ਆਪ ਦੇ ਗਲੇ ਤੇ ਦਿਲ ਵਿਚ ਵੱਸਦਾ,
ਆਪੇ ਵਿਚੋਂ ਕੱਢ, ਕੱਢ ਗਾਉਣਾ,
ਆਪ ਦੇ ਗਲੇ ਦੀ ਲਿਫਾਣ, ਆਵਾਜ਼ ਦੀ ਤਾਨ ਕੁਝ ਠਹਿਰੀ, ਠਹਿਰੀ, ਮੰਗਦਾ।
ਇਹ ਗੀਤ ਸਾਰਾ ਉਤਰਿਆ ਮੀਂਹ ਵਾਂਗ ਵੱਸਦਾ,
ਕਿਸੇ ਮੇਰੇ ਦਿਲ ਛੁਪੀ ਤਾਰ ਥੀਂ, ਜਿਹੜੀ ਕੰਬਦੀ, ਕੰਬਦੀ, ਰਾਗ ਦਾ ਦਰਿਆ
ਲੰਘਿਆ ਅੰਦਰੋਂ,
ਹਾਲੇ ਵੀ ਅੰਦਰ ਇਕ ਇਲਾਹੀ ਗੂੰਜ ਨਾਲ ਭਰਿਆ,
ਰੋਮ, ਰੋਮ, ਗੀਤ ਗਾਉਂਦਾ, ਤਾਰਾਂ ਖੜਕਦੀਆਂ ।
ਹੋਰ ਬਸ ਇਕ ਨਿੱਕੀ ਤਰਬ ਦਾ ਕਾਂਬਾ ਜ਼ਿੰਦਗੀ,
ਜੇ ਮੈਂ ਮੇਰੀ ਤਾਰ ਹੋਵੇ ਕਿਸੇ ਇਲਾਹੀ ਫਕੀਰ ਦੀ।
ਗਵਾਲੀਅਰ
ਅਗਸਤ ੧੯੨੨
ਪੂਰਨ ਸਿੰਘ
ਨਾਮ ਮੈਂ ਪੁੱਛਦਾ ਨਾਮ ਮੇਰਾ ਕੀ ਹੈ ?
१.
ਮੁੜ, ਮੁੜ, ਪਿੱਛੇ, ਅੱਗੇ, ਮੈਂ ਵੇਖਦਾ,
ਨਾਮ ਕੀ ਚੀਜ਼ ਹੈ, ਨਾਮ ਮੈਨੂੰ ਧਰਕਦਾ,
ਮੈਂ ਆਪਣੇ ਨਾਮ 'ਤੇ ਕਿਉ ਬੋਲਦਾ ?
ਨਾਮ ਕੀ ਹੈ ? ਹੋਰ ਕੋਈ ਨਾਮ ਹੋਵੇ,
ਫਰਕ ਕੀ ਹੈ ?
ਮੈਂ ਅਚਰਜ ਹੋ ਵੇਖਦਾ ਨਾਮ ਆਪਣੇ ਨੂੰ,
ਮੁੜ, ਮੁੜ ਵੇਖਦਾ ਇਹ ਕੀ ਹੈ ?
ਗੁਲਾਬ ਨੂੰ ਗੁਲਾਬ ਗੁਲਾਬ ਸਦੋ,
ਭਾਵੇਂ ਭਾ, ਭਾ ਨਾਮ ਵਿਚ ਕੀ ਹੈ ?
ਖ਼ੁਸ਼ਬੋ ਪਿਆਰ ਦੀ,
ਲਾਲੀ ਜਵਾਨੀ ਦੀ,
ਭਾ ਅਰਸ਼ ਦੀ
ਜਿੰਦ ਬੂਟੇ ਦੀ,
ਧਰਤ ਦਾ ਸੁਫਨਾ - ਬੱਸ, ਇਹ ਗੁਲਾਬ ਹੈ ।
ਮੇਰਾ, ਗੁਲਾਬ ਵਾਂਗੂ 'ਗੁਲਾਬ ਗੁਲਾਬ', ਨਾਮ ਵਿਚ ਕੀ ਹੈ ?
ਮੈਂ ਲੱਖਾਂ ਸਮੁੰਦਰਾਂ ਦਾ ਮੋਤੀ,
ਅਰਸ਼ਾਂ ਦੀਆਂ ਰੋਸ਼ਨੀਆਂ ਦਾ ਕਤਰਾ,
ਲੱਖਾਂ ਨੈਣਾਂ ਦੀ ਝਲਕ ਜਿਹੀ,
ਸੁਹਣੇ ਮੂੰਹਾਂ ਅਨੇਕਾਂ ਦੀ ਬਿਜਲੀ,
ਰੌਣਕ ਕਿਸੇ ਅਣਡਿੱਠੇ ਇਕਬਾਲ ਦੀ,
ਨਾਮ ਆਪਣਾ ਪੁੱਛਦਾ,
ਪੁਲਾੜ ਜਿਹੀ ਵਿਚ ਇਕ ਵਿਅਰਥ ਜਿਹੀ ਚੀਖ ਹੈ ।
२
ਢੇਰ ਚਿਰ ਹੋਇਆ,
ਮੈਂ ਜਦ ਬਾਲ ਸਾਂ,
ਖੁਸ਼ੀ ਸਾਂ ਨਵੇਂ ਜੰਮੇ ਫੁੱਲ ਦੀ
ਲਾਲੀ ਪੂਰਬ ਦੀ, ਨੀਲਾਣ ਅਕਾਸ਼ ਦੀ,
ਪ੍ਰਕਾਸ਼ ਦੀ ਡਲ੍ਹਕਦੀ ਡਲੀ ਸਾਂ,
ਨਿੱਕਾ ਜਿਹਾ ਚੰਨ ਮੂੰਹ,
ਮਾਂ ਦਿਤਾ ਨਾਮ ਵੀ ਨਵਾਂ ਨਵਾਂ ਸੀ,
ਮੈਂ ਸਾਂ ਨਾਮ 'ਤੇ ਰੀਝਦਾ !
ਸਭ ਅੰਦਰ ਸੀ ਮੈਂ ਮੇਰੀ,
ਨਾਮ ਬਾਹਰ ਦੀ ਆਵਾਜ਼ ਸੀ,
ਪੈਂਦੀ ਚੰਗੀ ਲੱਗਦੀ, ਰੂਹ ਪੁੱਛਦੀ,
ਬਾਹਰ ਕੀ, ਅੰਦਰ ਤਾਂ ਸਭ ਕੁਝ ਸੀ,
ਬਾਹਰ ਕੌਣ ਬੁਲਾਉਂਦਾ ?
ਰੀਝਦਾ ਸਾਂ ਸੁਣ ਸੁਣ ਨਾਮ ਉਹ,
ਪਿਆਰ ਵਾਂਗ ਰੰਗੇ ਲਾਲ ਖਿਡਾਉਣੇ,
ਤੇ ਨਾਂ ਲਵੇ ਜੇ ਕੋਈ ਮੇਰਾ
ਝਟ ਬੋਲਦਾ ਖੁਸ਼ ਹੋ :
ਝਟ ਬੋਲਦਾ ਖ਼ੁਸ਼ ਹੋ :
ਹਾਂ ਜੀ ! ਹਾਂ ਜੀ ! ਅਗੋਂ ਹੱਥ ਜੋੜਦਾ,
ਖਲੋਂਦਾ ਹੱਥ ਬੱਝੇ,
ਜਿਵੇਂ ਵੱਛਾ ਇਕ ਗਉ ਦਾ ਰੱਸੀ ਬੱਝਿਆ ।
ਕੀ ਨਾਮ ਨਾਲ ਮਾਂ ਬੰਨ੍ਹਿਆਂ ਮੇਰੇ ਅੰਦਰ ਦਾ ਸਵੱਰਗ ਸਾਰਾ, ਮਤੇ ਮੈਂ ਉੱਡ ਨਾ
ਜਾਂ, ਛੱਡ ਉਹਦੇ ਪੰਘੂੜਿਆਂ !
ਗੋਰਾ ਜਿਹਾ ਬਾਲ ਕਾਲੇ ਧਾਗੇ ਨਾਲ ਬੰਨ੍ਹਣਾ ।
ਪਰ ਜਦ ਅੱਖਾਂ ਵੇਖਣ ਸਿੱਖੀਆਂ ਬਾਹਰ ਨੂੰ,
ਤੇ ਹੌਲੇ ਹੌਲੇ ਨਜ਼ਾਰਾ ਭੁੱਲਿਆ ਆਪਣੇ ਅੰਦਰ ਦੇ ਚਮਤਕਾਰ ਦਾ,
ਅੱਕ ਥੱਕ ਪੁੱਛਦੀਆਂ— ਨਾਮ ਵਿਚ ਕੀ ਹੈ ?
ਮੁਠ ਵਿਚ ਨੱਪ, ਨੱਪ, ਮੁੜ ਖੋਹਲ, ਖੋਹਲ ਆਖਣ-
ਦੱਸ ਨਾਮ, ਤੇਰਾ ਇਸ ਵਿਚ ਕੀ ਹੈ ?
ਨੈਣ ਮੇਰੇ ਮੈਨੂੰ ਪੁੱਛਣ- "ਤੂੰ ਕੌਣ ?"
ਤੇ ਮੈਂ ਵੇਖ ਵੇਖ ਹਾਰਦਾ-ਵੱਤ ਮੈਂ ਕੌਣ ?
