ਉਸ ਦੀ ਅਮਲ ਗ੍ਰਹਿਣ ਅਵਸਥਾ ਹਉਂ (Assertion) ਨਹੀਂ, ਪਰਅੰਦਰਲੀ ਉਚਿਆਨ ਹੈ । ਉਸ ਦਾ ਅੰਦਰ ਉੱਚਾ ਹੈ, ਉਸ ਦੀ ਸੁਰਤਿ ਸਦਾਉਚਿਆਨ ਵਿਚ ਹੈ । ਇਹ ਉਚਿਆਨ ਅਸਲੀ ਉਚਿਆਨ ਹੈ, ਜਿਸ ਦਾ ਸੁਪਨਾ ਗ੍ਰਹਿਣ ਵਾਲਿਆਂ ਨੂੰ ਆ ਜਾਂਦਾ ਹੈ ਤੇ ਉਹ ਇਹ ਉਚਿਆਨ ਪ੍ਰਾਪਤ ਨਹੀਂ ਕਰਸਕਦੇ, ਪਰ ਹੰਕਾਰ ਨੂੰ, ਗ੍ਰਹਿਣ ਨੂੰ, ਜੋਰ ਪਾਣ ਨੂੰ, ਜ਼ੋਰ ਲਾਣ ਨੂੰ (Assertion) ਸਮਝਦੇ ਹਨ ਕਿ ਜੋ ਸੁਪਨਾ ਆਇਆ ਸੀ, ਇਹੋ ਸੀ । ਸੁਪਨਾ ਉਨ੍ਹਾਂ ਦਾ ਠੀਕ ਹੁੰਦਾ ਹੈ ਪਰ ਸੁਪਨੇ ਦੀ ਟੀਕਾ ਤੇ ਅਮਲ ਵਿਚ ਗਲਤੀ ਦਾ ਨੁਕਤਾ ਆ ਜਾਂਦਾ ਹੈ । ਹਉਂ ਹੰਕਾਰ, ਹਠ, ਜ਼ੋਰ ਨਾਲ ਮਨੁਖਾਂ ਤੋਂ ਉਚੇ ਹੋ ਜਾਣਾ, ਆਪਣੇ ਲਈ ਤਾਂ ਇਕ ਵਾਧੇ ਦੀ ਗੱਲ ਹੈ, ਪਰ 'ਹਉ', ਹੰਕਾਰ, ਹਠ, ਜ਼ੋਰ' ਦੂਜਿਆਂ ਨੂੰ ਨਿਮਾਣੇ ਤੇ ਕਮਜ਼ੋਰ ਬਣਾਉਂਦਾ ਹੈ। ਸੋ ਇਹ 'ਗ੍ਰਹਿਣ' ਆਪਣੀ ਕਿਸਮ, ਆਪਣੀ ਜਾਤੀ ਦੀ ਹਾਨੀ ਕਰਨ ਵਾਲਾ ਹੈ । ਜੋ ਸ਼ੈਅ ਆਪੇ ਨੂੰ ਹਛਾ ਕਰਦੀ ਹੈ, ਤੇ ਦੂਜਿਆਂ ਦੀ ਹਾਨੀ ਤੇ ਪਲਦੀ ਹੈ ਤੇ ਆਪਣੇ ਵਰਗੇ ਦੇ ਵਾਧੇ ਨੂੰ ਕਟਦੀ ਹੈ, ਉਹ ਕਦੇ ਪ੍ਰਯੋਜਨੀਯ ਤੇ ਚੰਗੀ ਨਹੀਂ ਹੋ ਸਕਦੀ । ਜਗਤ ਦੇ ਜ਼ੋਰਾਵਰਾ ਦੇ ਬੇਸਮਝੇ ਗ੍ਰਹਿਣ ਤੇ ਇਸ ਖ਼ਿਆਲ ਵਾਲੇ ਵਿਦਵਾਨਾਂ ਦੀ ਫ਼ਲਾਸਫੀ ਦੇ ਗ੍ਰਹਿਣ ਦਾ ਇਹੋ ਨੁਕਸ ਹੈ । ਸੁਪਨਾ ਠੀਕ ਹੈ, ਪਰ ਅਸਲ ਹੋਰ ਹੈ ਸੁਪਨਾ ਹੋਰ ਹੈ।
