ਤੇ ਕਿਸੇ ਨੂੰ ਵਿਹਲ ਨਾ ਇਥੇ ਪਰਤ ਕੇ ਵੇਖਣ ਦੀ,
ਇਥੇ ਦੀ ਡਲੀ ਖ਼ਾਕ ਸੂਰਜ ਮੱਥੇ ਲਾਉਂਦੇ ।
ਫੁੱਲ ਮਾਲਤੀ ਨਾਲ ਤਾਂ ਗੱਲਾਂ ਕਰਨ ਹੱਸ ਹੱਸ ਕੇ,
ਤਲਵਾਰ ਦੀ ਲਿਸ਼ਕ ਨੂੰ ਸਲਾਹਣ,
ਬੱਦਲ ਦੀ ਗਰਜ ਸੁਣ ਖ਼ੁਸ਼ ਹੋਣ,
ਨਾਗ ਦੀ ਫਣ ਨੂੰ ਮੌਜ-ਰਾਗ ਵਿਚ ਸਿੱਧਾ ਦੇਖ ਵਿਗਸਣ,
ਬਿਜਲੀਆਂ ਸੁਹਣੀਆਂ ਲਗਣ, ਛੁਪਾ ਛੁਪਾ ਰਖਣ ਆਪਣੀਆਂ ਬਗਲਾਂ ਹੇਠ,
ਲੁਕਾਣ ਤਹਿਆਂ ਅੰਦਰਲੀਆਂ ਵਿਚ, ਬੇਅੰਤ ਦੀਆਂ ਗਰਜਾਂ; ਕੜਕਾਂ, ਕਸਕਾਂ,
ਲਿਸ਼ਕਾਂ, ਜਲਾਲੀਆਂ;
ਪਰ ਅੱਧੀ ਮੀਟੀ ਅੱਖ ਵਾਲੇ
"ਬੇ-ਪਰਵਾਹ ਨਾ ਬੋਲਦੇ”,
ਖਲੋਤੀਆ, ਰਾਣੀਆਂ, ਮੋਤੀਆਂ, ਹੀਰਿਆਂ, ਚੂਨੀਆਂ ਦੇ ਹਾਰ ਲੈ ਪੂਜਾ ਨੂੰ,
ਉਹ ਹੱਥ ਬੱਧੇ ਗੁਲਾਮ ਚਾਕਰ ਖੜੇ, ਲੱਖਾਂ ਮੁਲਕਾਂ ਦੇ ਰਾਜੇ,
ਹੰਕਾਰ ਦੇ 'ਕੱਠੇ 'ਕੀਤੇ 'ਇਕਬਾਲ' ਦਾ, ਸੁਹੱਪਣ ਦਾ ਸ਼ੋਖੀ ਦਾ ਇਹ ਮੁੱਲ
ਪੈਂਦਾ ਇਥੇ—ਭਾਰੇ ! ਭਾਰੇ !—
"ਬੇ-ਪਰਵਾਹ ਨਾ ਬੋਲਦੇ"
ਓਏ ! ਕੂੜ ਦੀ ਗਰਜ਼ ਪਿਛੇ,
ਕਿਸੇ ਤਖ਼ਤ ਤਾਜ ਦੇ ਮਗਰ ਹੋ,
ਸਰੀਰ ਨੂੰ ਮੋਟਾ ਤਾਜ਼ਾ ਕਰਨ ਪਿਛੇ,
ਕਿਸੇ ਲੁੱਟ ਮਾਰ ਦੀ ਵਹਿਸ਼ਤ ਵਿਚ,
ਸੁਰਤਿ ਦੇਵੀ ਦਾ ਨਾਮ ਲੈ, ਲੈ,
ਰੱਬ ਦੇ ਨਾਮ ਦੀ ਮਾਲਾ ਹੱਥਾਂ ਵਿਚ ਦਸ ਦਸ,
ਅੰਦਰੋਂ ਅੰਦਰ, ਅੰਦਰਖ਼ਾਨੇ ਛੁਰੀਆ ਹੰਕਾਰ ਦੀਆਂ ਨੂੰ ਕਰਨਾ ਤੇਜ਼,
ਇਹ ਕੀ ਗੱਲ ਹੈ ?