ਗੁਰੂ ਇਤਿਹਾਸ ਸਾਰਾ,
ਗੁਰੂ ਕਿਰਤ ਸਾਰੀ,
ਗੁਰੂ-ਕਰਨੀ ਮਿਲਵੀਂ, ਮਿਲਵੀਂ,
ਬਾਣੀ ਦਾ ਅਲਾਪ ਹੈ।
੬
ਹੁਣ ਅਗੇ ਬੋਲਣਾ,
ਮੁੜ ਫ਼ਲਸਫ਼ਾ ਤੋਲਣਾ,
ਸਿਖ-ਸੁਰਤਿ ਦਾ ਕੰਮ ਨਹੀਂ, ਬੱਸ ! ਬੱਸ !
ਵਾਹ ਵਾਹ ਗਾਵਣਾ !
ਹਲ ਫੜ ਜੋਵਣਾ,
ਮਹੀਆਂ ਨੂੰ ਚੋਵਣਾ,
ਦੁੱਧ ਰਿੜਕਣਾ ਪੀਣਾ, ਥੀਣਾ, ਬਸ ! ਬਸ ! ਬਸ !
ਸਿਪਾਹੀ ਗੁਰੂ ਦਾ ਹੋਵਣਾ,
ਹੱਥ, ਪੈਰ, ਨਾਲ ਕੰਮ,
ਸੁਰਤਿ ਠੰਢੀ ਠਾਰ, ਲਿਪਟੀ ਸਾਈਂ ਦੇ ਚਰਨ,
ਤੇ ਖ਼ੁਸ਼ ਹੋ, ਚਾਉ ਵਿਚ, ਰਸ ਵਿਚ,
ਹੁਕਮ ਕਾਰ ਕਮਾਵਣੀ,
ਹੁਕਮ ਮੰਨਣਾ, ਇਹ ਅਰਦਾਸ ਸਿੱਖ ਦੀ,
ਅਟੁੱਟਵੇਂ ਕਿਸੇ ਸਵਾਦ ਦੇ ਹੜ੍ਹ ਉੱਤੇ ਤਰਦੇ, ਕਦੀ ਕਦੀ ਡੁੱਬਦੇ,
ਆਪਣੇ ਸੂਰਜ ਦੇ ਪ੍ਰਕਾਸ਼ ਵਿਚ ਰੁੜ੍ਹਨਾ;
ਸ਼ੁਕਰ ਸ਼ੁਕਰ ਕਰਨਾ, ਗਾਉਣਾ ਦਮ ਬਦਮ ਵਾਹਿਗੁਰੂ, ਬਸ, ਬਸ, ਬਸ,
ਦਿਨ ਰਾਤ ਮੰਗਣਾ
ਸਿਦਕ ਤੇ ਸਿੱਖੀ,
ਮਨ ਨੀਵਾਂ, ਮੱਤ ਉੱਚੀ,