ਅਮਲ ਦੀ ਛੁਹ ਪਿੱਛੇ ਦੱਸੀ ਉਚਿਆਈ ਬਖਸ਼ਦੀ ਹੈ । ਇਹ ਉਚਿਆਈ ਗ੍ਰਹਿਣ ( Assertion) ਨਹੀਂ ਹੈ, ਉਸ ਦੇ ਪੱਧਰ (Level) ਤੋਂ ਬਹੁਤ ਉਚੀ ਚੀਜ਼ ਹੈ । ਇਸੇ ਦਾ ਸੁਪਨਾ 'ਤਿਆਗ' (Denial) ਵਾਲੇ ਫਿਲਾਸਫਰਾਂ ਨੂੰ ਆਉਂਦਾ ਹੈ । ਉਸ ਸੁਪਨੇ ਦੀ ਅਸਲੀਅਤ ਦਸ ਗੁਰੂ ਸਾਹਿਬਾਂ ਪਾਸ ਸੀ ਤੇ ਉਹ ਉਨ੍ਹਾਂ ਨੇ ਦਾਨ ਕੀਤੀ, ਜਿਸ ਨੂੰ ਛੋਹੇ 'ਜੀਆ ਦਾਨ' ਦਿਤਾ ਨਿਰਾ ਉਪਦੇਸ਼ ਤੇ ਗੁਰਮੰਤ੍ਰ ਦਾ ਉਚਾਰਨ ਨਹੀਂ ਦਿਤਾ, ਜੈਸਾ ਕਿ ਤਿਆਗ ਮਾਰਗ ਦੇ ਉਪਦੇਸ਼ਕ ਦੇ ਸਕਦੇ ਹਨ, ਪਰ ਅਸਲੀ ਅਮਲੀ ਜੀਅ ਦਾਨ' ਦਿਤਾ । 'ਜੀਅ ਦਾਨ' ਨਾਲ ਅੰਦਰ ਉਹ ਉਚਿਆਨ ਆ ਗਿਆ, ਜੋ 'ਤਿਆਗ ਫ਼ਲਸਫਾ' ਵਾਲੇ ਨੂੰ 'ਦੁੱਖ ਰੂਪ ਜਗਤ' ਵਿਚ ਇਸ ਦੇ ਦੁੱਖ ਦੂਰ ਕਰਨ ਦੇ ਇਲਾਜ
1. ਜੀਅ ਦਾਨ ਦੇ ਭਗਤੀ ਲਾਇਨ ॥ ਪੂਨਾ :-ਕਿਨਕਾ ਏਕ ਜਿਸ ਜੀਅ ਬਸਾਵੈ ॥ ਤਾਂ ਕੀ ਮਹਿਮਾ ਗਨੀ ਨਾ ਆਵੈ ॥
ਵਿਚ ਆਤਮਾ ਤੇ ਪ੍ਰਕਿਰਤੀ ਨੂੰ ਅੱਡ ਅੱਡ ਕਰਨ ਦੇ ਜਤਨ ਤੇ ਤਪਾ ਦੇ ਤਪਣ (Asceticism) ਵਿਚ ਨਹੀਂ ਸੀ ਦਿਸਿਆ । ਸੁਪਨਾ ਤਿਆਗੀ ਨੂੰ ਵੀ ਠੀਕ ਆਇਆ ਸੀ ਕਿ ਉਹ ਜੋ ਨਿਰਦੁੱਖ ਅਵਸਥਾ ਹੈ, ਉਹ ਜਗਤ ਦੇ ਮੋਹ ਤੇ ਰਾਗ ਤੋਂ ਪਰੇ ਹੈ ਤੇ ਵੈਰਾਗ ਵਿਚ ਹੈ, ਉਸ ਨੇ ਉਸ ਦਾ ਦਾਰੂ ਜੋ ਕੀਤਾ ਤਾਂ ਵੈਰਾਗ ਦੀ ਦਿਲਗੀਰੀ ਵਿਚ ਕੀਤਾ, ਜਿਸ ਨਾਲ ਆਪ ਜਗਤ ਨਾਲ ਇਕ ਵਖਰਾਪਨ ਤਾਂ ਪ੍ਰਤੀਤ ਕਰਨ ਲਗ ਪਿਆ, ਪਰ ਮੋਹ ਮਾਇਆ ਦੇ ਨਾਲ ਇਕੋ ਫਰਸ਼ 'ਇਕੋ ਪੱਧਰ (Level) 'ਤੇ ਖੜਾ ਰਿਹਾ, ਰੁਸੇਵੇਂ ਤੇ ਦਿਲਗੀਰੀ ਜਿਹੀ ਦੇ ਪ੍ਰਭਾਵ ਵਿਚ ਰਹਿ ਕੇ 'ਵੱਖ ਵੱਖ' ਭਾਵੇਂ ਹੋ ਗਿਆ । ਇਸ ਵਖੇਵੇਂ ਨੂੰ ਉਸ ਨੇ ਅਨੰਦ ਰੂਪ ਨਹੀਂ ਮੰਨਿਆ, ਦੁਖਾਂ ਦੀ ਨਵਿਰਤੀ ਮੰਨਿਆ । ਸੋ ਇਹ ਵੀ ਅਸਲੀ ਅੰਦਰਲੇ ਦੀ ਉਚਿਆਈ ਦਾ ਹੀ ਸੁਪਨਾ ਸੀ, ਕਿ ਜਿਸ ਉਚਿਆਈ ਵਿਚ ਆਪਾ ਸਭ ਤੋਂ ਵੱਖਰਾ, ਪਰ ਉੱਚਾ', ਸਭ ਤੋਂ ਵਿੱਥ ਤੇ, ਪਰ ਸੁਖ, ਸੁਆਦ, ਰਸ ਵਰਗੇ ਕਿਸੇ ਐਸੇ ਰੰਗ ਵਿਚ ਹੁੰਦਾ ਹੈ ਕਿ ਉਹ ਜੀਵਨ ਜੀਉਣਾ ਹੀ ਇਕ ਵਾਂਛਤ ਗੱਲ ਹੈ। ਪਰ ਸੁਪਨੇ ਵੇਖਣਹਾਰੇ ਨੇ ਵਖਰਾਪਨ ਤਿਆਗ ਨਾਲ ਲਭ ਲਿਆ, ਪਰ ਅਸਲੀ ਉਚਿਆਨ ਨਾ ਲਭੀ । ਸੋ ਦੋਵੇਂ ਸੁਪਨਾ ਲੈਣ ਵਾਲੇ ਆਪਣੇ ਬਣਾਏ ਫ਼ਲਸਫਿਆਂ ਵਿਚ ਉਸੇ ਇਕੋ ਪੱਧਰ ਤੇ ਖੜੇ ਹਨ । ਇਕ ਵਖਰ ਜਾ ਖਲੋਤਾ ਹੈ ਤੇ ਸਮਝਦਾ ਹੈ ਇਹ ਨੁਕਤਾ ਹੈ, ਇਕ ਜ਼ੋਰ ਨਾਲ ਚੰਬੜ ਜਾਂਦਾ ਹੈ, ਪਰ ਦੂਜਿਆਂ ਨੂੰ ਹੇਠਾਂ ਦੇ ਕੇ ਦੂਜੈਗੀ ਤੇ ਹੀ ਖੜਦਾ ਹੈ ਤੇ ਸਮਝਦਾ ਹੈ, ਇਹੋ ਨੁਕਤਾ ਹੈ । ਪਰ ਅਸਲੀਅਤ ਵਾਲਾ ਇਨ੍ਹਾਂ ਦੋਹਾਂ ਦੇ ਪੱਧਰ ਤੋਂ ਉੱਚਾ ਹੁੰਦਾ ਹੈ ਤੇ ਗ੍ਰਹਿਣ ਤਿਆਗ ਨੂੰ ਆਪਣੀ ਉਚਿਆਈ ਦੇ ਹੇਠਾਂ ਦੋਇ ਥੰਮੇ ਲਗੇ ਵੇਖਦਾ ਹੈ '
ਅੰਦਰਲੀ ਛੁਹ ਨਾਲ ਜਾਗੇ ਉਚਿਆਨ ਤੇ ਸੁਖ ਪ੍ਰਤੀਤੀ ਵਾਲੇ ਦਾ ਗ੍ਰਹਿਣ 'ਹਉਂ" ਹੰਕਾਰ, ਹਠ, ਜ਼ੋਰ ਵਾਲੇ ਦੇ ਹੰਕਾਰ ਤੋਂ ਵਖਰਾ ਹੈ, ਉਸ ਦਾ ਗ੍ਰਹਿਣ ਆਪ ਅੰਦਰਲੇ ਦੀ 'ਉਚ-ਪ੍ਰਤੀਤੀ ਵਿਚ ਹੈ, ਤੇ ਉਸ ਦਾ ਗ੍ਰਹਿਣ 'ਅਮਲ' ਵਿਚ ਇਹ ਹੈ ਕਿ ਉਹ ਆਪਣੇ ਵਰਗਾ ਜੀਵਨ ਵਧਦਾ ਫੁੱਲਦਾ ਵੇਖਣਾ ਚਾਹੁੰਦਾ ਹੈ ।
1. ਇਸ ਉਚਿਆਨ ਤੇ ਵਖਰੇਪਨ ਵਿਚ ਫੇਰ ਇਕ ਮਟਕ ਭਾਸਦੀ ਹੈ ਕਿ ਉਹ ਸਭ ਵਿਚ ਉਹ ਉੱਚੀ ਸੁੰਦਰਤਾ ਦੇ ਦਰਸ਼ਨ ਦਾ ਇਕ 'ਸਭ ਨਾਲ ਮੇਲ' ਵੀ ਵੈਂਹਦਾ ਹੈ ਜਿਸ ਵਿਚ ਦੂਜੈਗੀ ਨਹੀਂ ਹੁੰਦੀ ।
ਉਹ ਜਗਦਾ ਦੀਵਾ ਹੈ ਤੇ ਹੋਰ ਦੀਵੇ ਜਗਾਣਾ ਆਪਣਾ ਮਨੋਰਥ ਸਮਝਦਾ ਹੈ । ਇਸ ਉਚਿਆਈ ਵਾਲਾ ਇਥੋਂ ਤਕ ਤਾਂ ਤਿਆਗ ਵਿਚ ਬੈਠਾ ਭਾਸਦਾ ਹੈ ਤੇ ਉਚਾ ਹੋਣ ਵਿਚ ਨੀਵੇਂ ਪਧਰ ਦਾ ਤਿਆਗ ਸੱਚ ਮੁਚ ਹੈ ਹੀ, ਪਰ ਇਸ ਤੋਂ ਅਗੋਂ ਹੁਣ ਉਹ ਕੁਝ ਉਸ ਨੂੰ ਵਾਪਰਦਾ ਹੈ ਜਿਥੇ ਉਹ ਗ੍ਰਹਿਣ ਵਾਲਾ ਦਿਸਦਾ ਹੈ। ਉਹ ਇਸ ਤਰ੍ਹਾਂ ਕਿ ਉਹ ਜੀਉਂਦਾ ਹੈ, ਜਗਤ ਵਿਚ ਵਸਦਾ ਹੈ, ਜੰਗਲਾਂ ਵਿਚ ਨੱਸ ਜਾਣ ਤੇ ਵਖਰੇ ਹੋ ਬਹਿਣ ਦੀ ਲੋੜ ਨਹੀਂ ਪ੍ਰਤੀਤ ਕਰਦਾ ਸੋ ਵਿਚ ਵਸਦਿਆਂ ਮਾਮਲੇ ਪੈਂਦੇ ਹਨ, ਇਹ ਮਾਮਲਿਆਂ ਦਾ ਪੈਣਾ ਦਸਦਾ ਹੈ ਕਿ ਉਸ ਵਿਚ ਉਹ ਕੁਝ ਅਸਲੀ ਰੂਪਾਂ ਵਿਚ ਹੈ ਜੋ ਕੁਝ ਕਿ ਗ੍ਰਹਿਣ ਤੇ ਹਉਂ (Assertion) ਵਾਲੇ ਨੇ ਕਿਹਾ ਸੀ ਕਿ ਮੇਰੇ ਵਿਚ ਹੈ। ਨਮੂਨੇ ਲਈ ਐਉਂ ਕਿ ਉਹ ਜਗਤ ਵਿਚ ਕੰਮ ਕਰਦਾ ਹੈ, ਜੀਅ ਦਾਨ ਦੇਂਦਾ ਹੈ, ਲੋਕੀਂ ਲੈਂਦ ਹਨ, ਉਨ੍ਹਾਂ ਦਾ ਭਾਈਚਾਰਾ ਏਸੇ ਮਨੋਰਥ ਲਈ ਬਣਦਾ ਹੈ । ਉਸ ਦੇ ਦੁਸ਼ਮਨ ਪੈਦਾ ਹੁੰਦੇ ਹਨ, ਅਗਿਆਨ ਵਾਲੇ। ਗਲਤ ਕਿਸਮ ਦੇ ਧਾਰਮਕ ਆਗੂ ਆਪਣੀ ਉਪਜੀਵਕਾ ਦੇ ਭੈ ਮਾਰੋ, ਰਾਜਾ ਰਾਜਹਾਨੀ ਦੇ ਭੈ ਮਾਰ ਤੇ ਹੋਰ ਅਨੇਕਾਂ ਤਰ੍ਹਾਂ ਦੇ ਦੋਖੀ ਉਪਜਦੇ ਹਨ, ਉਹ ਉਸ ਨੂੰ ਤੇ ਉਸ ਤੋਂ ਉਪਜਿਆਂ ਨੂੰ ਮਾਰਦੇ ਹਨ। ਇਹ ਉਚਿਆਨ ਵਿਚ ਜੀਅ ਰਿਹਾ ਇਨਸਾਨ, ਝੁਠੀ ਉਚਿਆਨ (ਹੰਕਾਰੀਆਂ) ਅਗੇ ਲੰਮਾ ਨਹੀਂ ਪੈਂਦਾ । ਇਹ ਮਨ ਦਾ ਰੁਖ, ਆਨ (Attitude) ਇਸ ਜਾਗੇ ਮਨ ਲਈ ਮਾਮਲੇ ਉਪਜਾਂਦੀ ਤੇ ਘੇਰੇ ਪਾਦੀ ਹੈ, ਏਥੇ ਇਸ ਦੀ ਜਗਤ ਦੀਆਂ ਕਾਲੀਆਂ ਤਾਕਤਾਂ ਨਾਲ ਕਸ਼ਮਕਸ਼ ਸ਼ੁਰੂ ਹੁੰਦੀ ਹੈ । ਹੁਣ ਇਹ ਗ੍ਰਹਿਣੀ ਲੋਕਾਂ ਵਿਚ ਕੰਮ ਕਰਦਾ ਜ਼ੋਰ ਲਾਂਦਾ ਦਿਸਦਾ ਹੈ, ਪਰ ਇਹ 'ਹਉ ਹੰਕਾਰ ਜ਼ੋਰ' ਦੀ ਸੁਪਨੇ ਵਾਲੀ ਉਚਿਆਨ ਵਿਚ ਨਹੀਂ ਜੀਉਂਦਾ, ਇਹ ਅੰਦਰ ਦੀ ਅਸਲੀ ਉਚਿਆਨ ਤੇ ਜੀਅ ਰਿਹਾ ਹੈ । ਬਾਹਰੋਂ ਅਮਲ ਵਿਚ ਇਸ ਦਾ ਵਰਤਾਉ 'ਤਿਆਗ ਸੁਪਨ' ਵਾਲਿਆਂ ਵਾਂਗੂ ਹਾਰ ਜਾਣ, ਦਿਲਗੀਰ ਹੋ ਕੇ ਭਜ ਜਾਣ ਵਲ ਨਹੀਂ ਪੈਂਦਾ, ਉਸ ਦੀ ਉਚਿਆਨ ਉਸ ਨੂੰ ਮਾਮਲਿਆਂ ਦੇ ਇਲਾਜ, ਦਿਲਗੀਰੀ ਵਾਲੇ ਤਿਆਗ ਵਿਚ ਨਹੀਂ ਦਸਦੀ, ਪਰ ਅੰਦਰਲੀ ਉਚਿਆਨ ਦੀ ਛਾਵੇਂ ਝੂਠੀਆਂ ਉਚਿਆਨਾਂ ਨੂੰ ਫ਼ਤਹਿ ਕਰਨ ਵਿਚ ਇਹ ਰੱਬੀ ਇਨਸਾਨ ਹੈ, ਜੋ ਅਝੁਕ ਹੈ, ਅਭੈ ਹੈ ਤੇ ਮਾਮਲੇ ਪਿਆਂ ਤੇ ਪੂਰੇ ਗ੍ਰਹਿਣ ਵਾਲਿਆਂ ਵਾਂਗੂ ਜਾਪਦਾ ਹੈ । ਇਸ ਨੂੰ ਤਿਆਗ ਉਸ ਦਾ ਇਕ ਥੰਮ੍ਹਾ ਹੈ, ਗ੍ਰਹਿਣ ਉਸ ਦਾ ਦੂਸਰਾ ਥੰਮ੍ਹਾ ਹੈ ਉੱਚੇ ਰਹਿਣ
ਜਿਸ ਗੱਲ ਦਾ ਸੁਪਨਾ ਸਾਂਖ ਤੇ ਨਿਟਸ਼ੇ ਨੂੰ ਅੱਧਾ ਅੱਧਾ ਆਇਆ ਹੈ, ਉਹ ਸੈਅ ਸਾਰੀ ਦੀ ਸਾਰੀ ਅਸਲੀ ਰੂਪ ਵਿਚ 'ਗੁਰੂ ਆਦਰਸ਼' ਵਿਚ ਹੈ । ਇਸ ਆਦਰਸ (Ideal), ਜੀਵਨ (Life) ਤੇ ਅਮਲ (ਕਰਨੀ Action) ਵਾਲਾ ਇਨਸਾਨ ਉਨ੍ਹਾਂ ਸਾਜਿਆ। ਇਸ ਆਦਰਸ਼ ਦਾ ਬਿਆਨ ਜਦ ਉਨ੍ਹਾਂ ਨੂੰ ਬੋਲ ਕੇ ਜਾਂ ਲਿਖ ਕੇ ਵਰਣਨ ਕਰਨਾ ਪਿਆ ਤਦ ਉਨ੍ਹਾਂ ਨੇ ਇਸ ਨੂੰ ਦਲੀਲੀ ਘੱਟ ਘਾਟ ਦੀ ਤਰਜ਼ ਵਿਚ ਬਿਆਨ ਨਹੀਂ ਕੀਤਾ, ਪਰ ਸੰਗੀਤ ਤੇ ਕਵਿਤਾ (Music & poetry) ਵਿਚ ਕੀਤਾ ਹੈ ਕਿਉਂਕਿ ਵਰਣਨ ਕਰਨ ਵਾਲੇ ਮੰਡਲ ਵਿਚ ਸੰਗੀਤ ਤੇ ਕਵਿਤਾ ਇਕ ਜਾਨਦਾਰ ਲਹਿਰੇ ਹਨ ਤੇ ਜੀਉਂਦੇ ਦਾ ਫਲਸਫਾ ਹਰ ਮੰਡਲ ਵਿਚ ਜੀਉਂਦੀ ਲਹਿਰ ਦੇ ਖੰਭਾਂ 'ਤੇ ਉਡਦਾ ਹੈ । ਅਜ ਕਲ੍ਹ ਦੇ ਸਮੇਂ ਦੀ ਲੋੜ ਕਰ ਕੇ—ਕਿ ਦਿਮਾਗੀ ਇਨਸਾਨ ਇਸਨੂੰ ਆਪਣੇ ਦਿਮਾਗੀ (Intellectual) ਨੁਕਤੇ ਤੋਂ ਸਮਝਣ ਤੇ ਉਨ੍ਹਾਂ ਵਿਚ ਇਸ
1. ਇਹੈ ਕਾਜ ਧਰਾ ਹਮ ਜਨਮੰ । ਸਮਝ ਲੇਹੁ ਸਾਧੂ ਸਭ ਮਨਮੰ । ਧਰਮ ਚਲਾ- ਵਨ ਸੰਤ ਉਬਾਰਨ । ਦੁਸਟ ਸਭਨ ਕੋ ਮੂਲ ਉਪਾਰਨ ।
2. ਭਾਵ ਗੁਰਬਾਣੀ ਤੋਂ ਹੈ ।
ਵਿਚ ਆਦਰਸ਼ ਦੀ ਉਚਤਾ ਦਿਸੇ ਤੇ ਫਰ ਰੁਚੀ ਉਪਜੇ ਤਾਂ ਇਸ ਦੀ ਤਲਾਸ਼ ਤੇ ਪ੍ਰਾਪਤੀ ਦੇ ਰਾਹੇ ਪੈਣ ਜਿਸ ਤਾਂ ਜਗਤ ਦੀਆਂ ਮੁਸ਼ਕਲਾ ਦੂਰ ਹੋਣ - ਇਹ 'ਖੁਲ੍ਹੇ ਘੁੰਡ" ਦੇ ਨਾਮ ਹੇਠਾਂ ਅਗਲੀਆਂ ਸਤਰਾਂ ਕਰਤਾ ਜੀ ਨੇ ਦਰਸਈਆਂ ਹਨ, ਜੋ ਬੜੀ ਸੌਖੀ ਕਵਿਤਾ ਦੇ ਰੂਪ ਵਿਚ ਹਨ। ਇਨ੍ਹਾਂ ਸਤਰਾਂ ਨੂੰ ਹੋਰ ਸੁਗਮਤਾ ਨਾਲ ਸਮਝਣ ਲਈ ਮੁਖਬੰਦ ਦਿਤਾ ਗਿਆ ਹੈ ਤੇ ਹੇਠਾਂ "ਡੱਲਾ ਤੇ ਗੁਰੂ ਗੋਬਿੰਦ ਸਿੰਘ’ ਦੀ ਬਾਤ ਚੀਤ ਜੋ ਬੜੇ ਦਿਨ ਹੋਏ ਹਨ ਤਾਂ "ਦੇਸਾਂ' ਨਾਮੇ ਪੰਥੀ ਵਿਚ ਲਿਖੀ ਗਈ ਸੀ, ਲਿਖਦੇ ਹਾਂ । ਖੁਲ੍ਹੇ ਘੁੰਡ ਦੀ ਕਵਿਤਾ ਪੜ੍ਹਨ ਤੋਂ ਪਹਿਲਾਂ ਇਸ ਆਦਰਸ਼ ਦੀ ਸਾਫ ਸਮਝ ਪੈ ਜਾਵੇ ।
