ਪੈਲੀਆਂ ਪਹਾੜੀਆਂ ਵਿਚ ਫਿਰਦੀ, ਰੱਬ, ਰੱਬ ਕਰਦੀ,
ਸੁੱਤੀ, ਸੁੱਤੀ ਨੂੰ ਕੋਈ ਆਖਦਾ—ਉੱਠ ਕਾਕੀ ! ਫੜ ਤਲਵਾਰ, ਬੀਰ ਤੂੰ,
ਲੈ ਇਹ ਤਲਵਾਰ ਮੈਂ ਦਿੰਦਾ, ਫੜ, ਜਾ, ਕੱਪੜੇ ਜਰਨੈਲ ਦੇ ਪਾ ਤੂੰ !
ਮਾਰ ਵੈਰੀ, ਧਰ ਪਿਛੇ, ਮਰ ਜਾਹ ਤੂੰ ਫਰਾਂਸ ਨੂੰ ਇਕ ਔਕੜ ਥੀਂ
ਬਚਾ ਤੂੰ !
ਉੱਠੀ ਡਰਦੀ ਡਰਦੀ,
ਗਈ, ਕੜਕੀ ਵਾਂਗ ਲੱਖਾਂ ਬਿਜਲੀਆਂ,
ਫ਼ੌਜਾਂ ਸਾਰੀਆਂ ਉਹਦੀਆਂ ਫ਼ਰਾਂਸ ਦੀਆਂ,
ਤੇ ਗਈ ਲੜਦੀ ਫ਼ਤਹਿ ਗਜਾਂਦੀ ।
ਸਰੀਰ ਲੋਕਾਂ ਭੁੰਨਿਆਂ ਅੱਗ ਵਿਚ,
ਆਖਿਆ-ਇਹ ਜਾਦੂਗਰਨੀ,
ਪਰ ਅੱਗ ਦੀਆਂ ਲਾਟਾਂ ਵਿਚ, ਇਕੋ ਉਹੋ ਲਾਟ ਬਲਦੀ ਬਾਕੀ ਸਭ ਅੱਗਾਂ
ਹਿਸੀਆਂ (ਬੁਝੀਆਂ) !
ਫ਼ਤਹਿ ਫ਼ਤਹਿ, ਗਜਾਂਦੀ ਗਈ ਟੁਰ, ਦੇਸ ਉਸ ਜਿਥੋਂ ਉਹ ਸੱਦ ਆਈ ਸੀ ।
ਸੁਰਤਿ ਇਕੱਲੀ ਨਾਂਹ ਕਦੀ,
ਹੰਕਾਰ ਸਦਾ ਇਕੱਲਾ,
ਇਹੋ ਨਿਸ਼ਾਨੀ, ਇਹੋ ਫ਼ਰਕ,
ਸੁਰਤਿ ਨੂੰ ਸੰਭਾਲਦੇ ਰੱਬ ਪਿਆਰੇ, ਅਣਡਿਠੇ ਦੇਸਾਂ ਵਿਚ ਰਹਿਣ ਉਪਕਾਰੀ,
ਠੀਕ ਕੋਈ ਹੋਰ ਲੋਕ ਜਿਹੜੇ ਸੁਰਤਿ ਨੂੰ ਪਿਆਰਦੇ,
"ਉਥੇ ਜੋਧ ਮਹਾਂ ਬਲ ਸੂਰ"
ਉਨ੍ਹਾਂ ਦੀ ਰੱਛਿਆ ਸੁਰਤਿ ਨੂੰ,
ਸੁਰਤਿ ਕਦੀ ਇਕੱਲੀ ਨਾਂਹ,
ਇਹ ਭੇਤ ਜਾਣਨਾ :