ਸਿਹ ਕਿਰਨਾਂ ਵੀ ਤੀਰ ਹਨ ਕਿਸੇ ਡਾਢੇ ਦੀ ਕਮਾਨ ਦੇ,
ਦੇਖ ਦੇਖ ਅਮਨ-ਜੰਗ ਸਿੱਖ ਰੀਝਦਾ,
ਤਾਂ ਸਿਦਕ ਆਉਂਦਾ !
ਲੱਖਾਂ ਵੈਰੀ ਟੁਰ ਮਾਰਨ ਆਉਂਦੇ,
ਸਿੱਖ ਇਕੱਲਾ, ਡਰਦਾ, ਸਹਿਮਦਾ,
ਉਹ ਸਾਹਮਣੇ ਨੀਲੇ ਘੋੜੇ 'ਤੇ ਚੜ ਗੁਰੂ ਆਉਂਦਾ,
ਲੱਖਾਂ ਫ਼ੌਜਾਂ ਨਾਲ ਨਾਲ ਆਉਂਦੀਆਂ, ਅਸਮਾਨ ਸਾਰੇ ਭਰਦੇ !
ਲੱਖਾਂ ਦਾ ਮੁਕਾਬਲਾ ਇਕ ਸਿੱਖ ਕਰਦਾ, ਜਿੱਤਦਾ
ਤਾਂ ਸਿਦਕ ਆਉਂਦਾ,
ਮੌਤ ਆਉਂਦੀ, ਡਰਾਉਂਦੀ,
ਹਾਲੇ ਕੱਚਾ, ਦਿਲ ਨਹੀਂ ਕਰਦਾ ਗੁਰੂ-ਦੇਸ ਜਾਣ ਨੂੰ,
ਅੱਗੇ ਦੀ ਸੁਹਣੀ ਗੁਰੂ-ਚਰਨ ਸ਼ਰਨ ਜੀਣ-ਨੂੰ ਹਾਲੇ ਮੌਤ ਆਖਦਾ,
ਇਹ ਯਾ ਇਹ ਜਿਸ ਨੂੰ ਪਿਆਰ ਕਰਦਾ, ਜਦ ਦਿੱਸਦਾ ਜੀਉਂਦਾ,
ਮੁੜ ਇਹਦਾ ਨਵਾਂ-ਆਇਆ ਸਿਦਕ ਕੰਬਦਾ,
ਕਹਿੰਦਾ, ਗੁਰੂ ਹੁੰਦਾ ਰਖਦਾ,
ਦੇਖ ਸ਼ਕ ਇਹ ਹਨੇਰ ਮੁੜ ਪੈਂਦਾ,
ਗੁਰੂ ਦਰਸ਼ਨ ਮੁੜ ਦੇਵਦਾ, ਬਚਾਉਂਦਾ ਇਸ ਨੂੰ ਯਾ ਜਿਸ ਨੂੰ
ਇਹ ਪਿਆਰ ਕਰਦਾ,
ਇਧਦੇ ਅੱਖਾਂ ਦੇ ਸਾਹਮਣੇ ਮੌਤ ਡਰਦੀ, ਨੱਸਦੀ, ਉੱਡਦੀ,
ਜਿਵੇਂ ਕਾਲਾ ਹਿਰਨ ਭੱਜਦਾ,
ਤਾਂ ਸਿਦਕ ਆਉਂਦਾ !
ਸੁੱਤਾ, ਸੁੱਤਾ ਲੱਗਦਾ,
ਲੋਕੀਂ ਬੜੇ ਚਤੁਰ, ਪੰਡਤ ਪੜ੍ਹੇ ਦਿੱਸਦੇ,
ਇਹ ਨਿੱਕਾ ਨਿੱਕਾ ਲੱਗਦਾ,
ਲੋਕੀਂ ਬੜੇ ਵੱਡੇ, ਵੱਡੇ ਲੱਗਦੇ,