ਡੱਲੇ ਤੇ ਦਸਮ ਗੁਰੂ ਗੋਬਿੰਦ ਸਿੰਘ ਦੀ ਬਾਤਚੀਤ'
ਗੁਰੂ ਜੀ- ਡੱਲਿਆ ! ਉਦਾਸ ਨਾਂ ਹੋ, ਤੇਰੇ ਆਦਮੀ ਬਹਾਦਰ ਹਨ, ਪਰ ਜਦ ਉਨ੍ਹਾਂ ਦੇ ਹੰਕਾਰ ਤੋਂ ਵਡੇਰਾ ਦੁਖ ਉਨ੍ਹਾ ਉਤੇ ਝੂਲ ਪਏਗਾ ਤਾਂ ਉਨ੍ਹਾਂ ਦੀ ਬਹਾਦਰੀ ਉਥੇ ਲੰਮੀ ਪੈ ਜਾਏਗੀ । ਪਰ ਜੇ ਉਨਾਂ ਦੀ ਬਹਾਦਰੀ ਚੜ੍ਹਦੀਆਂ ਕਲਾਂ ਵਿਚ ਹੈ ਤਦ ਉਸ ਬਹਾਦਰੀ ਦੀ ਨੀਂਹ ਉੱਚੀ ਜਾ ਚੜ੍ਹੀ ਹੈ ਤਦ ਤਨ ਜਾਏਗਾ, ਧਨ ਜਾਏਗਾ ਧਾਮ ਜਾਏਗਾ, ਸਰਬੰਸ ਜਾਏਗਾ, ਪਰ ਉਨ੍ਹਾਂ ਦੀ ਸੂਰਬੀਰਤਾ ਨਹੀਂ ਜਾਏਗੀ ।
ਮਲੂਮ ਸਰੀਰ ਵੱਡਾ ਹੁੰਦਾ ਹੈ, ਪਰ ਵੰਡਾ ਮਨ ਹੈ । ਖ਼ਿਆਲ ਦਾ ਮੰਡਲ ਵੱਡਾ ਹੈ, ਦੁਖ ਸੁਖ ਖ਼ਿਆਲ ਵਿਚ ਵਸਦਾ ਹੈ, ਜਦ ਖ਼ਿਆਲ ਵਿਚੋਂ ਪੀੜ ਜਿੱਤ ਲਈਦੀ ਹੈ ਤਾਂ ਸੂਰਮਾ ਅੱਗੇ ਵਧ ਕੇ ਘਾਉ ਖ਼ਾ ਕੇ ਮਰਦਾ ਹੋਇਆ ਵੀ ਪੀੜ ਨਹੀਂ ਮੰਨਦਾ । ਸਤੀ (ਭਾਵੇਂ ਮਾੜਾ ਕੰਮ ਹੈ) ਚਿਖਾ ਚੜ੍ਹਦੀ ਪੀੜ ਦੀ ਪਰਵਾਹ ਨਹੀਂ ਕਰਦੀ । ਖ਼ਿਆਲ ਵਿਚੋਂ ਪੀੜ ਤੇ ਫ਼ਤਹਿ ਲਈ ਖ਼ਿਆਲ ਬਲਵਾਨ ਕਰਨਾ ਲੋੜੀਏ । ਖ਼ਿਆਲ ਪੂਰਾ ਤੇ ਅਸਲੀ ਬਲਵਾਨ ਵਾਹਿਗੁਰੂ ਦੀ ਸਮੀਪਤਾ ਨਾਲ ਹੁੰਦਾ ਹੈ,
1. ਦੇਖੋ ਖਾਲਸਾ ਟਰੈਕਟ ਸੁਸਾਇਟੀ ਦਾ ਟਰੈਕਟ 'ਦੇਸਾਂ' ਨੰਬਰ ੬੭੨ ।