ਮੇਰੇ ਜਿਹੇ ਸਾਰੇ ਦਿੱਸਦੇ,
ਫਿਰ ਵੱਖਰੇ, ਵੱਖਰੇ ਕਿਉਂ,
ਫਿਰ ਵੱਖਰਾਪਨ ਕੀ ਹੈ ?
३
ਆਦਮੀ ਸਾਰੇ ਇਕੋ ਜਿਹੇ,
ਸਾਹ ਸੱਤ ਭੀ ਇਕ ਹੈ,
ਨੁਹਾਰਾਂ ਮਿਲਦੀਆਂ, ਲਹੂ ਮਿਲਦਾ,
- ਹੈਵਾਨਾਂ, ਇਨਸਾਨਾਂ ਦਾ, ਪੰਛੀਆਂ,
ਫੁੱਲਾਂ ਦਾ, ਪੱਤੀਆਂ, ਜਵਾਹਰਾਤਾਂ ਦਾ—
ਫਿਰ ਅਚਰਜ ਇਹ ਰੰਗ, ਹਰ ਕੋਈ ਵੱਖਰਾ !
ਬਾਹਾਂ ਨੂੰ ਉਲਾਰਨਾ ਮੇਰਾ, ਸਭ ਦਾ, ਇਕੋ,
ਨੈਣਾਂ ਦਾ ਝਮਕਣਾ ਤੱਕਣਾ ਉਹ ਵੀ ਇਕ ਹੈ,
ਹੋਠਾਂ ਦੀ ਲਾਲੀ ਉਹੋ ਚੂਨੀਆਂ ਵਾਲੀ,
ਤੇ ਖਿੜ ਖਿੜ ਹੱਸਣਾ ਮੇਰਾ, ਗੁਲਾਬਾਂ ਦਾ ਇਕ ਹੈ !
ਦਿਲ ਦੀ ਧੜਕ, ਕੀੜੀ ਦੀ, ਹਾਥੀ ਦੀ, ਸ਼ੇਰ ਦੀ, ਮੇਰੀ,
ਫੁੱਲ ਦੇ ਸ੍ਵਾਸਾਂ ਦੀ ਚਾਲ ਮੇਰੇ ਸ੍ਵਾਸਾਂ ਦੀ ਚਾਲ ਹੈ,
ਪੱਥਰਾਂ ਵਿਚ, ਹੀਰਿਆਂ ਵਿਚ,
ਜਲਾਂ ਵਿਚ, ਥਲਾਂ ਵਿਚ,
ਮੇਰੀ ਆਪਣੀ ਮਾਸ, ਹੱਡ, ਚੰਮ ਦੀ ਨੁਹਾਰ ਹੈ !
ਕੀ ਫੰਝਾ ਵਾਲੇ ਉੱਡਦੇ ਪੰਖੇਰੂ ਵਖ ਮੈਂ ਥੀਂ ?
ਕੀ ਉਨ੍ਹਾਂ ਦੇ ਨਾਮ ਵਿਚ ਮੇਰਾ ਨਾਮ ਨਹੀਂ ਹੈ ?
ਪਰ ਕਬੂਤਰਾਂ ਦੇ ਨੈਣਾਂ ਵਿਚ ਮੇਰੇ ਅੱਥਰੂ,
ਤੇ ਹੰਸਣੀ ਦੇ ਦਿਲ ਵਿਚ ਦਰਦ -ਬ੍ਰਿਹਾ ਮੇਰਾ ਹੈ,
ਡਾਰਾਂ ਥੀਂ ਵਿਛੜੀ ਕੂੰਜ ਦਾ ਰੋਣਾ ਮੇਰਾ ਆਪਣਾ,
ਤੇ ਚੋਗ-ਚੁਗਾਂਦੀ ਚਿੜੀ ਦੀ ਚੁੰਝ ਵਿਚ,
ਦਿੱਸੇ ਮੈਨੂੰ ਆਪਣੀ ਮਾਂ ਦਾ ਪਿਆਰ ਹੈ !
ਪੁਸ਼ਾਕੇ ਵਖੋ ਵਖ ਦਿਸਦੇ,
ਪਰ ਦਿਲ ਮੇਰਾ, ਜਾਨ ਤੇਰੀ,
ਆਸਾਂ, ਨਿਰਾਸਾਂ, ਧੜਕ, ਸਹਿਮ,
ਕਾਂਬਾ, ਉਭਾਰ, ਉਤਾਰ ਮੇਰਾ,
ਸੁਖ, ਦੁਖ, ਭੁਖ, ਨੰਗ,
ਮੌਤ ਤੇ ਵਿਛੋੜਾ ਮੇਰਾ,
ਹਾਏ ! ਇਹ ਸਭ ਕੁਝ ਕਿੰਜ ਮੇਰੇ ਥੀਂ ਵੱਖ ਹੈ ?