ਪਿਆਰ ਮੱਲੋ-ਮੱਲੀ ਰਾਹ ਜਾਂਦਿਆਂ ਪੈਂਦੇ ਹਨ, "ਨਿਹੁੰ ਨਾ ਲੱਗਦੇ ਜੋਰੀ"। ਇਹ ਇੱਕ ਅੰਦਰੋ ਅੰਦਰ ਦੀ ਲਗਾਤਾਰ ਖਿੱਚ ਹੈ, ਜਿਹੜੀ ਪਹਿਲਾਂ ਤਾਂ ਕਦੀ ਕਦੀ ਇਉਂ ਪੈਂਦੀ ਹੈ ਜਿਵੇਂ ਉਡਾਣ ਵਾਲੇ ਦਾ ਹੱਥ ਚੜ੍ਹੀ ਗੁੱਡੀ ਦੀ ਡੋਰ ਨੂੰ ਖਿੱਚਦਾ ਹੈ, ਤੇ ਇਓਂ ਇਲਾਹੀ ਤਣੁਕੇ ਖਾ ਖਾ ਪਿਆਰ ਇਕ ਲਗਾਤਾਰ ਦਰਦ ਦੀ ਸ਼ਕਲ ਵਿੱਚ ਅੰਦਰ ਵੱਸਣ ਲਗ ਜਾਂਦਾ ਹੈ ਤੇ ਇਹ ਉਸੀ ਤਰਾਂ ਸਹਿਜ ਸੁਭਾ ਬਿਨਾ ਕਿਸੇ ਸਾਧਨ ਜਾਂ ਜਤਨ ਦੇ ਅੰਦਰ ਵਸਦਾ ਹੈ, ਜਿਵੇਂ ਦਯਾ, ਸੰਤੋਖ ਆਦਿ ਚਿੱਟੇ ਦੈਵੀ ਪਾਸੇ ਦੇ ਸੁਭਾਵਕ ਗੁਣ, ਯਾ ਕਾਲੇ ਹੈਵਾਨੀ ਪਾਸੇ ਦੇ ਸੁਭਾਵਕ ਔਗੁਣ, ਬੇਰਹਿਮੀ, ਖੁਦਗਰਜ਼ੀ ਆਦਿ। ਸੁਭਾਵਿਕ ਗੁਣ ਔਗੁਣ ਇਕ ਹੀ ਵਸਤੂ ਦੇ ਸਿੱਧੇ ਪੁੱਠੇ ਪਾਸੇ ਹਨ:- ਅਹੰਕਾਰ ਕਰੂਪ ਹੋ ਸੱਕਦਾ ਹੈ ਤੇ ਉਹੋ ਹੀ ਅਹੰਕਾਰ ਰੂਪਵਾਨ । ਇਕ ਜ਼ਾਲਮ ਆਦਮੀ ਦਾ ਅਹੰਕਾਰ ਕਿਹਾ ਕਰੂਪ ਕੋਝਾ ਹੁੰਦਾ ਹੈ, ਤੇ ਇਕ ਦਿੱਬਯਜੋਤਿ ਕੰਨਯਾ ਦਾ ਜੋਬਨ ਮਦ ਨਾਲ ਸੁਗੰਧਿਤ ਅਹੰਕਾਰ ਕਿਹਾ ਰੂਪਵਾਨ ਹੁੰਦਾ ਹੈ । ਸਹਿਜ ਸੁਭਾ ਜਦ ਪਿਆਰ ਅੰਦਰ ਟਿਕ ਕੇ ਜੀਵਨ ਦਾ ਅਧਾਰ ਹੋ ਜਾਂਦਾ ਹੈ, ਸਭ ਚਿੱਟੇ ਕਾਲੇ ਗੁਣ ਔਗੁਣ ਦਿਵਯ ਗੁਣ ਹੋ ਜਾਂਦੇ ਹਨ ॥
ਇਖਲਾਕ, ਧਰਮ, ਕਰਮ, ਫਰਜ਼ ਆਦਿ ਦੀ ਵਿਦਯਾ ਸਿਲਸਲੇ ਵਾਰ ਪੜ੍ਹਾਣ ਦੀ ਲੋੜ ਨਹੀਂ ਪੈਂਦੀ, ਸੁਤੇ ਸਿੱਧ ਹੀ ਪਿਆਰ ਸਭ ਕੁਝ ਸਿੱਧਾ ਕਰ ਦਿੰਦਾ ਹੈ । ਉਹ ਧਰਮ, ਕਰਮ, ਫਰਜ਼, ਕੁਰਬਾਨੀ ਆਦਿ ਗੁਣ ਹੀ ਕੀ ਹੋਏ ਜੋ ਪੜ੍ਹਾ ਪੜ੍ਹਾ ਕੇ ਸਾਡੇ ਅੰਦਰ ਬਾਹਰੋਂ ਆਈ ਕਿਸੇ ਵਿਦਯਾ ਦਾ ਫਲ ਹੋਣ । ਜਿਹੜੀ ਚੀਜ ਫੁੱਟ ਕੇ ਅੰਦਰੋਂ ਸਹਿਜ ਸੁਭਾ ਨਹੀਂ ਨਿਕਲਦੀ, ਉਹ ਅੰਦਰ ਸੁੱਟੀ ਇਕ ਪਲਾਤੀ ਜਿਹੀ ਧਰੀ ਬਿਨਾ ਮੁਲ ਦੇ ਓਪਰੀ ਜਿਹੀ ਕੋਈ ਚੀਜ ਹੈ, ਜਿਸ ਨਾਲ ਸਾਡਾ ਅੰਦਰ ਦਾ ਸੁਭਾ ਭਿੱਜ ਨਹੀਂ ਸਕਦਾ । ਜਿਹੜਾ ਪੁਰਖ ਕਿਸੇ ਡਰ ਕਰਕੇ ਚੋਰੀ, ਯਾਰੀ ਆਦਿ ਔਗੁਣਾਂ ਥੀਂ ਬਚਦਾ ਹੈ, ਉਹ ਹਾਲੇ ਅੰਦਰ ਦੇ ਸਹਿਜ ਸੁਭਾ ਉਪਜੇ ਇਖਲਾਕ ਦਾ ਜਾਣੂ ਨਹੀਂ। ਉਹ ਭਾਵੇਂ ਕੋਈ ਪਾਪ ਨਹੀਂ ਕਰਦਾ ਤਦ ਵੀ ਹੈਵਾਨ ਹੈ ਤੇ ਬੇਸਮਝ ਪਾਪੀ ਹੈ, ਜਿਹਨੂੰ ਸੱਚੇ ਦਿਵਯ ਗੁਣਾਂ ਦੇ ਆਪਣੇ ਤੀਖਣ ਸੁਹਜ ਦੇ ਢੁਕਾ ਦਾ ਪਤਾ ਨਹੀਂ। ਜੋ ਆਪ ਮੁਹਾਰਾ ਦਿਵਯ ਲਿਸ਼ਕਾ ਨਹੀਂ ਦਿੰਦਾ ਉਹਦੇ ਕਿਸੀ ਦਬਾ ਹੇਠ ਬਣੇ ਗੁਣ ਵੀ ਆਰਜ਼ੀ ਹਨ, ਉਹਦੇ ਧਰਮ, ਕਰਮ, ਸ਼ੁਭ, ਅਸ਼ੁਭ ਸਭ ਹਾਲੇ ਹਨੇਰੇ ਦੀਆਂ ਚੀਜਾਂ ਹਨ । ਉਨ੍ਹਾਂ ਦਾ ਨਾ ਉਸ ਦੇ ਆਪਣੇ ਅੰਦਰਲੇ ਜੀਵਨ ਤੇ ਨਾ ਉਹਦੇ ਲਗਾ ਵਿੱਚ ਆਏ ਮਨੁੱਖਾਂ ਤੇ ਕੋਈ ਸੁੱਚਾ ਜਾਂ ਸੱਚਾ ਪ੍ਰਭਾਵ ਪੈ ਸਕਦਾ ਹੈ। ਬਿਨਾ ਪਿਆਰ ਦੇ ਗਿਆਨ ਵੀ ਇਕ ਹਨੇਰਾ ਹੀ ਹੈ ॥
ਪਿਆਰ ਉੱਚੀ ਦਿਵਯ ਮਨੁੱਖਤਾ ਦੀ ਸਹਿਜ ਸੁਭਾ ਪ੍ਰਾਪਤੀ ਹੈ। ਕੁੱਲ ਸੰਸਾਰ ਮੇਰੇ ਜੀਵਣ ਨੂੰ ਉਹ ਲਿਸ਼ਕਾਂ ਦੇਣ ਲਈ ਹੈ, ਜਿਨ੍ਹਾਂ ਲਿਸ਼ਕਾਂ ਨੂੰ ਮੈਂ ਖਾ ਖਾ ਕੇ ਆਦਮੀ ਬਣ ਸੱਕਾਂ । ਜਦ ਪਿਆਰ ਅੰਦਰ ਸਥਾਈ ਭਾਵ ਹੋ ਜਾਏ, ਤਦ ਇਕ ਲੱਛਣ ਇਹ ਹੈ, ਕਿ ਉਸ ਬੰਦੇ ਨੂੰ, ਉਸ ਪਿਆਰ ਕਰਨ ਵਾਲੇ ਨੂੰ, ਕੋਈ ਚੀਜ ਇਸ ਜਗਤ ਵਿਚ ਭੈੜੀ ਤੇ ਕਰੂਪ ਨਹੀਂ ਦਿਸਦੀ, ਉਹਦੇ ਨੈਣਾਂ ਵਿੱਚ ਸੁਹਣੱਪ ਦਾ ਇਕ ਨਿੱਕਾ ਨਿੱਕਾ ਮੀਂਹ ਪੈਂਦਾ ਦਿੱਸਦਾ ਹੈ। ਗੁਲਾਬ ਦੇ ਫੁੱਲ ਦਾ ਲਾਲ ਚਲੂਲਾ ਖੇੜਾ ਉਹਦੇ ਆਪਣੇ ਅੰਦਰ ਦੇ ਖੇੜੇ ਦਾ ਵੰਨ ਹੈ । ਤਾਰੇ ਉਹਨੂੰ ਕਿਸੇ ਦੇ ਸਹੰਸ੍ਰ ਨੈਣ ਦਿੱਸਦੇ ਹਨ । ਚਲਦੀ ਨਦੀ ਉਹਦੇ ਮਨ ਦਾ ਇਕ ਸੁਫਨਾ ਗਾਉਂਦਾ ਭਾਸਦਾ ਹੈ। ਪੱਥਰਾਂ ਵਿੱਚ ਰੂਪ ਬਣਦੇ ਤੇ ਬਿਨਸਦੇ ਹਨ । ਅਚਰਜ ਮਾਯਾ ਦੇ ਰੰਗਾਂ ਦੇ ਭੇਤ ਉਹਦੇ ਦਿਲ ਦੇ ਚਾ ਵਿੱਚ ਖੁੱਲ੍ਹਦੇ ਹਨ ॥
ਪਿਆਰ ਨਿਰੋਲ ਰੂਪ ਵਿੱਚ ਜੀਂਦਾ, ਪਲਦਾ, ਰਹਿੰਦਾ ਤੇ ਸਵਾਸ ਲੈਂਦਾ ਹੈ। ਪਿਆਰ ਸ਼ੂਨਯ ਫਿਲਸਫੇ ਦੇ "ਸ਼ੂਨਯ" ਵਿਚ ਮਰ ਜਾਂਦਾ ਹੈ। ਜਿੱਥੇ ਰੂਪ ਦਾ ਅਭਾਵ ਹੋਵੇ ਉਹਦਾ ਉੱਥੇ ਪਹਿਲਾਂ ਤਾਂ ਸਾਹ ਘੁਟਦਾ ਹੈ ਤੇ ਜੇ ਫਿਰ ਹੋਰ ਵੀ ਦਬਾ ਪਵੇ ਉਹ ਮਰ ਜਾਂਦਾ ਹੈ, ਜੀ ਨਹੀਂ ਸੱਕਦਾ ।
ਜਿਵੇਂ ਦਰਿਯਾ ਕਿਨਾਰੇ ਕੋਈ ਆਦਮੀ ਗਰਮੀਆਂ ਦੀ ਰੁੱਤ ਵਿਚ ਚਾਨਣੀ ਰਾਤ ਵੇਲੇ ਕੱਪੜੇ ਲਾਹ ਕੇ ਨਰਮ ਨਰਮ ਠੰਢੀ ਚਿੱਟੀ ਰੇਤ ਤੇ ਲੇਟਦਾ ਹੈ, ਫਿਰ ਛਾਲ ਮਾਰਦਾ ਹੈ ਤੇ ਸਾਰੀ ਗਰਮੀ ਤੇ ਮੈਲ ਲਾਹ ਕੇ ਠੰਢਾ, ਹਲਕਾ ਹੁੰਦਾ ਹੈ, ਤੇ ਇਕ ਤਰਾਂ ਦਾ ਖਿਣਕ ਮੋਖ ਪ੍ਰਤੀਤ ਕਰਦਾ ਹੈ, ਆਤਮ ਆਜ਼ਾਦੀ ਨੂੰ ਅਨੁਭਵ ਕਰਦਾ ਹੈ, ਤਿਵੇਂ ਜਿੱਥੇ ਪਿਆਰ ਆਉਂਦਾ ਹੈ, ਉਹ ਪੁਰਖ ਸਦਾ ਨ੍ਹਾਤਾ ਜਿਹਾ ਠੰਢਾ, ਸੁਬਕ, ਹਲਕਾ ਫੁੱਲ ਵਰਗਾ ਆਪਣੇ ਆਪ ਵਿੱਚ ਹੁੰਦਾ ਹੈ । ਕਦੀ ਜੇ ਕਿਸੇ ਮਹਾਂ ਪੁਰਖ ਦਾ ਆਪ ਅੰਦਰ ਪਿਆਰ ਹੈ ਤੇ ਦਰਸ਼ਨ ਕਰਨ ਦਾ ਭਾਗ ਹੋਇਆ ਹੋਵੇ, ਤਦ ਇਹ ਮੇਰੀ ਹੱਡ ਬੀਤੀ ਗੱਲ, ਇਹ ਕਈ ਵੇਰ ਤਜਰਬੇ ਕੀਤੀ ਗੱਲ ਹੈ, ਕਿ ਮਹਾਂ ਪੁਰਖਾਂ ਨੂੰ ਮਿਲ ਕੇ ਕਈ ਦਿਨ ਇਉਂ ਜਾਪਦਾ ਹੈ, ਜਿਵੇਂ ਹਰ ਵੇਲੇ ਕਿਸੀ ਨਦੀ ਵਿੱਚ ਅਸ਼ਨਾਨ ਹੋ ਰਹੇ ਹਨ। ਦਿਲ, ਦਿਮਾਗ਼, ਜਿਸਮ ਸਭ ਹਲਕੇ ਹਲਕੇ ਫੁੱਲ, ਧੋਤੇ ਧਾਤੇ ਮੋਤੀ ਦਿੱਸਦੇ ਹਨ । ਇਉਂ ਕੁਝ ਹੁੰਦਾ ਹੈ, ਜਿਵੇਂ ਗਰਮੀ ਦੀ ਰੁੱਤ ਦੇ ਧੂੜ ਪਏ ਬ੍ਰਿਛਾਂ ਨੂੰ ਹੁਣੇ ਹੀ ਸਾਵਣ ਦੀ ਬਰਖਾ ਨਹਾ ਕੇ ਲੰਘੀ ਹੈ। ਪਿਆਰ ਦੀ ਛੋਹ ਜੀਆ ਦਾਨ ਦੇਣ ਵਾਲੀ ਹੁੰਦੀ ਹੈ, ਪਿਆਰ ਨੂੰ ਪਾ ਕੇ ਜੀਵਣੀ ਕਣੀ ਅੰਦਰ ਆਣ ਵੱਸਦੀ ਹੈ ਤੇ ਮੌਤ ਇਕ ਭਰਮ ਜਿਹਾ ਦਿੱਸਦਾ ਹੈ ॥
ਪਿਆਰ ਦਾ ਇਕ ਅਚਰਜ ਕੌਤਕ ਹੈ, ਕਿ ਜਿੱਥੇ ਹੋਵੇ ਉੱਥੇ ਆਪਣੀ ਜਿੰਦ, ਜਾਨ, ਰੂਹ, ਸਭ ਕੁਛ ਪਿਆਰ ਦੇ ਹਵਾਲੇ ਕਰਨ ਤੇ ਦਿਲ ਕਰਦਾ ਹੈ ਤੇ ਬਿਹਬਲ ਹੋ ਪਿਆਰ ਦੇ ਹਵਾਲੇ ਸਾਰਾ ਆਪਾ ਤੇ ਸਬ ਕੁਛ ਕਰ ਦਿੱਤਾ ਜਾਂਦਾ ਹੈ ॥
ਜਿਵੇਂ ਅਰਸ਼ਾਂ ਦੀ ਕੋਈ ਸੱਚੀ ਚੀਜ ਹੋਵੇ ਤੇ ਉਹਦਾ ਪ੍ਰਤੀਬਿੰਬ ਹੇਠਾਂ ਪਵੇ,
ਇਸ ਵਿੱਚ ਕੁਛ ਸ਼ੱਕ ਨਹੀਂ, ਕਿ ਐਸੇ ਮੌਕੇ ਆਉਂਦੇ ਹਨ ਜਦ ਪਿਆਰ ਤੇ ਓਹਦੇ ਪ੍ਰਤਿਬਿੰਬ ਵਿੱਚ ਫਰਕ ਕਰਨਾ ਕੁਫਰ ਹੋ ਜਾਂਦਾ ਹੈ, ਪਰ ਉਹ ਦੇਵਤਿਆਂ ਦੇ ਰਚੇ ਕੌਤਕਾਂ ਦੇ ਅਕਹਿ ਰੰਗ ਹਨ । ਮਜਨੂੰ ਲੈਲੀ ਤੇ ਆਸ਼ਕ ਹੁੰਦਾ ਹੈ । ਸੱਚ ਕਿ ਕੂੜ, ਕਹਿੰਦੇ ਹਨ ਕਿ ਲੈਲੀ ਕੋਈ ਮੰਨੀ ਪ੍ਰਮੰਨੀ ਸੋਹਣੀ ਯੁਵਤਾ ਨਹੀਂ ਸੀ, ਤੇ ਕੁਛ ਇਹ ਗੱਲ ਇਸ ਥੀਂ ਵੀ ਸਿੱਧ ਹੁੰਦੀ ਹੈ ਕਿ ਅਖਾਣ ਹੈ, ਕਿ ਭਾਈ ਲੈਲੀ ਨੂੰ ਤਾਂ ਮਜਨੂੰ ਦੀ ਅੱਖ ਨਾਲ ਵੇਖਣਾ ਲੋੜੀਏ । ਇਥੇ ਲੈਲੀ ਤੇ ਮਜਨੂੰ ਦੇ ਰੂਹ ਵਿੱਚ ਭੇਤ ਹੀ ਨਹੀਂ ਰਿਹਾ ਸੀ । ਉਹ ਖਿੱਚ, ਉਹ ਤੀਖਣਤਾ, ਉਹ ਦਰਦ, ਉਹ ਆਸ਼ਕੀ ਆ ਵੱਸੀ ਕਿ ਮਜਨੂੰ ਨੂੰ ਆਪਣਾ ਆਪ ਭੁਲ ਗਿਆ, ਆਪਣਾ ਆਪ ਕੀ ਭੁਲਣਾ ਸੀ, ਸ਼ਰੀਰ ਭੁੱਲ ਗਿਆ । ਰੂਹ ਹੀ ਰੂਹ, ਲੈਲੀ ਦੀ ਯਾਦ ਹੀ ਯਾਦ, ਖਿੱਚ ਹੀ ਖਿੱਚ ਜੀਣ ਹੋ ਗਿਆ । ਲੈਲੀ ਦੀ ਯਾਦ ਬਿਨਾ ਮਜਨੂੰ ਜੀ ਨਹੀਂ ਸੀ ਸੱਕਦਾ । ਪ੍ਰਾਪਤੀ ਤੇ ਆਪ੍ਰਾਪਤੀ ਦੀ ਕਾਂਖਿਆ ਥੀਂ ਉੱਪਰ ਜੀਂਦਾ ਸੀ । ਕਹਿੰਦੇ ਹਨ ਨੌਰੋਜ਼ ਵਾਲੇ ਦਿਨ ਯਾ ਕਿਸੀ ਹੋਰ ਦਿਨ ਲੈਲੀ ਗਰੀਬ ਗੁਰਬੇ ਨੂੰ ਇਕੱਠਾ ਕਰ ਕੇ ਇਕ ਮੇਲਾ ਜਿਹਾ ਕਰਦੀ ਸੀ ਤੇ ਸਭ ਨੂੰ ਤੁਹਫੇ ਦਿੰਦੀ ਸੀ, ਭਾਵੇਂ ਮਜਨੂੰ ਨੂੰ ਵੇਖਣ ਲਈ ਹੀ ਘਰ ਲੁਟਾਂਦੀ ਸੀ । ਪਰ ਮਜਨੂੰ ਇਕ ਪਾਗਲ ਜਿਹਾ ਫਕੀਰ ਹੋ ਚੁੱਕਾ ਸੀ, ਉਹ ਆਪਣੇ ਠੂਠੇ ਵਿੱਚ ਕਈ ਦਰਵਾਜੇ ਮੰਗ ਕੇ ਰੋਜ ਦਾ ਨਿਰਬਾਹ ਕਰਦਾ ਸੀ, ਉਹ ਵੀ ਲੈਲੀ ਦੇ ਸੱਦੇ ਮੇਲੇ ਉੱਪਰ ਅੱਪੜਦਾ ਸੀ, ਵਿਚਾਰੇ ਦੀ ਵਾਰੀ ਸਭ ਥੀਂ ਅਖੀਰ ਆਉਂਦੀ ਸੀ ਤੇ ਜਦ ਆਉਂਦੀ ਸੀ ਮਿਲਦਾ ਕੁਛ ਨਹੀਂ ਸੀ, ਬੱਸ ਤਦੋਂ ਹੱਥ ਤੇ ਹੱਥ ਮਾਰ ਕੇ ਲੈਲੀ ਮਜਨੂੰ ਦੀ ਮੰਗੀ ਭਿੱਛਾ ਡੋਹਲ ਦਿੰਦੀ ਸੀ, ਕਾਸਾ ਮਿੱਟੀ ਦਾ ਟੁੱਟ ਜਾਂਦਾ ਸੀ । ਕਹਿੰਦੇ ਹਨ, ਮਜਨੂੰ ਇਸ ਹੱਬ ਨਾਲ ਹੱਥ ਲੱਗਣ ਦੀ ਖੁਸ਼ੀ ਵਿੱਚ ਉਨਮੱਤ ਹੋ ਨਾਚ ਕਰਣ ਲੱਗ ਜਾਂਦਾ ਸੀ, ਕਦੀ ਓੜਕ ਦੀ ਖੁਸ਼ੀ ਵਿੱਚ ਬੇਹੋਸ਼ ਹੋ ਜਾਂਦਾ ਸੀ । ਜਿੱਥੇ ਬਾਹਰ ਦੇ ਪਦਾਰਥ ਬੱਸ ਇਨੀ ਇਕ ਹੱਥ ਲੱਗਣ ਦੀ ਛੋਹ ਨਾਲ ਰੂਹ ਨੂੰ ਇਨਾਂ ਅਨੰਤ ਜਿਹਾ ਖੇੜਾ ਦੇ ਦੇਣ, ਉੱਥੇ ਪਿਆਰ ਤੇ ਪਿਆਰ-ਪ੍ਰਤਿਬਿੰਬ ਇਕ ਹੋਏ ਹੁੰਦੇ ਹਨ ॥
ਇਸ ਅਰਥ ਵਿੱਚ ਪਿਆਰ ਜਿਸਮ ਦੀ ਮੌਤ ਹੈ,
ਪਿਆਰ ਉਹ ਅੰਦਰ ਦਾ ਰਸ ਹੈ, ਜਿਸ ਦੇ ਅੰਦਰ ਹੀ ਅੰਦਰ ਰਸੀਣ ਨਾਲ ਜੀਵਨ ਫੁੱਲ ਆਪੇ ਵਿੱਚ ਖਿੜਦਾ ਹੈ ਤੇ ਹੋਰ ਸਭ ਮਾਇਕ ਪਦਾਰਥ ਭੋਂ ਤੇ ਖਾਦ ਦਾ ਕੰਮ ਕਰਦੇ ਹਨ । ਜੀਂਦੇ ਬ੍ਰਿਛ ਨੂੰ ਜਲ, ਹਵਾ, ਚੰਨ, ਸੂਰਜ ਦਾ ਪ੍ਰਕਾਸ਼ ਸਭ ਮਿਲਦਾ ਹੈ । ਕਿਸ ਅਰਥ ? ਕਿ ਉਹ ਆਪਣੇ ਫੁੱਲ ਤੇ ਫਲ ਨੂੰ ਆਪ ਉੱਪਰ ਵਲ ਚਲ ਕੇ ਉੱਪਰ ਉੱਡ ਕੇ ਅੱਪੜੇ ਤੇ ਇਉਂ ਬ੍ਰਿਛ ਕਿਸੀ ਤਰ੍ਹਾਂ ਅਨੰਦ ਉਛਾਲਾ ਖਾ ਆਪਣੇ ਫੁੱਲ ਤੇ ਫਲ ਨੂੰ ਬੋਚੇ, ਤੇ ਬੋਚ ਕੇ ਬਨਸਪਤੀ ਜੀਵਨ ਵਿਗਸਦੇ ਹਨ। ਚੰਬਾ ਤਾਂ ਖਿੜਿਆ ਪਰ ਸਾਰੇ ਜਗਤ ਦਾ ਜ਼ੋਰ ਲੱਗਾ । ਚੰਬੇ ਦੇ ਫੁੱਲ ਦੇ ਖਿੜਨ ਦੇ ਸਾਧਨਾਂ ਦਾ ਜਿਕਰ ਕਰਨਾ ਸੂਰਜ ਨੂੰ ਦੀਵੇ ਦੇ ਪ੍ਰਕਾਸ਼ ਦਾ ਪਤਾ ਦੇਣ ਦੇ ਤੁੱਲ ਤੁੱਛਤਾ ਹੈ। ਬੱਦਲ ਆਏ ਤੇ ਨਿੱਕੇ ਨਿੱਕੇ ਚੰਬੇ ਦੀ ਵੇਲ ਦੀਆਂ ਚੀਰਵੀਆਂ ਪਤੀਆਂ ਨੂੰ ਕਿਸੀ ਦੇ ਕੇਸ ਸਮਝ ਧੋ ਗਏ, ਹਵਾਵਾਂ ਆਈਆਂ, ਕਈਆਂ ਨਖਰਿਆਂ ਨਾਲ ਉਹ ਚੰਬੇ ਨੂੰ ਜੱਫੀਆਂ ਪਾ ਮਿਲੀਆਂ। ਕਿਰਣਾਂ ਨੇ ਚੁੰਮਿਆਂ, ਧਰਤ ਨੇ ਮਾਂ ਦੀ ਗੋਦ ਬਖਸ਼ੀ ਤੇ ਇਨ੍ਹਾਂ ਕਾਰਣਾਂ ਦੇ ਸਮੂਹ ਸਾਧਨਾਂ ਦੇ ਜੁਗਾ ਜੁਗੀ ਹੜ੍ਹ ਆਏ। ਇਕ ਜੀਂਦੀ ਕਣੀ ਵਾਲੇ ਬੀ ਨੂੰ ਆਪੇ ਵਿੱਚ ਇਕ ਰੂਹੀ ਝੂਟਾ ਮਿਲਿਆ। ਚੰਬੇ ਦੀ ਖਿੜੀ ਵੇਲ ਕਦੀ ਤੱਕੀ ਜੇ ? ਵੇਖੋ ਕਿਸ ਰੂਹਾਨੀ ਨਸ਼ੇ ਵਿੱਚ ਝੂਮ ਰਹੀ ਹੈ ਤੇ ਖੁਸ਼ਬੂ ਉਸ ਨਖਰੀਲੀ ਝੂਮ ਦਾ ਆਵੇਸ਼ ਹੈ । ਅੰਦਰ ਕੁਛ ਨਹੀਂ ਰਿਹਾ ਸਭ ਰੂਹ ਬਾਹਰ ਹੋ ਗਿਆ ਹੈ ਤੇ ਬਾਹਰ ਕਿਥੇ ਹੈ ਚੰਬੇ ਦੇ ਨੈਣ ਫੁੱਲਾਂ ਵਿੱਚ ਯੋਗੀ ਦੇ ਨੈਣਾਂ ਥੀਂ ਵਧ ਬੰਦ ਪਏ ਹੋਏ ਹਨ। ਇਹ ਖੇੜਾ ਬਾਹਰ ਨਹੀਂ, ਅੰਦਰ ਰੂਹ ਵਿੱਚ ਹੈ, ਅੰਮਰਿਤ ਬਿੰਦੂ ਦਸਵੇਂ ਦਵਾਰ ਦੀ ਟਪਕ ਰਹੀ ਹੈ ਕੋਈ ਤ੍ਰੇਲ ਦਾ ਕਤਰਾ ਤਾਂ ਨਹੀਂ, ਇਹ ਫੁੱਲਾਂ ਦਾ ਸਮੂਹ ਇਕ ਅੰਦਰ ਥੀਂ ਵੀ ਅੰਦਰ ਰੂਹ ਦੇ ਅੰਤ੍ਰੀਵ ਅਵਸਥਾ ਦਾ ਝਾਕਾ ਹੈ। ਬਾਹਰ ਅੰਦਰ ਕੀ? ਅੰਦਰ ਕੁਛ ਵੀ ਨਹੀਂ, ਸਭ ਬਾਹਰ ਆ ਗਿਆ ਹੈ ਤੇ ਬਾਹਰ ਹੈ ਕਿੱਥੇ? ਇਹ ਸਭ ਕੁਛ ਅੰਦਰ ਹੀ, ਅੰਦਰ ਹੈ।
ਜੀਵਨ ਪੰਜ ਇੰਦ੍ਰੀਆਂ ਦੇ ਕੇਂਦਰਾਂ ਉੱਪਰ ਹੀ ਆਪਣੀ ਅਸਲੀਅਤ ਨੂੰ ਭਾਨ ਕਰਦਾ ਹੈ, ਤੇ ਪੰਜ ਯਾ ਛੇ ਇੰਦ੍ਰੀਆਂ ਦੇ ਮਰਕਜ਼ ਉਹ ਹਨ, ਜਿਨਾਂ ਬਾਰੀਆਂ ਥੀਂ ਪਿਆਰ ਰੱਬ ਦੇ ਦੀਦਾਰ ਹੁੰਦੇ ਹਨ। ਰਸ ਦਾ ਗਿਆਨ ਇਨ੍ਹਾਂ ਦਵਾਰਾ ਹੁੰਦਾ ਹੈ, ਇਨ੍ਹਾਂ ਬਿਨਾ ਸੂਨਯ ਹੋਵੇ ਤਾਂ ਹੋਵੇ, ਪਰ ਪਿਆਰ ਦਾ ਭਾਨ ਹੋ ਨਹੀਂ ਸੱਕਦਾ। ਸੂਨਯ ਦਾ ਭਾਨ ਵੀ ਕਥਨ ਤਕ ਹੀ ਹੈ? ਜਿਹੜਾ ਡੋਰਾ ਹੈ ਉਸ ਲਈ ਰਾਗ ਦੀ ਦੁਨੀਆਂ ਕੀ ਹੋਣੀ ਹੈ। ਜਿਹੜਾ ਗੁੰਗਾ ਹੈ ਉਸ ਲਈ ਮਿੱਠੇ ਵਚਨਾਂ ਦਾ ਅੰਮ੍ਰਿਤ ਕੀ ਅਰਥ ਰਖਦਾ ਹੈ? ਹੀਜੜੇ ਨੂੰ ਕਾਮ ਰਸ ਦੇ ਗੁੱਝੇ ਰਸਮੰਡਲਾਂ ਦਾ ਕੀ ਪਤਾ? ਜਿਨਾਂ ਸ਼ਾਹ-ਦੌਲੇ ਤੇ ਚੂਹਿਆਂ ਦਾ ਦਿਮਾਗ਼ ਹੀ ਨਹੀਂ ਉਨ੍ਹਾਂ ਲਈ ਸਾਹਿਤਯ ਕਟਾਖਯ, ਯਾ ਹੋਰ ਵਿਗਯਾਨਿਕ ਵਿਕਾਸ਼ਾਂ ਦੇ ਸੁਹਣੱਪਾਂ ਦਾ ਕੀ ਪਤਾ ਹੋ ਸੱਕਦਾ ਹੈ? ਲੋਕੀ ਕਹਿੰਦੇ ਹਨ, ਕਿ ਪੰਜ ਇੰਦ੍ਰੀਆਂ ਬਾਹਰ-ਮੁਖੀ ਹਨ, ਠੀਕ ਅੰਦਰ ਤਾਂ ਹੋਯਾ ਹੀ ਕੁਛ ਨਾਂ ਤੇ ਹੋਣਾ ਹੀ ਉਨ੍ਹਾਂ ਬਾਹਰ-ਮੁਖੀ ਸੀ, ਤੇ ਪੰਜਾਂ ਯਾ ਛਿਆਂ ਦਰਵਾਜਿਆਂ ਵਿੱਚੋਂ ਰੂਹ ਇਕ ਜੀਂਦਾ ਬੀਜ ਫੁੱਲ ਕੇ ਬ੍ਰਿਛ ਵਾਂਗ ਨਿਕਲਦਾ ਹੈ, ਤੇ ਆਪਣੇ ਅਸਲੇ ਵਲ ਬ੍ਰਿਛ ਵਾਂਗ ਉੱਚਾ ਹੁੰਦਾ ਹੈ, ਵਧਦਾ ਹੈ, ਤੇ ਕੁਲ ਜਗਤ ਤੇ ਉਹਦੇ ਪਦਾਰਥ ਇਸ ਰੂਹ ਦੇ ਵਿਗਸਣ ਲਈ ਹਨ, ਤੇ ਰੂਹ ਚੰਬੇ ਦੀ ਵੇਲ ਵਾਂਗ ਸਭ ਖਿੱਚਾਂ ਖਾ ਖਾ, ਤਣੁਕੇ-ਖਾ ਖਾ, ਰਸ ਦੀਆਂ ਲਹਿਰਾਂ ਵਿੱਚ ਤਰ ਤਰ, ਆਪਣੇ ਫੁੱਲ ਤੇ ਫਲ ਨੂੰ ਪ੍ਰਾਪਤ ਹੁੰਦਾ ਹੈ।
ਬਿਨਾਂ ਇੰਦ੍ਰੀਆਂ ਪੰਜਾਂ ਯਾ ਛਿਆਂ ਦੇ ਇਹ ਆਪਾ ਸਹੀ ਹੀ ਨਹੀਂ ਕਰ ਸੱਕਦਾ
"ਨਾਮੇ ਪੀਤਿ ਨਾਰਾਇਣ ਲਾਗੀ ॥
ਸਹਜ ਸੁਭਾਇ ਭਇਓ ਬੈਰਾਗੀ ॥
ਜਿਨ੍ਹਾਂ ਨੂੰ ਅਸੀਂ ਪਿਆਰ ਸਮਝਦੇ ਹਾਂ ਉਹ ਪਿਆਰ ਦੇ ਝਲਕੇ, ਝਾਂਵਲੇ ਹਨ । ਇਕ ਵੇਰੀ ਇਕ ਪੇਂਡੂ ਅੰਗ੍ਰੇਜ਼ ਗਰੀਬੀ ਦੇ ਕਾਰਣ ਗਰੀਬ-ਘਰ ਵਿੱਚ ਲਿਆਂਦਾ ਗਿਆ। ਉਹਦੀ ਤੀਮੀ "ਮੇਰੀ" ਵੀ ਨਾਲ ਆਈ। ਉਹ ਜਨਾਨੀਆਂ ਵਾਲੇ ਪਾਸੇ ਭੇਜੀ ਗਈ ਤੇ ਉਹ ਮਰਦਾਂ ਵਿੱਚ ਕੰਮ ਕਰਦਾ ਰਿਹਾ। ਯਾ ਕਿਸੀ ਹੋਰ ਤਰ੍ਹਾਂ ਐਸੀ ਘਟਨਾ ਹੋਈ ਕਿ ਉਹ ਇਸ ਗਰੀਬ-ਘਰ ਵਿੱਚ ਉਸ ਰਾਤੀ ਆਪਣੀ "ਮੇਰੀ" ਨੂੰ ਨਾ ਮਿਲ ਸੱਕਿਆ ਤੇ ਉਸ "ਗਰੀਬ-ਘਰ" ਦੇ ਕਰਤਿਆਂ ਧਰਤਿਆਂ ਨੂੰ ਬੜੀ ਪੀੜ ਨਾਲ ਕਹਿੰਦਾ ਹੈ, ਕਿ ਅਜ ਮੈਂ "ਮੇਰੀ" ਨੂੰ ਨਹੀਂ ਮਿਲ ਸੱਕਾਂਗਾ ? ਅਜ ਪੰਜਾਹ ਸਾਲ ਥੀਂ ਹਰ ਰਾਤ ਮੈਂ ਮੇਰੀ ਨੂੰ ਮਿਲ ਕੇ 'ਗੁਡ-ਨਾਈਟ ਕਿੱਸ' (ਰਾਤ ਵਿਛੋੜੇ ਦੀ ਚੁੰਮੀ) ਦਿੰਦਾ ਰਿਹਾ ਹਾਂ, ਕੀ ਅਜ ਮੈਂ "ਗੁਡ-ਨਾਈਟ ਕਿੱਸ" ਨਹੀਂ ਕਰ ਸੱਕਾਂਗਾ । ਇਸ ਹਾੜੇ ਵਿੱਚ ਅਜੀਬ ਦਰਦ ਤੇ ਬੇਬਸੀ ਸੀ ਇਹੋ ਜਿਹੇ ਨੇਮੀ ਪ੍ਰੇਮੀ ਮਨੁੱਖੀ ਪਿਆਰ ਵਿੱਚ ਜਦ ਉਹ ੫੦ ਸਾਲ ਪਕਦਾ ਹੈ ਉਸ ਵਿੱਚ ਪਿਆਰ ਮੂਰਤੀ ਮਾਨ ਹੁੰਦਾ ਹੈ । ਅਰਸ਼ਾਂ ਦੇ ਪਿਆਰ ਦੇ ਇਕ ਕਿਸੀ ਪ੍ਰਭਾਵ ਦੀ ਤਸਵੀਰ ਆਣ ਉਤਰਦੀ ਹੈ। ਲਗਾਤਾਰ ਐਸਾ ਪਿਆਰ ਭਰਿਯਾ ਨੇਮ ਸਿਮਰਨ ਹੋ ਜਾਂਦਾ ਹੈ ॥
ਪਿਆਰ ਇਕ ਦ੍ਰਵਿਤਾ ਹੈ, ਜਿਹੜੀ ਨਦੀ ਦੇ ਵਹਿਣ ਵਾਂਗ "ਖਿਮਾ, ਦਯਾ", ਤੇ ਸਦਾ 'ਮਾਫੀ' ਵਿੱਚ ਵਿਚਰਦਾ ਹੈ। ਇਹਦਾ ਇਨਸਾਫ ਬਸ ਬਖਸ਼ਣਾ ਤੇ ਪਿਆਰ ਕਰਨਾ ਹੈ । ਇਹ ਤਾਂ ਗੰਗਧਾਰ ਹੋਈ ਜਿਸ ਵਿੱਚ ਸਭ ਕੁੜ ਦੀ ਮੈਲ ਉਤਰ ਜਾਂਦੀ ਹੈ । ਚਾਨਣੇ ਵਿੱਚ ਹਨੇਰੇ ਦਿਆਂ ਕੂੜੇ ਭੁਲੇਖਿਆਂ ਤੇ ਪ੍ਰਛਾਵਿਆਂ ਦਾ ਮੁੜ ਕੌਣ ਜ਼ਿਕਰ ਕਰਦਾ ਹੈ ?
ਨੈਣ ਵਿਚ ਦੁਖੀਆਂ ਲਈ ਅੱਥਰੂ ਹਨ। ਸੰਦਲ ਦੇ ਬ੍ਰਿੱਛ ਵਾਂਗ ਕੁਹਾੜਾ ਮਾਰਣ ਵਾਲਿਆਂ ਲਈ ਸੁਗੰਧੀ ਤੇ ਕੁਰਬਾਨੀ ਹੈ, ਸੁਭਾ ਹੀ ਜਦ ਸੁਗੰਧੀ ਹੋਯਾ । ਰੇਸ਼ਮ ਦਾ ਕੀੜਾ ਸ਼ਾਇਦ ਰੇਸ਼ਮ ਦੀ ਤੰਦ ਆਪਣੇ ਵਿੱਚੋਂ ਕਦੀ ਕੱਢ ਨਾ ਸਕੇ ਤਾਂ ਸੰਭਵ ਹੈ, ਪਰ ਪਿਆਰ ਨਾਲ ਜੀਂਦਾ ਬੰਦਾ ਕਦੇ ਵੈਰ, ਵਿਰੋਧ ਕਰ ਹੀ ਨਹੀਂ ਸਕਦਾ ॥
ਵੈਰ ਦਾ ਕੰਮ ਹੈ, ਕਿਸੀ ਸੋਹਣੀ ਚੀਜ ਨੂੰ ਅੰਨ੍ਹੇ ਵਾਹ ਜੱਫਾ ਮਾਰ ਆਖਣਾ ਮੇਰੀ ਹੈ ਤੇ ਆਪਣੀ ਬਨਾਣ ਵਿੱਚ ਹੀ ਸਭ ਵੈਰ ਵਿਰੋਧਾਂ ਦਾ ਮੂਲ ਹੈ । ਜਿਹਨੂੰ ਅਸੀ ਹੱਥਾਂ ਨਾਲ ਫੜ ਸੱਕਦੇ ਹਾਂ, ਉਹ ਤਾਂ ਸੁਹਣੱਪ ਹੋ ਹੀ ਨਹੀਂ ਸਕਦੀ । ਸੁਹਣੱਪ ਸਦਾ ਰੂਹ ਵਿੱਚ ਵਸਦੀ ਹੈ, ਉਹਨੂੰ ਹੱਥ ਫੜ ਹੀ ਨਹੀਂ ਸੱਕਦੇ, ਜਿਹੜੀ ਅਸਾਂ ਫੜੀ ਹੈ ਉਹ ਕੁਛ ਹੋਰ ਹੈ । ਜੱਫੀ ਜਿਸਮਾਨੀ ਜਿਹਨੂੰ ਅਸੀ ਮਾਰ ਕੇ ਕਹਿੰਦੇ ਹਾਂ, ਕੇਹੀ ਠੰਢ ਪਈ ਹੈ, ਇਹ ਠੰਢ ਤਾਂ ਇਕ ਅਕਹ ਜਿਹੀ ਰੂਹ ਦੇ ਦੇਸ ਦੀ ਆਈ ਮਧਮ ਵੇਗ ਦੀ ਕੋਈ ਸਮੀਰ ਹੈ। ਜਿਸਮ ਤਾਂ ਪੰਜ ਤਤ ਦੇ ਮਾਸਾਂ ਦੇ ਅਕਾਰ ਹਨ, ਉਨਾਂ ਵਿੱਚ ਇਹੋ ਜਿਹੀ ਅਪਕ੍ਰਿਤਕ ਚੀਜ਼ (ਜੋ ਪ੍ਰਕ੍ਰਿਤੀ ਅਰਥਾਤ ਮਾਦੇ ਦੀ ਨਾ ਹੋਵੇ ।) ਰੂਹ ਨੂੰ ਠੰਢ ਪਾਣ ਵਾਲੀ ਬਰਕਤ ਕਿੱਥੇ ? ਤੇ ਜੇ ਹੈ ਤਾਂ ਕਈ ਪਏ ਜੱਫੀਆਂ ਮਾਰਦੇ ਹਨ। ਇਕ ਭੁੱਸ ਜਿਹਾ ਹੀ ਹੁੰਦਾ ਹੈ, ਉਹ ਅਕਥਨੀਯ ਜਿਹੀ ਆਵੇਸ਼ਕ ਠੰਢਕ ਸਦਾ ਕਿਉਂ ਨਹੀਂ ਆਉਂਦੀ? ਸਾਰੀ ਉਮਰ ਜੱਫੀਆਂ ਮਾਰ ਮਾਰ ਆਖਰ ਕਾਲਖ ਨਾਲ ਹਥ ਭਰੇ ਦਿਸਦੇ ਹਨ॥
ਪਿਆਰ ਇਸ ਅੰਸ਼ ਵਿੱਚ ਇਕ ਸਦਾ ਵੈਰਾਗਯਵਾਨ ਕੋਮਲਤਾ ਹੈ, ਜਿਸ ਵਿੱਚ ਹਰ ਘੜੀ ਅਖੰਡ ਤੇ ਸੀਮਾ ਰਹਿਤ ਤਿਆਗ ਹੈ। ਜਿਸ ਤਿਆਗ ਵਿੱਚ ਰੂਹ ਦੇ ਸੂਖਮ ਤਰਲ ਰੂਪਾਂ ਦਾ ਤਾਂ ਪੱਕਾ ਗ੍ਰਹਿਣ ਹੈ ਤੇ ਮਾਯਕ ਠੋਸ-ਕੂੜਾਂ ਦਾ ਤਿਆਗ ਹੈ ਤੇ ਇਹ ਕੋਈ ਪ੍ਰਤਿਗਯਾ ਯਾ ਨੇਮ ਰੂਪ ਵਿੱਚ ਨਹੀਂ, ਇਹ ਉਸੀ ਤਰਾਂ ਪਿਆਰ ਦਾ ਸਹਿਜ ਲੱਛਣ ਹੈ, ਜਿਸ ਤਰ੍ਹਾਂ ਅੱਗ ਦੀ ਲਾਲੀ ਅੱਗ ਦਾ ਹੋਣ ਦਰਸਾਂਦੀ ਹੈ ॥
ਪਿਆਰ ਦੀ ਪਾਤਸ਼ਾਹੀ ਰੂਹ ਦੀ ਪਾਤਸ਼ਾਹੀ ਹੈ, ਤੇ ਜਦ ਕਦੀ ਲੋੜ ਹੋਵੇ, ਇਸ ਵਿੱਚ ਉਹ ਬਲ ਆ ਜਾਂਦਾ ਹੈ ਜਿਹੜਾ ਦੁਨੀਆਂ ਦੀਆਂ ਬਾਦਸ਼ਾਹੀਆਂ ਦੇ ਕੂੜ ਦੇ ਦਲਾਂ ਨੂੰ, ਹਾਰ ਦਿੰਦਾ ਹੈ । ਪ੍ਰਹਿਲਾਦ ਨੇ ਆਪਣੇ ਚੱਕ੍ਰਵਰਤੀ ਰਾਜੇ, ਤੇ ਆਪਣੇ ਪਿਤਾ ਦੇ ਦਿੱਤੇ ਤੱਸੀਹੇ ਇਕ ਕਣੀ ਪਿਆਰ ਨਾਲ ਸਹੇ ਤੇ ਸਾਰੀ ਸਲਤਨਤ ਇਕ "ਹਰੀ ਹਰੀ" ਦੀ ਧੁਨੀ ਨਾਲ ਜਿੱਤੀ । ਪਿਆਰ ਉਸ ਮਹਾਂ ਬਲ ਦਾ ਦਾਇਕ ਹੈ, ਜਿਸ ਨਾਲ ਕਮਜ਼ੋਰ ਨਵਾਂ ਜੰਮਿਆ ਵੱਛਾ ਉਠ ਖੜਾ ਹੁੰਦਾ ਹੈ । ਨਿੱਕਾ ਜਿਹਾ ਫੁੱਲ ਲੱਖਾਂ ਤੁਫਾਨ ਤੇ ਝੱਖੜ ਸਹਾਰਦਾ ਹੈ । ਨਿੱਕਾ ਜਿਹਾ ਬਾਲਕ ਆਪਣੀਆਂ ਨਿੱਕੀਆਂ, ਨਿੱਕੀਆਂ ਟੰਗਾਂ ਤੇ ਖੜਾ ਹੋ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਸਣੇ ਉਨ੍ਹਾਂ ਦੇ ਖੂਹਣੀਆਂ ਲਸ਼ਕਰਾਂ ਨੂੰ ਇਕ ਨੈਣ ਮੱਟਕੇ ਨਾਲ ਨੀਵਾਂ ਕਰ ਸੁੱਟਦਾ ਹੈ ॥
ਜਦ ਇਕ ਬੰਦਾ ਦੂਜੇ ਨੂੰ ਅਜ਼ਲ ਦੇ ਰਾਹਾਂ ਤੇ ਮਿਲਦਾ ਹੈ, ਉਹ ਉਹਦੇ ਵੱਲ ਵੇਖਦਾ ਹੈ ਤੇ ਉਹ ਉਹਦੇ ਵੱਲ । ਨੈਣਾਂ ਨੈਣਾਂ ਦਾ ਸੰਬਾਦ ਹੁੰਦਾ ਹੈ, ਉਹਦੇ ਹੱਡ ਕੰਬਦੇ ਹਨ, ਉਹਦੇ ਹੋਠ ਕੰਬਦੇ ਹਨ, ਹੋਠ ਮਿਲਦੇ ਹਨ, ਬਾਹਾਂ ਕੰਬਦੀਆਂ ਹਨ, ਬਾਹਾਂ ਪਸਾਰ ਆਪੇ ਵਿੱਚ ਮਿਲਦੀਆਂ ਹਨ ਤੇ ਉਸ ਨਾ ਕਦੀ ਮਿਲੇ ਬੰਦਿਆਂ ਦੀਆਂ ਜੱਫੀਆਂ ਵਿੱਚ ਅਜ਼ਲ ਦੀਆਂ ਸਿਞਾਣਾਂ ਸਾਂਝਾਂ ਪੈਂਦੀਆਂ ਹਨ, ਇਸ ਮੇਲ ਵਿੱਚ ਪਿਆਰ ਦੀਆਂ ਅਨੇਕ ਮੂਰਤੀਆਂ ਹਨ ॥
ਇਕ ਪੰਛੀ ਜ਼ਖਮੀ ਹੋ ਡਿੱਗਦਾ ਹੈ, ਇਕ ਬਾਲਕ ਉਹਨੂੰ ਉਠਾ ਕੇ ਘਰ ਲਿਆਉਂਦਾ ਹੈ, ਬਾਲਕ ਨੂੰ ਖਬਰ ਨਹੀਂ ਦਰਦ ਕੀ ਚੀਜ਼ ਹੈ? ਉਹ ਉਸੀ ਤਰਾਂ ਦਾ ਜਖਮ ਆਪਣੀ ਬਾਂਹ ਤੇ ਕਰਕੇ, ਉਹਦੀ ਪੀੜ ਦਾ ਅਨੁਭਵ ਕਰਦਾ ਹੈ ਤੇ ਮੁੜ ਉਹਦੇ ਜ਼ਖਮਾਂ ਨੂੰ ਰਾਜ਼ੀ ਕਰਦਾ ਹੈ ॥
ਈਸਾ ਦਾ ਸਿੱਖ ਬਿਹਬਲ ਹੋਇਆ ਈਸਾ ਨੂੰ ਟੋਲਦਾ ਹੈ। ਇਕ ਰਾਹ ਜਾਂਦੇ ਕੁਸ਼ਟੀ ਨੂੰ ਮਿਲਦਾ, ਉਹਦੇ ਜ਼ਖਮਾਂ ਨੂੰ ਆਪਣੇ ਹੋਠਾਂ ਨਾਲ ਚੰਮਦਾ ਹੈ, ਹਰ ਹੱਥ ਵਿੱਚ, ਕੀ ਰੋਗੀ, ਕੀ ਕੁਸ਼ਟੀ, ਕੀ ਸੋਹਣੀ ਤੀਮੀਂ ਦੇ ਹੱਥ ਵਿੱਚ ਈਸਾ ਦੇ ਹੱਥ ਨੂੰ ਚੁੰਮਦਾ ਹੈ। ਪਿਆਰੇ ਬਿਨਾ ਪਿਆਰ ਕਿੱਥੇ? ਪਿਆਰ ਬਿਨਾ ਸੇਵਾ ਸਿਰਦਰਦੀ ਤੇ ਥਕਾਵਟ ਹੈ ॥
ਇਹ ਤੀਬ੍ਰਤਾ ਤੇ ਇੰਨੀ ਤੇਜ਼ ਧਾਰਾ ਰੂਹ ਦਾ ਵੇਗ ਹੈ । ਕਿਸੀ ਅਕਲ ਦਾ ਕੰਮ ਤਾਂ ਨਹੀਂ, ਇਹ ਪਿਆਰ ਦੇ ਕ੍ਰਿਸ਼ਮੇ ਹਨ । ਸੇਂਟ ਥਰੈਸੀ ਵਿਆਹ ਨਹੀਂ ਕੀਤਾ । "ਮੈਂ ਤਾਂ , ਈਸਾ ਨਾਲ ਵਿਆਹੀ ਹਾਂ" ਤੇ ਜਦ ਹੋਰ ਨਾਲ ਦੀਆਂ ਸਾਧਨੀਆਂ ਉਪਕਾਰ ਦੇ ਕੰਮਾਂ ਥੀਂ ਅੱਕ ਕੇ ਥੱਕ ਕੇ, ਤੰਗ ਹੋ ਕੇ ਸੇਂਟ ਥਰੈਸੀ ਪਾਸ ਆਪਣਾ ਰੋਣਾ ਲੈ ਕੇ ਆਈਆਂ ਤੇ ਆਖਣ ਲੱਗੀਆਂ ਅਸੀ ਤਾਂ ਪੁਰ ਪੁਰ ਦੁਖੀ ਹਾਂ। ਫਲਾਣੇ ਇਹ ਗੱਲ ਆਖੀ, ਢਿਮਕੇ ਇਹ ਗੱਲ ਆਖੀ, ਤਾਂ ਸਹਿਜ ਸੁਭਾ ਸੇਂਟ ਥਰੈਸੀ ਉੱਤਰ ਦਿੱਤਾ, "ਭੈਣੇ! ਅਸੀਂ ਤਾਂ ਈਸਾ ਨਾਲ ਵਿਆਹੀਆਂ ਹਾਂ, ਜਦ ਉਹ ਦੁਨੀਆਂ ਦੇ ਦੁਖੜੇ ਦੂਰ ਕਰ ਕਰਕੇ ਤੇ ਦੁਖੀ ਤ੍ਰੀਮਤਾਂ ਦੀਆਂ ਅਰਦਾਸਾਂ ਸੁਣ ਕੇ ਉਨ੍ਹਾ ਦੇ ਅੱਥਰੂ ਪੂੰਝ ਪੂੰਝ ਕੇ ਥੱਕ ਕੇ ਆਪਣੇ ਘਰ ਆਵੇਗਾ ਕੀ ਅਸੀਂ ਵੀ ਹੋਰਨਾਂ ਵਾਂਗ ਉਹਨੂੰ ਰੋਦੀਆਂ ਹੀ ਮਿਲਾਂਗੀਆਂ, ਤੇ ਉਹਨੂੰ ਆਪਣੇ ਘਰ ਵੀ ਕੋਈ ਘੜੀ ਆਰਾਮ ਦੀ ਨਹੀਂ ਮਿਲੇਗੀ? ਸਾਡਾ ਪਿਆਰ ਕੀ, ਜੇ ਸ਼ਕਾਇਤਾਂ ਦਿਲ ਵਿੱਚ ਫੁਰਦੀਆਂ ਹਨ, ਸਾਡਾ ਤਾਂ ਚਾ ਹੀ ਅਮਿਟ ਹੋਣਾ ਲੋੜੀਏ"।
ਭੀਲਣੀ ਆਪਣੇ ਰੱਬ ਲਈ ਮਿੱਠੇ ਬੇਰ ਚੱਖ ਚੱਖ ਕੇ ਰੱਖਦੀ ਰਹੀ, ਤੇ ਜਦ ਉਹ ਆਇਆ ਸੁੱਕੇ ਬੇਰ ਅੱਗੇ ਰੱਖੇ ॥
ਇਕ ਤੀਮੀ ਆਪਣੇ ਚੁਣੇ ਸੋਹਣੇ ਨੂੰ ਚੁੰਮ ਚੁੰਮ ਰੱਬ ਬਣਾ ਦਿੰਦੀ ਹੈ, ਤੇ ਫਿਰ ਸਾਰੀ ਉਮਰ ਸੇਵਾ ਵਿੱਚ ਆਪਾ ਗਾਲ ਦਿੰਦੀ ਹੈ। ਸਹਿਜ ਸੁਭਾ ਅਥਾਹ, ਨਿਰਸੰਕਲਪ, ਸੇਵਾ ਕਰਦੀ ਹੈ, ਜਿਤਨਾ ਵਿਤ ਉਤਨਾਂ ਵਰਤਦੀ ਹੈ, ਹੈ ਤਾਂ ਉਹ ਪਿਆਰ, ਰੱਬੀ ਜੋਤ ਜਿਹੜੀ ਨਿਸਬਾਸਰ ਜਗਦੀ ਹੈ।
ਗੁਰੂ ਸਾਹਿਬ ਉਸ ਸਾਧਨ ਨੂੰ ਭਗਤੀ ਨਹੀਂ ਮੰਨਦੇ, ਜੋ ਆਦਮੀ ਆਪਣੇ ਆਪ ਨੂੰ ਕੁਛ ਸਮਝ ਕੇ ਆਪਣੀ ਤਰਫੋਂ ਰੱਬ ਨੂੰ ਪਿਆਰ ਭੇਜਣ ਦੀ ਕਰਦਾ ਹੈ। ਪਿਆਰ ਉਸੀ ਤਰਾਂ ਰੱਬ ਦਾ ਗੁਣ ਹੈ, ਜਿਸ ਤਰਾਂ ਸੂਰਜ ਦਾ ਗੁਣ ਪ੍ਰਕਾਸ਼ । ਸੋ ਪਿਆਰ-ਵਸਤੂ ਰੱਬ ਥੀਂ ਹੀ ਸਰਵਤ੍ਰ ਵਿਸਤੀਰਤ (ਸਾਰੇ ਵਿਸਤਾਰ ਕਰਦੀ ਫੈਲਦੀ ਹੈ।) ਹੁੰਦੀ ਹੈ, ਜਿੱਥੇ ਜਿੱਥੇ ਪਿਆਰ ਕਣੀ ਹੈ, ਉਹ ਉਸੀ ਤਰ੍ਹਾਂ ਰੱਬ ਵੱਲੋਂ ਆਈ ਹੋਈ ਹੈ, ਜਿਸ ਤਰਾਂ ਸੂਰਜ ਦਾ ਪ੍ਰਕਾਸ਼ ਗੁਲਾਬ ਦੇ ਫੁੱਲ ਵਿੱਚ ਵਸਦਾ ਹੈ, ਮੇਰਾ ਕੁਛ ਨਹੀਂ, ਸਭ ਤੇਰਾ, ਸਭ ਤੂੰ ਹੀ ਤੂੰ। ਇਹ ਪਿਆਰ ਦੀ ਸਹਿਜ ਸੁਭਾ ਕੋਮਲਤਾ ਹੈ । ਸਮੁੰਦ੍ਰ ਵਿੱਚ ਖੇਡਦਾ ਜਲ ਦਾ ਕਿਣਕਾ ਕਿਹਾ ਸੋਹਣਾ ਲਗਦਾ ਹੈ, ਵਖਰੀ ਜਿੰਦ ਵਾਲਾ ਵੀ ਦਿੱਸਦਾ ਹੈ, ਪ੍ਰਕਾਸ਼ ਵਿੱਚ ਉਹ ਕੁਝ ਝਿਲਮਿਲਾਂਦਾ ਹੈ, ਪਰ ਕਿਣਕੇ ਦੀ ਹਸਤੀ ਕੋਈ ਨਹੀਂ, ਸਮੁੰਦ੍ਰ ਨੇ ਹੀ ਉਹਨੂੰ ਸਭ ਸਤਾ ਬਖਸ਼ੀ ਹੋਈ ਹੈ। ਇਉਂ ਪਿਆਰ ਰੂਪ ਵਿੱਚ ਭੇਦ ਕੋਈ ਨਹੀਂ, ਪਰ ਪਿਆਰ ਸਦਾ ਨਿਰੰਕਾਰ ਕਰਤਾਰੀ ਹੈ ਤੇ ਕਰਤਾਰਤਾ ਸਹਿਜ ਸੁਭਾ ਹੈ, ਸੁੰਦਰਤਾ ਦੇ ਰੂਪ ਆਪ ਮੁਹਾਰੇ ਬਣਦੇ ਤੇ ਬਿਨਸਦੇ ਹਨ ॥
ਪਿਆਰ ਹੀ ਰੱਬ ਹੈ, ਇਹ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ:-
'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ'।
"ਹਰਦਮ ਖਿੜੇ ਮਿਲੋ ਹੇ ਮਿਤ੍ਰੋ!
ਤੁਸਾਂ ਮੱਥੇ ਵੱਟ ਨ ਪਾਏ।
ਸੀਨੇ ਸਾਫ ਕੀਨਿਓਂ ਤੁਹਾਡੇ,
ਤੁਸਾਂ ਵੈਰ ਨ ਕਦੇ ਕਮਾਏ।
ਡਿੱਠਿਆਂ ਖਿੜੇ ਕਾਲਜਾ ਸਾਡਾ,
ਅਸਾਂ ਦੇਖ ਦੇਖ ਸੁਖ ਪਾਏ।
(ਭਾਈ ਵੀਰ ਸਿੰਘ ਜੀ)
ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ । ਈਸਾ ਪਾਣੀ ਭਰਨ ਵਾਲੀਆਂ ਪੈਲਿਸਟੀਨ ਦੀਆਂ ਜਵਾਨ ਕੁੜੀਆਂ ਨੂੰ ਕਹਿੰਦਾ ਹੈ:-"ਬੀਬੀਓ! ਮੇਰੇ ਕੋਲ ਉਹ ਪਾਣੀ ਹੈ, ਜੋ ਸਦਾ ਦੀ ਪਿਆਸ ਬੁਝਾਂਦਾ ਹੈ ਤੇ ਜਦ ਹਵਾਰੀ ਪੁੱਛਦੇ ਹਨ, ਅਸੀ ਜੀਵਨ ਦਾ ਨਿਰਬਾਹ ਕਿਸ ਤਰਾਂ ਕਰਾਂਗੇ, ਤਦ ਉਹ ਕਹਿੰਦਾ ਹੈ "ਵੇਖੋ! ਖੇਤਾਂ ਵਿੱਚ ਲਿਲੀਆਂ ਕਿਸ ਤਰਾਂ ਖਿੜ ਰਹੀਆਂ ਹਨ, ਇਹ ਕਿਥੋਂ ਖਾਂਦੀਆਂ ਹਨ। ਨਾ ਹਲ ਵਾਂਹਦੀਆਂ ਹਨ ਨਾ ਕੱਪੜਾ ਬੁਣਦੀਆਂ ਹਨ ਪਰ ਸੁਲੇਮਾਨ ਆਪਣੇ ਐਸ਼ਵਰਜ ਸਮੇਤ ਇਨ੍ਹਾਂ ਥੀਂ ਵਧ ਫਬਨ ਤਾਂ ਨਹੀਂ ਸੀ ਬਣਾ ਸੱਕਦਾ ਫਿਰ "ਸੱਚਾ ਜੀਵਨ ਤਾਂ ਉਨਾਂ ਨੂੰ ਪ੍ਰਾਪਤ ਹੈ ਜਿਹੜੇ ਜੀਵਨ ਨੂੰ ਗਵਾ ਬੈਠੇ ਹਨ", ਪੂਰਬ ਦੇ ਦੇਸ਼ਾਂ ਵਿੱਚ ਸਾਧਬਚਨਾਂ ਨੂੰ ਹੀ ਕਵਿਤਾ ਅਥਵਾ ਉੱਚਾ ਸਾਹਿਤਯ ਮੰਨਿਆ ਹੈ।ਬਾਕੀ ਵਾਕ ਰਚਨਾ ਮੰਨੀ ਹੈ। ਸਾਹਿਤਯ ਦੇ ਰਸਿਕ ਵਾਕ ਰਚਨਾ ਦੇ ਰਸ ਘੜੀ ਪਲ ਲਈ ਲੈ ਲੈਂਦੇ ਹਨ। ਪਰ ਇਹ ਉਨ੍ਹਾਂ ਦਾ ਨਿਸ਼ਚਾ ਸਦਾ ਅਟੱਲ ਹੁੰਦਾ ਹੈ, ਕਿ ਵਾਕ ਰਚਨਾ ਇਕ ਲਫਜ਼ਾਂ ਦੀ ਮਾਯਾ ਹੈ॥
ਕਵਿਤਾ ਦਾ ਰੰਗ ਆਪ ਮੁਹਾਰਾ ਆਉਂਦਾ ਹੈ। ਜਦ ਇਕ ਲਾਜਵੰਤੀ ਦੇ ਪੱਤਿਆਂ ਵਰਗਾ ਨਰਮ ਦਿਲ ਚੜ੍ਹਦੇ ਸੂਰਜ ਨੂੰ ਵੇਖ ਇਕ ਅਕਹਿ ਸੁਖ ਵਿਚ ਜਾਂਦਾ ਹੈ ਤੇ ਜਿਵੇਂ ਨੀਂਦਰ ਆਏ ਵੇਲੇ ਹੱਥ ਪੈਰ ਆਪ-ਮੁਹਾਰੇ ਡਿੱਗ ਪੈਂਦੇ ਹਨ, ਤਿਵੇਂ ਉਸ ਰਸਿਕ ਸੁਖ ਨਾਲ ਬਿਹਬਲ ਹੋ ਓਹਦੇ ਹੱਥ ਪੈਰ ਸਰੀਰ ਮਨ ਆਦਿ ਸਭ ਡਿੱਗ ਪੈਂਦੇ ਹਨ। ਉਹ ਅਕਹਿ ਸੁਖ, ਕਵਿਤਾ ਦੀ ਹਾਲਤ ਹੈ। ਅਸਲ ਵਿੱਚ ਪਾਰਖੀ ਲੋਕਾਂ ਲਈ ਤਾਂ ਬਸ ਉਹ ਦਰਸ਼ਨ ਹੀ ਬਸ ਹਨ, ਐਸੀ ਉੱਚੀ ਅਵਸਥਾ ਵਿੱਚ ਅਰੂੜ ਬੰਦੇ ਦੇ ਦਰਸ਼ਨ ਹੀ ਕਵਿਤਾ ਦੇ ਰਾਗ ਦੇ ਅਲਾਪਨ ਥੀਂ ਵਧ ਕਿਸੀ ਖੁਸ਼ੀ ਦਾ ਅਨੁਭਵ ਹੈ।
ਕਵੀ ਭੀ ਆਪਣੀ ਹਾਲਤ ਥੀਂ ਉਥਾਨ ਹੋ ਕੇ ਕੁਛ ਕਹਿਣਾ ਚਾਹੁੰਦਾ ਹੈ, ਜਿਵੇਂ ਸੂਰਜ ਨੀਲੇ ਸਮੁੰਦ੍ਰ ਵਿੱਚ ਡੁਬ ਕੇ ਉੱਪਰ ਆਉਂਦਾ ਹੈ ਤੇ ਸਾਰੇ ਸਮੁੰਦ੍ਰ ਦੀ ਡੋਬ ਉਹਦੇ ਚੜ੍ਹਾਉ ਵਿੱਚ ਡਲ੍ਹਕਦੀ ਹੈ (ਇਹ ਰੰਗ ਸਮੁੰਦ੍ਰ ਵਿੱਚ ਜਹਾਜ ਤੇ ਚੜ੍ਹਿਆ ਸਵੇਰ ਵੇਲੇ ਸੂਰਜ-ਚੜ੍ਹਦੇ ਸਮੇਂ ਦਾ ਹੈ) ਤਿਵੇਂ ਕਵੀ ਦੇ ਦਿਲ-ਸਮੁੰਦ੍ਰ ਦੀ ਰੰਗਣ ਨਾਲ ਡਲ੍ਹਕਦੀ ਕਵਿਤਾ ਉਦਯ ਹੁੰਦੀ ਹੈ। ਇਕ ਅਨੰਤ ਦੀ ਦ੍ਰਵਿਤਾ ਵਿੱਚ ਘੁਲਿਆ ਕੋਈ ਅਲਾਪ ਹੈ ਤੇ ਉਹ ਕਦੀ ਕਦੀ ਸਦੀਆਂ ਵਿੱਚ ਇਕ ਵੇਰੀ ਇਕ ਅਚੰਬਾ ਕਰ ਦੇਣ ਵਾਲੀ, ਸੁਤਿਆਂ ਦੇ ਰੂਹ ਜਗਾਣ ਵਾਲੀ ਕੋਈ ਇਲਾਹੀ ਸੁਰ ਦੀ ਛੇੜ ਹੈ ਤੇ ਉਹ ਦਿਲ ਨੂੰ ਖਿੱਚ ਪਾਂਦੀ ਹੈ॥
ਉਸੀ ਤਰਾਂ ਜਿਸ ਤਰਾਂ ਇਕ ਹਰਨੀ ਮੂੰਹ ਉੱਚਾ ਕਰਕੇ ਆਪਣੇ ਵਿਛੜੇ ਸਾਥੀ ਦੀ ਆਵਾਜ਼ ਨੂੰ ਸੁਣਦੀ ਹੈ ਤੇ ਬਿਹਬਲ ਹੁੰਦੀ ਹੈ । ਤਿਵੇਂ ਹੀ ਕਵੀ ਦੇ ਦਿਲ ਦੀ ਅਵਾਜ਼ ਸਦੀਆਂ ਦੇ ਕੰਨ ਖੜੇ ਕਰ ਦਿੰਦੀ ਹੈ।
ਇਹ ਮਿੱਟੀ ਘੱਟਾ, ਇਹ ਕਾਹਲਾਪਣ ਖੱਪ, ਕ੍ਰਿਝ, ਇਹ ਧੂੜ ਲਿਬੜੀ ਅਣ ਨਹਾਤੀ ਜਿਹੀ ਮਾਦੀ ਭਾਰੀ ਹਾਲਤ ਨੂੰ ਸਾਫ ਸੁਥਰਾ ਕਰਕੇ ਹਲਕਾ ਫੁੱਲ ਕਰ ਦਿੰਦੀ ਹੈ। ਜਿਸਮ ਥੀਂ ਉਠ ਬੰਦੇ ਨੂੰ ਰੂਹ ਵਿੱਚ ਕਾਇਮ ਕਰ ਦਿੰਦੀ ਹੈ । ਬਸ ਐਸੀ ਕਵੀ ਦੀ ਆਵਾਜ਼ ਹੈ:-
ਕਵਿਤਾ ਨੈਣਾਂ ਵਿੱਚ ਸੁਫਨੇ ਲਟਕਾ ਦਿੰਦੀ ਹੈ । ਦਿਲਾਂ ਵਿੱਚ ਅਸ਼ਰੀਰੀਆਂ ਦੇ ਮੇਲੇ ਕਰਾ ਦਿੰਦੀ ਹੈ। ਨਵਾਂ ਅਕਾਸ਼, ਨਵੀਂ ਧਰਤ, ਨਵੀਂ ਦੁਨੀਆਂ ਤੇ ਸੋਹਣੀ ਦੁਨੀਆਂ ਰਚ ਵਿਖਾਂਦੀ ਹੈ। ਹਰ ਇਕ ਜਵਾਨ ਗੱਭਰੂ ਤੇ ਜਵਾਨ ਕੁੜੀ ਉੱਪਰ ਆਪਣੀ ਜਵਾਨੀ ਇਕ ਕਵਿਤਾ ਦਾ ਰੰਗ ਜਮਾਂਦੀ ਹੈ। ਉਨ੍ਹਾਂ ਲਈ ਅਕਾਸ਼ ਧਰਤ ਨਵੇਂ ਹੋ ਜਾਂਦੇ ਹਨ। ਇਕ ਅਜੀਬ ਅਨੋਖਾ ਚਾ ਉਨ੍ਹਾ ਦੀ ਰਗ ਰਗ ਵਿੱਚ ਗੇੜੇ ਲਾਂਦਾ ਹੈ। ਭਾਵੇਂ ਉਸ ਜਵਾਨੀ ਦਾ ਚਾ ਕੁਸੰਭੇ ਦਾ ਰੰਗ ਹੁੰਦਾ ਹੈ, ਥੋੜਾ ਚਿਰ ਰਹਿੰਦਾ ਹੈ, ਸ਼ਰਾਬ ਦੇ ਨਸ਼ੇ ਵਾਂਗ ਉਤਰ ਜਾਂਦਾ ਹੈ, ਤਾਂ ਵੀ ਇਕ ਭਾਨ ਮਾਤ੍ਰ ਵਿਖਾਵਾ ਤਾਂ ਕਵਿਤਾ ਦੇ ਰੰਗ ਦਾ ਹਰ ਕੋਈ ਆਪ ਬੀਤੀ ਗੱਲ ਵਾਂਗ ਸਾਖਯਾਤਕਾਰ ਕਰ ਲੈਂਦਾ ਹੈ। ਕਵਿਤਾ ਦਾ ਰੰਗ ਬਸ ਉਹੋ ਜਿਹਾ ਹੈ, ਪਰ ਪੱਕਾ ਰੰਗ ਮਜੀਠੀ ਹੁੰਦਾ ਹੈ।ਜਿਸ ਬੰਦੇ ਨੂੰ ਸਦਾ ਜਵਾਨੀ ਦਾ, ਸਦਾ ਬਹਾਰ ਦਾ ਖੇੜਾ ਚੜ੍ਹਿਆ ਰਹੇ, ਕੇਸ ਧੌਲੇ ਹੋ ਜਾਣ, ਹੱਡੀ ਮਾਸ ਸਿਥਲ ਹੋ ਜਾਏ, ਨਿਰਬਲ, ਗਰੀਬ ਹੋਵੇ ਪਰ ਰੂਹ ਵਿੱਚ ਸਦਾ ਬਸੰਤ ਦੇ ਰੰਗ ਖਿੜੇ ਹੋਣ ਉਹ ਭਾਵੇਂ ਇਕ ਅੱਖਰ ਨਾ ਲਿਖੇ ਭਾਵੇਂ ਇਕ ਵਚਨ ਨਾ ਬੋਲੇ, ਉਹ ਕਵੀ ਹੈ ॥
ਉਹਦਾ ਤੱਕਣਾ, ਉਹਦੇ ਬਾਂਹ ਦੀ ਉਲਾਰ, ਉਹਦਾ ਬਹਿਣਾ, ਚਲਣਾ, ਖਾਣਾ, ਪੀਣਾ, ਪਹਿਨਣਾ ਕਾਵਯ ਹੈ, ਜੇ ਕਦੀ ਕੋਈ ਗੱਲ ਕਰੇ ਤਾਂ ਉਹ ਲਿਖ ਲਈ ਜਾਏ, ਉਹ ਉੱਚਾ ਸਾਹਿਤ ਹੈ, ਕਵਿਤਾ ਹੈ ॥ ਕਵਿਤਾ ਜੀਵਨ ਰੰਗ ਹੈ। ਇਸ ਇਕ ਸਤਰ ਲਈ ਵਰ੍ਹਿਆਂ ਬੱਧੀ ਬਿਰਹਾਂ ਦੀ ਝੀਣੀ-ਬਾਣ-ਬਰਖਾ ਸਹਿਣੀ ਪੈਂਦੀ ਹੈ। ਸਾਰੀ ਉਮਰ ਬੀਤ ਜਾਏ ਤੇ ਇਕ ਪੱਕੇ ਫਲ ਵਾਂਗ ਕੋਈ ਬਚਨ ਕਰੇ। ਉਸ ਵਿੱਚ ਸਾਰੀ ਉਮਰ ਦੀ ਸੁਰਤਿ ਦਾ ਤਜਰਬਾ ਗਾ ਉੱਠਦਾ ਹੈ ਤੇ ਉਸ ਬਚਨ ਵਿੱਚ ਰੂਹ ਦੀ ਸਾਰੀ ਤਾਕਤ ਹੁੰਦੀ ਹੈ, ਤੇ ਭਾਵੇਂ ਇਹ ਕਵਿਤਾ ਅਕਲ ਨੂੰ ਨਾ ਵੀ ਉਕਸਾਵੇ, ਉਹ ਰੂਹ ਦੀ ਪਾਲਣਾ ਕਰਦੀ ਹੈ। ਸੁੱਤੀਆਂ ਕਲਾਂ ਨੂੰ ਜਗਾਂਦੀ ਹੈ, ਦਿਲ ਦੇ ਦੀਵੇ ਬਾਲਦੀ ਹੈ ਤੇ ਢੱਠਿਆਂ ਨੂੰ ਆਸਰਾ ਦਿੰਦੀ ਹੈ। ਸਿਦਕ ਆਪ-ਮੁਹਾਰਾ ਆਉਂਦਾ ਹੈ। ਬਿਨਾ ਦਲੀਲਾਂ ਦੇ ਤੇ ਅਕਲੀ ਸਮਝੌਤਿਆਂ ਦੇ ਸਹਿਜ ਸੁਭਾ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਹੈ ਸੱਚ ਤੇ ਜਦ ਇਹੋ ਜਿਹੇ ਵਚਨਾਂ ਨੂੰ ਮੁੜ ਮੁੜ ਪੜ੍ਹੀਏ ਉਹ ਸਦਾ ਨਵੀਂ ਚਮਕ ਤੇ ਉਜਲਤਾ ਰੂਹ ਨੂੰ ਦਿੰਦੇ ਹਨ, ਬਿਪਤਾ ਵੇਲੇ ਉਨ੍ਹਾਂ ਨੂੰ ਮੁੜ ਮੁੜ ਛੋਹਣ ਤੇ ਦਿਲ ਕਰਦਾ ਹੈ । ਤੇ ਉਨ੍ਹਾਂ ਵਚਨਾਂ ਦੇ ਪਾਠ ਵਿੱਚ ਰੂਹ ਨੂੰ ਅਰਾਮ ਮਿਲਦਾ ਹੈ ; ਕਹਿੰਦੇ ਹਨ ਜਦ ਹਰਨਾਕਸ਼ ਨੇ ਆਪਣੀ ਭੈਣ ਹੋਲੀ ਨੂੰ ਕਿਹਾ ਕਿ ਪ੍ਰਹਿਲਾਦ ਨੂੰ ਝੋਲੀ ਵਿੱਚ ਬਿਠਾ ਕੇ ਬਲਦੇ ਭਾਂਬੜ ਵਿੱਚ ਜਾ ਬੈਠੇ । ਹੋਲੀ ਤਾਂ ਕਿਸੀ ਜਾਦੂ ਦੀ ਕਲਾ ਕਰਕੇ ਨਹੀਂ ਸੜਨ ਲੱਗੀ ਤੇ ਪ੍ਰਹਿਲਾਦ ਇਸ ਵਿਉਂਤ ਨਾਲ ਸੜ ਜਾਸੀ । ਪ੍ਰਹਿਲਾਦ ਦੇ ਵਿੱਚ ਗਿਆਂ ਭਾਂਬੜ ਠੰਢਾ ਹੋ ਗਿਆ, ਇਹ ਕਰਾਮਾਤ ਜੜੇ ਜਾਦੂਆਂ ਦੀ ਨਹੀਂ ਹੁੰਦੀ । ਇਹ ਸਭ ਰੂਹ ਦੇ ਦੇਸ਼ਾਂ ਦੇ ਅਲੰਕਾਰ ਹਨ । ਸਭ ਕ੍ਰਿਸ਼ਮੇ ਰੂਹ ਦੇ ਦੇਸ਼ਾਂ ਦੇ ਹੁੰਦੇ ਹਨ। ਪ੍ਰਹਿਲਾਦ ਸਾਧਬਚਨਾਂ ਦੇ ਸਿਮਰਨ ਵਿੱਚ ਵਲੇਟਿਆਂ, ਕੱਜਿਆਂ, ਤੇ ਉਸ ਰਛਿਆ ਨੂੰ ਪਾਕੇ ਜਦ ਬਲਦੀ ਅੱਗ ਵਿੱਚ ਗਿਆ, ਅੱਗ ਠੰਢੀ ਹੋ ਗਈ। ਇਹ ਅਸਰ ਸੱਚੀ ਕਵਿਤਾ ਦਾ ਹੈ । ਜਦ ਉਹ ਸਾਡੇ ਨਾਲ ਹੋਵੇ ਤਦ ਆਸ਼ਾ ਤ੍ਰਿਸ਼ਨਾ ਵਿੱਚ ਜਲਦੇ ਜਗਤ ਵਿੱਚ ਰਹਿੰਦੇ ਹੋਏ ਭੀ ਅਸੀ ਠੰਢੇ ਤੇ ਹਲਕੇ ਤੇ ਦੈਵੀ ਅਵਸਥਾ ਵਿੱਚ ਦਿਨ ਸੋਹਣੇ ਕੱਟ ਸੱਕਦੇ ਹਾਂ । ਕਵੀ ਤਾਂ ਦੂਰ ਪਹੁੰਚੀ ਰੱਬ ਦੀ ਕਰਮਾਤ ਹੈ। ਉਹ ਤਾਂ ਕੁਦਰਤ ਦਾ ਕ੍ਰਿਸ਼ਮਾ ਹੈ।
ਮੀਰਾਂ ਬਾਈ ਦਾ ਕਥਨ:-
ਰਾਣਾ ਰੂਠੇ ਨਗਰੀ ਰਾਖੇ,
ਹਰਿ ਰੂਠੇ ਕਹਾਂ ਜਾਣਾ ॥
ਜਰਾ ਪਾਠ ਕਰੋ, ਇਕ ਦੇਵੀ ਆਜ਼ਾਦੀ ਰਗਾਂ ਵਿੱਚ ਭਰਦੀ ਹੈ, ਰੂਹ ਵਿੱਚ ਤਾਕਤ ਆਉਂਦੀ ਹੈ । ਬਾਦਸ਼ਾਹ ਦੇਸ ਨਿਕਾਲਾ ਦਿੰਦੇ ਹਨ। ਜੇ ਮੇਰਾ ਰੱਬ ਨਾ ਰੁਠੇ ਤੇ ਦੁਨੀਆਂ ਦੇ ਬਾਦਸ਼ਾਹਾਂ ਦੀ ਕੀ ਪ੍ਰਵਾਹ ਹੈ ? ਇਕ ਅੰਦਰ ਦਾ ਉੱਚਾ ਇਖਲਾਕ ਤੇ ਆਜ਼ਾਦੀ ਰੂਹ ਦੀ ਸ਼ਿਸਤ ਸਿੱਧੀ ਕਰਦੀ ਹੈ । ਕਦੀ ਆਦਮੀ ਇਸ ਦੇ ਪਾਠ ਥੀਂ ਰੱਜਦਾ ਨਹੀਂ ॥
ਸ੍ਰੀ ਗੁਰੂ ਨਾਨਕ ਚਮਤਕਾਰ ਦੇ ਕਰਤਾ ਜੀ ਦਾ ਕਥਨ:
ਬਾਰਾਂ ਹਿ ਬਰਸ ਬੀਤੇ,
ਬਾਲਮ ਬਿਦੇਸ ਧਾਏ ॥
ਆਯਾ ਨ ਸੁਖ ਸੁਨੇਹਾ,
ਧੌਲੇ ਹੋ ਕੇਸ ਆਏ ॥
ਜਰਾ ਅਮਲ ਕਰਕੇ ਤੱਕ, ਇਨ੍ਹਾਂ ਸਤਰਾਂ ਵਿੱਚ ਕਿੰਨਾਂ ਬਿਰਹਾ ਭਰਿਆ ਹੋਇਆ ਹੈ ॥
ਫਿਰ ਉਨ੍ਹਾਂ ਦੀਆਂ ਇਹ ਸਤਰਾਂ:
ਠਹਿਰ ਜਾਈਂ ਠਹਿਰ ਜਾਈਂ,
ਗੁਰੂ ਦੇ ਪਿਆਰਿਆ ॥
ਪਵਣ ਵੇਗ ਕੌਣ ਰੋਕੇ,
ਬੱਦਲਾਂ ਨੂੰ ਕੌਣ ਠਾਕੇ ॥
ਧੁਰਾਂ ਥੀਂ ਜੋ ਚਾਲ ਪਾਏ,
ਟਰਨ ਨਹੀਂ ਟਾਰਿਆ॥
ਇਨ੍ਹਾਂ ਵਿੱਚ ਰੂਹ ਦੇ ਦੇਸ਼ ਦਾ ਅਕਾਸ਼ ਦਿੱਸਦਾ ਹੈ, ਸਹਿਜ ਸੁਭਾ ਸਪੇਸ ਕੋਈ ਹੋਰ ਆਣ ਪਈ ਹੈ॥
ਮੀਰਾਂ ਬਾਈ ਤੇ ਭਾਈ ਸਾਹਿਬ ਜੀ ਦੀ ਕਵਿਤਾ ਸਿੱਖ ਕਵਿਤਾ ਹੈ, ਇਥੇ ਉਨ੍ਹਾਂ ਦੇ ਪਿਆਰੇ ਗੁਰੂਆਂ ਦੀ ਕਵਿਤਾ ਦਾ ਜ਼ਿਕਰ ਹੀ ਨਹੀਂ ਕਰਦੇ, ਕਿਉਂਕਿ ਉਹ ਤਾਂ ਉਹ ਸ਼ਬਦ ਹਨ, ਜਿਨ੍ਹਾਂ ਨੂੰ ਲੱਖਾਂ ਜ਼ਿੰਦਗੀਆਂ ਅਰਪਣ ਹੋਈਆਂ ਹੋਈਆਂ ਹਨ ਤੇ ਉਹ ਅਰਸ਼ਾਂ ਕੁਰਸ਼ਾਂ ਦੇ ਰਸ ਤੇ ਅਕਾਸ਼ ਤੇ ਸੱਚ ਦੇ ਜਵਾਹਰਾਤਾਂ ਦਾ ਖਜਾਨਾ ਹਨ । ਅਸੀ ਭਾਈ ਸਾਹਿਬ ਦੀ ਕਵਿਤਾ ਉੱਪਰ ਇਥੇ ਕੁਛ ਲਿਖਣਾ ਚਾਹੁੰਦੇ ਹਾਂ, ਪਰ ਇਹ ਦਰਦ ਜਿਹੜਾ ਕੇਲੋਂ ਦੇ ਗਲ ਲੱਗੀ ਵੇਲ ਵਿੱਚ ਆਪ ਨੇ ਦੱਸਿਆ ਹੈ, ਉਹ ਕਿਸ ਤਰਾਂ ਦਿਲ ਦੇ ਚੁੱਪ ਸਰਗਮਾਂ ਵਿੱਚ ਜਾ ਕੋਈ ਰਾਗ ਛੇੜਦਾ ਹੈ:-
ਕੇਲੋਂ ਦੇ ਗਲ ਲਗੀ ਵੇਲ
ਹਾਇ ਨ ਧਰੀਕ ਸਾਨੂੰ,
ਹਾਇ ਵੇ ਨ ਮਾਰ ਖਿੱਚਾਂ,
ਹਾਇ ਨ ਵਿਛੋੜ, ਗਲ
ਲੱਗਿਆਂ ਨੂੰ ਪਾਪੀਆ !
ਹਾਇ, ਨ ਤੁਣੁੱਕੇ ਮਾਰੀਂ !
ਖਿੱਚ ਨ ਫਟੱਕੇ ਦੇ ਦੇ,
ਵਰ੍ਹਿਆਂ ਦੀ ਲੱਗੀ ਸਾਡੀ
ਤੋੜ ਨ ਸਰਾਪੀਆ ।
ਹਾਇ ਨ ਵਲੂੰਧਰੀਂ ਵੇ !
ਸੱਟੀਂ ਨ ਉਤਾਰ ਭੁੰਞੇਂ,
ਸਜਣ ਗਲੋਂ ਟੁੱਟਿਆਂ
ਹੋ ਜਾਸਾਂ ਇਕਲਾਪੀਆਂ !
ਮੇਰੇ ਹੱਡ ਤਾਣ ਨਾਹੀਂ,
ਸੱਕਾਂ ਨ ਖੜੋਇ ਪੈਰੀਂ,
ਖੜੀ ਸਜਣ ਆਸਰੇ ਹਾਂ,
ਅਬਲਾ ਮੈਂ ਅਮਾਪੀਆਂ !
ਪਯਾਰੇ ਨ ਵਿਛੋੜੀਏ ਵੇ
ਮਿਲੇ ਨ ਨਿਖੇੜੀਏ ਵੇ,
ਆਸਰੇ ਨ ਤੋੜੀਏ ਵੇ,
ਅਵੇ ! ਪਾੜੀਏ ਨ ਜੋੜੀਆਂ ।
ਵਸਲ ਵੇਖ ਖੀਝੀਏ ਨਾ,
ਅੱਡ ਕਰ ਰੀਝੀਏ ਨਾ,
ਇਕ ਹੋਈਆਂ ਜਿੰਦੀਆਂ ਦੀਆਂ
ਹੁੰਦੀਆਂ ਨਹੀਓਂ ਕੋੜੀਆਂ ।
ਵਿੱਥ ਵਾਲੇ ਜੱਗ ਵਿਚ
ਵਿੱਥਾਂ ਪਈਆਂ ਚੱਪੇ ਚੱਪੇ,
ਅੱਡ ਅੱਡ ਸਭ ਕੋਈ,
ਜੋੜੀਆਂ ਨੀ ਥੋੜੀਆਂ ।
ਵਿੱਥਾਂ ਮੇਟ ਇੱਕੋ ਹੋਏ
ਉਹਨਾਂ ਵੇਖ ਰੀਝਣਾਂ ਵੇ
ਬਾਹੀਂ ਗਲੇ ਲਿਪਟੀਆਂ
ਨ ਚਾਹੀਏ ਕਦੇ ਤੋੜੀਆਂ ।
ਬਨਫਸ਼ੇ ਦੇ ਫੁੱਲ ਵਿੱਚ ਆਪ ਇਕ ਆਪਣੇ ਜੀਵਨ ਦਾ ਭੇਤ ਇਕ ਕਾਵਯ ਰਸ ਦੇ ਨਖਰੀਲੇ ਅੰਦਾਜ਼ ਵਿੱਚ ਦੱਸਦੇ ਹਨ । ਬਨਫਸ਼ਾ ਦਾ ਫੁੱਲ
ਮਿਰੀ ਛਿਪੀ ਰਹੇ ਗੁਲਜ਼ਾਰ,
ਮੈਂ ਨੀਵਾਂ ਉੱਗਿਆ;
ਕੁਈ ਲਗੇ ਨ ਨਜ਼ਰ ਟਪਾਰ,
ਮੈਂ ਪਰਬਤ ਲੁੱਕਿਆ,
ਮੈਂ ਲਿਆ ਅਕਾਸ਼ੋਂ ਰੰਗ
ਜੁ ਸ਼ੋਖ਼ ਨ ਵੰਨ ਦਾ;
ਹਾਂ, ਧੁਰੋਂ ਗ਼ਰੀਬੀ ਮੰਗ,
ਮੈਂ ਆਯਾ ਜਗਤ ਤੇ ।
ਮੈਂ ਪੀਆਂ ਅਰਸ਼ ਦੀ ਤ੍ਰੇਲ,
ਪਲਾਂ ਮੈਂ ਕਿਰਨ ਖਾ;
ਮੇਰੀ ਨਾਲ ਚਾਂਦਨੀ ਖੇਲ,
ਰਾਤਿ ਰਲ ਖੇਲੀਏ ।
ਮੈਂ ਮਸਤ ਆਪਣੇ ਹਾਲ,
ਮਗਨ ਗੰਧਿ ਆਪਣੀ;
ਹਾਂ, ਦਿਨ ਨੂੰ ਭੌਰੇ ਨਾਲ
ਬਿ ਮਿਲਨੋਂ ਸੰਗਦਾ ।
ਆ ਸ਼ੋਖ਼ੀ ਕਰਕੇ ਪੌਣ
ਜਦੋਂ ਗਲ ਲੱਗਦੀ,
ਮੈਂ ਨਾਹਿੰ ਹਿਲਾਵਾਂ ਧਉਣ
ਵਾਜ ਨ ਕੱਢਦਾ ।
ਹੋ, ਫਿਰ ਬੀ ਟੁੱਟਾਂ, ਹਾਇ !
ਵਿਛੋੜਨ ਵਾਲਿਓ ।
ਮੇਰੀ ਭਿੰਨੀ ਇਹ ਖ਼ੁਸ਼ਬੋਇ
ਕਿਵੇਂ ਨ ਛਿੱਪਦੀ ।
ਮਿਰੀ ਛਿਪੇ ਰਹਿਣ ਦੀ ਚਾਹਿ,
ਤਿ ਛਿਪ ਟੁਰ ਜਾਣ ਦੀ;
ਹਾ, ਪੂਰੀ ਹੁੰਦੀ ਨਾਂਹਿੰ,
ਮੈਂ ਤਰਲੇ ਲੈ ਰਿਹਾ ।
ਇਸ ਵਿੱਚ ਸ਼ੱਕ ਨਹੀਂ, ਕਿ ਕਵਿਤਾ ਆਪਣੀ ਹੀ ਬੋਲੀ ਵਿਚ ਉਸ ਖਾਸ ਦੇਸ਼ ਦੇ ਵਾਸੀਆਂ ਨੂੰ ਰੂਹ ਤਕ ਅਪੜਾ ਸੱਕਦੀ ਹੈ। ਇਹ ਅਸੰਭਵ ਹੈ, ਕਿ ਅੰਗੇਜ਼ੀ ਕਵਿਤਾ ਤੇ ਉਹਦਾ ਉਚਾਰਣ ਸਾਨੂੰ ਪੰਜਾਬੀਆਂ ਨੂੰ ਉੱਨਾਂ ਤੀਖਣ ਤੇ ਮਿੱਠਾ ਤੇ ਰਸੀਲਾ ਲੱਗੇ ਜਿਸ ਤਰਾਂ ਅੰਗ੍ਰੇਜ਼ਾਂ ਨੂੰ ਲੱਗਦਾ ਹੈ। ਮੇਰੀ ਜਾਚੇ ਇਹ ਨਾਮੁਮਕਨ ਹੈ, ਕਿ ਪੰਜਾਬੀ ਦਿਲ ਨੂੰ ਹਿੰਦੀ ਤੇ ਉਰਦੂ ਬੋਲੀ ਕਦੀ ਰੂਹ ਨੂੰ ਚੰਗੀ ਲੱਗੇ। ਜਿਸ ਵੇਲੇ ਪੰਜਾਬੀ ਮਾਂ ਤੇ ਭੈਣਾਂ ਆਪਣੇ ਪੁਤ ਤੇ ਭਰਾ ਦੇ ਗੁਜ਼ਰ ਜਾਣ। ਉੱਪਰ ਰੁਦਨ ਕਰ ਕਰ ਵੈਣ ਪਾਂਦੀਆਂ ਹਨ, ਉਹ ਵੈਣ। ਕਦੀ ਵੀ ਅੰਗ੍ਰੇਜ਼ੀ ਯਾ ਪਾਰਸੀ ਯਾ ਉਰਦੂ ਯਾ ਹਿੰਦੀ ਵਿੱਚ ਨਹੀਂ ਹੋ ਸਕਦੇ। ਸੋ ਜਿਸ ਤਰਾਂ ਮਾਂ ਦੇ ਖੂਨ ਤੇ ਹੱਡੀ ਨਾਲ ਸਾਡਾ ਰਿਸ਼ਤਾ ਹੈ, ਇਸੇ ਤਰਾਂ ਉਹਦੀ ਬੋਲੀ ਨਾਲ। ਰੂਹ ਤਕ ਤਾਂ ਮਾਂ ਦੀ ਬੋਲੀ ਅੱਪੜਦੀ ਹੈ, ਸੋ ਕਵੀ ਸਦਾ ਆਪਣੀਆਂ ਦੀ ਬੋਲੀ ਵਿੱਚ ਰਹਿੰਦਾ ਹੈ, ਉੱਸੇ ਨੂੰ ਉੱਚਾ ਕਰਦਾ ਹੈ। ਵਾਕ ਰਚਨਾ ਤਾਂ ਹਰ ਕੋਈ ਹਰ ਬੋਲੀ ਵਿੱਚ ਕਰ ਸੱਕਦਾ ਹੈ । ਜੇ ਉਸਨੂੰ ਅਕਲੀ ਹੁਨਰ ਆਉਂਦਾ ਹੋਵੇ, ਪਰ ਕਵਿਤਾ ਕਦੀ ਪਰਾਈ ਬੋਲੀ ਵਿਚ ਨਹੀਂ ਹੋ ਸੱਕਦੀ।
"ਧਨੁ ਸੁ ਦੇਸੁ ਜਹਾ ਤੂੰ ਵਸਿਆ',
ਮੇਰੇ ਸਜਣ ਮੀਤ ਮੁਰਾਰੇ ਜੀਉ
ਹਉ ਘੋਲੀ ਹਉ ਘੋਲਿ ਘੁਮਾਈ ,
ਗੁਰ ਸਜਣ ਮੀਤ ਮੁਰਾਰੇ ਜੀਉ।
ਇਹ ਇਕ ਸ਼ਬਦ ਦੱਸਦਾ ਹੈ, ਕਿਸ ਤਰਾਂ ਸਤਿਗੁਰਾਂ ਦੇ ਵੇਲੇ ਸਾਡੀ ਮਾਤ ਬੋਲੀ ਉਨ੍ਹਾਂ ਦੇ ਬਸ ਛੋਹਣ ਨਾਲ, ਨਾ ਸਿਰਫ ਉੱਚੀ ਹੋਈ, ਨਾ ਸਿਰਫ ਵੱਡੀ ਹੋਈ, ਗਹਿਰ ਤੇ ਗੰਭੀਰ ਹੋਈ, ਪਰ ਕਿੰਨੀ ਮਿੱਠੀ, ਸੁੱਚੀ ਤੇ ਪਿਆਰੀ ਹੋ ਗਈ॥
ਕਵਿਤਾ ਦੇ ਕਰਤਾ ਤਾਂ ਇਲਾਹੀ ਲੋਕ ਹੋਏ, ਪਰ ਕਵਿਤਾ ਦੇ ਪਾਠ ਕਰਨ ਵਾਲਿਆਂ ਦੇ ਦਿਲ ਵਿੱਚ ਸਥਾਈ ਭਾਵ ਦਇਆ, ਨਿੰਮ੍ਰਤਾ, ਮਿੱਠਤ, ਗਰੀਬੀ, ਤਿਆਗ, ਵੈਰਾਗਯ ਤੇ ਚਾ ਮਿਲਵਾਂ ਹੋਣਾ ਲੋੜੀਦਾ ਹੈ। ਕਵਿਤਾ ਪੜ੍ਹਨ ਵਾਲਿਆਂ ਦੇ ਦਿਲ ਇਕ ਵਗਦੇ ਚਸ਼ਮੇ ਵਾਂਗ ਸਦਾ ਠੰਢੇ ਤੇ ਨਿਰਮਲ ਲੋੜੀਏ।
ਕਵੀ ਦੇ ਮਿੱਠੇ ਬਚਨਾਂ ਦਾ ਪਾਠ ਤਦ ਕਰ ਸੱਕਦੇ ਹਾਂ ਜਦ ਖੁਦਗਰਜੀ, ਕਸ਼ਮਕਸ਼, ਵੈਰ-ਵਿਰੋਧ, ਤੇ ਦੁਨਯਾਦਾਰੀ ਦੀਆਂ ਕਮੀਨੀਆਂ ਘਬਰਾਟਾਂ ਦਾ ਘੱਟਾ ਦਿਲ ਥੀਂ ਸਾਫ ਹੋ ਚੁੱਕਿਆ ਹੋਵੇ। ਅੱਖ ਵਿਚ ਕੋਈ ਜਵਾਲਾ ਲਿਸ਼ਕਾਂ ਮਾਰਦੀ ਹੋਵੇ, ਦਿਲ ਵਿਚ ਬਿਹਬਲਤਾ ਹੋਵੇ, ਹੱਥ ਪੈਰ ਅਚਲ ਚਾ ਵਿੱਚ ਚੰਚਲ ਹੋਣ, ਤੇ ਰੂਹ ਕਿਸੇ ਮੌਤ ਵਰਗੇ ਪਿਆਰ ਵਿੱਚ ਖਿੱਚਿਆ ਹੋਵੇ। ਜਿਹੜੇ ਇਕ ਦੁਨੀਆਂ ਦੇ ਕੂੜੇ ਠੋਸ ਪਦਾਰਥਾਂ ਨੂੰ ਸੱਚ ਵੇਖ ਰਹੇ ਹਨ, ਉਨ੍ਹਾਂ ਦੇ ਉਹ ਨੈਣ ਨਹੀਂ ਹਨ ਜੋ ਕਵੀ ਨੂੰ ਪਛਾਣ ਸੱਕਣ। ਫਰਕ ਦੇਖੋ, ਇਨ੍ਹਾਂ ਲਈ ਤਾਂ ਦਿਸਣ ਪਿਸਣ ਦੇ ਝਮੇਲੇ ਸੱਚ, ਤੇ ਕਵੀ ਲਈ ਇਹ ਸਭ ਕੂੜ। "ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ"। ਕਵੀ ਦਾ ਸੱਚ ਇਹ ਨਹੀਂ, ਉਹ ਹੈ:-"ਸਚੁ ਤਾ, ਪਰੁ ਜਾਣੀਐ ਜਾ ਰਿਦੈ ਸਚਾ ਹੋਇ' ਤੇ 'ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥ ਨਾਉ ਸੁਣਿ ਮਨੁ ਰਹਸੀਐ ਤਾ ਪਾਵੈ ਮੋਖੁ ਦੁਆਰੁ"। ਕਵੀ ਤਾਂ ਕਾਲੇ ਬੱਦਲਾਂ ਦੇ ਸਮੂਹ ਵਿੱਚ ਇਕ ਲਿਸ਼ਕਦੀ ਚਾਂਦੀ ਦੀ ਲਕੀਰ ਵੇਖ ਖੁਸ਼ ਹੁੰਦੇ ਹਨ। ਠੀਕ, ਨਿਰਾ ਕਾਲਾਪਣ ਕੁਸੁਹਣਾ ਨਹੀਂ, ਜੇ ਬੱਦਲਾਂ ਵਾਲੀ ਕੋਈ ਲਿਸ਼ਕ ਹੋਵੇ ਤੇ ਜੇ ਉਨ੍ਹਾਂ ਵਰਗਾ ਬਰਖਾ ਕਰਨ ਵਾਲਾ ਦਿਲ ਹੋਵੇ, ਜੇ ਕਾਲਿਆਂ ਵਿਚ "ਥਰਰ ਥਰਰ'' ਕੋਈ "ਖਿਰਣ" ਹੋਵੇ ਤਦ ਮੋਰ ਪੈਲ ਪਾਣ ਲਗ ਜਾਂਦੇ ਹਨ। ਲੰਕਾ ਵਾਸੀਆਂ ਨੇ ਇਕ ਵੇਰੀ ਅੱਕ ਕੇ ਕਿਹਾ ਸੀ-
"ਕੰਚਨ ਕੇ ਧਾਮ ਕਾਹੇ ਕਾਮ ਜਹਾਂ ਉਪਾਧ ਰਹੇ, ਰਾਮ ਰਾਜ ਭਲੋ ਜਹਾਂ ਸੋਏਂ ਖਾਏ ਲੋਬੀਆ"।
ਜਿਹੜੀ ਬਿਜਲੀ ਦੀ ਚਿਣਗ ਵਾਂਗ ਤੜਪ ਕੇ ਸ਼ਰੀਰੀ ਮਾਯਾਵੀ ਦੁਨੀਯਾਂ ਥੀਂ ਬਾਹਰ ਨਹੀਂ ਹੋ ਸੱਕਦੇ, ਉਹ ਕਵਿਤਾ ਨੂੰ ਕੀ ਸਿੰਝਾਣ ਸਕਦੇ ਹਨ, ਉਹ ਮਰ ਚੁਕੇ ਹਨ। ਗੁਲਬਕਾਵਲੀ ਸੈਲ ਪੱਥਰ ਤਾਂ ਹੀ ਹੋਈ ਸੀ, ਜਦ ਉਹਨੂੰ ਇਸ "ਕੂੜ" ਦਾ ਕੋਈ ਹੱਥ ਲਗ ਗਿਆ ਸੀ। ਬੰਦੇ ਠੋਸ ਕਾਲੇ ਜਗਤ ਦੇ ਕੂੜ ਨੂੰ "ਸੱਚ" ਮੰਨ ਕੇ ਪੈਰਾਂ ਵੱਲੋਂ ਲਗ ਕੇ ਸਿਰ ਤਕ ਹੌਲੀ ਹੌਲੀ ਸੈਲ ਪੱਥਰ ਹੋ ਜਾਂਦੇ ਹਨ, ਦਿਲ ਦੀ ਧੜਕ ਬੰਦ ਹੋ ਜਾਂਦੀ ਹੈ। ਸ਼ੈਕਸਪੀਅਰ ਨੇ ਵੀ ਕੁਝ ਖਿੱਝ ਕੇ ਕਿਹਾ ਸੀ ਕਿ ਜਿਨ੍ਹਾਂ ਨੂੰ ਕਵਿਤਾ ਚੰਗੀ ਨਹੀਂ ਲਗਦੀ ਉਹ ਲੋਕ ਫਾਂਸੀ ਲਾ ਦਿੱਤੇ ਜਾਣ ਜੋਗੇ ਹਨ ॥
ਇਹੋ ਜਿਹੇ ਮਾਦਾ ਚਿੱਤ ਲੋਕਾਂ ਵਿੱਚ ਤਾਂ ਅੰਤ ਇਹ ਹੁੰਦਾ ਹੈ ਕਿ ਆਦਮੀ ਪਥਰ ਦੇ ਹੋ ਜਾਂਦੇ ਹਨ। ਜਿੱਥੇ ਉਹ ਚੁੱਪ ਕਵਿਤਾ ਦਾ ਰੰਗ ਅੰਦਰੇ ਅੰਦਰ ਸਿੰਜਰਦਾ ਰਹਿੰਦਾ ਹੈ, ਉੱਥੇ ਉਨ੍ਹਾਂ ਬੰਦਿਆਂ ਦੇ ਪਿਆਰ ਨਾਲ ਬ੍ਰਿਛ ਵੀ ਰੂਹ ਹੋ ਜਾਂਦੇ ਹਨ ।
ਲੈਕਫ਼ੈਡੀਊ ਹੈਰਨ ਜਦ ਪਹਿਲਾਂ ਜਾਪਾਨ ਪਹੁੰਚਾ ਤਦ ਪਦਮ ਤੇ ਚੈਰੀ ਦੇ ਫੁੱਲਾਂ ਭਰੇ ਬ੍ਰਿਛ ਦੇਖ ਕੇ ਹੈਰਾਨ ਹੋਇਆ ਸੀ, ਤੇ ਉਸ ਲਿਖਿਆ ਹੈ "ਹਾਏ ! ਇਹ ਬ੍ਰਿਛ ਜਾਪਾਨ ਵਿਚ ਕਿਉਂ ਇਡੇ ਸੁਹਣੇ ਲਗਦੇ ਹਨ ? ਸਾਡੇ ਦੇਸ਼ਾਂ ਵਿਚ ਇਕ ਖਿੜਿਆ ਪਦਮ ਯਾ ਚੈਰੀ ਕੋਈ ਹੈਰਾਨ ਕਰਨ ਵਾਲੀ ਗੱਲ ਨੂੰ ਨਹੀਂ ਜਾਪਦੀ, ਪਰ ਇੱਥੇ ਇਸ ਮੁਲਕ ਵਿਚ ਇਕ ਬ੍ਰਿਛ ਇਕ ਸੁਹਣੱਪ ਤੇ ਸੁਹਜ ਦੀ ਪੂਰਨ ਕਰਾਮਾਤ ਦਿੱਸਦੀ ਹੈ । ਰੂਹ ਨੂੰ ਖਿੱਚਦੀ ਹੈ ਤੇ ਭਾਵੇਂ ਅਸਾਂ ਜਾਪਾਨ ਤੇ ਲਿਖੇ ਅਨੇਕ ਪੁਸਤਕ ਪੜ੍ਹੇ ਹੋਣ ਤੇ ਇਨ੍ਹਾਂ ਨੂੰ ਬ੍ਰਿਛਾਂ ਦੀ ਖੂਬਸੂਰਤੀ ਦੇ ਵਰਣਨ ਪੜ੍ਹੇ ਹੋਣ, ਜਦ ਪ੍ਰਤੱਖ ਇਸ ਦਿਵਯ ਦੀਦਾਰ ਨੂੰ ਕਰਦੇ ਹਾਂ, ਤਦ ਇਕ ਅਚਰਜ ਵਿਸਮਾਦ ਦੀ ਚੁੱਪ ਤੇ ਰਸਿਕ ਚੁੱਪ ਸਾਡੇ ਰੂਹ ਪਰ ਛਾ ਜਾਂਦੀ ਹੈ । ਤੁਸੀਂ ਕੋਈ ਪੱਤੀਆਂ ਨਹੀਂ ਵੇਖ ਰਹੇ, ਬ੍ਰਿਛਾਂ ਨਾਲ ਪਲਮਦੀਆਂ ਇਕ ਫੁਲ-ਪੰਖੜੀਆਂ ਦੀ ਧੁੰਧਲੀ ਕੁਹਰ ਜਿਹੀ ਵੇਖ ਰਹੇ ਹੋ॥
"ਕੀ ਇਨ੍ਹਾਂ ਬ੍ਰਿਛਾਂ ਦੇ ਰੂਹਾਨੀ ਪ੍ਰਭਾਵ ਦਾ ਇਹ ਤਾਂ ਕਾਰਨ ਨਹੀਂ ਕਿ ਇਸ ਦੇਵਤਾ ਧਰਤੀ ਦੇ ਮਨੁੱਖਾਂ ਦੇ ਸਦਾ ਦੇ ਲਗਾਤਾਰ ਲਾਡ ਪਿਆਰ ਨਾਲ ਇਨ੍ਹਾਂ ਬ੍ਰਿਛਾਂ ਵਿੱਚ ਰੂਹ ਆਣ ਪਏ ਹਨ, ਤੇ ਰੂਹ ਪੈ ਜਾਣ ਦੀ ਸ਼ੁਕਰਗੁਜ਼ਾਰੀ ਵਿੱਚ ਇਹ ਬ੍ਰਿਛ ਵੀ ਨਿੱਤ ਨਵੇਂ ਸੋਹਣੇ ਚਾ ਨਾਲ ਆਪਣੇ ਆਪ ਨੂੰ ਨਿੱਤ ਨਵੇਂ ਸੁਹਜ ਨਾਲ ਸੰਵਾਰ ਸੰਵਾਰ ਫਬਾ ਫਬਾ ਆਪਣੇ ਪਿਆਰ ਦੇ ਦਾਤਿਆਂ ਨੂੰ ਇਉਂ ਰੀਝਾ ਰਹੇ ਹਨ ਜਿਵੇਂ ਸੁੰਦਰੀਆਂ ਆਪਣੇ ਆਪ ਨੂੰ ਗਹਿਣੇ ਪਾ ਪਾ ਤੇ ਆਪਣੇ ਕੇਸਾਂ ਦੀ ਧੜੀਆਂ ਲਵਾ ਲਵਾ ਆਪਣੇ ਪਿਆਰ ਦਾਤੇ ਜਵਾਨ ਛਬੀਲੇ ਬਾਂਕੇ ਜਵਾਨਾਂ ਨੂੰ ਰਿਝਾਂਦੀਆਂ ਹਨ । ਇਸ ਵਿਚ ਸ਼ੱਕ ਨਹੀਂ, ਕਿ ਇਨ੍ਹਾਂ ਬ੍ਰਿਛਾਂ ਨੇ ਸੋਹਣੇ ਗੁਲਾਮਾਂ ਵਾਂਗ ਮਨੁੱਖਾਂ ਦੇ ਦਿਲ ਨੂੰ ਰਿਝਾ ਲਿਆ ਹੋਇਆ ਹੈ॥
ਇਸ ਮੁਲਕ ਵਿਚ ਪੱਛਮ ਥੀਂ ਕੋਈ ਵਹਿਸ਼ੀ ਲੋਕੀ ਜਰੂਰ ਆਏ ਜਾਪਦੇ ਹਨ, ਜਿਸ ਕਰਕੇ ਹਰ ਥਾਂ ਅੰਗ੍ਰੇਜ਼ੀ ਵਿੱਚ ਇਹੋ ਜਿਹੇ ਨੋਟਸ ਲੱਗੇ ਪਏ ਹਨ॥
"ਇਸ ਮੁਲਕ ਵਿੱਚ ਬ੍ਰਿਛਾਂ ਨੂੰ ਦੁਖ ਪਹੁੰਚਾਣਾ ਮਨਾ ਹੈ" ॥
ਸਦੀਆਂ ਦੀ ਕਵਿਤਾ-ਅਵਸਥਾ ਦਾ ਅਸਰ ਪੱਥਰਾਂ ਪਹਾੜਾਂ ਬ੍ਰਿਛਾਂ ਤੇ ਪੈਂਦਾ ਹੈ । ਜਿਸ ਤਰਾਂ ਸਾਡੇ ਦੇਸ਼ ਵਿੱਚ ਕਿਸੀ ਸੱਚੇ ਸਾਧ ਦੀ ਕੁਟੀਆ ਵਿੱਚ ਕਦੀ ਇਕ ਰੂਹ ਦਾ ਖੇੜਾ ਤੇ ਆਰਾਮ ਇਉਂ ਹੁੰਦਾ ਸੀ ਜੋ ਸ਼ਿਲਾ ਤੇ ਬ੍ਰਿਛਾਂ ਉਤੇ ਉਨ੍ਹਾਂ ਦੇ ਪਰਛਾਵਿਆਂ ਤੇ ਸਾਯਾਂ ਵਿੱਚ ਸਾਧ ਦੇ ਅੰਦਰ ਦੇ ਪ੍ਰਭਾਵ ਦਾ ਅਸਰ ਪਤੱਖ ਹੁੰਦਾ ਸੀ। ਇਸੀ ਤਰਾਂ ਬੁੱਧ ਮਤ ਦਾ ਸਦੀਆਂ ਦਾ ਅਸਰ ਜਾਪਾਨ ਦੇ ਸਾਰੇ ਜੰਗਲਾਂ ਤੇ ਪਰਬਤਾਂ ਤੇ ਬ੍ਰਿਛਾਂ ਪਰ ਇਸ ਤਰਾਂ ਪਿਆ ਹੋਇਆ ਹੈ, ਕਿ ਮਨੁੱਖ ਤੇ ਕੁਦਰਤ ਦੀ ਇਕ ਸਾਂਝੀ ਧੜਕਦੀ ਜਿੰਦ ਦੀ ਨਬਜ਼ ਦੀ ਆਵਾਜ਼ ਸੁਣਾਈ ਦਿੰਦੀ ਹੈ॥
ਮੁਲਕ ਸਾਰਾ, ਸਮੁੰਦ੍ਰ ਸਾਰਾ ਕਵਿਤਾ ਦਾ ਰੂਪ ਹੋ ਗਿਆ ਜਾਪਦਾ ਹੈ । ਹੁਣ ਪਤਾ ਨਹੀਂ ਕਿ ਪੱਛਮੀ ਵਹਿਸ਼ੀ ਪੁਣੇ ਨੇ ਉੱਥੇ ਵੀ ਜੀਂਦੀਆਂ ਗੁਲਬੁਕਾਵਲੀਆਂ ਨੂੰ ਪਥਰਾ ਦਿਤਾ ਹੋਵੇ, ਯਾ ਸੈਲ ਪੱਥਰ ਹੋਣਾ ਪੈਰਾਂ ਵੱਲੋਂ ਆਰੰਭ ਹੋ ਚੁਕਾ ਹੋਵੇ ॥
ਜਿੱਥੇ ਅਕਲ ਦੀ ਬੇਚੈਨੀ, ਬੇ ਸਿਦਕੀ ਹੈ, ਜਿੱਥੇ ਸੱਚ ਦੇ ਹੋਣ ਥੀਂ ਸ਼ੱਕ ਹੈ, ਉੱਥੇ ਕਵਿਤਾ ਦਾ ਕੰਵਲ ਖਿੜ ਨਹੀਂ ਸੱਕਦਾ । ਜਿਸ ਤਰਾਂ ਫੁੱਲਾਂ ਦਾ ਸੁਹਣੱਪ ਕਿਸੀ ਉੱਚੇ ਤੇ ਅਣੋਖੇ ਅਣਡਿੱਠੇ ਦੇਸ਼ਾਂ ਦੇ ਲੁਕਵੇਂ ਪ੍ਰਭਾਵ ਦਾ ਇਕ ਚਿੰਨ੍ਹ ਮਾਤ੍ਰ ਵਿਕਾਸ਼ ਹੈ, ਉਸੀ ਤਰਾਂ ਕਵਿਤਾ ਲਈ ਵੀ ਜੋ ਮਨੁੱਖ ਦੇ ਰੂਹ ਦੇ ਬਾਗਾਂ ਦਾ ਖੇੜਾ ਹੈ, ਕਿਸੇ ਉੱਚੇ ਖਿੱਚੇ ਪਿਆਰ ਦੀ ਲੋੜ ਹੈ।ਬਿਨਾ ਪਿਆਰ ਨਾ ਕਵਿਤਾ ਜੀ ਸੱਕਦੀ ਹੈ, ਨਾ ਫੁੱਲ ਤੇ ਨ ਸੋਹਣੇ। ਕਵਿਤਾ ਇਕ ਸੋਹਣੀ ਇਸਤ੍ਰੀ ਹੈ, ਜਿਹੜੀ ਆਪਣੀ ਨਿਰਾਦਰੀ ਨੂੰ ਬਰਦਾਸ਼ਤ ਨਹੀਂ ਕਰ ਸੱਕਦੀ ਤੇ ਨਾ ਉਹ ਖੁਸ਼ ਹੋ ਅਲਾਪ ਸੱਕਦੀ ਹੈ, ਜਦ ਤਕ ਉਸ ਨੂੰ ਪੂਜਾ ਤੇ ਪਿਆਰ ਕਰਨ ਵਾਲੇ ਉਸਦੀ ਨਾਜ਼ ਬਰਦਾਰੀ ਨਾ ਕਰਨ। ਕਵਿਤਾ ਭਰੀ, ਠੰਡੀ, ਰਸਿਕ ਸੁਰਤਿ ਦਾ ਸਦਾ-ਸ਼ਿਵ-ਨ੍ਰਿਤਯ ਹੈ। ਇਹ ਜਦ ਹੱਥ ਵਿੱਚੋਂ ਚੁੱਪ ਬੋਲੀ ਵਿੱਚ ਪ੍ਰਕਾਸ਼ ਕਰਦੀ ਹੈ, ਤਦ ਜੀਵਨ ਦੀਆਂ ਰਮਜਾਂ ਦਾ ਅਜੀਬ ਅਸ਼ਾਰਿਆਂ ਨਾਲ ਪਤਾ ਦਿੰਦੇ ਚਿਤ੍ਰਾਂ ਵਿੱਚ ਬੋਲਦੀ ਹੈ। ਰੰਗ ਵਿੱਚ ਰਾਗ ਤੇ ਰਾਗਣੀਆਂ ਛੇੜਦੀ ਹੈ। ਬੁੱਤਾਂ ਦੇ ਆਸਰੇ ਸਮਾਧੀ ਦੇ ਅੰਦਰਲੇ ਰਸ ਨੂੰ ਪ੍ਰਗਟ ਕਰਦੀ ਹੈ। ਕਵਿਤਾ ਜਦ ਅੰਦਰ ਸਿੰਜਰ ਜਾਂਦੀ ਹੈ, ਤਦ ਉਹ ਸਾਧੂ ਜੀਵਨ ਹੋ ਨਿਬੜਦੀ ਹੈ॥
ਕਵਿਤਾ ਪਿਆਰ ਦਾ ਕੰਵਾਰਾਪਣ ਹੈ, ਅੰਦਰ ਦੀ ਸੱਚੀ ਪ੍ਰਤੀਤ ਦਾ ਇਕ ਸੁਹਣਾ ਸੁਫਨਾ ਹੈ, ਤੇ ਜੀਵਨ ਦੀ ਕਲੀ ਦਾ ਚਟਕਣਾ ਹੈ। ਕਵਿਤਾ ਰੱਬੀ ਦਰਬਾਰ ਦਾ ਪ੍ਰਕਾਸ਼ ਹੈ। ਕਵਿਤਾ ਦੇ ਪਿੱਛੇ ਅਨੰਤ ਚੁੱਪ ਜੀਵਨ ਦਾ ਸਮੁੰਦ੍ਰ ਹੈ ਤੇ ਸੱਚੀ ਕਵਿਤਾ ਦੀ ਗੋਂਦ ਇਸ ਅਕਹਿ ਵਿਸਮਾਦੀ ਜੀਵਨ ਦੀ ਲਹਿਰ ਹੈ, ਜਿਹੜੀ ਚੰਨ ਸੂਰਜ ਨੂੰ ਆਪਣੀਆਂ ਬਾਂਹਾਂ ਵਿਚ ਪਕੜ ਕੇ ਉਨਾਂ ਨੂੰ ਆਪਣੇ ਖੇਡਣ ਦੇ ਗੇਂਦ ਬਣਾ ਉਛਾਲਦੀ ਹੈ। ਅਨੰਤ ਨੂੰ ਇਕ ਭਾਵ ਦੀ ਹੱਦ ਵਿੱਚ ਬੰਨ੍ਹ ਕੇ ਰੂਪਮਾਨ ਕਰਕੇ ਇਸ ਤਰਾਂ ਦਾ ਚੱਕਰ ਬੰਨ੍ਹਦੀ ਹੈ, ਜਿਸ ਚੱਕਰ ਦੇ ਸਦਾ ਤ੍ਰਿੱਖਾ ਚੱਲਣ ਨਾਲ ਅੰਤ ਦੀਆਂ ਲਕੀਰਾਂ ਮਿਟ ਕੇ ਅਮਿਤ ਪ੍ਰਕਾਸ਼ ਵਿੱਚ ਸਦਾ ਘੁਲਦੀਆਂ ਜਾਂਦੀਆਂ ਗੁੰਮਦੀਆਂ ਦਿਸਦੀਆਂ ਦਿਸਦੀਆਂ ਲੋਪ ਹੁੰਦੀਆਂ ਹਨ ॥
ਹਨੇਰਾ ਏਵੇਂ ਚੰਗਾ ਨਹੀਂ ਲੱਗਦਾ, ਪਰ ਜਦ ਪਯਾਰਾ ਕੋਲ ਹੋਵੇ ਤਾਂ ਚਾਨਣੇ ਥੀਂ ਦਿਲ ਕਾਹਲਾ ਪੈਂਦਾ ਹੈ, ਹਨੇਰਾ ਸੁਖਾਂਦਾ ਹੈ। ਆਸ਼ਾ ਇਹ ਹੁੰਦੀ ਹੈ, ਕਿ ਪਯਾਰ ਦੀ ਤਲਵਾਰ ਦੀ ਮਿੱਠੀ ਤੀਬਰਤਾ ਹੋਰ ਕੋਈ ਤੱਕ ਨਾ ਲਵੇ, ਸਾਰੀ ਦੀ ਸਾਰੀ ਅੰਦਰੇ ਅੰਦਰ ਸਿੰਜਰੇ ॥
ਇਸ ਤਰਾਂ ਦਾ ਸੁਖਾਂਦਾ ਚਾਨਣੇ ਥੀਂ ਵੀ ਮਿੱਠਾ ਹਨੇਰੇ ਦਾ ਪਰਦਾ ਹਰ ਕੋਮਲ ਉੱਨਰ ਵਾਲੇ ਦੇ ਚਿੱਤ ਲਈ ਵੀ ਜ਼ਰੂਰੀ ਹੈ ਅਰ ਬਿਨਾ ਚਿੱਤ ਚਾਨਣ ਦੇ ਦੀਵੇ ਦੇ ਹਿਸਾਏ ਕੋਈ ਰਸਿਕ ਉੱਨਰੀ ਕਿਰਤ ਹੋ ਹੀ ਨਹੀਂ ਸੱਕਦੀ ॥
ਕਾਲੇ ਕਾਲੇ ਬੱਦਲ ਜਦ ਘਟਾ-ਟੋਪ ਆਣ ਪਰਬਤਾਂ ਤੇ ਛਾਂਦੇ ਹਨ, ਪ੍ਰਤੀਤ ਹੁੰਦਾ ਹੈ ਕਾਲੀ ਪ੍ਰਲੈ ਆ ਗਈ ਹੈ, ਪਰ ਜਿਵੇਂ ਹਿਸੇ ਦੀਵਿਆਂ ਵਿੱਚ ਪਿਆਰਾਂ ਵਾਲੇ ਚੁੱਪ ਕੋਈ ਗੱਲਾਂ ਕਰਦੇ ਹਨ ਤੇ ਉਨਾਂ ਦੇ ਹੱਥ ਪੈਰ ਪਿਆਰ ਕਾਂਬਿਆਂ ਵਿਚ ਥਰਰਾਂਦੇ ਹਨ, ਤਿਵੇਂ ਹੀ ਇਸ ਬੱਦਲ ਹਨੇਰੇ ਦੇ ਪਰਦੇ ਪਿੱਛੇ ਕਿਸੀ ਰਸਿਕ ਪੁਰਖ ਦੇ ਹੱਥ ਫੁੱਟੀ ਫੁੱਟੀ ਟੈਹਦੀ ਬਰਫ ਦੀ ਕਲਮ ਫੜੀ ਹੋਈ ਰਸਿਕ ਕਿਰਤ ਵਿੱਚ ਕੰਬ ਰਹੇ ਹਨ ਤੇ ਪਰਦੇ ਅੰਦਰ ਹਨੇਰੇ ਵਿੱਚ ਕੋਈ ਅਕਹ ਦਰਸ਼ਨ ਤਿਆਰ ਹੋ ਰਿਹਾ ਹੈ ਤੇ ਇਸ ਨਿੱਕੀ ਨਿੱਕੀ ਰਸਿਕ ਹਿਲ ਚਿਲ ਦਾ ਪਤਾ ਤਦ ਹੀ ਲੱਗਦਾ ਹੈ, ਜਦ ਉਹ ਗੂੜ੍ਹੇ ਰੰਗ ਰੰਗਣ ਵਾਲਾ ਰੰਗਰੇਜ ਹਨੇਰੇ ਦਾ ਪਰਦਾ ਅੱਧਾ ਖਬੇ ਅੱਧਾ ਸੱਜੇ ਅਚਾਨਕ ਪਰੇ ਕਰਕੇ ਦੂਰ ਬੈਠੀ ਦੂਨ ਦੀ ਅੱਖ ਅੱਗੇ ਇਕ ਨਵੀਂ ਵਿਆਹੀ ਵਹੁਟੀ ਦੇ ਚਮਕਦੇ ਮੁਖ ਵਾਂਗ ਚੋਟੀ ਤੇ ਇਕ ਸੱਜੀ ਹੀਰਿਆਂ ਜੜੀ ਪਰਬਤ ਦੀ ਚੋਟੀ ਦਾ ਵਰਣਨ ਕਰਾਂਦਾ ਹੈ । ਰਾਤੋ ਰਾਤ ਫੰਗ ਲਾਕੇ ਪਰੀ ਵਾਂਗ ਉੱਡ, ਮੱਧਮ ਅਸਮਾਨਾਂ ਵਿਚ ਬਿਨਾ ਧਰਤ ਦੇ ਇਕ ਅਡੋਲ ਖੜੀ ਪਰੀ ਹੈ ਤੇ ਉਸਦੇ ਸਿਰ ਤੇ ਕਿਸ ਤਰਾਂ ਸੂਰਜ ਸੁਹਾਗੇ ਭਾਗੇ ਦੇ ਮੈਂਹਦੀ ਰੰਗ ਛਿੜਕਦਾ ਹੈ ਤੇ ਚੇਹਰਾ ਸੋਹਣੀ ਦਾ ਕਿੰਞ ਸ਼ੋਖੀ ਪਕੜਦਾ ਹੈ ॥
ਸੁਹਣਪ ਦੇ ਦਰਸ਼ਨ ਦੀ ਪੂਜਾ ਤਾਂ ਵੇਖਣ ਵਾਲੀ ਅੱਖ ਕਰਦੀ ਹੈ । ਹਾਂ, ਨਿਰੀ ਅੱਖ ਕਰਦੀ ਹੈ, ਅਡੋਲ ਤੱਕ ਤੱਕ ਮਸਤ ਹੁੰਦੀ ਹੈ । ਉਹ ਮਸਤੀ ਵੇਖਣ ਵਾਲੀ ਅੱਖ ਦੀ ਸੋਹਣੀ ਪੂਜਾ ਹੈ ।
ਕੁਛ ਖੁਸ਼ੀ ਦੇ ਨਸ਼ੇ ਵਿੱਚ ਲਾਲੀ ਅੱਖ ਵਿੱਚ ਝਲਕਦੀ ਹੈ, ਪਰ ਦਰਸ਼ਨ ਕਰਨ ਵਾਲੇ ਦਾ ਰੋਮ ਰੋਮ ਪੂਜਾ ਕਰਦਾ ਹੈ । ਉਹਦੀ ਹਾਲਤ ਸਦਾ ਬਿਹਬਲਤਾ ਦੀ ਹੁੰਦੀ ਹੈ, ਉਹ ਤਾਂ ਬਣਾਂਦੇ ਬਣਾਂਦੇ ਕੰਬਦਾ ਹੈ, ਸਿਰ ਤੋਂ ਲੈ ਕੇ ਪੈਰ ਤੱਕ ਥਰਰਾਂਦਾ ਹੈ, ਇਕ ਇਕ ਕਲਮ ਦੀ ਛੋਹ, ਬੁਰਸ਼ ਰੰਗਾਂ ਦੀ ਛੇੜ ਉਹਨੂੰ ਬਹਾਲ ਕਰਦੀ ਹੈ । ਲੱਖਾਂ ਖੁਸ਼ੀ ਦੀਆਂ ਘੜੀਆਂ, ਪਲ, ਛਿਨ, ਲਖਾਂ ਮਸਤੀ ਭਰੇ ਜੀਵਨ, ਇਕ ਨੂਰਾਨੀ ਚੇਹਰੇ ਦੀ ਦੀਦ ਦੀ ਘੜੀ ਤੱਕ ਉਸ ਉੱਪਰ ਕੁਰਬਾਨ, ਘੋਲੀ, ਵਾਰੇ ਜਾ ਚੁਕੇ ਹਨ । ਇਕ ਰਸਿਕ ਕਿਰਤ ਵਿੱਚ ਲੱਖਾਂ ਰਸਿਕ ਕਰਤਾਰ ਆਏ ਹਨ, ਆਪਣਾ ਹੱਥ ਲਾ ਕੇ ਉਹਦੀ ਕਿਰਤ ਨੂੰ ਭਾਗ ਦੇ ਸੋਹਣੇ ਰੰਗ ਬਖਸ਼ਦੇ ਗਏ ਹਨ। ਉਸ ਰਸਿਕ ਕਿਰਤ ਦੀ ਪਰਦੇ ਪਿੱਛੇ ਹਾਲਤ ਕੁਛ ਇਕ-ਸ਼ਖਸੀ ਨਹੀਂ, ਅਨੇਕ-ਸ਼ਖਸੀ ਹੈ, ਉਹ ਆਪ ਨਰਾਂ ਤੇ ਨਾਰੀਆਂ, ਆਵੇਸਾਂ, ਦੇਵੀ ਦੇਵਤਿਆਂ ਦਾ, ਜਗਮਗ ਕਰਦੀਆਂ ਲਾਟਾਂ ਦਾ ਕੁਛ ਮਿਲਿਆ ਜੁਲਿਆ ਇਕ ਰੰਗ ਹੈ ਜੇਹੜਾ ਪਿਘਲਦਾ ਤੇ ਜੰਮਦਾ, ਮੁੜ ਜੰਮਦਾ ਤੇ ਪਿਘਲਦਾ ਹੈ।ਅੰਦਰ ਕੋਈ ਅਣਡਿੱਠਾ ਜਿਹਾ ਮੰਦਰ ਹੈ, ਪੂਜਾ ਸਦਾ ਉੱਥੇ ਬੁੱਤਾਂ ਦੀ ਹੁੰਦੀ ਹੈ ਤੇ ਇਕ ਆਦਮੀ ਖੜਾ ਪਿਆਰ ਦੀ ਪਾਗਲਤਾ ਵਿੱਚ ਲੱਖਾਂ ਦੀਵੇ ਜਗਾਏ, ਆਰਤੀ ਉਤਾਰਦਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ, ਕਿ ਇਕ, ਪਰਦੇ ਅੰਦਰ, ਸਮੂਹਾਂ ਦੀ ਸੁਹਣਪ ਵਾਲਾ ਹੈ, ਲੱਖਾਂ ਹੀ ਆਦਮੀ ਤੇ ਤੀਮੀਆਂ ਸੋਹਣੇ ਗਹਿਣੇ ਕੱਪੜੇ ਲਾਏ, ਕਿਸੀ ਹੱਥ ਸੰਖ, ਕਿਸੀ ਹੱਥ ਛੈਣੇ, ਕਿਸੀ ਹੱਥ ਕੈਂਸੀਆਂ, ਕਿਸੀ ਹੱਥ ਲਾਟਾਂ, ਕਿਸੀ ਹੱਥ ਘੰਟੀਆਂ, ਕਿਸੀ ਹੱਥ ਢੋਲਕੀ, ਕਿਸੀ ਹੱਥ ਕੋਈ ਸਾਜ, ਕਿਸੀ ਹੱਥ ਕੋਈ ਸਾਜ, ਲੱਖਾਂ ਸਾਜਾਂ ਨਾਵਾਂ ਦਾ ਸਮੂਹ ਆਰਤੀ ਵਿੱਚ ਸ਼ਾਮਲ ਹੈ ਤੇ ਜਗ-ਮਗ ਆਰਤੀ ਹੋ ਰਹੀ ਹੈ ਤੇ ਪਿਆਰ ਵਾਲੇ ਬੁਤਪ੍ਰਸਤ ਦੇ ਆਵਾਜ਼ ਦੀ ਪ੍ਰਤਿ ਧੁਨੀ ਲੱਖਾਂ ਕੰਨਾਂ ਵਿੱਚ ਭਰੀ ਮੰਦਰ ਵਿੱਚ ਗੂੰਜ ਰਹੀ ਹੈ । ਕੁਛ ਇਸ ਤਰਾਂ ਦੀ ਅਜੀਬ ਉਸ ਦਰਸ਼ਨਾਂ ਨੂੰ ਕਰਾਣ ਵਾਲੇ ਦੇ ਰੂਹ ਦੀ ਅਠਪਹਿਰੀ ਹਿਲਜੁਲ ਵਿੱਚ ਆਈ
ਸੋ ਹਰ ਉਨਰ ਵਿਚ, ਕੁਦਰਤ ਦੇ ਦਿਲ ਵਿਚ ਰਹਿੰਦੇ ਕਵੀ-ਕਰਤਾਰਾਂ ਨੂੰ ਪਤਾ ਹੈ ਕਿ ਹਰ ਸੋਹਣੀ ਚੀਜ਼ (ਭਾਵੇਂ ਕਵਿਤਾ, ਭਾਵੇਂ ਚਿਤ , ਭਾਵੇਂ ਬੁੱਤ) ਦੇ ਆਵੇਸ਼, ਆਗਮਨ ਤੇ ਨਿਖਰਨ ਦੀ ਆਪਣੀ ਆਪਣੀ ਸੰਜੋਗੀ ਘੜੀ ਹੁੰਦੀ ਹੈ, ਜਦ ਓਹਦਾ ਅੰਦਰਲਾ ਰਸ ਬੱਝਦਾ ਹੈ ਅੰਦਰ ਦੀ ਕਰਤਾਰੀ ਕਿਰਤ ਦੇ ਖੁੱਲ੍ਹੇ ਦੀਦਾਰ ਕਦੀ ਨਹੀਂ ਹੁੰਦੇ, ਹਮੇਸ਼ਾ ਕਦੀ ਕਵੀ-ਪਰਦੇ ਵਿਚ ਦੀ ਕੋਈ ਕੋਈ ਝਲਕਾ ਵੱਜਦਾ ਹੈ । ਇਉਂ ਤਾਂ ਬਣੀ, ਘੜੀ, ਜੜੀ, ਮੜੀ ਤਸਵੀਰ ਸੋਹਣੀ ਹੈ, ਪਰ ਚਿਤਕਾਰ ਦੇ ਦਿਲ ਵਿਚ ਲਟਕੀ ਤੇ ਚਿਤ ਦੇ ਪਰਦੇ ਉਤੇ (ਜਦ ਉਹ ਬਣ ਰਹੀ ਸੀ) ਓਹਦੀ ਉੱਭਰਦੀ ਸੁਹਣੱਪ ਤੇ ਕਿਣਕਾ ਕਿਣਕਾ ਜੁੜਦੀ ਸੁਹਣੱਪ ਕੁਝ ਹੋਰ ਵੀ ਵਧ, ਸਵਾਦਲੀ ਚੀਜ਼ ਹੈ ।
ਅੱਜ ਅਸੀਂ ਕਵੀ ਚਿਤ ਦੇ ਅੰਦਰ ਹਨੇਰੇ ਵਿਚ ਝਾਤੀਆਂ ਮਾਰ ਕੇ ਦੇਖਣਾ ਚਾਹੁੰਦੇ ਹਾਂ ਕਿ ਓਥੇ ਅਨੇਕਾਂ ਲਟਕੀਆਂ ਤਸਵੀਰਾਂ ਜੇਹੜੀਆਂ ਫੱਬ ਫੱਬ ਕੇ ਆਉਂਦੀਆਂ ਹਨ, ਉਹ ਕਵੀ-ਚਿਤ ਆਪਣੇ ਅੰਦਰ ਕਿਸ ਤਰਾਂ ਬਣਾਂਦਾ ਹੈ ਤੇ ਇਸ ਖੋਜ ਲਈ ਸਾਡਾ ਚਾ ਅੱਜ ਓਸੇ ਤੀਬਰਤਾ ਵਿਚ ਹੈ, ਜਿਹੜਾ ਹਰ ਦਿਲ ਨੂੰ , ਘੁੰਡ ਚੁੱਕ ਕੇ ਨਵੀਂ ਵਹੁਟੀ ਦਾ ਸੱਜਰਾ ਪਿਆਰਾ ਮੂੰਹ ਦੇਖਣ ਲਈ ਆਉਂਦਾ ਹੈ॥
ਕਵੀ ਚਿਤ-ਇਕ ਪਾਰਦਰਸ਼ੀ ਅਨੋਖਾ ਜਿਹਾ ਸ਼ੀਸ਼ਾ ਹੈ, ਸਕੰਦਰ ਦੇ ਜਾਮੇਂ-ਜਮ ਥੀਂ ਹੋਰ ਅਦਭੁਤ ਤੇ ਕਰਾਮਾਤੀ ਹੈ, ਜਿਸ ਵਿੱਚ ਇਕੋ ਵਕਤ ਦੋ ਤਿੰਨ ਕੰਮ ਹੁੰਦੇ ਹਨ । ਇਕ ਤਾਂ ਜੋ ਅਕਸ ਓਸ ਤੇ ਪੈਂਦੇ ਹਨ, ਉਹ ਜੀਂਦੇ ਚਿਤ੍ਰ ਹੋ ਨਿੱਬੜਦੇ ਹਨ, ਉਸ ਵਿੱਚ ਭੋਂ ਵਰਗਾ ਕੋਈ ਖਾਸਾ ਹੈ, ਸੁਹਣੱਪ ਦੇ ਅਕਸ ਦੇ ਬੀਜ ਮਾਨੋ ਜਦ ਉਸ ਚਿੱਤ-ਸ਼ੀਸ਼ਾ ਰੂਪ ਭੋਂ ਤੇ ਪੈਂਦੇ ਹਨ, ਤਦ ਉਹ ਬ੍ਰਿਖ ਬੰਨ ਬੰਨ ਉਥੇ ਆਪਣੇ ਵਕਤ ਸਿਰ ਨਿਕਲਦੇ ਹਨ ਤੇ ਅਕਸ ਵੀ ਜਿਵੇਂ ਅਸੀਂ ਦੱਸ ਆਏ ਹਾਂ, ਬਾਹਰ ਦੀ ਖੁੱਲ੍ਹੀ ਸੁਹਣੱਪ ਦੇ ਬਿਜਲੀ ਦੇ ਚਮਤਕਾਰਿਆਂ ਵਾਂਗ ਪੈਂਦੇ ਹਨ, ਤਾਂ ਤੇ ਦੂਜਾ ਇਸ ਚਿੱਤ ਵਿੱਚ ਇਕ ਅਜੀਬ ਤਰਾਂ ਦੀ, ਸੁਹਣੱਪਣਿਆਂ ਦੀ ਚੋਣ ਦੀ ਤਾਕਤ ਹੈ ਜੇਹੜੀ ਉਸੀ ਤਰਾਂ ਆਪ-ਮੁਹਾਰੀ ਨਿਖਾਰਦੀ ਤੇ ਚੁਣਦੀ ਹੈ, ਜਿਸ ਤਰਾਂ ਫੁੱਲਾਂ ਤੇ ਪੱਤੀਆਂ ਦੇ ਪ੍ਰਮਾਣੂਆਂ ਵਿੱਚ ਸੂਰਜ ਦੀ ਚਿੱਟੀ ਰੌਸ਼ਨੀ ਨੂੰ ਸੱਤ ਰੰਗਾਂ ਵਿੱਚ ਫਾੜਨ ਦੀ ਸਹਿਜ ਸੁਭਾ ਸ਼ਕਤੀ ਹੈ । ਸਾਵਾ ਪੱਤਾ ਹੋਰ ਸਾਰੇ ਰੰਗ ਅੰਦਰ ਜਜ਼ਬ ਕਰ ਲੈਂਦਾ ਹੈ ਤੇ ਰੰਗ ਦੀ ਕਿਰਣ ਨੂੰ ਆਪਣੇ ਥੀਂ ਬਾਹਰ ਕੱਢਕੇ ਸੁੱਟਦਾ ਹੈ, ਇਉਂ ਹੀ ਲਾਲ, ਉਦਾ, ਗੁਲਾਬੀ ਤੇ ਹੋਰ ਰੰਗ । ਰੰਗਾਂ ਦੀ ਸਾਰੀ ਸੁਹਣੱਪ ਪੱਤਿਆਂ ਤੇ ਰੰਗ ਰੰਗੀਲੀਆਂ ਚੀਜ਼ਾਂ ਦੇ ਸਫੈਦ ਨੂਰ ਨੂੰ ਫਾੜਨ ਲਈ ਅੰਦਰਲੇ ਕਰਿਸ਼ਮੇ ਤੇ ਖੜੀ ਹੈ । ਠੀਕ ! ਇਸੀ ਤਰਾਂ ਕਵੀ-ਚਿੱਤ ਵਿੱਚ ਸੁਹਣੱਪਣਿਆਂ ਦੀ 'ਚੋਣ ਦੀ ਤਾਕਤ' ਹੈ ਤੇ ਨਾਲੇ ਨਿਖਾਰਨ ਦੀ ਸ਼ਕਤੀ। ਜਦ ਕੋਈ ਸੋਹਣੀ ਚੀਜ਼ ਕਵੀ-ਚਿੱਤ ਦੇ ਸਾਹਮਣੇ ਆਈ, ਉਹ ਉਹਨੂੰ ਪ੍ਰਮਾਣੂ ਪ੍ਰਮਾਣੂ ਕਰ ਸਿੱਟਦਾ ਹੈ । ਇਹ ਹੰਸ ਵਿਵੇਕ ਵਰਗਾ ਕੋਈ ਗੁਣ ਹੈ ਤੇ ਮੁੜ ਜੋ ਅੰਦਰ ਲਟਕੀਆਂ ਅਣਦਿਸਦੀਆਂ ਆਪਮੁਹਾਰੀਆਂ ਬਣ ਰਹੀਆਂ ਤਸਵੀਰਾਂ ਦੀ ਪਲ ਪਲ ਦੀਆਂ ਲੋੜਾਂ ਹਨ, ਇਨ੍ਹਾਂ ਲਈ ਇਕ ਬੇਹੋਸ਼ੀ ਜਿਹੀ ਵਿੱਚ, ਇਕ ਸਹਿਜ ਸੁਭਾ ਆਪਮੁਹਾਰਤਾ ਵਿੱਚ ਚੁਣਦਾ ਹੈ ਤੇ ਉਹ ਪ੍ਰਮਾਣੂ ਖੜੱਕ ਖੜੱਕ ਉੱਥੇ ਠੀਕ ਸਿੱਧੇ ਜਾ ਜੁੜਦੇ ਹਨ, ਜਿਵੇਂ ਉਨ੍ਹਾਂ ਦੀ ਲੋੜ ਹੈ, ਇਹ ਆਵੇਸ ਦਵਾਰਾ ਅੰਦਰ ਗਈਆਂ ਦੀ ਚੁਮਟ ਵਖਰੀ ਵਖਰੀ ਤਸਵੀਰਾਂ ਦੇ ਅੰਗਾਂ ਨਾਲ ਮਾਦੇ ਦੇ ਅਣੂਆਂ ਤੇ ਪਰਮਾਣੂਆਂ ਦੀ ਅੰਦਰਲੀ ਕੀਮਿਆਈ ਚੁਮਟ ਵਾਂਗ
ਹੁਣ ਇਨ੍ਹਾਂ ਅਕਸਾਂ ਤੇ ਬਾਵਲਿਆਂ ਦੇ ਦੋ ਵੱਖਰੇ ਵੱਖਰੇ ਅਸਰ ਹੁੰਦੇ ਹਨ । ਇਕ ਤਾਂ ਚਿੱਤ੍ਰਾਂ ਦੇ ਨਵੇਂ ਸੱਜਰੇ ਖ਼ਾਕੇ ਸੁਝ ਸੁਝ ਆਪ ਮੁਹਾਰੇ ਅੰਦਰ ਖਿਚੀਂਦੇ ਹਨ ਤੇ ਆਪ ਮੁਹਾਰੇ ਅੰਦਰ ਪਏ ਲਟਕਦੇ ਹਨ।
ਇਹ ਘਾੜਾ ਖਿਆਲ ਫੁਰਨੇ ਦੇ ਖ਼ਾਕੇ ਹਨ, ਅਨੇਕਾਂ (ਸੰਕਲਪ-ਚਿਤ੍ਰ) ਅੰਦਰ ਲਟਕਦੇ ਹਨ, ਇਹ ਅਸਰ ਤਾਂ ਇਨ੍ਹਾਂ ਆਵੇਸ਼ਾਂ ਦੇ ਆਗਮਨ ਦਾ ਕਵੀ ਅਸਰ ਹੁੰਦਾ ਹੈ, ਇਕ ਟਿਕ ਆਵੇਸ਼ ਦੇ ਅਨੇਕ ਰੂਪ ਬਣ ਕੇ ਅੰਦਰ ਲਟਕ ਜਾਂਦੇ ਹਨ। ਮੁਕੰਮਲ ਕੋਈ ਨਹੀਂ ਹੁੰਦਾ, ਕੋਈ ਖ਼ਾਕਾ ਪੂਰਾ, ਕੋਈ ਅੱਧਾ, ਕੋਈ ਇਕ ਲਕੀਰ ਹੀ ਜਿਹੀ, ਕੋਈ ਇਕ ਰੰਗ ਜਿਹਾ ਕੰਬਦਾ ਅੰਦਰ ਆ ਪੈਂਦਾ ਹੈ ਤੇ ਇਕ ਨਵੀਂ ਪਰ, ਤਿਹਾਂ ਵਿੱਚ ਅਣਉਗੜੀ ਦੁਨੀਆਂ ਬਣਨ ਦਾ ਪ੍ਰਭਾਵ ਪੈ ਜਾਂਦਾ ਹੈ ਤੇ ਦੂਜਾ ਅਸਰ ਸਮੇਂ ਤੇ ਘੜੀ, ਪਲ ਦੇ ਰੰਗ ਤੇ ਮਸਤੀ ਤੇ ਬੇਹੋਸ਼ੀ ਅਨੁਸਾਰ ਇਕ ਬਿਜਲੀ ਵਾਂਗ ਕਰਤਾਰੀ ਅੱਗ ਕੂੰਦ ਪੈਂਦੀ ਹੈ। ਉਹ ਲਿਸ਼ਕਾਂ ਅੰਦਰ ਵੜ ਅੱਧੀ ਉਗੜੀ ਚਿੱਤ੍ਰ ਕਵੀ-ਚਿੱਤ ਦੀ ਚਿੱਤ੍ਰ ਦੁਨੀਆਂ ਨੂੰ ਲੋੜੀਦਾ ਰੰਗ, ਰੂਪ ਅਥਵਾ ਰੰਗ ਰੂਪ ਦੇ ਅਣੂ ਤੇ ਪ੍ਰਮਾਣੂ ਦਿੰਦੀ ਹੈ। ਕਵੀ ਸਹਿਜ ਸੁਭਾ ਬਿਨਾਂ ਪ੍ਰਯੋਜਨ ਇਕ ਥਾਂ ਤੇ ਖੜਾ ਕਿਸੀ ਹੋਰ ਕੰਮ ਖੜਾ ਹੈ, ਕੁਛ ਸੌਦਾ ਲੈ ਰਿਹਾ ਹੈ ਤੇ ਉਥੇ ਅਚਾਨਚਕ ਇਕ ਬੜੀ ਰੂਪਵਤੀ ਕੋਈ ਕੰਨਯਾ ਕਿਸੇ ਹੋਰ ਕੰਮ ਆਈ ਹੈ। ਕਵੀ ਦੀ ਅੱਖ ਨੇ ਬੱਸ ਇਕ ਬਿਜਲੀ ਦੀ ਲਿਸ਼ਕ ਜਿਹੇ ਆਵੇਸ਼ੀ ਚਾਨਣੇ ਵਿੱਚ ਉਸ ਕੁੜੀ ਦੇ ਰੂਪ ਵਲ ਤੱਕਿਆ ਤੇ ਉਹਦੇ ਭਰਵੱਟੇ ਦੀ ਕਾਲਖ ਦਿਲ ਨੂੰ ਚੰਗੀ ਲੱਗੀ, ਯਾ ਕੰਨ ਦਾ ਝੁਮਕਾ ਹਿਲਦਾ ਦਿਲ ਨੂੰ ਛੋਹ ਗਿਆ, ਅੱਖ ਦੇ ਪਲਕਾਂ ਵਿੱਚ ਦੀ ਕੋਈ ਲਿਸ਼ਕ ਪਵਿਤ੍ਰਤਾ ਦੈਵਸੱਤਾ ਦੀ ਸੀ, ਇਕ ਇੰਨੇ ਬੜੇ ਅਸਗਾਹ ਰੂਪ ਵਿੱਚੋਂ ਸਾਡੇ ਕਵੀ ਨੂੰ ਪਤਾ ਨਹੀਂ ਕੀ ਚੰਗਾ ਲੱਗਿਆ? ਸਮਾ ਲੰਘ ਗਿਆ ਆਪ ਨੂੰ ਕੁਛ ਪਤਾ ਨਹੀਂ, ਨਜ਼ਾਰਾ ਕਵੀ ਜੀ ਨੂੰ ਭੁੱਲ ਗਿਆ, ਪਰ ਦਸ ਸਾਲ ਬਾਦ ਆਪ ਦੇ ਅੰਦਰੋਂ ਇਕ ਬਣਿਆ ਪੂਰਾ ਚਿੱਤ੍ਰ ਨਿਕਲਿਆ, ਜਿਸ ਵਿੱਚ ਉਹ ਉਸ ਦਿਨ ਦੇਖੀ ਚੰਗੇ ਲੱਗੇ ਅੰਗ ਯਾ ਰੰਗ ਯਾ ਰੂਪ ਦੀ ਝਲਕ, ਪਲਕ, ਮਟਕ, ਅਦਾ ਜੋ ਕੁਛ ਸੀ ਉਹੋ ਇੰਨ-ਬਿੰਨ ਆਪਦੀ ਤਸਵੀਰ ਵਿੱਚ ਆਈ ਪਈ ਹੈ, ਆਪਨੇ ਨਹੀਂ ਕੁਛ ਕੀਤਾ। ਇਹ ਆਪ ਦੇ ਕਵੀ-ਚਿੱਤ ਦੀ ਸਹਿਜ ਸੁਭਾ ਰਸਿਕ ਕਿਰਤ ਹੈ । ਇਉਂ ਸਹਿਜ ਸਭਾ ਆਪ-ਮੁਹਾਰੀ ਕਵੀ-ਚਿੱਤ ਦੀਆਂ ਘਾੜਾਂ ਹੁੰਦੀਆਂ ਹਨ । ਨਿੱਕਾ ਨਿੱਕਾ ਜਗਤ ਵਿੱਚੋਂ ਕੋਈ ਕੋਈ ਰੂਪ ਰੰਗ ਚੰਗਾ ਲੱਗਣਾ, ਬੱਸ ਇਹ ਅਠਪਹਿਰੀ ਠਕ ਠਕ ਹੈ, ਜੇਹੜੀ ਬੁੱਤ ਘੜਦੀ ਹੈ। ਕਵਿਤਾ ਅਰਥਾਤ ਕਵੀ-ਚਿੱਤ ਦੀ ਰਸਿਕ ਕਿਰਤ, ਓਹ ਨਹੀਂ ਜੇਹੜੀ ਬਣ ਬਾਹਰ ਆਂਦੀ ਹੈ, ਜਿਸ ਵੇਲੇ ਬਣ ਕੇ ਚਿੱਤ੍ਰ ਅਥਵਾ ਬੁੱਤ ਬਾਹਰ ਆਯਾ, ਉਹ ਕਵਿਤਾ ਨਹੀਂ ਰਹਿੰਦੀ, ਉਹ ਤਾਂ ਜਗਤ ਵਿੱਚ ਹੋਰ ਲੱਖਾਂ ਜੁੱਸੇ ਵਾਲੀਆਂ ਸ਼ਰੀਰੀ ਸੁਹਣੱਪਾਂ ਵਾਂਗ ਇਕ ਸਥੂਲ ਸੁਹਣੱਪ ਹੈ,
ਸੋ ਕਵੀ-ਚਿੱਤ ਸਦਾ ਆਪਮੁਹਾਰੀ ਨਿੱਸਲਤਾ ਵਿੱਚ ਹੁੰਦਾ ਹੈ, "ਭੋਲੇ ਭਾਵ ਮਿਲੇ ਰਘੁਰਾਇਆ", ਉਹਦੇ ਜੀਵਨ ਦੀ ਜਿਗਰੀ ਲੋੜ ਇਹ ਹੈ ਤੇ ਇਹ ਸੂਝ ਉਹਨੂੰ ਰੱਬ ਨੇ ਆਪਮੁਹਾਰੀ ਦਿੱਤੀ ਹੁੰਦੀ ਹੈ ।
ਸਰਲਤਾ ਯਾ ਅੰਦਰ ਦੇ ਗੂੜ੍ਹੇ ਰੰਗ ਦੀ ਸਚਾਈ ਜਿਹਨੂੰ ਕਹਿੰਦੇ ਹਨ, ਉਹ ਅਭੋਲ ਜਿਹੀ ਅਵਸਥਾ ਵਿੱਚ ਉਹਦੀ ਤਬੀਅਤ ਦਾ ਰੰਗ ਹੁੰਦਾ ਹੈ, ਸਾਰਾ ਦਿੱਸਦਾ ਜਗਤ ਉਹਦੇ ਦਿਲ ਸ਼ੀਸ਼ੇ ਤੇ ਪੈ ਪੈ ਬਾਹਰਲੇ ਦੀ ਅਨਾਤਮਤਾ ਤਿਆਗ ਕੇ ਅੰਤ੍ਰੀਵ ਦੀ ਆਤਮਤਾ ਬਣਦਾ ਹੈ ਤੇ ਕਿਸੀ ਪਦਾਰਥ ਦਾ ਬਾਹਰੋਂ ਉੱਠ ਕੇ ਸਾਡੇ ਅੰਦਰ ਵੜਨ ਤੇ ਵੜਕੇ ਅਪਦਾਰਥ ਹੋ ਸਾਡੇ ਚਿੱਤ ਦੇ ਲੋੜੀਂਦੇ ਰਸ ਵਿੱਚ ਸਮਾ ਜਾਣ ਦਾ ਨਾਂ ਰਸ ਹੈ। ਇਕ ਸਮਾਂ ਕਵੀ ਤੇ ਛਾਂਦਾ ਹੈ ਜਦ ਕੁਲ ਚੀਜਾਂ ਰੱਬ-ਰੂਪ ਵਿੱਚ ਲੀਨ ਹੋ ਰੱਬ ਵਿੱਚ ਸਮਾ, ਰੱਬ ਰੂਪ ਹੋ ਜਾਂਦੀਆਂ ਹਨ।
ਇਸ ਆਲੀਸ਼ਨ ਉਚਾਈ ਵਾਲੀ ਕਵਿਤਾ ਅਰਥਾਤ ਸਾਧ-ਬਚਨ ਜੇਹੜਾ ਕਿ ਸਦਾ ਅਟਲਾਧਾ ਹੁੰਦਾ ਹੈ, ਬਾਣੀ ਹੁੰਦੀ ਹੈ, ਨਿਰੋਲ ਆਤਮਤਾ ਹੁੰਦੀ ਹੈ, ਇੱਥੇ ਤੇ ਅੱਗੇ ਸਹਾਇਕ ਹੁੰਦੀ ਹੈ, ਮੌਤ ਥੀਂ ਪਰੇ ਦੇਸ਼ ਦੀ ਉਹ ਜੀਵਨ-ਸਵਾਸ ਦਾ ਅੰਦਰਲਾ ਗੀਤ ਹੈ ॥
ਕਵਿਤਾ ਸਿਰਫ ਅੰਦਰ ਦੀ ਅਵਸਥਾ ਦਾ ਨਾਂ ਹੈ, ਜਿਸ ਵਿਚ ਧੁਰੀ-ਬਾਣੀ ਆਪਮੁਹਾਰੀ ਰੋਮ ਰੋਮ ਵਿੱਚ ਪਰੋਈ ਬੋਲਦੀ ਹੈ । ਇਉਂ ਅਸੀ ਆਪਣੀ ਬੋਲੀ ਵਿੱਚ ਕੁਛ ਦੱਸ ਸਕਦੇ ਹਾਂ ਕਿ ਕਵਿਤਾ ਰੱਬੀ ਚਰਿੱਤ੍ਰ ਹੈ, ਇਹ ਰੱਬ ਹੋਣ ਦਾ ਇਕ ਸਵਾਦ ਹੈ, ਜੇਹੜਾ ਬੰਦੇ ਨੂੰ ਬੰਦਾ ਕਹਿ ਕੇ ਬੰਦੇ ਦੇ ਰੂਪ ਵਿੱਚ ਨਹੀਂ ਆ ਸਕਦਾ। ਕਵਿਤਾ ਲਿਖਣ ਯਾ ਗਾਣ ਵਾਲੀ ਚੀਜ਼ ਨਹੀਂ, ਆਵੇਸ਼ ਹੈ, ਜਿਹਨੂੰ ਕੁੱਲ ਰਸਿਕ-ਕਿਰਤਾਂ ਗਾਉਂਦੀਆਂ ਹਨ, ਕੁੱਲ ਨਾਚ ਨੱਚਦੇ ਹਨ, ਕੁਲ ਜੀਵਨ ਦੇ ਸਿੱਟੇ ਸਿੱਧੇ ਉੱਚੇ ਹੋ ਟੋਲਦੇ ਹਨ, ਤੇ ਇਸ ਥੀਂ ਥੱਲੇ ਦੀ ਸਭ ਕਵਿਤਾ ਜਿਸ ਵਿਚ ਕੁਲ ਦੁਨੀਆਂ ਦੇ ਕਵੀ, ਚਿਤ੍ਰਕਾਰ ਆਦਿਕਾਂ ਦੀਆਂ ਕਰਨੀਆਂ ਹਨ, ਕਾਲੀਦਾਸ ਤੇ ਸ਼ੈਕਸਪੀਅਰ ਆਦਿ ਸਭ ਇਕ ਸਕੂਲ ਦੇ ਮੁੰਡੇ ਹਨ, ਜੇਹੜੇ ਆਪਣੇ ਇਸ ਯਤਨ ਵਿੱਚ ਹਨ ਕਿ ਕਿਸੀ ਤਰਾਂ ਕਵਿਤਾ ਦੇ ਰੱਬੀ ਰੰਗ ਨੂੰ ਪਹੁੰਚ ਸਕੀਏ ।
ਜਿਵੇਂ ਕਣਕ ਦਾ ਸਿੱਟਾ ਪ੍ਰਕਾਸ਼ ਨੂੰ ਤੱਕਣ ਦੀ ਤਾਂਘ ਵਿੱਚ ਸਿਰ ਉੱਚਾ ਕਰਦਾ ਹੈ, ਤਿਵੇਂ ਇਹ ਸਬ ਹੈਵਾਨ-ਇਨਸਾਨ ਕਵੀ, ਸੂਰਜ ਨੂੰ ਤੱਕਣ ਦੀ ਚਾਹ ਵਿੱਚ ਸਿਰ ਕੱਢ ਰਹੇ ਹਨ, ਪਰ ਜਿਸ ਅਰਥ ਵਿੱਚ ਕਵੀ-ਚਿੱਤ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਸ ਅਰਥ ਵਿੱਚ ਇਹ ਵੱਡੇ ਵੱਡੇ ਦੁਨੀਆਂ ਦੇ ਮੰਨੇ ਪ੍ਰਮੰਨੇ ਕਵੀ ਹੈਵਾਨੀ-ਇਨਸਾਨ ਵਿੱਚ ਬਸ ਵੱਡੇ ਹਨ, ਇਨ੍ਹਾਂ ਦੀ ਅੰਤਰਯਾਮਤਾ ਬਸ ਹੈਵਾਨ ਰੂਪੀ ਕੀੜਿਆਂ ਦੇ ਦਿਲਾਂ ਤੱਕ ਹੈ ।
ਜਿੱਥੇ ਸ਼ੈਕਸਪੀਅਰ ਆਦਿ ਆਪਣੇ ਚੁਗਿਰਦੇ ਦੀ ਜੀਵਨ ਹਿਲਜੁਲ ਦੇ ਅਸਰਾਂ ਹੇਠ ਆਂਦੇ ਹਨ, ਓਸ ਥੀਂ ਉਲਟ ਕਵੀ ਆਪਣੇ ਚੌਗਿਰਦੇ ਦੇ ਅਸਰਾਂ ਥੀਂ ਆਜ਼ਾਦ ਤਬੀਅਤ ਹੁੰਦਾ ਹੈ। ਸੋਨੇ ਦੀ ਡਲੀ ਚਾਹੇ ਠੋਸ ਚਾਹੇ ਪਿਆਲੀ ਹੋਵੇ, ਚਾਹੇ ਚਿੱਕੜ ਵਿੱਚ ਹੋਵੇ, ਚਾਹੇ ਰਾਜ ਸਿੰਘਾਸਣਾਂ ਤੇ ਆਪਣੇ ਅੰਦਰ ਕਦੀ ਮੈਲ ਵੜਨ ਨਹੀਂ ਦਿੰਦੀ,
ਕਵੀ-ਦਿਲ ਤੇ ਚਿੱਤ ਸਦਾ ਕੱਜਿਆ ਹੈ, ਓਹਦੇ ਇਰਦ ਗਿਰਦ ਸਦਾ ਓਸ ਤਰਾਂ ਦਾ ਪ੍ਰਲੈਈ ਹਨੇਰੇ ਧੁੰਧੂ-ਕਾਰਾਂ ਜਿਹਾਂ ਦਾ ਪਰਦਾ ਹੁੰਦਾ ਹੈ, ਜਿਹਦਾ ਰੂਪ ਅਸੀ ਚਿੰਨ੍ਹ ਮਾਤ੍ਰ ਦੱਸ ਆਏ ਹਾਂ । ਜਦ ਕੁਦਰਤ ਆਪਣੀ ਬਰਫਾਨੀ ਕਿਸੀ ਚੋਟੀ ਨੂੰ ਨਵੀਂ ਵਿਆਹੀ ਵਹੁਟੀ ਵਾਂਗ ਸਜਾ ਕੇ ਘੜੀ ਦੀ ਘੜੀ ਛਾਏ ਬੱਦਲਾਂ ਦੇ ਪਰਦੇ ਨੂੰ ਅੱਧਾ ਖੱਬੇ ਅਧਾ ਸੱਜੇ ਕਰ ਦਰਸਾਂਦਾ ਹੈ ਤੇ ਨਾਲੇ ਸੂਰਜ ਦੀ ਟਿਕਾ ਉਸ ਰਸਿਕ ਕਿਰਤ ਤੇ ਨੂਰ ਦੇ ਫੁੱਲ ਵਰਸਾਂਦੀ ਨਜ਼ਰ ਆਉਂਦੀ ਹੈ, ਇਉਂ ਹੀ ਕਵੀ-ਚਿਤ, ਕਵੀ-ਦਿਲ, ਕਵੀ-ਰਸ ਦੀ ਕਿਰਤ ਦਾ ਝਾਕਾ ਸਾਨੂੰ ਕਦੀ ਕਦੀ ਕਿਸੀ ਸਵਾਂਤੀ ਨਛੱਤ੍ਰ ਦੀ ਘੜੀ, ਬਸ ਇਕ ਪਲ ਛਿਣ ਲਈ ਨਸੀਬ ਹੁੰਦਾ ਹੈ ॥
ਕਵੀ-ਚਿੱਤ ਇਕ ਚਿੱਤ੍ਰ ਖਿੱਚਣ ਵਾਲੀ ਬੁੱਤ-ਸ਼ਾਲਾ ਹੈ, ਜਿੱਥੇ ਮਾਦਾ-ਜਗਤ, ਮੁਰਦਾ-ਜਿੰਦਗੀ, ਰੂਹਾਨੀ ਜਗਤ ਦੀ ਸਦਾ ਜੀਵੀ ਜੋਤ-ਜ਼ਿੰਦਗੀ ਦੀ ਸਾਮਿੱਗ੍ਰੀ ਹੈ, ਨਾ ਸਿਰਫ ਰੂਪ, ਰੰਗ ਨੂੰ ਪ੍ਰਮਾਣੂ ਰੂਪ ਕਰ ਰੱਬੀ ਗੁਣਾਂ ਨੂੰ ਚੁਣ ਚੁਣ ਆਪਣੇ ਅੰਦਰ ਭਰਦਾ ਹੈ, ਉਹ ਹਰ ਇਕ ਰੰਗ, ਚਾਲ, ਥੱਰਰਾਹਟ, ਕਾਂਬੇ, ਹਿਲਜੁਲ, ਭਰਵੱਟੇ ਤੇ ਅੱਖਾਂ ਦੇ ਇਸ਼ਾਰਿਆਂ, ਨਦਰਾਂ ਦੇ ਅਰਥਾਂ ਆਦਿ, ਸਭ ਨੂੰ ਆਪਣੀ ਹੰਸ ਵਾਲੀ ਸ਼ਕਤੀ ਦਵਾਰਾ ਪ੍ਰਮਾਣੂ ਪ੍ਰਮਾਣੂ ਕਰ ਸੁੱਟਦਾ ਹੈ ਤੇ ਉਸ ਵਿੱਚੋਂ ਇਨ੍ਹਾਂ ਜ਼ਿੰਦਗੀ ਦੇ ਚੁੱਪ-ਚਾਲਾਂ, ਕਾਂਬਿਆਂ ਤੇ ਇਸ਼ਾਰਿਆਂ ਤੇ ਸੈਣਤਾਂ ਦੇ ਵਿੱਚੋਂ ਰੱਬੀ-ਪ੍ਰਮਾਣੂ ਕੱਢਕੇ ਚੁਣਕੇ ਆਪਣੇ ਦਿਲ ਦੀਆਂ ਲੁਕੀਆਂ ਤੈਹਾਂ ਵਿੱਚ ਰੱਬੀ ਚਿੱਤ ਰੂਪ ਕਰ ਅਕੱਠਾ ਕਰਦਾ ਹੈ ॥
ਜਿਸ ਤਰਾਂ ਇਸ ਹੈਵਾਨੀ ਜੀਵਨ ਖੇਤ੍ਰ ਤੇ ਹੈਵਾਨੀ ਕੁਦਰਤ ਦੇ ਚੁਗਿਰਦੇ ਵਿੱਚਦੀ ਲੰਘਦੇ ਅਸਾਂ ਕਵੀ-ਚਿੱਤ ਨੂੰ ਰੂਪ, ਰੰਗ ਤੇ ਨਾਨਾ ਸ਼ਰੀਰੀ ਜੀਵਨ ਦੇ ਭੂਤਿਕ ਮਾਦਾ ਮਨ ਦੀ ਹਿਲ ਜੁਲ ਆਦਿ ਨੂੰ ਪ੍ਰਮਾਣੂ ਕਰਦੇ ਤੇ ਚੋਣ ਕਰਦੇ ਤੱਕਿਆ ਹੈ, ਇਸੀ ਤਰਾਂ ਹੁਣ ਅਸੀ ਇਹਨੂੰ ਇਸ ਪਦਾਰਥੀ ਚੁਗਿਰਦੇ ਦੇ ਕਰਮ ਖੇਤ੍ਰ ਵਿੱਚੋਂ ਲੰਘਦੇ ਦੇਖ ਸੱਕਦੇ ਹਾਂ ।ਇਹ ਸੋਨੇ ਦੀ ਰੇਖ ਜਿੱਥੇ ਵੱਗੇ ਆਪਣੀ ਚਮਕ ਵਿੱਚ ਹੁੰਦੀ ਹੈ, ਇਹਨੂੰ ਕੋਈ ਆਦਮੀ ਪਿਤਲ ਆਖ ਨਹੀਂ ਸਕਦਾ ॥
ਕਵੀ-ਚਿੱਤ ਕਰਮਾਂ ਭੋਗਾਂ, ਜੋਗਾਂ, ਗ੍ਰਹਿਸਥਾਂ, ਪਾਪਾਂ, ਪੁੰਨਾਂ ਵਿੱਚੋਂ ਦੀ ਲੰਘਦਾ ਆਪਣੇ ਕਰਮਾਂ ਨੂੰ ਵੀ ਪ੍ਰਮਾਣੂ ਪ੍ਰਮਾਣੂ ਕਰ ਸੁੱਟਦਾ ਹੈ, ਤੇ ਕੇਵਲ ਰੱਬੀ ਕਰਮ ਦੇ ਪ੍ਰਮਾਣੂ ਮਿਕਨਾਤੀਸ ਵਾਂਗ ਉਸ ਨਾਲ ਰਹਿੰਦੇ ਹਨ, ਬਾਕੀ ਸਭ ਆਪ-ਮੁਹਾਰੇ ਝੜ ਜਾਂਦੇ ਹਨ। ਕਵੀ ਸਦਾ ਕਰਮਾਂ ਦੀ ਸੇਜਲ ਥੀਂ ਅਣਭਿੱਜਾ ਹੁੰਦਾ ਹੈ, ਲੋਕੀ ਹੈਵਾਨ ਲੋਕੀ ਬੜੇ ਧੋਖੇ ਖਾਂਦੇ ਹਨ, ਮਨ ਦੇ ਪਦਾਰਥਿਕ ਵਿਚਾਰਾਂ ਦੇ ਮਾਰੂ ਰੂਹਾਨੀ ਕਰਿਸ਼ਮੇ ਥੀਂ ਨਾਵਾਕਫ ਹੁੰਦੇ ਹਨ, ਸ਼ਰਾਬੀਆਂ ਵਾਂਗ ਪਾਰਥਿਕ ਬੇਹੋਸ਼ੀ ਵਿੱਚ ਕੁਛ ਦਾ ਕੁਛ ਕਹਿੰਦੇ ਜਾਂਦੇ ਹਨ। ਕਵੀ-ਚਿੱਤ ਤਲਵਾਰ ਚੁੱਕ ਜਦ ਮਾਰਦਾ ਹੈ ਤੇ ਮੈਦਾਨ ਜੰਗ ਵਿੱਚ ਇਕ ਜਰਨੈਲ ਤੇ ਸਿਪਾਹੀ ਵਾਂਗ ਕੱਪੜੇ ਪਾਏ ਕਾਤਲਾਂ ਜਰਾਰਾਂ ਵਾਲੇ ਕਹਿਰ ਕਰਮ ਵਿੱਚ ਦਿਸ ਆਉਂਦਾ ਹੈ, ਤਦ ਇਨਾਂ ਮੋਏ ਮਾਰੇ ਬੰਦਿਆਂ ਦੀ ਪਾਰਸਾਈ ਤੇ ਪਯਾਰ, ਪਾਕੀਜ਼ਗੀ ਆਦਿ ਕੰਬ ਉੱਠਦੇ ਹਨ । ਮੋਏ ਮਨਾਂ ਨੂੰ ਹੌਲ ਪੈ ਜਾਂਦਾ ਹੈ, ਕਿ ਹੈਂ ! ਰੱਬਤਾ ਕਦੀ ਕਤਲ ਕਰਨ ਵਿੱਚ ਵੀ ਹੋ ਸਕਦੀ ਹੈ ?
ਇਹੋ ਕਵੀ ਪੈਗੰਬਰ ਹੋ ਜਾਂਦਾ ਹੈ, ਜਦ ਉੱਪਰ ਦੇ ਰਾਗ ਝਾਵਲੇ ਜ਼ਰਾ ਕਿਸੀ ਅਨੇਮੀ ਬਾਹੁਲਤਾ ਵਿੱਚ ਪੈਣ ਲੱਗ ਜਾਂਦੇ ਹਨ । ਇਹ ਕਵੀ ਫਕੀਰ ਹੋ ਜਾਂਦਾ ਹੈ, ਜਦ ਅੰਦਰ ਦੀ ਖਿੱਚ ਟੁੱਟ ਕੇ ਪੈਂਦੀ ਹੈ ਤੇ ਬਿਜਲੀ ਵਾਂਗ ਮਿਕਨਾਤੀਸੀ ਨੇਮ ਨਾਲ ਇਹ ਗੁਰੂ ਚਰਣਾਂ ਨੂੰ ਸਦਾ ਲਈ ਚਮੋੜ ਦਿੰਦੀ ਹੈ । ਇਹ ਕਵੀ ਚਿੱਤ੍ਰਕਾਰ, ਇਹੋ ਕਵੀ ਬੁੱਤ-ਘੜਨਹਾਰ ਰਸਕ ਕਰਤਾਰੀ ਹੋ ਜਾਂਦਾ ਹੈ । ਕਵੀ-ਦਿਲ ਭਰੀ ਦੁਨੀਆਂ ਵਿਚ ਅਕੱਲਾ ਹੁੰਦਾ ਹੈ ਤੇ ਰੂਹ ਦੀ ਅਕੱਲ ਵਿੱਚ ਉਹਦੀ ਆਪਣੇ ਸਤਿਸੰਗ ਦੀ ਭਰੀ ਦਿਵਯ ਦੁਨੀਆਂ ਹੁੰਦੀ ਹੈ, ਕਵਿਤਾ ਚਾਹੇ ਲਿਖੇ ਚਾਹੇ ਨਾ ਲਿਖੇ, ਕਵੀ ਸਦਾ ਰਸਦਾ ਕਰਤਾਰ ਹੁੰਦਾ ਹੈ।ਓਹਦੀਆਂ ਨਜਰਾਂ, ਓਹਦੀ ਟੋਰ, ਓਹਦੇ ਬੋਲ, ਸਹਿਜ ਸਭਾ ਗੱਲਾਂ ਸਭ ਕਵਿਤਾ ਹਨ ।
ਕੁਛ ਪਤਾ ਨਹੀਂ ਕਿਹੜੀ ਗੱਲ, ਕਿਹੜਾ ਕਰਮ, ਕਿਹੜਾ ਚੋਹਲ ਤੇ ਕਿਹੜੀ ਲਗਨ ਕਵੀ ਨੂੰ ਉਕਸਾਵੇਗੀ ਤੇ ਓਸ ਉਕਸਾਵਟ ਦਾ ਪਰੀਣਾਮ ਪਤਾ ਨਹੀਂ ਕਦ ਘੜੀ ਬਾਦ ਕਿ ੨੦ ਵਰਿਆਂ ਬਾਦ ਕੁਛ ਚੀਜ਼ ਪ੍ਰਗਟ ਹੋ ਬਾਹਰ ਆਵੇਗੀ ? ਕਵੀ ਸਦਾ ਅਰੂਪ ਰੱਬ ਨੂੰ ਰੂਪ-ਮਾਨ ਕਰਦਾ ਹੈ ਤੇ ਰੂਪ-ਮਾਨ ਨੂੰ ਅਰੂਪ ਕਰਦਾ ਹੈ ॥
ਕਵੀ ਜਨ ਸਦਾ ਆਪਣਾ ਨੇਮ ਤੇ ਕਾਨੂੰਨ ਆਪ ਹੁੰਦੇ ਹਨ, ਉਨ੍ਹਾਂ ਨੂੰ ਬਾਹਰ ਦੀ ਲੋਕਾਚਾਰੀ ਤੇ ਦੁਨੀਆਦਾਰਾਂ ਵਾਲੀ, ਵਿਵਹਾਰਕ ਨੀਤੀ ਤੇ ਧਿਆਨ ਫੋਕੀ ਅਕਲ ਉੱਕਾ ਲੋੜ ਨਹੀਂ ਹੁੰਦੀ । ਪ੍ਰਤੀਤ ਇੰਵ ਹੁੰਦਾ ਹੈ, ਜਿਵੇਂ ਉਹ ਬੇਅਸੂਲ, ਅਨੇਮੀ ਤੇ ਬਾਵਲੇ ਜਿਹੇ ਲੋਕ ਹਨ, ਜਿਨ੍ਹਾਂ ਨੂੰ ਦੁਨੀਆਂ ਵਾਲਾ ਇਖਲਾਕ ਵੀ ਕਾਹਲਾ ਪਾਂਦਾ ਹੈ । ਉਹਨਾਂ ਦਾ ਇਖਲਾਕ ਕਿਸੀ ਸ਼ਰੀਅਤ ਦੀਆਂ ਲਕੀਰਾਂ ਅੰਦਰ ਨਹੀਂ ਮਿਟਦਾ, ਅੱਜ ਕੁਛ ਕਹਿੰਦੇ ਹਨ ਕੱਲ ਓਸ ਥੀਂ ਉਲਟ ਕਹਿੰਦੇ ਹਨ। ਕੁਛ ਅਜਲੀ ਲਾ-ਮਕਾਨੀ ਜਿਹੇ ਲੋਕ ਹਨ, ਜਿੱਥੇ ਦੁਨੀਆਂ ਵਾਲਿਆਂ ਦੇ ਸਾਧਾਰਣ ਆਚਰਣ ਤੇ ਸਭਯਤਾ ਦੇ ਖੰਭ ਸੜਦੇ ਹਨ ਤੇ ਵੱਡੇ ਥੀਂ ਵੱਡਾ ਅੱਛੇ ਥੀਂ ਅੱਛਾ ਦੁਨੀਆਂ ਵਾਲਿਆਂ ਦਾ ਆਚਰਣ ਕਵੀ-ਦਿਲ ਨੂੰ ਕੋਈ ਇੱਕ ਅੱਧ ਜੀਂਦਾ ਪ੍ਰਮਾਣੂ ਹਛਾਈ ਦਾ ਦਿੰਦਾ ਹੈ ਤੇ ਉੱਨਾ ਕੁ ਉਨ੍ਹਾਂ ਨੂੰ ਚੋਰਾਂ ਯਾਰਾਂ ਮੰਗਲ ਮੁਖੀਆ ਦੇ ਵਲੂੰਦਰੇ ਜੀਵਨ ਕਥਾ ਥੀਂ ਵੀ ਲੱਝ ਜਾਂਦਾ ਹੈ ॥
ਜਦ ਦੁਨੀਆਂ ਵਾਲੇ ਕਹਿੰਦੇ ਹਨ, ਫਲਾਣਾ ਬੜਾ ਅੱਛਾ ਆਦਮੀ ਹੈ
ਸਭ ਮਨੁੱਖਾਂ ਵਿੱਚ ਥੋਹੜਾ ਬਾਹਲਾ ਕਵੀ-ਚਿੱਤ ਹੈ, ਪਰ ਉਨ੍ਹਾਂ ਆਪਣਾ ਅਕਸ ਸ਼ੀਸ਼ਾ ਗਲਤ ਚੀਜ਼ਾਂ ਦੇ ਪ੍ਰਭਾਵ ਖਿੱਚਣ ਵਲ ਮੋੜਿਆ ਹੋਇਆ ਹੈ । ਦੁਨੀਆਂ ਵਿੱਚੋਂ ਚੋਟੀ ਦੇ ਲੋਕ ਸ਼ੈਕਸਪੀਅਰ ਤੇ ਕਾਲੀਦਾਸ ਵਰਗੇ ਕਵੀ ਉਹੋ ਪਲੇਟ ਕੁਦਰਤ ਜਿਸ ਵਿੱਚ ਹੈਵਾਨ-ਇਨਸਾਨ ਵੀ ਸ਼ਾਮਲ ਹੈ, ਸਿੱਧਾ ਕਰ ਆਦਮੀ ਦੇ ਅੰਦਰ ਦੀ ਅੰਤਯਾਤਮਾ ਦੇ ਕ੍ਰਿਸ਼ਮੇ ਕਰਦੇ ਹਨ, ਪਰ ਇਹ ਵੀ ਹਾਲੇ ਦਿਵ ਕਵਿਤਾ ਦੇ ਰੁਖ਼ ਦੇ ਪ੍ਰਭਾਵ ਨਹੀਂ ਹਨ । ਕੋਈ ਕੋਈ, ਕਦੀ ਕਦੀ ਝਾਵਲਾ ਆਪਮੁਹਾਰਾ ਪੈ ਜਾਂਦਾ ਹੈ, ਅਸਲ ਤਾਂ ਕਵੀ-ਚਿੱਤ ਉਹ ਹੈ, ਜੋ ਆਪਣਾ ਚਿੱਤ ਛੁਪਾ ਲੁਕਾ ਕੇ, ਕਾਲੇ ਪਰਦਿਆਂ ਵਿੱਚ ਬੰਦ ਕਰਕੇ ਕੇਵਲ ਰੂਹਾਨੀ ਤਬਕਿਆਂ ਦੇ ਰਹਿਣ ਵਾਲੇ ਦੇਵਤਿਆਂ ਦੇ ਦਿਲਾਂ ਦੇ ਵਲਵਲਿਆਂ ਤੇ ਪ੍ਰਭਾਵਾਂ ਵੱਲ ਰੁਖ਼ ਕਰ ਉਪਰਲੇ ਹੁਕਮ-ਦੇਸਾਂ ਦੇ ਪ੍ਰਭਾਵਾਂ ਵਿੱਚ ਰੱਖਦੇ ਹਨ ਤੇ ਉਨ੍ਹਾਂ ਨੂੰ ਮੂਰਤੀ-ਮਾਨ ਕਰਦੇ ਹਨ, ਇਸ ਅਰਥ ਵਿੱਚ ਸਿਵਾਏ ਮਹਾਂਪੁਰਖਾਂ, ਸਾਧਾਂ ਤੇ ਰੱਬੀ ਅੰਸ਼ ਵਾਲੇ ਨਿਤਯ ਅਵਤਾਰਾਂ ਦੇ ਕੋਈ ਹੋਰ ਕਵੀ-ਸਿੰਘਾਸਨ ਤੇ ਬੈਠ ਨਹੀਂ ਸਕਦਾ, ਤੇ ਧੁਰ ਦੀ ਬਾਣੀ ਕੇਵਲ ਕਵਿਤਾ ਦਾ ਦਰਜਾ ਰੱਖਦੀ ਹੈ, ਬਾਕੀ ਨਹੀਂ ॥
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੋਰ ਗੱਲ ਥੀਂ ਛੁੱਟ ਅਪਣੀ ਪਾਰਖੀ ਚੋਣ ਸਿਰਫ ਬਾਣੀ ਰੂਪ ਕਵਿਤਾ ਦੀ ਕੀਤੀ ਹੈ। ਨਿਰੀ ਕਵਿਤਾ ਨੂੰ ਸੱਚੀ ਬੀੜ ਵਿਚ ਨਹੀਂ ਚਾੜ੍ਹਿਆ, ਪਰ ਗੱਲ ਅਸਲ ਇਹ ਹੈ, ਕਿ ਦਿੱਸਦੀ ਦੁਨੀਆਂ ਦੇ ਕਵੀ ਦਾ ਮਜ਼ਮੂਨ ਬਣੇ ਤਾਂ ਅਫਸੋਸ ਹੈ! ਇਹ ਤਾਂ ਹਰ ਚਿੱਤ ਦਾ ਆਪਣਾ ਦਿਸਦਾ ਪਿਸਦਾ ਵਿਸ਼ਾ ਹੈ ਤੇ ਜੇ ਜ਼ਰਾ ਵੀ ਇਕਾਗਰ ਹੋ ਕੇ ਦੁਨੀਆਂ ਦੇ ਰੰਗਾਂ ਵਿਚ ਸੈਰ ਕਰਨਾ ਚਾਹੇ ਤਾਂ ਆਪਣੀ ਖੁੱਲ੍ਹ ਵਿਚ ਆ ਕੇ ਖੁੱਲ੍ਹਾ ਕਰ ਸਕਦਾ ਹੈ। ਮੈਂ ਹੀ ਤਾਂ ਤੀਮੀ, ਮਰਦ, ਚੋਰ, ਯਾਰ, ਜਵਾਰੀਆ, ਬਾਦਸ਼ਾਹ, ਅਮੀਰ, ਫਕੀਰ ਹਾਂ। ਭੇਸ ਬਦਲਿਆ ਤੇ ਜਿਸ ਦਿਲ ਦਾ ਹਾਲ ਚਾਹੋ ਮੈਂ ਖੁਦ ਆਪ ਉਹ ਹੋ ਕੇ ਦਸ ਸਕਦਾ ਹਾਂ, ਚੰਦ ਮਿੰਟਾਂ ਦੀ ਖੇਲ ਹੈ। ਮੈਂ ਸਭ ਕੁਛ ਬਣ ਕੇ ਉਸੀ ਤਰਾਂ ਦੇ ਕੰਮ ਆਪ-ਮੁਹਾਰਾ ਕਰ ਸਕਦਾ ਹਾਂ। ਇਹ ਕੋਈ ਕਠਿਨ ਗੱਲ ਨਹੀਂ, ਕਠਿਨ ਗੱਲ ਹੈ ਅਦ੍ਰਿਸ਼ਟ ਵਿੱਚ, ਆਪਣੇ ਥੀਂ ਉੱਚੇ ਜੀਵਨ ਦਾ ਜਾਣੂ ਹੋਣਾ, ਉਹਦਾ ਪਤਾ ਕਵੀ ਪਾਸੋਂ ਅਸੀ ਪੁੱਛਣ ਦੇ ਹੱਕਦਾਰ ਹਾਂ, ਪਰ ਉਹ ਨਾ ਸ਼ੈਕਸਪੀਅਰ ਨਾ ਕਾਲੀ ਦਾਸ ਕੋਈ ਹੁੰਦਾ ਹੈ। ਕਾਹਦੇ ਕਵੀ ਹੋਏ ? ਸ਼ੈਕਸਪੀਅਰ ਪ੍ਰਾਸਪੀਰੋ ਥੀਂ ਵੱਧ ਤੇ ਹੈਮਲਿਟ ਦੇ ਆਪਣੇ ਮੋਏ ਹੋਏ ਪਿਉ ਦੇ ਪ੍ਰੇਤ ਦੇਖਣ ਥੀਂ ਵੱਧ ਹੋਰ ਕੋਈ ਅਦ੍ਰਿਸ਼ਟ ਦੇਸਾਂ ਦਾ ਹਾਲ ਨਹੀਂ ਦੱਸ ਸਕਿਆ । ਕਾਲੀਦਾਸ ਇੰਨਾ ਦੱਸਦਾ ਹੈ, ਕਿ ਸੁਹਣੱਪ ਉੱਪਰੋਂ ਆਉਂਦੀ ਹੈ, ਪਰ ਫਿਰ ਸਿਵਾਇ ਸ਼ਿੰਗਾਰ ਰਸ ਦੀਆਂ ਉੱਚੀਆਂ ਤਸਵੀਰਾਂ ਦੇ ਕੀ ਹੋਰ ਖਿੱਚਦਾ ਹੈ । ਇਨ੍ਹਾਂ ਥੀਂ ਤਾਂ ਭਰਥਰੀਹਰੀ ਬੜੇ ਉੱਚ ਪਾਏ ਦਾ ਕਵੀ ਹੈ, ਹੋਰ ਨਹੀਂ ਤਾਂ ਇਨ੍ਹਾਂ ਦੀ ਕਵਿਤਾ ਨੂੰ ਕੰਡ ਦੇਣ ਵਿੱਚ ਤਾਂ ਸ਼ੇਰ ਹੈ ॥
ਅੰਜੀਲ ਦੀ ਕਵਿਤਾ ਨਾਲ ਪੱਛਮੀ ਦੇਸ ਦਾ ਕੋਈ ਕਵੀ ਨਹੀਂ ਪਹੁੰਚਦਾ । ਉਪਨਿਸ਼ਦਾਂ ਦੀ ਕਵਿਤਾ ਨਾਲ ਕੋਈ ਹੋਰ ਸੰਸਕ੍ਰਿਤੀ ਕਵੀ ਨਹੀਂ ਪਹੁੰਚਦਾ । ਕੁਰਾਣ ਦੀ ਕਵਿਤਾ ਸਦਾ ਲਈ ਕੁੱਲ ਅਰਬੀ ਤੇ ਫਾਰਸੀ ਕਵਿਤਾ ਥੀਂ ਮਹਾਨ ਉੱਚੀ ਰਹੇਗੀ ॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੜ੍ਹੀ ਬਾਣੀ ਮੌਤ, ਥੀਂ ਬਾਦ ਰੂਹ ਦੀ ਦੈਵੀ ਸਾਥਣ ਹੋਈ, ਮਦਦ ਕਰਦੀ ਜਾ ਰਹੀ ਹੈ ਤੇ ਇਹ ਬਾਣੀ ਧੁਰ ਅਦ੍ਰਿਸ਼ਟ ਦੇਸਾਂ ਵਿੱਚ ਕੀਰਤਨ ਰੂਪ ਵਿੱਚ ਗੂੰਜ ਰਹੀ ਹੈ ॥
ਮਜ਼੍ਹਬ ਸਭ ਥੀਂ ਉੱਚਾ, ਸੁੱਚਾ ਤੀਖਣ ਤੇ ਜੀਂਦਾ ਧਿਆਨੀ ਪਿਆਰ ਹੈ। ਇਸ ਅੰਦਰੂਨੀ ਉੱਚੀ ਸੁਰਤ ਦੇ ਖੇਤ ਨੂੰ ਰਸਮਾਂ, ਰਵਾਜਾਂ, ਕਾਨੂੰਨਾਂ, ਪਾਪ, ਪੁੰਨਯ ਦੀਆਂ ਬਹਿਸਾਂ, ਜਗਤ ਦੀ ਉਤਪੱਤੀ ਤੇ ਲੈ ਹੋਣ ਦੀ ਫਿਲਾਸਫੀ ਤੇ ਝਗੜਿਆਂ ਵਿੱਚ ਸੁੱਟ ਕੇ ਕਦੀ ਕੁਛ ਕਹਿਣਾ, ਕਦੀ ਕੁਛ ਕਹਿਣਾ ਤੇ ਮਨ ਘੜਤ ਗੱਲਾਂ ਦੀਆਂ ਕੂੜੀਆਂ ਉਲਝਣਾਂ ਵਿੱਚ ਇਹ ਭੁੱਲ ਜਾਣਾ ਕਿ ਮਜ਼੍ਹਬ ਇਕ ਧਿਆਨੀ ਪਿਆਰ ਹੈ, ਸਾਡੇ, ਆਪਣੇ ਨਵੇਂ ਵਲਵਲਿਆਂ ਤੇ ਜਜ਼ਬਿਆਂ ਦਾ ਨਤੀਜਾ ਹੈ- ਹਰ ਕੋਈ ਕਿਸੇ ਨਾ ਕਿਸੀ ਪਿਆਰ ਵਿੱਚ ਰਹਿੰਦਾ, ਜੀਂਦਾ ਤੇ ਸਵਾਸ ਲੈਂਦਾ ਹੈ-ਆਪੋ ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣਾ ਅੰਦਰ ਦਾ ਮਜ਼੍ਹਬ ਅਰਥਾਤ ਪਿਆਰ ਦੀ ਟੇਕ, ਬਣਦਾ ਹੈ। ਇਹ ਟੇਕ ਆਪ-ਮੁਹਾਰੀ ਬਣਦੀ ਹੈ । ਇਹ ਜੇਹੜੀ ਗੱਲ ਹੈ ਨਾਂ, ਕਿ ਫਲਾਣਾ ਹਿੰਦੂ, ਈਸਾਈ, ਮੁਸਲਮਾਨ ਯਾ ਸਿੱਖ ਯਾ ਬਊੁਧ ਯਾ ਜੈਨ ਹੈ, ਇਕ ਕਥਨੀ ਮਾਤ ਗੱਲ ਹੈ, ਹੋ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਬਹੁ ਸਾਰਿਆਂ ਨੂੰ ਮਜ਼੍ਹਬ ਦੀ ਕੈੜ ਹੀ ਨਾ ਹੋਵੇ । ਸਾਰੀ ਉਮਰ ਕਈ ਨਾਂ ਧਰ ਧਰ ਇਕ ਕਿਸਮ ਦੀ ਮਿੱਟੀ ਲਿਬੜੀ ਜਹਾਲਤ ਦੀ ਬੇਹੋਸ਼ੀ ਜਿਹੀ ਵਿੱਚ ਲੰਘ ਜਾਵੇ । ਮਜ਼੍ਹਬ ਤਾਂ ਅੰਦਰ ਗੂੰਜਦਾ ਕੋਈ ਪ੍ਰਕਾਸ਼ ਵਰਗਾ ਇਸ਼ਕ ਹੈ, ਉਹ ਛੁਪਿਆ ਨਹੀਂ ਰਹਿੰਦਾ, ਗੁਰੂ ਨਾਨਕ ਸਾਹਿਬ ਇਸ ਹਿੰਦੁਸਤਾਨ ਮੁਲਕ ਵਿੱਚ ਸਾਰੀ ਉਮਰ ਫਿਰਦੇ ਰਹੇ ਤੇ ਬੜੇ ਬੜੇ ਮੰਦਰਾਂ ਵਿੱਚ ਗਏ, ਬੜੀਆਂ ਬੜੀਆਂ ਮਸੀਤਾਂ ਵਿੱਚ ਫਿਰੇ, ਪਰ ਸਭ ਪਾਸੇ ਜਹਾਲਤ ਦੀ ਬੇਹੋਸ਼ੀ ਤੱਕੀ, ਮਜ਼੍ਹਬ ਇੰਨਾ ਉੱਚਾ ਤੇ ਦਿਲ ਵਿੱਚ ਲੁਕਿਆ ਕੋਈ ਬਹੁ-ਮੁੱਲਾ ਦਿਵਯ ਭਾਵ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਕਿਧਰੇ ਨਾ ਦਿੱਸਿਆ । ਕਾਂਸ਼ੀ ਵਿੱਚ ਬੜੇ ਬੜੇ ਪੜ੍ਹੇ ਲਿਖੇ ਪੰਡਿਤ ਥਾਲ ਵਿੱਚ ਦੀਵੇ ਬਾਲ ਇਕ ਪੱਥਰ ਦੇ ਕਰੂਪ ਬੁੱਤ ਅੱਗੇ ਆਰਤੀ ਕਰਦੇ ਆਪ ਨੇ ਦੇਖੇ, ਆਪ ਨੂੰ ਸਭ ਕੁਛ ਕੂੜ ਦਿੱਸਿਆ, ਆਪ ਨੇ "ਗਗਨ ਮੈ ਥਾਲ ਆਪਣੀ ਕਾਸਮਿਕ, ਅਨੇਕ ਅਕਾਸ਼ੀ, ਆਰਤੀ ਉੱਚਾਰਣ ਕੀਤੀ।ਆਪ ਨੇ ਮਸਜਿਦ ਵਿੱਚ ਕਾਜ਼ੀਆਂ ਨੂੰ ਈਮਾਨ ਦੇ ਕੇਂਦਰ ਥੀਂ ਪਰੇ ਗਏ ਹੋਏ ਦਿੱਸੇ ਤੇ ਉਨਾਂ ਦੀ ਨਿਸ਼ਾ ਕੀਤੀ, ਕਿ ਉਹ ਨਿਮਾਜ ਤੇ ਇਸਲਾਮ ਨਾਲ ਮਖੌਲ ਜਿਹਾ ਕਰ ਰਹੇ ਸਨ । ਆਪ ਨੇ ਮਾਸ ਨਾ ਖਾਣ ਵਾਲੇ ਸੁਚਮਣ ਕਰਨ ਵਾਲੇ ਵੈਸ਼ਨਵਾਂ ਨੂੰ ਉਨਾਂ ਦਾ ਵਹਿਮ ਦੱਸਿਆ, ਕਿ ਇਹ ਮਜ਼੍ਹਬ ਨਹੀਂ ਹੋ ਸੱਕਦਾ, ਮਾਸ ਥੀਂ ਜੰਮੇ, ਮਾਸ ਨਾਲ ਪਲੇ, ਮਾਸ ਦੇ ਬਣੇ, ਅਸੀਂ ਮਾਸ ਥੀਂ ਕਿਧਰ ਨੱਸ ਸੱਕਦੇ ਹਾਂ ? ਜਨਾਨੀ ਨੂੰ ਗੁਰੂ ਨਾਨਕ ਸਾਹਿਬ ਕਿਹਾ ਹੈ, ਕਿ ਕੱਚਾ ਮਾਸ ਘਰ ਲਿਆਏ, ਅਸੀਂ ਕਦ ਤਕ ਤੇ ਕਿਥੇ ਤਕ ਤੇ ਕਿੰਞ ਓਸ ਫਿਲਾਸਫੀ ਦੀ ਪਥਰੀਲੀ ਮਣੀ ਮਾਣਕ ਦੀ ਨਿਰਜਿੰਦ ਸੁਚਮਣ ਉੱਪਰ ਟਿਕ ਸੱਕਦੇ ਹਾਂ ? ਆਪ ਦੇ ਦਿਮਾਗ ਨੂੰ ਹਿੰਦੁਸਤਾਨ ਦੇ ਮਜ਼੍ਹਬਾਂ ਤੇ ਸਖਤ ਘਿਣਾ ਆਈ। ਮਜ਼੍ਹਬ ਓਹ ਨਹੀਂ ਜਿਸ ਨਾਲ ਅਸੀਂ ਧੋਖਾ ਕਮਾ ਸੱਕੀਏ ਯਾ ਆਪਣੇ ਆਪ ਨੂੰ ਧੋਖਾ ਦੇ ਸੱਕੀਏ, ਮਜ਼੍ਹਬ ਤਾਂ ਓਨਾ ਹੀ ਸਾਨੂੰ ਲਭਦਾ ਹੈ, ਜਿੰਨਾ ਸਾਡਾ ਆਪਣਾ ਵਿੱਤ ਹੋਵੇ। ਕਾਮੀ ਦਾ ਮਜ਼੍ਹਬ ਕਾਮਨੀ, ਨਾਮੇ ਦਾ ਮਜ਼੍ਹਬ ਪ੍ਰੀਤ ਮੁਰਾਰੀ। ਜੇ ਅਸੀਂ ਪਿੱਤਲ ਹਾਂ ਤਾਂ ਅਸੀ ਪਿੱਤਲ ਹੀ ਹੋਈਏ, ਮੁਲੱਮੇ ਦੇ ਸੋਨੇ ਦਾ ਗਿਲਟੀ ਕੰਮ ਆਪਣੇ ਉੱਪਰ ਕਰਕੇ ਕੂੜਾ ਪਾਜ ਕਰਕੇ ਆਪੇ ਨੂੰ ਧੋਖਾ ਨਾ ਦੇਈਏ। ਉਮਰ ਖਿਆਮ ਨੇ ਆਪਣੀ ਇਕ ਰੁਬਾਈ ਵਿੱਚ ਦੱਸਿਆ ਹੈ, ਕਿ ਇਕ ਲੰਮੀ ਦਾਹੜੀ ਵਾਲਾ, ਸਾਵੇ ਰੰਗ ਦਾ ਹਜ਼ਰਤੀ ਲੰਮਾ ਚੋਲਾ ਪਾਇਆ, ਤਸਬੀ ਹੱਥ ਵਿੱਚ ਮੌਲਵੀ, ਇਕ ਪਹਲਵੀ ਗਾਣ ਵਾਲੀ ਨੂੰ ਰਾਹ ਵਿੱਚ ਮਿਲਿਆ ॥
ਮੌਲਵੀ-ਤੂੰ ਕੌਣ ਹੈਂ ?
ਗਾਣ ਵਾਲੀ-ਮੈਂ ਤਾਂ ਜੋ ਹਾਂ, ਦੀਹਦੀ ਹਾਂ।
ਤੂੰ ਜੋ ਹੈਂ, ਓਹੋ ਹੀ ਹੈਂ?
ਅਕਪਟਤਾ, ਮਜ਼੍ਹਬ ਜਦ ਲੱਭ ਪਵੇ, ਤਦ ਸਹਿਜ ਸੁਭਾ ਪ੍ਰਾਪਤ ਹੁੰਦੀ ਹੈ, ਜਿਵੇਂ ਇਕ ਯਾਤਰੂ ਆਪਣੇ ਰਾਹ ਟੁਰੀ ਜਾਂਦਾ ਹੈ। ਤਿਵੇਂ ਹੀ ਮਜ਼੍ਹਬ ਜਦ ਮਿਲਦਾ ਹੈ ਸਾਨੂੰ ਰਾਹ ਪਾ ਟੋਰੀ ਜਾਂਦਾ ਹੈ, ਅਸੀਂ ਅੱਗੇ ਹੀ ਅੱਗੇ ਪੈਰ ਰੱਖਣ ਤੇ ਮਜਬੂਰ ਹੋ ਜਾਂਦੇ ਹਾਂ। ਇਕ ਵੇਰੀ ਇਕ ਨੀਲੀ ਘੰਟੀ ਵਾਲੇ ਫੁੱਲਾਂ ਦੀ ਬੇਲ ਉਗ ਪਈ ਤੇ ਲੱਗੀ ਅਰਦਾਸ ਕਰਨ "ਹਾਏ ਰੱਬਾ ! ਮੈਂ ਨਾ ਉੱਗਾਂ, ਮੈਂ ਨਾ ਉੱਗਾਂ" । ਓਹ ਭਾਵੇਂ ਆਖਦੀ ਰਹੀ, ਮੈਂ ਨਾ ਉੱਗਾਂ, ਪਰ ਦਿਨ ਬਦਿਨ ਉਹ ਵਧਦੀ ਰਹੀ । ਮਜ਼੍ਹਬ ਤਾਂ ਕੁਛ ਐਸੀ ਚਾਲ ਹੈ, ਜੇ ਅਸੀ ਚਾਹੀਏ ਵੀ ਕਿ ਨਾ ਚਲੀਏ ਉਹ ਚਾਲ ਰੁਕ ਨਹੀਂ ਸੱਕਦੀ, ਸਾਡੀ ਤਰੱਕੀ ਬੰਦ ਨਹੀਂ ਹੋ ਸੱਕਦੀ ॥
ਸਿਦਕ ਨਾਲ ਆਪ-ਮੁਹਾਰਾ ਆ ਜਾਂਦਾ ਹੈ, ਜਦ ਇਕ ਅਭੋਲ ਕੰਨਯਾ ਨੂੰ ਅਸੀ ਮਿਲਦੇ ਹਾਂ ਤੇ ਇਕ ਨੈਨ ਮਟਕੇ ਨਾਲ ਸਾਡੇ ਅਜ਼ਲ ਦੇ ਪਿਆਰ ਪੈ ਜਾਂਦੇ ਹਨ। ਇਕ ਨਿਗਾਹ ਵਿੱਚ ਸਾਨੂੰ ਓਸ ਪਿਆਰ ਵਿੱਚ , ਸਿਦਕ ਆਪ-ਮੁਹਾਰਾ ਆ ਜਾਂਦਾ ਹੈ। ਇਸੇ ਤਰਾਂ ਜਦ ਖੂਹ ਤੇ ਭਰਦੀਆਂ ਪੈਲਸਟੀਨ ਦੀਆਂ ਯੁਵਤੀਆਂ ਈਸਾ ਨੂੰ ਵੇਖਦੀਆਂ ਹਨ ਤੇ ਓਹਦੇ ਵਚਨ ਸੁਣਦੀਆਂ ਹਨ, ਉਨ੍ਹਾਂ ਨੂੰ ਆਪ-ਮੁਹਾਰਾ ਸਿਦਕ, ਯਕੀਨ, ਈਮਾਨ ਓਸ ਮਹਾਂਪੁਰਖ ਪਰ ਆ ਜਾਂਦਾ ਹੈ। ਕੋਈ ਅਕਲ ਦੇ ਸਮਝੌਤੇ ਨਾਲ ਨਹੀਂ, ਰੂਹ ਰੂਹ ਨੂੰ ਸਰੀਰਾਂ ਵਿੱਚੋਂ ਛਾਲਾਂ ਮਾਰ ਮਿਲਦੇ ਹਨ ।ਇਹੋ ਜਿਹੇ ਮੇਲੇ, ਸਿਦਕ ਹਨ। ਬਿਨਾ ਇਹੋ ਜਿਹੇ ਗੁਰਮੁਖਾਂ ਦੇ ਮੇਲਿਆਂ ਅਕਲ ਮਰਦੀ ਨਹੀਂ, ਫੁਰਨੇ ਮਿਟਦੇ ਨਹੀਂ, ਸ਼ੱਕ ਦੂਰ ਨਹੀਂ ਹੁੰਦੇ, ਭਰਮ ਨਹੀਂ ਜਾਂਦੇ। ਰਾਤ ਬਿਨਾ ਸੂਰਜ ਦੇ ਉਦਯ ਹੋਣ ਦੇ ਕਥਨੀਆਂ ਤੇ ਸੋਚਾਂ ਨਾਲ ਤਾਂ ਨਹੀਂ ਲੋਪ ਹੁੰਦੀ ਤੇ ਜਦ ਸੂਰਜ ਉਦਯ ਹੋ ਆਂਦਾ ਹੈ ਤਦ ਰਾਤ ਰਹਿੰਦੀ ਹੀ ਨਹੀਂ । ਮਹਾਂਪੁਰਖਾਂ ਦੇ ਦੀਦਾਰ ਦਰਸ਼ਨ ਵਿੱਚ ਇਕ ਜੀਵਨ ਰੌ ਹੈ, ਜਿਹੜੀ ਸਾਡੇ ਅੰਦਰ ਆਪ-ਮੁਹਾਰੀ ਵਗਣ ਲੱਗ ਜਾਂਦੀ ਹੈ। ਸਾਡੇ ਨੈਨਾਂ ਵਿੱਚ ਅਣਡਿੱਠੇ ਸੱਜਣਾਂ ਤੇ ਰੂਹਾਂ ਦੇ ਦੇਸ਼ਾਂ ਦੀਆਂ ਲਿਸ਼ਕਾਂ ਦੇ ਉਡਾਰੂ ਜਿਹੇ ਝਾਵਲੇ ਮਿਲਵੇਂ ਮਿਲਵੇਂ ਪੈਂਦੇ ਹਨ, ਪ੍ਰਤੀਤ ਆਪ-ਮੁਹਾਰੀ ਆਉਂਦੀ ਹੈ। ਜਿਹਨੂੰ ਅਕਲਾਂ ਵਾਲੇ ਮੌਤ ਸਮਝਦੇ ਹਨ, ਉਹ ਸਿਦਕ ਵਾਲੇ ਹੋਰ ਤਰਾਂ ਵੇਖਦੇ ਹਨ । ਸਾਹਮਣੇ ਜੂ ਉਨ੍ਹਾਂ ਨੂੰ ਲੈਣ ਲਈ ਪ੍ਰਲੋਕ ਦੇ ਦੇਵਤੇ ਆਉਂਦੇ ਹਨ, ਇਹ ਜੀਵਨ ਤਾਂ ਓਨ੍ਹਾਂ ਨੂੰ ਉਸ ਵੇਲੇ ਯਾਤ੍ਰਾ ਦਿੱਸਦੀ ਹੈ ॥
ਸਿਮਰਣ ਅਥਵਾ ਯਾਦ ਇਲਾਹੀ ਜੀਵਨ ਰੂਹਾਨੀ ਹੈ । ਜਦੋਂ ਪਿਆਰਾ ਸਾਹਮਣੇ, ਤਦ ਪਿਆਰ ਦੇ ਦਰਸ਼ਨ ਦਾ ਨਸ਼ਾ ਰੋਮ ਰੋਮ ਵਿੱਚ ਵੱਜਦਾ ਹੈ, ਹੱਡੀ ਹੱਡੀ ਵਿੱਚ ਕੂਕ ਹੁੰਦੀ ਹੈ । ਸ਼ਰੀਰਾਂ ਥੀਂ ਉੱਠ ਰੂਹਾਂ ਦੇ ਮੇਲੇ ਹਨ ਤੇ ਸ਼ਰੀਰਾਂ ਦੇ ਵੀ ਮੇਲੇ ਹਨ । ਰੂਹ ਮਿਲੇ ਪਾਛੇ ਸ਼ਰੀਰਾਂ ਦੀ ਛੋਹ ਵੀ ਗਾੜਾ ਏਕਤਾ ਦਾ ਮੇਲਾ ਹੈ ਤੇ ਜੇ ਰੂਹ ਨਾ ਹੀ ਮਿਲੇ ਤਦ ਸ਼ਰੀਰਾਂ ਦੇ ਮੇਲੇ ਕੋਈ ਮੇਲੇ ਨਹੀਂ, ਮਨ ਮਿਲੇ ਦੇ ਮੇਲੇ ਹੁੰਦੇ ਹਨ । ਤਨ ਮਿਲੇ ਦੀਆਂ ਸਦਾ ਬਿਰਹਾਂ ਦੇ ਦਰਦ ਤੇ ਮਾਯੂਸੀਆਂ ਹੀ ਹਨ, ਤੇ ਜਦ ਪਿਆਰਾ ਓਹਲੇ ਹੋਵੇ ਤਦ ਓਹਦੀ ਯਾਦ ਹੱਡੀਆਂ ਵਿੱਚ ਗੂੰਜੇ, ਇਹ ਯਾਦ ਸਿਮਰਣ ਪਿਆਰ ਦਾ ਦੂਜਾ ਰਸਰੂਪ ਰੂਪ ਹੈ॥
ਸੁਰਤਿ ਨੂੰ ਅੰਦਰੋਂ ਹੀ ਕੜਾਕਾ ਵੱਜਿਆ, ਕੁਛ ਹੋਯਾ । ਹਾਲਤ ਓਹੋ ਹੀ ਹੋ ਗਈ ਜਿਹੜੀ ਪਿਆਰੇ ਦੀ ਹਜ਼ੂਰੀ ਵਿੱਚ ਹੁੰਦੀ ਸੀ, ਜਿਹੜੇ ਪ੍ਰਤੱਖ ਮਿਲਿਆਂ ਦੇ ਰਸ ਸਨ । ਓਹੋ ਪ੍ਰਭਾਵ, ਓਹੋ ਦਿਵਯ ਠੰਢ, ਉਹ ਰੂਹਾਨੀ ਚਾਨਣ, ਸਰੀਰ ਤਾਂ ਕਦੀ ਨਹੀਂ ਅੱਗੇ ਵੀ ਮਿਲੇ ਸਨ, ਸੋ ਅਜ ਵੀ ਸ਼ਰੀਰ ਤਾਂ ਓਥੇ ਦਾ ਓਥੇ ਹੀ ਪਿਆ ਰਿਹਾ, ਇਹ ਕੌਣ ਆ ਗਿਆ ਕਿ ਸੁਰਤ ਨੇ ਕੜਾਕਾ ਖਾਧਾ। ਓਹੋ ਰਸ ਹੋ ਗਿਆ, ਬਸ ਯਾਦ ਵਿੱਚ ਕੁਛ ਗੁੰਮਿਆ ਨਹੀਂ, ਪਿਆਰਾ ਯਾਦ ਵਿੱਚ ਨਾਮ ਹੋ ਗਿਆ ਤੇ ਨਾਮ ਕਿਹੜਾ, ਉਹ ਜਿਹੜਾ ਰੱਬ ਰੂਪ ਆਦਮੀ ਬਣ ਆਇਆ, ਜਿਹੜਾ ਇਕ ਵੇਰੀ ਮਿਲਿਆ ਤੇ ਫਿਰ ਕਦੀ ਨਾ ਵਿਛੜਿਆ ।
ਜਿਸ ਕਦੀ ਨਾ ਛੱਡਿਆ ਮੇਰੇ ਰੂਹ ਦਾ ਰੂਹ, ਸਵਾਸ ਦਾ ਸਵਾਸ, ਮੇਰੀ ਜਿੰਦ ਦੀ ਜਿੰਦ, ਮੇਰੇ ਕੂੜ ਦਾ ਸੱਚ, ਮੇਰੇ ਸੱਚ ਦਾ ਸੱਚ, ਅਕਪਟਤਾ, ਸਿਦਕ, ਧਿਆਨ, ਸਿਮਰਣ ਤੇ ਨਾਮ ਇਹ ਹਨ ਸਭ ਥੀਂ ਉੱਚੇ ਤੇ ਤੀਬਰ ਪਿਆਰ ਦੇ ਵਿਕਾਸ਼ ਤੇ ਪ੍ਰਕਾਸ਼, ਜਿਹਨੂੰ ਮਜ਼੍ਹਬ ਕਹਿਣਾ ਲੋੜੀਏ ॥
ਮਜ਼੍ਹਬ ਪਿਆਰ ਵਾਂਗ, ਭਾਵ ਵਾਂਗ, ਸ਼ਰੀਰਕ ਦੁਖ, ਸੁਖ, ਸੁਭਾ ਵਾਂਗ, ਜੀਵਨ-ਹਿਲ ਵਾਂਗ, ਜੀਵਨ ਭੁੱਖ ਵਾਂਗ ਸਭ ਨਾਲ ਕਿਸੇ ਨਾ ਕਿਸੇ ਰੂਪ ਅੰਤਰ, ਅੰਸ਼ ਮਾਤ੍ਰ, ਇਕ ਕਸਰ ਇਸ਼ਾਰਿਆਂ ਵਾਂਗ ਸਭ ਪਾਸ ਹੁੰਦਾ ਹੈ ਤੇ ਓਸੇ ਦੇ ਆਸਰੇ ਜੀਵਨ ਲੰਘਦਾ ਹੈ, ਬਿਨਾ ਸਿਮਰਣ, ਨਾਮ, ਧਿਆਨ, ਦੇ ਕੋਈ ਪ੍ਰਾਣੀ ਜੀ ਹੀ ਨਹੀਂ ਸਕਦਾ, ਪਰ ਹਰ ਇਕ ਦੇ ਹਿੱਸੇ ਓਨਾ ਹੀ ਆਇਆ ਹੋਇਆ ਹੈ ਜਿੰਨੀ ਜੀਵਨ ਦੀ ਅੱਗ ਉਸ ਵਿੱਚ ਪ੍ਰਦੀਪਤ ਹੈ । ਇਕ ਸ਼ੇਰਨੀ ਜਿਹੜੀ ਇੰਨੀ ਭਿਆਨਕ ਹੈ, ਕਿ ਹਿਰਨਾਂ ਨੂੰ ਮਾਰ ਕੇ ਉਨਾਂ ਦੀ ਰੱਤ ਪੈਂਦੀ ਹੈ, ਮੁੜ ਮੁੜ ਪਿੱਛੇ ਮੁੜ ਆਪਣੇ ਬੱਚਿਆਂ ਵਲ ਵੇਖਦੀ ਹੈ, ਉਨਾਂ ਨੂੰ ਦੁੱਧ ਪਿਲਾਂਦੀ ਹੈ, ਉਨ੍ਹਾਂ ਨੂੰ ਕਿਉਂ ਨਹੀਂ ਮਾਰਦੀ? ਓਨੀ ਦਯਾ ਉਸ ਵਿੱਚ ਸਹਿਜ ਸੁਭਾ ਕਿਉਂ ਹੈ ? ਤੇ ਦੂਜੇ ਪਾਸੇ ਹੈਵਾਨਾਂ ਦੇ ਦੇਸ਼ ਵਿੱਚ ਇਕ ਦਯਾ ਦਾ ਇਤਬਾਰ ਆਉਂਦਾ ਹੈ, ਉਹ ਉਸ ਸ਼ਿਕਾਰੀ ਰਾਜਾ ਸ਼ਿਕਾਰੀ ਦੇ ਚਿੱਲੇ ਚਾੜ੍ਹੇ ਬਾਣ ਤੇ ਹਿਰਨ ਦੇ ਵਿੱਚ ਆਪਣਾ ਦਿਵਸ ਪ੍ਰਕਾਸ਼ਮਾਨ ਸਰੀਰ ਰੱਖਦਾ ਹੈ, "ਮੈਨੂੰ ਮਾਰ ਪਰ ਏਹਨੂੰ ! ਨਾ ਮਾਰ'', ਕਹਿੰਦਾ ਨਹੀਂ, ਪਰ ਰਾਜੇ ਦਾ ਬਾਣ ਡਿੱਗ ਪੈਂਦਾ ਹੈ, ਰਾਜੇ ਦਾ ਰੂਹ ਚਰਨ ਸ਼ਰਨ ਆਉਂਦਾ ਹੈ । ਸ਼ੇਰਨੀ ਦੀ ਦਯਾ ਆਪਣੇ ਬੱਚਿਆਂ ਲਈ ਤੇ ਬੁੱਧ ਦੇਵ ਦੀ ਦਯਾ ਹਿਰਨੀ ਦੇ ਬੱਚਿਆਂ ਲਈ, ਦੋਵੇਂ ਕਾਦਰ ਦੀ ਕੁਦਰਤ ਹਨ । ਸ਼ੇਰਨੀ ਦੀ ਜਿੰਦ ਹਿਰਨ ਨੂੰ ਮਾਰ ਕੇ ਖਾਣ ਦੀ ਮਜਬੂਰੀ ਵਿੱਚ ਕੈਦ ਹੈ ਪਰ ਉਸ ਜੇਹਲਖਾਨੇ ਦੀ ਇਕ ਖਿੜਕੀ ਹੈ ਆਪਣੇ ਬੱਚਿਆਂ ਦਾ ਪਿਆਰ, ਉਨ੍ਹਾਂ ਦਾ ਧਿਆਨ, ਸਿਮਰਨ, ਤੇ ਉਸ ਨੂੰ ਭਾਵੇਂ ਕਿੱਥੇ ਚਲੀ ਜਾਵੇ ਆਪਣੇ ਬੱਚੇ ਯਾਦ ਹਨ॥
"ਊਡੇ ਊਡਿ ਆਵੈ ਸੈ ਕੋਸਾ
ਤਿਸੁ ਪਾਛੈ ਬਚਰੇ ਛਰਿਆ।
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ
ਮਨ ਮਹਿ ਸਿਮਰਨੁ ਕਰਿਆ" ॥
ਇਹ ਕੁੰਜਾਂ ਜਿਹੜੀਆਂ ਰੂਸ ਦੇ ਠੰਢੇ ਸਾਈਬੇਰੀਆ ਥੀਂ ਉੱਡ ਕੇ ਪੰਜਾਬ ਵਿੱਚ ਆਉਂਦੀਆਂ ਹਨ, ਸ਼ਾਇਦ ਚੋਗਾ ਹੀ ਚੁੱਗਣ, ਇਨਾਂ ਸੋਹਣੇ ਉਡਾਰੂ ਮਹਿਮਾਨਾਂ ਲਈ ਉਪਰਲਾ ਵਚਨ ਹੋਇਆ। ਇਹ ਸਿਮਰਣ ਹੈਵਾਨਾਂ, ਪੰਛੀਆਂ, ਮਨੁੱਖਾਂ ਵਿੱਚ ਸਭ ਵਿੱਚ ਪਾਇਆ ਜਾਂਦਾ ਹੈ। ਇਹ ਮਜ਼੍ਹਬ ਦਾ ਕੰਮ ਹੈ, ਸੁਬਕਤਗੀਨ ਨੂੰ ਜਦ ਹਿਰਨੀ ਘੋੜੇ ਮਗਰ ਆਉਂਦੀ ਉੱਪਰ ਤਰਸ ਆਇਆ ਤੇ ਉਹਦਾ ਬੱਚਾ ਛੱਡ ਦਿੱਤਾ। ਹੋਰ ਉੱਚੇ ਕਿਸੀ ਪਿਆਰੇ ਦੇ ਸਿਮਰਣ ਦੀ ਘੜੀ ਉਸ ਉੱਪਰ ਆਈ, ਉਹਦੀ ਉਹੋ ਨਿਮਾਜ਼ ਦੀ ਘੜੀ ਸੀ । ਦਿਨ ਵਿੱਚ ਪੰਜ ਵੇਰੀ ! ਨਹੀਂ ਜੇ ਜੀਵਨ ਵਿੱਚ ਇਕ ਵੇਰ ਵੀ ਨਿਮਾਜ਼ ਇਹੋ ਜਿਹੀ ਪੜ੍ਹੀ ਜਾਵੇ ਤੇ ਮਾਸ ਦੀਆਂ ਕੈਦਾਂ ਵਿੱਚ ਪਏ ਬੰਦੇ ਸ਼ੇਰਨੀ ਦੀ ਪਿਆਰ ਦੀ ਘੜੀ ਵਾਂਗ ਕਿਸੀ ਖੁੱਲ੍ਹ ਜਾਣ ਵਾਲੀ ਖਿੜਕੀ ਥੀਂ ਅਜਲ ਦੇ ਪਿਆਰ ਦਾ ਝਾਕਾ ਜੇ ਕਦੀ ਆਵੇ ਤਦ ਸਿਮਰਨ ਦਾ ਸਵਾਦ ਬਝਦਾ ਹੈ।
ਰਾਮਕ੍ਰਿਸ਼ਨ ਪਰਮਹੰਸ ਨੇ ਕਿਧਰੇ ਲਿਖਿਆ ਹੈ, ਜੋ ਹਰੀ ਦਾ ਨਾਮ ਲੈ ਇਕ ਵੇਰੀ ਵੀ ਜੀਵਨ ਵਿੱਚ ਰੂਹ ਦੇ ਰੋਮਾਂ ਦੇ ਦਰ ਖੁੱਲ੍ਹ ਜਾਣ ਤਾਂ ਅਹੋ ਭਾਗ! ਜਿਹੜਾ ਟੱਬਰ ਟੋਰ ਵਾਲਾ ਬੰਦਾ ਆਪਣੇ ਟੱਬਰ ਦੀ ਪਾਲਣਾ ਕਰ ਰਿਹਾ ਹੈ, ਆਪਾ ਸਹਿਜ ਸੁਭਾ ਇਕ ਨਿੱਕੀ ਜਿਹੀ ਖਿੱਚ ਵਿੱਚ ਵਾਰ ਰਿਹਾ ਹੈ, ਭਾਵੇਂ, ਸ਼ੇਰਨੀ ਦੇ ਸਹਿਜ ਸੁਭਾ ਮਾਰ ਕੇ ਅਹਾਰ ਕਰਨ ਵਾਂਗ ਉਹਦਾ ਜੀਵਨ ਕਿੰਨਾ ਹੀ ਕੈਦ ਹੈ, ਤਦ ਵੀ ਉਹਦਾ ਆਪਣੇ ਬਾਲ ਬੱਚੇ ਦਾ ਨਿੱਕਾ ਨਿੱਕਾ ਸਿਮਰਣ ਯਾਦ ਭੁੱਲ ਵਿੱਚ ਵੀ ਜਾਰੀ ਹੈ, ਲਗਾਤਾਰ ਹੈ, ਇਹੋ ਹੀ ਓਹਦਾ ਮਜ਼੍ਹਬ ਹੈ ਤੇ ਜਿਹੜਾ ਉਹ ਧੱਕੋ ਧੱਕੀ ਗਿਰਜੇ ਯਾ ਮਸਜਿਦ ਯਾ ਠਾਕਰਦਵਾਰੇ ਜਾਂਦਾ ਹੈ, ਓਹ ਇਕ ਆਪਣੇ ਆਪ ਨਾਲ ਧੋਖਾ ਹੈ ॥
ਅਸੀ ਹੈਰਾਨ ਹਾਂ ਕਿ ਅਲੀ ਜਿਸ ਹਜ਼ਰਤ ਸਾਹਿਬ ਦੇ ਦੀਦਾਰ ਪਹਿਲਾਂ ਕੀਤੇ, ਯਾ ਹੋਰ ਚਾਰ ਯਾਰ ਪਿਆਰੇ ਜਿਨ੍ਹਾਂ ਓਨ੍ਹਾਂ ਦੇ ਦਰਸ਼ਨ ਕੀਤੇ, ਓਨ੍ਹਾਂ ਲਈ ਇਸਲਾਮ ਕੀ ਅਦਭੁਤ ਪਿਆਰ ਹੋਣਾ ਹੈ? ਖਲੀਫਿਆਂ ਦੇ ਨਿਰਮਾਣ ਜੀਵਨ ਨੂੰ ਤੇ ਉਨ੍ਹਾਂ ਦੀਆਂ ਪਿਆਰ ਵਿੱਚ ਤੜਪਦੇ ਦਿਲਾਂ ਦੀ ਬੇਚੈਨ ਚੰਗਾਰੀਆਂ ਥੀਂ ਪਤਾ ਲੱਗਦਾ ਹੈ ਕਿ ਉਨਾਂ ਨੂੰ ਇਸਲਾਮ ਦਾ ਕਿੰਨਾ ਰਸ ਆਇਆ ਹੋਣਾ ਹੈ, ਉਸ ਰਸ ਵਿੱਚ ਉਨ੍ਹਾਂ ਆਪਣਾ ਸਭ ਕੁਛ ਵਾਰ ਦਿੱਤਾ ।
"ਇਹ ਜਗਤ ਹਰਿ ਕਾ ਰੂਪ ਹੈ ।
ਹਰ ਰੂਪ ਨਦਰੀ ਆਇਆ ॥
ਨੈਣਾਂ ਵਿੱਚ ਵੱਸਦਾ ਹੈ, ਨੈਣ ਖੁੱਲ੍ਹਦੇ ਹਨ, ਤਦ ਓਹੋ, ਛਹਿਬਰ ਲਾਈ ਅਨੁਰਾਗ ਰੂਪ 'ਫੈਲਿਓ ਅਨੁਰਾਗ' ਦਿੱਸਦਾ ਹੈ । ਆਪਣਾ ਹੱਡੀ ਮਾਸ ਪਿਆਰਾ ਲੱਗਦਾ ਹੈ, ਸਭ ਜਗਤ ਪਿਆਰਾ ਲੱਗਦਾ ਹੈ, ਮਿੱਠਾ ਲੱਗਦਾ ਹੈ, ਕਦੀ ਯਾਸ, ਉਦਾਸੀ ਘ੍ਰਿਣਾ, ਨਫਰਤ, ਮਾਯੂਸੀ, ਬੇਉਮੈਦੀ ਪਾਸ ਨਹੀਂ ਫਟਕ ਸੱਕਦੀ ॥
ਸਬ ਥੀਂ ਪਿਆਰੀ ਵਸਤੂ ਇਉਂ ਇਹ ਮਜ਼੍ਹਬ ਦੀ ਵਸਤੂ ਹੈ ॥
"ਟੂਣੇ ਕਾਮਨ ਕਰਕੇ ਨੀ,
ਮੈਂ ਪਿਆਰਾ ਯਾਰ ਮਨਾਵਾਂਗੀ।
ਲਾ ਮਕਾਨ ਦੀ ਪੌੜੀ ਉੱਪਰ,
ਚੜ੍ਹ ਕੇ ਢੋਲਾ ਗਾਵਾਂਗੀ।
ਸੂਰਜ ਅਗਨ ਅਸਪੰਦ ਤਾਰੇ,
ਮੈਂ ਤਾਂ ਇਹੋ ਜੋਤ ਜਗਾਵਾਂ ਗੀ ॥
ਅਚਰਜਤਾ ਦਾ ਰੰਗ ਨਿੱਤ ਨਵਾਂ ਵਿਸਮਾਦ ਤੇ ਤੀਖਣ ਪਿਆਰ ਦੀ ਉਨਮਾਦ ਅਵਸਥਾ ਅੰਦਰ ਛਾਂਦੀ ਹੈ॥
ਮਜ਼੍ਹਬ ਮਹਾਂ ਪੁਰਖਾਂ ਦੀ ਦਾਤ ਹੈ-
"ਏਹੁ ਪਿਰਮ ਪਿਆਲਾ ਖਸਮ ਦਾ,
ਜੈ ਭਾਵੈ ਤਿਸੁ ਦੇਇ"॥
ਜਿਹੜੀ ਦਾਤ ਹੈ, ਜਿਹੜੀ ਕਿਸੇ ਦੀ ਮਿਹਰ ਨੇ ਸਾਡੀ ਝੋਲੀ ਪਾਈ ਹੈ । ਉਹ ਟੋਲ, ਸਾਧਨ, ਆਪਣੀਆਂ ਛਾਲਾਂ ਮਾਰਣ ਨਾਲ ਕਿਸ ਤਰਾਂ ਸਾਨੂੰ ਮਿਲ ਸਕਦੀ ਹੈ ? ਕਿਸੀ ਆਜੜੀ ਦੇ ਬਕਰੀ ਦੇ ਖੁਰ ਨੂੰ ਮੇਖ ਲੱਗੀ ਹੋਈ ਸੀ, ਬੀਆਬਾਨਾਂ ਵਿੱਚ ਫਿਰਦੀ ਦਾ ਖੁਰ ਪਾਰਸ ਨੂੰ ਲੱਗਾ, ਮੇਖ ਸੋਨੇ ਵਾਂਗ ਚਮਕਣ ਲੱਗ ਗਈ, ਲੱਗਾ ਆਜੜੀ ਅਨੇਕ ਪੱਬਰਾਂ ਵਿੱਚ ਪਾਰਸ ਨੂੰ, ਢੂੰਢਣ, ਸਵਾਏ ਸਾਰੀ ਉਮਰ ਢੂੰਡ ਕਰਦਾ ਪਾਗਲ ਹੋ ਗਿਆ। ਪਾਰਸ ਤਾਂ ਨਾ ਲੱਭਾ ਤੇ ਉਹ ਕਿਹੜਾ ਨੇਮ ਹੈ, ਜੋ ਉਹਦੀ ਭੇਡ ਦੇ ਮੇਖ ਦੀ ਰੇਖ ਜਾਗੀ। ਜੋ ਚੀਜ਼ ਭੇਡ ਨੂੰ ਛੋਹ ਗਈ, ਉਹ ਉਹਦੇ ਮਾਲਕ ਨੂੰ ਨਾ ਪ੍ਰਾਪਤ ਹੋਈ॥
ਇਉਂ ਮਜ਼੍ਹਬ ਦਾਤ ਹੈ। ਇਕ ਆਵੇਸ਼ ਹੈ, ਇਹ ਸਕੂਲਾਂ ਵਿੱਚ ਪੜ੍ਹਾਯਾ ਨਹੀਂ ਜਾ ਸੱਕਦਾ, ਇਹ ਉਪਦੇਸ਼ਕਾਂ ਦੇ ਵਖਿਆਨਾਂ ਨਾਲ ਸਿਖਾਯਾ ਨਹੀਂ ਜਾ ਸਕਦਾ, ਇਹ ਮੌਲਵੀਆਂ, ਮੌਲਾਣਿਆਂ, ਪਾਦਰੀਆਂ ਤੇ ਭਾਈਆਂ ਦੇ ਮਜ਼੍ਹਬੀ ਪੋਥੀਆਂ ਦੀਆਂ ਵਾਹਜ਼ਾਂ ਨਾਲ ਸਮਝ ਆ ਨਹੀਂ ਸਕਦੀ। ਹਾਰ ਕੇ ਜਦ ਮਨੁੱਖ ਨਹੀਂ ਬਣਾ ਸੱਕਦੇ, ਇਹ ਵਿਚਾਰੇ ਹਸਪਤਾਲ ਤੇ ਯਤੀਮਖਾਨੇ ਤੇ ਸਕੂਲ ਤੇ ਗਿਰਜੇ ਖੋਹਲਣ ਦੀ ਕਰਦੇ ਹਨ।
ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸਾਫੀ,
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਕਰਤਾ ਕਰਮ ਸੋਈ ਰਾਜਕ ਰਹੀਮ ਓਈ,
ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕੋ,
ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥
ਦੇਹੁਰਾ ਮਸੀਤ ਸੋਈ ਪੂਜਾ ਔ ਨਿਮਾਜ ਓਈ,
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥
ਮਜ਼੍ਹਬ ਜਿਹੜਾ ਇਨੇ ਪਿਆਰ ਦੇ ਸਮੁੰਦਰ ਸਾਡੇ ਅੰਦਰ ਸੁੱਟਦਾ ਹੈ, "ਮੈਂ ਉਹ ਹਾਂ ਕਿ ਪਿਆਰ ਦੇ ਸਮੁੰਦਰ ਰੋਹੜਾਂਗਾ ਤੇ ਆਪ ਪਿੱਛੇ ਰਹਾਂਗਾ ।ਉਹ ਮਜ਼੍ਹਬ ਜਿਹਦੀਆਂ ਨਿੱਕੀਆਂ ਰੇਸ਼ਮ ਡੋਰੀਆਂ ਵਾਂਗ ਨਿੱਕੀਆਂ ਨਿੱਕੀਆਂ ਸੁਨਹਿਰੀ ਚਮਕਦੀਆਂ ਲਕੀਰਾਂ ਸਾਡੇ ਸਾਧਾਰਣ ਜੀਵਨ ਵਿੱਚ ਵਗਦੀਆਂ ਹਨ ਤੇ ਅਸੀ ਉਨਾਂ ਦੇ ਮੱਧਮ ਜਿਹੇ ਪ੍ਰਕਾਸ਼ ਦੇ ਆਸਰੇ ਜੀਉਂਦੇ ਹਾਂ।
ਜੇ ਓਹ ਕਦੀ ਸਾਡੇ ਅੰਦਰ ਵਾਸ ਕਰੇ ਤਦ ਅਸੀ ਤਾਂ ਮਰ ਜਾਂਦੇ ਹਾਂ, ਦੇਵਤੇ ਸਾਡੇ ਮਨ ਤੇ ਸਰੀਰ ਤੇ ਸੁਰਤਿ ਵਿੱਚ ਆਣ ਵੱਸਦੇ ਹਨ। ਧਰਤੀ ਹੋਰ ਹੋ ਜਾਂਦੀ ਹੈ ਉਸ ਮਜ਼੍ਹਬ ਦਾ ਨਾਮ ਲੈ ਕੇ ਲੋਕੀ ਲੜਦੇ ਹਨ-ਰੱਬ ਇਕ, ਬਾਣੀ ਇਕ, ਬੰਦਾ ਇਕ ਓਹੋ ਹੀ, ਤੇ ਫਿਰ ਜੰਗ, ਮਜ਼੍ਹਬ ਕਿੱਥੇ? ਇਹ ਦਾਤ ਇੰਨੀ ਅਮੋਲਕ ਹੈ ਕਿ ਇਹਦਾ ਵਿਅਰਥ ਨਾਮ ਲੈਣਾ ਸ਼ੀਲਤਾ ਤੇ ਸੁਹਿਰਦਤਾ ਦੇ ਵਿਰੁੱਧ ਹੈ॥
ਮਾਲ ਤੁੱਟੀ ਚਰਖਾ ਕਿੰਝ ਚਲੇ? ਮਜ਼੍ਹਬ ਬਿਨਾ ਪਿਆਰ ਸੰਸਾਰ ਵਿੱਚ ਕਦ ਆ ਸੱਕਦਾ ਹੈ, ਛੱਡ ਕੇ ਦੇਖੋ ਕੀ ਹਾਲ ਹੁੰਦਾ ਹੈ ਤੇ ਐਵੇਂ ਫਜ਼ੂਲ ਮਜ਼੍ਹਬ ਦਾ ਨਾਂ ਲੈ ਲੈ ਸ਼ੇਰਨੀ ਵਾਂਗ ਸ਼ਿਕਾਰ ਚੜ੍ਹ ਚੜ੍ਹ ਆਪਣੇ ਬੱਚੇ ਮੁੜ ਆਣ ਪਾਲਣੇ ਨੂੰ ਮਨੁੱਖ ਦਾ ਮਜ਼੍ਹਬ ਕਿਉਂ ਕਹਿਣਾ ? ਮਨੁੱਖ ਦਾ ਮਜ਼੍ਹਬ ਤਾਂ ਹੈਵਾਨ ਨੂੰ ਛੋਹ ਕੇ ਦੇਵਤਾ ਕਰਦਾ ਹੈ, ਹਾਲੇ ਅਸੀ ਮਨੁੱਖਾ ਜਨਮ ਤਕ ਹੀ ਨਹੀਂ ਅੱਪੜੇ, ਸਾਡਾ ਮਜ਼ਹਬ ਕੀ ਤੇ ਬਹਿਸ ਇੰਨੇ ਉੱਚੇ ਮਜ਼ਮੂਨ ਤੇ ਕੀ?
ਠੀਕ ਹੈ ਜਾਨਵਰਾਂ ਦੇ ਸਰੀਰ ਥੀਂ ਤਾਂ ਅਸੀਂ ਉੱਡ ਆਏ ਪਰ ਮਨੁੱਖ ਦੀ ਸ਼ਕਲ ਵਿੱਚ ਹਾਲੇ ਅਸੀ ਸ਼ੇਰ, ਕੁੱਤੇ, ਬਘਿਆੜ, ਲੂੰਬੜ ਆਦਿ ਹੀ ਹਾਂ। ਈਸਪ ਦੀਆਂ ਕਹਾਣੀਆਂ ਸਾਡੀ ਫਿਤਰਤ ਦੀਆਂ ਕਹਾਣੀਆਂ ਹਨ, ਹਾਲੇ ਮਜ਼੍ਹਬ ਕਿੱਥੇ ? ਪਰ ਇਹ ਜਰੂਰ ਹੈ ਕਿ ਕਦੀ ਕਦੀ ਸਾਡੇ ਵਿੱਚੋਂ ਕੋਈ ਕੋਈ ਮਜ਼੍ਹਬ ਅਥਵਾ ਨਾਮ ਦੇ ਦਰਸ਼ਨ ਕਰਦਾ ਹੈ ਤੇ ਉਹ ਫਿਰ ਕਦੀ ਨਹੀਂ ਭੁੱਲਦਾ। ਉਹ ਸਾਡੇ ਵਿੱਚੋਂ ਸਾਧ, ਬੰਦਾ, ਖੁਦਾ, ਪਰਉਪਕਾਰੀ ਹੋ ਜਾਂਦਾ ਹੈ, ਉਹਦੀ ਨਿਗਾਹ ਨਿਹਾਲ ਕਰਦੀ ਹੈ ॥
ਠੀਕ ਐਮਰਸਨ ਨੇ ਕਿਹਾ ਕਿ ਤੂੰ ਜਾਣੇਂਗਾ, ਕਿ ਤੂੰ ਬੜਾ ਚੱਲ ਆਯਾ ਹੈਂ, ਰੂਹਾਨੀ ਮੰਜ਼ਲਾਂ ਮਾਰ ਆਯਾ ਹੈਂ, ਸਦੀਆਂ ਤੂੰ ਚਲਦਾ ਰਿਹਾ ਹੈਂ ਪਰ ਸਦੀਆਂ ਮਗਰੋਂ ਇਕ ਦਿਨ ਅਚਾਣਚੱਕ ਤੈਨੂੰ ਪਤਾ ਲੱਗੇਗਾ, ਕਿ ਤੂੰ ਤਾਂ ਓਥੇ ਹੀ ਖੜਾ ਹੈਂ, ਜਿੱਥੋਂ ਚੱਲਿਆ ਸੈਂ।
ਜਿਸ ਤਰਾਂ ਮੈਂ ਆਪ ਸਭ ਆਪਣੀਆਂ ਸਮਝਾਂ ਥੀਂ ਪਰੇ ਹਾਂ, ਪਰ ਦੋਹਾਂ ਬਾਹਾਂ ਆਪਣੀਆਂ ਨਾਲ ਇਹ ਕਹਿਕੇ ਕਿ ਇਹ ਮੈਂ ਤੇ ਘੁਟ ਆਪੇ ਨੂੰ ਜੱਫੀ ਪਾਂਦਾ ਹਾਂ, ਤਿਵੇਂ ਹੀ ਮਜ਼੍ਹਬ ਮੇਰੀ ਹਸਤੀ ਦਾ ਕੋਈ ਭਰਮੀ ਭੇਤ ਹੈ, ਜਿਹੜਾ ਸਮਝ ਨਹੀਂ ਆਉਂਦਾ ਪਰ ਜਿਸ ਨੂੰ ਮੈਂ ਆਪਣੇ ਹੋਠਾਂ ਦੇ ਦੱਬ ਹੇਠ ਮਹਿਸੂਸ ਕਰਕੇ ਆਪਣੇ ਬਚਨਾਂ ਨੂੰ ਸੁਰਤ ਨਾਲ ਜੋੜ ਸੱਕਦਾ ਹਾਂ, ਦੇਖ ਨਹੀਂ ਸੱਕਦਾ, ਪਰ ਆਪਣੇ ਨੈਣਾਂ ਦੇ ਛੱਪਰਾਂ ਹੇਠ ਓਸ ਉਰਧ ਕੰਵਲ ਨੂੰ ਛੋਹ ਸਕਦਾ ਹਾਂ ਤੇ ਕਪਾਟ ਖੁਲ ਜਾਂਦੇ ਹਨ, ਜੋਰ ਟੁੱਟ ਜਾਂਦੇ ਹਨ ਤੇ ਉਸ ਪਿਆਰੇ ਦੇ ਦੀਦਾਰ ਬਿਨ ਦੇਖੇ ਇਕ ਛੋਹ ਜਿਹੀ ਨਾਲ ਹੋ ਜਾਂਦੇ ਹਨ। ਸਪਰਸ਼ ਨਹੀਂ ਹੋ ਸਕਦਾ ਪਰ ਰੋਮ ਰੋਮ ਵਿੱਚ ਕਿਸੇ ਅਣਡਿੱਨੇ ਦੇ ਅਲਿੰਗਨ ਨਾਲ ਮੇਰਾ ਮਨ ਤੇ ਸਰੀਰ ਅੰਮ੍ਰਿਤ ਨਾਲ ਭਰ ਜਾਂਦੇ ਹਨ:-
ਗੁਰਮੁਖਿ ਰੰਗ ਚਲੂਲਿਆ ਮੇਰਾ ਮਨੁ ਤਨੁ ਭਿੰਨਾ ॥
ਜਨੁ ਨਾਨਕੁ ਮੁਸਕਿ ਝਕੋਲਿਆ ਸਭ ਜਨਮੁ ਧਨ ਧੰਨਾ॥
ਮਜ਼੍ਹਬ, ਕਾਇਦੇ, ਇਖਲਾਕ, ਇਹ ਕਰੋ ਇਹ ਨਾ ਕਰੋ ਦੀ ਦੁਨੀਆਂ ਦੀ ਦੁਕਾਨਦਾਰੀ ਦੀਆਂ ਮੁਰਤਬਸ਼ੁਦਾ ਫਹਰਿਸਤਾਂ ਥੀਂ ਪਰੇ ਇਕ ਕਿਸੀ ਅਦ੍ਰਿਸ਼ਟ ਦੀ ਟੇਕ ਵਿੱਚ ਜੁੜੀ ਸੁਰਤਿ ਦਾ ਪ੍ਰਕਾਸ਼ ਹੈ । ਇਕ ਕਿਸੀ ਪਿਆਰ ਕੇਂਦਰ ਵਿੱਚ ਜੀਣ ਥੀਣ, ਹੋਣ, ਰਹਿਣ, ਬਹਿਣ ਦੀ ਸਹਿਜ-ਸੁਭਾ ਕੀਰਤੀ ਹੈ। ਇਸ ਵਿੱਚ ਕੋਈ ਦਿਖਾਵਾ, ਬਨਾਵਟ ਕੋਈ ਯਤਨ, ਜਬਰ, ਤੇ ਕਸ਼ਟਾਂ, ਤਪਾਂ, ਦੀ ਸਿਖਾਵਟ ਦਾ ਕੋਈ ਅਸਰ ਨਹੀਂ। ਕੁਦਰਤ ਦੀਆਂ ਅਣਗਿਣਤ ਤਾਕਤਾਂ ਤੇ ਜ਼ਿੰਦਗੀ ਨੂੰ ਵਿਕਾਸ਼ ਦੇਣ ਦੀਆਂ ਤਾਕਤਾਂ ਦੇ ਸਮੂਹਾਂ ਦੇ ਸਮੂਹਾਂ ਦੇ 'ਜੋਰ' ਨਾਲ ਭਰੀ ਭਾਵੇਂ ਮੇਰੀ ਸਹਿਜ-ਸੁਭਾਵਤਾ ਹੋਵੇ, ਪਰ ਮੇਰਾ ਮਜ਼੍ਹਬ ਓਹੋ ਸਹਿਜ ਸੁਭਾ ਸੁਹਜ ਹੈ ਜਿਸ ਵਿਚ ਦਿਉਦਾਰ ਜਦ ਖੜਾ ਹਵਾ ਨਾਲ ਲਗ ਲਗ ਬਰਫਾਨੀ ਪਹਾੜਾਂ ਤੇ ਝੂਮ ਰਿਹਾ ਹੈ, ਅਸੀ ਤਾਂ ਉਸ ਸਹਿਜ-ਸੁਭਾ, ਸਾਦਾ, ਬਿਨਾ ਜੋਰ ਲਾਏ ਦੇ ਉਸ ਉੱਪਰ ਆਈ ਅਵਸਥਾ ਉਨਮਾਦ ਨੂੰ ਮਜ਼੍ਹਬ ਕਰਕੇ ਦੇਖ ਰਹੇ ਹਾਂ, ਹਾਏ ! ਮੈਂ ਉਸੀ ਖੁਸ਼ੀ ਵਿੱਚ ਕਿਸ ਤਰਾਂ ਝੂਮਾਂ, ਤੇ ਪਸਾਰੀ ਪਾਸੋਂ ਨੁਸਖੇ ਬਨਵਾਕੇ ਜੇ ਖਾਣੇ ਸ਼ੁਰੂ ਕਰਾਂ, ਕਿ ਇਉਂ ਉਹ ਦਿਉਦਾਰ ਵਾਲਾ ਉਨਮਾਦ ਆਵੇ, ਸੋ ਦੇਖ ਲਵੋ ਕੁਦਰਤ ਦੇ ਅਸਗਾਹ ਤੇ ਅਨੰਤ ਵਿੱਚ ਇਨ੍ਹਾਂ ਨੁਸਖਿਆਂ ਦਾ ਕੀ ਕੰਗਲਾ ਜਿਹਾ ਪਰੀਣਾਮ ਹੈ ?
ਅਸੀ ਹਿੰਦੁਸਤਾਨ ਵਿੱਚ ਅਕਲੀ ਚਾਲਾਕੀਆਂ ਵਲ ਇਵੇਂ ਪਏ ਹਾਂ ਕਿ ਸਾਨੂੰ ਨਾ ਖੁਦਾ ਹੀ ਮਿਲਿਆ ਹੈ ਨਾ ਸਨਮ, ਨਾ ਇਸ ਜੀਵਨ ਦਾ ਸੁਖ ਪ੍ਰਾਪਤ ਹੋਇਆ ਹੈ ਤੇ ਨਾ ਅਗਲੀ ਦੁਨੀਆਂ ਦਾ ਹੀ ਕੁਛ ਪਤਾ ਲੱਗਾ ਹੈ, ਭਾਵੇਂ ਅਸੀ ਆਪਣੇ ਆਪ ਨੂੰ ਲਗਾਤਾਰ ਸਦੀਆਂ ਥੀਂ ਧੋਖਾ ਦੇਈ ਆ ਰਹੇ ਹਾਂ, ਕਿ ਅਸੀ ਬੜੀ ਅਗੱਮ ਦੀ ਰੂਹਾਨੀਅਤ ਨੂੰ ਪਹੁੰਚ ਪਏ ਹਾਂ । ਇਹ ਸਾਡਾ ਅਕਲੀ ਬੁਖਾਰ ਤਦ ਉਤਰਦਾ ਹੈ ਜਦ ਅਸੀ ਜਾਪਾਨ ਜੈਸੇ ਮੁਲਕ ਜਾ ਕੇ ਦੇਖੀਏ, ਕਿ ਲੋਕੀ ਕਿਸ ਤਰਾਂ ਰਹਿੰਦੇ ਬਹਿੰਦੇ ਹਨ । ਉਨ੍ਹਾਂ ਆਪਣੇ ਬਾਗ ਕਿਸ ਤਰਾਂ ਸੁਰਗ ਦੇ ਨੰਦਨ-ਬਣ ਵਾਂਗ ਸਜਾਏ ਹੋਏ ਹਨ । ਉਨਾਂ ਨੇ ਕੁਦਰਤ ਨੂੰ ਕਿਸ ਤਰਾਂ ਆਪਣੇ ਅੰਦਰ ਵਸਾਯਾ ਹੋਇਆ ਹੈ ਤੇ ਆਪ ਉਸ ਅੰਦਰ ਵੱਸੇ ਹੋਏ ਹਨ ਤੇ ਉਨਾਂ ਦਾ ਜੀਵਨ ਕਿਸ ਤਰਾਂ ਮੌਤ ਥੀਂ ਅਭੈ ਹੈ ਤੇ ਉਨਾਂ ਦੀਆਂ ਰਿਸ਼ਤਾਦਾਰੀਆਂ ਤੇ ਦੋਸਤੀਆਂ ਤੇ ਪਿਆਰ ਆਪੇ ਵਿੱਚ ਕਿਸ ਤਰਾਂ ਫੁਲ ਵਰਗੇ ਕੋਮਲ ਤੇ ਫੁੱਲਾਂ ਵਾਂਗ ਸੁਹਣੇ ਤੇ ਸਬਕ ਹਨ । ਜੇ ਉਨਾਂ ਨੂੰ ਪੁੱਛੋ ਰੱਬ ਕੀ ਹੈ, ਦੁਨੀਆਂ ਕਦ ਬਣੀ ਹੈ, ਕਿੰਝ ਬਣੀ ਹੈ, ਕਿਸ ਬਣਾਈ ਹੈ? ਤਦ ਵੱਡੇ ਥੀਂ ਵੱਡਾ ਜਾਪਾਨ ਦਾ ਦਾਨਾ ਸਿਰ ਨੂੰ ਖੁਰਕ ਕੇ ਬਾਲਕ ਵਾਂਗ ਬਿਹਬਲ ਜਿਹਾ ਹੋ ਜਾਂਦਾ ਹੈ ਤੇ ਹੈਰਾਨ ਹੁੰਦਾ ਹੈ, ਕਿ ਕੋਈ ਇਹੋ ਜਿਹੇ ਵੱਡੇ ਸਵਾਲਾਂ ਤੇ ਗੱਲ ਕਰਨ ਦਾ ਹੀਯਾ ਹੀ ਕੀਕਰ ਕਰਦਾ ਹੈ? ਨਿਮ੍ਰਤਾ, ਮਿੱਠਾ ਬੋਲਣਾ ਤੇ ਅਦਬ ਉਸ ਵਿੱਚ ਦੇਵਤਿਆਂ ਵਰਗਾ ਹੈ। ਉਸਦਾ ਪਰਛਾਵਾਂ ਕੋਈ ਨਹੀਂ, ਤੇ ਉਹਦਾ ਪਿਆਰ ਬ੍ਰਿੱਛਾਂ, ਫੁੱਲਾਂ ਨਾਲ ਤੀਬਰ ਇਸ਼ਕ ਦੇ ਦਰਜੇ ਤਕ ਸਹਿਜ ਸੁਭਾ ਅੱਪੜਿਆ ਹੋਇਆ ਹੈ । ਕੋਈ ਸਵਾਣੀ ਘਰ ਵਿੱਚ ਫੁੱਲਾਂ ਬਿਨਾ ਜੀ ਨਹੀਂ ਸਕਦੀ। ਜਾਪਾਨ ਵਿੱਚੋਂ ਜੇ ਸਾਰੇ ਫੁੱਲ ਪਦਮ ਤੇ ਚੈਰੀ ਉਡਾ ਦਿੱਤੇ ਜਾਣ, ਤਦ ਮੇਰਾ ਖਿਆਲ ਹੈ ਜਾਪਾਨੀ ਕੌਮ ਮਰ ਜਾਏਗੀ। ਕੌਮ ਦੀ ਜਿੰਦ ਫੁੱਲਾਂ ਵਿਚ ਹੈ, ਉਨਾਂ ਦੇ ਪਰਬਤ ਉਨਾਂ ਨੂੰ ਆਪੇ ਵਾਂਗ ਪਿਆਰੇ ਹਨ, ਫੁਜੀਯਾਮਾ ਦੀ ਬਰਫਾਨੀ ਤੇ ਦਿਵਯ ਚੋਟੀ ਜਾਪਾਨੀਆਂ ਦੇ ਪੱਖਿਆਂ ਉੱਪਰ ਹਰ ਇਕ ਦੇ ਹੱਥ ਵਿੱਚ ਹੈ, ਦਿਲ ਵਿੱਚ ਹੈ, ਜਾਪਾਨ ਦੇ ਸਮੁੰਦ੍ਰ ਤੇ ਕਿਸ਼ਤੀਆਂ ਉਨ੍ਹਾਂ ਆਪਣੀ ਸੁਰਤੀ ਵਿਚ ਇਸ ਧਿਆਨ ਨਾਲ ਬੰਨ੍ਹੀਆਂ ਹੋਈਆਂ ਹਨ ਕਿ ਅਜ ਕਲ ਜਿੱਥੇ ਜਾਪਾਨ ਦਾ ਨਾਮ ਜਾਂਦਾ ਹੈ, ਉੱਥੇ ਉਨਾਂ ਦੇ ਸਮੁੰਦਰ ਤੇ ਕਿਸ਼ਤੀਆਂ ਦੇ ਝਾਕੇ ਸੋਹਣੀਆਂ ਤਸਵੀਰਾਂ ਵਿੱਚ ਲਹਿਰਦੇ ਪਹਿਲਾਂ ਅੱਪੜਦੇ ਹਨ। ਆਪ ਦੇ ਪੰਛੀ ਆਪ ਦੇ ਮਨ ਵਿੱਚ ਫਿਰਦੇ ਹਨ, ਉਨਾਂ ਦੇ ਰੰਗਾਂ ਦੀ ਉਲਾਰ, ਉਨਾਂ ਦਾ ਇਲਾਹੀ ਰਾਗ, ਆਪ ਮੂਰਤੀ-ਮਾਨ ਕਰਕੇ ਸਿੱਧੇ ਸਾਦੇ ਖਿੱਚੇ ਚਿਤ੍ਰਾਂ ਨੂੰ ਜਾਨ ਪਾ ਦਿੰਦੇ ਹਨ॥
ਹੱਥ ਕੋਈ ਵੇਹਲਾ ਨਹੀਂ ਰਹਿੰਦਾ। ਬਤਖਾਂ ਪਾਣੀਆਂ ਵਿੱਚ ਤਰਦੀਆਂ, ਚਿੱਤ੍ਰਾਂ ਵਿਚ ਹਿਲਦੀਆਂ ਦਿਸਦੀਆਂ ਹਨ। ਇਉਂ ਜਾਪਾਨ ਦੇ ਹੱਥਾਂ ਵਿਚ ਕਰਤਾਰੀ ਕਿਰਤ ਹੈ, ਪਰ ਸ਼ਾਂਤੀ ਬੁੱਧ ਮਤ ਦੇ ਨਿਵਾਰਨ ਵਾਲੀ ਇੰਨੀ ਹੈ, ਕਿ ਆਪ ਦੇ ਘਰ ਆਏ ਆਪ ਦੇ ਜਜ਼ੀਰੇ ਦੇ ਅੰਦਰ ਆਣ ਲਹਿਰੇ ਸਮੁੰਦ੍ਰ (Inland Sea) ਇਕ ਮਾਨ ਸਰੋਵਰ ਹੈ, ਇਥੇ ਪੱਛਮੀ ਪਾਰਖੀ ਆ ਕੇ ਜਾਪਾਨ ਦੀ ਸ਼ਾਂਤੀ ਦਾ ਭਾਨ ਕਰਦੇ ਹਨ। ਉਹ ਕਿਨਾਰੇ ਪੁਰ ਬਾਂਸ ਤੇ ਕੱਖਾਂ ਦੀਆਂ ਚਮਕਦੀਆਂ ਝੁੱਗੀਆਂ ਜੇਹੜੀਆਂ ਜਾਪਾਨੀ ਚਿੱਤ੍ਰਾਂ ਵਿਚ ਬਰਲਿਨ ਯਾ ਨਿਉਯਾਰਕ ਦੇਖੀਆਂ ਸਨ, ਹੂ-ਬਹੂ ਓਹੋ ਹੀ ਚਿੱਤ੍ਰ ਰੂਪ ਚਮਕਦੀ ਸਾਦਗੀ ਵਿੱਚ ਸਮੁੰਦਰ ਦੇ ਕਿਨਾਰੇ ਪਿੰਡ ਰੂਪ ਵਿਚ ਹਨ। ਕਾਮਾਕੁਰਾ ਤੇ ਏਨੋਸ਼ੀਆ ਆਦਿ, ਨਿਕੋ ਤੇ ਹਾਕੋਨੋ ਆਦਿ ਜਿਸ ਤਰਾਂ ਚਿਤ੍ਰਾਂ ਵਿੱਚ ਦੇਖੇ ਸਨ, ਉਸੀ ਤਰਾਂ ਹਨ।
ਇਕ ਸ਼ਾਂਤੀ, ਜੀਂਦੀ ਸ਼ਾਂਤੀ ਸਾਰੇ ਦੇਸ ਵਿੱਚ ਜਿਵੇਂ ਚੰਨੇ ਦੀ ਚਾਨਣੀ ਰਾਤ ਝੁਗੀਆਂ ਤੇ ਜੰਗਲਾਂ ਉੱਪਰ ਪੈ ਕੇ ਉਨਾਂ ਨੂੰ ਅਪੂਰਵ ਸ਼ਾਂਤੀ ਵਿੱਚ ਧੋ ਦਿੰਦੀ ਹੈ, ਇਸ ਤਰਾਂ ਦਿਨ ਦਿਹਾੜੀ ਉਸ ਅੱਧੀ ਰਾਤ ਚਾਨਣੀ ਦਾ ਸ਼ਾਂਤ ਪ੍ਰਭਾਵ ਹੈ। ਫਜੂਲ ਗੱਲ ਕੋਈ ਨਹੀਂ ਕਰਦਾ, ਖਾਹਮਖਾਹ ਕੋਈ ਜ਼ੋਰ ਨਹੀਂ, ਬੱਚਾ ਕੋਈ ਰੋਂਦਾ ਨਹੀਂ, ਜਨਾਨੀ ਲੜਦੀ ਨਹੀਂ, ਖਾਵੰਦ ਕੋਈ ਜਨਾਨੀ ਤੇ ਗੁੱਸੇ ਨਹੀਂ ਹੁੰਦਾ। ਕਾਮ, ਕ੍ਰੋਧ, ਲੋਭ ਅਹੰਕਾਰ ਸਭ ਹਨ, ਪਰ ਸ਼ਾਂਤ ਰਸ ਦੇ ਹਨ, ਸਗੁਣ ਜੀਵਨ ਵਿੱਚ ਘੁਲਿਆ ਹੋਇਆ ਹੈ, ਰਜੋਗੁਣ ਕਦੀ ਕਦੀ ਆਉਂਦਾ ਹੈ ਤੇ ਉਸ ਦਾ ਜੋਰ ਸਾਰਾ ਕਿਸੀ ਦੀ ਆਪਣੀ ਨਿਮਾਣੀ ਜਿੰਦ ਤੇ ਪੈਂਦਾ ਹੈ, ਤਾਂ ਦੂਸਰੇ ਕਿਸੇ ਨੂੰ ਕੋਈ ਖੇਚਲ ਨਹੀਂ ਦਿੱਤੀ ਜਾਂਦੀ। ਜਾਪਾਨ ਦਾ ਵਜ਼ੀਰ-ਆਜ਼ਮ ਸਾਇਕੋ ਦਾ ਲਿਖਿਆ ਹੈ, ਘੜੀਆਂ ਹੀ ਆਪਣੇ ਮਿਤ੍ਰਾਂ ਦੇ ਦਰਵਾਜੇ ਉੱਪਰ ਜਾ ਕੇ ਬਾਹਰ ਖੜਾ ਰਹਿੰਦਾ ਸੀ ਅਤੇ ਬੂਹਾ ਖੋਹਲਣ ਨਾਲ ਤੇ ਬੂਹੇ ਨਾਲ ਲੱਗ ਪਿੱਤਲ ਦੀ ਘੰਟੀ ਵੱਜਣ ਨਾਲ ਮੇਰੇ ਅੰਦਰ ਬੈਠੇ ਮਿਤ੍ਰਾਂ ਦੇ ਅੰਤ੍ਰੀਵ ਦੇ ਸੁਖ ਤੇ ਚੁੱਪ ਵਿੱਚ ਕੋਈ ਖਲਲ ਪਵੇ । ਆਹਿੰਸਾ ਦੀ ਹਦ ਹੋ ਗਈ, ਨਿਰਵਾਨ ਦਾ ਪਤਾ ਸਾਰੇ ਮੁਲਕ ਦੇ ਨਿੱਕੇ ਵੱਡੇ ਨੂੰ ਲਗ ਗਿਆ, ਮੌਤ ਥੀਂ ਪਰੇ ਦੇਸ਼ ਹਨ । ਉਨ੍ਹਾਂ ਨਾਲ ਸਿਦਕ ਦੇ ਰਾਹੀ ਆਵਾ-ਜਾਵੀ ਸਭ ਲਈ ਖੁੱਲ੍ਹ ਗਈ, ਬਾਗ ਤੇ ਜੰਗਲ ਘਰਾਂ ਵਿੱਚ ਆ ਵੱਸੇ ਤੇ ਆਪਣੀ ਏਕਾਂਤ ਘਰਾਂ ਨੂੰ ਦੇਣ ਲਗ ਪਏ ਤੇ ਘਰ ਉੱਠ ਕੇ ਆਪਣੀ ਫੰਗਾਂ ਵਰਗੀਆਂ ਫੁੱਲਾਂ ਦੀਆਂ ਪੰਖੜੀਆਂ ਵਰਗੀਆਂ ਦੀਵਾਰਾਂ ਸਮੇਤ ਜੰਗਲਾਂ ਤੇ ਨੰਦਨ ਬਾਗਾਂ ਵਿੱਚ ਜਾ ਵੱਸੇ ਤੇ ਓਥੇ ਸ਼ਹਿਰਾਂ ਦੀ ਚਹਿਲ ਬਹਿਲ ਲੱਗਣ ਲਗ ਪਈ ।
ਇਉਂ ਜਾਪਾਨ ਸਦੀਆਂ ਤਕ ਬੁੱਧ ਮਤ ਨੂੰ ਪਾ ਕੇ ਚੁਪ ਰਿਹਾ ਜਿਵੇਂ ਪੱਤੀਆਂ ਵਿੱਚ ਢੱਕੀ ਗੁਲਾਬ ਦੀ ਡੋਡੀ । ਗੁਲਾਬ ਦੀ ਡੋਡੀ ਡਾਢੀ ਜੀਵਨ-ਚੰਚਲਤਾ ਵਿੱਚ ਵੀ ਸੁਫਨੇ ਰਸ ਵਿੱਚ ਟਿਕੀ ਹੋਈ ਹੈ, ਜਦ ਬਸੰਤ ਦਾ ਸੁਗੰਧਿਤ ਸਵਾਸ ਕਿਧਰੇ ਆਣ ਲਗਦਾ ਹੈ, ਕਰਾਮਾਤ ਵਾਂਗੂ ਇਕ ਦਮਬਦਮ ਵਿੱਚ ਸਾਰਾ ਖਿੜਿਆ ਫੁੱਲ ਬਣ ਪ੍ਰਕਾਸ਼ਦੀ ਹੈ। ਗੁਲਾਬ ਦੀ ਡੋਡੀ ਦੀ ਨੀਂਦਰ ਯੋਗ ਦੀ ਨੀਂਦਰ ਹੈ । ਗੁਲਾਬ ਦੀ ਡੋਡੀ ਸੱਚੀ ਸਮਾਧੀ ਵਿਚ ਹੈ। ਜੀਵਨ ਚੁੱਪ ਹੈ ਠੀਕ ਉਸੀ ਤਰਾਂ ਜਾਪਾਨ ਆਪਣੇ ਅੰਦਰ ਹੀ ਬੁਧ ਦੇਵ ਦੇ ਨਿਰਵਾਨ ਤੇ ਨਿਰਵਾਨ ਦੀ ਸਮਾਧੀ ਦੇ ਅਨੰਦ ਨੂੰ ਜਰਦਾ ਰਿਹਾ ਤੇ ਜਦ ਬਾਹਰ ਆਇਆ ਤਾਂ ਸਾਰਾ ਜਾਪਾਨ ਮੰਦਰਾਂ, ਬੁੱਧ ਦੇ ਸੋਹਣੇ ਬੁਤਾਂ, ਆਪਣੀ ਰਸਿਕ ਕਿਰਤ ਦੀਆਂ ਅਨੇਕ ਗੁਲਕਾਰੀਆਂ, ਆਪਣੇ ਬਣਾਏ ਨੰਦਨ ਬਾਗ, ਆਪਣੇ ਸਜਾਏ ਬਣ, ਸਾਰੇ ਇਕ ਸਹਸ੍ਰ ਦਲ ਕੰਵਲ ਵਾਂਗ ਖਿੜਿਆ ਦਿੱਸਿਆ। ਆਪ ਦੇ ਬਾਗਾਂ ਵਿੱਚ ਸਦੀਆਂ ਦੇ ਭਾਵ ਨਾਲ ਧੋਤੇ ਪਿਆਰ ਕਾਂਬਿਆਂ ਨਾਲ ਪੱਬਰ ਦੀਆਂ ਪੌੜੀਆਂ ਬਣਾ ਰੱਖੀਆਂ ਹਨ ਤੇ ਉਨਾਂ ਦੇ ਸਾਹਮਣੇ ਸੇਧ ਵਿੱਚ ਪੱਥਰਾਂ ਦਾ ਰਾਹ ਬਣਾਇਆ ਹੈ ਤੇ ਰਾਹ ਦੇ ਦੋਵੇਂ ਪਾਸੇ ਪੱਥਰਾਂ ਦੀਆਂ ਲਾਲਟੈਨਾਂ, ਪੱਥਰ ਦੇ ਥੰਮਾਂ ਤੇ ਰੱਖੀਆਂ ਹਨ। ਸਦੀਆਂ ਥੀਂ ਬਣੀਆਂ ਹਨ, ਸਦੀਆਂ ਥੀਂ ਉਸ ਉੱਪਰ ਬੁੱਧ ਦੇ ਪਿਆਰੇ ਭਗਤ ਸਦਾ ਟੁਰਦੇ ਰਹੇ ਹਨ, ਪੌੜੀਆਂ ਚੜ੍ਹਦੇ ਰਹੇ ਹਨ, ਜਾ ਕਿੱਥੇ ਰਹੇ ਹਨ, ਜਿੱਥੇ ਯਾਤਰੂ ਜਾਂਦੇ ਹਨ, ਇਹ ਪੌੜੀਆਂ ਚੜ੍ਹਨਾ ਹੀ ਧਰਮ ਹੈ ਕਿਦਰੇ ਨ ਆਪਣਾ ਹੀ ਰਸ ਦਾ ਇੰਤਜਾਰ ਹੈ ਸੱਦਯਾਂ ਚੈਰੀ ਦੇ ਫੁੱਲ ਦੀਆਂ ਪੰਖੜੀਆਂ ਨੂੰ ਬਸੰਤ-ਹਵਾਵਾਂ ਉਨ੍ਹਾਂ ਰਾਹਾਂ ਤੇ ਵਿਛਾਂਦੀਆਂ ਹਨ ਤੇ ਸਾਵੀ ਮਖਮਲ ਵਾਂਗ ਕਾਈ ਪੱਥਰਾਂ। ਉੱਪਰ ਜੰਮ ਰਹੀ ਹੈ, ਉਸ ਵਿੱਚ ਸੱਦਯਾਂ ਦੇ ਪਿਆਰ ਦੀ ਖੁਸ਼ਬੂ ਹੈ। ਕਈ ਵੇਰੀ ਇਨ੍ਹਾਂ ਲੰਮੀਆਂ ਸੱਥਾਂ ਵਿੱਚ ਸ਼ਾਮਾਂ ਵੇਲੇ ਭਗਤਾਂ ਨੇ ਲਾਲਟੈਨਾਂ ਵਿੱਚ ਦੀਵੇ ਬਾਲੇ, ਲੱਖਾਂ ਵੇਰੀ ਇੱਥੇ ਨਮੋ-ਬੁੱਧ ਦੇ ਮੰਤ੍ਰਾਂ ਦੇ ਪਾਠ ਹੋਏ। ਅੱਜ ਇਨ੍ਹਾਂ ਭਾਵਾਂ ਤੇ ਭਾਵਨਾਂ ਦੇ ਸਮੂਹ ਦੇ ਅਮਲਾਂ ਨੇ ਇਨ੍ਹਾਂ ਪੱਥਰਾਂ ਨੂੰ ਵੀ ਇਉਂ ਜਾਪਦਾ ਹੈ, ਨਿਰਵਾਨ ਦਾ ਸੁਖ ਦੇ ਦਿੱਤਾ ਹੈ।
ਪੱਥਰ ਰੂਹ ਹੋ ਗਏ ਹਨ ਜਦ ਪੱਛਮੀ ਲੋਕੀ ਇਥੇ ਆਉਂਦੇ ਹਨ ਤਦ ਵੇਖ ਵੇਖ ਹੈਰਾਨ ਹੁੰਦੇ ਹਨ ਕਿ ਪੱਥਰ ਇਕ ਇਕ ਪੱਥਰ ਕਿਸ ਤਰਾਂ ਮੰਦਰ ਰੂਪ ਹੋ ਰਹੇ ਹਨ, ਨੰਗੇ ਪੈਰ ਇਨਾਂ ਪਰ ਜਾਣ ਤੇ ਰੂਹ ਕਰਦਾ ਹੈ, ਇਨ੍ਹਾਂ ਨੂੰ ਚੁੰਮਣ ਤੇ ਦਿਲ ਕਰਦਾ ਹੈ, ਇਨ੍ਹਾਂ ਪੌੜੀਆਂ ਨੂੰ ਮੱਥਾ ਟੇਕਣ ਤੇ ਦਿਲ ਕਰਦਾ, ਮਲੋ-ਮਲੀ ਸ਼ਾਂਤ ਰਸ ਛਾਂਦਾ ਹੈ, ਮਲੋ-ਮਲੀ ਪੂਜਾ ਦੇ ਭਾਵ ਨਾਲ ਜਕੜੇ ਜਾਂਦੇ ਹਨ, ਹਿੱਲਣ ਤੇ ਦਿਲ ਨਹੀਂ ਕਰਦਾ, ਸਮਾਧੀ ਜੇਹੀ ਛਾਂਦੀ ਹੈ ਪਰ ਇਸ ਸਾਦਾ ਜੇਹੀ ਥਾਂ ਤੇ ਅਨੇਕ ਰੂਹਾਂ ਦੇ ਪਿਆਰਾਂ ਦੇ ਮੀਂਹ ਪਏ ਹਨ, ਅਨੇਕ ਰੂਹਾਂ ਦੀ ਸਮਾਧੀ ਇਥੇ ਵੱਸਦੀ ਹੈ, ਉਹ ਅਦ੍ਰਿਸ਼ਟ ਤਾਂ ਦਿੱਸਦਾ ਨਹੀਂ ਪਰ ਅਸਰ ਇਹ ਹੈ॥
ਇਕ ਜਾਪਾਨ ਦੀ ਗਾਉਣ ਵਾਲੀ ਨਾਯਕਾ, (ਗੈਸ਼ਾ) ਨੂੰ ਇਨ੍ਹਾਂ ਮਤਬਰਕ ਪੌੜੀਆਂ ਨੂੰ ਵੇਖ ਕੇ ਓਹ ਅਨੰਦ ਮਿਲਦਾ ਹੈ, ਜੋ ਇਕ ਜਾਪਾਨ ਦੇ ਬਾਦਸ਼ਾਹ ਦੀ ਮਲਕਾ ਨੂੰ, ਇਸ ਸਿਮ੍ਰਨ ਦੇ ਸੰਗ੍ਰੇ ਦੇ ਭਾਵ ਹੇਠ ਗੈਸ਼ਾ ਦੇ ਨੈਣ ਇਲਾਹੀ ਰਸਦੇ ਅਥਰੂਆਂ ਨਾਲ ਸਜਲ ਹੁੰਦੇ ਹਨ। ਖੜੀ ਓਏਨ ਦੇ ਚੈਰੀ ਬਾਗ ਵਿੱਚ, ਉਨਾਂ ਪੁਰਾਣੀਆਂ ਪੌੜੀਆਂ ਤੇ ਕਹਿੰਦੀ ਹੈ, ਨਮੋ ਬੁੱਧਾ, ਤੇ ਆਖਦੀ ਹੈ ਹੇ ਮਾਲਕ! ਮੈਂ ਨਿਕਾਰੀ ਵੀ ਤੇਰੇ ਵਲ ਜਾਂਦੇ ਰਾਹ ਦੀ ਪੌੜੀਆਂ ਤੇ ਖੜੀ ਹਾਂ, ਮੈਂ ਵੀ ਸਦਾ ਤੇਰੇ ਵੱਲ ਜਾ ਰਹੀਆਂ, ਸੁਖੀ ਵੱਸਣ ਉਹ, ਜਿਨ੍ਹਾਂ ਇਹ ਪੌੜੀਆਂ ਹਰ ਖਾਸ ਆਮ ਵਾਸਤੇ ਬਣਾ ਦਿੱਤੀਆਂ, ਰਾਹ ਬਣਾ ਦਿੱਤੇ ਤੇ ਸਬ ਕੋਈ ਤੇ ਮੈਂ ਵੀ ਇਨ੍ਹਾਂ ਰਾਹਾਂ ਤੇ ਟੁਰ ਸੱਕਦੀ ਹਾਂ, ਮੈਂ ਵੀ ਆਪਣੀ ਨੈਣ ਆਪ ਵੱਲ ਮੋੜ ਸੱਕਦੀ ਹਾਂ,
ਬੁੱਧ ਦੇ ਨਿਰਵਾਨ ਦੇ ਸਮੇਂ ਵਿੱਚ ਅਨੇਕ ਡੋਡੀਆਂ ਦਾ ਖਿੜਿਆ ਹੋਇਆ ਫੁੱਲ ਵਰਗਾ ਜਾਪਾਨ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਏਸ਼ੀਆ ਦੇ ਹੋਰ ਮੁਲਕਾਂ ਖਾਸ ਕਰ ਹਿੰਦਸਤਾਨ ਦੇ ਕਾਲੇ ਹਨੇਰੇ ਤਲੇ ਦੇ ਚਿੱਕੜਾਂ ਵਿੱਚ ਉੱਗਿਆ ਇਕ ਫੁੱਲ ਦਾ ਬ੍ਰਿਛ ਟੇਢਾ ਹੋ ਸੂਰਜ ਦੀ ਸੁਨਹਿਰੀ ਕਿਰਣ, ਨੂੰ ਟੋਲਦਾ ਪੇਚ ਜਿਹੇ ਖਾਂਦਾ ਤਿੱਬਤ, ਚੀਨ, ਮਲਾਯਾ ਦੇ ਜਜ਼ੀਰਿਆਂ ਉੱਪਰੋਂ ਹੁੰਦਾ ਆਖਰ ਜਾਪਾਨ ਵਿੱਚ ਜਾ ਕੇ ਖਿੜਿਆ ਤੇ ਓਥੇ ਇਹਦੇ ਫੁੱਲਾਂ ਦਾ ਕੋਈ ਅੰਤ ਨਾ ਰਿਹਾ। ਸੋ ਜਦ ਕਦੀ ਏਸ਼ੀਆ ਦੇ ਆਰਟ ਦਾ ਪ੍ਰਭਾਵ ਦੇਖਣਾ ਹੋਵੇ, ਤਦ ਜਾਪਾਨ ਦੇ ਆਰਟ ਵਿੱਚ ਹੀ ਦੇਖ ਸੱਕੀਦਾ ਹੈ ਤੇ ਆਰਟ ਸਭ ਥਾਂ ਪਹਿਲਾਂ ਲੋਕਾਂ ਦੇ ਆਪਣੇ ਜੀਵਨ ਵਿੱਚ ਆਉਂਦਾ ਹੈ ਉੱਥੇ ਰਸ ਰੂਪ ਹੋ ਸਿੰਜਰਦਾ ਹੈ, ਝਰਦਾ ਹੈ ਤੇ ਜਦ ਗਿਰਾ ਵਿੱਚੋਂ ਦੀ ਫੁੱਟਦਾ ਹੈ ਤਦ ਉਹ ਕਵਿਤਾ ਹੈ, ਜਦ ਹੱਥਾਂ ਵਿੱਚ ਦੀ ਫੁੱਟਦਾ ਹੈ ਤਦ ਉਹ ਚਿਤ੍ਰਕਾਰੀ, ਪੱਥਰਾਂ ਦੇ ਬੁੱਤ ਦੇ ਚਿਤ੍ਰ ਬਨਾਣ ਵਿੱਚ ਪੂਰਣਤਾ ਨੂੰ ਪ੍ਰਾਪਤ ਹੁੰਦਾ ਹੈ। ਜਦ ਦਿਲ ਵਿੱਚੋਂ ਫੁੱਟਦਾ ਹੈ ਤਦ ਭਗਤੀ ਹੋ ਨਿਬੜਦਾ ਹੈ। ਤੇ ਮਨੁੱਖਾਂ ਜੁੜੇ ਸਮੂਹਾਂ ਦੇ ਦਿਲ ਵਿੱਚ ਦੀ ਫੁਟਦਾ ਹੈ, ਤਦ ਉਨ੍ਹਾਂ ਦੇ ਰਹਿਣ ਵਾਲੀ ਧਰਤ ਅਕਾਸ਼ ਨੂੰ ਅਨੋਖੇ ਗਹਿਣੇ ਪਾ ਇਉਂ ਸਜਾ ਦਿੰਦਾ ਹੈ, ਜਿਵੇਂ ਦੇਵੀ ਦੇਵਤਿਆਂ ਦਾ ਸਵਰਗ ਇਹੋ ਹੈ ਸੋ ਬੁੱਧ ਜੀ ਦਾ ਨਿਰਵਾਨ ਰਸ ਤੇ ਅਲੌਕਿਕ ਸਮਾਧੀ ਜਾਪਾਨ ਦੇ ਸਮੂਹਾਂ ਪਰ ਅੰਮ੍ਰਿਤ ਵਰਖਾ ਵਾਂਗ ਪਈ ਤੇ ਨਿਰਾ ਇਕ ਇਕ ਹੀ ਨਿਹਾਲ ਨਹੀਂ ਹੋਇਆ, ਸਾਰੀ ਕੌਮ ਦੀ ਕੌਮ ਵੱਡਾ ਨਿੱਕਾ, ਪਾਪੀ ਪੁੰਨੀ ਸਭ ਨਿਹਾਲ ਹੋਏ ਤੇ ਸੱਦਯਾਂ (ਸਦੀਆਂ) ਇਹ ਗੁਣ ਉਹ ਆਪਣੇ ਅੰਦਰ ਸਿੰਜਰਦੇ ਰਹੇ। ਹੁਣ ਨ ਰਸਿਕ ਸਖਸੀਅਤ ਸਦਾ ਕਰਤਾਰੀ ਹੁੰਦੀ ਹੈ ਜਿਵੇਂ ਰੱਬ ਦੀ ਕੁਦਰਤ ਕਰਤਾਰੀ ਸੁਹਣੱਪ, ਸੁਹਜ, ਧਰਮ, ਦਇਆ, ਦਰਦ ਆਦਿ ਦੀ ਉਪਜਾਊ ਹੈ।
ਹੁਣ ਆਸ਼ਾ ਹੈ ਜੇ ਗੁਰੂ ਸਾਹਿਬਾਨ ਦੇ ਨਾਮ-ਲੇਵਾ ਜਾਪਾਨ (ਨਵੇਂ ਜਾਪਾਨ ਦੇ ਨਹੀਂ, ਓਥੇ ਵੀ ਹੁਣ ਉਹ ਗੱਲ ਪੱਛਮੀ ਮੁਲਕਗੀਰੀ ਤੇ ਡਾਲਰ ਪੂਜਾ ਦੇ ਖੋਹਰੇਪਨ ਨੇ ਸ਼ਾਯਦ ਗੁੰਮ ਕਰ ਦੇਣੀ ਹੈ) ਤੇ ਇਟਲੀ ਦੇ ਪੁਰਾਣੇ ਜੀਵਨ ਤੇ ਆਰਟ ਨੂੰ ਅਨੁਭਵ ਕਰਕੇ ਉਸ ਥਾਂ ਮਗਰ ਸ਼ਾਯਦ ਗੁਰੂ ਸਾਹਿਬਾਨ ਦਾ ਸੱਜਰਾ ਤੇ ਨਵੇਂ ਜ਼ਮਾਨੇ ਦਾ ਕੁਦਰਤ ਦਾ ਆਰਟ ਤੇ ਮਜ਼੍ਹਬ ਸਮਝ ਸੱਕਣ ਤੇ ਹੋ ਸੱਕਦਾ ਹੈ, ਕਿ ਉਨ੍ਹਾਂ ਗੰਭੀਰ ਜੀਵਨ ਦੇ ਰਾਜ਼ਾਂ ਨੂੰ ਲੱਭ ਕੇ ਗੁਰੂ ਸਾਹਿਬਾਨ ਦੇ ਆਦਰਸ਼ ਦੁਨੀਆਂ ਨੂੰ ਦੱਸ ਸੱਕਣ, ਪਰ ਬੜੀ ਹੀ ਸਮੂਹਾਂ ਦੀਆਂ ਕੌਮਾਂ ਦੀ ਤਿਆਰੀ ਤੇ ਪਿਆਰ ਤੇ ਭਗਤੀ ਦੀ ਲੋੜ ਹੈ, ਅਕੱਲਾ ਦੁਕੱਲਾ ਜੇ ਸਮਝਿਆ ਵੀ ਤਦ ਗੁਰੂ ਸਾਹਿਬਾਨ ਦੇ ਆਦਰਸ਼ ਇਕ ਵਿੱਚ ਨਹੀਂ ਸਮੂਹਾਂ ਵਿੱਚ ਖਿੜ ਸੱਕਦੇ ਹਨ । ਸ਼ਾਯਦ ਨਿਰੋਲ ਬੁੱਧ ਦੇ ਨਿਰਵਾਨ ਬ੍ਰਿਛ ਵਾਂਗ ਗੁਰਸਿੱਖੀ ਦਾ ਬ੍ਰਿੱਛ ਵੀ ਕਿਸੇ ਨਵੇਂ ਸਮੁੰਦ੍ਰ ਥੀਂ ਜੰਮੇ, ਮੁਲਕ ਵਿੱਚ ਕੋਈ ਟਾਹਣ ਫੁੱਲ ਲਿਆ ਕੇ ਮੁੜ ਦੁਨੀਆਂ ਨੂੰ ਨਿਹਾਲ ਕਰ ਸੱਕੇ॥
ਏਸ਼ੀਆ ਦੇ ਆਰਟ ਅਥਵਾ ਰਸਿਕ ਕਿਰਤ ਦੇ ਵਿਕਾਸ਼ ਲਈ ਜ਼ਰੂਰੀ ਹੈ, ਕਿ ਧਯਾਨ ਦੇ ਸਿਦਕ ਵਿੱਚ ਇਹ ਪੱਕਾ ਪ੍ਰਤੀਤ ਹੋਵੇ ਕਿ ਦੇਵੀ ਦੇਵਤਿਆਂ ਦੀ ਦੁਨੀਆਂ ਹੈ, ਬੁੱਧ ਦੇਵ ਜੀ ਦਾ ਸਵਰਗ ਜਿੱਥੇ ਬੁੱਧ ਆਦਿ ਜੁਗਾਦਿ ਰਹਿੰਦੇ ਹਨ, ਅਥਵਾ ਗੁਰੂ ਸਾਹਿਬਾਨ ਦਾ ਪਰਲੋਕ ਜਿੱਥੇ-
ਸਰਮ ਖੰਡ ਕੀ ਬਾਣੀ ਰੂਪੁ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥
ਤਾਕੀਆ ਗਲਾ ਕਥੀਆ ਨਾ ਜਾਹਿ ॥
ਜੇ ਕੋ ਕਹੈ ਪਿਛੈ ਪਛੁਤਾਇ॥
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧ॥
ਕਰਮ ਖੰਡ ਕੀ ਬਾਣੀ ਜੋਰੁ ॥
ਤਿਥੈ ਹੋਰੁ ਨ ਕੋਈ ਹੋਰੁ॥
ਤਿਥੈ ਜੋਧ ਮਹਾ ਬਲ ਸੂਰ ॥
ਤਿਨ ਮਹਿ ਰਾਮੁ ਰਹਿਆ ਭਰਪੂਰੁ॥
ਤਿਥੈ ਸੀਤੋ ਸੀਤਾ ਮਹਿਮਾ ਮਾਹਿ॥
ਤਾ ਕੇ ਰੂਪ ਨ ਕਥਨੇ ਜਾਹਿ॥
ਮੁੜ ਉਹ ਸੋਹਣੇ ਧਯਾਨ ਸਿੱਧ ਹੋ ਸਾਡੇ ਦਿਲਾਂ ਦੇ ਅਕਾਸ਼ ਵਿਚ ਆਣ ਸਾਨੂੰ ਆਪਣੀ ਸੋਹਣੀਆਂ ਸੂਰਤਾਂ ਨਾਲ ਠੰਢ ਪਾਣ। "ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ" ਤੇ ਉਨ੍ਹਾਂ ਦੇ ਰੂਪ, ਰਾਗ, ਰੰਗ ਸਾਡੀ ਸੁਰਤਿ ਨੂੰ ਭਰਣ, ਸਾਡੀ ਸੁਰਤਿ ਉਹ ਰੂਪ ਦੇ ਸਮੁੰਦਰਾਂ ਨੂੰ ਆਪਣੇ ਅੰਦਰ ਸਮਾਵੇ, ਸਦੀਆਂ ਤਕ ਇਹ ਵਾਕਫੀਅਤ ਪੂਰਣ ਹੋਵੇ, ਤੇ ਫੁਟ ਫੁਟ ਕੇ ਪਦਮ ਦੇ ਫੁੱਲਾਂ ਵਾਂਗ ਫਿਰ ਉਹ ਖੁਸ਼ੀ, ਰਸ ਤੇ ਧਯਾਨ ਮੂਰਤਾਂ ਸਾਡੇ ਅੰਦਰੋਂ ਬਾਹਰ ਆ ਕੇ ਸਾਡੇ ਰਹਿਣ ਵਾਲੇ ਸਥਾਨਾਂ ਮੁਲਕਾਂ ਨੂੰ ਅਨੇਕ ਰੂਪਾਂ ਦੇ ਸਿੰਗਾਰ ਨਾਲ ਸਿੰਗਾਰਣ।
ਇਨ੍ਹਾਂ ਦਰਸ਼ਨਾਂ, ਸਮਾਧੀਆਂ, ਰਸਾਂ ਨਾਲ ਸਾਡੀ ਹੱਡੀ ਮਾਸ ਮੱਝ ਧਯਾਨ ਵਿੱਚ ਵੱਸੇ, ਰੂਪ ਨਾਮ ਰਸ ਗੰਧ, ਸਪਰਸ਼ ਦੇ ਓੜਕ ਦਿਵਯ ਸੁਖਾਂ ਨਾਲ ਦਿਵਯ ਹੋ ਵੰਝੇ, ਦਿਲ ਦੀ ਵਸਤੀ ਵੱਸੇ। ਪਰੀਆਂ, ਦੇਵੀ ਦੇਵਤਿਆਂ ਦੀ ਚਹਿਲ ਬਹਿਲ ਹੋਵੇ, ਇਉਂ ਅੰਦਰ ਸਮਾਧੀ ਦਾ ਜੀਵਨ, ਚੁੱਪ ਰਸਿਕ ਕਿਰਤ ਦੀ ਖੇਡ ਸਦੀਆਂ ਤਕ ਸਾਨੂੰ ਲੁਕਾਈਆਂ ਡੋਡੀਆਂ ਵਾਂਗ ਜੋਬਨ ਦਾ ਰੰਗ ਦੇਕੇ ਇਕ ਬਸੰਤ ਦੇ ਦਿਨ ਸਾਨੂੰ ਖਿੜੇ ਕੰਵਲਾਂ ਵਾਂਗ, ਗੁਲਾਬਾਂ ਵਾਂਗ ਬਾਹਰ ਕੱਢੇ। ਇਹ ਪਤਾ ਨਹੀਂ ਕਿ ਉਹ ਬਾਹਰ ਨਿਕਲਣਾ ਹੈ ਕਿ ਹੋਰ ਅੰਤਰੀਵ ਵਿੱਚ ਜਾ ਕੇ ਰੱਬ ਨਾਲ ਇਕ ਹੋਣਾ ਹੈ। ਗੁਲਾਬ ਦਾ ਖਿੜਿਆ ਫੁੱਲ ਤਾਂ ਮੰਜ਼ਲ ਮਕਸੂਦ ਤੇ ਪਹੁੰਚ ਗਿਆ, ਪਰ ਬਣਾਂ ਨੂੰ, ਬਾਗਾਂ ਨੂੰ, ਪਰਬਤਾਂ ਨੂੰ, ਦਰਿਯਾਵਾਂ ਨੂੰ, ਧਰਤਿ ਨੂੰ, ਅਕਾਸ਼ ਨੂੰ, ਇਨ੍ਹਾਂ ਸਮੂਹਾਂ ਨੂੰ ਤਾਂ ਆਦਮੀਆਂ ਧਯਾਨ ਸਥਿਤ ਰਸਿਕਾਂ ਨੇ ਪਹੁੰਚਾਣਾ ਹੈ ਤੇ ਤੀਸਰੀ ਗੱਲ ਇਹ ਹੈ, ਕਿ ਸ਼ਰੀਰ ਤੇ ਸਰੀਰਕ ਜੀਵਨ ਨੂੰ ਸੁੱਚਾ, ਸੱਚਾ, ਸੁਥਰਾ, ਸੋਹਣਾ ਬਨਾਣ ਲਈ ਅੰਦਰ ਇਕ ਬੇਚੈਨੀ ਹੋਵੇ ਕਿ ਸ਼ਹਿਰ ਸਾਡੇ ਹਰੀ ਮੰਦਰ ਹੋਣ, ਬਣ ਸਾਡੇ ਨੰਦਨ ਬਾਗ ਹੋਣ, ਪਰਬਤ ਸਾਡੇ ਭਰਾ ਹੋਣ ਤੇ ਰਾਹ ਸਾਡੇ ਪਿਆਰੇ ਦੇ ਦੇਸ਼ ਅਥਵਾ ਨਿਰਵਾਨ ਸੁਖ ਨੂੰ ਲੈ ਜਾਨ ਵਾਲ ਹੋਣ॥
"ਇਹ ਜਗੁ ਸਚੇ ਕੀ ਹੈ ਕੋਠੜੀ
ਸਚੇ ਕਾ ਵਿਚਿ ਵਾਸੁ"॥
"ਕੁਦਰਤਿ ਦਿਸੈ ਕੁਦਰਤਿ ਸੁਣੀਐ
ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ
ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ
ਕੁਦਰਤਿ ਸਰਬ ਵੀਚਾਰੁ॥
ਕੁਦਰਤ ਖਾਣਾ ਪੀਣਾ ਪੈਨਣੁ
ਕੁਦਰਤਿ ਸਰਬ ਪਿਆਰੁ"॥
ਤੇ ਸਾਡੇ ਅੰਦਰ ਨਾਜ਼ਕ ਖਿਆਲੀ ਹੋਵੇ ਜਿਹੜੀ ਕਿਸੀ ਕਿਸਮ ਦੀ ਮੈਲ, ਮੰਦਪੁਣਾ, ਕਰੂਪਤਾ, ਕੋਝ ਸਹਾਰ ਨਾ ਸੱਕੇ। ਇਮਾਰਤ ਭੱਦੀ ਜੇਹੀ, ਭੈੜੀ ਜਿਹੀ ਬਣਾ ਨਾ ਸੱਕੇ, ਗਲੀ ਗੰਦੀ ਹੋ ਨਾ ਸੱਕੇ, ਅੰਦਰ ਗੰਦ ਮੰਦ ਨਾ ਹੋਵੇ, ਬਾਹਰ ਨਾ ਹੋਵੇ, ਸਰਲਤਾ ਅੰਦਰ, ਸਾਦਗੀ ਬਾਹਰ, ਨਿਰੀ ਆਪਣੇ ਸਰੀਰ ਦੀ ਪੋਚਾ ਪਾਚੀ ਨਾ ਹੋਵੇ, ਸ਼ਹਿਰ ਦਾ ਸਰੀਰ ਭੀ ਸੋਹਣਾ ਚਮਕੇ, ਲਕੀਰ ਕੋਈ ਵਾਹੀ ਨਾ ਜਾਵੇ, ਜਿਹੜੀ ਉਸ ਪਿਆਰੇ ਵਲ ਨਾ ਜਾਵੇ। ਸਾਡੀ ਜਾਤੀ ਦੇ ਤੀਰਥ ਵੇਖੋ ਤਦ ਉਹ ਗੰਦੇ, ਸ਼ਹਿਰ ਗੰਦੇ, ਘਰ ਗੰਦੇ, ਸੁਭਾਉ ਗੰਦੇ, ਰਹਿਣ ਬਹਿਣ ਹੈਵਾਨਾਂ ਵਾਲਾ ਤੇ ਓਥੇ ਆਰਟ ਕਿਸ ਤਰਾਂ ਆ ਸਕਦਾ ਹੈ?
ਆਰਟ ਜੀਵਨ ਦਾ ਬੇਚੈਨ ਬਿਹਬਲ ਜਿਹਾ ਭੈੜੀ ਛੋ ਕੋਈ ਸਹ ਨ ਸੱਕਣ ਵਾਲਾ ਕਰਤਾਰੀ ਉਪਜਾਊ ਸੁਭਾਉ ਹੈ, ਪਰ ਜਿਥੇ ਜੀਵਨ ਥੀਂ ਹੀ ਅਪੇਖਯਾ ਸਿਖਾਈ ਜਾਏ, ਸ਼ਕਤੀ ਮੌਤ ਦਾ ਨਾਮ ਹੋਵੇ, ਸੋਹਣਾ ਹੀ ਕੋਈ ਨਾ ਹੋਵੇ, ਰੱਬ ਵੀ ਇਕ ਸ਼ੇਸ਼ ਸ਼ੂਨਯ ਹੋਵੇ, ਓਥੇ ਜੀਵਨ ਦੀ ਇਹ ਕ੍ਰਿਯਾ ਅਸਲ ਵਿੱਚ ਆ ਨਹੀਂ ਸੱਕਦੀ।
ਜੇ ਆਵੇ ਤਦ ਕੋਈ ਸੁਹਣੱਪ ਨੂੰ ਨਹੀਂ ਉਪਜਾ ਸੱਕਦੀ, ਏਸ਼ੀਆ ਦਾ ਆਰਟ ਬੁਧ ਦੇਵ ਦੇ ਸਾਏ ਹੇਠ ਪਲਿਆ, ਵੱਡਾ ਹੋਯਾ ਤੇ ਜੀ ਰਿਹਾ ਹੈ। ਤਿੱਬਤ ਤੇ ਚੀਨ ਵਿੱਚ ਆਰਟ ਹੋਵੇ ਥੋੜ੍ਹਾ ਜਿਹਾ ਤਿੱਬਤ ਦੇ ਆਸਰੇ ਕਸ਼ਮੀਰ ਵਿੱਚ ਵੀ ਹੋਵੇ ਪਰ ਹਿੰਦੁਸਤਾਨ ਵਿੱਚ ਕੋਈ ਰੂਪ ਨਾ ਘੜਨ ਹੋਣ, ਤੇ ਜੇ ਮਥਰਾ ਦੇ ਮੰਦਰਾਂ ਵਿੱਚ ਕ੍ਰਿਸ਼ਨ ਦੀ ਪੂਜਾ ਵੀ ਹੋਵੇ ਤਾਂ ਕੋਈ ਸੋਹਣੇ ਬੁੱਤ ਨਾ ਤ੍ਰਾਸ਼ੇ ਜਾਣ, ਭੈੜੇ ਜਿਹੇ ਕਾਲੇ ਜਿਹੇ ਭੱਦੇ ਜਿਹੇ , ਜਰਮਨੀ ਦੇ ਬਣੇ ਚਿੱਤ੍ਰ ਤੇ ਪੱਥਰ ਦੀਆਂ ਮੂਰਤੀਆਂ ਸਾਡੀ ਦੇਵੀ ਦੇਵਤੇ ਹੋਣ, ਇਹ ਸਭ ਕੁਛ ਦੱਸਦਾ ਹੈ ਕਿ ਸਾਡੀ ਸੁਰਤਿ ਧਿਆਨੀ ਰਸ ਥੀਂ ਖਾਲੀ ਹੈ, ਸ਼ਖਸੀ ਪੂਜਾ ਥੀਂ ਵਾਂਜੀ ਹੋਈ ਹੈ, ਸਾਨੂੰ ਉੱਚੇ ਆਰਟ ਆਦਰਸ਼ ਦਿੱਸ ਹੀ ਕਿਸ ਤਰਾਂ ਸੱਕਦੇ ਹਨ? ਤੇ ਬੁੱਧ ਮਤ ਜੈਸੇ ਆਰਟਿਸਟਕ ਪਿਆਰ ਸਾਡੀ ਵਰਤਣ ਵਿੱਚ ਕਿਸ ਤਰਾਂ ਆ ਸੱਕਦੇ ਹਨ ? ਤੇ ਜੇ ਕੁਛ ਸੀ ਕਦੀ ਤਦ ਓਹ ਹੋ ਚੁੱਕੀ ਕੋਈ ਸ਼ਾਨ ਸੀ:-
ਉਕਾਕਰਾ (ਲੇਖਕ-"Ideal of the East".) ਲਿਖਦਾ ਹੈ, ਅਸ਼ੋਕ ਦੀ ਉੱਚੀ ਸ਼ਾਨ ਤੇ , ਪਾਦਸ਼ਾਹੀ ਜੋ ਏਸ਼ੀਆ ਦੇ ਬਾਦਸ਼ਾਹਾਂ ਦਾ ਇਕ ਆਦ੍ਰਸ਼ ਨਮੂਨਾ ਹੈ, ਜਿਹਦੇ ਅਹਕਾਮ ਐਨਟੀਆਕ ਤੇ ਐਲਗਜ਼ੰਡ੍ਰਾ ਦੇ ਮਹਾਰਾਜਿਆਂ ਥੀਂ ਆਪਣੀ ਈਨ ਮਨਾਉਂਦੇ ਸਨ, ਅਜ ਤਕਰੀਬਨ ਅਸੀ ਭਾਰਹੂਤ ਤੇ ਬੁੱਧ ਗਯਾ ਦੇ ਕਿਰ ਕਿਰ ਕਰਦੇ ਪੱਥਰਾਂ ਵਿੱਚ ਭੁਲ ਚੁੱਕੇ ਹਾਂ। ਵਿਕ੍ਰਮਾਦਿਤ ਦਾ ਜਵਾਹਰਾਤ ਨਾਲ ਸਜਿਆ ਦਰਬਾਰ ਬਸ ਇਕ ਗੁੰਮ ਗਿਆ ਸੁਫਨਾ ਹੈ, ਐਸਾ ਗੁੰਮਿਆ ਹੈ ਕਿ ਕਾਲੀਦਾਸ ਦਾ ਵਾਕਯ ਭੀ ਚੇਤੇ ਨਹੀਂ ਕਰਾ ਸੱਕਦਾ, …
ਕੁਛ ਬਾਕੀ ਨਹੀਂ ਰਿਹਾ। ਬ੍ਰਾਹਮਣਾਂ ਨੇ ਅੰਦਰੋਂ ਧਿੱਕਾ ਦਿੱਤਾ ਤੇ ਬਾਹਰ ਵੀ ਆਏ ਵੰਡਾਲਾਂ ਨੇ ਸਾਨੂੰ ਬਾਹਰੋਂ ਮਾਰਿਆ, ਇਸ ਪਛੋਕੜ ਨੂੰ ਕਾਇਮ ਕਰਦੇ ਹੋਏ ਏਸ਼ੀਆ ਦੇ ਆਰਟ ਨੂੰ ਉਕਾਕੁਰਾ ਸੋਹਣੇ ਅੱਖਰਾਂ ਵਿੱਚ ਇਉਂ ਦੱਸਦਾ ਹੈ:-
"ਆਰਟ ਇਉਂ ਮਜ਼੍ਹਬ ਦਾ ਇਕ ਘੜੀ ਦੀ ਘੜੀ ਦਾ ਸਾਹ ਲੈਣਾ ਹੈ, ਯਾ ਉਹ ਖਿਣ ਹੈ ਜਿਸ ਵਿੱਚ ਪ੍ਰੀਤ ਅੱਧੀ ਬੇਹੋਸ਼ ਜਿਹੀ ਅਨੰਤ ਦੇ ਭਾਲ ਦੀ ਯਾਤ੍ਰਾ ਵਿੱਚ ਜਾਂਦੀ ਠਹਿਰ ਜਾਂਦੀ ਹੈ ਤੇ ਬੜੀ ਮਾਮਤਾ ਨਾਲ ਮੁਕ ਚੁੱਕੇ ਪਿੱਛੇ ਨੂੰ ਵੇਖਦੀ ਹੈ ਤੇ ਧੁੰਧਲੇ ਜਿਹੇ ਅਗੇ ਨੂੰ ਲੋਚਦੀ ਹੈ ਦਿੱਸਣ ਵਾਲੇ ਦਿਸਦੇ-ਕਿਸੇ ਅਣਖੁਲ੍ਹੇ ਜਿਹੇ ਰਾਜ਼ ਦੇ ਇਸ਼ਾਰੇ ਮਾਤ੍ਰ ਦਾ ਸੁਫਨਾ ਇਸ ਥੀਂ ਵਧ ਕੋਈ ਠੋਸ ਚੀਜ ਨਾਂਹ, ਪਰ ਰੂਹ ਦੇ ਹੋਣ ਦਾ ਪੂਰਾ ਇਸ਼ਾਰਾ, ਇਸ ਉੱਚੇ ਸੱਚ ਦੀ ਉੱਤਮਤਾ ਥੀਂ ਘਟ ਨਾਂਹ" ॥
ਫਿਰ ਆਪ ਜੋਸ਼ ਵਿੱਚ ਆਏ ਲਿਖਦੇ ਹਨ:-
"ਕੁਦਰਤ ਦੇ ਉਹ ਕਾਵਯ ਟੁਕੜੇ ਜਿਥੇ ਉਹ ਆਪਣਾ "ਆਤਮ-ਸੁਹਣੱ੫ ਰਾਗ ਗਾਂਦੀ ਹੈ, ਕਾਲੇ ਬੱਦਲ ਵਿਚ ਸੁਤੇ ਬਿਜਲੀ ਦੇ ਸ਼ਰਾਰੇ, ਦਿਉਦਾਰਾਂ ਤੇ ਚੀਲਾਂ ਦੇ ਜੰਗਲਾਂ ਦੀ ਬਲਵਾਨ ਚੁੱਪ, ਤਲਵਾਰ ਦੀ ਉਹ ਨਾਕੰਪਾਯਮਾਨ ਸਤੋਗੁਣਤਾ, ਕਾਲੇ ਪਏ ਪਾਣੀਆਂ ਵਿੱਚ ਉੱਠਦੇ ਕੰਵਲ ਫੁਲ ਦੀ ਉਹ ਪ੍ਰਿਭ ਜੋਤ ਪਵਿਤ੍ਰਤਾ, ਉਹ ਪਦਮ ਦੇ ਫੁੱਲਾਂ ਦਾ ਤਾਰਿਆਂ ਵਾਲਾ ਸ੍ਵਾਸ, ਕੰਵਾਰੀ ਕੰਨਯਾ ਦੇ ਕੰਵਾਰੀ ਪੋਸ਼ਾਕਾਂ ਉੱਪਰ ਉਹ ਪੁੰਨਯ ਪਿੱਛੇ ਜਾਣ ਦੇਣ ਵਾਲੀ ਬਹਾਦੁਰੀ ਦੇ ਬੇਗੁਨਾਹ ਖੂਨ ਦੇ ਦਾਗ, ਵੀਰ ਵਰਿਯਾਮ ਪੁਰਸ਼ ਦੇ ਆਪਣੀ ਬੁੱਢੀ ਉਮਰ ਵਿੱਚ ਕੇਰੇ ਅੱਬਰੂ, ਜੰਗ ਦੇ ਮਿਲਵੇਂ ਦਰਦ ਤੇ ਡਰ, ਕਿਸੀ ਵੱਡੀ ਸ਼ਾਨ ਦੀ ਢਹਣ ਵੇਲੇ ਦੀ ਫਿਕੀ ਪੈਂਦੀ ਰੋਸ਼ਨੀ-ਇਹ ਸਭ ਆਰਟਿਸਟ ਦੀ ਸੁਰਤਿ ਦੀ ਚਿੰਨ੍ਹ ਤੇ ਅੰਦਾਜ਼ ਹਨ, ਜਿਨ੍ਹਾਂ ਵਿਚ ਰਸਿਕ ਕਰਤਾਰ ਦੀ ਸੁਰਤਿ ਪਹਿਲਾਂ ਚੁੱਭੀ ਮਾਰ ਕੇ ਫਿਰ ਉੱਪਰ ਆਉਂਦੀ ਹੈ ਤੇ ਆਪਣੇ ਦਰਸ਼ਨ ਕਰਾਣ ਵਾਲੇ ਹੱਥਾਂ ਨਾਲ ਉਸ ਪਰਦੇ ਨੂੰ ਪਰੇ ਕਰਦੀ ਹੈ, ਜਿਸ ਪਰਦੇ ਵਿੱਚ ਜਗਤ ਦਾ ਰੂਹ ਛੁਪਿਆ ਹੋਇਆ ਹੈ"॥
ਕਿਸੀ ਕਿਸਮ ਦਾ ਕੋਈ ਪਿਆਰ ਜੀਵਨ ਦਾ ਸਥਾਈ ਭਾਵ ਨਹੀਂ ਹੋ ਸਕਦਾ, ਜਦ ਤਕ ਆਦਮੀ ਜੀਵਨ ਦੀਆਂ ਡੂੰਘੀਆਂ ਤੈਹਾਂ ਦਾ ਨਿਵਾਸੀ ਨਾ ਹੋਵੇ। ਸਿਤਹ ਉੱਪਰ ਹਾਸਾ ਖੇਡਾਂ ਕਰਨ ਵਾਲੇ ਤੇ ਪਸ਼ੂਆਂ ਵਾਂਗ ਆਪਣਾ ਜੀਵਨ ਆਪਣੀ ਪੇਟ ਪੂਜਾ ਤੇ ਆਪਣੇ ਸਵਾਦ ਖਾਤਰ ਦੂਜਿਆਂ ਨੂੰ ਤੰਗ ਕਰਣ ਵਾਲੇ ਸਤਾਨ ਵਾਲੇ ਤਾਂ ਉਸ ਮਰਮੀ ਦਰਦ ਦਾ ਜਿਹੜਾ ਜੀਵਨ ਦੀ ਸਭ ਥੀਂ ਡੂੰਘੀ ਤੈਹ ਵਿਚ ਹੈ, ਹਾਂ ਉਸ ਜੀ-ਪੀੜਾ ਦਾ ਸੁਖ ਲੈ ਨਹੀਂ ਸਕਦੇ। ਤੇ ਜਦ ਤਕ ਜੀਵਨ ਦੇ ਦਰਦ ਤਕ ਕੋਈ ਬੰਦਾ ਨਾ ਅੱਪੜੇ, ਉਹ ਕੋਈ ਆਦਰਸ਼ ਕਾਇਮ ਨਹੀਂ ਕਰ ਸੱਕਦਾ, ਨਾ ਆਪਣੇ ਅਮਲ ਸਿੱਧੇ ਕਰ ਸੱਕਦਾ ਹੈ, ਨਾ ਪਿਆਰ ਦੇ ਰਸ ਨੂੰ ਮਾਣ ਸੱਕਦਾ ਹੈ ॥
ਵਤਨ ਦੇ ਪਿਆਰ ਦਾ ਮੁੱਢ ਆਪਣੇ ਘਰ, ਮਾਂ, ਭੈਣ, ਤੇ ਆਪਣੇ ਬੱਚਿਆਂ ਦੀ ਮਾਂ ਦਾ ਗੂਹੜਾ, ਸਾਦਾ, ਪਰ ਅਸ-ਗਾਹ ਜਿਹਾ ਖਸਮਾਨਾ ਹੈ। ਇਸ ਮੁੰਢ ਥੀਂ ਵਤਨ ਦੇ ਪਿਆਰ ਦਾ ਬ੍ਰਿਛ ਉਪਜਦਾ ਹੈ, ਜੇ ਜੜ੍ਹ ਹੀ ਨਾ ਹੋਵੇ ਉਥੇ ਜਿੰਦਗੀ ਦਾ ਫੈਲਾਓ ਕਿਸ ਤਰਾਂ ਹੋ ਸਕਦਾ ਹੈ ? ਤੇ ਘਰ ਦਾ ਡੂੰਘਾ ਪਿਆਰ ਉਨ੍ਹਾਂ ਲੋਕਾਂ ਵਿੱਚ ਪੈ ਨਹੀਂ ਸੱਕਦਾ, ਜਿਨ੍ਹਾਂ ਨੇ ਇਹ ਵਿਦਯਾ ਪੜ੍ਹੀ ਹੋਵੇ, ਕਿ ਪੰਜ ਇੰਦ੍ਰੀਆਂ ਦਾ ਜੀਵਨ ਹੀ ਇਕ ਦੁੱਖ ਰੂਪ ਹੈ ਘਰ ਦਾ ਤਿਆਗ ਹੀ ਆਦ੍ਰਸ਼ ਹੈ ਤੇ ਇਸ ਦੁੱਖ ਦੀ ਨਿਵਿਰਤੀ ਵਿੱਚ ਹੀ ਕਲਿਆਣ ਹੈ। ਜਿਹੜੇ ਇਸ ਤਰਾਂ ਦੀ ਫਿਲਾਸਫੀ ਦੇ ਸਿਖਾਏ ਮਜ਼੍ਹਬ ਦੇ ਅੱਡੇ ਚੜ੍ਹੇ ਉਨ੍ਹਾਂ ਨੂੰ ਘਰ ਦਾ ਮੋਹ, ਬਾਲ ਬੱਚੇ ਦਾ ਪਿਆਰ, ਮਾਂ ਭੈਣ, ਇਸਤ੍ਰੀ ਦਾ ਸਤਕਾਰ ਪਾਪ ਜਿਹੇ ਭਾਸਦੇ ਹਨ, ਹਿੰਦੁਸਤਾਨ ਦੇ ਸੰਨਯਾਸੀ ਤੇ ਸਾਧ ਵੈਰਾਗਯ ਤਿਆਗ ਦੀ ਤਾਲੀਮ ਦਿੰਦੇ ਇਸਤ੍ਰੀ ਜਾਤੀ ਨੂੰ ਤ੍ਰਿਸਕਾਰ ਕਰਦੇ ਅਰ ਸਿਖਾਂਦੇ ਆਏ, ਇਥੋਂ ਤਕ ਇਹ ਨਫਰਤ ਫੈਲੀ, ਕਿ ਗੁਰੂ ਨਾਨਕ ਸਾਹਿਬ ਜੀ ਨੂੰ ਇਸਦੇ ਬਰਖਿਲਾਫ ਜੰਗ ਕਰਨਾ ਪਿਆ, ਸਾਹਿਬ ਫਰਮਾਂਦੇ ਹਨ:-
"ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡਿ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"॥
ਘਰ ਦਾ ਜੀਵਨ ਤੇ ਵਤਨ ਦਾ ਪਿਆਰ ਇਸ ਜਾਤੀ ਦੇ ਬੇਹਦ ਸਤਕਾਰ ਤੇ ਪਿਆਰ ਦੇ ਬਿਨਾ ਜੀਂਦਾ ਨਹੀਂ ਹੋ ਸਕਦਾ । ਜਦ ਤਕ ਮਾਂ ਭੈਣ ਤੇ ਇਸਤ੍ਰੀ ਤੇ ਉਨ੍ਹਾਂ ਦੇ ਰਚੇ ਘਰ ਦੀ ਜੀਵਨ ਦਾ ਤੀਬ੍ਰ ਪਿਆਰ ਨਾ ਹੋਵੇ, ਵਤਨ ਦਾ ਪਿਆਰ ਸਥਿਰ ਹੋ ਨਹੀਂ ਸਕਦਾ। ਇਕ ਪਾਸੇ ਤਾਂ ਜੰਗ ਜੱਦਲ, ਲਾਲਚ ਤੇ ਮੁਲਕਗੀਰੀ ਦੇ ਅਤਿਆਚਾਰ ਕਰਨ ਦੇ ਸ਼ੌਕ ਵਿੱਚ ਕੀਤੇ ਜਾਂਦੇ ਹਨ ।
ਲੱਖਾਂ ਦੇ ਖੂਨ ਹੁੰਦੇ ਹਨ, ਜ਼ਾਲਮ ਜਰਵਾਣੇ ਜ਼ੁਲਮ ਤੇ ਜਬਰ ਕਰਦੇ ਹਨ, ਉਨ੍ਹਾਂ ਦਾ ਵੱਡਾ ਅਹੰਕਾਰ ਇੰਨਾ ਹੁੰਦਾ ਹੈ, ਕਿ ਅਨੇਕ ਪਾਪ ਕਰਕੇ ਵੀ ਅਨੇਕ ਜ਼ੁਲਮ ਕਰਦੇ ਵੀ ਨਹੀਂ ਥੱਕਦਾ, ਇਸ ਵਾਸਤੇ ਯਾ ਤਾਂ ਕੁਛ ਮਨੁੱਖ ਦੇ ਸਮੂਹ ਇਸ ਕਰਕੇ ਗੋਲ ਇਕੱਠੇ ਹੋ ਜਾਂਦੇ ਹਨ ਕਿ ਇਕੱਠੇ ਮਿਲਕੇ ਮਾਰੀਏ ਤੇ ਖਾਈਏ,ਇਹ ਤਾਂ ਬਘਿਆੜਾਂ ਦਾ ਗੋਲ ਹੋਯਾ ਉਨਾਂ ਦਾ ਆਪੇ ਵਿੱਚ ਇਕੱਠਾ ਹੋ ਜਾਣਾ ਇਕ ਹੈਵਾਨੀ ਪੇਸ਼ਾ ਹੋਯਾ।
ਪਰ ਕੀ ਜ਼ੁਲਮ ਕਰਨ ਦੀ ਭੁੱਖ ਵਾਸਤੇ ਜ਼ਾਲਮਾਂ ਦਾ ਇਕੱਠਾ ਹੋ ਦੂਜਿਆਂ ਦੇ ਮੁਲਕ ਤੇ ਘਰ ਸਾਂਭਣ ਤੇ ਲੁੱਟਣ ਦੇ ਰਾਜਸੀ ਇਕੱਠ, ਤੇ ਕੀ ਅੱਗੋਂ ਵਤਨ ਪਰ ਪਰਵਾਨੇ ਵਾਂਗ ਸ਼ਹੀਦ ਹੋ ਜਾਣ ਵਾਲੇ ਪਿਆਰ ਦੇ ਕੁੱਠੇ ਲੋਕੀ-ਦੋਵੇਂ ਤਦ ਹੀ ਮੁਮਕਿਨ ਹਨ-ਜਦ ਜੀਵਨ ਦੀਆਂ ਤੈਹਾਂ ਵਿੱਚ ਦੁਖ, ਦਰਦ ਦੀ ਅਸਲੀਅਤ ਵਿੱਚ ਕੋਈ ਰਹਿੰਦਾ ਹੋਵੇ, ਇਨਾਂ ਜ਼ਾਲਮਾਂ ਦੀਆਂ ਕੜੀਆਂ ਚਟਾਨ ਵਰਗੀਆਂ ਸੁਰਤਾਂ ਵੀ ਖੰਡਾ ਪਕੜ ਕੇ ਬੜੇ ਵਿਕਾਸ਼ ਵਿੱਚ ਆਉਂਦੀਆਂ ਹਨ, ਜੀਵਨ ਖੇਤ ਵਿੱਚ ਇਕ ਤਰਾਂ ਦੀ ਖੇਡ ਕਰਦੀਆਂ ਹਨ, ਦੁਖ ਸਹਿੰਦੀਆਂ ਹਨ, ਮੌਤ ਝਾਗਦੀਆਂ ਹਨ, ਸਭ ਕੁਛ ਆਪਣੇ ਸਿਰੜ ਉੱਪਰ ਵਾਰ ਦਿੰਦੀਆਂ ਹਨ, ਇਕ ਔਗਣ ਕਰਕੇ ਅਨੇਕ ਗੁਣਾਂ ਨੂੰ ਆਪਣੇ ਵਿੱਚ ਲਿਆਉਂਦੀਆਂ ਹਨ ਅਰ ਉਸ ਔਗਣ ਦਾ ਪਿੱਛਾ ਅਨੇਕ ਨੇਕੀਆਂ ਨੂੰ ਸਾਧ ਕੇ ਕਰੀ ਜਾਂਦੀਆਂ ਹਨ, ਉਨਾਂ ਦਾ ਵੀ ਇਸ ਕਰਕੇ ਇਕ ਪਾਸੇ ਦਾ ਮਨੁੱਖੀ ਆਚਰਣ ਪੈਦਾ ਹੋ ਜਾਂਦਾ ਹੈ, ਤੇ ਜੇਹੜੇ ਉਨ੍ਹਾਂ ਦਾ ਗਰੀਬ ਨਿਮਾਣਾ ਜਿਹਾ ਮੁਕਾਬਲਾ ਕਰ ਦੂਸਰਿਆਂ ਨੂੰ ਸੁਖ ਦੇਣ ਲਈ ਆਪ ਦੁੱਖ ਝਾਗਦੇ ਹਨ ਯਾ ਜਾਨ ਦੇ ਦਿੰਦੇ ਹਨ, ਉਹ ਵੀ ਖੇਤ੍ਰ ਵਿਚ ਇਕ ਆਲੀਸ਼ਾਨ ਆਦਰਸ਼ਕ ਜੀਵਨ ਤੇ ਆਚਾਰ ਦੀਆਂ ਜੋਤਾਂ ਜਗਾਂਦੇ ਹਨ। ਪਰ ਜੇਹੜੇ ਜੀਵਨ ਦੀਆਂ ਡੂੰਘੀਆਂ ਤੈਹਾਂ ਦੇ ਦੁੱਖਾਂ ਥੀਂ ਕਤਰਾਂਦੇ ਹਨ ਤੇ ਸਤਹ ਦੀ ਖਾ ਤੇ ਖੁਸ਼ ਰਹਿ ਦੀ ਖੁਦਗਰਜ਼ੀ ਵਿੱਚ ਰਹਿੰਦੇ ਹਨ ਤੇ ਕਿਸੀ ਜੀਵਨ ਦੇ ਮੁਸ਼ਕਲ ਨੂੰ ਹੱਲ ਕਰਨ ਵਿੱਚ ਨਹੀਂ ਲੱਗਦੇ ਪਹਿਨਣ ਤੇ ਖਾਣ ਤੇ ਵਿਸ਼ੇ ਭੋਗਾਂ ਦਿਆਂ ਗੁਲਛਰਿਆਂ ਵਿੱਚ ਦਿਨ ਤੇ ਰਾਤ ਬਿਤੀਤ ਕਰਦੇ ਹਨ ਤੇ ਦੁਖ, ਸਾਧਨ, ਪੀੜਾ, ਮੁਸ਼ਕਲ ਨੂੰ ਦੇਖ ਆਪਣੀ ਜਾਨ ਬਚਾਣ ਦੀ ਕਰਦੇ ਹਨ, ਨਾ ਉਨਾਂ ਨੂੰ ਮਾਂ ਨਾਲ, ਨਾ ਭੈਣ ਨਾਲ, ਨਾ ਇਸਤ੍ਰੀ ਨਾਲ ਡੂੰਘਾ ਪਿਆਰ ਹੋ ਸਕਦਾ ਹੈ ਤੇ ਨਾ ਜੀਵਨ ਦੀ ਕਮਾਲ ਸਾਦਗੀ-ਜਿਹੜੀ ਸੱਚੇ ਪਿਆਰ ਨਾਲ ਜਿੰਦ ਜਾਨ ਪਾਣ ਹੋ ਕੇ ਰਹਿੰਦੀ ਹੈ-ਦਾ ਕੁਛ ਪਤਾ ਲੱਗ ਸਕਦਾ ਹੈ, ਉਹ ਲੋਕੀ ਨੇਕੀ ਦੇ ਆਚਰਣ ਤੇ ਬਦੀ ਦੇ ਆਚਰਣ ਦੋਹਾਂ ਥੀਂ ਖਾਲੀ ਲੋਥਾਂ ਹੁੰਦੀਆਂ ਹਨ । ਇਹੋ ਜਿਹੇ ਲੋਕਾਂ ਵਿੱਚ ਨਾ ਜ਼ੁਲਮ, ਨਾ ਪਿਆਰ ਲਈ ਜਾਨ ਵਾਰ ਦੇਣ ਦੀ ਬੀਰਤਾ ਆ ਸਕਦੀ ਹੈ, ਜੀਂਦਾ ਜ਼ਾਲਮ ਚੰਗਾ, ਜੀਂਦਾ ਦੁਸ਼ਮਨ ਚੰਗਾ, ਪਰ ਖੁਦਗਰਜ਼ੀ ਵਿਚ ਲਿਬੜਿਆ, ਆਪਣੀ ਚੰਮ ਖੁਸ਼ੀਆਂ ਵਿੱਚ ਗਲਤਾਨ ਆਦਮੀ ਇਕ ਲਾਸ਼ ਹੈ॥
ਕੌਮ ਦੀ ਕੌਮ ਤਦ ਹੀ ਲਾਸ਼ਾਂ ਬਣ ਜਾਂਦੀ ਹੈ ਜਦ ਆਦਰਸ਼ ਦੀ ਤੀਬ੍ਰਤਾ, ਜ਼ਿੰਦਗੀ ਦੇ ਦੁੱਖ ਤੇ ਦਰਦ ਦੀਆਂ ਡੂੰਘਿਆਈਆਂ ਦੀ ਸਾਦਗੀ ਨੂੰ ਲੋਕੀ ਛੱਡ ਦੇਣ॥
ਫਰਾਂਸ ਵਿੱਚ ਜਦ ਬਾਦਸ਼ਾਹਾਂ ਨੇ ਮਹਿਲਾਂ ਨੂੰ ਆਪਣੀ ਐਸ਼ ਦੇ ਸਾਧਨ ਬਣਾ ਲਿਆ ਤੇ ਚਮ-ਖੁਸ਼ੀਆਂ ਵਿੱਚ ਦਿਨ ਰਾਤ, ਸ਼ਰਾਬ ਤੇ ਨਾਚ ਵਿਚ ਬਿਤਾਨ ਲੱਗੇ, ਤਾਂ ਇਕ ਭਾਂਬੜ ਮਚਿਆ ਸੀ, ਤੇ ਉਹ ਵੀ ਤਾਂ ਮਚਿਆ ਸੀ,
ਦੇਸ਼ ਦੇ ਪਿਆਰ ਨੂੰ ਜਗਾਣ ਲਈ ਜਰੂਰੀ ਹੈ, ਕਿ ਘਰ ਦੇ ਜੀਵਨ ਦੀ ਨੀਂਹ ਜ਼ਿੰਦਗੀ ਦੀਆਂ ਡੂੰਘੀਆਂ ਤਹਿਆਂ ਉਪਰ ਜਾਵੇ ॥
ਜਨਾਨੀ ਮਰਦ ਨੂੰ ਮਾਸ ਦਾ ਸੋਹਣਾ ਬੁੱਤ ਸਮਝ ਕੇ ਨਾ ਪਿਆਰੇ, ਤੇ ਨਾ ਮਰਦ ਜਨਾਨੀ ਨੂੰ ਮਾਸ ਦਾ ਸੋਹਣਾ ਬੁੱਤ ਸਮਝ ਕੇ ਪਿਆਰੇ, ਕਿਉਂਕਿ ਪਿਆਰ ਦੀ ਤੀਬ੍ਰਤਾ ਤਾਂ ਸੋਹਣੇ ਕੋਝੇ ਨੂੰ ਕਿੱਥੇ ਦੇਖਦੀ ਹੈ? ਰੱਬ ਦੀਆਂ ਬਣਾਈਆਂ ਬਣਤਾਂ ਹਨ, ਜੋ ਸੰਜੋਗਾਂ ਸੇਤੀ ਮਿਲ ਗਿਆ, ਰੱਬ ਨੇ ਮਿਲਾਯਾ ਹੈ, ਤੇ ਸਾਥੀ ਚੰਮ-ਖੁਸ਼ੀ ਦਾ ਨਾ ਹੋਵੇ, ਸਾਥੀ ਇਕ ਦੂਜੇ ਦੇ ਦੁੱਖ ਦਾ ਹੋਵੇ । ਜਿੰਦਗੀ ਇਕ ਸਾਂਝੀ ਦੁਖ ਤੇ ਦਰਦ ਹੈ ਤੇ ਉਸ ਦਰਦ ਵਿੱਚ ਇਕ ਖਤ੍ਰਾ ਹੈ, ਇਕ ਦੂਜੇ ਦੀ ਬਾਂਹ ਫੜਨੀ ਹੈ, ਇਸ ਦਰਦ ਵਿੱਚ ਇਕ ਦੂਜੇ ਪਾਸੋਂ ਸਾਨੂੰ ਸੁਖ ਦੀ ਕੀ ਆਸ ਹੋ ਸਕਦੀ ਹੈ ? ਮਿਲ ਬੈਠਣ ਦੀ ਘੜੀ ਦੀ ਘੜੀ ਖੁਸ਼ੀ ਇਕ ਅਚੰਭਾ ਹੈ, ਇੱਥੇ ਤਾਂ ਦਰਦੀਣ, ਦਰਦ ਪੀਣ, ਦੁਖ ਸਹਿਣ, ਤੇ ਇਕ ਦੂਜੇ ਦੀ ਬਾਂਹ ਪਕੜਨਾ ਹੀ ਸੱਚ ਹੈ, ਚਮ-ਖੁਸ਼ੀਆਂ ਤਾਂ ਕੂੜ ਹਨ। ਸੋ ਦਰਦ ਦੀਆਂ ਡੂੰਘਿਆਈਆਂ ਵਿੱਚ , ਜਾ ਕੇ ਘਰ ਨੂੰ ਵਤਨ ਸਾਰਾ ਤੇ ਵਤਨ ਸਾਰਾ ਘਰ ਜੇ ਬਣਾਈਏ, ਤਦ ਮੌਕੇ ਸਿਰ ਸਮੇਂ ਪਾਕੇ ਕਦੀ ਉਹ ਆਚਰਣ ਆ ਸੱਕਦਾ ਹੈ, ਜਿਹੜਾ ਦੇਸ਼ ਨੂੰ ਪਿਆਰ ਕਰਨ ਵਾਲੇ ਜਾਪਾਨੀਆਂ ਯਾ ਫਰਾਂਸੀਸੀਆਂ ਯਾ ਅੰਗ੍ਰੇਜ਼ਾਂ ਵਿੱਚ ਦਿੱਸਦਾ ਹੈ, ਇਸ ਵਾਸਤੇ ਦੇਸ਼ ਦੇ ਪਿਆਰ ਲਈ ਜ਼ਰੂਰੀ ਹੈ, ਕਿ ਅਸੀ ਆਪਣੇ ਪਹਿਨਣ ਖਾਣ, ਚੰਮ-ਖੁਸ਼ੀ ਖੁਦਗਰਜੀ ਤੋਂ ਉੱਠਕੇ ਜੀਵਨ ਦੇ ਦੁਖ ਤੇ ਦਰਦ ਦੀ ਤਹਿ ਵਿੱਚ ਜੀਵੀਏ। ਗਲਾਂ ਨ ਹੋਵਣ, ਸੱਚਾ ਦਰਦ ਹੋਵੇ, ਜੇ ਸਾਡੀ ਮਾਂ ਭੈਣ ਨੂੰ ਦੁੱਖ ਹੋਵੇ ਤਦ ਸਾਡੇ ਦਿਲ ਨੂੰ ਕੁਛ ਹੋਵੇ, ਤੇ ਜੇ ਉਨ੍ਹਾਂ ਉੱਪਰ ਕੋਈ ਬਿਪਤਾ ਆਵੇ ਤਦ ਅਸੀ ਨਾ ਹੋਣਾ ਸਹਿਜ ਸੁਭਾ ਚੁਣੀਏ, ਸਾਡੀ ਚੋਣ ਸਹਿਜ ਸੁਭਾ ਕੁਰਬਾਨੀ ਦੀ ਹੋਵੇ, ਮਰਣ ਵਿੱਚ ਸੁਖ ਦਿੱਸੇ, ਜੀਣ ਵਿੱਚ ਦੁੱਖ
'ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ
ਨਾਗ ਨਿਵਾਸਾ ਦਾ ਰਹਿਣਾ॥
ਸੂਲ ਸੁਰਾਹੀ ਖੰਜਰੁ ਪਿਆਲਾ
ਬਿੰਗੁ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ' ॥
ਇਹ ਦੁੱਖ, ਦਰਦ, ਮੌਤ, ਨਾਲ ਤੀਬ੍ਰ ਤੇ ਸਹਿਜ-ਸੁਭਾ ਲਾਗ ਹੋਵੇ ਤੇ ਸੁਖ ਥੀਂ ਉਪਰਾਮਤਾ ਹੋਵੇ॥
"ਦੁਖ ਦਾਰੂ ਸੁਖ ਰੋਗ ਭਇਆ" ਵਿੱਚ ਸਾਹਿਬਾਨ ਦਾ ਇਸ਼ਾਰਾ ਹੈ, ਕਿ ਜੀਵਨ ਦੀ ਰੌ ਉਸ ਚੰਚਲ ਚੰਮ-ਖੁਸ਼ੀ ਦੇ ਪਿਆਜ਼ੀ ਤੈਹਾਂ ਵਿੱਚ ਨਹੀਂ, ਅਸਲ ਜੀਵਨ ਤਾਂ ਇਨ੍ਹਾਂ ਉੱਚ ਤੇ ਤੀਬ੍ਰ ਦੁਖਾਂ ਵਿੱਚ ਹੈ॥
ਕਿਹਾ ਹਾਸੂ-ਹੀਣਾ ਕੂੜ ਜਿਹਾ ਸੱਚ ਮੰਨਿਆ ਜਾਂਦਾ ਹੈ ਤੇ ਲੋਕੀ ਸਮਝਦੇ ਹਨ, ਕਿ ਕੌਮੀ ਗੀਤ ਤੇ ਦੇਸ਼ ਪਿਆਰ ਦੇ ਟੱਪੇ ਬਣਾ ਕੇ ਤੇ ਗਾਉਣ ਨਾਲ ਇਸ ਦੇਸ਼ ਵਿੱਚ ਇਕ ਵਤਨ ਦਾ ਪਿਆਰ ਉਪਜੇਗਾ। ਜਦ ਓਹੋ ਇਹੋ ਜਿਹੇ ਗੀਤ ਬਨਾਉਣ ਵਾਲੇ ਚੰਮ-ਤੈਹ ਉੱਪਰ ਸਿਸਕ ਰਹੇ ਹਨ।ਜਦ ਉਨਾਂ ਨੂੰ ਚੰਮ ਥੀਂ ਤੱਲੇ ਯਾ ਉੱਪਰ ਕੋਈ ਸੱਚ ਹੋਰ ਦਿੱਸਦਾ ਹੀ ਨਹੀਂ। ਗੀਤ ਜਿਹੜੇ ਜਿੰਦ ਪਾਂਦੇ ਹਨ, ਉਹ ਇਸ ਤਰਾਂ ਤੁਕ ਬੰਦੀ ਦੀ ਵਾਕ ਰਚਨਾ ਤਾਂ ਨਹੀਂ ਹੁੰਦੇ, ਓਹ ਤਾਂ ਜੀਂਦੇ ਲੋਕਾਂ ਦੇ ਤੀਬ੍ਰ ਵਚਨ ਹੁੰਦੇ ਹਨ, ਜਿਹੜੇ ਲੱਗੇ ਬਾਣਾਂ ਵਾਂਗ ਦਿਲਾਂ ਨੂੰ ਘਾਇਲ ਕਰਦੇ ਜਾਂਦੇ ਹਨ। ਜੀਂਦਾ ਓਹ ਹੈ, ਜਿਹੜਾ ਚੰਮ-ਜੀਵਨ ਲਈ ਮਰ ਚੁੱਕਾ ਹੋਵੇ, ਜਿੱਥੇ ਜਿਹੜੀ ਕੋਈ ਸਾਦਗੀ ਰਹੀ ਸਹੀ ਸੀ, ਉਹ ਵੀ ਛੱਡ ਕੇ ਘਰ ਬਾਹਰ ਥੀਂ ਨਿਕਲ ਚੰਮ ਹੀ ਚੰਮ ਦੀ ਕੂੜ ਨੂੰ ਸੱਚ ਸਮਝ ਚੁੱਕੇ ਹਨ। ਉਨ੍ਹਾਂ ਨੂੰ ਕੀ ਦੇਸ਼ ਭਗਤੀ ਤੇ ਕੌਣ ਸਿਖਾ ਰਿਹਾ ਹੈ? ਦੇਸ਼ ਭਗਤੀ ਦਾ ਬੀਜ ਵੀ ਦਿਲਾਂ ਨੂੰ ਚੀਰ ਕੇ ਅੰਦਰ ਜਾ ਪੈਂਦਾ ਹੈ ਤੇ ਸਦੀਆਂ ਉਸਦੇ ਉੱਗਣ ਨੂੰ ਲੱਗਦੀਆਂ ਹਨ। ਸਦੀਆਂ ਵਧਣ ਨੂੰ ਤੇ ਸਦੀਆਂ ਹੀ ਮੁੜ ਉਖੇੜਣ ਨੂੰ ਲਗਦੀਆਂ ਹਨ। ਨਾ ਸੌਖਾ ਪਿਆਰ ਪੈਂਦਾ ਹੈ, ਨਾ ਸੌਖਾ ਨਿਰਮੂਲ ਹੁੰਦਾ ਹੈ। ਕਹਿੰਦੇ ਹਨ, ਫਰਾਂਸੀਸੀ ਚੰਮ-ਸੱਚ ਨੂੰ ਮੰਨਦੇ ਹਨ, ਪਰ ਇਹ ਕਥਨ ਗਲਤ ਹੈ, ਜੇ ਚੰਮ ਸੱਚ ਨੂੰ ਮੰਨਦੇ ਤਦ ਪਿਛਲੇ ਮਹਾਨ ਯੁੱਧ ਵਿੱਚ ਇੰਨੇ ਛੇਤੀ ਭੋਗ ਬਿਲਾਸ ਦੇ ਬਿਸਤ੍ਰਿਆਂ ਥੀਂ ਉੱਠਕੇ ਕੀ ਤੀਵੀਂ, ਕੀ ਮਰਦ, ਮੌਤ ਦਾ ਮੂੰਹ ਨਾ ਚੁੰਮਦੇ, ਚੰਮ ਮਤਵਾਲੇ ਤਾਂ ਬਿਸਤ੍ਰਿਆਂ ਵਿੱਚ ਹੀ ਲੇਟੇ ਰਹਿੰਦੇ ਤੇ ਪਰਾਏ ਪੁਤ ਆਕੇ ਉਥੇ ਹੀ ਕੋਹ ਸੁੱਟਦੇ, ਤੇ ਜੇ ਇਹ ਸੱਚ ਹੈ, ਕਿ ਫਰਾਂਸੀਸੀ ਚੰਮ-ਸੱਚ ਨੂੰ ਹੁਣ ਮੰਨਦੇ ਹਨ, ਤਦ ਸਦੀਆਂ ਦਾ ਪਲਿਆ ਦੇਸ਼ ਪਿਆਰ ਸਦੀਆਂ ਵਿੱਚ ਹੀ ਜਾ ਕੇ ਮਰੇਗਾ। ਸੋ ਜੇ ਓਹ ਚੰਮ ਸੱਚ ਮੰਨ ਬੈਠੇ ਹਨ, ਤਦ ਉਹ ਪੁਰਾਣਾ ਬਾਪ ਦਾਦੇ ਦਾ ਖਜਾਨਾ ਖਾ ਰਹੇ ਹਨ, ਮੁੱਕਣ ਵਿੱਚ ਸਮਾਂ ਲੱਗੇਗਾ। ਇਉਂ ਜਿਨ੍ਹਾਂ ਫਾਤਹ ਕੌਮਾਂ ਨੇ ਓਹ ਸਦੀਆਂ ਦੇ ਖਜਾਨੇ ਜਮਾ ਕੀਤੇ ਹਨ ਓਹ ਤਾਂ ਚੰਮ-ਸੱਚ ਨੂੰ ਹੀ ਕੁਛ ਸਦੀਆਂ ਮੰਨ ਕੇ ਜੀ ਸਕਦੀਆਂ ਹਨ, ਪਰ ਜਿਹੜੀਆਂ ਮਫਤੂਹ ਕੌਮਾਂ ਸਦੀਆਂ ਥੀਂ ਦੀਵਾਲੀਏ ਹੋ ਚੁਕੀਆਂ ਹਨ, ਓਹ ਜਦ ਚੰਮ-ਸੱਚ ਤੇ ਆ ਬੈਠਣ ਤੇ ਆਪਣੀ ਜੜ੍ਹਾਂ ਨੂੰ ਨੰਗਾ ਕਰਕੇ ਹਵਾ ਤੇ ਧੂਪ ਲਵਾਣ, ਓਹ ਅਜ ਵੀ ਮੋਏ ਤੇ ਕੱਲ੍ਹ ਵੀ। ਕੀ ਸਾਡੇ ਦੇਸ ਵਿੱਚ ਇਹ ਫੋਕਾਪਨ ਨਹੀਂ ਆ ਰਿਹਾ?
ਹਿੰਦੁਸਤਾਨ ਵਿੱਚ ਇਸ ਵਾਸਤੇ ਦਰਦ, ਦੁੱਖ ਤੇ ਸਾਧਨ ਤੇ ਤਤਿਖਯਾ ਵਿੱਚ ਦਰਦ ਭਰੇ ਰਹਿਣ ਦੀ ਲੋੜ ਹੈ, ਸਿਰਫ ਇਸ ਅੰਸ਼ ਵਿੱਚ ਖੱਦਰ ਪਹਿਨਣ ਦੀ ਸਾਦਗੀ, ਤੇ ਹੋਰ ਤਰਾਂ ਦੀਆਂ ਤਤਿਖਯਾ ਜੇ ਨਿਰੇ ਮਖੌਲ ਨਾ ਹੋਣ, ਜੀਵਣ ਦੀ ਡੂੰਘਿਆਈਆਂ ਵਲ ਇਕ ਮੋੜਾ ਹੈ। ਤੇ ਦੇਸ਼ ਦੀ ਭਗਤੀ ਦਾ ਬੀਜ ਤਾਂ ਸਦੀਆਂ ਲੈਕੇ ਉੱਗੇਗਾ, ਪਰ ਘਰ ਦੇ ਜੀਵਣ ਨੂੰ ਡੂੰਘਾ ਤੇ ਸਾਦਾ ਕਰ, ਖਾਣ ਪੀਣ ਪਹਿਨਣ ਵਿਚ ਦੁਖ ਸਹੀਏ। ਪਿਆਰ ਸ਼ਕਲਾਂ ਨਕਲਾਂ ਪੁਸ਼ਾਕਾਂ ਸ਼ਰਾਬਾਂ ਮਜ਼ਾਖਾਂ ਨਾਲ ਨਾ ਪਾਈਏ, ਪਿਆਰ ਨੂੰ ਧਰਤ ਵਿੱਚ ਡੂੰਘੇ ਬੇਮਲੂਮ ਦੱਬੀਏ॥
ਮਿਹਨਤ, ਕਿਰਤ ਕਰੀਏ, ਆਪਾ ਕੰਮ ਵਿੱਚ ਇਨਾ ਮਾਰੀਏ ਕਿ ਚੰਮ-ਦ੍ਰਿਸ਼ਟੀ ਰਹੇ ਹੀ ਨਾਂਹ॥
ਜਿੰਦਗੀ ਉਨ੍ਹਾਂ ਦੀ ਹੈ, ਜੋ ਜ਼ਿੰਦਗੀ ਨੂੰ ਵਾਰ ਸੱਕਦੇ, ਹਨ, ਚੰਮ ਸੱਚ ਨੂੰ ਮੰਨਣ ਵਾਲੇ ਸਦਾ ਖਵਾਰ ਹੁੰਦੇ ਹਨ। ਚੰਮ ਸੋਚ ਵਾਲੇ ਚੰਮ-ਖੁਦੀ ਸ਼ਰਾਬ ਵਿੱਚ ਗੜੂੰਦ ਮੋਏ ਕਦੀ ਸੱਚਾ ਪਿਆਰ, ਆਪਣੇ ਆਪ ਦਾ, ਕੀ ਆਪਣੇ ਪਿਆਰਿਆਂ ਦਾ, ਕੀ ਰੱਬ ਦਾ, ਕੀ ਦੇਸ਼ ਦਾ, ਪ੍ਰਤੀਤ ਕਰ ਸੱਕਦੇ ਹਨ? ਕਦੀ ਨਹੀਂ ਇਨ੍ਹਾਂ ਪਾਸੋਂ ਕਿਸੀ ਆਸ਼ਾ ਤੇ ਆਦਰਸ਼ ਦੀ ਪੂਰਤੀ ਦੀ ਉਮੈਦ ਕਰਨੀ ਨਿਸਫਲ ਹੈ, ਵੇਲਾ ਹੈ ਕਿ ਸਭ ਹਿੰਦੁਸਤਾਨ ਦੇ ਵਾਸੀ ਚੰਮ-ਸੱਚ ਥੀਂ ਉਦਾਸ ਹੋ ਕੇ ਤੇ ਚੰਮ-ਖੁਸ਼ੀ ਨੂੰ ਮੰਦ ਭਾਗ ਵਾਂਗ ਛੱਡਣ ਦੀ ਖੋ ਪਾਣ ਲੱਗਣ, ਮਤੇ ਕੁਦਰਤ ਦੇ ਖੇਤ੍ਰ ਵਿੱਚ ਮੁੜ ਗੁੰਮ ਹੋ ਜਾਣ ਨਾਲ, ਮਤੇ ਦਰਦ ਦੇ ਡੂੰਘੇ ਸੱਚ ਦਾ ਇਨ੍ਹਾਂ ਨੂੰ ਭੀ ਮੁੜ ਅਨੁਭਵ ਹੋਵੇ ਤੇ ਜੀਵਨ ਘਰ ਦੇ ਸੁੱਚੇ ਤੇ ਸਾਦੇ ਪਿਆਰਾਂ ਉੱਪਰ ਮੁੜ ਆ ਜਾਵੇ ਤੇ ਇੰਨਾ ਸੱਚਾ ਘਰ ਹੋਵੇ, ਕਿ ਉਹਦੀ ਰਛਿਆ ਲਈ ਵਤਨ ਦਾ ਸੁਫਨਾ ਕਦੀ ਸਾਨੂੰ ਆਣ ਲੱਗੇ !!
ਹਰ ਇਕ ਦੇਸ਼ ਵਿੱਚ ਆਪਣੇ ਆਪਣੇ ਤਰਜ਼ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਹੁੰਦੀਆਂ ਹਨ ਸਭ ਇਸ ਤਰਾਂ ਦੀਆਂ ਚੀਜ਼ਾਂ ਜੜਾਂ ਵਾਲੀਆਂ ਹੁੰਦੀਆਂ ਹਨ ਤੇ ਅਸੀ ਉਨਾਂ ਦਾ ਉੱਪਰ ਦਾ ਫੈਲਾਓ ਵੇਖ ਕੇ ਮੰਦਾ ਚੰਗਾ ਨਹੀਂ ਕਹਿ ਸੱਕਦੇ।ਜਿਹੜੀਆਂ ਅਸੀ ਸਦੀਆਂ ਤਕ ਚੰਗਿਆਈਆਂ ਮੰਨਦੇ ਆਏ ਹਾਂ, ਮੁਮਕਿਨ ਹੋ ਸੱਕਦਾ ਹੈ, ਕਿ ਉਹਦੀਆਂ ਡੂੰਘੀਆਂ ਜੜ੍ਹਾਂ ਬੁਰਿਆਈਆਂ ਵਾਲੀਆਂ ਹੋਣ ਤੇ ਜਿਨ੍ਹਾਂ ਨੂੰ ਅਸੀ ਸਤਹ ਤੇ ਬੁਰਾ ਕਹਿੰਦੇ ਹਾਂ, ਉਹ ਅੰਦਰੋਂ ਜੜਾਂ ਵਿੱਚ ਚੰਗਿਆਈਆਂ ਹੋਣ। ਜੀਵਨ ਇਕ ਅਸਗਾਹ ਖੇਡ ਹੈ। ਪਤਾ ਨਹੀਂ ਕੌਣ ਕਿਸ ਤਰਾਂ ਆਪਣੇ ਅਸਲੇ ਨੂੰ ਅੱਪੜਦਾ ਹੈ? ਗੁਲਾਮ ਰੱਖਣ ਦਾ ਰਵਾਜ ਜੜਾਂ ਵਿੱਚ ਕਿੰਨਾ ਅਦੈਵੀ ਸੀ, ਪਰ ਸਤਹ ਉੱਪਰ ਗੁਲਾਮਾਂ ਦੇ ਓਹ ਓਹ ਗੁਣ ਵੇਖੇ, ਕਿ ਆਦਮੀ ਕਹਿੰਦਾ ਹੈ, ਗੁਲਾਮੀ ਰਹਿੰਦੀ ਹੈ ਤਾਂ ਅਛਾ ਸੀ। ਮਰਜੀਨਾ ਅਲੀ ਬਾਬਾ ਦੀ ਗੁਲਾਮ ਕਿਸ ਤਰਾਂ ਮਾਲਕ ਦੀ ਵਫਾਦਾਰੀ ਦੇ ਗੁਣ ਨੂੰ ਸਾਰੇ ਮਨੁੱਖ ਇਤਿਹਾਸ ਵਿੱਚ ਮੂਰਤੀ ਮਾਨ ਕਰਦੀ ਹੈ। ਜਦ ਆਦਮੀ ਕੁਛ ਨਾ ਕਰ ਸਕੇ, ਮਨ ਦੀ ਤਾਕਤ ਲਾਣ ਦੀ ਥਾਂ ਨਾ ਹੋਵੇ, ਪਿਆਰਿਆਂ ਨੂੰ ਪਾਲਣਾ ਹੈ, ਨਿਰਾ ਮੌਕਾ ਟੁੱਕੜ ਦੇਣਾ ਹੈ, ਓਹ ਵੀ ਨਹੀ ਮਿਲਦਾ, ਤਦ ਮੈਂ ਆਪ ਕਈ ਵੇਰੀ ਤੀਬ੍ਰ ਇੱਛਾ ਕੀਤੀ ਹੈ, ਕਿ ਕਾਸ਼ ਗੁਲਾਮੀ ਹੁੰਦੀ ਤੇ ਮੈਂ ਆਪਣੇ ਆਪ ਨੂੰ ਵੇਚ ਕੇ ਪਿਆਰਿਆਂ ਦੀ ਸੇਵਾ ਕਰ ਸੱਕਦਾ, ਸ਼ਰੀਰ ਦੇ ਮਾਸ ਦਾ ਮੁੱਲ ਤਾਂ ਪੈਂਦਾ ਜੇ ਮਨ ਦੇ ਗੁਣਾਂ ਦਾ ਗਾਹਕ ਕੋਈ ਨਾ ਨਿਕਲਿਆ ॥
ਪੁਰਾਣੇ ਜ਼ਮਾਨਿਆਂ ਵਿੱਚ ਜਾਪਾਨ ਦੀਆਂ ਨਾਇਕਾਂ ਨੱਚਣ ਵਾਲੀਆਂ ਬਾਲੀਆਂ ਅਜ ਕਲ ਦੀ ਗੈਸ਼ਾ ਵਾਂਗ ਨਹੀਂ ਸਨ, ਉਨ੍ਹਾਂ ਦੇ ਦਿਲ ਪੱਥਰ ਨਹੀਂ ਸਨ, ਓਹ ਬੜੀਆਂ ਸੋਹਣੀਆਂ ਹੁੰਦੀਆਂ ਸਨ ਤੇ ਉਨਾਂ ਦੇ ਹੱਥ ਵਿੱਚ ਸੋਨੇ ਦੇ ਪਿਆਲੇ ਹੁੰਦੇ ਸਨ ਤੇ ਉਨ੍ਹਾਂ ਦਾ ਪਹਿਰਾਵਾ ਰੇਸ਼ਮ ਗੋਟੇ ਕਨਾਰੀ ਵਾਲਾ ਸੀ ਤੇ ਬਾਦਸ਼ਾਹ ਤੇ ਸ਼ਾਹਜ਼ਾਦਿਆਂ ਦੇ ਮਹਿਲਾਂ ਵਿੱਚ ਓਹ ਤਲਵਾਰ ਨੰਗੀ ਦਾ ਨਾਚ ਕਰਦੀਆਂ ਸਨ, ਤੇ ਉਨ੍ਹਾਂ ਦੀ ਆਵਾਜ਼ ਖਾਸ ਸਾਧਨਾਂ ਨਾਲ ਸ਼ਰਾਬ ਦੀ ਸੁਰਾਹੀ ਦੇ ਕੁਲ ਕੁਲ ਵਾਂਗ ਮਿੱਠੀ ਤੇ ਬਾਰੀਕ ਤੇ ਭਰਵੀਂ ਕੀਤੀ ਜਾਂਦੀ ਸੀ। ਕਹਿੰਦੇ ਹਨ, ਸਿਆਲੇ ਦੀ ਠੰਢ ਵਿੱਚ ਧੁਰ ਛੱਤ ਨਿੱਕੀਆਂ ਨਿੱਕੀਆਂ ੧੨, ੧੩ ਸਾਲਾਂ ਦੀ ਕੁੜੀਆਂ ਨੂੰ ਸਵੇਰ ਸਾਰ ਗਾਣਾ ਸਿਖਾਇਆ ਜਾਂਦਾ ਸੀ, ਗਾ ਗਾ ਕੇ ਉਨਾਂ ਦੇ ਹੱਥਾਂ ਪੈਰਾਂ ਵਿੱਚੋਂ ਸਰਦੀ ਨਾਲ ਲਹੁ ਫੁੱਟ ਪੈਂਦਾ ਸੀ ਤੇ ਗਲਾ ਬੰਦ ਹੋ ਜਾਂਦਾ ਸੀ, ਤੇ ਇਉਂ ਕਈ ਚਿਰ ਗਲਾ ਬੰਦ ਰਹਿ ਰਹਿ ਕੇ ਬਹਿ ਬਹਿ ਕੇ ਤਾਕਤ ਪਕੜਦਾ ਸੀ, ਤੇ ਇਹੋ ਜਿਹੀ ਇਕ ਨਾਇਕਾ ਦੀ, ਜੀਵਨ ਕਥਾ ਜਾਪਾਨ ਦੇ ਸਾਹਿਤ ਵਿੱਚ ਆਉਂਦੀ ਹੈ॥ ਹਾਲੇ ਰੇਲਾਂ ਤਾਰਾਂ ਨਹੀਂ ਸਨ, ਤੇ ਜਾਪਾਨ ਦੇ ਨਵੇਂ ਤੇ ਜਵਾਨ ਚਿਤ੍ਰਕਾਰਾਂ ਦੀ, ਰਸਿਕ ਕਿਰਤ, ਆਰਟ ਦੇ ਸਾਧਨ ਤੇ ਅਭਯਾਸ ਦਾ ਇਕ ਅੰਗ ਹੁੰਦਾ ਸੀ, ਕਿ ਓਹ ਪੈਦਲ ਸਾਰੇ ਦੇਸ਼ ਦਾ ਰਟਨ ਕਰਨ। ਪਰਬਤ ਵੇਖਣ, ਦਰਿਯਾ ਵੇਖਣ, ਮੰਦਰਾਂ ਦੀ ਯਾਤ੍ਰਾ ਕਰਨ ਤੇ ਆਪਣੀ ਸੁਰਤਿ ਨੂੰ ਇਉਂ ਸੋਹਣੀਆਂ ਛਬੀਆਂ ਨਾਲ ਭਰਨ।
ਇਉਂ ਬੜਾ ਚਿਰ ਹੋਯਾ ਹੈ, ਕਿ ਇਕ ਜਵਾਨ ਆਰਟਿਸਟ ਕਊਟੋ ਸ਼ਹਿਰ ਥੀਂ ਯਿਦੋ ਯਾ ਟੋਕਯੋ ਵਲ ਯਾਤ੍ਰਾ ਨੂੰ ਚੱਲਿਆ, ਤੇ ਜਾਪਾਨ ਦੀ ਧਰਤੀ ਨਿੱਕੇ ਨਿੱਕੇ ਪਹਾੜਾਂ ਦੀਆਂ ਚੋਟੀਆਂ ਨਾਲ ਭਰੀ ਪਈ ਹੈ ਤੇ ਚੋਟੀਆਂ ਦੇ ਪਾਸਿਆਂ ਤੇ ਬਾਂਸ ਚੀਲਾਂ ਦੇ ਬ੍ਰਿੱਛ ਝੁਰਮਟ ਪਾ ਰਹੇ ਹਨ, ਤੇ ਝੋਨੇ ਦੇ ਲਹਿਰਾਂਦੇ ਖੇਤ ਇਕ ਉੱਪਰ ਦੂਜਾ, ਉੱਚੇ ਨੀਵੇਂ ਥੜਿਆਂ ਵਾਂਗ ਲਹਿਰਾ ਰਹੇ ਹਨ ਤੇ ਵਿੱਚ ਵੱਡੀਆਂ ਵੱਡੀਆਂ ਪੀਲੀਆਂ ਟੋਕਰੀਆਂ ਜਿਹੀਆਂ ਸਿਰ ਤੇ ਰਖੀਆਂ ਜਾਪਾਨ ਦੇ ਕ੍ਰਿਸਾਨ ਜਮੀਨ ਦੇ ਗੰਦ ਮੰਦ ਚਿੱਕੜ ਵਿੱਚ ਖੜੇ ਫਸਲਾਂ ਨੂੰ ਖਸਮਾ ਰਹੇ ਹਨ। ਪਰਬਤਾਂ ਦੇ ਸਿਰ ਉੱਪਰ ਯਾ ਕੁੱਖਾਂ ਵਿੱਚ ਘਾਹ ਦੇ ਛੱਤਾਂ ਵਾਲੇ ਕ੍ਰਿਸਾਨਾਂ ਦੇ ਘਰ ਤੇ ਗਰਾਂ ਵੱਸ ਰਹੇ ਹਨ।
"ਮੈਂ ਤਾਂ ਵਾਕਫ ਨਹੀਂ। ਮੈਂ ਜਾਤਾ, ਪੈਂਡਾ ਥੋੜ੍ਹਾ ਹੋਊ, ਜੇ ਇਸ ਪਰਬਤ ਥੀਂ ਦੂਜੇ ਪਰਬਤ ਨੂੰ ਸਿੱਧਾ ਲੈ ਲਵਾਂ ਪਰ ਇਸ ਯਤਨ ਵਿੱਚ ਮੇਰਾ ਪੈਂਡਾ ਲੰਮਾ ਤੇ ਨਾਮੁਮਕਨ ਹੋ ਗਿਆ ਹੈ"॥
"ਪਰ ਆਪ ਜਿਸ ਸੇਧੇ ਆਏ ਹੋ, ਉਸ ਸੇਧੇ ਇਥੇ ਅੱਪੜ ਹੀ ਨਹੀਂ ਸੀ ਸੱਕਦੇ॥
"ਠੀਕ ਹੈ, ਪਰ ਸੇਧਾਂ ਸਾਰੀਆਂ ਇਸ ਹਨੇਰੇ ਵਿੱਚ ਮਿਸ ਗਈਆਂ। ਓਸ ਨਦੀ ਤੇ ਅੱਪੜਿਆ ਤੇ ਪਾਰ ਲੰਘ ਹੀ ਨਹੀਂ ਸੀ ਸੱਕਦਾ, ਸੋ ਮਜਬੂਰਨ ਇਸ ਪਰਬਤ ਤੇ ਚੜ੍ਹਿਆ ਤੇ ਪੂਰਬ ਦਾ ਪੱਛਮ ਤੇ ਪੱਛਮ ਦਾ ਉੱਤਰ ਭੌਂਦਾ ਫਿਰਦਾ ਹਾਂ॥"
ਅੰਦਰ ਵੱਸਣ ਵਾਲੀ ਦੀ ਨਿਸ਼ਾ ਹੋ ਗਈ, ਕਿ ਭੁੱਲਿਆ ਹੋਇਆ ਕੋਈ ਅਨਜਾਣ ਵਿਦਯਾਰਥੀ ਹੈ। "ਅੱਛਾ, ਮੈਂ ਹੁਣੇ ਆਈ" ਤੇ ਨਾਲੇ ਕਿਹਾ "ਹੁਣ ਆਪ ਕਿਸੀ ਪਿੰਡ ਅੱਪੜ ਨਹੀਂ ਸੱਕਦੇ ਤੇ ਨਾਲੇ ਰਸਤਾ ਬਿਖੜਾ ਤੇ ਖਤਰਨਾਕ ਹੈ"। ਥੋੜ੍ਹੇ ਚਿਰ ਪਿੱਛੋਂ ਇਕ ਕਾਗਤ ਦੀ ਲਾਲਟੈਣ ਹੱਥ ਵਿੱਚ ਲਈ ਇਕ ਪ੍ਰਿਭਜੋਤ ਸਵਾਣੀ ਆਈ ਓਸ ਵੱਡਾ ਤੂਫਾਨੀ ਬੂਹਾ ਖੋਹਲਿਆ ਤੇ ਲਾਲਟੈਣ ਉੱਚੀ ਕਰਕੇ ਅਜਨਬੀ ਮਹਿਮਾਨ ਦੇ ਚੇਹਰੇ ਨੂੰ ਤੱਕਣ ਦੀ ਕੀਤੀ। ਉਹਦਾ ਆਪਣਾ ਚਿਹਰਾ ਲਾਲਟੈਣ ਦੇ ਹਨੇਰੇ ਪਿੱਛੇ ਛੁਪਿਆ ਰਿਹਾ। ਆਪ ਨੇ ਉਹਨੂੰ ਚੰਗੀ ਤਰਾਂ ਗੌਹ ਨਾਲ ਤੱਕਿਆ, ਤੇ ਸਹੀ ਕੀਤਾ ਕਿ ਇਸ ਵਿੱਚ ਧੋਖਾ ਕੋਈ ਨਹੀਂ॥
"ਅੱਛਾ ਜ਼ਰਾ ਠਹਿਰੋ, ਮੈਂ ਹੁਣੇ ਹੀ ਹੱਥ ਪੈਰ ਧੋਣ ਲਈ ਜਲ ਲਿਆਉਂਦੀ ਹਾਂ" ਓਸ ਕਿਹਾ ਤੇ ਅੰਦਰ ਲਗੀ ਗਈ, ਤੌਲੀਆ ਤੇ ਚਿਲਮਚੀ ਤੇ ਪਾਣੀ ਲਿਆਈ ਤੇ ਮਹਿਮਾਨ ਨੂੰ ਕਿਹਾ ਆਪ ਹੱਥ ਪੈਰ ਧੋ ਲਵੋ।।
ਆਰਟਿਸਟ ਨੇ ਕੱਖਾਂ ਦੀਆਂ ਚਪਲੀਆਂ ਲਾਹੀਆਂ, ਹੱਥ ਪੈਰ ਸੁਚੇਤ ਕੀਤੇ ਤੇ ਅੰਦਰ ਗਿਆ, ਅੰਦਰ ਇਕ ਨਿਹਾਇਤ ਹੀ ਸੁਥਰਾ ਸਾਦਾ ਕਮਰਾ ਓਸ ਨੂੰ ਉਸ ਪ੍ਰਿਭਜੋਤ ਸਵਾਣੀ ਨੇ ਓਹਦੇ ਰਾਤ ਦੇ ਆਰਾਮ ਕਰਨ ਲਈ ਦੱਸਿਆ। ਸਾਰਾ ਤਕਰੀਬਨ ਘਰ ਹੀ ਇਹੋ ਕਮਰਾ ਸੀ, ਪਛੋਕੜ ਨਿੱਕੀ ਜਿਹੀ ਨਾਲ ਲੱਗਦੀ ਰਸੋਈ ਸੀ, ਤੇ ਰਜਾਈ ਤੇ ਅੱਗ ਸੇਕਣ ਲਈ ਆਪ ਨੂੰ ਉਸ ਸਵਾਣੀ ਨੇ ਦਿੱਤੀ, ਜਦ ਉਹ ਇਹ ਆਉਭਾਗਤ ਕਰ ਰਹੀ ਸੀ, ਇਸ ਨੌਜਵਾਨ ਨੂੰ ਓਹਨੂੰ ਚੰਗੀ ਤਰਾਂ ਵੇਖਣ ਦਾ ਅਵਸਰ ਮਿਲਿਆ, ਇਹਦੇ ਨੈਨ ਉਹਦੇ ਵਿੱਚ ਗੱਡੇ ਰਹੇ॥
ਕੀ ਵੇਖਦਾ ਹੈ? ਕਿ ਓਹਦੀ ਮੀਜਬਾਨ ਇਕ ਅਤੀ ਸੋਹਣੀ ਪਰੀ ਨਕਸ਼ ਸਵਾਣੀ ਹੈ ਤੇ ਉਹਦੀ ਚਾਲ, ਬੈਠਕ ਊਠਕ ਬੜੀ ਹੀ ਨਾਜ਼ਕ ਤੇ ਦਿਲ ਲੁਭਾਣ ਵਾਲੀ ਹੈ, ਉਹਦੀ ਉਮਰ ਉਸ ਕੋਲੋਂ ਸ਼ਾਇਦ ਹੀ ੩ ਯਾ ੪ ਸਾਲ ਵੱਡੀ ਹੋਵੇ ਪਰ ਉਹ ਬੜੀ ਜਵਾਨ ਤੇ ਜਵਾਨੀ ਦੇ ਪੂਰੇ ਜੋਬਨਾਂ ਵਿੱਚ ਹੈ। ਜਦ ਇਉਂ ਉਹ ਵੇਖ ਰਿਹਾ ਸੀ, ਤਦ ਉਹ ਸਵਾਣੀ ਬੜੀ ਮਿੱਠੀ ਅਵਾਜ਼ ਨਾਲ ਉਹਨੂੰ ਕਹਿੰਦੀ ਹੈ, "ਮੈਂ ਹੁਣ ਅਕੱਲੀ ਹਾਂ, ਤੇ ਮੈਂ ਨਿਮਾਣੀ ਇਸ ਕੁਟੀਆ ਵਿੱਚ ਮਹਿਮਾਨਾਂ ਦੇ ਸ੍ਵਾਗਤ ਕਰਨ ਦੇ ਅਸਮਰਥ ਹਾਂ ਪਰ ਅਜ ਰਾਤੀ ਮੈਨੂੰ ਨਿਸਚਾ ਹੋ ਗਿਆ ਹੈ, ਕਿ ਆਪ ਲਈ ਇਥੋਂ ਕਿਧਰੇ ਓਧਰ ਜਾਣਾ ਖ਼ਤਰਨਾਕ ਹੈ। ਇਸ ਪਾਸੇ ਕਈ ਇਕ ਕ੍ਰਿਸਾਨ ਰਹਿੰਦੇ ਹਨ ਪਰ ਇਸ ਵਕਤ ਆਪ ਉਨ੍ਹਾਂ ਪਾਸ ਅੱਪਰ ਨਹੀਂ ਸੱਕਦੇ, ਨਾ ਆਪ ਨੂੰ ਬਿਨਾ ਰਾਹ ਦੱਸਣ ਵਾਲੇ ਦੀ ਮਦਦ ਦੇ ਰਸਤਾ ਹੀ ਲੱਭ ਸੱਕਦਾ ਹੈ।
ਸੋ ਇਸ ਕਰਕੇ ਮੈਂ ਆਪਨੂੰ ਸ੍ਵਾਗਤ ਕੀਤਾ ਹੈ, ਆਪ ਨੂੰ ਆਰਾਮ ਤਾਂ ਪੂਰਾ ਇਥੇ ਮਿਲ ਨਹੀਂ ਸੱਕਦਾ, ਪਰ ਮੈਂ ਆਪ ਨੂੰ ਇਕ ਬਿਸਤ੍ਰਾ ਦੇ ਸੱਕਦੀ ਹਾਂ ਤੇ ਆਪ ਮੇਰੀ ਜਾਚੇ ਭੁੱਖੇ ਭੀ ਹੋ, ਸੋ ਇਹ ਲਵੋ ਨਬਾਤਾਤੀ ਬੁੱਧ ਭਿੱਖਿਆ ਦਾ ਭੱਖਣ, ਥੋਹੜਾ ਜਿਹਾ ਹੈ ਸ਼ਾਇਦ ਆਪ ਦਾ ਗੁਜਾਰਾ ਰਾਤ ਲਈ ਮਾੜਾ ਮੋਟਾ ਹੋ ਜਾਏ, ਪਰ ਆਪ ਅਜ ਰਾਤ ਇਥੇ ਹਰ ਤਰਾਂ 'ਜੀ ਆਏ' ਹੋ॥
ਯਾਤਰੂ ਭੁੱਖਾ ਸੀ, ਸਵਾਣੀ ਨੇ ਝਟ ਪਟ ਚੁੱਪ ਚਾਪ ਆਲੂ ਕਚਾਲੂ ਸਾਗ ਆਦਿ ਭੁੰਨ ਭੰਨ ਕੇ ਤੇ ਇਕ ਪਿਆਲਾ ਉਬਲੇ ਚਾਵਲਾਂ ਦਾ ਆਪ ਦੇ ਅੱਗੇ ਧਰਿਆ, ਤੇ ਨਿਮਾਣੀ ਰੋਟੀ ਦੀ ਬੜੀਆਂ ਮਾਫੀਆਂ ਮੰਗੀਆਂ ਪਰ ਫਿਰ ਓਹ ਕੁਛ ਨਾ ਬੋਲੀ ਤੇ ਜਿੰਨਾ ਚਿਰ ਓਹ ਰੋਟੀ ਖਾਂਦਾ ਰਿਹਾ ਓਸਦੇ ਦਿਲ ਵਿੱਚ ਖੋਹ ਪੈਂਦੀ ਸੀ ਕਿ ਹਾਇ ਇਹ ਸਵਾਣੀ ਇੰਨੀ ਚੁੱਪ ਤੇ ਉਦਾਸ ਕਿਉਂ ਹੈ? ਤੇ ਜਦ ਓਸ ਕੋਈ ਗੱਲ ਪੁੱਛੀ ਇਸ ਕਰਕੇ ਕਿ ਗੱਲ ਬਾਤ ਅਰੰਭ ਹੋਵੇ ਸਵਾਣੀ ਯਾ ਜਰਾਕੁ ਹਸ ਛੱਡਦੀ ਯਾ ਸਿਰ ਨੀਵਾਂ ਪਾ ਕੇ ਹਾਂ ਨਾ ਕਰ ਦਿੰਦੀ ਸੀ। ਫਿਰ ਓਹ ਵੀ ਚੁੱਪ ਹੋ ਗਿਆ, ਤੇ ਇਤਨੇ ਚਿਰ ਵਿੱਚ ਤੱਕ ਲੀਤਾ ਸੀ, ਕਿ ਓਹ ਛੋਟਾ ਘਰ ਬਿਲਕੁਲ ਬੇਦਾਗ ਸਫਾ ਸੀ, ਤੇ ਓਹਦੇ ਬਰਤਨ ਜਿਵੇਂ ਹੁਣੇ ਬਣੇ ਹਨ। ਥੋੜੀਆਂ ਜਿਹੀਆਂ ਚੀਜ਼ਾਂ ਜੋ ਅੱਗੇ ਪਿੱਛੇ ਪਈਆਂ ਸਨ, ਬੜੀਆਂ ਹੀ ਸੋਹਣੀਆਂ ਤੇ ਮੂੰਹੋਂ ਬੋਲਦੀਆਂ ਸਨ। ਕਵਿਤਾ ਤੇ ਆਰਟ ਦੇ ਸੰਬੰਧ ਦੀਆਂ ਚੀਜ਼ਾਂ ਤੇ ਚੀਨੀ ਬੋਲੀ ਦੇ ਕਾਵਯ ਮੰਤ੍ਰ ਲਿਖੇ ਲਟਕ ਰਹੇ ਸਨ, ਮਕਾਨ ਤੇ ਇਕ ਕਿਨਾਰੇ ਇਕ ਚੌਕੀ ਸੀ ਤੇ ਉਸ ਉੱਪਰ ਇਕ ਮੰਦਰ ਦੀ ਸ਼ਕਲ ਦੀ ਦੋ ਦਰਵਾਜ਼ਿਆਂ ਵਾਲਾ ਨਿੱਕਾ ਮੰਦਰ ਖਿਡਾਵਣਾ ਜਿਹਾ ਸੀ, ਤੇ ਦੋਵੇਂ ਨਿੱਕੇ ਦਰਵਾਜੇ ਖੁਲ੍ਹੇ ਹੋਏ ਸਨ ਤੇ ਉਸਦੇ ਸਾਹਮਣੇ ਇਕ ਨਿੱਕਾ ਜਿਹਾ ਦੀਵਾ ਜਗਾਇਆ ਹੋਇਆ ਸੀ, ਤੇ ਫੁੱਲਾਂ ਦਾ ਸੇਹਰਾ ਲਟਕਾਇਆ ਹੋਇਆ ਸੀ। ਇਹ ਸ਼ਾਇਦ ਓਹ ਘਰ ਦਾ ਆਲਾ ਜਿਹਾ ਸੀ ਜਿਸ ਵਿੱਚ ਕਿਸੇ ਗੁਜਰ ਗਏ ਮਿਤ੍ਰ ਦੀਆਂ ਨਿਸ਼ਾਨੀਆਂ ਰੱਖਦੇ ਹਨ, ਤੇ ਇਸ ਘਰ ਦੇ ਸ਼ਿਵਾਲੇ ਉੱਪਰ ਇਕ ਬੜੀ ਹੀ ਸੁੰਦਰ ਮਿਹਰ ਦੀ ਦੇਵੀ ਦੀ ਤਸਵੀਰ ਸੀ, ਜਿਸ ਆਪਣੇ ਕੇਸਾਂ ਵਿੱਚ ਪੂਰਾ ਚੰਨ ਲਟਕਾਇਆ ਹੋਇਆ ਸੀ। ਜਦ ਵਿਦਯਾਰਥੀ ਰੋਟੀ ਖਾ ਚੁੱਕਾ ਤਾਂ ਸਵਾਣੀ ਕਹਿੰਦੀ ਹੈ, "ਮੈਂ ਆਪ ਨੂੰ ਚੰਗਾ ਬਿਸਤ੍ਰਾ ਨਹੀਂ ਦੇ ਸਕਦੀ ਤੇ ਬੱਸ ਇਹ ਇੱਕੋ ਹੀ ਕਾਗਤ ਦੀ ਬਣੀ ਮੱਛਰਦਾਨੀ ਹੈ। ਇਹ ਬਿਸਤ੍ਰਾ ਤੇ ਇਹ ਮੱਛਰਦਾਨੀ ਮੇਰੀ ਆਪਣੀ ਹੈ, ਪਰ ਅਜ ਰਾਤ ਮੈਨੂੰ ਕਈ ਇਕ ਕੰਮ ਕਰਨੇ ਹਨ ਤੇ ਮੈਨੂੰ ਸੌਣ ਲਈ ਕੋਈ ਅਵਸਰ ਨਹੀਂ ਮਿਲੇਗਾ,ਇਸ ਲਈ ਆਪ ਇਨ੍ਹਾਂ ਦੋਹਾਂ ਚੀਜਾਂ ਨੂੰ ਵਰਤ ਸੱਕਦੇ ਹੋ, ਤੇ ਹੁਣ ਮੈਂ ਆਪ ਦੀ ਮਿੰਨਤ ਕਰਦੀ ਹਾਂ, ਕਿ ਆਪ ਆਰਾਮ ਕਰੋ, ਭਾਵੇਂ ਮੈਂ ਨਿਮਾਣੀ ਪਾਸੋਂ ਆਪ ਨੂੰ ਅਰਾਮ ਦੇਣ ਦੇ ਕਾਫੀ ਸਾਮਾਨ ਪੂਰੇ ਨਹੀਂ ਹੋ ਸੱਕੇ" ॥
ਪਰ ਨੌਜਵਾਨ ਆਰਟਿਸਟ ਸਮਝ ਗਿਆ ਸੀ, ਕਿ ਉਸ ਅਕੱਲੀ ਸਵਾਣੀ ਪਾਸ ਇਕੋ ਹੀ ਬਿਸਤ੍ਰਾ ਹੈ ਅਰ ਓਹ ਆਪਣਾ ਬਿਸਤ੍ਰਾ ਉਹਨੂੰ ਇਕ ਮੇਹਰਬਾਨੀ ਕਰਕੇ ਦਿੰਦੀ ਹੈ, ਤੇ ਆਪ ਜਗਰਾਤਾ ਕਰਨ ਦਾ ਦਯਾਵਾਨ ਬਹਾਨਾ ਕਰਦੀ ਹੈ । ਇਹ ਦੇਖਕੇ ਓਸ ਕਿਹਾ, "ਜੀ ! ਮੈਂ ਤਾਂ ਭੁੰਞੇ ਹੀ ਸੈਂ ਸਕਦਾ ਹਾਂ ਤੇ ਮੈਨੂੰ ਮੱਛਰਾਂ ਦਾ ਕੋਈ ਡਰ ਨਹੀਂ, ਆਪ ਨੂੰ ਕੀ ਐਸਾ ਕੰਮ ਹੈ ਜੋ ਆਪ ਰਾਤ ਸੌਣਾ ਨਹੀਂ ਚਾਹੁੰਦੇ ?
ਮੈਨੂੰ ਆਪਦੀ ਇੰਨੀ ਖੇਚਲ, ਮੇਰੀ ਖਾਤਰ ਕਰਨਾ ਚੰਗਾ ਨਹੀਂ ਲੱਗਦਾ ਤੇ ਮੇਰੇ ਪਰ ਮਿਹਰਬਾਨੀ ਕਰੋ ਤੇ ਮੈਨੂੰ ਭੁੰਞੇ ਹੀ ਪੈ ਜਾਣ ਦਿਓ, ਮੇਰਾ ਰੂਹ ਆਪ ਦੀ ਇੰਨੀ ਦਯਾ ਬਰਦਾਸ਼ਤ ਨਹੀਂ ਕਰ ਸੱਕਦਾ॥"
"ਜੋ ਮੈਂ ਕਹਿੰਦੀ ਹਾਂ, ਓਹ ਆਪ ਨੂੰ ਮੰਨਣਾ ਪਵੇਗਾ, ਦਰ ਹਕੀਕਤ ਮੈਨੂੰ ਕੰਮ ਹੈ ਤੇ ਮੈਂ ਅਜ ਰਾਤ ਨਹੀਂ ਸੈਣਾ"। ਇਹ ਲਫਜ਼ ਇਕ ਵੱਡੀ ਭੈਣ ਦੀ ਹੈਸੀਅਤ ਵਿੱਚ ਐਸੇ ਪਿਆਰ ਤੇ ਐਸੇ ਦਾਹਵੇ ਨਾਲ ਉਸਨੇ ਕਹੇ, ਜੋ ਇਸ ਨੌਜਵਾਨ ਨੂੰ ਸਿਰ ਝੁਕਾ ਕੇ ਮੰਨਣੇ ਪਏ ਤੇ "ਆਖਿਆ ਕਿ ਇਹ ਉਚਿਤ ਹੈ, ਕਿ ਆਪ ਮੈਨੂੰ ਜੋ ਬੰਦੋਬਸਤ ਮੈਂ ਚਾਹਾਂ, ਉਹ ਆਪਣੇ ਮਹਿਮਾਨ ਲਈ ਕਰਨ ਦੀ ਆਗਿਆ ਦੇਵੋਗੇ ਇਸ ਬੰਦੋਬਸਤ ਵਿੱਚ ਆਪ ਦਾ ਦਖਲ ਦੇਣਾ ਵਾਜਬ ਨਹੀਂ॥"
ਨੌਜਵਾਨ ਚੁੱਪ ਹੋ ਗਿਆ, ਕਿਉਂਕਿ ਸੈਣ ਵਾਸਤੇ ਕਮਰਾ ਵੀ ਇਕੋ ਸੀ, ਉਸਨੇ ਆਪਣੀ ਤੁਲਾਈ ਲਿਆ ਕੇ ਫਰਸ਼ ਉੱਪਰ ਵਿਛਾ ਦਿੱਤੀ ਤੇ ਰਜਾਈ ਰੱਖ ਦਿੱਤੀ॥
ਇਕ ਲੱਕੜੀ ਦਾ ਸਿਰਹਾਣਾ ਵੀ ਲਿਆ ਦਿੱਤਾ ਤੇ ਕਮਰੇ ਦੇ ਉਸ ਪਾਸੇ, ਜਿਸ ਪਾਸੇ ਓਹ ਘਰ ਦਾ ਨਿੱਕਾ ਜਿਹਾ ਮੰਦਰ ਪਿਆ ਹੋਇਆ ਸੀ, ਉਸ ਅੱਗੇ ਇਕ ਸਕ੍ਰੀਨ (ਪਰਦਾ) ਖੜੀ ਕਰ ਦਿੱਤੀ, ਓਹਦਾ ਪਾਸਾ ਵੱਖਰਾ ਇਉਂ ਕਰ ਦਿੱਤਾ ਤੇ ਆਖਿਆ ਕਿ ਹੁਣ ਆਪ ਥੱਕੇ ਹੋ ਬ੍ਰਾਜ ਜਾਓ ਤੇ ਸੈਂ ਜਾਓ, ਇਹ ਇੱਛਿਆ ਇਸ ਤਰਾਂ ਪ੍ਰਗਟ ਕੀਤੀ ਕਿ ਉਹ ਦਰਹਕੀਕਤ ਓਹਨੂੰ ਸੈਂ ਜਾਣ ਦਾ ਹੁਕਮ ਦੇ ਰਹੀ ਹੈ, ਤਾ ਕਿ ਓਹ ਉਹਦੇ ਰਾਤ ਦੇ ਕੰਮਾਂ ਵਿੱਚ ਕਿਸੀ ਤਰਾਂ ਦਾ ਦਖਲ ਦੇ ਨਾ ਸੱਕੇ॥
ਨੌਜਵਾਨ ਬਿਸਤ੍ਰੇ ਵਿੱਚ ਵੜ ਗਿਆ,ਭਾਵੇਂ ਉਹਦਾ ਰੂਹ ਦੁਖੀ ਸੀ, ਕਿਸ ਤਰਾਂ ਸਵਾਣੀ ਨੇ ਆਪਣਾ ਬਿਸਤ੍ਰਾ ਓਹਨੂੰ ਦੇ ਦਿੱਤਾ, ਤਾਂ ਵੀ ਲੇਟਦੇ ਸਾਰ ਸੈਂ ਗਿਆ, ਬਹੁਤ ਥੱਕਾ ਹੋਇਆ ਸੀ॥
ਪਰ ਥੋੜ੍ਹਾ ਚਿਰ ਹੀ ਸੁੱਤਾ ਹੋਣਾ ਹੈ, ਕਿ ਇਕ ਅਨੋਖੀ ਜਿਹੀ ਅਵਾਜ਼ ਨੇ ਓਹਨੂੰ ਜਗਾ ਦਿੱਤਾ ਤੇ ਉਹ ਅਚੰਭਾ ਹੋਕੇ ਸੁਨਣ ਲੱਗ ਪਿਆ, ਕਿ ਅਵਾਜ ਕੀ ਹੈ ਤੇ ਕਿੱਥੋਂ ਆ ਰਹੀ ਹੈ? ਅਵਾਜ਼ ਪੈਰਾਂ ਦੀ ਸੀ, ਪਰ ਪੈਰ ਚੱਲ ਨਹੀਂ ਰਹੇ ਕੋਈ ਆ ਜਾ ਨਹੀਂ ਰਿਹਾ। ਇਉਂ ਜਾਪੇ, ਜਿਵੇਂ ਕੋਈ ਘਬਰਾਹਟ ਵਿੱਚ ਤਿੱਖੇ ਤਿੱਖੇ ਪੈਰ ਰੱਖ ਰਿਹਾ ਹੈ, ਸੋਚਿਆ ਕਿ ਸ਼ਾਇਦ ਘਰ ਵਿੱਚ ਚੋਰ ਨਾ ਆ ਵੜੇ ਹੋਣ, ਉਸ ਨੂੰ ਆਪਣੇ ਲਈ ਤਾਂ ਕੋਈ ਡਰ ਨਾ ਲੱਗਾ, ਕਿਉਂਕਿ ਓਸ ਪਾਸ ਲੁਟੇ ਜਾਣ ਨੂੰ ਸੀ ਹੀ ਕੁਛ ਨਹੀਂ, ਪਰ ਸਵਾਣੀ ਦੀ ਖਾਤਰ ਕੁਛ ਭੈ ਭੀਤ ਹੋਇਆ ਮੱਛਰਦਾਨੀ ਵਿੱਚ ਇਕ ਲੱਕੜੀ ਦੀ ਜਾਲੀ ਜਿਹੀ ਨਾਲ ਭਰਿਆ ਸੁਰਾਖ ਸੀ, ਉਸਦੀ ਰਾਂਹੀ ਦੇਖਣ ਲੱਗਾ ਪਰ ਅੱਗੇ ਓਹ ਪਰਦਾ ਸੀ ਕੁਛ ਵੇਖ ਨਾ ਸਕਿਆ, ਜੋ ਹੋ ਰਿਹਾ ਸੀ ਸਕਰੀਨ ਦੇ ਪਿੱਛੇ ਹੋ ਰਿਹਾ ਸੀ।
ਉਸ ਨੇ ਉੱਚਾ ਰੌਲਾ ਪਾਣ ਦੀ ਸੋਚੀ, ਪਰ ਫਿਰ ਸੋਚਿਆ ਕਿ ਜਦ ਤਕ ਸਾਰੀ ਗੱਲ ਦਾ ਪਤਾ ਨਾ ਲੱਗੇ, ਸਵਾਣੀ ਦੀ ਜਾਨ ਦੀ ਰੱਛਿਆ ਇਸ ਵਿੱਚ ਹੈ ਕਿ ਉਹ ਉੱਚਾ ਨਾ ਬੋਲੇ।ਪਰ ਓਹ ਅਵਾਜ਼ ਜਿਹੜੀ ਸੁਣਾਈ ਦੇ ਰਹੀ ਸੀ ਬਰਾਬਰ ਜਾਰੀ ਰਹੀ ਤੇ ਹੋਰ ਵਧ ਉਸਦੀ ਹੈਰਾਨੀ ਵਧਦੀ ਗਈ। ਆਖਰ ਰਹਿ ਨਾ ਸਕਿਆ,
ਕੀ ਸੀ? ਓਹੋ ਹੀ ਪ੍ਰਭਜੋਤ ਸਵਾਣੀ, ਬੜੇ ਹੀ ਸੋਹਣੇ ਗੋਟੇ ਕਨਾਰੀ ਵਾਲੇ ਕੱਪੜੇ ਪਾਏ ਉਸ ਮੰਦਰ ਜਿਹੇ ਅੱਗੇ ਇਕ ਅਚਰਜ ਨ੍ਰਿਤਯ ਕਰ ਰਹੀ ਹੈ। ਓਹ ਸਵਾਣੀ ਆਪ ਇਕ ਅਮੁੱਲ ਨਾਚ ਨੱਚ ਰਹੀ ਹੈ, ਪੁਸ਼ਾਕ ਉਸ ਸਿਹਾਣ ਲਈ ਕਿ ਨਿਤ ਕਰਨ ਵਾਲੀ ਨਾਇਕਾ ਦੀ ਹੀ ਹੈ, ਪਰ ਇਹੋ ਜਿਹੀ ਕੀਮਤੀ ਪੁਸ਼ਾਕ ਓਸ ਅੱਗੇ ਕਦੀ ਨਹੀਂ ਵੇਖੀ ਸੀ, ਤੇ ਬੜੀਆਂ ਨਾਇਕਾਂ ਦੇ ਨਾਚ ਦੇਖੇ ਸਨ ਪਰ ਇਹੋ ਜਿਹਾ ਨਾ ਨਾਚ, ਨਾ ਰੰਗ, ਨਾ ਰਸ ਕਿਧਰੇ ਵੇਖਿਆ ਸੀ। ਅਜੀਬ ਘੜੀ ਸੀ, ਓਹ ਆਪਣੇ ਨਾਚ ਵਿੱਚ ਲੀਨ ਹੈ ਅਰ ਇਹ ਆਪਣੀ ਅੱਖ ਕਿਧਰੇ ਉੱਪਰ ਉਠਾ ਨਹੀਂ ਸਕਦਾ, ਇਹਦਾ ਰੂਹ ਓਥੇ ਬੱਝ ਗਿਆ। ਪਹਿਲਾਂ ਤਾਂ ਪੁਰਾਣੇ ਜਾਪਾਨ ਦੇ ਵਹਿਮ ਜਿਹੇ ਓਹਨੂੰ ਡਰਾਣ ਲੱਗੇ, ਕਿ ਸ਼ਾਇਦ ਇਹ ਕੋਈ ਭੂਤ ਪ੍ਰੇਤ ਹੀ ਨਾ ਹੋਵੇ, ਪਰ ਬੁੱਧ ਦਾ ਉਹ ਨਿੱਕਾ ਜਿਹਾ ਘਰ ਦਾ ਮੰਦਰ ਵੇਖ ਕੇ ਓਹਨੂੰ ਤਸੱਲੀ ਹੋਈ, ਕਿ ਐਸੀ ਪਾਕ ਹਜ਼ੂਰੀ ਵਿੱਚ ਕੋਈ ਐਰ ਗੈਰ ਆ ਨਹੀਂ ਸੱਕਦਾ। ਨਾਲੇ ਓਹਨੂੰ ਇਹ ਵੀ ਖਿਆਲ ਹੋਇਆ, ਕਿ ਇਹ ਉਸ ਰਾਜ਼ ਨੂੰ ਵੇਖ ਰਿਹਾ ਹੈ ਜਿਹਦੀ ਆਗਿਆ ਨਹੀਂ ਸੀ ਕਿ ਓਹ ਵੇਖੋ, ਪਰ ਉਸ ਨਾਚ ਤੇ ਰਸ ਤੇ ਚੁੱਪ ਰਾਗ ਦਾ ਅਸਰ ਉਸ ਉੱਪਰ ਹੋਰ ਡੂੰਘਾ! ਹੁੰਦਾ ਗਿਆ ਤੇ ਓਹ ਓਥੋਂ ਹਿੱਲਣ ਜੋਗਾ ਹੀ ਨਾ ਰਿਹਾ,ਓਹ ਵੀ ਵੇਖਣ ਵਿੱਚ ਬੱਸ ਅੱਖਾਂ ਹੀ ਹੋ ਗਿਆ। ਅਚਾਣਚੱਕ ਉਸ ਸਵਾਣੀ ਨੇ ਜਦ ਨਾਚ ਬੰਦ ਕੀਤਾ, ਆਪਣੀ ਪਿਸ਼ਵਾਜ਼ ਉਤਾਰੀ ਤੇ ਓਹਨੂੰ ਦੇਖ ਕੇ ਓਹ ਬੜੀ ਚੌਕੀ ਤੇ ਉਸ ਵੱਲ ਘੂਰ ਕੇ ਦੇਖਣ ਲੱਗ ਪਈ॥
ਨੌਜਵਾਨ ਨੇ ਝਟ ਮਾਫੀ ਮੰਗਣ ਦੀ ਕੀਤੀ। ਓਸ ਜੋ ਬੀਤਿਆ ਸੀ, ਸੋ ਕਹਿ ਸੁਣਾਇਆ, ਕਿਸ ਤਰਾਂ ਇਸ ਸੋਹਣੇ ਤੇ ਅਚੰਭਾ ਕਰਨ ਵਾਲੇ ਖੜਾਕ ਨੇ ਓਹਦੀ ਨੀਂਦਰ ਖੋਹਲੀ। ਓਹ ਕਿਉਂ ਨਾ ਚਿੱਲਾਇਆ ਤੇ ਚੁਪਕੇ ਉੱਠ ਕੇ ਸਕਰੀਨ ਵਲ ਆਇਆ ਤੇ ਫਿਰ ਉਸ ਰਸ ਮਗਨਤਾ ਵਿੱਚ ਹਿੱਲ ਨਾ ਸੱਕਿਆ॥
"ਮੈਨੂੰ ਤੁਸੀ ਮਾਫ ਕਰਨਾ, ਪਰ ਹੁਣ ਮੈਂ ਪੁੱਛੇ ਬਿਨਾ ਰਹਿ ਨਹੀਂ ਸਕਦਾ, ਕਿ ਆਪ ਕੌਣ ਹੋ ਅਰ ਆਪਦੀ ਕਹਾਣੀ ਕੀ ਹੈ? ਆਪ ਇਸ ਸਾਰੇ ਮੁਲਕ ਵਿੱਚ ਮੇਰੀ ਜਾਚੇ ਅਦੁਤੀ ਨਿਤਯ ਦੀ ਮਲਕਾ ਹੋ ਤੇ ਆਪ ਇੱਥੇ ਕਿਸ ਤਰਾਂ ਆਏ, ਸੱਚ ਤਾਂ ਇਹ ਹੈ ਕਿ ਮੈਂ ਦਾਰੁਲਖਿਲਾਫੇ ਦੇ ਸਭ ਚੋਣਵੀਆਂ ਨੱਚਣ ਵਾਲੀਆਂ ਵਿੱਚ ਆਪਦੇ ਉਨਰ ਦਾ ਮੁਕਾਬਲਾ ਕਰਨ ਵਾਲੀ ਕੋਈ ਨਹੀਂ ਡਿੱਠੀ॥"
ਪਹਿਲਾਂ ਤਾਂ ਸਵਾਣੀ ਗੁਸੇ ਹੀ ਸੀ, ਪਰ ਜਦ ਓਹ ਇਹ ਕਹਿਕੇ ਮਾਫੀ ਮੰਗ ਕੇ ਚੁੱਪ ਹੋਇਆ, ਤਦ ਉਹਦੇ ਮੂੰਹ ਤੇ ਵੀ ਮੁੜ ਅਨਾਇਤ ਆਈ, ਆਪ ਹੱਸ ਕੇ ਓਹਦੇ ਕੋਲ ਹੀ ਓਥੇ ਬਹਿ ਗਈ, ਕਹਿਣ ਲੱਗੀ "ਨਹੀਂ! ਮੈਂ ਤੇਰੇ ਪਰ ਖ਼ਫਾ ਨਹੀਂ, ਪਰ ਮੈਨੂੰ ਮੰਦਾ ਜਰੂਰ ਲੱਗਾ ਹੈ, ਕਿ ਆਪ ਨੇ, ਮੈਨੂੰ ਨੱਚਦਿਆਂ ਕਿਉਂ ਵੇਖਿਆ ਆਪ ਨੂੰ ਮੈਂ ਤਾਂ ਪਾਗਲ ਜਿਹੀ ਲੱਗੀ ਹੋਵਾਂਗੀ ਕਿ ਆਪ-ਮੁਹਾਰੀ ਕਲ ਮੁਕੱਲੀ ਨੱਚਣ ਲੱਗ ਪਈ ਹਾਂ, ਹੁਣ ਆਪ ਨੂੰ ਇਸ ਸਾਰੀ ਗੱਲ ਦਾ ਭੇਤ ਦੱਸਣਾ ਹੀ ਪਿਆ ਮੇਰੀ ਕਹਾਣੀ ਇੰਨੀ ਹੀ ਹੈ, ਕਿ ਮੈਂ ਓਹ ਨਾਇਕਾ ਹਾਂ ਇਹ ਨਾਮ ਮਸ਼ਹੂਰ ਸੀ ਤੇ ਨੌਜਵਾਨ ਨੂੰ ਵੀ ਇਹਦੇ ਨਾਮ ਦੀ ਸ਼ੁਹਰਤ ਦਾ ਪਤਾ ਸੀ,
ਸਵਾਣੀ ਨੇ ਚਾਹ ਬਣਾਈ, ਅਰ ਦੋਹਾਂ ਪੀਤੀ ਤੇ ਫਿਰ ਉਸਨੇ ਕਿਹਾ, ਕਿ ਹੁਣ ਆਪ ਸੌਂ ਜਾਓ॥
ਨੌਜਵਾਨ ਨੇ ਕਿਹਾ "ਆਪ ਮੈਨੂੰ ਮਾਫੀ ਦੇਣਾ, ਕਿ ਮੈਂ ਇਸ ਤਰਾਂ ਆਪਦੇ ਮਤਬੱਰਕ ਨਾਚ ਨੂੰ ਵੇਖਣ ਲਈ ਮਜਬੂਰ ਹੋਇਆ।" ਓਹ ਕਹਿਣ ਲੱਗੀ "ਨਹੀਂ, ਸਗੋਂ ਆਪ ਨੇ ਮਾਫੀ ਦੇਣੀ, ਕਿ ਮੈਂਨੇ ਆਪ ਦੀ ਨੀਂਦਰ ਉਕਤਾਈ। ਪਹਿਲਾਂ ਤਾਂ ਮੈਂ ਉਡੀਕ ਕਰਦੀ ਰਹੀ, ਜਦ ਆਪ ਘੂਕ ਸੈਂ ਗਏ ਸੇ, ਤਦ ਮੈਂ ਬਿਨਾ ਬਾਹਲੇ ਖੜਾਕ ਦੇ ਆਰੰਭ ਕੀਤੀ ਸੀ, ਪਰ ਆਪ ਨੂੰ ਵਿਖੇਪਤਾ ਹੋਈ ਹੈ॥"
ਇਉਂ ਮਾਫੀਆਂ ਮੰਗਦਾ ਓਹ ਮਜਬੂਰਨ ਮੁੜ ਕਾਗਜ ਦੀ ਮੱਛਰਦਾਨੀ ਹੇਠ ਜਾ ਲੇਟਿਆ ਤੇ ਖੂਬ ਸੈਂ ਗਿਆ, ਦਿਨ ਕਾਫੀ ਚੜ੍ਹ ਆਇਆ ਸੀ, ਜਦ ਓਹ ਸਵੇਰੇ ਜਾਗਿਆ, ਜਦ ਉਹ ਉੱਠਿਆ, ਤਾਂ ਜਿਸ ਤਰਾਂ ਰਾਤੀ ਇਕ ਸਾਦਾ ਜਿਹਾ ਭੋਜਨ ਓਸ ਲਈ ਬਣਾਇਆ ਸੀ, ਉਸੀ ਤਰਾਂ ਦਾ ਸਾਦਾ ਭੋਜਨ ਸਵਾਣੀ ਨੇ ਬਣਾਕੇ ਤਿਆਰ ਕੀਤਾ ਸੀ, ਤੇ ਆਪ ਦੇ ਅੱਗੇ ਬੜੀ ਖਾਤਰ ਤੇ ਆਜਜ਼ੀ ਨਾਲ ਰੱਖਿਆ, ਰਾਤੀ ਤਾਂ ਓਹ ਭੁੱਖਾ ਸੀ, ਬਿਨਾ ਸੋਚੇ ਖਾ ਗਿਆ ਸੀ, ਪਰ ਸਵੇਰੇ ਉਸਨੂੰ ਸੋਚ ਆਈ ਕਿ ਸ਼ਾਇਦ ਆਪ ਓਹ ਰਾਤੀ ਭੁੱਖੀ ਹੀ ਰਹੀ ਹੈ ਤੇ ਹੋਵੇ ਨਾ ਹੋਵੇ, ਕਿ ਹੁਣ ਵੀ ਓਹ ਉਸਦੇ ਹਿੱਸੇ ਨੂੰ ਖਾ ਨਾ ਜਾਵੇ, ਉਸ ਬੜਾ ਥੋੜਾ ਖਾ ਕੇ ਵਿਦਿਆ ਹੋਣ ਦੀ ਕੀਤੀ॥
ਪਰ ਜਦ ਓਸ ਖੀਸੇ ਵਿੱਚ ਹੱਥ ਪਾਏ, ਕਿ ਕੁਛ ਉਸ ਦੀ ਸੇਵਾ ਤੇ ਰੋਟੀ ਆਦਿ ਲਈ ਭੇਟਾ ਕਰ ਜਾਵੇ, ਤਦ ਸਵਾਣੀ ਬੋਲੀ "ਜੋ ਕੁਛ ਮੈਂ ਆਪ ਨੂੰ ਦੇ ਸੱਕਦੀ ਹਾਂ, ਓਹ ਕਿਸੀ ਲਾਇਕ ਨਹੀਂ ਤੇ ਜੋ ਵੀ ਸੀ, ਤਦ ਓਹ ਮੈਂ ਆਪ ਪਰ ਤਰਸ ਖਾ ਕੇ ਕੀਤਾ ਹੈ, ਉਸਦਾ ਮੁੱਲ ਦੇਣਾ ਆਪ ਨੂੰ ਉਚਿਤ ਨਹੀਂ।
ਸਵਾਣੀ ਨੇ ਓਹਨੂੰ ਰਾਹ ਦੱਸਿਆ ਤੇ ਬੜਾ ਚਿਰ ਖਲੋ ਕੇ ਦੇਖਦੀ ਰਹੀ, ਜਦ ਤਕ ਪਹਾੜ ਥੀਂ ਉਤਰਕੇ ਓਹ ਓਹਲੇ ਨਹੀਂ ਹੋ ਗਿਆ ਸੀ॥ ਇਕ ਘੰਟੇ ਦੇ ਬਾਦ ਉਸਨੂੰ ਓਹ ਸ਼ਾਹ ਰਾਹ-ਜਿਸ ਉੱਪਰ ਓਹ ਕੱਲ ਆ ਰਿਹਾ ਸੀ-ਮਿਲ ਗਿਆ, ਪਰ ਇੱਥੇ ਅੱਪੜਕੇ ਸਖਤ ਮੰਦਾ ਲੱਗਾ ਸੂ, ਕਿ ਹਾਏ "ਮੈਂ ਆਪਣਾ ਨਾਮ ਭੀ ਉਸਨੂੰ ਦੱਸ ਨਾ ਆਯਾ'' ਥੋੜਾ ਚਿਰ ਦੋ ਦਿਲੀਆਂ ਵਿੱਚ ਪਿਆ ਰਿਹਾ, ਪਰ ਫਿਰ ਕਹਿਣ ਲੱਗਾ "ਕੀ ਹੋਇਆ, ਮੇਰੇ ਨਾਮ ਦਾ ਕੀ ਪ੍ਰਯੋਜਨ ਹੈ? ਮੈਂ ਤਾਂ ਸਦਾ ਇਉਂ ਹੀ ਗਰੀਬ ਰਹਿਣਾ ਹੈ, ਮੈਂ ਓਹਦੀ ਕੀ ਮਦਦ ਕਰ ਸੱਕਦਾ ਹਾਂ, ਗਰੀਬਾਂ ਦੇ ਨਾਮ ਦੱਸੇ ਨਾ ਦੱਸੇ ਇਕੋ ਗੱਲ ਹੈ", ਇਉਂ ਆਪਣੇ ਮਨ ਦਾ ਸਮਝੌਤਾ ਕਰਕੇ ਰਾਹ ਪੈ ਗਿਆ॥
ਇਹ ਨੌਜਵਾਨ ਆਰਟਿਸਟ ਸਮਾਂ ਪਾ ਕੇ ਬੜਾ ਵਿਖਯਾਤ ਚਿਤ੍ਰਕਾਰ ਹੋਇਆ ਤੇ ਬਾਦਸ਼ਾਹਾਂ ਦੇ ਸ਼ਹਿਰ ਦਾ ਨਗੀਨਾ ਸੀ। ਸ਼ਾਹਜ਼ਾਦੇ ਇਕ ਦੂਜੇ ਨਾਲ ਇਸ ਚਿਤ੍ਰਕਾਰ ਨੂੰ ਸਤਿਕਾਰਨ ਤੇ ਵਡਿਆਨ ਵਿੱਚ ਰੀਸ ਕਰਦੇ ਸਨ ਤੇ ਇਸ ਪਾਸ ਧਨ ਅਮੇਣਵਾਂ ਆ ਗਿਆ। ਦਾਰੁਲਖਿਲਾਫੇ ਵਿੱਚ ਇਕ ਬੜੇ ਆਲੀਸ਼ਾਨ ਮਹਿਲ ਵਿੱਚ ਇਹ ਰਹਿੰਦਾ ਸੀ, ਪਰ ਹੁਣ ਬੜਾ ਹੋ ਚੁੱਕਾ ਸੀ, ਸਾਰੇ ਮੁਲਕ ਦੇ ਨੌਜਵਾਨ ਆਰਟਿਸਟ ਇਸ ਦੇ ਆਕੇ ਸ਼ਾਗਿਰਦ ਬਣਦੇ ਸਨ ਤੇ ਇਸ ਪਾਸ ਰਹਿੰਦੇ ਸਨ, ਤੇ ਇਹਦੇ ਗੁਲਾਮਾਂ ਵਾਂਗ ਇਸਦਾ ਹੁਕਮ ਮੰਨਦੇ ਸਨ, ਸਾਰੀ, ਵਲਾਇਤ ਵਿੱਚ ਬਸ ਇਕ ਇਹ ਅਦੁਤੀ ਚਿਤ੍ਰਕਾਰ ਸੀ॥
ਇਕ ਦਿਨ ਇਸਦੇ ਦਰਵਾਜੇ ਤੇ ਇਕ ਬੁੱਢੀ ਜਿਹੀ ਜਨਾਨੀ ਆਈ ਤੇ ਦਵਾਰਪਾਲਾਂ ਨੂੰ ਕਹਿਣ ਲੱਗੀ, ਮੈਂ ਚਿੱਤ੍ਰਕਾਰ ਨੂੰ ਮਿਲਣਾ ਹੈ, ਦਵਾਰਪਾਲਾਂ ਨੇ ਦੇਖਿਆ ਇਕ ਮੰਗਤੀ ਜਿਹੀ ਛੱਜ ਛੱਜ ਲੀਰਾਂ ਲਮਕਦੀ ਰੁਲਦੀ ਖੁਲਦੀ ਕੋਈ ਹੈ, ਸੋ ਉਨ੍ਹਾਂ ਪ੍ਰਵਾਹ ਨਾ ਕੀਤੀ ਤੇ ਓਹਨੂੰ ਆਖਣ ਲੱਗੇ ਤੂੰ ਕਿਸ ਲਈ ਮਾਲਕ ਨੂੰ ਮਿਲਣਾ ਚਾਹੁੰਦੀ ਹੈ, ਤੇ ਓਹ ਉੱਤਰ ਦਿੰਦੀ ਸੀ "ਮੇਰਾ ਕੰਮ ਆਪ ਨਾਲ ਹੀ ਹੈਂ, ਤੁਸਾਂਨੂੰ ਦੱਸ ਨਹੀਂ ਸੱਕਦੀ ਤੇ ਇਉਂ ਓਹ ਓਹਨੂੰ ਟਾਲ ਦਿੰਦੇ ਸਨ ਤੇ ਕਈ ਵੇਰੀ ਇਹ ਕਹਿਕੇ ਟਾਲ ਦਿੰਦੇ ਸਨ, ਕਿ ਓਹ ਸ਼ਹਿਰ ਵਿੱਚ ਹੀ ਨਹੀਂ, ਬਾਹਰ ਗਿਆ ਹੋਇਆ ਹੈ॥
ਓਹ ਬੁੱਢੀ ਮੁੜ ਆਉਂਦੀ ਸੀ ਤੇ ਹਰ ਵੇਰੀ ਓਹਨੂੰ ਕੋਈ ਨਾ ਕੋਈ ਕੂੜ ਬੋਲ ਕੇ ਟਾਲ ਦਿੱਤਾ ਜਾਂਦਾ ਸੀ।
ਇਹ ਕਹਿਕੇ ਫਿਰ ਓਸ ਆਪਣੀ ਉਸ ਥੀਂ ਪਿੱਛੇ ਗੁਜਰੀ ਜੀਵਨ ਦੀ ਕਥਾ ਸੁਣਾਈ। ਕਿਸ ਤਰਾਂ ਗਰੀਬੀ ਕਰਕੇ ਉਸਨੂੰ ਓਹ ਪਰਬਤਾਂ ਵਾਲਾ ਮਕਾਨ ਵੇਚਣਾ ਪਿਆ, ਤੇ ਮੁੜ ਇਸ ਬਾਦਸ਼ਾਹਾਂ ਦੇ ਸ਼ਹਿਰ ਵਿੱਚ, ਜਿੱਥੇ ਇਕ ਦਿਨ ਵੱਡੀ ਮਸ਼ਹੂਰ ਸੀ, ਵਾਪਸ ਔਣਾ ਪਿਆ। ਘਰ ਵਿਕ ਜਾਣ ਦਾ ਓਹਨੂੰ ਬੜਾ ਮੰਦਾ ਲੱਗਾ ਸੀ ਤੇ ਦੁੱਖ ਹੋਇਆ ਸੀ, ਪਰ ਹੁਣ ਸਭ ਥੀਂ ਵੱਡਾ ਦੁੱਖ ਇਹ ਹੈ, ਕਿ ਉਹ ਉਸੀ ਤਰਾਂ ਆਪਣੇ ਪਿਆਰੇ ਦੀ ਯਾਦ ਵਿੱਚ ਉਸ ਨਿੱਕੇ ਜਿਹੇ ਬੁੱਧ ਦੇ ਮੰਦਰ ਅੱਗੇ ਨਾਚ ਨਹੀਂ ਕਰ ਸੱਕਦੀ ਤੇ ਆਪਣੇ ਸੁਰਗ ਗਏ ਪਿਆਰੇ ਨੂੰ ਓਸ ਤਰਾਂ ਰੀਝਾ ਨਹੀਂ ਸੱਕਦੀ ਤੇ ਇਸ ਕਰਕੇ ਓਹ ਚਾਹੁੰਦੀ ਹੈ, ਕਿ ਓਹਦੀ ਤਸਵੀਰ ਓਸੇ ਪਿਸ਼ਵਾਜ਼ ਵਿੱਚ ਜਿਹੜੀ ਓਹ ਨਾਲ ਲਿਆਈ ਹੈ, ਬਣ ਜਾਵੇ, ਕਿ ਹੋਰ ਨਹੀਂ ਤਾਂ ਓਹ ਆਪਣੀ ਤਸਵੀਰ ਓਸ ਪਿਆਰੇ ਦੀ ਯਾਦ ਦੇ ਬੁੱਧ ਮੰਦਰ ਦੇ ਸਾਹਮਣੇ ਲਟਕਾ ਸੱਕੇ! ਉਸ ਅਰਦਾਸ ਕੀਤੀ ਸੀ, ਕਿ ਓਹਦਾ ਇਹ ਸੰਕਲਪ ਪੂਰਣ ਹੋਵੇ ਤੇ ਉਸ ਦੇਵ ਨੇ ਇਹ ਪ੍ਰੇਰਣਾ ਕੀਤੀ ਹੈ ਤਾਂ ਹੀ ਉਸ ਪਾਸ ਆਈ ਹੈ, ਕਿ ਕੋਈ ਮਾੜਾ ਚਿਤ੍ਰਕਾਰ ਸਿਵਾਇ ਉਹਦੇ, ਉਸ ਆਲੀਸ਼ਾਨ ਰੀਝ ਦਾ ਚਿਤ੍ਰ ਖਿੱਚ ਹੀ ਨਹੀਂ ਸੱਕਦਾ। ਉਸਤਾਦ ਨੇ ਇਹ ਸਭ ਵਿਥਯਾ ਬੜੀ ਗਹੁ ਨਾਲ ਸੁਣੀ ਤੇ ਬੜੀ ਹਮਦਰਦੀ ਨਾਲ ਉਸ ਨੂੰ ਰੀਝਾਣ ਦੀ ਕਰਦਾ ਰਿਹਾ, ਤੇ ਬੋਲਿਆ "ਜਿਹੜੀ ਤਸਵੀਰ ਆਪ ਬਨਾਉਣੀ ਚਾਹੁੰਦੇ ਹੋ, ਉਹ ਮੈਂ ਬੜੀ ਹੀ ਖੁਸ਼ੀ ਨਾਲ ਬਣਾਵਾਂਗਾ॥ ਅਜ ਮੈਨੂੰ ਇਕ ਹੋਰ ਚਿਤ੍ਰ ਦੇ ਪੂਰਾ ਕਰਨ ਦੀ ਕਾਹਲ ਹੈ ਤੇ ਜੇ ਆਪ ਕਲ ਇਸ ਵੇਲੇ ਆਓ, ਤਦ ਜਿਸ ਤਰਾਂ ਆਪ ਚਾਹੋਗੇ ਤੇ ਜੋ ਮੇਰੇ ਪਾਸੋਂ ਸੋ ਸਕਿਆ ਮੈਂ ਕਰਾਂਗਾ॥
ਫਿਰ ਓਹ ਬੋਲੀ "ਪਰ ਇਕ ਗੱਲ ਮੈਂ ਆਪ ਹਜ਼ੂਰ ਨੂੰ ਦੱਸੀ ਨਹੀਂ, ਜਿਹੜੀ ਗੱਲ ਮੈਨੂੰ ਦੁਖੀ ਕਰਦੀ ਹੈ ਤੇ ਓਹ ਇਹ ਹੈ, ਕਿ ਆਪਦੀ ਇਸ ਮੇਹਰਬਾਨੀ ਲਈ ਮੇਰੇ ਪਾਸ ਆਪ ਨੂੰ ਦੇਣ ਲਈ ਕੁਛ ਹੈ ਨਹੀਂ, ਸਿਵਾਇ ਇਸ ਪੁਰਾਣੀ ਤੇ ਪੁਰਾਣੀ ਕਤਹ ਦੀ ਪਿਸ਼ਵਾਜ਼ ਦੇ, ਤੇ ਇਨ੍ਹਾਂ ਦਾ ਹੁਣ ਕੋਈ ਵੀ ਮੁੱਲ ਨਹੀਂ, ਭਾਵੇਂ ਕਿਸੀ ਵਕਤ ਇਹ ਬਹੁਮੁੱਲੀ ਚੀਜ਼ ਸੀ ਤੇ ਫਿਰ ਵੀ ਆਪ ਹਜੂਰ ਮੇਰੇ ਉੱਪਰ ਕਿਰਪਾ ਕਰਕੇ ਇਹ ਤਿਲ ਫੁੱਲ ਲੈ ਕੇ ਮੇਰੇ ਉੱਪਰ ਦਯਾ ਕਰੋਗੇ ਤੇ ਸ਼ਾਇਦ ਆਪ ਦੇ ਅਜਾਇਬ ਘਰ ਵਿੱਚ ਇਹਦੀ ਥਾਂ ਇਸ ਲਈ ਹੋ ਜਾਵੇ, ਕਿ ਹੁਣ ਨਾ ਓਹ ਨੱਚਣ ਵਾਲੀਆਂ ਰਹੀਆਂ ਹਨ, ਨਾ ਇਸ ਤਰਾਂ ਦੀਆਂ ਪੁਸ਼ਾਕਾਂ ਤੇ ਪਿਸ਼ਵਾਜ਼ਾਂ, ਇਕ ਅਜੂਬਾ ਤਾਂ ਬਣ ਹੀ ਸੱਕਦੀ ਹੈ॥"
ਨਹੀਂ, ਨਹੀਂ, ਆਪ ਇਸ ਮਾਮਲੇ ਤੇ ਕੋਈ ਸੋਚ ਨਾ ਕਰੋ, ਮੈਨੂੰ ਤਾਂ ਆਪ ਦੀ ਨਿੱਕੀ ਜਿਹੀ ਇਹ ਸੇਵਾ ਕਰਨ ਵਿੱਚ ਪੁਰਾਣਾ ਜ਼ਮਾਨਾ ਯਾਦ ਆਉਂਦਾ ਹੈ ਤੇ ਆਪਦਾ ਕੀਤਾ ਮੈਂ ਕਦੀ ਮੁਕਾ ਨਹੀਂ ਸੱਕਦਾ, ਸੋ ਕਲ ਮੈਂ ਜਰੂਰ ਕੰਮ ਸ਼ੁਰੂ ਕਰਾਂਗਾ ॥"ਇਸ ਤਿੰਨ ਵੇਰੀ ਸਿਰ ਝੁਕਾ ਕੇ ਸ਼ੁਕਰਗੁਜ਼ਾਰੀ ਕੀਤੀ ਤੇ ਕਿਹਾ "ਆਪ ਹਜ਼ੂਰ ਮੈਨੂੰ ਮਾਫ ਕਰਨਾ ਤੇ ਮੈਂ ਇਕ ਗੱਲ ਹੋਰ ਵੀ ਕਹਿਣਾ ਹੈ, ਉਹ ਹੈ, ਕਿ ਮੈਂ ਇਹ ਨਹੀਂ ਚਾਹੁੰਦੀ ਕਿ ਆਪ ਮੇਰੇ ਅਜ ਦੀ ਸ਼ਕਲ ਦਾ ਤੇ ਅੱਜ ਦੀ ਪੁਸ਼ਾਕ ਵਿੱਚ ਚਿਤ੍ਰ ਬਣਾਓ, ਮੈਂ ਚਾਹੁੰਦੀ ਹਾਂ ਕਿ ਮੇਰੇ ਜੋਬਨ ਮੱਤੀ ਦਾ ਓਹ ਰੂਪ, ਜੋ ਆਪ ਨੇ ਓਸ ਰਾਤ ਵੇਖਿਆ ਸੀ, ਓਹੋ ਹੀ ਬਣਾਓ॥"
ਉਸ ਕਿਹਾ "ਠੀਕ ਮੈਨੂੰ ਉਹ ਚੰਗੀ ਤਰਾਂ ਯਾਦ ਹੈ, ਯਾਦ ਹੀ ਨਹੀਂ, ਮੇਰੇ ਧਿਆਨ ਵਿੱਚ ਹੈ, ਸੋ ਮੈਂ ਓਹੋ ਹੀ ਚਿਤ੍ਰ ਬਣਾਵਾਂਗਾ।"
ਇਸ ਵਾਕ ਲਈ ਜਦ ਉਸ ਬੁੱਢੀ ਸਵਾਣੀ ਨੇ ਸ਼ੁਕਰਗੁਜ਼ਾਰੀ ਕੀਤੀ ਤਦ ਉਹਦੀ ਮੂੰਹ ਦੀਆਂ ਝੁਰਲੀਆਂ ਤੇ ਲਾਲੀ ਭਾ ਮਾਰਨ ਲੱਗ ਗਈ ਤੇ ਬਿਹਬਲ ਹੋਕੇ ਬੋਲੀ "ਮੈਨੂੰ ਹੁਣ ਆਪ ਨੇ ਸੋਹਣਾ ਕਰਨਾ ਹੈ, ਜੋ ਮੈਂ ਉਸ ਪਿਆਰੇ ਨੂੰ ਸੋਹਣੀ ਲੱਗਾਂ, ਜਿਸ ਦੇ ਪਿਆਰ ਵਿੱਚ ਮੈਂ ਸਾਰਾ ਜੀਵਨ ਨਾਚ ਕੀਤਾ ਹੈ, ਹੁਣ ਉਹ ਮੈਨੂੰ ਨਹੀਂ, ਹਜ਼ੂਰ ਦੀ ਰਸਿਕ ਕਿਰਤ ਨੂੰ ਦੇਖ ਕੇ ਖੁਸ਼ ਹੋਵੇਗਾ ਤੇ ਓਹ ਪਿਆਰਾ ਮੈਨੂੰ ਮਾਫ ਕਰਸੀ, ਕਿ ਮੈਂ ਹੁਣ ਓਸ ਅੱਗੇ ਨੱਚ ਨਹੀਂ ਸੱਕਦੀ॥"
ਫਿਰ ਉਸ ਚਿਤ੍ਰਕਾਰ ਆਚਾਰਯ ਨੇ ਉਹਨੂੰ ਤਸੱਲੀ ਦਿੱਤੀ "ਕਿ ਆਪ ਕਲ ਆਵੋ, ਮੈਂ ਆਪਦੀ ਓਹੋ ਜੋਬਨ ਮੱਤੀ ਛੱਬੀ ਮੁੜ ਚਿਤ੍ਰਾਂਗਾ ਤੇ ਮੈਂ ਓਨਾ ਹੀ ਉਨਰ ਤੇ ਵਕਤ ਤੇ ਰੀਝ ਆਪ ਦੇ ਚਿਤ੍ਰ ਤੇ ਲਾਵਾਂਗਾ, ਜਿਹੜਾ ਮੈਂ ਬਾਦਸ਼ਾਹਜ਼ਾਦਿਆਂ ਦੇ ਮਹਿੰਗੇ ਥੀਂ ਮਹਿੰਗੇ ਕੰਮ ਤੇ ਖਰਚਦਾ ਹਾਂ। ਆਪ ਕੋਈ ਫਿਕਰ ਤੇ ਸ਼ੱਕ ਨਾ ਕਰਨਾ, ਆਪ ਨੇ ਕਲ ਆ ਜਾਣਾ॥" ਮੁਕੱਰਰ ਵਕਤ ਤੇ ਓਹ ਦੁਸਰੇ ਭਲਕ ਆਈ, ਤੇ ਚਿਤ੍ਰਕਾਰ ਨੇ ਨਰਮ ਸਫੈਦ ਰੇਸ਼ਮ ਤੇ ਉਹਦਾ ਚਿਤ੍ਰ ਖਿੱਚਿਆ ਪਰ ਇਹ ਚਿਤ੍ਰ ਉਹਦੀ ਹੁਣ ਦੀ ਸ਼ਕਲ ਦਾ ਨਹੀਂ ਸੀ ਇਹ ਓਹ ਝਾਕਾ ਸੀ, ਜੋ ਆਪ ਨੇ ਉਸ ਰਾਤ ਦੇਖਿਆ ਸੀ। ਪੰਛੀ ਵਾਂਗੂ ਸ਼ੋਖ ਨੈਨੀ, ਬਾਂਸ ਦੀ ਟਹਿਣੀ ਵਾਂਗੂ ਪਤਲੀ ਯੁਵਤੀ, ਤੇ ਸੋਨੇ ਤੇ ਰੇਸ਼ਮ ਦੀ ਪੁਸ਼ਾਕ ਪਾਈ ਇਕ ਸਵਰਗ ਦੀ ਦੇਵੀ ਵਾਂਗ ਚਮਕਦੀ ਐਸੀ ਛੱਬੀ ਸੀ, ਕਿ ਅੱਖ ਦੇਖਕੇ ਚੁੰਧਿਆਂਦੀ ਸੀ। ਓਸ ਉਸਤਾਦ ਦੇ ਬ੍ਰਸ਼ ਦੀ ਕਲਾ ਨਾਲ ਗਿਆ ਗੁਜਰਿਆ ਜੋਬਨ ਮੁੜ ਵਾਪਸ ਆਇਆ, ਉਹ ਮੁਰਝਾ ਗਿਆ ਸੁਹਣੱਪ ਫਿਰ ਟਹਿਕਿਆ ਤੇ ਉਹ ਗੁਜਰ ਚੁਕੀ ਨਾਜ਼ਨੀਨ ਦਾ ਸਾਰਾ ਨਾਜ਼ ਮੁੜ ਪ੍ਰਤੱਖ ਦਿਸਿਆ। ਜਦ ਓਹ ਤਸਵੀਰ ਬਣ ਗਈ ਤੇ ਓਸ ਆਪਣੀ ਮੁਹਰ ਉਸ ਉਪਰ ਲਾ ਦਿੱਤੀ ਤੇ ਰੇਸ਼ਮੀ ਕੱਪੜੇ ਵਿੱਚ ਜੜ ਦਿੱਤੀ ਤੇ ਸੀਡਾਰ ਦੇ ਰੂਲਿਆਂ ਵਿੱਚ ਦੰਦ-ਖੰਡ ਦੇ ਲਾਟੂਆਂ ਨਾਲ ਠੀਕ ਜੜ ਕੇ ਸਜਾ ਦਿੱਤੀ ਤੇ ਰੇਸ਼ਮੀ ਡੋਰਾ ਵੀ ਦਿੱਤਾ, ਜਿਸ ਨਾਲ ਓਹਨੂੰ ਲਟਕਾਣਾ ਸੀ ਤੇ ਸਫੈਦ ਲਕੜ ਦੇ ਬਕਸ ਵਿੱਚ ਮੁੜ ਸਾਰੀ ਨੂੰ ਬੰਦ ਕਰ ਦਿੱਤਾ, ਇਉਂ ਮੁਕੰਮਲ ਕਰ ਉਸ ਸਵਾਣੀ ਦੇ ਭੇਟਾ ਕੀਤੀ॥
ਨਾਲੇ ਉਸਨੇ ਆਪਣੀ ਚਾਹ ਪ੍ਰਗਟ ਕੀਤੀ ਕਿ ਉਹਦੇ ਗੁਜ਼ਾਰੇ ਲਈ ਕੁਛ ਮਾਯਾ ਵੀ ਨਾਲ ਭੇਟਾ ਕਰੇ, ਪਰ ਇਹ ਉਸ ਸਵਾਣੀ ਨੇ ਨਾ ਮਨਜ਼ੂਰ ਕੀਤੀ॥
ਓਹ ਰੋ ਕੇ ਬੋਲੀ "ਨਹੀਂ ਮੈਨੂੰ ਇਸ ਮਾਯਾ ਦੀ ਲੋੜ ਨਹੀਂ, ਬੱਸ ਮੇਰੀ ਲੋੜ ਇਹ ਚਿਤ੍ਰ ਸੀ, ਸੋ ਆਪ ਨੇ ਬਣਾ ਦਿੱਤਾ ਹੈ। ਇਸਦੀ ਪ੍ਰਾਪਤੀ ਲਈ ਮੈਂ ਅਰਦਾਸਾਂ ਕੀਤੀਆਂ ਸੋ ਮੇਰੀਆਂ ਅਰਦਾਸਾਂ ਕਬੂਲ ਹੋ ਗਈਆਂ ਹਨ, ਤੇ ਹੁਣ ਮੈਨੂੰ ਇਸ ਜੀਵਨ ਵਿੱਚ ਹੋਰ ਕੋਈ ਸੰਕਲਪ ਨਹੀਂ ਹੈ, ਤੇ ਹੁਣ ਇਉਂ ਨਿਰਸੰਕਲਪ ਹੋ ਕੇ ਜੇ ਮੈਂ ਇਥੇ ਮਰਨ ਆਈ ਹਾਂ ਤਦ ਜਰੂਰ ਹੈ, ਕਿ ਮੈਨੂੰ ਮਰ ਕੇ ਬੁੱਧ ਦੇ ਰਾਹ ਉੱਪਰ ਜਾਣਾ ਮੁਸ਼ਕਲ ਨਹੀਂ ਹੋਵੇਗਾ, ਤੇ ਬੱਸ ਇਕ ਅਫਸੋਸ ਹੈ, ਕਿ ਆਪ ਨੂੰ ਇਸ ਬੜੇ ਕੰਮ ਲਈ ਮੇਰੇ ਪਾਸ ਦੇਣ ਨੂੰ ਕੁਛ ਨਹੀਂ ਹੈ, ਤੇ ਇਹ ਨਾਇਕਾ ਦੀ ਪਿਸ਼ਵਾਜ਼ ਹੈ, ਜੇ ਆਪ ਕਬੂਲ ਕਰੋ ਤਦ ਮੈਂ ਬੜੀ ਪ੍ਰਸੰਨ ਹੋਵਾਂਗੀ, ਤੇ ਅਰਦਾਸ ਕਰਾਂਗੀ ਕਿ ਆਪ ਨੂੰ ਆਪਦੀਆਂ ਜੀਵਨ ਦੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋਣ॥
ਚਿਤ੍ਰਕਾਰ ਨਰਮੀ ਨਾਲ ਕਹਿੰਦਾ ਹੈ, ਮੈਂ ਤਾਂ ਕੁਛ ਨਹੀਂ ਕੀਤਾ, ਜੋ ਆਪ ਮੈਨੂੰ ਉਸਦੀ ਕੀਮਤ ਦੇਣ ਲਈ ਇਤਨੇ ਬਿਹਬਲ ਹੋ, ਦਰਹਕੀਕਤ ਮੈਂ ਕੁਛ ਨਹੀਂ ਕੀਤਾ, ਪਰ ਜੇ ਆਪ ਦੀ ਖੁਸ਼ੀ ਹੈ ਤਦ ਮੈਂ ਇਹ ਬਹੂਮੁੱਲੀ ਕੀਮਤੀ ਅਜੂਬਾ ਪਿਸ਼ਵਾਜ਼ ਆਪ ਦੀ ਸਵੀਕਾਰ ਕਰਦਾ ਹਾਂ, ਇਹਨੂੰ ਦੇਖ ਕੇ ਮੈਨੂੰ ਆਪ ਨਾਲ ਬਿਤਾਈਆਂ ਓਹ ਸੋਹਣੀਆਂ ਘੜੀਆਂ ਯਾਦ ਆਵਣ ਗੀਆਂ ਤੇ ਮੈਨੂੰ ਆਪ ਯਾਦ ਆਵੋਗੇ, ਕਿਸ ਤਰਾਂ ਆਪ ਨੇ ਆਪਣਾ ਭੋਜਨ ਬਿਸਤ੍ਰਾ ਆਦਿ ਸਭ ਮੈਨੂੰ ਦੇ ਦਿੱਤਾ, ਤੇ ਮੇਰੇ ਲਈ ਜੋ ਕਿਸੀ ਲਾਇਕ ਨਹੀਂ ਹਾਂ, ਨਾ ਸਾਂ, ਤੇ ਫਿਰ ਆਪ ਨੇ ਮੇਰੇ ਪਾਸੋਂ ਆਪਣੀ ਕ੍ਰਿਪਾਲਤਾ ਦਾ ਮੁੱਲ ਕੋਈ ਨਹੀਂ ਲਿਆ ਸੀ, ਤੇ ਓਸ ਆਪ ਦੀ ਮੇਹਰਬਾਨੀ ਦਾ ਹੁਣ ਤਕ ਤੇ ਸਦਾ ਮੈਂ ਆਪ ਦਾ ਰਿਣੀ ਹਾਂ, ਪਰ ਹੁਣ ਦੱਸੋ ਕਿ ਆਪਦਾ ਨਿਵਾਸ ਕਿੱਥੇ ਹੈ? ਤਾਕਿ ਮੈਂ ਕਦੀ ਇਸ ਤਸਵੀਰ ਨੂੰ ਆਪਣੀ ਥਾਂ ਤੇ ਲਟਕਿਆ ਜਾ ਕੇ ਵੇਖਾਂ॥
ਪਰ ਗਰੀਬ ਜਿਹੇ ਸ਼ਬਦਾਂ ਵਿੱਚ ਇਸ ਸਵਾਲ ਦਾ ਉੱਤਰ ਉਸ ਸਵਾਣੀ ਨੇ ਟਾਲਵਾਂ ਜਿਹਾ ਦਿੱਤਾ। "ਮੇਰੀ ਥਾਂ ਆਪ ਦੇ ਆਵਣ ਤੇ ਦੇਖਣ ਦੇ ਯੋਗ ਨਹੀਂ, ਓਹ ਥਾਂ ਆਪ ਦੇ ਲਾਇਕ ਨਹੀਂ ।" ਇਹ ਕਹਿਕੇ ਫਿਰ ਮੁੜ ਮੁੜ ਝੁਕੀ, ਸ਼ੁਕਰਗੁਜ਼ਾਰੀ ਕੀਤੀ ਤੇ ਅੱਖਾਂ ਵਿੱਚ ਡਲ ਡਲ ਕਰਦੇ ਅਣ ਕਿਰੇ ਅੱਥਰੂਆਂ ਨਾਲ ਗੱਚ ਜਿਹੇ ਵਿੱਚ ਟੁਰ ਗਈ॥
ਜਦ ਓਹ ਚਲੀ ਗਈ, ਤਦ ਉਸਤਾਦ ਨੇ ਆਪਣੇ ਸ਼ਾਗਿਰਦਾਂ ਵਿੱਚੋਂ ਇਕ ਨੂੰ ਬੁਲਾਇਆ ਤੇ ਕਿਹਾ, "ਉਸ ਸਵਾਣੀ ਦੇ ਮਗਰ ਮਗਰ ਛੇਤੀ ਜਾਹ ਤੇ ਉਹਨੂੰ ਪਤਾ ਵੀ ਨਾ ਲੱਗੇ, ਕਿ ਤੂੰ ਉਹਦੇ ਪਿੱਛੇ ਪਿੱਛੇ ਆ ਰਿਹਾ ਹੈਂ, ਮਲਕੜੇ ਜਾਵੀਂ ਤੇ ਮੈਨੂੰ ਆਣਕੇ ਪਤਾ ਦੇਵੀਂ, ਕਿ ਓਹ ਕਿੱਥੇ ਰਹਿੰਦੀ ਹੈ? ਇਉਂ ਉਹ ਨੌਜਵਾਨ ਬੇ ਮਲੂਮਾ ਜਿਹਾ ਉਹਦੇ ਪਿੱਛੇ ਪਿੱਛੇ ਗਿਆ ਤੇ ਜਦ ਓਹ ਮੁੜਿਆ ਤਦ ਗੱਲ ਕਰਦਿਆਂ ਇਉਂ ਕੁਛ ਹੱਸਿਆ ਤੇ ਕੁਛ ਸ਼ਰਮਾਇਆ, ਜਿਵੇਂ ਇਕ ਬੜੀ ਨਾਵਾਜਬ ਜਿਹੀ ਕੋਈ ਗੱਲ ਕਰਨ ਲੱਗਾ ਹੈ॥
"ਹੇ ਖਾਵੰਦ! ਮੈਂ ਉਸ ਬੁੱਢੀ ਦੇ ਮਗਰ ਮਗਰ ਗਿਆ, ਪਰ ਓਹ ਤਾਂ ਸ਼ਹਿਰੋਂ ਬਾਹਰ ਉਸ ਸੁੱਕੇ ਨਾਲੇ ਵਲ ਉਥੇ ਗਈ, ਜਿੱਥੇ ਮੁਜਰਮਾਂ ਨੂੰ ਫਾਂਸੀ ਲਾਈ ਜਾਂਦੀ ਹੈ ਤੇ ਓੁਥੇ ਇਕ ਨਿੱਕੀ ਜਿਹੀ ਝੁੱਗੀ ਹੈ, ਉਸ ਵਿੱਚ ਉਹ ਰਹਿੰਦੀ ਹੈ, ਬੜੀ ਭੈੜੀ ਗੰਦੀ ਜਿਹੀ ਵੈਰਾਨ ਥਾਂ ਹੈ।''
ਚਿਤ੍ਰਕਾਰ ਨੇ ਉੱਤਰ ਦਿੱਤਾ "ਕੁਛ ਭੀ ਹੈ, ਓਸ ਥਾਂ ਕਲ ਸਵੇਰੇ ਮੈਨੂੰ ਤੂੰ ਲੈ ਜਾਈਂ, ਹਾਂ ਉਸੀ ਗੰਦੀ ਵੈਰਾਨ ਥਾਂ ਤੇ ਮੈਂ ਜਾਣਾ ਹੈ, ਜਦ ਤਕ ਮੈਂ ਜੀਂਦਾ ਹਾਂ, ਉਹ ਸਵਾਣੀ ਕਿਸੀ ਤਰਾਂ ਖਾਣ ਪਾਣ ਦੇ ਦੁਖ ਨਹੀਂ ਪਾਵੇਗੀ॥"
ਇਹ ਕਹਿ ਕੇ ਓਸ ਨੇ ਉਨ੍ਹਾਂ ਸਾਰਿਆਂ ਨੂੰ ਉਸਦੀ, ਕਥਾ ਸੁਣਾਈ ਤੇ ਸੁਣਕੇ ਸਾਰੇ ਅਜੀਬ ਰੰਗ ਵਿੱਚ ਰੰਗ ਗਏ ਤੇ ਮੁੜ ਦੂਸਰੇ ਦਿਨ ਸੂਰਜ ਚੜ੍ਹਣ ਥੀਂ ਇਕ ਘੰਟਾ ਪਿੱਛੇ ਉਹ ਉਸਤਾਦ ਤੇ ਉਹਦਾ ਚੇਲਾ ਓਸ ਸੁੱਕੇ ਨਾਲੇ ਵਲ ਨੂੰ ਜਾ ਰਹੇ ਹਨ, ਉਥੇ ਜਾ ਰਹੇ ਹਨ ਜਿੱਥੇ ਸ਼ਹਿਰ ਦੇ ਕੰਗਲੇ ਰਹਿੰਦੇ ਹਨ, ਤੇ ਓਸ ਝੁਗੀ ਪਾਸ ਜਾ ਪਹੁੰਚੇ। ਇਕੋ ਭਿੱਤ ਦਾ ਦਰਵਾਜਾ ਬੰਦ ਸੀ। ਉਸ ਚਿਤ੍ਰਕਾਰ ਨੇ ਭਿੱਤ ਖੜਕਾਇਆ ਉੱਤਰ ਕੋਈ ਨਹੀਂ, ਜਦ ਭਿੱਤ ਖੋਲਿਆ ਤਦ ਵੀ ਕੋਈ ਆਵਾਜ਼ ਨਹੀਂ ਆਈ, ਤਦ ਓਹ ਅੰਦਰ ਗਿਆ ਮੁੜ ਉਹੋ ਲੂੰ ਕੰਡੇ ਯਾਦ ਹੋਏ, ਓਹੋ ਨਜ਼ਾਰਾ ਚੇਤੇ ਆਇਆ, ਜਿਸ ਤਰਾਂ ਓਹਦੇ ਪਰਬਤਾਂ ਉੱਪਰ ਝੁਗੀ ਵਿੱਚ ਓਹ ਜਵਾਨੀ ਵਿੱਚ ਗਿਆ ਸੀ, ਜਦ ਅੰਦਰ ਜਾਕੇ ਤੱਕਿਆ, ਤਦ ਓਹ ਸਵਾਣੀ ਇਕ ਮਾੜੀ ਪੁਰਾਣੀ ਫਟੀ ਜਿਹੀ ਰਜਾਈ ਵਿੱਚ ਲਪੇਟੀ ਇਉਂ ਲੇਟੀ ਹੋਈ ਸੀ,
ਪਰ ਉਹ ਚਿਤ੍ਰਕਾਰ ਇਨਾਂ ਚੀਜ਼ਾਂ ਨੂੰ ਨੀਝ ਲਾ ਕੇ, ਦੇਖਣ ਦਾ ਸਬਰ ਨਹੀਂ ਸੀ ਕਰ ਸਕਦਾ।ਉਹ ਤਾਂ ਬਿਹਬਲ ਸੀ, ਕਿ ਛੇਤੀ ਉਸ ਸੁੱਤੀ ਹੋਈ ਨੂੰ ਜਗਾਏ ਤੇ ਖੁਸ਼ ਕਰੇ ਕਿ ਓਹ ਉਸ ਪਾਸ ਮਹਿਮਾਨ ਹੋਇਆ ਹੈ। ਤੇ ਚਾਰ ਵੇਰੀ ਉਸ ਉਹਦਾ ਨਾਮ ਲੈ ਕੇ ਮਿੱਠੀ ਮਿੱਠੀ ਅਵਾਜ਼ ਦਿੱਤੀ ਪਰ ਓਹ ਨਾ ਜਾਗੀ॥
ਅਚਾਣਚੱਕ ਉਸਨੂੰ ਪਤਾ ਲੱਗਾ, ਕਿ ਓਹੋ ਇਹ ਤਾਂ ਚਲ ਬਸੀ ਹੈ। ਹੈਰਾਨ ਹੋਕੇ ਉਹਦੇ ਮੁਖ ਵਲ ਵੇਖਦਾ ਹੈ ਤੇ ਦੇਖਦਾ ਹੈ ਕਿ ਹੁਣ ਇਹ ਆਖਰੀ ਨੀਂਦਰ ਵਿੱਚ ਓਨੀ ਬੁੱਢੀ ਨਹੀਂ ਦਿੱਸਦੀ, ਜਿੰਨੀ ਕਲ ਸੀ, ਉਹਦੀ ਜਵਾਨੀ ਨੂੰ ਯਾਦ ਦਿਲਾਣ ਵਾਲਾ ਇਕ ਅਕਹਿ ਜਿਹਾ ਮਿੱਠਾ ਰੂਪ ਉਸ ਚਿਹਰੇ ਉੱਪਰ ਚੜ੍ਹਿਆ ਦਿਸਿਆ, ਓਹ ਗਮ ਦੀਆਂ ਕੁਰਖਤ ਲਕੀਰਾਂ ਮੁਲਾਇਮ ਹੋ ਗਈਆਂ ਸਨ, ਤੇ ਝੁਰਲੀਆਂ ਅਜਬ ਤਰਾਂ ਸਾਫ ਹੋ ਗਈਆਂ ਸਨ, ਤੇ ਇਹ ਸੁਹਣੱਪ ਉਸ ਉੱਪਰ ਉਸ ਥੀਂ ਵਡੇ ਮਾਲਕ ਚਿਤ੍ਰਕਾਰ ਦੀ ਛੋਹ ਨਾਲ ਆਣ ਛਾਯਾ ਸੀ॥ ਇਹ ਕਥਾ ਪੜ੍ਹ ਕੇ ਕੌਣ ਕਹਿ ਸਕਦਾ ਹੈ? ਕਿ ਮਜ਼ਬ ਕੋਈ ਚੀਜ਼ ਨਹੀਂ, ਤੇ ਪੰਜਾਬ ਦੇ ਸਿੱਖਾਂ ਨੂੰ ਜੋ ਦਸਵੇਂ ਪਾਤਸ਼ਾਹ ਆਪਣੀਆਂ ਨਿਸ਼ਾਨੀਆਂ ਤੇ ਆਪਣਾ ਵਚਨ ਗੁਰੂ ਗ੍ਰੰਥ ਸਾਹਿਬ ਦੇ ਗਏ ਹਨ, ਉਨ੍ਹਾਂ ਦੀ ਪੂਜਾ, ਸੱਚੀ ਪੂਜਾ ਕੋਈ ਵਹਿਮ ਹੈ ਤੇ ਪਿਆਰੇ ਦੀਆਂ ਨਿਸ਼ਾਨੀਆਂ ਅੱਗੇ ਜੀਵਨ ਨਾਚ ਕਰਨਾ ਕਿਸੀ ਤਰਾਂ ਦੀ ਬੁੱਤ ਪੂਜਾ ਵਰਗੇ ਵਹਿਮ ਹਨ?
ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹਨ ਯਾ ਪਾਪ ਪੁੰਨਯ ਆਦਿ ਦੀਆਂ ਬਹਿਸਾਂ ਕਰ ਕਰ ਕੋਈ ਨੇਮ ਤੇ ਅਸੂਲ ਕਾਇਮ ਕਰਦੇ ਹਨ, ਉਨ੍ਹਾਂ ਨੇ ਜੀਵਨ ਦੇ ਦੁੱਖਾਂ ਦੇ ਹੜ੍ਹ ਨਹੀਂ ਤੱਕੇ। ਪਰ ਹਾਏ ਉਹ ਦਿਲ ਦਾ ਨਾਚ ਹੋਵੇ, ਉਹ ਰੀਝ ਹੋਵੇ, ਉਹ ਸਾਰੀ ਉੱਮਰ ਦੀ ਲਗਾਤਾਰ ਤੀਬ੍ਰਤਾ ਹੋਵੇ!
ਹੁਣ ਤਾਂ ਮੇਰੇ ਤੇ ਮਿਹਰ ਕਰ, ਮੈਨੂੰ ਛੱਡੋ, ਆਪ ਨੇ ਮੈਨੂੰ ਬੜਾ ਭੁਲਾਇਆ। ਆਖਰ ਆਪ ਕੀ ਕਹਿੰਦੇ ਹੋ ? ਜੇ ਮੈਂ ਰੱਬ ਨੂੰ ਆਖਾਂ, ਅਰਦਾਸ ਕਰਾਂ ਕ ਮੈਨੂੰ ਉਨ੍ਹਾਂ ਉਲਝਣਾਂ ਵਿੱਚੋਂ ਕੱਢੇ ਜਿਸ ਵਿੱਚ ਆਪ ਨੇ ਪਾਇਆ ਤਦ ਆਪ ਘੜੀ ਦੀ ਘੜੀ ਟਿਕ ਜਾਂਦੇ ਹੋ। ਕਈ ਵੇਰੀ ਆਪ ਨੇ ਖੂਹ ਵਿੱਚ ਸੁਟਿਆ, ਕਈ ਵੇਰੀ ਅਰਦਾਸ ਕੀਤੀ, ਕਈ ਵੇਰੀ ਰੱਬ ਜੀ ਆਏ, ਉਨਾਂ ਦੇ ਹੱਥ ਚਿੱਕੜ ਨਾਲ ਲਿੱਬੜੇ। ਮੈਨੂੰ ਭੁੱਲੇ ਨੂੰ ਕੱਢਿਆ, ਫਾਥੇ ਨੂੰ ਆਜ਼ਾਦ ਕੀਤਾ, ਸੰਕਲਪ ਮੇਰੇ ਅਨੇਕ, ਉਨਾਂ ਸੰਕਲਪਾਂ ਦੀ ਪੂਰਤੀ ਦਾ ਮੀਹ ਪਾਇਆ, ਪਰ ਆਪ ਆਪਣੀਆਂ ਸ਼ੈਤਾਨੀਆਂ, ਸ਼ਰਾਰਤਾਂ ਥੀਂ ਬਾਜ ਨਾ ਆਏ। ਕੀ ਗਯਟੇ ਦੇ ਫੂਓਸਟ ਵਿਚ ਸ਼ੈਤਾਨ ਦੇ ਰੂਪ ਦੀ ਛਾਯਾ ਆਪਦਾ ਹੀ ਇਕ ਵਟਾਂਦਰਾ ਤਾਂ ਨਹੀਂ॥
ਉਹ ਬਚਪਣ ਹੀ ਚੰਗਾ ਸੀ, ਜਦ ਆਪ ਨਾਲ ਵਾਕਫੀਅਤ ਨਹੀਂ ਹੋਈ ਸੀ। ਚੰਨ ਨੂੰ ਵੇਖ ਕੇ ਘਾਹ ਉੱਪਰ ਪਿਆ ਹੀ ਅੰਗੂਠਾ ਮੂੰਹ ਵਿੱਚ ਪਾਇਆ ਮੈਂ ਹੱਸਦਾ ਸਾਂ। ਦੁੱਖ ਕੀ ਸਨ? ਬੱਸ ਇਕ ਭੁੱਖ, ਜਦ ਭੁੱਖ ਲੱਗਦੀ ਸੀ, ਤਦ ਰੋਂਦਾ ਸਾਂ। ਮਾਂ ਬਿਚਾਰੀ ਮਮਤਾ ਦੀ ਮਾਰੀ ਦੁੱਧ ਪਿਲਾ ਦਿੰਦੀ ਸੀ, ਸਾਫ ਸੁਥਰਾ ਵੀ ਕਰ ਜਾਂਦੀ ਸੀ, ਇਕ ਪੂਰੀ ਸੰਨਿਆਸ ਅਵਸਥਾ ਸੀ, ਆਪਣਾ ਦੇਹ ਅਧਯਾਸ ਕੋਈ ਨਹੀਂ ਸੀ॥
ਜਦ ਮਾਂ ਦੀ ਕੁੱਛੜ ਥੀਂ ਉਤਰ ਆਪਣੇ ਪੈਰੀਂ ਚੱਲਣ ਲੱਗਾ, ਤਦ ਵੀ ਜਿੰਦਗੀ ਕੋਈ ਵਬਾਲ ਨਹੀਂ ਸੀ ਦਿੱਸਦੀ, ਤੜਾਗੀ ਵਿੱਚ ਨਿੱਕੀਆਂ ਨਿੱਕੀਆਂ ਚਾਂਦੀ ਦੀਆਂ ਘੁੰਘਰੀਆਂ ਲੱਗੀਆਂ ਵਜਦੀਆਂ ਜਾਂਦੀਆਂ ਸਨ, ਜਦ ਮੈਂ ਟੁਰਦਾ ਸੀ ਆਵਾਜ਼ ਸੋਹਣਾ ਲੱਗਦਾ ਸੀ, ਮੈਂ ਦੌੜਦਾ ਸੀ ਖੁਸ਼ ਹੁੰਦਾ ਸੀ, ਦੁਨੀਆਂ ਬਸ ਮੇਰੇ ਆਪਣੇ ਮਚਾਏ ਸ਼ੋਰ ਸੀ, ਮੈਂ ਹੈਰਾਨ ਹੁੰਦਾ ਸਾਂ ਕਿ ਇਹ ਹੋਰ ਲੋਕੀ ਕਿਧਰ ਭੱਜੀ ਫਿਰਦੇ ਹਨ? ਸਭ ਕੁਛ ਤਾਂ ਮੇਰੇ ਕਦਮ ਕਦਮ ਚੱਲਣ ਵਿੱਚ, ਹੱਸਣ ਵਿੱਚ, ਤੇ ਜਮੀਨ ਤੇ ਪੈ ਲੋਟ ਲੋਟ ਕੇ ਖਿੜ ਖਿੜ ਦਿੱਸਣ ਵਿੱਚ ਹੈ॥
ਸੋ ਬਹਿਸ਼ਤ ਮੇਰਾ ਹਾਲੇ ਵੀ ਨਹੀਂ ਸੀ ਮੈਥੋਂ ਖੁੱਸਿਆ, ਜੇ ਆਪ ਨੇ ਖਿਸਕਾਣਾ ਆਰੰਭ ਦਿੱਤਾ ਸੀ ਤਾਂ ਵੀ ਮੈਨੂੰ ਪਤਾ ਨਹੀਂ ਸੀ ਲੱਗਾ॥
ਬਾਲਪਣ ਗਿਆ, ਲੜਕਪਣ ਆਯਾ। ਮਾਪਿਆਂ ਨੇ ਪੜ੍ਹਣ ਪਾਇਆ, ਕਦੀ ਮਸੀਤੇ ਘੱਲਿਆ, ਕਦੀ ਧਰਮਸਾਲੇ,ਅੱਖਰ ਅਣੋਖੇ ਲੱਗੇ, ਤੇ ਮੁੜ ਮੁੜ ਬੋਲ, ਬੋਲ ਮੁੜ ਮੁੜ ਲਿਖ ਲਿਖ ਕੇ, ਮਸੇ ਸਿੰਝਾਤੇ, ਇਕ ਦੁਨੀਆਂ ਸੀ, ਵੱਡੀ ਇਕ ਕਿਤਾਬ ਕੋਈ ੧੦੦ ਸਫੇ ਦੀ ੧੮''×੨੨'' ਸਾਈਜ਼ ਦੀ-ਭਾਵੇਂ ਜ਼ਿਲਾ ਹਜਾਰੇ ਦੀ ਮਿਸਲ ਬੰਦੋਬਸਤ ਹੀ ਹੋਵੇ-ਪਈ ਸੀ, ਤੇ ਚਾਈਂ ਚਾਈਂ ਮੈਂ ਕੁਛ ਡਰਦਾ ਡਰਦਾ, ਕੁਛ ਦਲੇਰੀ ਕਰਕੇ, ਖੋਹਲ ਕੇ ਸਿੰਝਾਤੇ ਹਰਫਾਂ ਨੂੰ ਵੇਖਦਾ ਸੀ, ਜਿਸ ਤਰਾਂ ਲੰਡਨ ਜੈਸੇ ਸ਼ਹਿਰ ਵਿੱਚ ਫਿਰ ਫਿਰ ਜਦ ਕੋਈ ਆਪਣਾ ਜਾਣ ਪਛਾਣ ਮਿਲੇ ਤੇ ਖੁਸ਼ੀ ਹੁੰਦੀ ਹੈ, ਉਵੇਂ ਉਨਾਂ ਹਰਫਾਂ ਦੇ ਜੰਗਲ ਵਿੱਚ ਜਦ ਅਲਫ਼ ਯਾ ਬੇ ਦੇ ਦਰਸ਼ਨ ਹੁੰਦੇ ਸਨ, ਤਦ ਮਾਂ ਤੇ ਪਿਉ ਦੋਹਾਂ ਨੂੰ ਖੁਸ਼ੀ ਵਿੱਚ ਚੀਖਾਂ ਮਾਰੀਦਾ ਸੀ ਕਿ ਉਹ "ਅਲਫ" ਮਿਲੀ ਉਹ "ਬੇ" ਮਿਲੀ, ਤੇ ਇਉਂ ਕਿਤਾਬਾਂ ਵਿੱਚ ਬੰਦੇ ਮਿਲਣ ਲਗ ਗਏ। ਇਹ ਸ਼ਹਿਰਾਂ ਵਰਗੀਆਂ ਚੀਜਾਂ ਸਨ, ਪਰ ਭੁੱਲੇ ਕਦੀ ਨਾ ਸੇ, ਮੌਲਵੀ ਜੀ ਸਾਹਿਬ ਘੋੜੇ ਤੇ ਜਾ ਰਹੇ ਹਨ, ਉਹ ਲੰਮੀ ਦਾਹੜੀ, ਸੋਹਣੀ ਪਗੜੀ ਤੇ ਉਹ ਮੌਲਵੀਆਂ ਵਾਲਾ ਵੱਟਿਆ ਜਿਹਾ ਮੂੰਹ ਦਿੱਸ ਪੈਂਦਾ ਸੀ। ਜੇ ਮਾਲੀ ਕੋਲ ਜਾ ਖਲੋਤੇ ਹਾਂ, ਤਾਂ ਉਸ ਵਿਚਾਰੇ ਕੋਈ ਗੱਲ ਹੀ ਦੱਸੀ ਤੇ ਸਾਡੀਆਂ ਖੁਸ਼ੀਆਂ ਉਸੇ ਵਿੱਚ ਸਨ, ਓਹ ਪਿਉ ਆਇਆ ਹੈ ਤੇ ਇਕ ਬੱਲਾ ਤੇ ਗੇਂਦ ਲੈ ਆਇਆ ਹੈ, ਬੱਸ ਦੋਹਾਂ ਰੂਸਾਂ ਦਾ ਰਾਜ ਮਿਲ ਗਿਆ-"ਮਾਂ,ਅਜ ਇਨਸਪੈਕਟਰ ਨੇ ਸਕੂਲ ਆਉਣਾ ਹੈ ਤੇ ਵੱਡੇ ਮਾਸਟਰ ਨੇ ਆਖਿਆ ਹੈ, ਪਗੜੀਆਂ ਗੁਲਾਬੀ ਹੋਣ, ਕੋਟ ਪੀਲੇ ਹੋਣ ਤੇ ਪਜਾਮੇ ਚਿੱਟੇ ਹੋਣ, ਨਵੀਂ ਜੁੱਤੀ ਹੋਵੇ, ਕਿਤਾਬਾਂ ਸਾਰੀਆਂ ਸਾਫ ਹੋਣ, ਸਲੇਟ ਹੋਵੇ, ਸਲੇਟ ਪਿਨਸਲ ਹੋਵੇ।" ਮਾਂ ਨੇ ਭੈਣਾਂ ਨੂੰ ਕਿਹਾ, ਗੰਗਾ ਉੱਠੀਂ, ਲਾਜ ਉੱਠੀਂ, ਉਨ੍ਹਾਂ ਨੇ ਸਭ ਕਪੜੇ ਬਣਾ ਦਿੱਤੇ, ਬਸਤਾ ਪੂਰਾ ਕਰ ਦਿੱਤਾ। ਗਈ ਗਵਾਚੀ ਚੀਜ਼ਾਂ ਬਾਹਰੋਂ ਮੰਗਾ ਵਿਚਾਰੀਆਂ ਵੀਰ ਨੂੰ ਤੋਰਿਆ ਤੇ ਹੁਣ ਇਹ ਪਤਾ ਨਹੀਂ ਕਿ ਇਨਸਪੈਕਟਰ ਸਾਹਿਬ ਪੁੱਛਿਆ ਕੀ?
ਆਪਣੇ ਥੀਂ ਵੱਡਿਆਂ ਦੇ ਸਾਹਮਣੇ ਭਲੇ ਮਾਣਸ ਤੇ ਚੁੱਪ ਤੇ ਆਪਣੇ ਜਿਹੇ ਨਾਲ ਓਹ ਉਧਮ ਮਚਾਣਾ ਕਿ ਬਸ ਧਰਤੀ ਨੂੰ ਉਲਟ ਕੇ ਅਸਮਾਨ ਹੀ ਬਣਾ ਦੇਣਾ ਹੈ। ਮੈਨੂੰ ਚੇਤੇ ਨਹੀਂ ਆਪ ਨਾਲ ਤਦ ਤਕ-ਜਦ ਤਕ ਕਿਤਾਬਾਂ ਦੇ ਸ਼ਹਿਰਾਂ ਵਿੱਚ ਰਹਿੰਦੇ ਸਾਂ-ਜਾਣ ਪਹਿਚਾਣ ਨਹੀਂ ਸੀ ਤੇ ਆਪ ਉਨ੍ਹਾਂ ਸ਼ਹਿਰਾਂ ਨੂੰ ਸ਼ਾਇਦ ਕਦੀ ਨਹੀਂ ਗਏ ॥
ਮੁਕਦੀ ਗੱਲ "ਜਾ ਕੁਆਰੀ ਤਾ ਚਾਉ ਵੀਆਹੀ ਤਾ ਮਾਮਲੇ॥
ਪਤਾ ਨਹੀਂ ਆਦਮ ਹਵਾ ਦੀ ਕਹਾਣੀ ਮੇਰੀ ਹੀ ਤਾਂ, ਕਹਾਣੀ ਨਹੀਂ ਤੇ ਉਹ ਭਰਮਾਣ ਵਾਲੇ ਆਪ ਹੀ ਤਾਂ ਨਹੀਂ ਸਾਓ, ਜਿਵੇਂ ਮਾਰਕਟਵੈਨ ਆਪਣੀ ਸੋਹਣੀ ਤੇ ਹਸਾ ਹਸਾ ਮਾਰਣ ਵਾਲੀ ਪੋਥੀ “Diary of Adam” ਵਿੱਚ ਚਿੱਤ੍ਰ ਖਿੱਚਿਆ ਹੈ। ਕੁਛ ਘਬਰਾਹਟ ਤਦ ਦੀ ਆਰੰਭ ਹੋਈ, ਜਦ ਪਿੱਪਲ ਹੇਠ ਓਹ ਦੇਖੀ ਜਿਹੜੀ ਅੱਗੇ ਵਾਕਫ ਨਹੀਂ ਸੀ। ਓਹ ਹੱਸੀ ਤੇ ਤੁਸਾਂ ਆਖਿਆ ਖਲੋ ਜਾ ਤੇ ਮੈਂ ਖਲੋ ਗਿਆ,ਇਹ ਕੌਣ ਸੀ?"
ਮਾਰਕਟਵੈਨ ਦੇ ਆਦਮ ਨੂੰ ਵੀ ਮੇਰੇ ਵਰਗਾ ਘਬਰਾ ਪਿਆ, ਪਰ ਘਬਰਾ ਵਿੱਚ ਦਰਦ ਵੀ ਸੀ, ਦਰਦੀਣ ਵੀ ਸੀ, ਕੁਛ ਖਿੱਚ ਵੀ ਸੀ, ਚਾ ਵੀ ਸੀ, ਸਵਾਦ ਵੀ ਸੀ ਤੇ ਬੰਧਨ ਵੀ ਸੀ, ਬੜੀ ਕੁਛ ਮਿਲਵੀਂ ਜਿਹੀ ਅਵਸਥਾ ਸੀ ਪਰ ਭੈ ਨਹੀਂ ਸੀ। ਉਨਾਂ ਨੈਨਾਂ ਵਿੱਚ ਇਕਰਾਰ ਸੀ, ਕਿ ਜੀਣ ਸੱਚਾ ਉਨਾਂ ਨੈਨਾਂ ਵਿੱਚ ਹੈ, ਮੇਰੇ ਦਿਲ ਦੀ ਧੜਕ ਵਿੱਚ ਜੀਣ ਨਹੀਂ। ਸੋ ਜਦ ਦੇ ਓਹ ਤੱਕੇ, ਤਦ ਦੇ ਪਿੱਛੇ ਪਿੱਛੇ ਰਹਿਣ ਵਾਲੇ ਆਪਣੇ ਪ੍ਰਛਾਵੇਂ ਵਾਂਗ ਆਪ ਪਤਾ ਨਹੀਂ। ਕਿੱਥੋਂ ਉਗਮ ਪਏ ਤੇ ਸਾਡੇ ਨਾਲ ਨਾਲ ਰਹੇ। ਸੋ ਜੋ ਜੋ ਤੁਸੀ ਕਹੀ ਗਏ, ਅਸੀ ਮੰਨੀ ਗਏ। ਆਪ ਦੇ ਦਿੱਤੇ ਤੇ ਸਿਖਾਏ ਗਿਆਨ ਦਾ ਇਹ ਫਲ ਹੋਇਆ, ਕਿ ਬਚਪਣ ਵਾਲਾ ਸੰਨਿਆਸ ਤੇ ਸਰੀਰ ਦੀ ਬੇਸੁਧ ਦੀ ਪੂਰਣ ਅਵਸਥਾ ਗਈ, ਜਾ ਚੁੱਕੀ ਸੀ, ਬਾਲਪਣ ਦਾ ਸਾਡਾ ਸੰਸਾਰ ਮੁੱਕਾ, ਲੜਕਪਣ ਦੀ ਦੁਨੀਆਂ ਕਿਤਾਬਾਂ ਦੇ ਸ਼ਹਿਰਾਂ, ਮਹਲਾਂ, ਦੇ ਸੈਰ ਹੋ ਚੁੱਕੇ, ਆਪਦੇ ਕਹਿਣੇ ਮੂਜਬ ਆਪੇ ਦੀ ਗਿਆਤ ਹੋਈ, ਸ਼ੀਸ਼ੇ ਵਿੱਚ ਮੂੰਹ ਤੱਕਿਆ, ਅੱਖਾਂ, ਭਰਵੱਟੇ, ਕਪੋਲ, ਹੋਠ ਤੱਕੇ, ਆਪ ਹੀ ਤੱਕੇ, ਆਪ ਹੀ ਹੱਸੇ ਖੁਸ਼ ਹੋਏ, ਡੌਲੇ ਤੱਕੇ, ਕੱਪੜੇ ਪਾਏ, ਪੱਗਾਂ ਬੱਧੀਆਂ, ਜਾਤਾ ਅਸੀ ਵੀ ਕੋਈ ਹਾਂ। ਹੋਏ ਤਾਂ ਹੀ ਨਾ ਓਹ ਪਿੱਪਲ ਹੇਠ ਜਾਂਦੀ ਸੁੰਦਰੀ ਸਾਨੂੰ ਵੇਖ ਹੱਸੀ ਤੇ ਸਾਨੂੰ ਚਾਹਿਆ, ਗਿਆਨ ਆਇਆ ਤੇ ਸਾਡਾ। ਅੰਦਰਲਾ ਸਵਰਗ ਉੱਡ ਗਿਆ। ਹੁਣ ਸਵਰਗ ਉਸ ਸੁੰਦਰੀ ਦੇ ਨੈਨਾਂ ਵਿੱਚ ਸੀ, ਅੱਗੇ ਅੱਗੇ ਓਹ ਮਗਰ ਮਗਰ ਅਸੀ ਤੇ ਸਾਡੇ ਮਗਰ ਮਗਰ ਤੁਸੀ। ਸਾਰੀ ਉਮਰ ਬੀਤੀ "ਆਗੇ ਸੰਭਲ ਚਲੋ ਨੰਦਲਾਲਾ ਜੋ ਬੀਤੀ ਸੋ ਬੀਤੀ" ਪਰ ਨਹੀਂ, ਆਪ ਪਿੱਛਾ ਨਹੀਂ ਛੱਡਦੇ॥
ਜਦ ਬਿਪਤਾ ਆਈ, ਤੁਸਾਂ ਆਖਿਆ ਕਰੋ ਰੱਬ ਨੂੰ ਯਾਦ, ਤੇ ਆਪ ਉਸ ਵੇਲੇ ਛਾਈ ਮਾਈ ਜਰੂਰ ਹੋ ਗਏ। ਰੱਬ ਜੀ ਤਾਂ, ਇਉਂ ਦਿੱਸਦਾ ਹੈ, ਕਿ ਸਦਾ ਉਡੀਕਵਾਨ ਹਨ,ਕਿ ਕਿਹੜੇ ਵੇਲੇ ਕੋਈ ਬੁਲਾਵੇ ਤੇ ਓਹ ''ਪਾਏਂ ਪਿਆਦੇ ਧਾਏ।"
ਤਪ ਨ ਤਪੇ ਅਸਾਂ ਨੇ, ਤਪਾਂ ਸਾਨੂੰ ਤਪ ਲਿਆ ਈ॥
ਭੋਗ ਨ ਭੋਗੇ ਅਸਾਂ ਨੇ, ਭੋਗਾਂ ਨੇ ਭੋਗ ਲਿਆ ਈ॥
ਇੱਛਾ ਨ ਪੂਰੀਆਂ ਸਾਥੀਂ, ਇਛਾਵਾਂ ਨੇ ਪੂਰ ਲਿਆ ਈ ॥
ਹੁਣ ਕੇਸ ਧੌਲੇ ਹੋ ਗਏ ਹਨ, ਸ਼ਰੀਰ ਝੁਰਲ ਖਾ ਚੁੱਕਾ ਹੈ, ਪਰ ਆਪ ਉਪਸਥਿਤ ਹੋ,
ਉਹ ਸੁੰਦਰੀ ਜਿਹੜੀ ਸਾਡੇ ਨਾਲ ਚੰਗੀ ਨਿਭੀ, ਸਾਡੇ ਸੁਭਾਉ ਦੀ ਤੱਤ ਠੰਡ ਊਚ ਨੀਚ ਸਭ ਕੁਛ ਸਿਹਾ। ਆਪਣੀ ਜਿੰਦ ਜਾਨ ਅਸਾਥੀਂ ਵਾਰੀ, ਘੋਲ ਘੁਮਾਈ, ਜਦ ਕਦੀ ਬੀਮਾਰ ਹੋਏ ਸਾਰੀਆਂ ਰਾਤਾਂ ਜਾਗੀ, ਸਾਡੀ ਸੇਵਾ ਲਈ ਤਪ ਸਾਧੇ, ਜੋਗ ਕਮਾਏ, ਆਪਣਾ ਸਾਰਾ ਜੀਵਨ ਸਾਡੀ ਖਾਤਰ ਹਲਾਲ ਕਰ ਦਿੱਤਾ। ਉਹ ਤਾਂ ਉਹ ਜੰਗਲ ਵਿੱਚ ਸਿੰਨੀਆਂ ਲੱਕੜਾਂ ਚੁਣ ਰਹੀ ਹੈ, ਕਿ ਰਾਤ ਦੀ ਰੋਟੀ ਪੱਕੇ ਤੇ ਆਪ ਸਾਨੂੰ ਮੁੜ ਕਿਸੀ ਨਵੇਂ ਪਿੱਪਲ ਹੇਠ ਇਕ ਹੋਰ ਖੜੀ ਦੱਸ ਰਹੇ ਹੋ, ਠੀਕ! ਆਪ ਸੁਫਨੇ ਜਿਹੇ ਵਿੱਚ ਮਰਦੀ ਵੇਰ ਸਾਨੂੰ ਚੇਤੇ ਕਰਾ ਰਹੇ ਹੋ ਕਿ ਓਹ ਓਹ ਸੀ ਤੇ ਉਸ ਵਲ "ਮੁੜ ਮੁੜ ਤਕੇ" ਓਹ ਪਰੇ ਖੜਾ ਇਕ ਗੱਭਰੂ ਇਹ ਅਸੀ ਸਾਂ, ਤੇ ਆਪ ਦੀ ਅਗਵਾਨੀ ਤੇ ਸਲਾਹ ਮਸ਼ਵਰੇ ਵਿੱਚ ਦੇਖੋ ਅਸੀ ਕਿਸ ਮੂੰਹ ਨਾਲ ਆਪਣੇ ਰੱਬ ਦੀ ਦਰਗਾਹ ਜਾ ਰਹੇ ਹਾਂ। ਆਪ ਜੇਕਰ ਨਾ ਕੁਛ ਇਹੋ ਜਿਹਾ ਸਬਕ ਦਿੰਦੇ ਤਦ ਤਾਂ ਪਤਾ ਲੱਗਦਾ ਕਿ ਆਪ ਬੀ ਬੁੱਢੇ ਹੋ ਚੁਕੇ ਹੋ ਤੇ ਕੁਛ ਹਮਦਰਦੀ ਉਨਾਂ ਨਾਲ ਆਈ, ਜਿਨਾਂ ਨੂੰ ਆਪਨੇ ਇੰਨਾਂ ਬੇ-ਰਹਿਮੀ ਨਾਲ ਕੋਹਿਆ ਹੈ, ਪਰ ਨਹੀਂ ਆਪ ਹਾਲੇ ਵੀ ਕੁਛ ਮੁਸਕਰਾ ਰਹੇ ਹੋ ਅਰ ਆਪ ਲੱਛਣਾਂ ਬ੍ਰਿਤੀ ਨਾਲ ਇਸ਼ਾਰਾ ਕੰਨੀ ਪਾ ਰਹੇ ਹੋ ਕਿ ਕਾਸ਼ ਉਹ ਅਬਲਾ ਸਾਨੂੰ ਪਿਆਰ ਕਰੇ,
ਸਿਜਦਾ ਕਰੂੰਗਾ ਤੁਝੇ ਹਾਥ ਧੋ ਕਰ ਦੁਨੀਆਂ ਸੀ।
ਮੈਂ ਵੁਹ ਨਹੀਂ ਕਿ ਯਾਦ ਕਰੂੰ ਬੇਵਜੂ ਤੇਰੀ॥
ਕਈ ਵੇਰੀ ਇਹੋ ਜਿਹੀ ਵਹਿਸ਼ਤ ਛਾਈ ਕਿ ਕੱਪੜੇ ਫਾੜ ਘਰੋਂ ਬਾਹਰੋਂ, ਕਮੋਂ ਕਾਜੋਂ, ਬਾਲ ਬੱਚੇ ਥੀਂ ਨੱਸਕੇ ਹੈਵਾਨਾਂ ਵਾਂਗ ਜੰਗਲਾਂ ਵਿੱਚ ਜਾ ਵੱਜੇ ਕਿ ਰੱਬ ਨੂੰ ਟੋਲੀਏ, ਪਰ ਧੋਖੇ , ਖਾ ਖਾ ਕੁਛ ਆਪਣੇ ਅਸਲੇ ਦੀ ਸੋ ਲੱਗ ਚੁੱਕੀ ਸੀ ਤੇ ਆਪਣਾ ਪੁਰਾਣਾ ਉਹੋ ਹੀ ਮਨ ਐਸੇ ਗੇਰੂ ਕੱਪੜੇ ਪਾਏ, ਭਸਮ ਰਮਾਏ, ਹੱਥ ਵਿੱਚ ਨੂਠਾ ਲਿਆ, ਸਾਧ ਦੇ ਰੂਪ ਬਰੂਪੀਏ ਵਾਂਗ ਸਿਆਣ ਲਿਆ, ਹੱਸਿਆ ਤੇ ਛਾਈ ਮਾਈ ਹੋ ਗਿਆ। ਮੁਦਤਾਂ ਲੰਘ ਗਈਆਂ, ਸਿਰ ਤਲੇ ਸੁੱਟ, ਬੈਲ ਵਾਗੂੰ ਹਲ ਅੱਗੇ ਜੁਤ ਟੁਰ ਪਿਆ । ਸੰਕਲਪ ਕੀ ਕਰਨ ਗੱਲ ਤਾਂ ਕਿਧਰੇ ਹੋਰਥੇ ਮੁੱਕਦੀ ਹੈ ॥
ਪਰ ਕਈ ਮਿਤ੍ਰ ਆਏ, ਭਾਈ ਤੂੰ ਚੰਗਾ ਲਿਖਨਾ ਹੈਂ ਤੂੰ ਚੰਗਾ ਬੋਲਨਾ ਹੈਂ, ਤੇਰੀ ਬੜੀ ਲੋੜ ਹੈ, ਬੈਲ ਦੀ ਲੋੜ ਨਹੀਂ। ਘੋੜੇ ਦੀ ਲੋੜ ਹੈ, ਨਾ ਮੁਨਕਰ ਕੀਤੀ, ਆਜਜ਼ੀ ਕੀਤੀ, ਮੈਂ ਕਿਸ ਜੋਗ ਸਭ ਨੂੰ ਕਿਹਾ, ਅੰਦਰੋਂ ਕੁਛ ਖੁਸ਼ ਹੋਇਆ ਕਿ ਹੋਸੀ ਇਹ ਨਿਕੰਮਾ ਜਿਹਾ ਬੁੱਢਾ ਸ਼ਰੀਰ ਭੀ ਆਖਰ ਕਿਸੇ ਜੋਗ ਨਿਕਲਿਆ, ਇਹ ਤਾਂ ਇਨ੍ਹਾਂ ਲੋਕਾਂ ਦਾ ਸੰਕਲਪ ਹੈ, ਸਾਡਾ ਤਾਂ ਨਹੀਂ। ਇਹ ਤਾਂ ਕੋਈ ਵਾਹਿਗੁਰੂ ਦੀ ਹੀ ਮਰਜੀ ਹੈ, ਉਹ ਤਾਂ ਵਕਤ ਟਾਲਿਆ ਪਰ ਲੱਗੇ ਸੋਚਣ ਕੀ ਪੰਜਾਲੀ ਹੁਣ ਗਲੋਂ ਲਾਹ ਹੀ ਦੇਈਏ ਤਦ ਠੀਕ ਹੈ, ਅਕਾਲ ਹੁਕਮ ਇਹ ਹੈ॥
ਪਰ ਫੇਰ ਮਿਹਰ ਹੋਈ ਤੇ ਸਾਹਮਣੇ ਹਸੂੰ ਹਸੂੰ ਕਰਦਾ ਉਹੋ ਆਪਣਾ ਪੁਰਾਣਾ ਮਿਤ੍ਰ ਸਾਖਯਾਤ ਆਪ ਉਨ੍ਹਾਂ ਸਮੂਹਾਂ ਦੇ ਸੰਕਲਪ ਵਿੱਚ ਖੜੇ ਦਿੱਸੇ। ਨਾ ਭਾਈ, ਬਹੁਤ ਲੰਘ ਗਈ ਹੁਣ ਥੋੜ੍ਹੀ ਰਹਿ ਗਈ ਹੈ:-
ਸਾਰੀ ਉਮਰ ਗੁਨਾਹਾਂ ਬੀਤੀ।
ਆਗੇ ਸੰਭਲ ਚਲੋ ਨੰਦਲਾਲਾ ਜੋ ਬੀਤੀ ਸੋ ਬੀਤੀ।
ਤੇ ਹੁਣ ਆਪੇ ਨੇ ਕੀ ਅੱਖੜਖਾਨੀ ਚੁੱਕੀ ਹੈ, ਚਲੋ ਭਾਈ ਧਰਮ ਪ੍ਰਚਾਰ ਕਰੀਏ। ਇਹ ਵੀ ਆਪ ਦੀ ਖੇਡ ਹੈ, ਕਿਉਂ? ਇਹ ਰੱਬ ਦੀ ਮਿਹਰ ਹੈ ਕਿ ਜਦ ਬਾਲਕ ਵਾਂਗ ਰੋਯਾ ਓਹ ਮਾਂ ਵਾਂਗ ਦੌੜ ਕੇ ਆਏ, ਪਿਆਰ ਕੀਤਾ, ਸਾਫ ਸੁਥਰਾ ਕੀਤਾ, ਤਾਂ ਖੀਰ ਪਿਆਲਿਆ, ਲੋਰੀ ਦਿੱਤੀ, ਸਵਾ ਦਿੱਤਾ। ਪਰ ਸਾਡੇ, ਅਮਲ ਤਾਂ ਇਹ ਹਨ ਕਿ ਰੋਜ ਤੋਬਾ ਤੇ ਰੋਜ ਯਾਰੀ, ਹੇ ਰੱਬਾ! ਜੇ ਐਤਕੀ ਬਚਾ ਲਵੇਂ ਤੇ ਸਦਾ ਫਿਰ ਤੇਰੀ ਨੌਕਰੀ ਕਰਨੀ। ਜੇ ਇਸ ਔੜਕੋਂ ਕੱਢ ਲਵੇਂ ਤੇ ਤੇਰੇ ਬੂਹੇ ਤੇ, ਬੁਹਾਰੀ ਸਦਾ ਦੇਵਾਂਗਾ। ਹੇ ਰੱਬ! ਜੇ ਮੇਰੇ ਇਸਤ੍ਰੀ ਹੁਣ ਵੱਲ ਕਰ ਦੇਂ ਤਦ ਮੈਂ ਆਪਣਾ ਸਾਰਾ ਜੀਵਨ ਤੇਰੇ ਵਿਹੜੇ ਵਿੱਚ ਗੁਜਾਰਾਂਗਾ। ਰੱਬ ਜੀ! ਜੇ ਇਸ ਸ਼ਰਮਸਾਰੀ ਬਦਨਾਮੀ ਥੀਂ ਬਚਾਵੇਂ, ਜੇ ਇਸ ਵੇਰੀ ਮੇਰਾ ਪਰਦਾ ਢੱਕ ਦੇਵੇਂ, ਮੈਂ ਇਕ ਅਯਾਣੀ ਇਸਤ੍ਰੀ ਨੂੰ ਜਿਸ ਮੇਰੇ ਤੇ ਭਰੋਸਾ ਕੀਤਾ ਉਸ ਕੀ ਧੋਖਾ ਦਿੱਤਾ ਹੈ। ਪਿਆਰ ਦੇ ਥਾਂ ਮੈਂ ਉਸ ਨਾਲ ਧ੍ਰੋਹ ਕਮਾਇਆ ਹੈ, ਤੇ ਹੁਣ ਲੋਕੀ ਕੀ ਆਖਣਗੇ ਜੇ ਮੇਰਾ ਪਾਜ ਖੁਲ੍ਹ ਗਿਆ। ਮੇਰੇ ਬਾਲ ਬੱਚੇ ਕੀ ਆਖਣਗੇ, ਜੇ ਮੈਂ ਚੁਰਾਹੇ ਵਿੱਚ ਖੜਾ ਕਰ ਦਿੱਤਾ, ਤੇ ਸਾਰਾ ਸ਼ਹਿਰ ਮੇਰੇ ਪਰ ਥੁੱਕੇਗਾ। ਹੇ ਰੱਬਾ! ਮੇਰੇ ਇਸ ਕਰਮ ਉੱਪਰ ਆਪਣੀ ਚਾਦਰ ਦੇਹ, ਮੇਰੀ ਲਾਜ ਰੱਖ, ਇਹ ਭੇਤ ਮੇਰਾ ਕਿਸੀ ਨੂੰ ਨਾ ਪਤਾ ਲੱਗੇ॥
ਜੇ ਇਹ ਕਰਾਮਾਤ ਕਰੋ ਤਦ ਮੈਂ ਫਿਰ ਕਦੀ ਨਾ ਮੁਖ ਮੋੜਸਾਂ, ਹੇ ਰੱਬਾ! ਮੈਂ ਇਕਰਾਰ ਕਰ ਬੈਠਾ ਹਾਂ। ਜੋ ਪੂਰਾ ਨਾ ਕਰਾਂ ਤਦ ਮੈਨੂੰ ਤੇ ਸਾਰੇ ਮੇਰੇ ਪਲੇ ਲੱਗਿਆਂ ਨੂੰ ਦੁੱਖ ਹੁੰਦਾ ਰਹੇ। ਇਹ ਕਰਾਮਾਤ ਕਰੋ, ਮੇਰਾ ਇਹ ਇਕਰਾਰ ਪੂਰਾ ਕਰ ਦਿਓ, ਇਹ ਹੁੰਡੀ ਜਰੂਰ ਤਰ ਜਾਏ, ਤੇ ਫਿਰ ਮੈਂ ਜੇ ਕਾਫਰ ਹੋਵਾਂ ਤਦ ਮੈਨੂੰ ਕੋਈ ਥਾਂ ਢੋਈ ਨਾ ਦੇਵੋ। ਹੇ ਰੱਬਾ! ਬਿਗੜੀ ਮੈਥੀਂ ਤੁਸੀ ਸੰਵਾਰ ਦਿਓ, ਤੇਰਾ ਜੂ ਹੋਇਆ, ਆਪ ਦੇ ਨਾਮ ਬਿਰਦ ਦੀ ਖਾਤਰ ਮੇਰੀ ਰੱਖ ਵਿਖਾਵੋ॥
ਹੇ ਰੱਬਾ! ਇਹ ਸੰਕਲਪ ਬੱਸ ਆਖਰੀ ਹੈ, ਇਹ ਪੂਰਣ ਹੋਵੇ ਤਦ ਮੈਂ ਸਦਾ ਆਪ ਦੀ ਚਰਣ ਧੂੜ ਵਿੱਚ ਨਿਵਾਸ ਕਰਾਂਗਾ, ਇਉਂ ਹੀ ਸਾਰੀ ਉਮਰ ਲੰਘ ਗਈ। ਰੱਬ ਨੇ ਹਰ ਵੇਲੇ ਸਭ ਕੁਛ ਕੀਤਾ। ਸ਼ਰਮ, ਸ਼ਾਨ, ਇੱਜ਼ਤ, ਸਭ ਕੁਛ ਹੱਥ ਦੇ ਰੱਖਿਆ, ਪਾਪ ਬਖਸ਼ੇ ਗੁਨਾਹਾਂ ਉੱਪਰ ਪਰਦੇ ਪਾਏ। ਦੁਸ਼ਮਨਾਂ ਨੂੰ ਟਾਲਿਆ, ਦੁੱਖਾਂ ਨੂੰ ਪਰੇ ਕੀਤਾ, ਰੱਬ ਨੇ ਸਭ ਕੁਛ ਕੀਤਾ, ਜੋ ਕੀਤਾ ਰੱਬ ਨੇ ਕੀਤਾ। ਮੈਂ ਪਾਮਰ ਪਾਸੋਂ ਕੁਛ ਵੀ ਨਾ ਹੋ ਸੱਕਿਆ। ਸਾਰੀ ਉਮਰ ਪਿੱਛੋਂ ਉਹ ਕੁੱਤੇ ਦਾ ਕੁੱਤਾ, ਉਹੋ ਹੀ ਭੁੱਖ ਟੁਕੜ ਦੀ, ਉਹੋ ਹੀ ਭੁੱਖ ਭੋਗ ਦੀ, ਉਹ ਹੀ ਲਾਲਸਾ ਚੋਰੀ ਦੀ, ਯਾਰੀ ਦੀ, ਉਹੋ ਹੀ ਆਦਤਾਂ, ਆਪਨੂੰ ਵੱਡਾ, ਦੂਜੇ ਨੂੰ ਨੀਵਾਂ ਸਮਝਣ ਦੀਆਂ, ਉਹੋ ਹੀ ਜੋ ਕੁਛ ਪਹਿਲੇ ਦਿਨ, ਜਦ ਥੀਂ ਸਵਰਗ ਥੀਂ ਉਥਾਨ ਸੀ, ਹੁਣ ਤਕ ਹੈ । ਹੁਣ ਅਜ ਜਦ ਇਹ ਲਿਖ ਰਿਹਾ ਹਾਂ, ਸ਼ਾਮ ਦਾ ਵੇਲਾ ਹੈ, ਮੀਂਹ ਆਪਣਾ ਤੇਜ਼ ਛੜਾਕਾ ਦੇ ਕੇ ਹਟਿਆ ਹੈ । ਕਾਲੇ ਬੱਦਲ ਹਾਲੇ ਅਸਮਾਨ ਵਿੱਚ ਫਿਰ ਰਹੇ ਹਨ ਤੇ ਸੂਰਜ ਨੇ ਪੱਛਮ ਵਿੱਚ ਇੰਨੀ ਗੂਹੜੀ ਲਾਲੀ ਦੀ ਛਟਾ ਕੀਤੀ ਹੈ ਕਿ ਅਖ ਵੇਖਕੇ ਹੈਰਾਨ ਹੈ ਕਿ ਇਕ ਦੁਨੀਆਂ ਵਿੱਚ ਕਿਸ ਤਰਾਂ ਲਾਲ ਗੁਲਾਬਾਂ ਦੇ ਖਿੜੇ ਫੁੱਲਾਂ ਦੇ ਹੜ੍ਹ ਆ ਗਏ । ਸੋਹਣੀ ਏਕਾਂਤ ਹੈ, ਏਕਾਂਤ ਨਹੀਂ ਬਦਲ ਹਨ। ਨ੍ਹਾਤੇ ਧੋਤੇ ਬ੍ਰਿਛ ਕੋਈ ਕੋਈ ਇਉਂ ਖੜੇ ਹਨ ਜਿਵੇਂ ਕ੍ਰਿਸਾਨ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਹਨ । ਅਨੇਕਾਂ ਘਾਹ ਦੇ ਬੂਟੇ ਆਪਣੇ ਪ੍ਰਾਪਤ ਫੁੱਲਾਂ ਨੂੰ ਹਵਾ ਵਿੱਚ ਉਛਾਲ ਰਹੇ ਹਨ॥
ਸੂਰਜ ਨੇ ਆਪਣੇ ਲਾਲ ਫੁਲਵਾੜੀ ਦੀ ਮਹਿਮਾ ਬੜੇ ਉੱਚੀ ਸੁਰ ਦੇ ਰਾਗ ਦੀ ਤਰਾਂ ਇਕ ਅਲਾਪ ਰੂਪ ਵਿੱਚ ਸਜਾਈ ਹੈ । ਇਹ ਏਕਾਂਤ ਨਹੀਂ, ਬੜੀ ਗਹਿਮਾ ਗਹਿਮ ਹੈ ਤੇ ਇਹ ਸਭ ਕੁਛ ਵੇਖ ਕੇ ਮੈਂ ਕਿਹਾ-ਹੇ ਮਨ ਜੀ! ਤੁਸੀ ਜੇ ਉੱਚੇ ਉਪਦੇਸ਼ ਕਰਣ ਚੜ੍ਹ੍ਹਣ ਦੀ ਅਜ ਵੀ ਮੱਤ ਦਿੰਦੇ ਸੌ । ਇਹ ਦੱਸੋ ਸੂਰਜ ਤੇ ਆਪਣੇ ਦਿਲ ਦੇ ਪੋਸਤ ਵਰਗੇ ਲਾਲ ਫੁੱਲਾਂ ਨਾਲ ਅਕਾਸ਼ ਸੁਹਣੱਪ ਨਾਲ ਭਰ ਦੇਵੇ ਅਰ ਮੇਰੇ ਪਾਸ ਅਜ ਇਕ ਕੰਵਲ ਵੀ ਖਿਲਿਆ ਨਾ ਹੋਵੇ, ਮੇਰੇ ਦਿਲ ਦੇ ਮੰਦਰ ਦਾ ਦੀਵਾ ਭੀ ਬੁਝਿਆ ਹੋਵੇ ਮੈਨੂੰ ਸੰਕਲਪ ਉੱਠਣ ਕਿ ਚਲੋ ਉਪਦੇਸ਼ ਕਰੀਏ, ਭਾਵੇਂ ਆਪ ਏਕਾਂਤ ਇਸ ਵੱਲੋਂ ਨੂੰ ਇਕਾਂਤ ਮੰਨਦੇ ਇਕ ਵਹਿਮ ਜਿਹੇ ਵਿੱਚ ਆਪਣੇ ਦਿਲ ਨੂੰ ਮਿਤ੍ਰਾਂ ਦੇ ਮਿਲਣ ਗਿਲਣ ਦੇ ਸ਼ੋਕ ਵਿੱਚ ਹੋਵਾਂ ॥
ਓਹ ਓਹੋ ! ਇਹ ਵੀ ਆਪਦਾ ਸੰਕਲਪ ਹੀ ਹੈ, ਮੈਂ ਨਿਕਾਰਾ ਕੀ ਤੇ ਉਪਦੇਸ਼ ਕੀ ? ਪੱਥਰ ਕਿਥੇ ਤੇ ਹੀਰਾ ਬਾਦਸ਼ਾਹਾਂ ਦੇ ਤਾਜਾਂ ਵਿੱਚ ਲੱਗਣ ਵਾਲਾ ਕਿਥੇ ? ਓਹ ਮੈਂ, ਜਿਹੜਾ ਕਿਸੀ ਨਾਲ ਇਕ ਮਿੱਠੀ ਸਰਲ-ਸਾਦਾ ਮਿਤ੍ਰਤਾ ਨਾਲ ਨਾ ਨਿਭ ਸਕਿਆ ! ਸਦਾ ਆਪਣੇ ਸੁਖ ਲਈ ਦੂਜਿਆਂ ਨੂੰ ਦੁੱਖ ਦਿੰਦਾ ਰਿਹਾ, ਆਪਣੇ ਵਹਿਮ ਮਗਰ ਲੱਗ ਕੇ ਦੂਜਿਆਂ ਦੀ ਆਜ਼ਾਦੀ ਖੋਂਹਦਾ ਰਿਹਾ, ਮੈਂ ਜੇ ਆਪ ਥੀਂ ਬਚਕੇ ਹੁਣ ਵੀ ਬਚਸਾਂ ਤਦ ਓਹ ਸੱਚਾ ਪਾਤਸ਼ਾਹ ਮਾਫ ਕਰ ਦੇਵੇਗਾ, ਉਥੇ ਤਾਂ ਸਦਾ ਮਿਹਰਾਂ ਬਖਸ਼ਸ਼ਾਂ ਬਖਸ਼ਸ਼ਾਂ ਹੀ ਹਨ, ਗੱਲ ਇੰਨੀ ਹੀ ਹੈ ਕਿ : -
ਸੰਕਲ੫ ਚੰਗੇ ਬੁਰੇ ਅੰਦਰ ਦੇ ਮੰਦਰ ਸਵਰਗਾਂ ਥੀਂ ਮੱਲੋ-ਮੱਲੀ ਉਥਾਨ ਕਰਦੇ ਹਨ ਬਾਹਰ ਲਿਆ ਸੁੱਟਦੇ ਹਨ, ਤੇ ਬਸ ਕਿਰਕਟ ਦੀ ਖੇਡ ਵਾਲੀ ਗੱਲ ਹੈ ਕਿ ਸਜਨਾਂ ਸੈਟਰ ਥੀਂ ਜਰਾ ਬਾਹਰ ਹੋਯਾ ਤੇ ਮੋਯਾ। ਇਉਂ ਸਾਰੀ ਉਮਰ ਮਰ ਮਰ ਕੇ ਵੀ ਹਾਲੇ ਜਿੰਦਗੀ ਦੀ ਸੋਝੀ ਨਹੀਂ ਹੋਈ, ਰੱਬ ਪਾਸ ਖੜਾ ਹੈ ਤੇ ਹੌਥ ਵਿੱਚ ਤਾਕਤ ਨਹੀਂ ਕਿ ਆਪਣਾ ਬੂਹਾ ਹੀ ਚਾ ਖੋਹਲਾਂ । ਜੀਭ ਹਿਲਦੀ ਨਹੀ, ਕਿ ਆਖਾਂ ਆਓ ਇਸ ਨਿਮਾਣੀ ਝੁਗੀ ਢੱਠੀ, ਬੇਹਾਲ ਹੋਈ ਝੁੱਗੀ ਵਿੱਚ ਚਰਣ ਪਾਓ ॥
ਸੋ ਹੈ ਭਾਵੇਂ ਬੁਢੇਪੇ ਦੀ ਗੱਲ, ਪਰ ਸੱਚ ਇਹ ਹੈ ਕਿ ਬੈਲ ਬਣੀਏ ਪੰਜਾਲੀ ਪਾਈਏ । ਹੂੰ ਵੀ ਦ ਦਾ ਹੂੰ, ਜਿਧਰ ਖਸਮ ਦੀ ਰਜਾ ਉਧਰ ਹਾਲੀਆਂ ਹਲ ਵਾਹਣਾ ॥
ਮਨ ਜੀ ! ਆਪ ਵੀ ਨਿੱਸਲ ਹੋ ਬਹਿ ਜਾਓ । ਇਹ ਘੋੜ ਦੌੜ ਛੱਡੋ, ਬਲਦ ਦੇ ਰੂਪ ਵਿਚ ਜੀਵਨ ਹੈ, ਬਾਕੀ ਤਾਂ ਨਿਰੀ ਮੌਤ ਜੇ । ਜਿਹੜੀ ਖੁਸ਼ੀ ਹੈ ਓਹ ਪੀੜਾ ਹੈ, ਜਿਹੜੀ ਕਾਮਯਾਬੀ ਹੈ ਓਹ ਸੱਚ ਥੀਂ ਵਿਛੋੜਾ ਹੈ । ਜਿਹੜੀ ਤਰੱਕੀ ਹੈ, ਓਹ ਹੀਰਾ ਰੂਹ ਦਾ ਮੁੜ ਪੱਥਰ ਹੋ ਜਾਣਾ ਹੈ ॥
ਸੱਚ ਪੁੱਛੋ, ਤਦ ਕਿਸ ਕਰਕੇ ਆਪ ਸਦਾ ਅਨੇਕ ਰੰਗ ਦੇ ਫੰਗ ਮੇਰੀ ਪਗੜੀ ਉੱਤੇ ਲਟਕਾਂਦੇ ਰਹੇ ਹੋ। ਅੰਦਰ ਵੜ ਕੇ ਅਜ ਤੱਕਿਆ ਜੇ। ਦਿਲ ਵਿੱਚ ਇਕ ਕਲੀ ਵੀ ਖਿੜੀ ਹੋਈ ਨਹੀਂ, ਕੀ ਇਹ ਜੀਵਨ ਹੈ ?
ਫੁੱਲਾਂ ਦੇ ਗੀਤ ਗਾਉਣੇ ਤੇ ਆਪਣੇ ਅੰਦਰ ਦੇ ਨੰਦਨ ਬਣ ਵਿੱਚ ਸ਼ੂਨਯ ਹੋਣੇ, ਬੱਸ ਹੁਣ ਮੋਇਆਂ ਨੂੰ ਕਿਉਂ ਛੇੜਦੇ ਹੋ । ਅਜ ੪੯ ਸਾਲ ਵਿੱਚੋਂ ੧੨ ਸਾਲ ਯਾ ੧੫ ਸਾਲ ਕੱਢ ਦਿਓ । ੩੫ ਸਾਲ ਜੇ ਸੰਕਲਪਾਂ ਦੇ ਮਗਰ ਲੱਗਿਆਂ ਕੁਛ ਨਹੀਂ ਬਣਿਆ, ਜੇ ਬਣਿਆ ਹੈ ਤਦ ਉਨ੍ਹਾਂ ਹੀ ਵਿਗਾੜਿਆ ਹੈ । ਕਿਸੇ ਨਾਲ ਆਖਰ ਨਾ ਨਿਭੀ, ਕੀ ਬਣਿਆ, ਸੋ ਹੁਣ ਮਰ ਜਾਓ ਮਤੇ ਮਰ ਕੇ ਕੁਛ ਸਿੱਧ ਹੋਵੇ । ਸਿੱਧ ਨਾ ਹੋਵੇ ਹੁਣ ਅਗੋਂ ਖੇਹ ਤਾਂ ਨਾ ਛਾਣੀਏ, ਘੱਟਾ ਤਾਂ ਮੂੰਹ ਤੇ ਨਾ ਪਵੇ, ਸੂਰਜ ਨੂੰ ਤੱਕੀਏ, ਚੰਨ ਨਾਲ ਹੱਸੀਏ, ਮਤੇ ਸਾਡੇ ਦਿਲ ਦਾ ਚੰਨ ਆਪ ਹੀ ਚੜ੍ਹ ਪਵੇ, ਸਾਡੀ ਵੀ ਈਦ ਦਾ ਦਿਨ ਆਵੇ ਤੇ ਓਹ ਮੌਤ ਸੁਭਾਗੀ ਹੋਵੇ ਜੇ ਸ਼ਰੀਰ ਦੇ ਤੁੜਣ ਉੱਤੇ ਆਪਣੇ ਗੁੰਮੇ ਸਵਰਗ ਨੂੰ ਮੁੜ ਪ੍ਰਾਪਤ ਹੋ ਸੱਕੀਏ ॥
ਪਿਆਰ ਤੇ ਮਿੱਤ੍ਰਤਾ ਤੇ ਹੋਰ ਦਿਵਯ ਗੁਣਾਂ ਨੂੰ ਆਪਣੇ ਵਿੱਚ ਆਵੇਸ਼ ਰੂਪ ਵਿੱਚ ਪੜੁਛਣ ਲਈ ਤੇ ਫਿਰ ਆਪਣੇ ਅੰਦਰ ਧਾਰਣ ਕਰਨ ਲਈ ਤੇ ਮੁੜ ਉਨਾਂ ਨੂੰ ਅੰਦਰੋਂ ਬਾਹਰ ਇਕ ਮਾਲਤੀ ਦੇ ਫੁੱਲ ਵਾਂਗ ਸੁਗੰਧੀ ਖਲੇਰਣ ਲਈ ਆਦਮੀ ਨੂੰ ਕਦੀ ਨਿਕੰਮਾ ਨਹੀਂ ਰਹਿਣਾ ਚਾਹੀਦਾ, ਜਿਸ ਦੇ ਹੱਥ ਵਿੱਚ ਕਿਰਤ ਨਹੀਂ ਓਹ ਨਿਕੰਮਾ ਆਦਮੀ ਹੈ, ਅਰ ਉਹ ਕਦੀ ਉੱਚ ਜੀਵਨ ਦੇ ਮਰਮਾਂ ਨੂੰ ਅਨੁਭਵ ਨਹੀਂ ਕਰ ਸੱਕਦਾ॥
ਇਕ ਬੰਦਾ ਜਿਹੜਾ ਸਹਿਜ ਸੁਭਾ ਆਪਣੇ ਕੰਮ ਵਿੱਚ ਅੱਠ ਪਹਿਰ ਹੀ ਧਿਆਨ ਨਾਲ ਲੱਗਾ ਹੈ, ਉਸਨੂੰ ਮਾੜੇ ਚਿਤਵਨ ਤੇ ਕੰਗਾਲਤਾ ਦੇ ਪਾਮਰ ਕਰਮ ਕਰਨ ਦੀ ਵੇਹਲ ਹੀ ਨਹੀਂ ਲੱਗਦੀ-ਸਿਆਣਿਆਂ ਜੋ ਇਹ ਕਿਹਾ ਕਿ ਨਿਕੰਮਾ ਮਨ ਸ਼ੈਤਾਨ ਦੀ ਆਪਣੀ ਟਕਸਾਲ ਹੋ ਜਾਂਦਾ ਹੈ-ਇਸ ਕਥਨ ਵਿੱਚ ਬੜਾ ਸੱਚ ਭਰਿਆ ਪਿਆ ਹੈ॥
ਹੁਣ ਤੁਸੀ ਆਪਣੇ ਦੇਸ ਤੇ ਜਾਪਾਨ ਦੇ ਦੇਸ ਦਾ ਜੇ ਮੁਕਾਬਲਾ ਕਰੋ, ਤਦ ਪਤਾ ਲੱਗਦਾ ਹੈ ਕਿ ਉਥੇ ਕਿਸੀ ਨੂੰ, ਮਨਘੜਤ ਖਿਆਲਾਂ ਤੇ ਵਿਚਾਰਾਂ ਦੀ ਕੂੜੀ ਗਿਆਨ-ਗੋਦੜੀ ਦੀਆਂ ਮਾਨਸਿਕ ਚੰਚਲਤਾ ਦੀਆਂ ਖੇਡਾਂ ਕਰਨ ਦੀ ਵਿਹਲ ਨਹੀਂ, ਓਹ ਚਿਤ੍ਰ ਵਤ ਆਪਣੇ ਕੰਮਾਂ ਵਿੱਚ ਲੱਗੇ ਹਨ। ਇਕ ਤਰਖਾਣ ਜੋ ਆਪਣੇ ਹੱਥ ਨਾਲ ਲੱਕੜੀ ਨੂੰ ਰੂਪ ਦੇ ਰਿਹਾ ਹੈ, ਇਕ ਲੋਹਾਰ ਜੋ ਗਰਮ ਲੋਹੇ ਨੂੰ ਸਾਧ ਰਿਹਾ ਹੈ, ਇਕ ਚਿਤ੍ਰਕਾਰ ਜਿਹੜਾ ਧਿਆਨ ਵਿੱਚ ਕਿਸੀ ਦੇਖੀ ਚੀਜ਼ ਨੂੰ ਅਮਰ ਕਰ ਰਿਹਾ ਹੈ। ਭਾਵੇਂ ਓਹ ਸਿਰਫ ਰੰਗ, ਰੂਪ ਤੇ ਪ੍ਰਭਾਉ ਨੂੰ ਅਮਰ ਕਰ ਰਿਹਾ ਹੈ, ਉਨ੍ਹਾਂ ਨੂੰ ਅਥਕ ਕਿਰਤ ਕਰਨ ਥੀਂ ਉਪਜੀ ਸਹਿਜ ਸਮਾਧੀ ਦੇ ਸੁਖ ਥੀਂ ਵਿਹਲ ਹੋ ਹੀ ਨਹੀਂ ਸੱਕਦੀ, ਕਿ ਓਹ ਕਿਸੇ ਦ੍ਵੈਤ ਤੇ ਦੁੱਖ ਦੇ ਨਿਕੰਮੇ ਵਾਦ ਵਿਵਾਦ ਵਿੱਚ ਪੈਣ, ਉਹ ਗੱਲਾਂ ਕਰਨ ਵਾਲਿਆਂ ਨੂੰ ਕੁਛ ਪਾਗਲ ਸਮਝਦੇ ਹਨ। ਓਹ ਸਮਾ ਜਿਹੜਾ ਨੈਨਾਂ ਪ੍ਰਾਣਾਂ ਨਾਲ ਕੁਛ ਸਾਧ ਸੱਕਦਾ ਹੈ, ਓਹ ਵਿਅਰਥ ਨਿਕੰਮੇ ਮਨ ਦੇ ਭੋਰੇ ਖਿਆਲ ਉਡਾਰੀਆਂ, ਮਸਲੇ ਬਾਜੀਆਂ, "ਰਬ ਹੈ ਨਹੀਂ" "ਚਿੱਟਾ ਹੈ ਕਾਲਾ ਹੈ" ਆਦਿ ਵਿੱਚ ਵੰਜਾਣ ਕਿਹੜੀ ਸਿਆਨਪ ਹੈ? ਸੱਚੀ ਕਿਰਤ ਕਰਨ ਵਾਲੇ ਦੇ ਹੱਥ ਪੈਰ ਆਪ-ਮੁਹਾਰੇ ਪਾਕ ਹੋ ਜਾਂਦੇ ਹਨ। ਮਾਨਸਿਕ ਚਿਤਵਨ ਕਿੰਨਾ ਹੀ ਉੱਚਾ ਹੋਵੇ, ਰੂਹ ਨੂੰ ਸਾਫ ਨਹੀਂ ਕਰਦਾ, ਮੈਲਾ ਕਰਦਾ ਹੈ, ਪਰ ਸਰੀਰ ਨਾਲ ਕੀਤੀ ਕਿਰਤ ਆਪ-ਮੁਹਾਰੀ ਜਿਸ ਤਰਾਂ ਬ੍ਰਿੱਛਾਂ ਉੱਤੇ ਫਲ ਫੁੱਲ ਆਣ ਲੱਗਦੇ ਹਨ, ਸਿਦਕ ਤੇ ਪਿਆਰ ਤੇ ਰੱਬ ਦੀ ਰੱਬਤਾ ਵਿੱਚ ਜੀਣ ਲੱਗ ਜਾਂਦੀ ਹੈ। ਈਸਾਈ ਮਤ ਬਾਦਸ਼ਾਹੀ ਮਹੱਲਾਂ ਵਿੱਚ ਟੋਲਸਟਾਏ ਨੂੰ ਨਦਰ ਨਹੀਂ ਸੀ ਆਇਆ, ਪਰ ਭੋਲੇ ਭਾਲੇ ਰੂਸ ਦੇ ਕ੍ਰਿਸਾਨਾਂ ਦੇ ਵਹਿਮਾਂ ਦੇ ਹਨੇਰੇ ਵਿਚ ਬਿਜਲੀ ਲਿਸ਼ਕ ਦੀਆਂ ਧਾਰੀਆਂ ਸੱਚੇ ਸਿਦਕ ਦੀ ਓਹਨੂੰ ਨਜਰ ਆਈਆਂ ।
ਕ੍ਰਿਸਾਨ ਜਿਮੀਂਦਾਰ ਜਿਹੜੇ ਹਲ ਵਾਹੁੰਦੇ, ਤੇ ਮਜੂਰੀਆਂ ਕਰਦੇ ਹਨ, ਉਨਾਂ ਵਿੱਚ ਸਹਿਜ ਸੁਭਾ ਦਯਾ, ਉਦਾਰਤਾ, ਤਿਆਗ, ਰਜਾ ਆਦਿ ਮਹਾਨ ਗੁਣਾਂ ਦੀ ਛਾਯਾ, ਹੁੰਦੀ ਹੈ । ਕਿਸੀ ਅਮੀਰ ਦੇ ਦਿਲ ਵਿੱਚ ਨੁਕਸਾਨ ਉਠਾ ਕੇ ਰਜਾ ਦਾ ਨੁਕਤਾ ਨਹੀਂ ਆਉਂਦਾ, ਪਰ ਮੈਂ ਕਿਰਤੀ ਕਿਸਾਨਾਂ ਕੀ ਸਿੱਖ ਤੇ ਕੀ ਮੁਸਲਮਾਨ ਤੇ ਕੀ ਹਿੰਦੂ ਸਭ ਨੂੰ ਵੇਖਿਆ ਹੈ ਕਿ ਓਹ ਬੜੇ ਬੜੇ ਨੁਕਸਾਨ ਨੂੰ ਰੱਬ ਦੀ ਰਜਾ ਦੇ ਨੁਕਤੇ ਵਿਚ ਗੁਜਾਰ ਦਿੰਦੇ ਹਨ, ਓਹ ਗਮ ਤੇ ਦੁਖ ਦੀ ਓਨੀ ਕਾਂਬ ਨਹੀਂ ਖਾਂਦੇ ਜਿੰਨੀ ਅਕਲਾਂ ਵਾਲੇ ਤੇ ਬਹੁ ਸੋਚਾਂ ਵਾਲੇ ਨਿੱਕੇ ਨਿੱਕੇ ਨੁਕਸਾਨ ਵੀ ਬਿਨਾ ਸ਼ਿਕਵੇ ਦੇ ਬਰਦਾਸ਼ਤ ਨਹੀਂ ਕਰ ਸੱਕਦੇ, ਤੇ ਖਲਵਾੜੇ ਵਿੱਚ ਬੈਠਾ ਕਿਸਾਨ ਜਿਸ ਖੁਲ੍ਹੇ ਦਿਲ ਤੇ ਉਦਾਰਤਾ ਨਾਲ ਦਾਨ ਕਰਦਾ ਹੈ ਓਹ ਅਕਲ ਵਾਲਾ ਤੇ ਸੋਚਾਂ ਵਾਲਾ ਮਾਨਸਿਕ ਆਦਮੀ ਨਹੀਂ ਕਰ ਸਕਦਾ ।
ਇਹ ਦੱਸਣ ਦੀ ਕੀ ਲੋੜ ਹੈ? ਕਿ ਸਮੁੰਦਰਾਂ ਵਿੱਚ ਕੋਰਲ ਕੀੜੇ ਨਿੱਕੀ ਨਿੱਕੀ ਕਿਰਤ ਨਾਲ ਪਹਾੜ ਖੜੇ ਕਰ ਦਿੰਦੇ ਹਨ ਤੇ ਸਮੁੰਦ੍ਰਾਂ ਵਿੱਚ ਕੋਰਲ ਟਾਪੂ ਬਣ ਜਾਂਦੇ ਹਨ । ਸੋ ਕਿਰਤ ਦਾ ਇਕ ਇਹ ਵੀ ਸੁਭਾ ਹੁੰਦਾ ਹੈ ਕਿ ਓਹ ਨਿਰਮਾਣ ਹੋ ਕੇ ਲੱਗਾ ਰਹਿੰਦਾ ਹੈ ਤੇ ਉਹਦੇ ਕੰਮ ਵਿੱਚ ਬਰਕਤ ਪਾਣ ਵਾਲਾ ਕੋਈ ਹੋਰ ਹੁੰਦਾ ਹੈ । ਸੁੱਚੀ ਕਿਰਤ ਕਰਨ ਵਾਲੇ ਦਾ ਸਹਿਜ-ਸੁਭਾ ਇਹ ਅਨੁਭਵ ਹੁੰਦਾ ਹੈ, ਕਿ ਮੇਰਾ ਤਾਂ ਕੰਮ ਕਰਨਾ ਹੀ ਬਣਦਾ ਹੈ ਫਲ ਦੇਣ ਵਾਲਾ ਕੋਈ ਹੋਰ ਹੈ। ਸੋ ਇਸ ਸਿਦਕ ਵਿੱਚ ਉਸ ਅੰਦਰ ਚੰਚਲ ਮਨਾਂ ਤੇ ਅਨੇਕ ਚਿੰਤਾ ਵਾਲੇ ਬੇ ਆਸਾਰ ਹੈ ਚੁਕੇ ਮਨਾਂ ਵਾਲੀ ਲੋਭ ਲਾਲਚ ਦੀ ਬ੍ਰਿਤੀ ਨਹੀਂ' ਹੁਦੀ । ਥੋਹੜੇ ਵਿੱਚ ਸਬਰ ਬਹੁਤ ਹੁੰਦਾ ਹੈ, ਤੇ ਇਹ ਚਮਕਦੀ ਉੱਚੀ ਸੁਰਤਿ ਦਾ ਚੋਟੀ ਦਾ ਰਸਿਕ ਅਨੁਭਵ ਹੈ :-
ਗੋ ਧਨ ਗਜ ਧਨ ਬਾਜ ਧਨ ਔਰ ਰਤਨ ਧਨ ਖਾਨ ।।
ਜਬ ਆਵੇ ਸੰਤੋਖ ਧਨ ਸਬ ਧਨ ਧੂਲ ਸਮਾਨ ॥
ਆਪਣੇ ਕਿਸਬ ਵਿੱਚ, ਹਰ ਇਕ ਕਿਰਤੀ ਦੇ ਅੰਦਰ ਕੁਦਰਤੀ ਸਾਦਗੀ ਤੇ ਬੇਪਰਵਾਹੀ ਹੁੰਦੀ ਹੈ। ਉਹ ਚਿਤ੍ਰਕਾਰ ਆਪਣੇ ਬਣਾਏ ਚਿਤ੍ਰ ਦੇ ਰੰਗ ਵੇਖ ਵੇਖ ਵਿਗਸਦਾ ਹੈ,ਓਹਨੂੰ ਕਿੱਥੇ ਫੁਰਸਤ ਹੈ, ਕਿ ਉਹ ਆਪਣੇ ਕੱਪੜਿਆਂ ਦੀਆਂ ਸਿਲਵਟਾਂ ਵਲ ਤੱਕੇ ਯਾ ਆਪਣੇ ਖੁਦ ਬਣ ਗਏ ਵੈਰੀਆਂ ਦੀਆਂ ਚੋਟਾਂ ਦਾ ਖਿਆਲ ਕਰੇ, ਨਸ਼ੇ ਵਿੱਚ ਆਦਮੀ ਦੁਨੀਆਂ ਤੇ ਆਪਣੇ ਚੁਗਿਰਦੇ ਦੀ ਕੀ ਪਰਵਾਹ ਕਰਦਾ ਹੈ ?
ਸੋ ਕੰਮ ਵਿੱਚ ਲਗੇ ਆਦਮੀ ਸਹਿਜੇ ਹੀ ਕੁਛ ਆਪੇ ਦਾ ਰਸ ਮਾਣਦੇ ਹਨ, ਅਰ ਉਹ ਨਿੰਦਿਆ ਉਸਤਤ ਦੋਹਾਂ ਥੀਂ ਅਤੀਤ ਜਿਹੇ ਹੁੰਦੇ ਹਨ ਤੇ ਰਸਿਕ ਕਿਰਤਾਂ ਨੂੰ ਛੱਡ ਵੀ ਦੇਈਏ ਤਦ ਸਾਧਾਰਣ ਸੁੱਚੀ ਹੱਥਾਂ ਪੈਰਾਂ ਦੀ ਕਿਰਤ ਤੇ ਕਿਸਬ ਵਾਲੇ ਆਪੇ ਵਿੱਚ ਬੱਚੇ ਵਾਂਗ ਅਬੋਝ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਇਕ ਅਮੀਰ ਮੋਟਰ ਤੇ ਇਕ ਵੇਰੀ ਜਾ ਰਿਹਾ ਸੀ, ਮੈਂ ਵਿੱਚ ਬੈਠਾ ਸਾਂ ਤੇ ਅਗੇ ਇਕ ਬੁੱਢਾ ਗਰੀਬ ਗਵਾਲੀਆਰ ਦਾ ਕ੍ਰਿਸਾਨ ਠੁਮਕ ਠੁਮਕ ਆਪਣੀ ਲਯ ਵਿੱਚ ਜਾ ਰਿਹਾ ਸੀ। ਮੋਟਰ ਦੀ ਠੋਕਰ ਲਗ ਗਈ, ਮੋਟਰ ਵਾਲੇ ਆਪ ਸੱਜੇ ਤੇ ਓਹ ਖੱਬੇ ਹੋਯਾ, ਉਸ ਖੱਬੇ ਪਰਤਾਈ ਤੇ ਉਹ ਸੱਜੇ ਹੋਯਾ । ਇਸ ਘਬਰਾਹਟ ਵਿੱਚ ਟੱਕਰ ਓਹਨੂੰ ਲੱਗੀ, ਗਰੀਬ ਕਿਰਤੀ ਢਹਿ ਪਿਆ । ਅਮੀਰ ਨੇ ਮੋਟਰ ਖੜੀ ਕੀਤੀ, ਉਹ ਇਉਂ ਪਿਆ ਸੀ ਜਿਵੇਂ ਕਿਸੀ ਬ੍ਰਿੱਛ ਨੂੰ ਟੱਕਰ ਲੱਗੀ ਸੀ। ਕੁਛ ਵੀ ਨਹੀ ਕੂਇਆ, ਅਸਾਂ ਸਮਝਿਆ ਟੰਗ ਟੁੱਟ ਗਈ ਤੇ ਹਸਪਤਾਲ ਲੈ ਗਏ, ਓਹ ਡਾਕਟਰ ਅੱਗੇ ਵੀ ਇਉਂ ਪੈ ਗਿਆ ਜਿਵੇਂ ਕੋਈ ਲੱਠ ਹੁੰਦੀ ਹੈ । ਡਾਕਟਰ ਨੇ ਹਿਲਾ ਚਿਲਾ ਕੇ ਵੇਖਿਆ ਤੇ ਕਿਹਾ ਕਿ ਟੁੱਟਿਆ ਕੁਛ ਨਹੀਂ, ਉਸ ਬੇਜਬਾਨ ਨੇ ਨਾ ਕੋਈ ਸ਼ਕਾਯਤ ਕੀਤੀ ਨਾ ਕੁਛ ਕੂਯਾ। ਜੇ ਕੋਈ ਅਨੇਕ ਚਿੰਤਨ ਵਾਲਾ ਹੁੰਦਾ ਤੇ ਹੋਰ ਕੁਛ ਨਹੀਂ ਤਦ ਸ਼ਾਕੀ ਤਾਂ ਜਰੂਰ ਹੁੰਦਾ । ਇਹ ਸ਼ਿਕਵਾ ਵੀ ਨਾ ਕਰਨਾ ਕੋਈ ਜਿਹਾਲਤ ਦੀ ਗੱਲ ਨਹੀਂ, ਇਹ ਕਿਰਤ ਦਵਾਰਾ ਸਹਿਜ ਸੁਭਾ ਟਿਕੇ, ਭਾਵੇਂ ਕਿਰਤ ਭਲੇ ਭਾਵ ਵਿੱਚ ਟਿਕੇ ਮਨ ਦਾ ਲੱਛਣ ਹੈ ।।
ਜਦ ਅਮੀਰ ਲੋਕ ਹੱਦ ਥੀਂ ਵਧ ਅਤਯਾਚਾਰ ਕਰਦੇ ਹਨ , ਤਦ ਰੱਬ ਵਲੋਂ ਹੀ ਕੋਈ ਤੂਫਾਨ ਸੋਸਾਇਟੀ ਵਿੱਚ ਆਉਂਦਾ ਹੈ, ਜਿਹੜਾ ਸੋਸਾਇਟੀ ਦੀ ਜਮੀਨ ਉੱਚੀ ਨਿੱਚੀ ਪੈਲੀ ਵਿੱਚ ਕਰਾਹ ਫੇਰਦਾ ਹੈ ਤੇ ਬੰਨੇ ਚੰਨੇ ਵੱਟ ਟੋਏ ਨੂੰ ਇਕ ਬਰਾਬਰ ਕਰ ਦਿੰਦਾ ਹੈ । ਯੂਰਪ ਵਿੱਚ ਕਈ ਵਾਰੀ ਇਹ ਹੋਯਾ, ਪਰ ਫਿਰ ਵੀ ਮੁੜ ਤੁੜ ਗੱਲ ਸਮਾ ਪਾ ਕੇ ਉਥੇ ਹੀ । ਆ ਟਿਕਦੀ ਹੈ। ਕਿਰਤੀ ਕੁਛ ਗਰੀਬ ਜਿਹੇ, ਨਿਮਾਣੇ ਜਿਹੇ, ਤੇ ਅਮੀਰ ਲੋਕ ਮਨ ਦੇ ਚੰਚਲ ਇਉਂ, ਜਿਵੇਂ ਮੋਮ ਦੇ ਬਣੇ ਬੇਜਾਨ ਜਿਹੇ ਬੁੱਤ ਹੁੰਦੇ ਹਨ ਤੇ ਅੱਖਾਂ ਝਮਕਾਂਦੇ ਹਨ ਤੇ ਹੋਠ ਹਿਲਾਂਦੇ ਹਨ । ਉਨ੍ਹਾਂ ਨੂੰ ਓਹ ਸੁਖ ਜਿਹੜਾ ਕਿਰਤੀ ਦੀ ਹੱਡੀ ਵਿੱਚ ਕਿਰਤ ਪੈਦਾ ਕਰਦੀ ਹੈ, ਕਦੀ ਨਹੀਂ ਆ ਸੱਕਦਾ । ਨਿਕੰਮਾ ਹੋਣ ਕਰ ਕੇ ਉਨ੍ਹਾਂ ਨੂੰ ਧਰਮ ਕਰਮ ਦੀਆਂ ਗੱਲਾਂ, ਮਸਜਿਦਾਂ ਮੰਦਰ ਬਨਾਉਣ ਦੇ ਅਹੰਕਾਰੀ ਤੇ ਬਨਾਵਟੀ ਦਾਨ ਤੇ ਖੈਰਾਇਤਾਂ ਸੁਝਦੀਆਂ ਹਨ । ਉਨ੍ਹਾਂ ਨੂੰ ਅਗਰ ਵਿਸ਼ੇ ਦੇ ਕੀੜੇ ਕਿਹਾ ਜਾਏ ਤਦ ਸਾਧਾਰਣ ਉਨ੍ਹਾਂ ਦੀ ਸੁਰਤਿ ਦੀ ਹਾਲਤ ਦਾ ਵਰਨਣ ਹੈ । ਯਾ ਕਿਰਤੀ ਸੁੱਚਾ, ਯਾ ਆਵੇਸ਼ ਗਰਭਿਤ ਸਾਧ, ਬਸ ਦੋ ਬੰਦੇ ਇਸ ਦੁਨੀਆਂ ਤੇ ਸਹਿਜ ਸੁਭਾ ਦੈਵੀ ਗੁਣਾਂ ਦੇ ਪ੍ਰਕਾਸ਼ਕ ਹੁੰਦੇ ਹਨ, ਅਰ ਉਨ੍ਹਾਂ ਦੇ ਓਹ ਗੁਣ ਆਪ ਮੁਹਾਰੇ ਇਉਂ ਚਮਕਦੇ ਹਨ, ਜਿਸ ਤਰਾਂ ਇਸ ਠਹਿਰੇ ਗਗਨ ਵਿੱਚ ਸੂਰਜ ਦੀ ਜੋਤੀ ਦੀਪਮਾਨ ਹੁੰਦੀ ਹੈ, ਤੇ ਦੋ ਹੱਦਾਂ ਜਰੂਰ ਮਿਲਦੀਆਂ ਹਨ ਕਿਉਂਕਿ ਆਖਰ ਜੀਵਨ ਬਸ ਇਕ ਗੋਲਾਈ ਹੈ ਸਰਕਲ ਹੈ ਜਿਹਦਾ ਹਰ ਥਾਂ ਆਦਿ ਤੇ ਹਰ ਥਾਂ ਅੰਤ ਹੈ । ਸੋ ਉਸ ਹੱਦ ਤੇ ਸਾਧ ਅਕ੍ਰੈ ਹੋ ਕੇ ਕਿਰਤੀ ਹੈ ਤੇ ਓਹਦੀ ਕਿਰਤ ਸਦਾ ਰਸਿਕ ਕਿਰਤ ਹੈ, ਜਿਹਦਾ ਦਿੱਸਣ ਵਾਲਾ ਰੂਪ ਕੇਵਲ ਬਸ ਜੀਵਣ ਰੌ ਚਲਾਣ ਵਾਲਾ ਦਰਸ਼ਨ ਹੈ, ਤੇ ਕਲਾ ਕੌਸ਼ਲ, ਆਰਟ ਕਵਿਤਾ ਆਦਿ ਉਸ ਦਰਸ਼ਨ ਦੇ ਚਾਨਣਾ ਰੂਪ ਹਨ, ਓਹ ਸਾਧ ਹੈ, ਤੇ ਇਧਰ ਇਕ ਅਭੋਲ ਸੁੱਚਾ ਕਿਰਤੀ ਸਦਾ ਕਿਸਬ ਕਰਨ ਵਾਲਾ ਬੰਦਾ ਹੈ, ਜਿਸ ਵਿੱਚ ਸਾਧ ਦੇ ਜੀਵਨ ਦਾ ਪਤੀਬਿੰਬ ਆਪਮੁਹਾਰਾ ਪੈਂਦਾ ਹੈ ॥
ਮੈਂ ਵੇਖਿਆ ਹੈ, ਕਿ ਸਿਰਫ ਇਕ ਗੁਰੂ ਨਾਨਕ ਸਾਹਿਬ ਤੇ ਦਸ ਗੁਰੂਆਂ ਦੇ ਵਯਾਖਯਾਨ ਵਿੱਚ ਸਹਿਜ ਸੁਭਾ ਦਿਆਂ ਗੁਣਾਂ ਦੇ ਪ੍ਰਕਾਸ਼ਕ ਨੂੰ ਬਾਂਹ ਪਕੜ ਇਸ ਕੂੜ ਭੰਵਰ ਵਿੱਚੋਂ ਕੱਢਿਆ ਹੈ । ਉਨ੍ਹਾਂ ਦੇ ਦਰਬਾਰ ਵਿੱਚ ਇਕ ਪਾਸੇ ਸੁੱਚੀ ਕਿਰਤ ਨੈਣ ਪ੍ਰਾਣਾਂ ਦੀ ਦਸਾਂ ਨੌਹਾਂ ਦੀ ਮਿਹਨਤ ਦੀ ਕਦਰ ਹੈ ਤੇ ਦੂਜੇ ਪਾਸੇ ਇਕ ਪੂਰਣ ਬ੍ਰਹਮ ਗਿਆਨ ਅਕ੍ਰੈ ਰਸਿਕ ਕਿਰਤ ਵਾਲੇ ਸਾਧ ਦੀ ਚੁੱਪ ਕਿਰਤ ਤੇ ਪੂਰਣ ਦਰਸ਼ਨ ਦੀ ਸਿਫਤ ਹੈ ਤੇ ਸੋਸਾਇਟੀ ਮਨੁੱਖ ਦੀ ਜੜ੍ਹ ਤਾਂ ਕਿਰਤੀ ਦੀ ਕਿਰਤ ਤੇ ਚੋਟੀ ਦਾ ਫਲ ਸਾਧ ਦਾ ਵਜੂਦ ਦੱਸਿਆ ਹੈ, ਇਸ ਥੀਂ ਛੁਟ ਸਭ "ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾਗਾਤੀ ਲੂਟੈ," ਇਨ੍ਹਾਂ ਨੂੰ ਕੂੜੇ ਵਾਂਗੂ ਬੁਹਾਰੀ ਦੇ ਆਪਣੇ ਮੰਦਰ ਥੀਂ ਬਾਹਰ ਸੁੱਟੇ ਹਨ ॥
ਓਹੋ ਵਿਦਯਾ ਅਵਿਦਯਾ ਹੈ, ਜਿਹੜੀ ਮਾਨਸਿਕ ਜੂਏ ਨੂੰ ਤੇ ਅਨੇਕ ਚਿਤਵਨਾਂ ਤੇ ਮਨ ਘੜਿਤ ਮਸਲਿਆਂ ਨੂੰ ਕੁਦਰਤ ਤੇ ਕਾਦਰ ਦੇ ਰੰਗ ਥੀਂ ਜੁਦਾ ਕੀਤੇ ਮਨ ਦੀਆਂ ਚਰਚਾਵਾਂ ਤੇ ਖਿਆਲਾਂ ਨੂੰ ਕੋਈ ਹੈਸੀਅਤ ਦਿੰਦੀ ਹੈ ਤੇ ਓਹ ਅਵਿਦਯਾ ਵਿਦਯਾ ਰੂਪ ਹੈ, ਜਿਹੜੀ ਕੁਦਰਤ ਦੇ ਰੂਹ ਨਾਲ ਅਭੇਦ ਹੋ ਉਸੀ ਕਾਦਰ ਦੇ ਰੰਗ ਵਿੱਚ ਕਿਰਤ ਕਰਦੀ ਸਾਹ ਲੈਂਦੀ ਹੈ॥
ਜੀਵਨ ਮਿਤ੍ਰਤਾ ਹੈ। ਬਿਨਾ ਮਿਤ੍ਰਤਾ ਜੀਵਨ ਇਕ ਤਰਾਂ ਦੀ ਆਪ ਪਾਈ ਅਕੱਲ ਹੈ ਤੇ ਅਕਲ ਇਕ ਤਰਾਂ ਦੇ ਨਰਕ ਦਾ ਹਨੇਰਾ ਹੈ। ਫੁੱਲਾਂ ਦੇ ਬੂਟੇ ਜਿਹੜੇ ਆਪ ਬੀਜੀਏ ਤੇ ਆਪ ਸਿੰਚੀਏ, ਓਹ ਜਦ ਜੰਮਦੇ ਤੇ ਵੱਡੇ ਹੁੰਦੇ ਹਨ ਹਰ ਇਕ ਪੱਤੀ ਤੇ ਕੋਂਪਲ ਜਿਹੜੀ ਕੱਢਦੇ ਹਨ, ਇਕ ਤਰਾਂ ਦੀ ਸੁਭਾਵਕ ਖੁਸ਼ੀ ਸਾਡੇ ਦਿਲਾਂ ਵਿੱਚ ਭਰਦੇ ਹਨ ਤੇ ਸੱਚੇ ਮਨਾਂ ਵਾਲਿਆਂ ਨੂੰ ਇਨ੍ਹਾਂ ਫੁੱਲਾਂ ਦੀ ਸੰਗਤ ਇਕ ਅਜੀਬ ਨਿਰੋਲ ਤੇ ਸੂਖਮ ਤੇ ਤੀਖਣ ਮਿਤ੍ਰਤਾ ਦਾ ਭਾਵ ਉਪਜਾਂਦੀ ਹੈ। ਮਲੂਮ ਹੁੰਦਾ ਹੈ, ਕਿ ਨਿੱਕੇ ਨਿੱਕੇ ਫੁਲਾਂ ਦੇ ਬੂਟੇ ਲਾਜਵੰਤੀ ਦੀਆਂ ਪੱਤੀਆਂ ਦੀ ਛੂਹੀ ਮੂਹੀ--ਤਾ ਵਿੱਚ ਆਪਣੇ ਅੰਦਰ ਦੀ ਸ਼ੁਕਰਗੁਜਾਰੀ ਦੇ ਰੰਗ ਨਾਲ ਭਰੇ ਨੈਨਾਂ ਨਾਲ ਤੱਕਦੇ ਹਨ, ਕੁਮਲਾਏ ਹੁੰਦੇ ਹਨ ਜਦ ਜਲ ਲਿਆ ਕੇ ਉਨ੍ਹਾਂ ਉੱਪਰ ਛਿਣਕਿਆ ਜਾਂਦਾ ਹੈ ਤਦ ਕਿਸ ਮੰਦ ਮੰਦ ਹਸੀ ਨਾਲ ਸਾਡੇ ਰੂਹ ਨੂੰ ਤਰੋਤਾਜ਼ਾ ਕਰਦੇ ਹਨ । ