ਆਕਾਸ਼ ਉਤਰਦਾ ਧਰਤ ਸਾਰੀ ਕੰਬਦੀ, ਆ ਰੰਗ ਵਿਚ ਤੰਬੂਰਾ ਸਾਈਂ ਤੇਰਾ
ਜਦ ਅੱਧ-ਮੀਟੀ ਨੈਣ ਮੇਰੀ ਵਿਚ ਵੱਜਦਾ ।
ਤੈਨੂੰ ਤੱਕ ਕੇ ਓ ਪਿਆਰ-ਰਾਗੀਆ।
ਹੁਣ ਤੈਂ ਹੋਰ ਕੀ ਤੱਕਣਾ ?
ਥੀਂ ਸੁਹਣਾ, ਹੁਣ ਹੋਰ ਕੁਝ ਨਾਂਹ।
ਨਰ-ਨਾਰੀ ਦੀ ਖਿੱਚ ਜਿਹੜੀ ਭਾਰੀ ਸਾਰੀ ਖਿੱਚਦੀ,
ਸਰੀਰ ਸਾਰੇ ਨੰਗ-ਮੁਨੰਗੇ, ਬਾਹਾਂ, ਟੰਗਾਂ ਨੰਗੀਆਂ, ਛਾਤੀਆਂ ਜਵਾਨੀ ਸਭ
ਉੱਭਰੀਆਂ, ਕੰਬਦੀਆਂ ਕਮਲੀਆਂ, ਜਿਵੇਂ ਸਮੁੰਦਰ ਭਾਰੇ ਦੇਖ
ਨਿੱਕੇ ਚੰਨ ਨੂੰ ।
ਇਹ ਬਾਹਾਂ ਹਿੱਲਣ,
ਇਹ ਟੰਗਾਂ ਨੱਚਦੀਆਂ,
ਸਿਰ ਹਿੱਲਣ ਸਹੰਸਰ ਸਾਰੇ,
ਜਿਵੇਂ ਹਵਾ ਨਾਲ ਕੰਵਲ ਭਾਰੇ,
ਗਰਦਨਾਂ ਹਿੱਲਣ ਜਿਵੇਂ ਕੰਵਲ ਡੰਡੀਆਂ,
ਤੇ ਨਾਰੀਆਂ ਦੀਆਂ ਬਾਹਾਂ ਲਿਪਟੀਆਂ, ਨਰਾਂ ਦੀਆਂ ਕਮਰੀਆਂ ਜਿਵੇਂ ਵੇਲ
ਨਾਲ ਕਲੀਆਂ ਲਿਪਟੀਆਂ,
ਤੇ ਇਹ ਸਭ ਨੱਚਣ ਮਿਲਵੀਆਂ, ਮਿਲਵੀਆਂ, ਲਗ ਸਹੰਸਰ ਲਹਿਰ
ਨਾਚ-ਤਾਲ ਵਿਚ,
ਨੰਗੇ, ਚਿੱਟੇ, ਹੀਰਿਆਂ ਦੇ ਪਾਣੀਆਂ ਦੀਆਂ ਝਲਕਾਂ ਨੱਚਣ ਪੇਚ ਪਾਂਦੀਆਂ ।
ਬਾਹਾਂ ਨੰਗੀਆਂ, ਜੰਘਾਂ ਨੰਗੀਆਂ,
ਨੰਗੀਆਂ, ਨੰਗੀਆਂ, ਰਲ ਮਿਲ ਨੱਚਣ, ਮਿਲਵੀਆਂ, ਮਿਲਵੀਆਂ !
ਕਹਿਰ ਜਿਹਾ ਮੱਚਿਆ ਅਕਾਸ਼, ਪੁਲਾੜ ਕੁਝ ਰਿਹਾ ਨਾਂਹ ਖ਼ਾਲੀ,
ਇਕ ਇਕ ਤੀਵੀਂ ਦੀਆਂ ਲੱਖ ਲੱਖ ਤੀਵੀਆਂ ! ਲੱਖਾਂ ਬਾਹਾਂ, ਲੱਖਾਂ ਹੱਥਾਂ,
ਲੱਖਾਂ ਜੰਘਾਂ, ਲੱਖਾਂ ਸਿਰਾਂ ਵਾਲੇ ਨੱਚਦੇ ਮਰਦ ਤੇ ਤੀਵੀਆਂ, ਅੰਗ
ਸਾਰੇ ਲਹਿਰਾਂ ਹੋ, ਮਿਲਵੀਆਂ, ਮਿਲਵੀਆਂ,
ਪੁਲਾੜ ਸਾਰਾ ਭਰਿਆ,
ਹਾਸੇ ਟੁਰਦੇ ਹੱਸਦੇ ਮਿਲਦੇ ਲੱਖਾਂ, ਲੱਖਾਂ,