿਆਂ ਦੇ ਇਕ ਹੋਏ ਸਿਰ ਤ੍ਰੈ,
ਆਰਟ ਦੇ ਪਾਰਖੀ, ਇਸ ਪੱਥਰ ਦੀ ਧਾਤ ਵਿਚੋਂ ਨਿਕਲੇ, ਸਿਰਾਂ ਦੀ ਸੁਹਣੀ
ਉਠ, ਇਸ ਹਨੇਰੇ ਵਿਚ ਚੜ੍ਹੇ ਤੇ ਸੂਰਜਾਂ ਦੇ ਪ੍ਰਕਾਸ਼ ਵਿਚ, ਅਗੰਮੀ
ਦਿੱਸੀ ਪਿਆਰ-ਵਹਿਣ ਦੀ ਸਦੈਵਤਾ ਨੂੰ ਵੇਖਦਾ,
ਦੋ ਨਿੱਕੇ ਸਿਰ ਵਿਚਕਾਰ ਸਥਿਤ ਇਕ ਵੱਡੇ ਸਿਰ ਨੂੰ ਸਜਾਉਂਦੇ
ਤੋਲ ਅਡੋਲ ਸਾਰਾ ਛਬੀ ਪਿਆਰ ਦੀ ਗੜੂੰਦਦੀ ਸੁਹਣੀ,
ਇਕ ਡਾਢੇ, ਉੱਚੇ, ਮੁਕਟ-ਧਾਰੀ ਪ੍ਰਭਾਵ ਨੂੰ ਪ੍ਰਕਾਸ਼ਦੇ,
ਪਾਰਖੀ ਮੁਕਟ ਦੇ ਲੜੀ ਤ੍ਰੈ-ਜੜੀ ਨੂੰ ਵੇਖ ਵੇਖ, ਧਿਆਨ ਅੰਦਰ ਵੱਸੇ ਦੀ
ਉਚਾਈਆਂ ਦੀ ਸੇਧ ਲਾਉਂ ਦੇ ।
ਪਰ ਪਾਰਖੀ ਵੀ ਫ਼ਲਸਫ਼ੇ ਪੁਰਾਣੇ ਵੀ ਮਾਨਸਿਕ ਜੇਹੀ ਧੁੰਦ ਵਿਚ ਬੈਠੇ ਆਖਣ:
ਸਰੀਰ ਤਰ੍ਹਾਂ ਦੇ ਪੱਥਰ ਵਿਚ ਬੁੱਤ ਗਏ, ਸਿਰ ਲਿਸ਼ਕਦੇ, ਸ਼ਰੀਰ ਕੂੜ ਦੱਸਦੇ,
ਮਨ ਦੀ ਸਚਾਈ ਥਾਪਦੇ,
ਪਰ ਠੀਕ ਗੱਲ ਇਹ ਨਹੀਂ ਹਾਲੇ ਸਿਰ ਤ੍ਰੈ-ਮੁਕਟਧਾਰੀ ਪ੍ਰੀਤ ਪਰੋਤੇ,
ਧਿਆਨ-ਸਿਧ ਹੋ ਉਪਜੇ ਹਨ ਇਸ ਮੂਰਤ ਵਿਚ,
ਹਾਲੇ ਸਰੀਰਾਂ, ਤਰ੍ਹਾਂ ਨੇ ਪਿਆਰ ਚਮਕਾਂ ਖਾ, ਖਾ, ਜਾਗਣਾ,
-----------
ਹਾਲੇ ਧਿਆਨ ਚੀਰਮਾਂ ਅੱਖਾਂ ਬੰਦ ਹਨ, ਪਿਆਰ-ਕਣੀਆਂ ਖਾ ਖਾ ਸਭ ਨੇ
ਸਹਿਜ ਵਿਚ ਖੁਲ੍ਹਣਾ,
ਪੱਥਰ ਦੀ ਨੀਂਦਰ ਬ੍ਰਹਮ ਮੈਂ ਵਾਲੀ, ਛਡ, ਛਡ ਉੱਡਨਾ— ਵਿਚਰਨਾ,
ਇਸ ਤ੍ਰੈ-ਮੂਰਤੀ ਨੂੰ ਹਾਲੇ ਗਲੀ, ਗਲੀ ਟੁਰਨਾ, ਤੇ ਹਾਂ, ਇਸੇ ਤਰ੍ਹਾਂ
ਪਿਆਰ-ਧਿਆਨ ਬੱਲੀ-ਬਝਾਈ, ਸਥਿਤ ਸਾਰੀ ਪੂਰਣਤਾ,
ਮੁਕਟਾਂ ਤੇ ਰੂਹ ਦੀ ਕਿਰਨ ਵੱਜੀ ਪਈ ਹੈ,
ਹਾਲੇ ਰੂਹ ਨੇ ਕੁਲ ਸਰੀਰ ਹੋਵਣਾ, ਚਮਕਣਾ ।
ਹਾਲੇ ਸਹਿਜ ਯੋਗੀ ਦੀ ਪੂਰਣਤਾ ਨੇ ਲੱਸਣਾ,
ਤ੍ਰੈ-ਮੂਰਤੀ ਕੱਲ੍ਹ ਲੰਘ ਗਿਆ ਹੈ,
ਅੱਜ ਹੁਣੇ ਚੜ੍ਹਿਆ ਹੈ, ਕੱਲ੍ਹ ਨੇ ਆਵਣਾ ਜਿਸ ਵਿਚ ਦਰਸ਼ਨਾਂ ਦੇ ਸਮੂੰਹ ਨੇ,
ਐਲੀਫੈਂਟਾ ਤੇ ਇਲੌਰਾ ਥੀਂ ਨਿਕਲ ਹਰ ਗਗਨ ਚਮਕਣਾ !
ਬਾਬਾ ਜੀ ਆਖਦੇ :
ਮੇਰੀ "ਰੱਬੀ ਯਾਦ" ਦਾ, ਸਿਮਰਨ ਦੇ ਮਗਰ ਮਗਰ, ਇਹਦੇ ਚਾਰ ਚੁਫੇਰੇ,
ਕੋਮਲ ਉਨਰਾਂ ਦਾ, ਨਵੇਂ ਹੜ੍ਹ ਵਗਣੇ,
ਸਿਮਰਨ ਦੀ ਸਦੀਆਂ ਲੰਮੀ ਸਾਂਈਂ ਹੱਥ ਦੀ ਘਾੜ ਚਲਦੀ,
ਹੱਥਾਂ ਨੇ ਚੱਲਣਾ, ਪੈਰਾਂ ਨੇ ਚੱਲਣਾ, ਮਨ ਨੇ ਚੱਲਣਾ, ਸਹਿਜ-ਫੁੱਲ ਦਿਲ
ਵਿਚ, ਅੱਖ ਵਿਚ, ਸਿਰ ਵਿਚ ਵਸਣਾ !
ਮੈਂ ਘੜੇ, ਮੈਨੂੰ ਮੁੜ ਮੁੜ, ਜਿਵੇਂ ਸੁੰਦਰੀ ਵੇਖ ਮੁੜ ਮੁੜ ਆਰਸੀ, ਮੱਤੀ
ਆਪਣੇ ਸੁਹਣੱਪ ਦੀ,
ਮੈਂ ਕੀ ਹਾਂ ? ਦੱਸਣ ਦੀ ਲੋੜ ਨਾਂਹ ਮੈਨੂੰ
ਰਸਤਾ ਆਪ ਸਦਾ ਦੱਸਦਾ ਟੁਰੇਗਾ ਮੇਰਾ ਕਿਰਤ ਉਨਰ ਦਾ,
ਕਰਨ ਦਾ ਨਾਮ ਹੈ, ਸੱਚੀ ਦੱਸਣ ਦਾ,
ਬਾਕੀ "ਹਉਮੈ ਝੱਖੜ" ਜਾਣ ਸਿਖਾ ਮਾਰਿਆ !
ਮੈਨੂੰ ਦਿੱਸਦਾ, ਕਾਦਰ ਦਾ ਪਿਆਰ ਚੁੰਮਦਾ, ਪਾਣੀਆਂ ਥੀਂ, ਹਵਾਵਾਂ ਥੀਂ,
ਤੇਲਾਂ ਥੀਂ, ਫੁੱਲਾਂ ਥੀਂ ਵਧ, ਛਿਣ ਪਲ ਛਾਈ ਮਾਈ, ਹੋਣ ਵਾਲਾ
ਬੁਦਬੁਦਾ, ਤੇ ਕਰਤਾਰ ਕਰੋ ਇਸ ਬੁਦਬੁਦੇ ਨੂੰ ਅਮਰ, ਇਕ ਕਿਰਨ ਜਿਹੀ ਵਿਚ
ਪਰੋ ਕੇ, ਜੋਤ ਆਪਣੇ ਨਿਰੰਕਾਰ ਨੇ ਹਰ ਮਨੁੱਖ-ਦਿਲ ਬਾਲਣੀ,
ਨਿਰਵਾਨ ਦੀ ਸਮਾਧੀ ਤਾਂ ਇਸ ਨਾਮ-ਲੋਅ ਦਾ ਬਾਹਰਲਾ, ਬਾਹਰੋਂ
ਦਿੱਸਦਾ ਭਖਾ ਹੈ ।
ਪਿਆਰੀ 'ਸਿੱਖ-ਮੈਂ" ਹੋਈ ਕਰਤਾਰ ਦੀ
ਮੈਂ ਤਾਂ ਕਰਤਾਰ ਘੜਨਹਾਰ ਦੇ, ਹਥੌੜੇ ਦੀ ਨਿੱਕੀ ਨਿੱਕੀ ਸੱਟ ਦੀ ਸਦ ਨੀ,
ਮੈਂ ਤਾਂ ਰੱਬ ਚੁਣੇ ਇਕ ਸੁੱਖ ਦੇ ਰੰਗ ਦੀ ਸੁੱਖੀ ਸ਼ੇਖੀ ਭਖਨੀ,
ਮੈਂ ਤਾਂ ਸਾਈਂ ਦੇ ਬੁਰਸ਼ ਦੀ ਖਿੱਚੀ ਲਕੀਰ ਨੀ, ਫ਼ਕੀਰ ਨੀ,
ਮੈਂ ਉਸੀ ਲਕੀਰ ਦੀ ਝਰੀਟ ਦੀ ਕੋਮਲ, ਕੋਮਲ, ਛਿਪੀ, ਛਿਪੀ ਨਿੱਕੀ,
ਨਿੱਕੀ ਪੀੜ ਨੀ,
ਮੈਂ ਉਹਦੀਆਂ ਮੋੜਾਂ ਤੋੜਾਂ ਵਿਚ ਮੁੜ, ਮੁੜ ਜੁੜੀ ਨੈਣਾਂ ਦੀ ਨੀਂਦ ਨੀ,
ਮੈਂ ਤਾਂ ਚੱਕਰਾਂ ਥੀਂ ਨਿਕਲੀ, ਸਿਰ ਚੱਕੀ, ਤਾਰ-ਖਿੱਚੀ ਫੁੱਲ ਦੀ
ਸੁਹਜ ਦਾ ਮਾਣ ਨੀ;
" ਮੈਂ ਤਾਂ ਗੀਤ ਹਾਂ ਹਵਾ ਵਿਚ ਕੰਬਦਾ, ਖੜਾ ਬੱਰਰਾਂਦਾ ਮਧਯ ਅਸਮਾਨ ਨੀ,
ਮੈਂ ਤਾਂ ਲਟਕਦੀ ਛਬੀ ਦਿਲ ਦੀ ਦੀਵਾਰ ਨੀ, ਮੈਂ ਤੱਕਦੀ, ਹੱਸਦੀ,
ਪਿਆਰ ਦੀ, ਮੁੜ ਮੁੜ ਪਾਂਦੀ ਉਹੋ ਪਿਆਰ ਨੀ !
ਮੈਂ ਤਾਂ ਉਹਦੇ ਦਰ ਦੀ ਲੇਟੀ, ਲੇਟੀ ਮੁਹਾਰ ਨੀ, ਲੇਟੀ, ਵਿਛੀ ਵਾਂਗ ਵਿਛੀਆਂ
ਨੈਣਾਂ ਦੇ ਸਦਾ ਉਸ ਨੂੰ ਉਡੀਕਦੀ,
ਮੈਂ ਤਾਂ ਉਹਦੇ ਦਰ ਦੀ ਖ਼ਾਲੀ ਦਿਲ ਖੁਲਾਣ ਜਿਹੀ ਹਾਂ, ਜਿਹੜੀ ਬਾਹਾਂ
ਅੱਡੀਆਂ ਸਦਾ ਖੜੀ ਅੱਡੀਆਂ, ਭਾਰ, ਭਰਨ ਨੂੰ ਰੱਬ ਸਾਰਾ ਵਿਰ ਪਾ
ਆਪਣੀ ਜੱਫੀਆਂ, ਜਦੋਂ ਕਦੀ, ਰੱਬ ਆਪਣੇ ਘਰ ਆਵਸੀ ਨੀ !
ਮੈਂ ਤਾਂ ਬਾਹਰ ਵਿਹੜੇ ਵਿਚ ਬੈਠੀ ਰੌਸ਼ਨੀ, ਜੀ ਆਓ, ਜੀ ਆਓ ਆਖਦੀ,
ਵਿਹੜੇ ਉਹਦੀ ਦੇ ਬਾਹਰ ਦਾ ਰਸ ਹਾਂ,
ਮੈਂ ਦਰਵਾਜੇ ਦੇ ਅੰਦਰ ਦੀ ਲੱਖ ਗਹਿਮ ਗਹਿਮ ਹਾਂ, ਗਹਿਣੇ ਪਾਈ, ਸਜੀ
ਧਜੀ, ਨਵੀਂ ਵਿਆਹੀ, ਲਾੜੀ—ਸੁਹਣੱਪ ਹਾਂ, ਭੀੜਾਂ ਅੰਦਰਲੀਆਂ
ਵਿਚ ਫਸੀ ਖੜੀ, ਮੇਰਾ ਮੂੰਹ ਨਵੀਂ ਜਵਾਨੀ ਚੜ੍ਹੀ ਦੇ ਪਸੀਨੇ ਦੇ
ਮੋਤੀਆਂ ਦੀ ਲੜੀਆਂ ਵਿਚ ਅੱਧਾ ਕੱਜਿਆ !
ਆ ਤੱਕ ਨਿਰੰਕਾਰੀ ਜੋਤ ਜਿਹੜੀ ਗੁਰੂ ਨਾਨਕ ਜਗਾਈ ਆਹ !
ਉਹ ਧੁਰ ਅੰਦਰ, ਦਿਲ ਹਰਿਮੰਦਰ ਵਿਚ, ਨੀਲੇ ਪਾਣੀਆਂ ਦੀਆਂ ਲਾਲ ਰੰਗ
ਮਸਤ ਲਹਿਰਾਂ 'ਤੇ ਜਗਦੀ
ਸੂਰਜ ਰੋਜ ਨਿਕਲਦਾ, ਇਹ ਉਹਦਾ ਘਰ ਹੈ !
ਦੇਵੀ ਤੇ ਦੇਵਤੇ ਅਣਡਿੱਠੇ ਅਦ੍ਰਿਸ਼ ਦੇ ਨੈਣਾਂ ਦੀ ਜੋਤ ਲੈਣ ਆਉਂਦੇ,
ਦੇਖ, ਦੇਖ, ਉਸ ਜੋਤ ਨਾਲ, ਛੁਹ ਜੀਵੀ, ਛੁਹ ਪੀਵੀ, ਛੁਹ ਥੀਵੀ, ਮੈਂ
ਇਕ ਜੋਤ ਹਾਂ !
ਪਰ ਖ਼ੁਸ਼ੀ ਜਰੀ ਨਹੀਂ ਜਾਂਦੀ, ਮੈਂ ਅੱਗੇ ਪਿਛੇ ਫਿਰਦੀ, ਜੋਤਾਂ ਜਗਦੀਆਂ
ਤੱਕਦੀ, ਜਗਾਂਦੀ, ਹੱਸਦੀ, ਖੇਡਦੀ,
ਆਪ ਮੁਹਾਰੀ, ਬਉਰਾਨੀ ਜੀ, ਰਾਣੀ ਮੈਂ !
ਮੰਜ਼ਲ ਅਪੜਿਆਂ ਦੀ ਰੋਜ਼ ਮੰਜ਼ਲ
ਸੁਹਣੱਪ ਦੇ ਸੁਹਣੇ ਹੋਣ ਦੀ ਹੱਦ ਨਾਂਹ,
ਸੁਹਣੇ ਸਦਾ ਹੋਰ ਸੁਹਣੇ ਹੁੰਦੇ,
ਜਵਾਨੀ ਸਦਾ ਜਵਾਨ ਹੁੰਦੀ,
ਰਸ ਰਸੀਂਦਾ, ਇਹੋ ਤਾਂ ਜਪ ਦਾ ਜਪਣਾ,
ਮੰਜ਼ਲ ਮੁੱਕਣ ਦੀ ਕੋਈ ਗੱਲ ਨਾਂਹ,
ਨਵੀਂ ਨਵੀਂ ਨਿਖਰਦੀ, ਨਜ਼ਾਰਾ ਨਵਾਂ, ਸਵਾਦ ਨਵਾਂ, ਦੀਦਾਰ ਨਵਾਂ,
ਨਵਾਂ ਹੋਵਦਾ,
ਮੰਜ਼ਲ ਤਾਂ ਮੋਇਆਂ ਦੀ ਮੁੱਕਦੀ,
ਜੀਂਦਿਆਂ ਦੀ ਤਾਂ ਸਦਾ ਤੁਰਦੀ,
ਤੁਰਨ ਤਾਂ ਸਵਾਦ ਹੈ,
ਮੁੜ ਮੁੜ ਪਸੀਜਣਾ, ਰੀਝਣਾ, ਮੁੜ ਮੁੜ ਰਸੀਣਾ, ਨਿਤ ਨਵਾਂ ਸਫਰ ਬਸ
ਪਿਆਰ ਹੈ ।
ਘਰ-ਪ੍ਰਾਪਤ ਹੋਣਾ, ਮੰਜ਼ਲ ਦਾ ਅਪੜਨਾ,
ਮੰਜ਼ਲ ਇਉਂ ਅਪੜਿਆਂ ਦੀ ਰੋਜ਼ ਮੰਜ਼ਲ ਸਵਾਦਲੀ,
ਟੁਰਨਾ ਉਨ੍ਹਾਂ ਦਾ ਔਖਾ, ਜਿਨ੍ਹਾਂ ਨੂੰ ਪਤਾ ਨਹੀਂ ਕਿਥੇ ਜਾਣਾ, ਜਿਹੜਾ ਹਾਲੇ
ਘਰ ਦੀ ਪ੍ਰਾਪਤੀ ਥੀਂ ਦੂਰ ਹਨ,
ਦਰ ਮਿਲਿਆਂ ਨੂੰ ਕੀ ਤੌਖਲਾ ।
ਘਰ ਵਾਲੀਆਂ, ਸਾਈਆਂ ਵਾਲੀਆਂ,
ਸੋਹਣੀਆਂ ਸੁਹਾਗਣਾਂ,
ਉਹ ਤਾਂ ਨਿਤ ਨਵੇਂ ਸੂਰਜ ਨੂੰ ਫ਼ਤਹਿ ਗਜਾਉਂਦੀਆਂ ।
ਹੱਸਦੀਆਂ ਖੇਡਦੀਆਂ, ਪੀਂਘਾਂ ਝੂਟਦੀਆਂ, ਸਭ ਖ਼ੁਸ਼ੀਆਂ ਕੰਤ ਮਿਲਵੜੀਆਂ ।
ਗੱਡਰੀਏ ਦੀ ਆਵਾਜ਼ ਦੀ ਪਹਿਚਾਣ,
ਮੰਜ਼ਲ 'ਤੇ ਅਪੜਨ ਦਾ ਨਿਸ਼ਾਨ,
ਚਿੱਟੀਆਂ ਭੇਡਾਂ ਦੀ ਇਹ ਨਾਮ ਦੀ ਪ੍ਰਾਪਤੀ,
ਪਹਾੜਾਂ ਹੇਠ ਭਾਵੇਂ ਵਿਚ ਵਾਦੀਆਂ,
ਭੇਡਾਂ ਫਿਰਨ ਚਰਦੀਆਂ, ਫਿਰਦੀਆਂ,
ਸਾਵੇ ਘਾਹ ਉਤੇ, ਸਿਰ ਨੀਵੇਂ ਕੀਤੇ,
ਆਪ ਮੁਹਾਰੀਆਂ, ਦੌੜਦੀਆਂ,
ਫੁੱਲਾਂ ਨੂੰ ਪੈਰ ਲੱਗੇ, ਮੁਸ਼ਕਦੀਆਂ
ਸੱਦ ਪਵੇ, ਦੌੜਦੀਆਂ, ਆਉਂਦੀਆਂ, "ਪਾਣੀ ਘਾਹ ਮੁਤੌ ਨੇ"
ਝੁਰਮਟ ਪਾਣ ਵਾਂਗ ਪਰੀਆਂ,
ਗੱਡਰੀਏ ਦੇ ਅੱਗੇ ਪਿਛੇ,
'ਮੈਂ' 'ਮੈਂ' ਕਰਦੀਆਂ, ਨਿੱਕੇ ਨਿੱਕੇ ਬੱਚੇ ਤੇ ਬੱਚੀਆਂ !
ਵਾਹ ! ਕਿਹੀਆਂ ਸੁਹਣੀਆਂ ! ਸੁਹਣੀਆਂ !
ਰੱਬ ਨੂੰ ਅੰਕੜ ਬਣੀ ਆਣ ਇਕ ਦਿਨ
१
ਠੀਕ ! ਫ਼ਲਸਫ਼ਾ ਵੀ ਕਦੀ ਇਕ ਉਨਰ ਸੀ,
ਇਸੇ ਤਰ੍ਹਾਂ ਆਰਟ ਨੂੰ ਬਿਨ ਸਿਮਰਨ ਦੇ ਜੀਊਣ ਦੇ ਇਨ੍ਹਾਂ ਪਾਰਖੂਆਂ ਫ਼ਲਸਫ਼ਾ
ਮੁੜ ਕਰ ਮਾਰਨਾ,
ਆਰਟ ਨੂੰ ਖੜ ਕਿਸੇ ਭੈੜੀ ਜਿਹੀ ਖੁਲ੍ਹ ਵਿਚਕਾਰ ਕਰ ਫੂਕਣਾ,
ਇੰਜ ਹੋਣਾ ਸੀ-ਸੱਚੀਂ ਮੈਂ ਵੇਖਿਆ :
ਕਰਤਾਰ ਨੇ ਸੁਹਣੱਪ ਬਣਾ ਸਾਰੀ ਰੱਖੀ ਇਕ ਮਿੱਟੀ ਦੇ ਬੁੱਤ ਦੇ ਸਾਹਮਣੇ
ਮਤੇ ਦੇਖ ਅਨੰਤ ਨਾਨਤ ਨੂੰ ਬੁੱਤ ਜਾਗੇ ਜਿੰਦ ਹੋ,
ਪਰ ਬੁੱਤ ਹਾਲੇ ਨਿਰਜਿੰਦ ਸੀ,
ਰੱਬ ਵੇਖਿਆ-ਨ ਆਰਟ, ਨ ਫ਼ਲਸਫ਼ਾ,
ਨ ਇਲਮ, ਨ ਬੇ-ਇਲਮੀ,
ਨ ਰਾਗ, ਨ ਰੰਗ, ਇਸ ਮਿੱਟੀ ਦੇ ਢੇਲੇ ਦੇ
ਅੰਦਰ ਕੋਈ ਜਿੰਦ-ਸੱਟ ਮਾਰਦੀ,
ਰੱਬ ਨੂੰ ਔਕੜ ਇਹ ਬਣੀ ਸੀ, ਤਦ ਮੁੜ ਸਿਖਿਆ ਰੱਬ ਆਪ ਲਈ,
ਇਸ ਥੋਂ ਤੰਗ ਜਿਹਾ ਹੋ ਕੇ, ਕਰਤਾਰ ਆਪ ਬੁੱਤ ਜਿਹਾ ਹੋ ਕੇ, ਅੰਦਰ ਧੁਰ
ਵੜਿਆ, ਬੁੱਤ ਨੂੰ ਹੱਥ ਨਾਲ ਝੰਝੂਣਦਾ।
ਖਾ ਝੰਝੂੜਾ ਜਾਗਿਆ, ਮਿੱਟੀ ਦਾ ਬੁੱਤ,
ਨੂਰ ਦਾ ਪੁਤਲਾ, ਚਮਕਦਾ।
ਤੇ ਜਦ ਜਾਗਿਆ ਬੁੱਤ ਮਿੱਟੀ ਦਾ,
ਸ਼ਾਦਿਆਨੇ ਚੌਹਾਂ ਕੂੰਟਾਂ ਤੇ ਵੱਜੇ,
ਤੇ ਵੱਜੀਆਂ ਲੱਖ ਚੁੰਬਕ ਢੇਰੀਆਂ,
ਗਗਨ ਫੁੱਲਾਂ ਦੇ ਹੜ੍ਹ ਹੋ ਵਗੇ, ਬਰਖਾ ਹੋਈ ਚਾਰ ਚੁਫੇਰੀਆਂ,
ਕਰਤਾਰ ਦਾ ਜੱਗ ਪਰਣ ਹੋਇਆ, ਸੰਖ ਵੱਜੇ,
ਦਮਾਮਿਆਂ 'ਤੇ ਚੋਟ ਲੱਗੀ,
ਸਭ ਸਾਜ਼ ਆਣ ਹੋਏ ਇਕ ਸੁਰ,
ਜਗਤ ਸਾਰਾ ਪਿਆਰ-ਰਾਗ ਜਾਗਿਆ,
ਤਾਂ ਕਰਤਾਰ ਆਖਿਆ :
ਇਸ ਜੀਉਂਦੇ ਬੁੱਤ ਨੂੰ ਮੇਰੇ,
ਜੀਉਂਦਾ ਬਸ ਰੱਖਣ ਲਈ
ਸਭ ਕੁਦਰਤ ਦਾ, ਤੇ ਮਨ ਦਾ ਸਾਜ਼, ਰੰਗ-ਰਾਜ ਬਖ਼ਸ਼ਿਆ ।
२
ਸੋ ਤਦ ਥੀਂ ਜੀਉਂਦੇ ਲਈ
ਸਭ ਆਰਟ ਦਾ ਸਾਮਾਨ ਹੈ,
"ਰਸਿਕ ਬੈਰਾਗ" ਸਾਹਿਬ ਆਖਦੇ ।
ਪਰ ਮਤੇ ਕੋਈ ਭੁੱਲ ਵੱਜੇ !
ਧਰਮ, ਕਰਮ, ਸਾਧਨ, ਤਪ,
ਦਾਨ, ਇਸ਼ਨਾਨ ਰਾਗ, ਰੰਗ,
ਨਾਚ, ਮੁਜਰਾ, ਨਟੀ, ਨਾਟਕ,
ਚਿੱਤਰਕਾਰੀ, ਗਾਇਣ,
ਬੁਤ-ਪੂਜਾ, ਰੇਖਾਂ ਨੂੰ ਪਰਖਣਾ,
ਮੱਥਿਆਂ ਨੂੰ ਜੋਖਨਾ,
ਆਰਟ, ਯੋਗ, ਫ਼ਲਸਫ਼ਾ :
ਇਹ ਕੋਈ ਵੀ ਸਮਰੱਥ ਨਹੀਂ, ਅੰਨ੍ਹੇ ਨੂੰ ਅੱਖ ਦੇਣ, ਬੋਲੇ ਨੇ ਕੰਨ ਦੇਣ,
ਲੂਲ੍ਹੇ ਨੂੰ ਬਾਹਾਂ ਦੇਣ, ਮੁਰਦੇ ਨੂੰ ਜ਼ਿੰਦਗੀ ।
ਇਹ ਸਭ ਵਸਤੂ ਹਨ,
ਨਹੀਂ, ਸਾਮੱਗਰੀ,
ਜਿਹੜੀ ਰੱਬ ਨੇ ਬਖ਼ਸ਼ੀ,
ਰੱਬੀ ਤਾਰ ਵਿਚ ਲਟਕਦੀ ਜਿੰਦ ਨੂੰ,
ਆਵੇਸ਼ ਦੀ ਨੈਣ ਨੂੰ,
ਸੱਚੀ ਰੱਬ ਲਈ ਇਹ ਸਭ ਕੁਝ ਹੈ,
ਬੰਦਾ ਐਵੇਂ ਮਰਦਾ, ਲਾਲਸਾ ਕਰ ਕਰ ਕੇ,
ਬੰਦੇ ਦਾ ਸਭ ਇਹ ਦੁਖ ਹੈ, ਮੌਤ ਹੈ,
ਰੱਬ ਦੀ ਸਭ ਇਹ ਸੁਖ ਹੈ, ਜੀਵਨ ਸਵਤੰਤ੍ਰਤਾ,
ਇਹ ਬੇਤਰਸ ਜਿਹਾ ਸੂਖਮ ਕੋਈ ਭੇਤ ਹੈ,
ਮਨ ਦੀਆਂ ਸੋਚਾਂ ਨੂੰ ਸਦਾ ਸੱਟ ਮਾਰਦਾ !
ਕਿਰਤ-ਉਨਰ ਦੀ ਚੁੱਪ ਕੂਕਦੀ
৭
ਕਿਰਤ-ਉਨਰ, ਨਿਰਾ, ਨਿਰੋਲ, ਨਿਰਮਲ, ਸਫਟਕਮਣੀ ਵਰਗਾ, ਰੱਬੀ
ਆਵੇਸ਼ ਹੈ ।
ਸੁਨੇਹੇ ਚਮਕਣ ਦਮ ਬਦਮ ਇਥੇ ਪ੍ਰੀਤਮ-ਪਿਆਰ ਦੇ,
ਆਪਣੇ ਅੰਦਰ ਦੇ ਕਰਤਾਰੀ ਰੰਗਾਂ ਨੂੰ, ਸੁੱਟੇ ਬਾਹਰ ਅਨੰਤ ਅਕਾਸ਼ ਉੱਤੇ,
ਪ੍ਰਕਾਸ਼ ਲਾਲ, ਲਾਲ, ਅੰਦਰ ਦੇ ਪੂਰਬ ਦਾ,
ਝਲਕਾਂ ਮਾਰਦਾ ਇਉਂ ਖੜਾ ਸਾਹਮਣੇ, ਨਕੋ-ਨਕ ਭਰਿਆ, ਰਸ ਦਾ ਕੇਵਲ
ਕਟੋਰਾ ।
ਮੈਂ ਆਪ ਹਾਂ ਆਪਣੀ ਸੁਹਣੱਪ ਵਿਚ,
ਫੁੱਲ-ਵੇਲ ਨਾਲ ਲੱਗਾ ਝੂਮਦਾ, ਰਸ-ਤ੍ਰੇਲ ਡੁਹਲਦਾ, ਨੈਣਾਂ ਨੈਣਾਂ ਵਿਚ
ਕਿਸੇ ਦੇ ਗਈਆਂ ਗੱਡੀਆਂ,
ਮੈਂ ਲਾਲ ਭਖ ਭਖ ਕਰਦਾ ਝੁਝੁ ਝੁ ਕੀਤੀ ਨਦਰ ਹਾਂ।
ਮੈਂ ਵਗਦਾ ਨਿਰਮਲ ਨੀਰ ਹਾਂ, ਸਭ ਕੁਝ ਹੱਸਦਾ ਮੇਰੀ ਡੂੰਘੀ, ਡੂੰਘੀ ਛਾਤੀ
ਵਿਚ, ਮੈਂ ਇਕ ਨੂੰ ਅਨੇਕ ਲਹਿਰਾਂ ਵਿਚ ਉਛਾਲਦਾ ।
ਧਿਆਨ ਦੀ ਸੁਹਣੱਪ ਨੂੰ ਮੈਂ ਨੈਣ ਖੋਹਲ ਵੇਖਦਾ ਮੇਰੇ ਨੈਣ ਉਹ ਫੁੱਲ ਦੋ
ਬਨਫ਼ਸ਼ਾ ਜਿਨ੍ਹਾਂ ਨੂੰ ਪਿਆਰ ਰਸ਼ਮੀ ਖੋਲ੍ਹਦੀ ।
ਬਣਨ, ਹੋਣ, ਜੀਣ ਦਾ ਕਰਿਸ਼ਮਾ,
ਥੀਣ ਅਥੀਣ ਜਿਹੀ ਵਿਚ ਰੱਬ-ਕਰਾਮਾਤ ਹੈ,
ਮੈਂ ਹੈਰਾਨ ਹੋ ਹੋ ਵੇਖਦਾ,
ਜਿਹੜਾ ਖੁਲ੍ਹੇ ਘੁੰਡ ਵੀ ਸਦਾ ਲੁਕਿਆ ।
२
ਕਿਰਤ-ਉਨਰ ਪੁੱਛਦਾ :
ਦਸ ਖਾਂ ਮਨੁੱਖਾ ।
ਤੂੰ ਮਨੁੱਖ ਕਿੰਨਾਂ ਹੈਂ ?
ਮਨੁੱਖਤਾ ਕਿੰਨੀ ਕੁ ਆਈ ਤੇਰੇ ਵਿਚ
ਉਹ ਕੀ ਦੇਖਣਾ ਜੋ ਰੋਜ਼ ਨੈਣ ਤੱਕਦੇ,
ਦਸ ਖਾਂ ਤੂੰ ਜੇ ਬੰਦਾ ਆਜ਼ਾਦ ਹੈਂ ?
ਕੁਦਰਤ ਦੇ ਦਿਲ ਵਿਚ ਕੀ ਛੁਪਿਆ ?
ਤੇਰੇ ਦਿਲ ਵਿਚ ਕੀ ਹੈ ?
ਪਰ ਮਨੁੱਖ ਵਾਂਗ ਦੱਸੀਂ,
ਜਿਸ ਨੂੰ ਵੇਖਦੇ ਹੀ ਸਵਾਲ ਸਾਰੇ ਬੰਦ ਪੈਂਦੇ,
ਰਸ ਚੋਣ ਲਗ ਜਾਂਦਾ ਆਪ ਮੁਹਾਰਾ ਰੋਮ ਰੋਮ ਥੀਂ,
ਨੈਣਾਂ ਰਾਹੀਂ, ਹੱਥਾਂ ਰਾਹੀਂ, ਪੈਰਾਂ ਰਾਹੀਂ,
ਤੇ ਮੁੜ ਪੁੱਛ ਕੇ ਹੇਠਾਂ ਨੂੰ ਸ਼ਹਿਦ ਮੁਹਰ ਵੱਜਦੀ !
ਦੇਖੀਂ ਗੱਲਾਂ ਉਹ ਨ ਛੇੜੀਂ ਜਿਹੜੀਆਂ ਛਿੜ ਆਪੇ ਜਿਹੀਆਂ ਹੋਰ ਛੇੜਦੀਆਂ,
ਗੱਲਾਂ ਨਾਲ ਜੀ-ਪੇਟ ਨਹੀਂ ਭਰਦਾ।
ਦੇਖਣਾ ਮੰਨਣਾ ਹੈ,
ਦਿਖਾ, ਜਿਹੜਾ ਤੂੰ ਕੁਝ ਸੁਣਿਆ
ਤੇਰੇ ਵਿਚ ਦੇਖ ਅਸੀਂ ਮੰਨੀਏਂ ?
ਕਿਰਤ-ਉਨਰ ਆਖਦਾ :
ਮੈਂ ਰੱਬ ਦੇ ਬੰਦੇ ਬਲਦੇ ਦੀਵੇ ਦਾ ਪਰਛਾਵਾਂ ਹਾਂ ਉਹਦੇ ਪਿੱਛੇ ਖਲੋ ਜਲੌ
ਵੇਖਦਾ, ਪਰ ਉਸ ਬਿਨਾਂ ਮੈਂ ਹੈ ਨਹੀਂ !
ਮੈਂ ਆਪਣੀ ਲਿਖਤ ਆਪ ਪਛਾਣ ਨ ਸਕਦਾ,
ਪਤਾ, ਕੌਣ ਲਿਖ ਗਿਆ ਹੈ ?
ਆਪ ਲਿਖ, ਮੈਂ ਆਪ ਵਾਚਦਾ,
ਆਵੇਸ਼ ਪਤਾ ਨਹੀਂ ਕਿਸ ਦਾ ?
ਉਹ ਲਿਖਦਾ, ਕਲਮ ਲਿਖਦੀ, ਮੈਂ ਨਹੀਂ ਲਿਖਦਾ ।
ਮੈਂ ਉਹ ਆਵੇਸ਼ ਹਾਂ,
ਗਾਉਂਦਾ ਆਉਂਦਾ,
ਸਿਤਾਰ ਵਜਾਣ ਵਾਲੇ ਦੀ ਗੱਤ ਰੋਕਦਾ,
ਵਜਾਏ ਉਹ 'ਆਸਾ' ਵੱਜੇ 'ਸੁਹਣੀ',
ਮੁੜ ਵਜਾਏ 'ਆਸਾ' ਮੁੜ ਮੁੜ ਵਜੇ 'ਸੁਹਣੀ' ।
ਮੈਂ ਚਿੱਤਰਕਾਰ ਦਾ ਬੁਰਸ਼ ਆਪ ਫੜਦਾ, ਰੰਗ ਮੈਂ ਘੋਲਦਾ, ਮੇਲਦਾ,
ਅਸਲ ਚਿੱਤਰ ਉਹ ਜਿਹੜਾ ਪ੍ਰੀਤਮ ਜੀ ਆਏ ਖਿੱਚ ਕੇ ਗਏ ਹੁਣੇ
ਚਿੱਤਰਕਾਰ ਆਖੇ ਮੈਂ ਖਿੱਚਿਆ !
ਕਿਰਤ-ਉਨਰ ਆਖਦਾ :
ਮੇਰੇ ਵੱਸ ਕੁਝ ਨਹੀਂ,
ਮੇਰੇ ਅੰਦਰ ਦੀ ਸ੍ਵੈਤੰਤ੍ਰਤਾ,
ਆਜ਼ਾਦੀ ਮੇਰੀ ਪੂਰਾ ਭਰਿਆ ਰਸ ਹੈ ਜਿਹੜਾ ਗੁਰੂ ਅਰਜਨ ਦੇਵ ਚਖਾਉ'ਦਾ,
ਆਜ਼ਾਦੀ ਮੇਰੀ ਖੁੱਸੇ,
ਮੇਰੇ ਹੱਥ ਪੈਰ ਟੁੱਟਦੇ,
ਅੰਗ ਮੁੜ ਮੁੜ ਜਾਂਦੇ,
ਗੁਰੂ ਫ਼ਰਮਾਉਂਦਾ ।
ਉਹ ਫੁੱਲ ਭਾਵੇਂ ਡੰਡੀ-ਜਕੜਿਆ,
ਪੂਰਾ ਆਜ਼ਾਦ ਹੈ ਜਿਸ ਦਾ ਮੂੰਹ ਤੇਲ ਨਾਲ ਭਰਿਆ ਬੋਲ ਨ ਸਕਦਾ,
ਦੂਆ ਫੰਡ ਖਲ੍ਹਿਆਰ ਉੱਡਿਆ ਆਜ਼ਾਦ ਹੋਣ ਨੂੰ ਸੁੱਕ ਕੇ ਢੱਠਾ ਭੋਂ 'ਤੇ,
ਮਿੱਟੀ ਨਾਲ ਰਲ ਮਿੱਟੀ ਹੋਇਆ।
ਮੋਇਆਂ ਲੋਕਾਂ ਦੀ ਆਜ਼ਾਦੀ ਦਾ ਰਸ ਚੱਖਣਾਂ ?
ਰਸ ਭਰਿਆਂ ਨੂੰ ਮੁੜ ਕਿਸ ਜ਼ੰਜੀਰਾਂ ਘੱਤਣੀਆਂ।
ਕਿਰਤ-ਉਨਰ ਆਖਦਾ :
ਮੈਂ ਤਾਂ ਪਿਆਰ ਕਰਦਾ ਇਸ ਨੂੰ ਬੁੱਤਾਂ ਸੁੱਤਾਂ ਨੂੰ
ਮਤੇ ਕਿਸੀ ਦੇ ਚਰਨ ਵਿਚ ਛਪੇ ਉਹਦੇ ਚਰਨ ਹੋਣ,
ਜਿਹਦੀ ਤਲਾਸ਼ ਮਾਰਦੀ,
ਖ਼ਾਲੀ ਪੁਲਾੜਾਂ ਨੂੰ ਫਾੜ ਫਾੜ,
ਅੱਖਾਂ ਹੱਥਾਂ ਵਿਚ ਫੜਾਂਦੀ,
ਤੇ ਫੜਾ ਫੜਾ ਮੁੜ, ਮੁੜ ਹੱਸਦੀ,
ਹੋਣੀ ਜਿਹੀ ਹੋ ਕੇ ਮਰ ਜਾਣੀ,
ਖਿਚਕਿਲੀ ਮਚਾਉਂਦੀ, ਮਜ਼ਾਖਾਂ ਕਰਦੀ !
ਮੈਂ ਤਾਂ ਇਨ੍ਹਾਂ ਚਿੱਤਰਾਂ ਮਿੱਤਰਾਂ ਨੂੰ ਵੇਖਦਾ ਹਾਂ ਪੂਰੀ ਨੀਝ ਲਾ,
ਮਤੇ ਬੇ-ਪਤੇ ਦਾ ਕੋਈ ਪਤਾ ਦੇ ਉੱਠੇ,
ਮੈਂ ਤਾਂ ਕਿਸੇ ਪਿਆਰੀ, ਮਿੱਠੀ ਤਾਨ ਦੀ ਹਵਾਈ ਲਚਕ ਨੂੰ ਉਡੀਕਦਾ ।
ਸੁਰਤਿ ਤੇ ਹੰਕਾਰ
(Consciousness and Ego)
१
ਮੈਂ ਸੱਚੀਂ, ਬਾਲਦੀ 'ਮੈਂ' ਵਾਂਗ,
ਆਪਾ ਭੁੱਲੀ ਵਿਚਰਦੀ,
ਬਲ ਮਰਦਾ ਮੈਂ ਵਿਚ ਤਦ ਹੀ,
ਜਦ ਉਹ ਮੈਂ-ਪੁਣਾਂ, ਮੈਂ-ਹੋਣਾ ਵਿਸਰਦੀ,
ਬੇਹੋਸ਼ ਜਿਹੀ 'ਮੈਂ' ਪੂਰੀ ਹੋਸ਼ ਵਾਲੀ,
ਸੁੱਤੀ, ਸੁੱਤੀ ਮੈਂ, ਠੀਕ ਤਾਂ ਜਾਗਦੀ ।
ਜਿਸਮ ਜਿਵੇਂ ਨੀਂਦਰ ਪਾਲਦੀ,
ਤਿਵੇਂ ਮੈਂ ਦੀ ਨੀਂਦਰ ਇਕ ਰਸੀਲੀ ਅਸਚਰਜਤਾ,
ਨੈਣ ਅੱਧੇ ਮੀਟੇ, ਅੱਧੇ ਲਗਨ ਜਾਂ ਰਸ ਭਾਰੇ ਛੱਪਰਾਂ ਹੇਠ ਹੇਠ, ਆਪਣਿਆ,
ਅੱਧੇ ਜਾ ਲੱਗਦੇ ਗਗਨਾਂ ਹੇਠ, ਹੇਠ ਉਸ ਦਿਆਂ ।
ਇਕ ਸੁਖ ਦੀ ਲਾਟ ਨਿਕਲਦੀ,
ਉਰਧ-ਕਮਲ ਇਸ ਨੂੰ ਸਾਹਿਬ ਆਖਦੇ,
ਪੂਰਬ ਦੇ ਸਾਰੇ ਫ਼ਕੀਰ-ਪਾਰਖੀ,
ਅੱਧ-ਮੀਟੀ ਅੱਖ, ਧਿਆਨ
ਸਥਿੱਤ ਸੁਰਤਿ ਨੂੰ ਪੂਰਾ ਪਛਾਣਦੇ ।
ਅਨੰਦ-ਸਾਗਰ ਦਿਲ ਦੀਆਂ ਕਿੰਗਰੀਆਂ 'ਤੇ ਵੱਜਦਾ,
ਕੰਵਲ ਸਾਰੇ ਖਿਲਦੇ, ਤਰਦੇ, ਹੱਸਦੇ,
ਧਿਆਨ ਦੀ ਖ਼ੁਸ਼ੀ-ਸਰਵੱਗਯਤਾ,
ਮਸਤੀ ਪਿਆਰ ਦੀਆਂ ਲਾਲੀਆਂ ਪਾਣੀਆਂ 'ਤੇ ਤਰਦੀਆਂ ।
ਰੌਣਕ ਅੰਦਰ ਦੀ ਨੰਣਾਂ ਨੂੰ ਮੁੜ ਮੁੜ ਜੋੜਦੀ,
ਦਿਲ ਜੋੜਦੀ, ਸੁਹਣੱਪ ਖੁਲ੍ਹੀ ਫਿਰਦੀ,
ਇਹ ਬੱਝਣ ਕਲੀ-ਅੱਧਖਿੜੀ ਦਾ ਆਜ਼ਾਦੀ, ਇਹ ਸ਼ਰਮਾਂ ਡੂੰਘੀਆਂ
ਰਹੱਸ ਜੀਣ, ਥੀਣ ਦਾ ।
ਭਰੀਆਂ ਨਕ-ਨਕ ਮੇਰੇ ਨੈਣਾਂ ਦੀਆਂ ਕਟੋਰੀਆਂ,
ਤੇ ਸੁਹਣੱਪ ਵਸੇ ਨਿੱਕਾ ਨਿੱਕਾ ਮੀਂਹ ਹੋ ਖੁਲ੍ਹਮ ਖੁਲ੍ਹੀਆਂ ।
ਅੱਧੇ ਮੀਟੇ ਨੈਣ ਮੇਰੇ ਮਾਲਕ ਦੀਆਂ ਮੱਛੀਆਂ,
ਤਾਰੀਆਂ ਲੈਣ ਉਹ ਸ਼ੁਕਰ ਸ਼ੁਕਰ ਕਰਦੀਆਂ, ਮਿਹਰ ਦੀਆਂ ਛਹਿਬਰਾਂ ।
ਤੇ ਖਿੱਚਦਾ ਉਤਾਹਾਂ ਨੂੰ, ਨਾਲ ਨਿੱਕੀਆਂ ਨਿੱਕੀਆਂ ਡੋਰੀਆਂ ।
ਖਿੱਚੇ ਨੈਣਾਂ ਥੀਂ ਸਵਾਦ ਮੱਥੇ ਨੂੰ ਲਪਕਦਾ,
ਸੁਰਤਿ ਮੰਗਦੀ, ਉੱਠਦੀ, ਸਿੱਧੀ ਹੁੰਦੀ,
ਚੁੰਮਦੀ ਚਰਨ ਸੁਹਣੇ ਸੁਹਣੇ ਪਿਆਰੇ ਦੇ ।
२
ਸੁਰਤਿ ਇਸ ਖਿੱਚੇ ਖਿੱਚੇ ਸਵਾਦ ਵਿਚ,
ਸ੍ਵੈ-ਸਿੰਘਾਸਨ ਬੈਠੀ, ਲਹਿਰ ਦੀ,
ਅੱਧ-ਮੀਟੇ ਨੈਣ ਇਹ
ਖਿਚੀ, ਖਿਚੀਂਦੀ ਤਰਬ ਦੀ ਤਾਨ ਜਿਹੀ,
ਇਹ ਤਾਰ ਰਬਾਬ ਦੀ,
ਮੁੜ ਮੁੜ ਸਾਂਈਂ ਕੱਸਦਾ,
ਮੁੜ ਮੁੜ ਕਸੀਂਦੀ, ਕੰਬਦੀ,
ਹਵਾਵਾਂ ਦੇ ਸਵਾਸ ਛੇੜਨ,
ਦਿਨ ਰਾਤ ਗਾਂਦੀ ਅੱਠ ਪਹਿਰੀ ਰਸ ਦਾ ਰਾਗ ਇਹ,
ਇਹ ਨਸ਼ੀਲੀ, ਰੰਗੀਲੀ, ਕੁੱਲੀ, ਭੁੱਲੀ ਸ੍ਰਪਨ-ਫੁੱਲ ਕੱਜੀ ਕੱਜੀ ਸੁਰਤਿ ਇਹ,
ਬੱਝੀ ਬੱਝੀ, ਖਿੜੀ ਖਿੜੀ, ਹਰੀ, ਹਰੀ, ਰਸੀਲੀ, ਸੁਰਤਿ ਇਹ,
ਸਿੱਖ ਦੀ ਅਣਗਉਲੀ ਜਿਹੀ, ਹੌਲੀ ਜਿਹੀ, ਰੋਲੀ ਜਿਹੀ ਮੈਂ ਹੁੰਦੀ ।
३
ਇਹ 'ਸਾਧ-ਮੈਂ' ਪਿਆਰੀ,
ਚਰ, ਅਚਰ ਵੇਖ ਖੁਸ਼ਦੇ ।
ਮ੍ਰਿਗਾਂ ਦੇ ਸਿੰਙ ਇਹਦੀ ਨੰਗੀ-ਪਿੱਠ ਖੁਰਕਦੇ,
ਚਿੜੀਆਂ ਇਹਦੇ ਨੈਣਾਂ ਬੀ ਰਸ-ਬੂੰਦਾਂ ਟਪਕਦੀਆਂ, ਪੀ, ਪੀ,
ਰੱਜਦੀਆਂ, ਮੂੰਹ ਉੱਪਰ ਚੱਕਦੀਆਂ ਤੱਕਦੀਆਂ ਘੁੱਟ, ਘੁੱਟ ਭਰਦੀਆਂ,
ਸਵਾਦ ਦੇ, ਲਿਓ ਭਰਥਰੀ ਜੀ ਵੀ ਆਖਦੇ :
ਇਸ ਨੂੰ ਅੱਧਮੀਟੀ ਅੱਖ ਵਾਲੀ ਸੁਹਣੀ ਰਾਣੀ ਨੂੰ,
ਸਭ ਥਾਂ, ਸਭ ਚਾਅ, ਸਭ ਰਸ ਸਤਿਕਾਰਦੇ
ਚੁਗਿਰਦੀ ਚਲਦਾ ਇਹਦੇ ਪ੍ਰਭਾਵ ਇਕ ਠੰਢ ਦਾ
ਇਹ ਰਾਣੀ ਟੁਰਦੀ ਸੁਖ ਦਾ ਮੀਂਹ ਪਾਂਵਦੀ,
ਇਹਦੀ ਬਾਹਾਂ ਦੇ ਉਲਾਰ ਥੀ ਰਸ-ਬੂੰਦਾਂ ਢਹਿੰਦੀਆਂ,
ਇਹਦੀ ਹੰਸ-ਚਾਲ, ਲੱਖਾਂ ਨੂੰ ਮਾਰ, ਮਾਰ ਚੱਲਦੀ !
ਬੁੱਧ-ਵੇਲੇ ਦੀ ਉਨਰ ਦੀ ਅੱਖ ਇਹ,
ਨਿਰਵਾਨ ਸੁਖ ਪਾਏ ਮਨੁੱਖ ਦੀ ਅੱਖ,
ਇਹ ਮੈਂ' ਦਾ 'ਅਮੈਂ' ਜਿਹਾ ਸੱਚਾ ਸਰੂਪ ਹੈ ।
ਇੱਥੇ 'ਮੈਂ" 'ਮੈਂ' ਨ ਸੱਭਦੀ,
ਇੱਥੇ 'ਮੈਂ'' 'ਮੈਂ" ਨੂੰ ਨਾ ਪਾਲਦੀ,
ਮੈਂ ਬੱਸ ਇਕ ਮੌਜ ਅਕਹਿ ਅਨੰਦ ਦੀ, ਨਿੱਕੀ ਨਿੱਕੀ ਰਵੀ, ਰੁਮਕੇ ਸਮੁੰਦਰਾਂ 'ਤੇ,
ਸਮੁੰਦਰਾਂ ਦੇ ਸਮੁੰਦਰ ਬੱਝੇ ਖੜੇ ਅਧਮੀਟੀ ਅੱਖ ਵਿਚ !
ਅਨੰਤ ਜੋ, ਅਨੰਤ 'ਹੈ' ਅਨੰਤ ਰਸ ਇਥੇ ਸਖੋਪਤ ਰਸ ਮਾਣਦਾ,
ਬਲਵਾਨ ਰੱਬ ਸਾਰਾ ਬੇਅੰਤ, ਬੇਨਿਆਜ਼ ਪਿਆਰਾ, ਇਸ ਅਧਖਿੜੇ ਫੁੱਲ ਦੀ
ਗੋਂਦ ਵਿਚ ਸਾਰਾ ਸਮਾਉਂਦਾ !
੪
ਹੰਕਾਰ ਨੂੰ ਜਗਾਣਾ,
ਹੈ ਕਮਜ਼ੋਰ ਕਰਨਾ ਬਲਵਾਨ ਨੂੰ,
ਹੰਕਾਰ ਨੂੰ ਆਖਣਾ ਸ਼ੇਰ ਤੂੰ,
ਇਹ ਟੇਕ ਕੱਖ ਦੀ ।
ਸ਼ੇਰ ਵਾਂਗ ਉਠਾਣਾ ਇਸ ਨੂੰ,
ਨਿੱਕੇ ਮ੍ਰਿਗਾਂ ਨੂੰ ਮਾਰਨਾ,
ਮਾਰ, ਮਾਰ, ਕੀ ਸੁਰਤਿ ਪਲਦੀ ?
ਹੰਕਾਰ ਪਲਦਾ, ਮੋਟਾ ਸ਼ਰੀਰ ਵਾਂਗ,
ਬੱਕਰਾ ਕਾਲਾ ਠੀਕ ਇਹ ਜੰਮਦਾ !
ਸੁਰਤਿ ਤਾਂ ਗੁਲਾਬ ਦੀ, ਸੁਬਕ ਕਹਿਰ ਦੀ, ਹੱਸਦੀ ਆਂਦੀ, ਹੱਸਦੀ ਜਾਂਦੀ
ਢਹਿੰਦੀ ਵੀ ਸੁਗੰਧ ਖਿਲਾਰਦੀ,
ਰੱਤ ਪੀਣੀ, ਮਾਸ ਖਾਣੀ ਚੀਤੇ ਦੀ ਸੁਰਤਿ ਨੇ, ਕੀ ਪਿਆਰ ਸੁਗੰਧ ਪਛਾਣਨੀ,
ਹਾਂ ਸੁਰਤਿ ਤਲਵਾਰ ਹੈ, ਬਿਜਲੀ ਹੈ, ਬੱਝੀ ਕਿਸੀ ਹੁਕਮ ਦੀ,
ਪੱਕੀ ਰਬੀਲੀ, ਰਸ਼ੀਲੀ, ਕਿਸੀ ਸੁਰਤਿ ਦਾ ਨਾਮ ਲੈ, ਲੈ,
ਹੰਕਾਰ ਦੇ ਸੁਨੇਹੇ ਦੇਣੇ,
ਇਹ ਨਿਗੁਰੀ ਬੱਸ ਚਾਲ ਹੈ ।
ਜੇ ਸਿਰ 'ਤੇ ਗੁਰੂ ਖੜਾ ਹੈ ਸੂਰਮਾਂ,
ਸਿਦਕ ਦੀ ਮਿੱਠੀ ਨੀਂਦਰ ਸੈਣਾਂ ਬੱਸ ਕਮਾਲ ਹੈ,
ਝੋਲ ਰੱਬ ਅੱਡਦਾ, ਬੱਚੇ ਨੂੰ ਪਿਆਰਦਾ,
ਇਹ ਬਾਲ-ਸੁਰਤਿ ਦੁੱਧ ਆਪਣੀ ਛਾਤੀਓਂ ਪਿਲਾ ਪਿਲਾ ਪਾਲਦਾ,
ਸੁਰਤਿ ਪੱਲਦੀ ਸਦੀਆਂ ਲੰਮਾ, ਗੁਰੂ-ਪਿਆਰ, ਖਾ, ਖਾ,
ਨਿਰੀ ਗੀਤ ਦੀ ਫੁੰਕਾਰ ਕੀ ਸੰਵਾਰਦੀ ?
ਸੁੱਤਿਆ ਸੁੱਤਿਆਂ ਆਵੇਸ਼ ਕੋਈ ਬੱਸ ਬਲ ਹੈ, ਜਿਸ ਨੂੰ 'ਨਿਤਸ਼ੇ' ਤੇ
'ਇਕਬਾਲ' ਵੰਗਾਰਦਾ, ਆਪਣੇ ਕੀ ਵੱਸ ਹੈ, ਸੁੱਕੇ ਹੰਕਾਰ ਦੇ
ਸੁਰਤਿ ਸੁੱਤੀ ਵਿਚ ਆਵੇਸ਼ ਆਵੇ,
ਇਹਦਾ ਹੜ੍ਹ, ਕੌਣ ਥੰਮ੍ਹਦਾ ? ਕਦੀ ਕਦੀ ਗੁਰੂ ਦੀ ਸ਼ਰਨ ਸੁੱਤੀ ਸੁਰਤਿ ਵਿਚ
ਬਲ-ਹੜ੍ਹ ਆਉਂਦਾ !
ਫ਼ਰਾਂਸ ਦੀ ਕੰਵਾਰੀ ਆਰਲੀਨ ਦੇ ਆਵੇਸ਼ ਵਾਂਗ,
ਭੇਡਾਂ ਚਰਾਂਦੀ ਪੇਂਡੂ-ਕੁੜੀ, ਸੁਫ਼ਨਿਆਂ ਦੀ ਸੁਬਕ ਜਿਹੀ ਪੁਤਲੀ,
ਪੈਲੀਆਂ ਪਹਾੜੀਆਂ ਵਿਚ ਫਿਰਦੀ, ਰੱਬ, ਰੱਬ ਕਰਦੀ,
ਸੁੱਤੀ, ਸੁੱਤੀ ਨੂੰ ਕੋਈ ਆਖਦਾ—ਉੱਠ ਕਾਕੀ ! ਫੜ ਤਲਵਾਰ, ਬੀਰ ਤੂੰ,
ਲੈ ਇਹ ਤਲਵਾਰ ਮੈਂ ਦਿੰਦਾ, ਫੜ, ਜਾ, ਕੱਪੜੇ ਜਰਨੈਲ ਦੇ ਪਾ ਤੂੰ !
ਮਾਰ ਵੈਰੀ, ਧਰ ਪਿਛੇ, ਮਰ ਜਾਹ ਤੂੰ ਫਰਾਂਸ ਨੂੰ ਇਕ ਔਕੜ ਥੀਂ
ਬਚਾ ਤੂੰ !
ਉੱਠੀ ਡਰਦੀ ਡਰਦੀ,
ਗਈ, ਕੜਕੀ ਵਾਂਗ ਲੱਖਾਂ ਬਿਜਲੀਆਂ,
ਫ਼ੌਜਾਂ ਸਾਰੀਆਂ ਉਹਦੀਆਂ ਫ਼ਰਾਂਸ ਦੀਆਂ,
ਤੇ ਗਈ ਲੜਦੀ ਫ਼ਤਹਿ ਗਜਾਂਦੀ ।
ਸਰੀਰ ਲੋਕਾਂ ਭੁੰਨਿਆਂ ਅੱਗ ਵਿਚ,
ਆਖਿਆ-ਇਹ ਜਾਦੂਗਰਨੀ,
ਪਰ ਅੱਗ ਦੀਆਂ ਲਾਟਾਂ ਵਿਚ, ਇਕੋ ਉਹੋ ਲਾਟ ਬਲਦੀ ਬਾਕੀ ਸਭ ਅੱਗਾਂ
ਹਿਸੀਆਂ (ਬੁਝੀਆਂ) !
ਫ਼ਤਹਿ ਫ਼ਤਹਿ, ਗਜਾਂਦੀ ਗਈ ਟੁਰ, ਦੇਸ ਉਸ ਜਿਥੋਂ ਉਹ ਸੱਦ ਆਈ ਸੀ ।
ਸੁਰਤਿ ਇਕੱਲੀ ਨਾਂਹ ਕਦੀ,
ਹੰਕਾਰ ਸਦਾ ਇਕੱਲਾ,
ਇਹੋ ਨਿਸ਼ਾਨੀ, ਇਹੋ ਫ਼ਰਕ,
ਸੁਰਤਿ ਨੂੰ ਸੰਭਾਲਦੇ ਰੱਬ ਪਿਆਰੇ, ਅਣਡਿਠੇ ਦੇਸਾਂ ਵਿਚ ਰਹਿਣ ਉਪਕਾਰੀ,
ਠੀਕ ਕੋਈ ਹੋਰ ਲੋਕ ਜਿਹੜੇ ਸੁਰਤਿ ਨੂੰ ਪਿਆਰਦੇ,
"ਉਥੇ ਜੋਧ ਮਹਾਂ ਬਲ ਸੂਰ"
ਉਨ੍ਹਾਂ ਦੀ ਰੱਛਿਆ ਸੁਰਤਿ ਨੂੰ,
ਸੁਰਤਿ ਕਦੀ ਇਕੱਲੀ ਨਾਂਹ,
ਇਹ ਭੇਤ ਜਾਣਨਾ :
ਸੁਰਤਿ ਰੱਬ ਦੀ ਜੋਤ ਇਨਸਾਨ ਵਿਚ,
ਹੰਕਾਰ ਭੈੜਾ ਹੈਵਾਨ ਜੰਗਲੀ ।
੫
ਗੀਤਾ ਵਿਚ ਆਵਾਜ਼ ਦੇ ਕ੍ਰਿਸ਼ਨ ਮਹਾਰਾਜ ਪਛੋਤਾਇਆ,
ਉਪਨਿਖਦਾਂ ਦੀ ਬ੍ਰਹਮ- ਮੈਂ ਕੌਣ ਸਮਝੇ ?
ਕਦੀ 'ਗੋਇਟੇ' ਵਰਗੇ, 'ਥੋਰੋ' ਵਰਗੇ ਸਾਧਾਂ ਨੂੰ,
'ਵਿਟਮੈਨ' ਜਿਹੇ ਕਵੀਆਂ ਨੂੰ ਬੱਸ ਬ੍ਰਹਮ-ਮੈਂ ਜਿਹੀ ਦਾ ਰਸ ਕੋਈ
ਰਤਾ ਕੁ, ਆਉਂਦਾ
ਇਹ ਗੱਲਾਂ ਮਾਰਦੀਆਂ,
ਮੋਇਆਂ ਨੂੰ ਆਵਾਜ਼ਾਂ ਦੇਣ ਇਹ ਸਿਆਣੇ,
ਉਥੇ ਸੁਰਤਿ ਕਿਥੇ, ਹੰਕਾਰ ਬੋਲਦਾ,
ਉਲਟਾ ਉਪਦੇਸ਼ ਵਜੇ, ਹੰਕਾਰ ਚੇਤਦਾ,
ਇਉਂ ਇਹ ਆਵਾਜ਼ੇ ਸਾਰੇ,
ਸੁਰਤਿ ਨੂੰ ਹੰਕਾਰ ਵਿਚ ਇਕੱਲਾ ਕਰਨ,
ਇਹ ਸਿੱਟਾ ਨਿਕਲਦਾ,
ਠੀਕ ਹੈ ! ਇਹ ਮਾਰਨਾ ਹੈ ਸੁਰਤਿ ਨੂੰ ਵਾਂਗ ਇਕ ਫ਼ੌਜ ਅੱਗੇ ਵਧਾ ਕੇ,
ਪਿੱਛਾ ਕੱਟ ਵੈਰੀ ਮਾਰਦੇ,
ਵਧਦੀ ਸੁਰਤਿ ਦਿਸਦੀ ਜ਼ਰੂਰ ਹੈ,
ਇਹ ਸੁਰਤਿ ਦੀ ਪੂਰਨਤਾ ਦਾ ਵਹਿਮ ਝਾਵਲਾ ।
ਇਹੋ ਵਧਣਾ ਇਕ ਮੌਤ ਹੈ ।
ਪਿਛੇ, ਅੰਦਰ, ਅੰਦਰ ਛਿਪੇ ਲੁਕੇ ਅਨੰਤ ਜੀ ਫ਼ੌਜ 'ਮਿੱਤਰ ਪਿਆਰੇ' ਦੀ,
ਉਸ ਨਾਲ, ਨਾਲ, ਕਦਮ, ਕਦਮ, ਦਮ, ਬਦਮ, ਜੁੜ, ਜੁੜ ਰਹਿਣਾ, ਢੁਕ,
ਢੁਕ,ਨਾਲ ਨਾਲ ਬਹਿਣਾ,
ਤੇ ਮਾਰਚ ਕਰਨਾ ਪਿੱਛਾ ਸਾਰਾ ਸਾਂਭ ਕੇ,
ਤਾਂ ਇਸ ਮਾਰਚ ਇਕੱਲੀ ਨਾਲ ਮਾਰਚ ਕਰਨ ਲੱਖਾਂ ਫ਼ੌਜਾਂ ਸੱਚੀ
ਸਰਕਾਰ ਦੀਆਂ,
ਸਰਦਾਰ ਦਾ ਹੋ ਕੇ ਚੱਲਣ ਦਾ ਸਾਰਾ ਅਨੰਤ ਇਹ ਬਲ ਇਕ,
ਇਕ ਸਿਪਾਹੀ ਦਾ,
ਸੁਰਤਿ ਇਕੱਲੀ ਨਾ,
ਸੁਰਤਿ ਇਕ ਭਾਰੀ ਫ਼ੌਜ ਹੈ,
ਫ਼ੌਜਾਂ ਵਾਲਾ ਪਿਛੇ ਪਿਛੇ,
ਸੁਰਤਿ ਇਕ ਨਾਂਹ,
ਤਾਹੀਂ ਬਾਬਾ ਆਖਦਾ :
"ਇਕ ਨਹੀਂ, ਸਵਾ ਸਵਾ ਲੱਖ ਹੈ,
ਇਕ ਸੱਚਾ ਬਲ ਹੈ
ਸੁਰਤਿ ਦਾ ਇਹ ਕਦੀ ਨਾਂਹ ਡੋਲਦਾ !"
੬
ਕੰਮਾਂ ਉਹ ਮਰਦੀਆਂ,
ਜਿਹੜੀਆਂ ਦਿਲ ਵਧਾ, ਵਧਦੀਆਂ,
ਇਹ 'ਦਿਲ ਵਧੇ' ਦੀਆਂ ਮਾਰਾਂ,
ਫ਼ਰਿਸ਼ਤਿਆਂ ਦੇ ਦੇਸ਼ ਨੂੰ ਭੁੱਲ ਕੇ,
ਸੱਚ ਦੀ ਟੇਕ ਛੱਡ ਟੁਰਨਾ,
ਆਪ ਜਿਹਾ ਵੱਖ ਕਰ ਉਸ ਕਰਤਾਰ ਤੋਂ
ਉਨ੍ਹਾਂ ਜ਼ਰੂਰ ਮਰਨਾ ।
ਮਾਰੇ ਕੌਣ ਉਨ੍ਹਾਂ ਨੂੰ ਜਿਨ੍ਹਾਂ ਨੂੰ ਸਾਈਂ ਰੱਖਣਾ ।
ਸਾਈਂ ਦੇ ਚਰਨਾਂ 'ਤੇ ਖ਼ੂਬ ਗਾਹੜੀ ਨੀਂਦਰ ਸੈਂ;
ਕੰਮਾਂ ਸਦਾ ਜਾਗਦੀਆਂ, ਉੱਠਦੀਆਂ, ਹੰਕਾਰ
ਦੇ ਜਗਰਾਤੇ ਕੱਟ ਮਰਦੀਆਂ ।
ਜਿਹੜੇ ਮਾਰਨ, ਸੋ ਮਰਨਗੇ,
ਹੁਕਮ ਪਾਲਣ ਜੋ ਕਰਤਾਰ ਦਾ,
ਉਹ ਫ਼ਤਹਿ ਗਜਾਂਦੇ ਸੱਚ ਦੀ,
ਫੜਾਏ ਜੋ ਕਰਤਾਰ ਫੁੱਲ ਹੱਥ ਬਾਲ ਦੇ,
ਵੱਲ ਉਹ ਵਰਸਾਉਂਦਾ, ਉਹਦਾ ਕੀ ?
ਪਰ ਆਰਲੀਨ ਦੀ ਕੰਵਾਰੀ ਨੂੰ ਜਿਵੇਂ,
ਸੁਫਨੇ ਵਿਚ ਫੜਾਏ ਤਲਵਾਰ ਸਾਡੇ ਹੱਥ ਜਦ,
ਫਿਰ ਸਾਡਾ ਕੀ ? ਜਿਸ ਫੜਾਈ, ਉਹ ਚਲਾਉਂਦਾ,
ਹੁਕਮ ਵਿਚ ਵਰਤਣਾ, ਹੁਕਮ ਵਿਚ ਬਲ ਹੈ,
ਹੱਥ, ਪੈਰ, ਡਾਂਗ, ਤਪ, ਬਰਛੀ, ਭਾਲਾ,
ਤੀਰ ਕਮਾਨ ਕੀ ?
੭
ਅਸੂਲ ਜਿਹੇ ਮਨ ਵਿਚ ਬਹਿ ਬਣਾਨਾ ਇਹ ਹੰਕਾਰ ਹੈ,
"ਮਾਰਨਾ ਨਹੀਂ ਕਿਸੇ ਨੂੰ-ਇਹ ਕੀ ਆਖਣਾ,
ਤੇ "ਮਾਰਨਾ ਜ਼ਰੂਰ ਕਮਜ਼ੋਰ ਨੂੰ "ਇਹ ਕੀ ਭਾਖਣਾ,
ਦੁਖ ਦੇਣਾ ਜਾਂ-ਸਹਿਣਾ ਜਾਣ ਜਾਣ,
ਇਹੋ ਕਾਫ਼ਰ ਹੰਕਾਰ ਹੈ,
ਮਨ-ਜੰਮੇ ਚੋਚਲੇ, ਧਿਆਨ ਸਿੱਧ ਗੱਲ ਨਾਂਹ,
ਬੰਦੇ ਹੁਕਮ ਦੇ ਮੂੰਹੋਂ ਕੁਝ ਨਾ ਬੋਲਦੇ,
ਹੱਥ ਪੈਰ ਰੱਬ ਦੇ ਦਮ ਬਦਮ ਹੁਕਮ ਪਾਲਦੇ,
ਉਹ ਆਪ ਬੇਹੋਸ਼ ਸਾਰੇ, ਨੈਣ ਅੱਧ ਮੀਟੇ ਜਿਹੇ,
ਜਗਤ-ਜਿੱਦਾਂ ਕਰਾਣ ਸੋ ਕਰਦੇ,
ਉਹ ਉੱਪਰਲੇ ਲੋਕੀ ਤ੍ਰੈਕਾਲ ਦਰਸ਼ੀ ਜਾਨਣ, ਅਸੂਲਾਂ ਦਾ ਘੜਨਾ,
ਗੰਦਾ, ਬੰਦਾ, ਹੈਵਾਨ-ਵਹਿਸ਼ੀ ਮਨ ਦੀ
ਤ੍ਰਿੱਖੀ ਛੁਰੀ ਨਾਲ ਗੱਲਾਂ ਕਤਰ, ਕਤਰ, ਲੁਤਰ, ਲੁਤਰ ਸੁਟਦਾ
ਆਖੇ ਇਹ ਅਸੂਲ ਕਾਇਨਾਤ ਦੇ ।
ਮਨ ਦੀ ਅੰਨ੍ਹੀਂ ਹਨੇਰੀ ਵਿਚ ਬੈਠਾ ਦਰਜ਼ੀ,
ਘੜਦਾ ਮਨ ਦੀਆਂ ਚਤੁਰਾਈਆਂ ਮੁੜ, ਮੁੜ,
ਆਖੇ ਇਹ ਅਸੂਲ ਰੱਬ ਦੇ,
ਜੀਵਨ ਇਹ, ਨੇਮ ਇਹ ਅਟੱਲਵੇਂ,
ਈਸਾ, ਬੁੱਧ ਨੂੰ ਪਿਛੋਂ ਸੁੱਟੇ,
ਨਕਲਾਂ ਬਣਾਵੇ, ਅਸਲ ਨਕਲ ਦੇ ਸਾਹਮਣੇ ਫਿੱਕੀ ਫਿੱਕੀ ਦਸੋ, ਚੰਚਲ ਭਾਰਾ
ਮਨ ਦਾ ।
ਇਹੋ ਜਿਹੀਆਂ ਨਕਲ-ਗੱਲਾਂ ਇਥੇ ਨਾ ਚੱਲਣ,
ਇਹ ਜੀਵਨ-ਖੇਤਰ ਰੱਬ ਦੀ ਪੈਲੀ,
ਇਥੇ ਬੀਜ ਉਗੇ ਜਿਸ ਵਿਚ ਰੱਬ ਸੱਤਾ।
ਮਨ ਘੜਤ ਗੱਲਾਂ ਕੂੜੇ ਟੱਬੂ ਸਾਰੇ,
ਸਿੱਕਾ ਦਿਲ ਦੀ ਬਸਤੀ ਚਲੇ, ਸੱਚੀ ਸਰਕਾਰ ਦਾ ।
੮
ਸੈਣਾਂ ਰੱਬ ਦੇ ਪਿਆਰ ਵਿਚ,
ਪੀ ਪੀ ਅੰਮ੍ਰਿਤ ਦੀਦਾਰ ਦੀਆਂ ਪਿਆਲੀਆਂ,
ਜਾਗਣਾ ਉਥੋਂ ਅਹੰਕਾਰ ਹੈ,
ਹੋਸ਼ ਪਰਤਣੀ ਪਾਪ ਹੈ
ਬੇਹੋਸ਼ ਜਿਹਾ ਲੇਟਣਾ ਸਦੀਆਂ, ਚਿੱਟੀ ਚਾਦਰ ਤਾਣ ਕੇ,
ਇਥੇ ਉਹ ਬਲ ਹੈ, ਜਿਸ ਦੀ ਖ਼ਾਕ ਵਿਚ ਰੁਲਦੇ ਫਿਰਦੇ ਲੱਖਾਂ ਤਖ਼ਤ ਤੇ ਤਾਜ,
ਤੇ ਕਿਸੇ ਨੂੰ ਵਿਹਲ ਨਾ ਇਥੇ ਪਰਤ ਕੇ ਵੇਖਣ ਦੀ,
ਇਥੇ ਦੀ ਡਲੀ ਖ਼ਾਕ ਸੂਰਜ ਮੱਥੇ ਲਾਉਂਦੇ ।
ਫੁੱਲ ਮਾਲਤੀ ਨਾਲ ਤਾਂ ਗੱਲਾਂ ਕਰਨ ਹੱਸ ਹੱਸ ਕੇ,
ਤਲਵਾਰ ਦੀ ਲਿਸ਼ਕ ਨੂੰ ਸਲਾਹਣ,
ਬੱਦਲ ਦੀ ਗਰਜ ਸੁਣ ਖ਼ੁਸ਼ ਹੋਣ,
ਨਾਗ ਦੀ ਫਣ ਨੂੰ ਮੌਜ-ਰਾਗ ਵਿਚ ਸਿੱਧਾ ਦੇਖ ਵਿਗਸਣ,
ਬਿਜਲੀਆਂ ਸੁਹਣੀਆਂ ਲਗਣ, ਛੁਪਾ ਛੁਪਾ ਰਖਣ ਆਪਣੀਆਂ ਬਗਲਾਂ ਹੇਠ,
ਲੁਕਾਣ ਤਹਿਆਂ ਅੰਦਰਲੀਆਂ ਵਿਚ, ਬੇਅੰਤ ਦੀਆਂ ਗਰਜਾਂ; ਕੜਕਾਂ, ਕਸਕਾਂ,
ਲਿਸ਼ਕਾਂ, ਜਲਾਲੀਆਂ;
ਪਰ ਅੱਧੀ ਮੀਟੀ ਅੱਖ ਵਾਲੇ
"ਬੇ-ਪਰਵਾਹ ਨਾ ਬੋਲਦੇ”,
ਖਲੋਤੀਆ, ਰਾਣੀਆਂ, ਮੋਤੀਆਂ, ਹੀਰਿਆਂ, ਚੂਨੀਆਂ ਦੇ ਹਾਰ ਲੈ ਪੂਜਾ ਨੂੰ,
ਉਹ ਹੱਥ ਬੱਧੇ ਗੁਲਾਮ ਚਾਕਰ ਖੜੇ, ਲੱਖਾਂ ਮੁਲਕਾਂ ਦੇ ਰਾਜੇ,
ਹੰਕਾਰ ਦੇ 'ਕੱਠੇ 'ਕੀਤੇ 'ਇਕਬਾਲ' ਦਾ, ਸੁਹੱਪਣ ਦਾ ਸ਼ੋਖੀ ਦਾ ਇਹ ਮੁੱਲ
ਪੈਂਦਾ ਇਥੇ—ਭਾਰੇ ! ਭਾਰੇ !—
"ਬੇ-ਪਰਵਾਹ ਨਾ ਬੋਲਦੇ"
ਓਏ ! ਕੂੜ ਦੀ ਗਰਜ਼ ਪਿਛੇ,
ਕਿਸੇ ਤਖ਼ਤ ਤਾਜ ਦੇ ਮਗਰ ਹੋ,
ਸਰੀਰ ਨੂੰ ਮੋਟਾ ਤਾਜ਼ਾ ਕਰਨ ਪਿਛੇ,
ਕਿਸੇ ਲੁੱਟ ਮਾਰ ਦੀ ਵਹਿਸ਼ਤ ਵਿਚ,
ਸੁਰਤਿ ਦੇਵੀ ਦਾ ਨਾਮ ਲੈ, ਲੈ,
ਰੱਬ ਦੇ ਨਾਮ ਦੀ ਮਾਲਾ ਹੱਥਾਂ ਵਿਚ ਦਸ ਦਸ,
ਅੰਦਰੋਂ ਅੰਦਰ, ਅੰਦਰਖ਼ਾਨੇ ਛੁਰੀਆ ਹੰਕਾਰ ਦੀਆਂ ਨੂੰ ਕਰਨਾ ਤੇਜ਼,
ਇਹ ਕੀ ਗੱਲ ਹੈ ?
ਇਸ ਵਿਚ ਜੀਵਨ ਦਾ ਕੀ ਅਸਰਾਰ ਹੈ ?
ਚੜ੍ਹੀ ਸੁਰਤਿ, ਭਰੀ ਸੁਰਤਿ,
ਰੰਗੀ ਸੁਰਤਿ, ਸਾਈਂ ਜੁੜੀ ਸੁਰਤਿ,
ਹੈਂ ! ਇਸ ਨੂੰ ਮੌਤ ਡਰਾਉਂਦੀ ?--ਹੈਂ !
ਤੇ ਫਿਰ ?
ਮੌਤ ਥੀਂ ਬਚਣ ਲਈ :
ਹੰਕਾਰ ਦੀ ਟੇਕ ਦੀ ਲੋੜ ਇਸ ਨੂੰ, ਇਸ ਨੂੰ ?
ਤਲਵਾਰ ਦੀ ਤੇਜ਼ ਧਾਰ ਦੀ ਟੋਲ ਇਸ ਨੂੰ, ਇਸ ਨੂੰ ?
ਦੁਨੀਆਂ ਦੀ ਚਿੱਕੜ ਵਿਚ ਇਸ ਲਈ ਪਨਾਹ ਦੀ ਤਲਾਸ਼ ?
ਤਖ਼ਤਾਂ ਤੇ ਤਾਜਾਂ ਦੀ ਚਮਕ ਵਿਚ ਕੁਝ ਇਸ ਲਈ ਰਖਿਆ ?
ਬੰਦਿਆਂ, ਗੰਦਿਆਂ ਦੇ ਹੜਾਂ ਵਿਚ ਕੁਝ ਦੋਸਤੀ ?
ਦੁਨੀਆਂ ਦੀਆਂ ਧੜੇਬੰਦੀਆਂ ਦੀ ਲੋੜ ਇਸ ਨੂੰ ਇਸ ਨੂੰ ?
ਭੁਖ, ਨੰਗ, ਦੁਖ, ਪੀੜ ਦਾ ਡਰਾਵਾ ਇਸ ਨੂੰ, ਇਸ ਨੂੰ ?
ਓਏ, ਖੁਲ੍ਹੇ ਘੁੰਡ, ਖੋਹਲ ਘੁੰਡ ਸੁਣ ਤੂੰ,
ਸੁਰਤਿ ਭਰੀ ਅਲ੍ਹਾ ਆਪ ਹੈ !
ਖ਼ੁਦਾ ਹੈ, ਖ਼ਾਲਕ ਹੈ, ਕਰਤਾਰ ਹੈ,
ਸੁਰਤਿ ਜੁੜੀ ਆਪ ਹੈ !
ਤਲਵਾਰ ਤੇ ਅੱਗ ਕਿਸ ਨੂੰ ਦੱਸਣੀ,
ਭੁਖ ਨੰਗ, ਗੁਲਾਮੀ ਇਸ ਨੂੰ ਕਿੱਥੇ ਹੈ ?
ਜਾਨ ਜਿਥੋਂ ਆਈ ਸਾਰੀ
ਇਹ ਉਹ ਹੈ ! ਇਹ ਉਹ ਹੈ !
ਕੋਈ ਲਾਲਚ ਨਾਂਹ,
ਕੋਈ ਕਾਂਪ ਨਾਂਹ,
ਕੋਈ ਭੈ ਨਾਂਹ,
ਰੱਜੀ ਸੁਰਤਿ ਖਾਉਂਦੀ,
ਨ ਦੇਣ ਦੀ ਇਸ ਨੂੰ ਵਿਹਲ ਹੈ,
ਰੱਬ ਨੂੰ ਪਛਾਣਦੀ,
ਰੱਥ ਹੈ ।
੯
ਤ੍ਰੈ—ਲੋਕੀ ਨਸ਼ਟ ਸਾਹਮਣੇ ਹੋਵੇ ।
ਸੁਰਤਿ ਟਿਕੀ ਕਾਂਪ ਨਹੀਂ ਖਾਉਂਦੀ,
ਹੁਕਮ ਮੰਨਦੀ,
ਉਨ੍ਹਾਂ ਅਧਮੀਟੀ ਅੱਖਰਾਂ ਦੇ 'ਛੱਪਰਾਂ ਹੇਠ,
ਰਸ ਭਾਰੇ ਛੱਪਰ ਆਪ ਨੈਣਾਂ ਦੀ ਜਵਾਲਾ ਸਭ ਸਦਾ ਕੱਜਦੇ ।
ਤ੍ਰੈ-ਲੋਕੀ ਦੀ ਖ਼ੁਸ਼ੀ ਤੇ ਇਕਬਾਲ ਸਾਰਾ,
ਉਸ ਨੂੰ ਲਾਲਚ ਨ ਦੇਂਵਦੀ,
ਅਨੰਤ ਹਨੇਰਾ ਰਾਤ ਦਾ,
ਕੀ ਭੇਟਾ ਦੇਵੇ ਪਹੁ-ਫੁਟਾਲੇ ਨੂੰ ?
ਨਿੱਕੀ ਬਲਦੀ ਬੱਤੀ ਵਿਚ ਹੋਰ ਕੁਝ ਨਾ ਸਮਾਉਂਦਾ,
ਬਲਣ ਬੱਸ ਇਕ ਉਹਦਾ ਆਪਣਾ,
ਤਾਰਾ ਕੋਈ ਨਾਂਹ ਦੌੜਦਾ,
ਡਿੱਗਦੇ ਤਾਰਿਆਂ ਨੂੰ ਹੱਥ ਦੇਣ,
ਹੁਕਮ ਖੇਡ ਵਰਤਦੀ
ਬੂਹੇ ਸਾਰੇ ਫੁੱਲ ਦੇਣ ਆਪੋ ਆਪਣਾ, ਖੜੇ ਆਪਣੀ ਥਾਂ 'ਤੇ ਜਿਥੇ ਕਰਤਾਰ
ਖਿਲ੍ਹਾਰਣਾ, ਭੱਜਦੇ ਨਾ ਲੈ ਲੈ ਫੁੱਲਾਂ ਦੀਆਂ ਟੋਕਰੀਆਂ ।
ਸੇਵਾ ਦਾ ਵੀ ਭਾਵ ਨਹੀਂ ਸਮਝਿਆ ਜੇ ਲੋਕਾਂ,
ਕੀ ਅੱਧੀਮੀਟੀ ਅੱਖ ਹੋਣਾ
ਸੁਰਤਿ ਨੂੰ ਚਰਨ-ਪ੍ਰੀਤ ਪ੍ਰੋਣਾ,
ਖ਼ੁਸ਼ ਖ਼ੁਸ਼ ਵੱਸਣਾ ਸੇਵਾ ਦਾ ਰਹੱਸਯ ਨਹੀਂ,
ਖ਼ੁਸ਼ੀ ਰਹਿਣਾ ਕੀ ਸੇਵਾ ਘੱਟ ਹੈ ?
ਬੱਦਲ ਜਿਹਾ ਵੱਸਣਾ,
ਜਿੱਥੇ ਸਾਈਂ ਆਖ, ਵੱਸ ।
१०
ਪੁਰਾਣੇ ਉਨਰਾਂ ਦੀ ਅੱਖ ਮੀਟੀ, ਖਲ੍ਹੀ ਵੇਦਾਂ ਵਾਲੇ ਧਿਆਨ ਦੀ ਅੱਖ,
ਇਹ ਅੱਖ ਨਾਂਹ ।
ਸੁਨਯ ਦੇ ਧਿਆਨ ਵਿਚ ਜੁੜੀ, ਮੀਟੀ, ਖੁਲ੍ਹੀ ਅੱਖ ਵਹਿਸ਼ੀ, ਹੈਵਾਨ ਅੱਖ ਹਾਲੇ,
ਯੋਗ ਕਿਸ ਗੱਲ ਦਾ ?
ਦੂਜਾ ਹੋਇਆ ਕੋਈ ਨਾਂਹ,
ਜੁੜੀ ਕਿਸ ਨਾਲ ਹੈ ?
ਪਿਆਰ ਕਿਸ ਚੀਜ਼ ਦਾ ?
ਬੁੱਧ ਵਾਲੀ, ਨਿਰਵਾਨ-ਸੁਖ ਰੱਤੀ ਅੱਖ ਇਸ ਅੱਖ ਵਿਚ ਮਿਲੀ ਹੈ,
ਧਿਆਨ ਸਥਿਤ ਬੋਧੀ ਸਤਵਦੀ ਅੱਖ, ਬੁੱਧ ਦੇਵ ਨਾਲ ਜੁੜੀ ਸਿੱਧ ਹੈ,
ਸਿੱਖ ਨੈਣ ਲਪਟੇ ਹਨ ਧਾ ਵਾਂਗ ਭੌਰਿਆਂ, ਕਰਨ ਕੰਵਲ ਗੁਰੂ ਨੂੰ,
ਕੰਵਲਾਂ ਦੀ ਪਤੀ ਚਿੱਟੀ ਵਿਚ, ਅੱਧੇ ਦਿੱਸਦੇ, ਅੱਧ ਛਿਪੇ, ਰਸ ਲੀਨ
ਭੌਰੇ ਦੋ ਇਹ ਸਹਿਜ-ਯੋਗ,ਪਿਆਰ ਯੋਗ ਧੀ ਧਿਆਨੀ ਅੱਖ ਹੈ ।
ਮਨੁੱਖ ਦਾ ਦੇਵਤਾ ਇਥੋਂ ਬਣਦਾ, ਮਸਤਕ ਹੱਥ ਮਾਰ ਪ੍ਰੀਤਮ,
ਹੈਵਾਨ ਸਾਰਾ ਝਾੜਿਆ,
ਦਿੱਵਯ, ਅਲੌਕਿਕ ਇਹ ਦ੍ਰਿਸ਼ਯ ਸਾਰਾ, ਪੱਥਰਾਂ ਵਿਚੋਂ ਕੱਢ, ਕੱਢ,
ਮਨੁੱਖ-ਮਾਸ ਨੂੰ ਲਚਿਕਾਂ ਦਿਤੀਆਂ ਸੁਹਣੀਆਂ, ਹੱਡੀਆਂ ਨੂੰ ਮੋੜਿਆ
ਮਿੱਟੀ-ਆਦਮੀ ਦੀ ਘਾੜਾਂ ਘੜੀਆਂ, ਰੱਬ ਦਾ ਬੁਤ ਸਥਾਪਿਆ।
৭৭
ਆਦਮੀ ਨੂੰ ਹਥ ਲਾ ਪਲਾਸ ਟਿਕ (ਮੋਮੀ) ਬਣਾਇਆ, ਸਦੀਆਂ ਘਾੜ
ਸਿਮਰਨ ਦੇ ਉਨਰ ਦੀ,
ਫ਼ਰਮਾਉਣ ਇਸ "ਧਰਮਸਾਲ'' ਪ੍ਰਿਥਵੀ 'ਤੇ ਰੱਬ ਦੇ ਚਿਤਰ ਹੋ -ਸਭ ਆਦਮੀ,
ਠੰਢੇ ਠਾਰ, ਰੱਬਲੀਨ-ਸੁਖ – ਅੱਖ -ਸਭ ਆਦਮੀ,
ਫੁੱਲ ਹੋਣ ਮੁਸ਼ਕਦੇ --ਸਭ ਆਦਮੀ,
ਬੱਦਲ ਹੋਣ ਮੀਂਹ ਪਾਣ ਵਾਲੇ -ਸਭ ਆਦਮੀ,
ਨੈਣਾਂ ਚਰਨਾਂ ਵਿਚ ਸਦਾ ਗੱਡੀਆਂ ਹੋਣ --ਸਭ ਆਦਮੀ
ਦਿਲ ਵਿਚ ਸ਼ਬਦ-ਲਪਟਾਂ ਭਰੀ, ਹੋਣ -ਸਭ ਆਦਮੀ,
ਸੁਰਤਿ ਦੀ ਲਾਟ ਚੜ੍ਹੇ
ਮਸਤਿਕ ਭਰੇ,
ਦਸਵੇ ਦਵਾਰ, ਜਗੇ, ਅੰਦਰ ਰੱਬ ਦੇ,
ਲਾਟਾਂ ਇਉਂ ਜਗਾਣ ਰੱਬ ਦੀਆਂ -ਸਭ ਆਦਮੀ
ਟਕ, ਟਕ, ਠਕ, ਠਕ,
ਬੁੱਤ ਸ਼ਾਲਾ ਗੂੰਜੇ,
ਦਮ ਬਦਮ ਵਾਹਿਗੁਰੂ,
ਘੜਨਹਾਰ ਘੜੇ ਮਿੱਟੀ ਪਲਾਸਟਿਕ (ਮੋਮੀ) -ਸਭ ਆਦਮੀ
ਆਕਾਸ਼ ਭਰੇ ਰੋਮ ਰੋਮ ਗੀਤ ਨਾਲ,
ਹੱਥ ਚਲੇ ਛਾਤੀਆਂ 'ਤੇ, ਦਿਲਾਂ 'ਤ,
ਦਿਮਾਗਾਂ 'ਤੇ ਘੜਦਾ ਕਰਤਾਰ ਦਾ,
ਕਰਤਾਰ ਦੇ ਹਥੌੜੇ ਦੀ ਅਵਾਜ਼ ਆਵੇ,
ਰੋਮ, ਰੋਮ ਵਸੇ ਪਿਆਰ, ਹੋਣ -ਸਭ ਆਦਮੀ,
ਭੂਗੋਲ ਭਰੇ, ਹਵਾ ਭਰੇ,
ਆਕਾਸ਼ ਭਰੇ, ਹਨੇਰਾ ਤੇ
ਆਕਾਸ਼ ਭਰੇ, ਹਨੇਰਾ ਤੇ
ਪ੍ਰਕਾਸ਼ ਭਰੇ-ਨੂਰ, ਨੂਰ -ਸਭ ਆਦਮੀ,
ਰੱਬ ਛਿਪੇ ਲੁਕੇ ਅੰਦਰ ਸਭ ਦੇ
ਜਾਦੂ ਜਿਹੇ ਬੁੱਤ ਸਾਰੇ,
ਹਿੱਲਣ, ਜੁੱਲਣ,
ਇਨ੍ਹਾਂ ਦੇ ਨਵੇਂ ਘੜੇ ਹੇਠ ਹੱਸਣ,
ਬੋਲਣ ਤੇ ਹਾਸੇ, ਤੇ ਬੋਲ ਭਰਨ
ਸਾਰੀ ਵਿਹਲ ਨੂੰ,
ਰਹੇ ਨਾ ਖ਼ਾਲੀ ਥਾਂ ਕੋਈ,
ਥਾਂ, ਥਾਂ, ਦਿਲ, ਦਿਲ,
ਜਾਨ, ਜਾਨ ਦਮ, ਦਮ, ਸਰੂਰ, ਸਰੂਰ -ਸਭ ਆਦਮੀ
ਅੱਧੀ ਮੀਟੀ ਅੱਖ ਭਾਈ ਨੰਦ ਲਾਲ ਜੀ ਦੀ
ਅਮੀਰ, ਚੁੱਪ ਗਾਉਂਦੀ ਅੱਧੀ ਮੀਟੀ ਅੱਖ ਭਾਈ ਨੰਦ ਲਾਲ ਦੀ :
ਇਹ ਨੈਣ ਤੱਕਣ ਤੈਨੂੰ ਰੱਬਾ।
ਤੈਨੂੰ ਹੁਣ ਤੱਕ ਕੇ ਹੋਰ ਕੀ ਤੱਕਣਾ ?
ਤੈਂ ਥੀਂ ਸੁਹਣਾ, ਹੁਣ ਹੋਰ ਕੁਝ ਨਾਂਹ ।
ਘਰ ਛੱਡ ਆਏ ਅਸੀਂ,
ਘਰਾਂ ਨੂੰ ਕੀ ਮੁੜਨਾ ?
ਤਖ਼ਤ, ਤਾਜ ਆਸ਼ਕ ਅੱਖ ਤੇਰੀ ਤੱਕੇ ਨਾਂਹ ਪਰਤ ਕੇ,
ਸਾਰਾ ਇਕਬਾਲ ਅੱਜ ਇਸ ਤੱਕ ਵਿਚ,
ਤੈਨੂੰ ਤੱਕ ਤੇ ਓ ਸੁਹਣਿਆਂ ਦੇ ਸੁਹਣਿਆ !
ਹੁਣ ਹੋਰ ਕੀ ਤੱਕਣਾ ?
ਤੈਂ ਥੀਂ ਸੁਹਣਾ, ਹੁਣ ਹੋਰ ਕੁਝ ਨਾਂਹ !
ਮੌਤਾਂ ਸਭ ਰਹੀਆਂ ਪਿੱਛੇ,
ਤੇ ਹੈਵਾਨ-ਜੀਣ ਪਿਛੇ ਪਿਛੇ ਰਿਹਾ,
ਮਨੁੱਖ-ਜੀਣ ਦੀ ਵੀ ਵਿਹਲ ਨਾਂਹ,
ਤਾਂਘ ਕੋਈ ਨਾ ਖਿੱਚੇ ਹਿਠਾਹਾਂ ਨੂੰ,
ਤੂੰ ਜੇ ਦਿੱਸੇ ਸਦਾ ਸਾਹਮਣੇ,
ਖਿੱਚੀਆਂ ਖਿੱਚੀਆਂ ਅੱਖਾਂ ਵਿਚ,
ਹੋਣ ਤਰਬਾਂ ਤੇਰੀਆਂ,
ਨਾੜਾਂ ਮੇਰੀਆਂ, ਦਰਸ਼ਨ ਖਿੱਚੀਆ,
ਹੋਣ ਸਦਾ ਸਿਤਾਰਾਂ ਤੇਰੀਆਂ,
ਤੈਨੂੰ ਤੱਕ ਕੇ ਓ ਉੱਚਿਆ ਬਲਵਾਨ ਸੂਰਮਿਆਂ !
ਹੁਣ ਹੋਰ ਕੀ ਤੱਕਣਾ ?
ਤੈਂ ਥੀਂ ਸੁਹਣਾ, ਹੁਣ ਹੋਰ ਕੁਝ ਨਾਹ !
ਨੈਣਾਂ ਦੇ ਨਰਗਸਾਂ ਵਿਚ ਭਰੀ ਤੇਲ ਮਿਹਰ ਦੀ,
ਦੀਦਾਰ ਤੇਰਾ ਆ ਵਸਿਆ,
ਨਰਗਸ ਦੀ ਨੈਣਾਂ ਹੁਣ ਅੱਧ-ਮੀਟੀਆਂ,
ਖੋਹਲੇ ਕੌਣ ਹੁਣ, ਬਾਹਰ ਕੋਈ ਨਹੀਂ ਵਸਣਾ,
ਤੈਨੂੰ ਤੱਕ ਕੇ ਉਹ ਸ਼ਹਿਦ-ਭਰੇ ਸ਼ਬਦ-ਗੁਰੂ ਪੂਰਿਆ ।
ਹੁਣ ਹੋਰ ਕੀ ਤੱਕਣਾ ?
ਤੈ ਥੀਂ ਸੁਹਣਾ, ਹੁਣ ਹੋਰ ਕੁਝ ਨਾਂਹ ।
ਸੁਹਣੀ ਜਿਹੜੀ ਸ਼ੈ ਹੈ
ਕੋਈ ਕਿਧਰੇ,
ਤੂੰ ਰਾਗ ਮਿੱਠਾ, ਨਿੱਕਾ ਹੋ,
ਹਿਰਨੀਆਂ ਦੀਆਂ ਅੱਖਾਂ ਵਾਂਗ ਸਭ ਨੂੰ ਖਿੱਚ ਕੇ,
ਦਿਲ-ਬੰਨ੍ਹ ਵਿਚ ਬੰਨ੍ਹ ਬਹਾਲਦਾ,
ਚਮਕ ਸਾਰੀ ਜੁੜਦੀ ਇਥੇ ਰਸ ਵਿਚ,
ਰੰਗ ਸਾਰਾ ਜੁੜਦੀ ਅਮਨ-ਤੇਰੇ ਜੰਗ ਵਿਚ,
ਆਕਾਸ਼ ਉਤਰਦਾ ਧਰਤ ਸਾਰੀ ਕੰਬਦੀ, ਆ ਰੰਗ ਵਿਚ ਤੰਬੂਰਾ ਸਾਈਂ ਤੇਰਾ
ਜਦ ਅੱਧ-ਮੀਟੀ ਨੈਣ ਮੇਰੀ ਵਿਚ ਵੱਜਦਾ ।
ਤੈਨੂੰ ਤੱਕ ਕੇ ਓ ਪਿਆਰ-ਰਾਗੀਆ।
ਹੁਣ ਤੈਂ ਹੋਰ ਕੀ ਤੱਕਣਾ ?
ਥੀਂ ਸੁਹਣਾ, ਹੁਣ ਹੋਰ ਕੁਝ ਨਾਂਹ।
ਨਰ-ਨਾਰੀ ਦੀ ਖਿੱਚ ਜਿਹੜੀ ਭਾਰੀ ਸਾਰੀ ਖਿੱਚਦੀ,
ਸਰੀਰ ਸਾਰੇ ਨੰਗ-ਮੁਨੰਗੇ, ਬਾਹਾਂ, ਟੰਗਾਂ ਨੰਗੀਆਂ, ਛਾਤੀਆਂ ਜਵਾਨੀ ਸਭ
ਉੱਭਰੀਆਂ, ਕੰਬਦੀਆਂ ਕਮਲੀਆਂ, ਜਿਵੇਂ ਸਮੁੰਦਰ ਭਾਰੇ ਦੇਖ
ਨਿੱਕੇ ਚੰਨ ਨੂੰ ।
ਇਹ ਬਾਹਾਂ ਹਿੱਲਣ,
ਇਹ ਟੰਗਾਂ ਨੱਚਦੀਆਂ,
ਸਿਰ ਹਿੱਲਣ ਸਹੰਸਰ ਸਾਰੇ,
ਜਿਵੇਂ ਹਵਾ ਨਾਲ ਕੰਵਲ ਭਾਰੇ,
ਗਰਦਨਾਂ ਹਿੱਲਣ ਜਿਵੇਂ ਕੰਵਲ ਡੰਡੀਆਂ,
ਤੇ ਨਾਰੀਆਂ ਦੀਆਂ ਬਾਹਾਂ ਲਿਪਟੀਆਂ, ਨਰਾਂ ਦੀਆਂ ਕਮਰੀਆਂ ਜਿਵੇਂ ਵੇਲ
ਨਾਲ ਕਲੀਆਂ ਲਿਪਟੀਆਂ,
ਤੇ ਇਹ ਸਭ ਨੱਚਣ ਮਿਲਵੀਆਂ, ਮਿਲਵੀਆਂ, ਲਗ ਸਹੰਸਰ ਲਹਿਰ
ਨਾਚ-ਤਾਲ ਵਿਚ,
ਨੰਗੇ, ਚਿੱਟੇ, ਹੀਰਿਆਂ ਦੇ ਪਾਣੀਆਂ ਦੀਆਂ ਝਲਕਾਂ ਨੱਚਣ ਪੇਚ ਪਾਂਦੀਆਂ ।
ਬਾਹਾਂ ਨੰਗੀਆਂ, ਜੰਘਾਂ ਨੰਗੀਆਂ,
ਨੰਗੀਆਂ, ਨੰਗੀਆਂ, ਰਲ ਮਿਲ ਨੱਚਣ, ਮਿਲਵੀਆਂ, ਮਿਲਵੀਆਂ !
ਕਹਿਰ ਜਿਹਾ ਮੱਚਿਆ ਅਕਾਸ਼, ਪੁਲਾੜ ਕੁਝ ਰਿਹਾ ਨਾਂਹ ਖ਼ਾਲੀ,
ਇਕ ਇਕ ਤੀਵੀਂ ਦੀਆਂ ਲੱਖ ਲੱਖ ਤੀਵੀਆਂ ! ਲੱਖਾਂ ਬਾਹਾਂ, ਲੱਖਾਂ ਹੱਥਾਂ,
ਲੱਖਾਂ ਜੰਘਾਂ, ਲੱਖਾਂ ਸਿਰਾਂ ਵਾਲੇ ਨੱਚਦੇ ਮਰਦ ਤੇ ਤੀਵੀਆਂ, ਅੰਗ
ਸਾਰੇ ਲਹਿਰਾਂ ਹੋ, ਮਿਲਵੀਆਂ, ਮਿਲਵੀਆਂ,
ਪੁਲਾੜ ਸਾਰਾ ਭਰਿਆ,
ਹਾਸੇ ਟੁਰਦੇ ਹੱਸਦੇ ਮਿਲਦੇ ਲੱਖਾਂ, ਲੱਖਾਂ,
ਸਭ ਹਾਸੇ ਮਿਲਵੇਂ, ਮਿਲਵੇਂ, ਖੜਕਦੇ, ਖੜਕਦੇ,
ਦਿੱਸੇ ਕੁਝ ਨਾਂਹ ਪਰ ਨ੍ਰਿਤਯ ਰਾਗ ਹੋਂਵਦਾ, ਖੜਕਦੇ ਸਾਜ਼ ਸਾਰੇ ਵੱਜਦੇ !
ਸ਼ਰੀਰ ਲੱਖਾਂ ਤੁਲੇ ਤੇਰੀ ਬਾਂਸਰੀ ਦੀ ਆਵਾਜ਼ 'ਤੇ
ਕੜੇ ਕੱਸੇ, ਲਿਸ਼ਕਣ ਨੱਚਦੇ, ਨੱਚਦੇ ਵਾਂਗ ਵਜਦੀਆਂ ਤਾਰਾਂ ਦੇ, ਸਿਤਾਰਾਂ ਦੇ,
ਸਭ ਕੰਬਦੇ ਸੂਰਜ ਦੀ ਖ਼ੁਸ਼ੀ-ਫੁਲੀਆਂ ਸਵੇਰ ਦੀਆਂ ਕਿਰਨਾਂ ਵਾਂਗ, ਸਹੰਸਰ
ਝਣਕਾਰਾਂ, ਲੱਖਾਂ ਝਣਕਾਰਾਂ, ਛਾਣ, ਛਾਣ, ਤਾਣ, ਤਾਣ,
ਤਮਾ, ਝੰਮ ਤਮ, ਥਮਾਂ ਥੰਮ ਥੰਮ,
ਥਰ, ਬਰ ਕੰਬੇ ਅਸਮਾਨ ਸਾਰਾ ਨਾਚ ਨਾਲ,
ਕਾਲ ਸਾਰਾ ਗੂੰਜਦਾ,
ਇਹ ਸਹੰਸਰ-ਨਰ, ਸਹੰਸਰ-ਨਾਰੀ ਦਾ, ਤੇਰੀ ਵੱਜੀ ਬਾਂਸਰੀ ਦਾ ਨਾਚ ਹੈ,
ਨਰ-ਨਾਰੀਆਂ ਵਾਂਗੂ ਵਹਿੰਦੀ ਨਦੀਆਂ ਤੇਰੇ ਸੁਪਨੇ ਦੀਆਂ ਸੁਰਾਂ ਦਾ ਅਲਾਪ ਹਨ,
ਦਿਲ ਲੱਖਾਂ ਧੜਕਦੇ,
ਨੈਣਾਂ ਨੱਚਦੀਆਂ,
ਇਹ ਸਾਰੀ ਥਰਥਰਾਹਟ ਪਿਆਰੀ,
ਤੇਰੇ ਨੰਦ ਲਾਲ ਦੀ ਅੱਖੀਂ ਮੀਟੀ ਅੱਖ, ਵਾਰੀ, ਵਿਚ ਸਾਰੀ, ਨਾਚ ਹੈ !
ਤੈਨੂੰ ਤੱਕ ਕੇ ਉਹ ਨਿਤਯ ਆਚਾਰੀਆ ।
ਹੁਣ ਹੋਰ ਕੀ ਤੱਕਣਾ ?
ਤੈਥੀਂ ਸੁਹਣਾ ਹੁਣ ਹੋਰ ਕੁਝ ਨਾਂਹ !
ਮੰਡਲ ਸਾਰੇ ਭਰੇ ਪਏ,
ਰੂਪ ਰੰਗ, ਵੰਨ ਸਾਰਾ ਭਰਪੂਰ,
ਤਾਰੇ ਉਪਰ ਜੜੇ ਚਮਕਦੇ,
ਘਾਹਾਂ ਗਲੇ ਤੇਲ-ਫੁੱਲ ਲਟਕਦੇ,
ਬਾਗਾਂ ਦੀਆਂ ਝੋਲਾਂ ਖੁਸ਼ੀ ਨੇ ਪਾੜੀਆਂ,
ਸਰਬ ਸਾਵੀ ਮਿੱਠੀ ਉਚਾਈ ਲੈ ਤੁਰਿਆ,
ਚੰਬਾ ਕਿਹਾ ਹੱਸਦਾ, ਮੋਤੀ-ਦੰਦ, ਦੱਸ, ਦੱਸ ਕੇ
ਪੋਸਤ ਦੇ ਫੁੱਲ ਨੇ ਬੱਧੀ ਲਾਲ ਪਗੜੀ,
ਲਾਲ ਚੀਰੇ ਵਾਲਾ ਦੱਸੋ ਕਿਸ ਦਾ ?
ਤੇਰੇ ਨੰਦ ਲਾਲ ਦੀ ਅੱਧੀ ਮੀਟੀ ਅੱਖ ਵਿਚ,
ਹੁਸਨ-ਰਜ ਸਾਰਾ ਅਜ ਹੈ !
ਤੈਨੂੰ ਤੱਕ ਕੇ ਉਹ ਹੁਸਨ ਦੀ ਛਹਿਬਰਾ ।
ਹੁਣ ਹੋਰ ਕੀ ਤੱਕਣਾ ?
ਤੈਥੋਂ ਸੁਹਣਾ ਹੁਣ ਹੋਰ ਕੁਝ ਨਾਂਹ !
ਗੁਰੂ ਅਵਤਾਰ ਸੁਰਤਿ
१
ਸੂਰਜ ਜੇ ਅੱਖ ਨੂਟੇ,
ਜਗਤ ਮਰਦਾ, ਜੀਵਨ-ਆਸ ਟੁੱਟਦੀ,
ਗੁਰੂ-ਅਵਤਾਰ ਸੁਰਤਿ ਸੂਰਜਾਂ ਦਾ ਸੂਰਜ,
ਸਹੰਸਰ ਨੈਣਾਂ ਬਲਦੀਆਂ !
ਦਿਨ ਰਾਤ ਸੂਰਜ ਨੈਣਾਂ ਤੱਕਦੀਆਂ ।
ਮਨੁੱਖ ਸੁਰਤਿ ਜੀਵਦੀ, ਤੱਕ ਤੱਕ ਕੇ, ਕੰਵਲ-ਨੈਣਾਂ, ਸੂਰਜ-ਨੈਣਾਂ
ਸਦਾ ਸਦਾ ਗੱਡੀਆਂ !......
......ਦੀ ਸਹਿਜ-ਸੁਰਤਿ ਪੂਰਣਤਾ,
ਸਰਬ ਸਫਲਤਾ, ਚਰਨ ਧੂੜ ਵਿਚ ਰਿਧੀਆਂ ਸਿਧੀਆਂ,
ਗੁਰੂ ਨਦਰਾਂ ਦੀਆਂ ਤਾਰਾਂ-ਸਹਿਜ ਵਿਚ ਛਿਪੀ ਸਭ ਅਦਭੁਤਤਾ ਅਗੰਮਤਾ,
ਅਕਾਲਤਾ, ਮਹਾਂਕਾਲਤਾ, ਅਨੰਤਤਾ, ਅਟੱਲਤਾ, ਸਰਵ-ਸਿੱਧਤਾ,
ਗੂੜ੍ਹਤਾ, ਗੂੜ੍ਹ ਭੇਦਤਾ, ਸਦੈਵਤਾ ਖੁਲ੍ਹੀ-ਡੁਲ੍ਹੀ ਦੀਦਾਰਤਾ, ਨਾਲੇ
ਸਦਾ-ਅਦ੍ਰਿਸ਼ਟਤਾ ।
ਗੁਰੂ-ਅਵਤਾਰ ਗ਼ਰੀਬੀ ਲਈ ਧੁਰੋਂ,
ਫਿਰ ਜਗ ਸਾਰਾ ਬਣ ਸਿੱਧਾ ਇਕ ਆਦਮੀ
ਇਹ ਰੰਗ ਵਰਤਦਾ,
ਜੋਗੀਆਂ ਵਿਚ ਜੋਗੀ ਉਹ,
ਭੋਗੀਆਂ ਵਿਚ ਭੋਗੀ ਉਹ,
ਗ੍ਰਹਿਸਥੀਆਂ ਵਿਚ ਵੱਡਾ ਗ੍ਰਹਿਸਬੀ ਪਿਆਰ ਦਾਤਾ ਬਖ਼ਸ਼ਦਾ,
ਪਤਾ ਬਸ ਵਧ ਘਟ ਲਗਦਾ ਰੱਬ ਦੀ ਅਣੋਖਤਾ,
ਆਦਮੀ ਆਦਮੀ ਸਭ ਨੂੰ ਦਿੱਸਦਾ !
ਖਾਵੇ, ਪੀਵੇ, ਸੋਵੇ ਹੋਵੇ ਵਾਂਗ ਆਦਮੀ,
ਗ਼ਰੀਬੀ ਕੱਟੇ, ਅਮੀਰੀ ਪੀਰੀ ਸਭ ਝਾਗਦਾ,
ਦੁਖੇ, ਦਰਦੇ, ਅਰਦਾਸ ਕਰੋ, ਰਵੇ, ਵਰਤੇ ਵਾਂਗ ਆਦਮੀ !
ਦੁਖ, ਸੁਖ, ਧੁੱਪ, ਛਾਂ ਲੰਘੇ ਸਾਰੀ,
ਜਿਰਾਂਦ ਭਾਰੀ, ਸਵੇ ਸਭ ਕੁਝ, ਮਹਾਨ ਆਦਮੀ ।
ਸਿਪਾਹੀ ਇਕੱਲੀ ਹੰਕਾਰ ਦਸ ਆਇਆ ਹਾਂ,
ਫੌਜ ਨਾਲ ਮਿਲਿਆਂ ਉਹੋ ਸੁਰਤਿ ਸਿੱਖ ਦੀ,
ਪਰ ਸੁਰਤਿ ਸਾਰੀ ਬੱਝੀ ਹਾਲੇ ਹੁਕਮ— ਫਿਰਦੀ,
ਹੁਕਮ ਪਾਲਦੀ, ਹੁਕਮ ਹਾਲੇ ਨਾ ਜਾਣਦੀ,
ਹੁਕਮ ਪਿਆਰਦੀ, ਸੁਖਾਰਦੀ ਹੁਕਮ ਪਾਲੱਸਦੀ,
ਹੁਕਮ ਮੰਗਦੀ, ਹੁਕਮ ਲੈਂਦੀ, ਹੁਕਮ ਦੀ ਬੰਦੀ ।
ਫੌਜਾਂ ਸਹੰਸਰਾਂ ਦੀ ਇਕਠਵੀਂ ਸੁਰਤਿ,
ਮਿਲਵੀਂ ਸੁਰਤਿ, ਨਾਲ ਮਿਲੀ,
ਵੱਖਰੀ-ਸੁਰਤਿ ਜਰਨੈਲ—ਸੁਰਤਿ ਉਤੇ ਚਲਦੀ,
ਫੌਜਾਂ ਲੱਖਾਂ ਦੀ ਸੁਰਤਿ ਉਹ ਹਿਲਦੀ
ਪਰ ਅਹਿਲ ਇਕ ਟਿਕਾਉ ਉਹਦਾ ਆਪਣਾ,
ਉਥੇ ਹੁਕਮ ਵੱਸਦਾ,
ਭਵਵੱਟੇ ਜਿਹਦੇ ਦੀ ਨਿੱਕੀ ਜਿਹੀ ਸੈਨਤ ਵਿਚ ਦੋਵੇਂ ਵਸਦੀਆਂ, ਪ੍ਰਲੈਆਂ
ਤੇ ਅੰਮ੍ਰਿਤਤਾਂ !
ਤੇ ਉਸ ਖੁਲ੍ਹੀ ਪੇਸ਼ਾਨੀ ਨੂੰ ਹੁਕਮ ਦੀ ਖ਼ਬਰ ਸਾਰੀ, ਹੁਕਮ-ਸੁਰਤਿ ਚਮਕਦੀ
ਇਸ ਸੁਰਤਿ-ਦੇਸ਼ ਵਿਚ,
ਅਣਡਿੱਠੇ ਲੋਕਾਂ ਦੀ ਦਮਬਦਮ ਚਿੱਠੀ-ਪੱਤਰ ਆਣ, ਜਾਣ, ਦਮਬਦਮ ਇਲਾਹੀ
ਡਾਕ ਚਲਦੀ !
ਇਥੇ ਲੱਖਾਂ ਬ੍ਰਹਮੰਡਾਂ, ਖੰਡਾਂ ਦੀ ਲੋੜ, ਤੋੜ, ਦੀ ਸਭ-ਜੋੜ ਨਿਕਵੀਂ !
ਇਸ ਮੱਥੇ ਸੁਹਣੇ ਵਿਚ ਸਭ ਸਿਆਣ ਵਸਦੀ, ਇਥੇ ਸਭ ਤ੍ਰਾਣ ਵਸਦੀ,
ਇਸ ਦੇ ਇਸ਼ਾਰ ਦੇਵੀ, ਦੇਵਤੇ ਉਡੀਕਦੇ, ਉੱਡਦੇ ਜਿਵੇਂ ਡਾਰ ਇਕ ਲਾਲ
ਪਰਾਂ ਵਾਲੀਆਂ, ਚਿੱਟੀਆਂ ਘੁੱਗੀਆਂ ਦੀ ਕੂਕਦੀ-ਗੁਰੂ-ਗੁਰੂ-ਗੁਰੂ !
ਫ਼ੌਜਾਂ ਹੁਕਮ ਲੈਣ, ਦੇ ਨਾਂਹ ਸਕਦੀਆਂ, ਜਰਨੈਲ ਸੁਰਤਿ ਦੱਸਦੀ ?
ਖ਼ਬਤ ਸਾਰੀ ਵਾਲੀ,
ਹੁਕਮ ਸਾਰੇ ਵਾਲੀ,
ਸੁਰਤਿ ਗੁਰੂ ਅਵਤਾਰ ਦੀ ।
ਇਹ ਸਹੰਸਰ ਨੈਣੀ,
ਸਹੰਸਰ ਬਾਹੂਈ,
ਮਿਹਰਾਂ ਨਾਲ, ਸਿਖ ਸੁਰਤਿ ਪਾਲਦੀ ।
ਦਿਨ ਰਾਤ ਮਾਂ-ਮਜੂਰੀ ਕਰਦੀ ਪੂਰੀ-ਪਿਆਰ ਦੀ,
ਪਿਆਰ-ਪਹਿਰੇ ਦਿੰਦੀ,
ਸੁੱਤਾ ਹੋਵੇ ਸਿਖ, ਗੁਰੂ ਜਾਗਦਾ,
ਭੁੱਲਾ ਹੋਵੇ ਸਿੱਖ, ਗੁਰੂ ਵੜ ਦਿਲ ਉਹਦੇ,
ਸਿਖ-ਪ੍ਰਾਣ ਕੱਸਦਾ,
ਖਿੱਚਦਾ, ਸਿਖ ਨੂੰ ਪ੍ਰੀਤ-ਪੀੜ ਪੀੜਦਾ,
ਗੁਰੂ ਆਵੇਸ਼ ਦਾ ਹੜ੍ਹ ਟੌਰਦਾ,
ਸਿਖ ਦੀ ਰੂਹ ਦੇ ਅੱਗੇ ਪਿੱਛੇ ਚੜ੍ਹੀ ਦੀਵਾਰ ਤੋੜਦਾ, ਬਾਰੀਆਂ ਖੋਹਲ ਅੰਦਰ
ਵੜਦਾ, ਮਲੋ ਮਲੀ, ਜ਼ੋਰੋ ਜ਼ੋਰੀ, ਜਾਂਦਾ ਧੱਸਦਾ,
ਸਿਖ ਨੂੰ ਪਿਆਰ ਦੀ ਬਹੁਲਤਾ ਵਿਚ ਬੇਬੱਸ ਕਰਦਾ, ਮਾਰਦਾ, ਪਿਆਰ
ਡੋਬ ਦੇਂਵਦਾ ।p
२
ਗੁਰੂ-ਅਵਤਾਰ ਅਥਾਹ ਸਾਗਰ,
ਚੁੱਪ, ਬੇਅੰਤ, ਬੇਨਿਆਜ਼ ਸਾਈਂ,
ਹੱਸੀ ਨਰਮ, ਨਰਮ, ਬੋਲ ਮਿੱਠੇ ਮਿੱਠੇ,
ਚਰਨ ਕੰਵਲ ਦੀ ਛੁਹਾਂ ਵਿਚ ਮਿਹਰਾਂ ਵੱਸਦੀਆਂ,
ਕੇਵਲ ਇਕ ਨਾਮ ਦੱਸਦਾ, ਸਤਿਨਾਮ ਆਖਦਾ, ਬੋਲ ਵਾਹਿਗੁਰੂ !
ਗੀਤਾ ਦੀ ਮੈਂ ਆ ਏਥੇ ਚੁੱਪ ਖਾਂਦੀ,
ਇਥੇ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਉੱਠਦੀ,
ਮੈਂ, ਮੈਂ ਕੋਈ ਨਾ ਕੂਕਦਾ,
ਬ੍ਰਹਮ ਸੱਤਾ ਨਿਰੋਲ ਮਨੁੱਖ-ਰੂਪ ਬੰਠੀ ਚੁੱਪ-ਬੋਲਦੀ, ਚੁੱਪ-ਵੇਖਦੀ, ਚੁੱਪ-
ਸ਼ਬਦ ਗਾਉਂਦੀ,
ਸੱਤਾ ਸਾਰੀ ਇਥੇ,
ਸਭ ਕੁਝ ਇਹ, ਇਥੇ
ਕੁਲ ਇਹ, ਇਥੇ
ਜੁਜ਼ ਇਹ, ਇਥੇ
ਸੁਣਨ ਬੋਲਣ ਵਾਲਾ ਇਕ ਇਹ,
ਬੋਲੇ ਕਿਉਂ ? ਸੁਣਨ ਵਾਲਾ ਕਿਥੇ ਹੋਰ ਕੋਈ ?
ਦਰਸ਼ਨ, ਦੇਖਣ ਵਾਲਾ, ਦਿੱਸਣ ਵਾਲੀ ਚੀਜ਼ ਤੇ ਅਚੀਜ਼ ਵਾਹਿਗੁਰੂ,
ਰਚਨ ਹਾਰ, ਰਚਨਾ, ਵਖ ਕੁਝ ਨਾਂਹ, ਸਭ ਵਾਹਿਗੁਰੂ,
ਗੀਤ ਗਾਣਾ ਬਣਦਾ, ਕੀਰਤਨ ਸੋਭਦਾ ਵਾਹਿਗੁਰੂ ਗੂੰਜ ਨਿਰੋਲ ਉਹਦਾ
ਨਾਮ ਹੈ !
ਇਸ ਰਾਗ ਰੰਗ ਵਿਚ 'ਮ" 'ਮੈਂ" ਸਭ ਕਰੂਪ ਦਿੱਸਦੀ, ਕਰੂਪ ਹੁੰਦੀ, ਸ਼ਰਮਾਂਦੀ,
ਨੱਸਦੀ, ਭੈੜੀ, ਭੈੜੀ, ਫਿੱਕੀ, ਫਿੱਕੀ, ਪੈ ਪੈ ਕੇ,
ਇਥੇ ਅਗੰਮ ਦਰਬਾਰ ਉੱਚਾ,
ਇਥੇ ਸੱਚ-ਰਸ ਵਰਤਦਾ,
ਨਾਮ ਰਸ ਵਾਹਿਗੁਰੂ,
ਨੀਵੀਂ ਨੀਵੀਂ ਗੱਲ ਹੋਰ ਸਭ ਬੇਅਦਬੀ !
੩
ਗੀਤਾ ਬੋਲੀ ਮੈਂ -
ਹੈਵਾਨ-ਹੰਕਾਰ ਤਲੂੰ ਬੋਲਿਆ 'ਮੈਂ' !
ਕੌਣ ਪਛਾਣੇ ਕ੍ਰਿਸ਼ਨ-ਮੈਂ ਹੋਰ, ਇਹ ਉਹ ਨਹੀਂ ਹੈ,
'ਵਾਜ ਇਕ ਕਾਲਾ-ਅੱਖਰ ਇਕ,
ਧੁਣੀ ਉਹੋ ਗੂੰਜਦੀ,
ਤੇ ਕਾਲ—ਗ੍ਰਸਿਆ ਮਨ ਬੋਲਦਾ ਠੀਕ ਇਕੋ ਹੈ,
ਅਰਜਨ ਦੀ ਅਸਚਰਜਤਾ ਭਗਤੀ,
ਅਜ—ਜਗ ਰਹੀ ਨਹੀਂ ਹੈ,
ਅਸਲੀ ਗੱਲ ਉਹ ਵਿਸ਼ਾਲ ਮੂਰਤ ਸਾਰੀ ਇਕ ਨਿੱਕੇ ਸਾਧੇ ਕਾਲੋ ਕ੍ਰਿਸ਼ਨ
ਵਿਚ ਬਸ ਉਹੋ ਸੱਚ ਸਾਰਾ ਬਾਕੀ ਫ਼ਲਸਫ਼ਾ, ਤੇ ਉਹੋ ਕੂੜ ਦਿੱਸਦਾ !
ਜਾਦੂ ਸਿਰ ਚੜ੍ਹ ਬੋਲਦਾ !
ਕਵੀ ਉੱਚੇ ਲੱਖ ਬ੍ਰਹਮ-ਸੱਤਾ ਦੀ ਵਿਸ਼ਾਲ ਅਨੰਤ ਚੁੱਪ ਵਿਚ ਰਸ ਲੀਣ
ਹੋ ਰਸ ਪੀ, ਪੀ, ਕਦੀ ਕਦੀ, ਕੁਝ ਬੋਲਦੇ,
ਉਨ੍ਹਾਂ ਦੀ ਰਸੀਲੀ ਅੱਖ ਕੁਝ ਦੇਖਦੀ,
ਉਨ੍ਹਾਂ ਦਾ ਦਿਲ ਚੰਗਾ ਕਦੀ ਹੋਵਦਾ ਸਭ ਨੂੰ ਮੈਂ ਮੈਂ ਆਖਦੇ ।
ਇਹ ਕਵੀਆਂ ਰੰਗੀਲਿਆਂ, ਰਸੀਲਿਆਂ ਦੀ ਮੈਂ, ਬ੍ਰਹਮ-ਸੱਤਾ ਦੇ ਰਸ ਦੀਆਂ
ਝਲਕਾਂ, ਝਾਵਲੇ, ਇਹ ਕੀ ਸੰਵਾਰਦੇ ?
ਇਹ ਨਿਰੇ ਕਵੀ-ਦਿਲਾਂ 'ਤੇ ਪੈਣ ਵਾਲੀ ਫੁਹਾਰ ਵੇ !
ਲੋਕੀਂ ਹੋਰ ਹੋਰ ਸਮਝਦੇ,
ਹੰਕਾਰ ਅਗੇ ਵਧਦਾ,
ਬੇਰਸ ਉਹੋ ਹੇਕਾਂ ਲਾਉਂਦਾ,
ਬੇਰਸ ਹੋ ਡਿੱਗਦਾ, ਢਹਿੰਦਾ,
ਪਰ ਮਨ ਆਖ ਠੀਕ ਕੀ ਗੀਤਾ ਕਦੀ ਕੂੜ ਆਖਦੀ ?
ਕਵੀ-ਕਥਨਾਂ ਵਿਚ ਵੜ,
ਰਸ ਪੀਣ, ਰਸ ਥੀਣ, ਰਸੀਣ ਦਾ, ਅੰਦਰੋਂ ਅੰਦਰ ਇਕ ਸਵਾਦ ਹੈ,
ਪਰ ਨਸ਼ੇ ਭਰੇ ਵੇਲੇ ਦੀ ਇਕ ਬੁਹਕ ਉਹ, ਜਿਵੇਂ ਖ਼ੁਸ਼ੀ ਦੀ ਚੀਖ ਵੱਜਦੀ,
ਕਵੀ ਬੁਹਕ ਅਕਾਸ਼ ਬਾਣੀ ਨਹੀਂ ਹੈ,
ਗੁਰੂ ਅਰਜਨ ਦੇਵ ਨੇ ਗ੍ਰੰਥ ਨਹੀਂ ਚਾਹੜੀ ਹੈ, ਲੋਕੀਂ ਇਸ ਬੁਹਕ ਨੂੰ ਫੜ
ਫੜ ਕੁੱਟਦੇ, ਨਸ਼ਾ ਪੀਣਾ ਨਹੀਂ ਨਸ਼ੇ ਦੇ ਅਸਰ ਨਿਰੇ ਥੀਂ ਦਾਰੂ ਕੱਢਣ
ਦੀ ਕਰਦੇ
ਪਰ ਨਸ਼ਾ ਅਸਰ ਵਿਚ ਨਹੀਂ ਹੈ
ਨਸ਼ਾ ਆਂਦਾ ਸੁਰਤਿ ਜਦ ਪਿਆਲਾ ਆਕਾਸ਼ੀ ਕਦੀ ਕੋਈ ਪੀ ਲੈ,
ਸੋ ਕਵੀ ਰਚਨਾ ਨਸ਼ੇ ਵੇਲੇ ਦੀ ਚੀਜ਼ ਹੈ,
ਵੇਲੇ ਵੇਲੇ ਦੀ ਸੋਭ ਹੈ; ਇਸ ਨੂੰ ਪਿਆਰਨਾ ਜਦ ਨਸ਼ਾ ਕੋਈ ਪੀ ਲੈ !
ਉਪਨਿਖਦਾਂ ਦੀ ਬ੍ਰਹਮ-ਵਿੱਦਿਆ ਨੂੰ ਪ੍ਰਣਾਮ ਸਾਡਾ, ਬ੍ਰਹਮ-ਸੱਤਾ ਸਾਰੀ
ਗੁਰੂ-ਅਵਤਾਰ ਦੀ ਸੁਰਤਿ ਮੂਰਤੀ,
ਉਥੋਂ ਦਿੱਵਯ ਵਿੱਦਿਆ ਮਨੁੱਖ ਮਨ ਵਲ ਕਰ ਰੁਖ਼ ਟੁਰੀ ਹੈ,
ਉਸ ਵੇਲੇ ਮਨੁੱਖ ਸੁਰਤਿ,
ਅਨੰਤ ਅਸਚਰਜ ਨਾਲ ਭਰ ਉੱਠੀ,
ਕਿਸੇ ਅਕਹਿ ਖੇੜੇ, ਆਵੇਸ਼ ਦਾ ਭਾਗ ਸਾਰਾ ਆਗਮਨ ਹੈ।
ਉਸ ਨੂੰ ਫ਼ਲਸਫ਼ਾ ਬਣਾਉਣਾ ਗੀਤਾ ਦੀ ਭੁੱਲ ਹੈ,
ਇਹ ਭੁੱਲ ਆਖ਼ਰ ਹੁਣ ਜਾ ਵੱਜਦੀ ਬੁੱਢੇ ਉਪਨਿਖਦ ਦੇ ਸਿਰ 'ਤੇ,
ਪੁਰਖ ਸੂਕਤ ਦਾ ਅਗੰਮ ਗੀਤ ਹਾਏ ! ਕਿੰਜ ਗੂੰਜਦਾ,
ਮਨੁੱਖ ਦਾ ਭਰਿਆ ਦਿਲ ਸਿਫ਼ਤ ਸਲਾਹ ਕਰਤਾਰ ਵਿਚ ਫਟਦਾ,
ਹਾਂ, ਰੱਬ ਆਪ ਬੋਲਦਾ,
ਬ੍ਰਹਮ-ਗਿਆਨ ਨੂੰ ਪ੍ਰਣਾਮ ਹੈ !
ਪਰ ਗੁਰੂ-ਅਵਤਾਰ ਸੁਰਤਿ
ਦੀ ਅੰਦਰ ਥੀਂ ਵੀ ਅੰਦਰ,
ਕਿਸੇ ਅਥਾਹ, ਅਸਗਾਹ,
ਜੀਵਨ ਦੀ ਹਾਲਤ ਦਾ ਸਾਰਾ
ਸਿਫ਼ਤ ਗੀਤ ਹੈ,
ਗੁਰੂ ਪਿਆਰੇ ਨੂੰ ਵੇਦ ਰਿਚਾ ਗਾਉਂਦੀ,
ਇਹ ਹਾਲਤ, ਕੋਈ ਅਕਹਿ ਸਿਫ਼ਤ-ਗੀਤ ਦੀ ਲਖਯਤਾ ਥੀਂ ਵੀ ਸਦਾ ਪਰੈ
ਦੂਰ, ਤੇ ਹੋਰ ਦੂਰ ਵੱਸਦੀ,
ਗੁਰੂ-ਸੁਰਤਿ ਦੀ ਸਿਫ਼ਤ,
ਸਾਰੇ ਉਪਨਿਖਦ ਗਾਉਂਦੇ,
ਹੇਕਾਂ ਬਹੂੰ ਸਾਰੀਆਂ ਹੋਰ ਵਿਚ,
ਪਰ ਨਿਰੋਲ ਸੋਨੇ ਦੀ ਧਾਰੀ ਵਗੀ ਹੈ !
ਪੁਰਖ-ਕਰਤਾਰ ਨਾਮ ਸੋਹਣਾ,
ਬ੍ਰਹਮ-ਵਿੱਦਿਆ ਗੁਰੂ ਛਾਤੀ ਦੱਬੀ ਜਵਾਹਰਾਤ ਦੱਸੀ ਹੈ ।
ਇਥੋਂ ਆਣ ਕਲਮ ਟੁੱਟਦੀ
ਲੂਣ ਦੀ ਪੁਤਲੀ ਜਾਣੇ ਭਾਵੇਂ ਗੁੰਮ ਕੇ ਸਾਰੀ,
ਪਰ ਆਖੇ ਕੀ ਸਾਗਰ ਦੀ ਥਾਹ ਕਿੰਨੀ ਹੈ,
ਮੁੜੇ ਕੌਣ ਦੱਸਣ ਲੂਣ ਸਾਰਾ ਘੁਲਦਾ,
ਹੰਕਾਰ ਕੀ ਦਸੇ ਸੁਰਤਿ ਕੀ ?
ਸੁਰਤਿ ਕੀ ਦੱਸੇ, ਹੁਕਮ ਕੀ ?
ਸਿਪਾਹੀ ਜਰਨੈਲ ਹੋਣ ਥੀਂ ਪਹਿਲਾਂ ਹੀ ਹੁਕਮ ਕਰੇ ਵੀ ਤੇ ਮੰਨੇ ਕੌਣ ?
ਸਿਆਣਾ ਫਿਰ ਕਰੇ ਕਿਉਂ ?
ਸੱਚ ਹੈ ਪੱਕ, ਧੱਕ,
'ਸਿੱਖ-ਸੁਰਤਿ ਗੁਰੂ-ਸੁਰਤਿ ਹੋਂਵਦੀ,
ਵਾਹ ਵਾਹ ਗੁਰੂ ਗੋਬਿੰਦ ਸਿੰਘ, ਆਪੇ ਗੁਰੂ ਚੇਲਾ ਹੈ
ਪੁੱਤ ਇਕ ਦਿਨ ਜ਼ਰੂਰ ਪਿਉਂ ਬਣਨਾ,
ਪਰ ਚੇਲਾ-ਸੁਰਤਿ ਕੱਚੀ, ਹੌਲੇ ਹੌਲੇ ਪੱਕਦੀ,
ਸਾਹਿਬ ਆਖਦੇ—ਤੇਲ ਸਰਿਉਂ ਵਿਚ ਹੈ, ਪਰ ਕੱਚੀ ਪੀੜਨ ਵਿਚ ਤੇਲ ਨਹੀਂ,
ਸੋ ਗੁਰੂ-ਸੁਰਤਿ ਜਾਣਦੀ,
ਗੁਰੂ-ਸੁਰਤਿ ਕੀ ਹੈ, ਕਿਰਤਮ ਕੀ ਜਾਣੇ ਭੇਤ ਕਰਤਾਰ ਦਾ ?
ਕਵੀ ਸਾਰੇ ਜਹਾਨ ਦੇ
ਉਸੇ ਸੁਰਤਿ ਦੀਆਂ ਲਿਸ਼ਕਾਂ, ਝਲਕੇ, ਝਾਵਲੇ ਪਾ, ਉਸ ਨੂੰ ਗਾਉਂਦੇ,
ਗੀਤ ਸਭ ਸਿਫ਼ਤ ਹੈ, ਸ਼ਬਦ ਰੂਪ ਦਾ,
ਬਾਣੀ ਦੀ ਸੁਹਣੱਪ ਦੀ ਝਲਕ ਪਾ ਮਸਤ ਹੋਣ, ਖ਼ੁਸ਼ੀ ਚੀਖਾਂ ਦੇਂਵਦੇ !
ਕਿਰਤਮ-ਗਲੇ ਦੀ ਆਵਾਜ਼ ਸਾਰੀ ਅਨੰਦ ਚੀਖ ਹੈ ਪਾ ਕੇ ਦਰਸ਼ਨ ਉਸ ਸੈਭੰਗ
ਪਿਆਰ ਦਾ,
“'ਗੋਇਟ" ਜਰਮਨੀ ਦਾ ਗਾਉਂਦਾ, ਮਿੱਠਾ, ਉਹ ਕਵੀ ਗੁਰੂ ਸੁਰਤਿ ਦਾ,
ਫ਼ਰਾਂਸ ਦਾ 'ਬੋਰੋ" ਪੀਂਦਾ ਰਸ ਕੀਤਾ, ਉਪਨਿਖਦ ਕਾਵਯ ਦਾ,
"ਐਮਰਸਨ" ਤੇ "ਵਿਟਮੈਨ" ਇਸੇ ਕਾਵਯ ਰਸ 'ਤੇ ਮੋਹੇ ਪਏ,
ਇਨ੍ਹਾਂ ਕਵੀਆਂ ਵਿਚ ਹਨ ਸਿੱਖ-ਸੁਰਤਾਂ ਦੀਆਂ ਚਮਕਾਂ, ਦੂਰ ਕਦੀ ਕਦੀ
ਵੇਖਦੀਆਂ ਗੁਰੂ-ਸੁਰਤਿ ਦੇ ਲਿਸ਼ਕਾਰੇ ਕਰਾਰੇ ।
"ਨਿਤਸ਼ੇ" ਨੂੰ ਝਲਕਾ ਜ਼ਰਾ ਹੋਰ ਡਾਢਾ ਵਜਿਆ ਸੁਰਤਿ ਕਿਸੇ ਭਾਰੀ
ਬਲਕਾਰ ਦਾ,
ਉਹਦਾ ਆਖ਼ਰ ਪਾਗਲ ਹੋਣਾ ਦਸਦਾ,
ਪਰ ਮੋਹਿਤ ਹੋਇਆ, ਸਿੱਖ-ਸੁਰਤਿ ਵਿਚ, ਗੁਰੂ-ਸੁਰਤਿ ਥੀਂ ਚਲੇ ਕਿਸੇ ਹੜ੍ਹ
ਉਪਰ,
ਸਮਝਦਾ, ਆਖਦਾ, ਇਹ ਹੜ੍ਹ ਸਾਰੀ ਸੁਰਤਿ ਹੈ,
ਬਲ ਹੈ, ਰੂਹ ਹੈ,
ਧਰਮ, ਕਰਮ ਇਹੀ,
ਫੜ ਕੁਹਾੜਾ ਪੁਰਾਣੇ ਬੁੱਤ ਚੀਰਦਾ,
ਦੂਜਾ ਗੁਸੇ ਵਾਲਾ ਪਰਸੁਰਾਮ ਹੈ,
ਪਰ ਅਵਤਾਰ-ਸੁਰਤਿ ਦੇ ਦਰਸ਼ਨਾਂ ਥੀਂ ਵਾਂਜਿਆ,
ਆਏ ਆਵੇਸ਼ ਨੂੰ ਵੀਟਦਾ
ਪੰਜਾਬ ਦਾ ਮੁਹੰਮਦ 'ਇਕਬਾਲ' ਸਾਡਾ ਯਾਰ,
ਬੈਠਾ ਦੇਖ ਕੋਈ ਹੋਰ ਝਾਵਲਾ,
ਇਹਦੀ ਅੱਖ ਵਿਚ 'ਨਿਤਸ਼ੇ' ਦਾ ਨਜ਼ਾਰਾ ਵੀ ਖੁਭਦਾ,
ਨਾਲੇ ਖੁਭਦੀ ਸਾਧ ਦੀ ਕੋਮਲਤਾ,
ਨਾਲੇ ਕਿਸੇ ਅਣਡਿੱਠੀ ਥਾਂ 'ਤੇ ਉਹਦਾ ਸਿੱਖ-ਆਵੇਸ਼ ਸਾਰਾ,
ਬੈਠਾ ਚੁੱਪ ਹੋ ! ਆਖ਼ਰ ਸ਼ਾਇਰ ਹੈ ਪੰਜਾਬ ਦਾ,
ਇਉਂ ਇਸ ਵਾਂਗੂ ਕਿਉਂ ਹੋਰ ਕੋਈ ਮੁਸਲਮਾਨ ਸ਼ਾਇਰ ਕਦੀ ਨਾ ਕੂਕਿਆ!
ਖੁਭਦਾ ਉਹਦਾ ਦਿਲ ਵਿਚ ਪਿਆਰ ਭਰਾ, ਭਰਾ ਦਾ, ਸੇਵਾ ਦਾ,
ਪਿਆਰ ਦਾ ਭਾਵ ਵਾਚਦਾ ਕੁਰਾਨ ਸ਼ਰੀਫ ਵਿਚ,
ਮਨੁੱਖ, ਮਨੁੱਖ ਦੀ ਬਰਬਰਤਾ ਵੇਖਦਾ,
ਨਾਲੇ ਵੇਖਦਾ ਸਾਦੇ ਸਿਧੇ ਹੂਸ਼ ਲੋਕ ਅਰਬ ਦੇ,
ਬਣੇ ਸਨ ਕਿਹਾ ਸਿੱਖ ਸੁਹਣੇ ਰਸੂਲ ਦੇ
ਤਾਕਤ ਵੇਖਦਾ ਇਕ ਇਨਸਾਨ ਦੀ,
ਤੇ ਵੇਖਦਾ ਅਰਬ ਨੇ ਦੁਨੀਆਂ ਸਾਰੀ ਫ਼ਤਹਿ ਕੀਤੀ,
ਰਸੂਲ ਦਾ ਪਿਆਰ ਜਿਹਾ ਖਾਇ ਕੇ,
ਇਹ ਫ਼ੌਜ ਵੇਖਦਾ,
ਇਹ ਜਰਨੈਲ ਵੀ,
ਪਰ ਧਾਗੇ ਖ਼ਿਆਲਾਂ ਦੇ ਗੁੰਝਲ ਖਾਉਂਦੇ,
ਕੁਝ ਉਸ ਨੂੰ ਨਿਰਾ ਫ਼ਲਸਫ਼ਾ ਸੱਟ ਮਾਰਦਾ,
ਕੁਝ ਮਨੁੱਖ-ਇਤਿਹਾਸ ਦੀ ਗਵਾਹੀ ਕੁੜੀ ਸੱਚੀ ਲਗਦੀ,
ਇਤਿਹਾਸ ਕੂੜ ਸਦਾ ਸਾਰਾ, ਸਭ ਗੱਲ ਬਾਹਰ, ਬਾਹਰ ਦੀ,
ਗੁਰ ਸਿੱਖੀ ਵਿਚ ਜਿਹੜੀ ਅੰਦਰ ਦੀ ਗੱਲ ਉਹ ਸਾਫ਼ ਨਾਂਹ ਉਹਦੇ ਸਾਹਮਣੇ,
ਹੁਕਮ ਖੇਡ ਦੇ ਰੰਗ ਉਹਦੀ ਅੱਖ ਦੇ ਉਹਲੇ,
ਸਿਪਾਹੀ ਤੇ ਜਰਨੈਲ ਨੂੰ ਬਰਬਰ ਜਿਹਾ ਦੇਖਦਾ,
"ਈਗੋ", "ਅਹੰਮ" ਨੂੰ ਸੁਰਤਿ ਪਛਾਣਦਾ,
ਚੱਕਰ ਖਾਂਦਾ, ਕਦੀ ਹੰਕਾਰ ਨੂੰ ਸਿਧਾ ਕਰ ਉਸ ਨੂੰ ਸੁਰਤਿ ਆਖਦਾ;
ਕਦੀ ਸੁਰਤਿ ਨੂੰ ਆਖੋ ਨਸ਼ੀਲੀ ਉਹ ਕਿਉਂ ਹੈ,
ਜਾਗਦੀ, ਗਰਜਦੀ ਸ਼ੇਰ ਵਾਂਗੂ ਕਿਉਂ ਨਹੀਂ ?
ਨਾਲੇ ਆਖੇ ਮੁਸਲਮਾਣੀ ਕੇਵਲ ਪਿਆਰ ਹੈ,
ਨਾਲੇ ਆਖ ਸੁਰਤਿ ਖਾਹਿਸ਼ਾਂ ਦੀ ਰੋਟੀ ਖਾ ਪਲਦੀ,
ਵਧਾਉ ਖ਼ਾਹਿਸਾਂ, ਵਧ ਅਗੇ, ਮੈਂ ਮੈਂ ਆਖਦੇ ।
ਹੰਕਾਰ ਸੁਰਤਿ ਦੇ ਭੇਤ ਦਾ ਪਤਾ ਨਾਂਹ,
ਗੱਲ ਖੋਹਲ; ਖੋਹਲ ਠੱਪਦਾ, ਮੁਕਦੀ ਨਾਂਹ, ਵੜਦੀ ਮੁੜ ਉਥੇ,
ਜਿਥੋਂ ਉਹ ਕਢਣ ਦੀ ਕਰਦਾ,
ਠੀਕ ਇਹ ਵੀ ਕੁਝ ਕੁਝ ਹੈ,
ਗੱਲਾਂ ਇਹ ਸਭ ਕੁਝ ਕੁਝ ਹਨ ਵੀ ਮਿਲਵੀਆਂ,
ਮਿਲਵੀਆਂ, ਅਕਲ ਇਨ੍ਹਾਂ ਨੂੰ ਪੂਰਾ ਖੋਹਲ ਨਾ ਸਕਦੀ, ਸਿਦਕ ਖੁਹਲਦਾ, ਸੁਰਤਿ ਆਪੇ
ਪਛਾਣਦੀ, ਕਹਿਣ ਦੀ ਲੋੜ ਨਾਂਹ,
ਕਹਿਣ ਕੁਹਾਣ ਦੀ ਥਾਂ ਨਾਂਹ,
ਵੇਲੇ, ਵੇਲੇ ਦੀ ਖੇਡ ਕੋਈ,
ਹਾਂ ਵੀ, ਨਾਂਹ ਵੀ, ਗੱਲ ਵਿਚੋਂ ਅਸਲਾਂ ਹੋਰ ਹੈ ! ਹੋਰ ਵੀ !
੪
ਹੰਕਾਰ ਤੇ ਸਰਤਿ ਦੀ ਜਨਮ-ਕਥਾ
ਪਰ ਸੁਰਤਿ ਚੀਜ਼ ਰੱਬੀ
ਹੰਕਾਰ ਮਾਦੇ ਦੀ ਇਕ ਉੱਭਰਵੀਂ, ਹਾਲਤ ਜਿਹੀ,
" ਸਿਵਨਬਰਨ" ਜਿਸ ਨੂੰ, "ਡਾਰਵਨ" ਜਿਸ ਨੂੰ ਜੀਵਨ ਮੈਂ ਗਾਉਂਦੇ
ਉਹ ਨਿਰਾ, ਨਿਰੋਲ ਠੀਕ ਹੰਕਾਰ ਹੈ, ਇਹ ਸਥੂਲ ਜਗ ਠੀਕ ਇਕ ਵਿਸ਼ਾਲ
ਮਾਦਾ ਜਦ ਦਾ ਵੱਡਾ ਡਰਾਉਣਾ ਹੰਕਾਰ ਏ,
ਇਹਦੇ ਦੰਦ ਤੇ ਪੰਜੇ ਸ਼ੇਰ ਦੇ, ਮੁੜ ਮੁੜ ਖਾਣਾ ਮ੍ਰਿਗਾਂ ਪੰਛੀਆਂ,
ਜ਼ੋਰ ਵਾਲਾ ਦਿੱਸਦਾ,
ਇਹ ਸਬਲ ਬ੍ਰਹਮ ਇਨ੍ਹਾਂ ਨੂੰ ਮਾਰਦਾ,
ਸਬਲ ਬ੍ਰਹਮ ਬੱਸ ਮਾਦੀ, ਵੱਡੀ, ਮੋਟੀ, ਡਾਢੀ, ਭਾਰੀ ਇਕ ਮੈਂ ਹੈ,
ਲੱਕੀਂ ਇਸ ਨੂੰ ਕੂਕ, ਕੂਕ, ਸਮਝਣ ਇਹ ਭਜਨ ਹੈ,
ਬ੍ਰਹਮ ਸੱਤਾ ਇਹ ਨਹੀਂ,
ਸ਼ੰਕਰ ਜੀ ਠੀਕ ਆਖਦੇ !
ਸਬਲ ਬ੍ਰਹਮ ਇਕ ਮਾਇਆ ਹੈ, ਭੁਲੇਖਾ ਹੈ ਮ੍ਰਿਗ ਤ੍ਰਿਸ਼ਨਾਂ ਵਾਂਗ ਅੱਖ ਦੀ
ਗ਼ਲਤ-ਦੀਦ ਜਿਹੀ, ਤੈ-ਕਾਲ ਨਾ ਹੀ ਹੋਈ ਹੈ, ਨਾ ਕਦੀ ਹੋਵਸੀ,
ਡਾਰਵਨ ਤੇ ਸਿਵਨਬਰਨ ਤੇ ਹਿੰਦੂ ਵੀ ਢੱਠੇ, ਭੱਜੇ ਗੁੰਝਲਾਂ ਮਨ ਦੀਆਂ
ਵਿਚ ਫਸੇ ਸਦੀਆਂ ਦੇ ਫੇਰਾਂ ਵਿਚ ਗੁੰਮੇ ਗੁੰਮੇ ਸਾਰੇ ਇਸ ਨੂੰ ਬ੍ਰਹਮ
ਮੈਂ ਮੈਂ ਕੁਕਦੇ,
ਭੁੱਲਦੇ ਸਾਰੇ ਗੱਲਾਂ ਮਿਲਵੀਆਂ, ਮਿਲਵੀਆਂ,
ਡਾਢਿਆਂ ਦੇ ਪਰਛਾਵੇਂ ਸੱਚ ਜਾਦੂ ਸੱਚ ਦਿੱਸਦੇ !
ਸਬਲ- ਬ੍ਰਹਮ ਨੂੰ ਛੋ ਛੋ, ਆਖਦੇ ਮਾਇਆ ਸ਼ੰਕਰ ਜੀ ਜਿਸ ਨੂੰ ਆਖਦੇ,
ਹਾਇ ਉਸ ਨੂੰ ਰੱਬ, ਰੱਬ, ਕੂਕਦੇ !
ਇਹੋ ਬ੍ਰਹਮ ਹੈ, ਇਹੋ ਨਾਸਤਕਤਾ,
ਇਸ ਸਬਲ ਬ੍ਰਹਮ ਦੀ ਮੈਂ ਦੀ ਅਨੇਕਤਾ, ਨਾਨਤਾ ਦੀ ਪੂਜਾ ਨੇ
ਸਾਰਾ ਹਿੰਦੁਸਤਾਨ ਰੋੜਿਆ,
ਰੋੜ੍ਹਿਆ ਯੂਰਪ ਭਾਰਾ ਬਹੁਤ ਸਾਰਾ ਰੁੜ੍ਹ ਗਿਆ,
ਕੌਣ ਆਖੇ ਹਿੰਦੁਸਤਾਨ ਬ੍ਰਹਮ ਵਿੱਦਿਆ ਦੀ ਪੋਥੀ ਖੋਲ੍ਹਦਾ ?
ਇਹ ਤਾਂ ਮਾਇਆ ਦੇ ਰੰਗਾਂ ਵਿਚ ਯੂਰਪ ਵਾਂਗ ਬ੍ਰਹਮ ਟੋਲਦਾ,
ਗੱਲਾਂ ਹੋਰ, ਹੋਰ ਜ਼ਰੂਰ ਕਰਦਾ, ਰਹਿਣੀ ਸਾਰੀ ਯੂਰਪ ਵਾਲੀ ਕੁਝ ਢੱਠੇ
ਗਿਰੇ ਹੰਕਾਰ ਛਿਪੇ ਲੁਕੇ ਨਾਲ ਵਾਂਗ ਕਾਇਰਾਂ, ਸਿੱਧਾ ਆਪਣੀ
ਰਹਿਣੀ ਨਹੀਂ ਦੱਸਦਾ !
ਇਹ ਮਾਦੇ ਦਾ ਬੁੱਤ ਬ੍ਰਹਮ,
ਅਸਾਂ ਦੂਰ, ਦੂਰ ਰੱਖਣਾ,
ਇਹ ਨਾਮ ਬ੍ਰਹਮ ਦਾ ਲੈਣਾ ਤੇ ਪੈਸਾ ਪੂਜਣਾ, ਅਸਾਂ ਦੂਰ ਦੂਰ ਰੱਖਣਾ,
ਇਹ ਨਾਮ ਲੈਣਾ ਭਰਾਵਾਂ ਦਾ ਤੇ ਮੰਦਾ ਯਾਰਾਂ ਦਾ ਲੱਗਣਾ, ਇਸ ਮਨੁੱਖਤਾ
ਨੂੰ ਦੂਰ ਦੂਰ ਰੱਖਣਾ,
ਹੋਣਾ ਕੁਝ ਹੋਰ ਅਸਲੀ, ਤੇ ਬਿਰੂਪ ਜਿਹਾ ਭਰ ਕੇ ਹੋਰ ਹੋ ਹੋ ਦੱਸਣਾ,
ਇਹ ਢਠਾਣ ਅਸਾਂ ਦੂਰ ਦੂਰ ਰੱਖਣਾ,
ਬ੍ਰਹਮ ਵਿੱਦਿਆ ਇਹ ਵਸਤ ਨਹੀਂ ਪਛਾਣਦੀ, ਸਭ ਵਿਚ ਹੈ ਨਹੀਂ,
ਹੋਈ ਨਾਂਹ, ਹੋਸੀ ਨਾਂਹ,
ਹੰਕਾਰ ਦਾ ਜਨਮ ਇਸ ਅੰਧਕਾਰ ਵਿਚ, ਵੱਡਾ ਨਿੱਕਾ ਮਾਦਾ ਮਾਇਆ
ਜਿਸ ਨੂੰ ਸ਼ੰਕਰ ਆਖਦੇ !
ਅਸਾਂ ਦੂਰ, ਦੂਰ ਰੱਖਣਾ,
ਹੰਕਾਰ ਕਾਲਾ ਸਿਆਹ ਹੈ !
ਸੁਰਤਿ ਦਾ ਜਨਮ ਸਿਦਕ ਵਿਚ,
ਜਿਥੇ ਰੱਬ ਹੀ ਰੱਬ ਕੁਲ ਚਾਨਣਾ,
ਮਾਦਾ ਉਥੇ ਸਦਾ ਦੀ 'ਨਹੀਂ' ਹੈ !
ਮਾਦਾ ਅਸਾਂ ਨਹੀਂ ਤੱਕਣਾ, ਦੂਰ, ਦੂਰ, ਪਿਛੇ, ਪਿਛੇ ਰੱਖਣਾ, ਕੰਡ ਸਾਡੀ ਤੱਕੇ
ਉਹ ਅਸਾਂ ਨਹੀਂ ਤੱਕਣਾ, ਦੂਰ ਦੂਰ ਰੱਖਣਾ !
ਪਰ ਯਾਦ ਰੱਖਣਾ,
ਸੂਖਮ ਜਿਹਾ ਭੇਤ ਇਥੇ ਵੀ,
ਮਾਦੇ ਦੇ ਅੰਧਕਾਰ ਵਿਚ,
ਮਨ ਵਿਚੋਂ ਵੀ ਇਕ ਬਿਰੂਪ ਜਿਹਾ ਸਿਦਕ ਜੰਮਦਾ, ਜਿਸ ਨੂੰ ਸਿਦਕ
ਸਿਦਕ ਕਰ ਪੁਕਾਰਦੇ,
ਮਨ ਦੀ ਹਨੇਰੀ ਕੋਠੜੀ ਵਿਚ ਜੰਮਿਆਂ ਸਿਦਕ ਨਾਂਹ,
ਇਹ ਭੁੱਲ ਹੰਕਾਰ ਦੀ !
ਇਸ ਸਿਦਕ ਦੇ ਬਿਰੂਪ ਨੂੰ,
ਦੂਰ ਦੂਰ ਰੱਖਣਾ,
ਪਛਾਨਣਾਂ ਬਿਰੂਪ ਹੈ ਤੇ ਇਹਦਾ ਗਲੀਆਂ ਦਾ ਮੰਗਣਾ ।
ਸਿਦਕ ਆਉਂਦਾ ਜਦ ਕਲੇਜੇ ਤੀਰ ਵੱਜਦਾ,
ਪਲ ਛਿਣ, ਘੜੀ ਘੜੀ, ਕਦਮ ਕਦਮ,
ਦਮ ਬਦਮ-ਚੁਭਦਾ, ਖੋਭਦਾ ਆਪਣੀ ਤਿਖੀ, ਤ੍ਰਿਖੀ ਅਣੀ, ਆਖਦਾ ਦਸ,
ਪੀੜ ਠੀਕ ਹੈ ?
ਤਾਂ ਸਿਦਕ ਆਉਂਦਾ !
ਮਨ ਮੇਰਾ ਹਨੇਰਾ ਗੁਪ ਮੁੜ ਮੁੜ ਕਰਦਾ,
ਹੰਕਾਰ ਦੈਵ ਵਾਂਗੂੰ ਵਿਚ ਆਣ ਵੜਦਾ,
ਮਾਰਦਾ ਵਡੇ ਵਡੇ ਗੁਰਜ ਹਨੇਰੇ ਦੇ,
ਮੇਰੀਆਂ ਨਵੀਆਂ ਆਈਆਂ ਨਿੱਕੀਆਂ, ਨਿੱਕੀਆਂ ਨੂਰ ਦੀਆਂ ਰਸ਼ਮੀਆਂ ਨੂੰ,
ਆਖਦਾ ਮੇਰਾ ਘਰ, ਨਿਕਲ, ਤੁਸੀ ਕਿਥੋਂ ਆਈਓ ?
ਪਰ ਹੋਰ ਹੋਰ ਤੀਰ ਵਾਂਗੂੰ ਹੰਕਾਰ ਨੂੰ ਪਰੋਦੀਆਂ, ਲਿਪਟਦੀਆਂ ਗੁੰਝਲਾਂ ਖਾ,
ਖਾ, ਸੋਨਾ ਹਨੇਰੇ ਦੇ ਦਿਲ 'ਤੇ ਡੋਹਲਦੀਆਂ,
ਸਿਹ ਕਿਰਨਾਂ ਵੀ ਤੀਰ ਹਨ ਕਿਸੇ ਡਾਢੇ ਦੀ ਕਮਾਨ ਦੇ,
ਦੇਖ ਦੇਖ ਅਮਨ-ਜੰਗ ਸਿੱਖ ਰੀਝਦਾ,
ਤਾਂ ਸਿਦਕ ਆਉਂਦਾ !
ਲੱਖਾਂ ਵੈਰੀ ਟੁਰ ਮਾਰਨ ਆਉਂਦੇ,
ਸਿੱਖ ਇਕੱਲਾ, ਡਰਦਾ, ਸਹਿਮਦਾ,
ਉਹ ਸਾਹਮਣੇ ਨੀਲੇ ਘੋੜੇ 'ਤੇ ਚੜ ਗੁਰੂ ਆਉਂਦਾ,
ਲੱਖਾਂ ਫ਼ੌਜਾਂ ਨਾਲ ਨਾਲ ਆਉਂਦੀਆਂ, ਅਸਮਾਨ ਸਾਰੇ ਭਰਦੇ !
ਲੱਖਾਂ ਦਾ ਮੁਕਾਬਲਾ ਇਕ ਸਿੱਖ ਕਰਦਾ, ਜਿੱਤਦਾ
ਤਾਂ ਸਿਦਕ ਆਉਂਦਾ,
ਮੌਤ ਆਉਂਦੀ, ਡਰਾਉਂਦੀ,
ਹਾਲੇ ਕੱਚਾ, ਦਿਲ ਨਹੀਂ ਕਰਦਾ ਗੁਰੂ-ਦੇਸ ਜਾਣ ਨੂੰ,
ਅੱਗੇ ਦੀ ਸੁਹਣੀ ਗੁਰੂ-ਚਰਨ ਸ਼ਰਨ ਜੀਣ-ਨੂੰ ਹਾਲੇ ਮੌਤ ਆਖਦਾ,
ਇਹ ਯਾ ਇਹ ਜਿਸ ਨੂੰ ਪਿਆਰ ਕਰਦਾ, ਜਦ ਦਿੱਸਦਾ ਜੀਉਂਦਾ,
ਮੁੜ ਇਹਦਾ ਨਵਾਂ-ਆਇਆ ਸਿਦਕ ਕੰਬਦਾ,
ਕਹਿੰਦਾ, ਗੁਰੂ ਹੁੰਦਾ ਰਖਦਾ,
ਦੇਖ ਸ਼ਕ ਇਹ ਹਨੇਰ ਮੁੜ ਪੈਂਦਾ,
ਗੁਰੂ ਦਰਸ਼ਨ ਮੁੜ ਦੇਵਦਾ, ਬਚਾਉਂਦਾ ਇਸ ਨੂੰ ਯਾ ਜਿਸ ਨੂੰ
ਇਹ ਪਿਆਰ ਕਰਦਾ,
ਇਧਦੇ ਅੱਖਾਂ ਦੇ ਸਾਹਮਣੇ ਮੌਤ ਡਰਦੀ, ਨੱਸਦੀ, ਉੱਡਦੀ,
ਜਿਵੇਂ ਕਾਲਾ ਹਿਰਨ ਭੱਜਦਾ,
ਤਾਂ ਸਿਦਕ ਆਉਂਦਾ !
ਸੁੱਤਾ, ਸੁੱਤਾ ਲੱਗਦਾ,
ਲੋਕੀਂ ਬੜੇ ਚਤੁਰ, ਪੰਡਤ ਪੜ੍ਹੇ ਦਿੱਸਦੇ,
ਇਹ ਨਿੱਕਾ ਨਿੱਕਾ ਲੱਗਦਾ,
ਲੋਕੀਂ ਬੜੇ ਵੱਡੇ, ਵੱਡੇ ਲੱਗਦੇ,
ਲੋਕੀਂ ਬੈਠਣ ਕੁਰਸੀਆਂ, ਆਸਨਾਂ, ਸਿੰਘਾਸਨਾਂ,
ਇਹ ਘਾਹ ਖਨੋਤਰਦਾ,
ਇਹ ਦਿੱਸੇ ਨਿਮਾਣਾ ਜਿਹਾ ਆਪਾਂ ਨੂੰ, ਹੋਰਾਂ ਨੂੰ,
ਗੁਰੂ ਕੰਡੀ ਹੱਥ ਜਦ ਰੱਖਦਾ,
ਪੰਡਤ-ਜਗਤ ਸਾਰਾ ਪੰਡਤਾਈ ਭੁੱਲਦਾ,
ਵੱਡਾ-ਜਗਤ ਸਾਰਾ ਨਿੱਕਾ, ਨਿੱਕਾ ਹੋਂਵਦਾ,
ਇਹਦੇ ਸੁਣ ਵਚਨ, ਸਾਦੇ ਸਾਦੇ ਗੀਤ ਸਾਰੇ,
ਹੈਰਾਨ ਹੋ ਵੇਖਦਾ, ਅਨਪੜ੍ਹਿਆ ਕਿਆ ਬੋਲਦਾ :
ਤਾਂ ਸਿਦਕ ਆਉਂਦਾ !
ਸਾਰੀਆਂ ਔਕੜਾਂ ਗੁਰੂ ਝਾਗਦਾ,
ਕੰਮ ਸਾਰੇ ਇਹਦੇ ਗੁਰੂ ਸਾਰਦਾ,
ਸੇਵਾ ਜ਼ਿੰਮੇਵਾਰੀ ਸਾਰੀ ਇਹਦੀ ਗੁਰੂ ਚੱਕਦਾ,
ਗੁਰੂ ਦੇਂਦਾ ਦੀਦਾਰ ਮੁੜ ਮੁੜ,
ਅੱਗ ਜਲ, ਮੁਸ਼ਕਲ ਪਈ ਭਾਰੀ ਥੀਂ ਬਚਾਉਂ –
ਦਿਨ ਰਾਤ ਸਿੱਖ ਦਾ ਕਰਾਮਾਤਾਂ ਨਾਲ ਜੜਦਾ,
ਦਿਨ ਰਾਤ ਲਿਸ਼ਕਦਾ,
ਫਿਰ ਵੀ ਕੰਮ ਪੂਰਾ ਹੋਇਕੇ ਹਨੇਰਾ ਮਨ ਵਿਚ ਵੜਦਾ,
ਕਾਰਨ ਕਾਮਯਾਬੀ ਦੇ ਲੱਖਾ ਹੋਰ ਹੋਰ ਦੱਸਦਾ ਕਰਾਮਾਤ ਨੂੰ ਅਣਗਉਲੀ
ਜਿਹੀ, ਸਾਧਾਰਣ ਜਿਹੀ ਗੱਲ ਵਿਚ ਪਲਟਦਾ, ਹੋਇਆ ਕੀ—
ਇੰਜ ਹੀ ਸੀ ਹੋਵਣਾ ?
ਘੜੀ, ਘੜੀ ਭੁੱਲਦਾ, ਹਨੇਰਾ ਚੱਕਰ ਮਾਰਦਾ,
ਮੁੜ ਮੁੜ ਗੁਗੂ ਥੀਂ ਮੁਨਕਰ ਨਿੱਕੀ ਨਿੱਕੀ ਗੱਲ 'ਤੇ ਮੇਰਾ ਯਾਰ ਹੋਂਵਦਾ,
ਗੁਰੂ ਦੀ ਮਿਹਰ ਅਣਭਜਵੀ,
ਗੁਰੂ ਦਾ ਬਿਰਦ ਪੂਰਾ, ਅਨੰਤ ਸਾਰਾ,
ਵੱਡੀ ਵੱਡੀ ਕਰਾਮਾਤ ਕੀਤੀ ਪਿਆਰ ਦੀ,
ਨਿੱਕੀ ਨਿੱਕੀ ਵੀ ਕਰਦਾ, ਜਿਵੇਂ ਬੱਚੇ ਨਾਲ ਪਿਓ ਖੇਡਦਾ ਰਿਧੀ ਸਿੱਧੀ
ਦੱਸਦਾ, ਤੇ ਘੜੀ, ਘੜੀ, ਪਲ ਛਿਣ,
ਸਿੱਖ ਦੇ ਸਿਦਕ ਨੂੰ ਆਪਣੇ ਆਤਮ-ਮਾਸ ਨਾਲ ਪਾਲਦਾ,
ਤਾਂ ਸਿਦਕ ਆਉਂਦਾ !
ਸੁਹਣੀ ਚੀਜ਼ ਦੇਖ ਸਿੱਖ ਭੁੱਲਦਾ,
ਕਰਾਮਾਤ ਸਾਰੀ, ਗੁਰੂ ਦੀ ਦਮਬਦਮ ਮਿਹਰ ਸਾਰੀ ਮਿਹਰਾਂ ਵਾਲੀ ਸੇਵਾ ਸਾਰੀ,
ਇਕ ਪਲਕ ਵਿਚ ਭੁੱਲਦਾ ।
ਨੱਸਦਾ ਮੁੜ ਮਾਦੇ ਭੁੱਲੇਖੇ ਵੱਲ,
ਮੁੜ, ਮੁੜ ਭੁਲਦਾ, ਲੋਚਦਾ ਸੁੰਦਰ ਅੰਗਨੀਆਂ, ਸੁਪਨੇ ਲੈਂਦਾ ਉਨ੍ਹਾਂ ਦੇ
ਚੰਨ ਮੂੰਹਾਂ ਦੇ,
ਗੁਰੂ ਲੱਖ ਤਰਕੀਬ ਕਰਦਾ,
ਅਗੋਂ ਪਿਛੋਂ, ਛੁਪ ਛੁਪ, ਮਾਇਆ ਦੀ ਖਿਚਾਂ ਦੇ ਧਾਗੇ ਕੱਟਦਾ, ਭੁਲੇਖਾ
ਤੋੜਦਾ, ਭੁੱਲਾਂ ਮੋੜਦਾ, ਮਾਰ ਮਾਰ ਤੀਰ ਪ੍ਰਕਾਸ਼ ਦੇ ! ਮਾਇਆ-ਸੁਹਣੱਪ
ਤੋੜਦਾ, ਰੂਹ ਸਿੱਖ ਦਾ ਫਿਰ ਮੁਹਾਰਾਂ ਮੋੜਦਾ, ਖਾ, ਖਾ ਮਾਯੂਸੀਆਂ,
ਗੁਰੂ ਲੱਖ ਵੇਰੀ ਇਉਂ ਚਿੱਕੜ ਫਸੇ ਨੂੰ ਕੱਢਦਾ, ਧੋਂਦਾ ਭਰੇ ਅੰਗ ਸਾਰੇ, ਮਾਂ
ਵਾਂਗ, ਉੱਚਾ ਕਰਦਾ ਛਿਪ ਕੇ ਉਸ ਵਿਚ ਤੇ ਸਿੱਖ ਸਿਰ ਚੱਕਦਾ ਵਾਂਗ ਉੱਚੀ
ਬਰਫ਼ ਦੀਆਂ ਚੋਟੀਆਂ,
ਤੇ ਗੁਰੂ ਕਿਰਨ—ਫੁਹਾਰ ਸੁੱਟਦਾ, ਸੋਨਾ ਸਾਰਾ ਪਾਣੀ ਪਾਣੀ ਕਰਕੇ ਇਸ
ਨਵੇਂ—ਕੰਙਣੇ ਵਾਲੇ ਦੇ ਸਿਰ ਛਤਰ ਰੱਖਦਾ,
ਮੁਕਟ ਬੰਨ੍ਹਦਾ, ਆਖਦਾ—ਤੂੰ ਕਿਹਾ ਸੁਹਣਾ ਅਜ ਓ ਬਰਫ਼ ਲੱਦਿਆ !
ਪਰਬਤਾਂ ਤੇ ਸੂਰਜ ਦੀ ਕਿਰਨ ਤੇਰੀ ਬਰਫ਼ ਵਿਚ ਖੇਡਦੀ,
ਤੂੰ ਕਿਹਾ ਉੱਚਾ !
ਤਾਂ ਸਿਦਕ ਆਉਂਦਾ !
ਫਿਰ ਸਿਦਕ ਕਣੀ ਕਣੀ ਬੱਝਦਾ, ਕਣੀ, ਕਣੀ ਵੱਧਦਾ,
ਕਈ ਵੇਰੀ ਨਵਾਂ ਅੰਗੂਰਿਆ ਸੜਦਾ, ਮੁੜ ਬੀਜਦਾ ਗੁਰੂ ਮਿਹਰ ਕਰ, ਮੁੜ
ਅੰਗੂਰਦਾ, ਸਦੀਆਂ ਦੀ ਖੇਡ ਲੱਗੀ, ਗੁਰੂ ਕਿਰਤ ਉਨਰ ਹੈ !
ਸਦੀਆਂ ਲੰਘਦੀਆਂ, ਦੌਰ ਲੰਘਦੇ, ਇਕ ਪੂਰੀ ਸਿਖ ਸੁਰਤਿ ਬਣਾਨ, ਹਾਂ
ਇਹ ਰੀਣਕੂ, ਰੀਣਕੁ ਵਧਦੀ, ਬਣਦੀ,
ਲਿਸ਼ਕ ਮਾਰਦੀ,
ਜਿਸ ਬਿਜਲੀ ਦੇ ਮੂੰਹ ਨੂੰ ਚੁੰਮਣ ਦੌੜਦੇ ਇਹ 'ਨਿਤਸ਼ੇ' ਤੋਂ 'ਇਕਬਾਲ' ਤੇ
ਇਹੋ ਜਿਹੇ ਸਾਰੇ !
ਇਹ ਸਨਅੱਤ ਕੀ ਸੌਖੀ।
ਗੁਰੂ ਸੁਰਤਿ ਦੀ ਕਿਰਤ ਦਿਨ ਰਾਤ ਜਾਗ ਕੇ ?
ਮੁਸਲਮਾਨ, ਹਿੰਦੂ, ਸਿੱਖ ਸਚਾ,
ਈਸਾਈ, ਬੋਧੀ ਇਕੇ,
ਬੰਦਾ ਹੋਵੇ ਰੱਬ ਦਾ, ਗੁਰੂ ਮਿਹਰ ਕਰਦਾ,
ਪਰ ਪੁੱਛੇ ਕੋਈ, ਇਨ੍ਹਾਂ ਸਿਆਣਿਆਂ,
ਕਦੀ ਹੀਰੇ ਲੱਭਣ ਗਲੀ ਗਲੀ,
ਭਾਵੇਂ ਲੱਖ ਵੇਰੀ ਆਖੋ-ਆਓ ਹੀਰਿਓ ਨਿੱਤਰੋ !
ਕਦੀ ਸੁਰਤਿ ਬੋਲਦੀ ਇਉਂ ਬੁਲਾਵੋ ਤੁਸੀਂ ਲੱਖ ਵੇਰੀਆਂ ਘੜੀ ਘੜੀ,
ਹੰਕਾਰ ਬੋਲਸੀ, ਜ਼ਰੂਰ ਬੋਲਸੀ ਆਸੀ ਲੱਖ, ਲੱਖ ਪੁਸ਼ਾਕੇ ਪਾ ਕੇ !
੫
ਗੁਰੂ ਇਸੇ ਛੁਪੇ ਭੇਤ ਦੇ ਘੁੰਡ ਚੁੱਕਦਾ,
ਪਰ ਚੁੱਕੇ ਘੁੰਡ ਵੀ, ਤੱਕਣ ਵਾਲੀ ਅੱਖ ਨਹੀਂ !
ਇਹ ਭੇਤ ਨਿਰੀ ਸਿਦਕ-ਪੱਕੀ ਅੱਖ ਵੇਖਦੀ,
ਜਦ ਗੁਰੂ-ਸਿਦਕ ਦੀ ਅੱਖ ਖੋਹਲਦਾ,
ਸਿੱਖ ਇਹ ਜਾਣਦਾ,
ਉਸ ਨੂੰ ਗੁਰੂ ਚੰਗਾ ਲੱਗਦਾ,
ਜਿਸ ਨੂੰ ਗੁਰੂ ਆਪ ਪਹਿਲੇ ਪਿਆਰਦਾ,
ਇਉਂ ਤਾਂ ਅਜ ਗੁਰੂ ਗ੍ਰੰਥ ਘਰ, ਘਰ ਬਰਾਜਦਾ,
ਪਰ ਵਿਰਲਾ ਕੋਈ ਜਾਣਦਾ, ਗੁਰੂ-ਸੁਰਤਿ ਕਿਥੇ ਬੋਲਦੀ,
ਗੁਰੂ ਗ੍ਰੰਥ ਕਿੰਜ ਘੁੰਡ ਚੁੱਕਦਾ, ਪੀਰਾਂ ਦੇ, ਫ਼ਕੀਰਾਂ ਦੇ, ਪੈਗੰਬਰਾਂ ਦੇ,
ਰਿਸ਼ੀਆਂ ਦੇ,
ਅਵਤਾਰਾਂ ਦੇ; ਤੇ ਕਿੰਜ ਖੋਹਲਦਾ ਆਤਮ-ਸੁਰਤਿ ਭੇਤ ਨੂੰ,
ਪਰ ਗੁਰੂ ਗ੍ਰੰਥ ਦੇ ਸੁਹਣੇ ਹੱਥ ਪੈਰ ਨੂੰ ਦਿੱਸਦੇ ?
ਉਹ ਰੰਗੀਲਾ ਗੁਰੂ ਮੁੜ ਮੁੜ ਦੱਸਦਾ, ਹਾਏ ! ਕੌਣ ਤੱਕਦਾ ?
ਸਾਡੇ ਕੰਨ ਵਿਚ ਅੱਜ ਖ਼ਬਰੇ ਕਾਗਤ ਖੜਕਦੇ,
ਦੇਸ ਸਾਰੇ ਹੱਥ ਅਖ਼ਬਾਰ ਹੈ, ਦੇਸ ਸਾਰਾ ਮਨ ਫਸਿਆ,
ਮੁੜ ਹਨੇਰੇ ਰੋੜ੍ਹਿਆ,
ਬਾਬਾ ਮਿਹਰ ਕਰੇ !
ਘਰ, ਘਰ, ਗੁਰੂ ਵੱਸਦਾ ਪੰਜਾਬ ਵਿਚ,
ਘਰ, ਘਰ ਬਰਕਤ ਵੱਸਦੀ,
ਪਰ ਨੈਣ ਸਾਡੇ ਮੁੜ ਮਨ-ਬੰਦ ਨੈਣ ਹੋਏ,
ਗੁਰੂ ਦੀ ਮਿਹਰ ! ਨੈਣ ਮੋੜਦੇ !
ਇਥੇ ਅਜ ਜ਼ਾਹਰਾ ਜ਼ਹੂਰ ਸਾਡਾ ਗੁਰੂ ਗ੍ਰੰਥ ਹੈ
ਗੁਰੂ ਇਹ ਆਪ ਜਰਨੈਲ ਹੈ,
ਲੱਖਾਂ ਫ਼ੌਜਾਂ ਤਾਂਬੇ ਇਸ ਗੁਰੂ ਸੂਰਮੇ,
ਵੱਖਰਾ ਸਿੱਖ ਹੋ ਸਕਦਾ ਨਹੀਂ ਵੱਖਰਾ ਅੰਧਕਾਰ ਹੰਕਾਰ ਹੈ !
ਸਿੱਖ ਇਤਿਹਾਸ ਸਾਰਾ,
ਬਾਣੀ ਦਾ ਟੀਕਾ
ਸੁਰਤਿ ਦੇ ਭੇਤ ਦਾ,
ਸੁਹਣਾ ਦਸ ਅਵਤਾਰ ਹੈ !
ਛਬੀ ਸਾਰੀ ਮਿਲਵੀਂ, ਮਿਲਵੀਂ,
ਵੱਖ ਵੇਖਣਾ ਪਾਪ ਹੈ,
ਗੁਰੂ ਇਤਿਹਾਸ ਸਾਰਾ,
ਗੁਰੂ ਕਿਰਤ ਸਾਰੀ,
ਗੁਰੂ-ਕਰਨੀ ਮਿਲਵੀਂ, ਮਿਲਵੀਂ,
ਬਾਣੀ ਦਾ ਅਲਾਪ ਹੈ।
੬
ਹੁਣ ਅਗੇ ਬੋਲਣਾ,
ਮੁੜ ਫ਼ਲਸਫ਼ਾ ਤੋਲਣਾ,
ਸਿਖ-ਸੁਰਤਿ ਦਾ ਕੰਮ ਨਹੀਂ, ਬੱਸ ! ਬੱਸ !
ਵਾਹ ਵਾਹ ਗਾਵਣਾ !
ਹਲ ਫੜ ਜੋਵਣਾ,
ਮਹੀਆਂ ਨੂੰ ਚੋਵਣਾ,
ਦੁੱਧ ਰਿੜਕਣਾ ਪੀਣਾ, ਥੀਣਾ, ਬਸ ! ਬਸ ! ਬਸ !
ਸਿਪਾਹੀ ਗੁਰੂ ਦਾ ਹੋਵਣਾ,
ਹੱਥ, ਪੈਰ, ਨਾਲ ਕੰਮ,
ਸੁਰਤਿ ਠੰਢੀ ਠਾਰ, ਲਿਪਟੀ ਸਾਈਂ ਦੇ ਚਰਨ,
ਤੇ ਖ਼ੁਸ਼ ਹੋ, ਚਾਉ ਵਿਚ, ਰਸ ਵਿਚ,
ਹੁਕਮ ਕਾਰ ਕਮਾਵਣੀ,
ਹੁਕਮ ਮੰਨਣਾ, ਇਹ ਅਰਦਾਸ ਸਿੱਖ ਦੀ,
ਅਟੁੱਟਵੇਂ ਕਿਸੇ ਸਵਾਦ ਦੇ ਹੜ੍ਹ ਉੱਤੇ ਤਰਦੇ, ਕਦੀ ਕਦੀ ਡੁੱਬਦੇ,
ਆਪਣੇ ਸੂਰਜ ਦੇ ਪ੍ਰਕਾਸ਼ ਵਿਚ ਰੁੜ੍ਹਨਾ;
ਸ਼ੁਕਰ ਸ਼ੁਕਰ ਕਰਨਾ, ਗਾਉਣਾ ਦਮ ਬਦਮ ਵਾਹਿਗੁਰੂ, ਬਸ, ਬਸ, ਬਸ,
ਦਿਨ ਰਾਤ ਮੰਗਣਾ
ਸਿਦਕ ਤੇ ਸਿੱਖੀ,
ਮਨ ਨੀਵਾਂ, ਮੱਤ ਉੱਚੀ,
ਚੜ੍ਹਦੀ ਕਲਾ, ਨਾਮ ਦਾ ਜਪਣਾ
ਨਾਲ ਉਚਿਆਈ ਸਾਰੇ ਸਿੱਖ ਇਤਿਹਾਸ ਦੀ ਤੇ ਚੜ੍ਹੇ ਦਿਨ ਚੜ੍ਹਨਾ,
ਪਰਬਤਾਂ 'ਤੇ ਵੱਸਣਾ, ਨੀਵੀਂ ਨੀਵੀਂ ਗੱਲ ਨਾਂਹ,
ਤੇ ਕਦਮ ਕਦਮ ਤੁਰਨਾ, ਸਹਿਜ ਇਕ ਮਿੱਠੇ, ਨਿੱਕੇ ਪਿਆਰ ਵਿਚ,
ਟੁਰਨਾ ਤੁਰਨਾ, ਕਦਮ ਮਿਲਾ ਕੇ,
ਅਗੇ ਲੰਘ ਗਈਆ ਫੌਜਾਂ ਨਾਲ ਕਦਮ ਮਿਲਾ ਕੇ,
ਹੁਣ ਦੀਆਂ ਫ਼ੌਜਾਂ ਦੀ ਕਤਾਰ ਵਿਚ ਠੀਕ ਕਦਮ ਮਿਲਾਵਾਂ,
ਤੇ ਕਦਮ ਸਿੱਖ ਦਾ ਪਵੇ ਪਿਛੇ ਆਉਂਦੀਆ ਫੌਜਾਂ ਦੇ ਕਦਮ ਨਾਲ ਕਦਮ
ਪੂਰਾ, ਪੂਰਾ
ਹਾਂ ਜੀ ! ਕਦਮਾਂ ਮਿਲਾ ਕੇ, ਕਦਮਾਂ ਮਿਲਾ ਕੇ, ਟੁਰਨਾ, ਟੁਰਨਾ, ਟੁਰਨਾ,
ਸਵਾ ਲੱਖ ਕਦਮ, ਇਕ ਕਦਮ ਦਾ, ਕਦਮਾਂ ਮਿਲਾ ਕੇ,
ਸਵਾ ਲੱਖ ਸ੍ਵਾਸ, ਇਕ ਸ੍ਵਾਸ ਭਰਦਾ, ਕਦਮਾਂ ਮਿਲਾ ਕੇ,
ਸਵਾ ਲੱਖ ਹੱਥ, ਇਕ ਹੱਥ ਦਾ, ਕਦਮਾਂ ਮਿਲਾ ਕੇ,
ਸਵਾ ਲੱਖ ਸਿਰ, ਇਕ ਸਿਰ ਦਾ,ਕਦਮਾਂ ਮਿਲਾ ਕੇ,
ਇਕ ਇਕ ਗੁਰੂ ਦਾ ਸਿੱਖ, ਫ਼ੌਜਾਂ !
ਫ਼ੌਜਾਂ ਭਾਰੀਆਂ ਸਾਰੀਆਂ, ਕਦਮਾਂ ਮਿਲਾ ਕੇ,
ਹਾਂ ਜੀ ! ਕਦਮਾਂ ਮਿਲਾ ਕੇ, ਕਦਮਾਂ ਮਿਲਾ ਕੇ,
ਟੁਰਨਾ, ਟੁਰਨਾ ਟੁਰਨਾ,
ਟੁਰਨਾ, ਟੁਰਨਾ, ਟਰਨਾ ।
ਇਹ ਭੇਤ ਸਿੱਖ-ਆਵੇਸ਼ ਦਾ,
ਸਿੱਖ-ਇਤਿਹਾਸ ਦਾ,
ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਅਕਾਲੀ ਬਾਣੀ ਦਾ,
ਇਹ ਦਰਸ਼ਨ ਗੁਰ-ਅਵਤਾਰ ਸੁਰਤਿ ਦਾ ।
ਕੁਝ ਕੁਝ, ਕਿਸੇ ਕਿਸੇ ਛਾਤੀ ਵਿਚ ਕਦੀ ਕਦੀ ਭਖਦਾ,
ਸਦੀਆਂ ਛਿੱਪ ਛਿੱਪ ਰਹਿੰਦਾ, ਮੁੜ ਉੱਘੜਦਾ,
ਪਲ ਛਿਣ ਲਈ ਬਸ ਘੁੰਡ ਉੱਠਦਾ, ਫਿਰ ਘੁੰਡ ਕੱਢਦਾ,
ਇਉਂ ਹੀ ਗੁਰੂ ਅਵਤਾਰ ਦੀ ਸੁਰਤਿ ਤੇ ਸਿਖ-ਸੁਰਤਿ ਖੇਡਦੀ,
ਅਗੇ, ਪਿਛੇ, ਅਜ, ਕੱਲ੍ਹ, ਭਲਕੇ ਦੇ
ਕਦਮਾਂ ਨਾਲ ਕਦਮਾਂ ਮਿਲਾ ਕੇ,
ਟੁਰਨਾ, ਟੁਰਨਾ, ਟੁਰਨਾ,
ਟੁਰਨਾ, ਟੁਰਨਾ, ਟੁਰਨਾ, ।
–0–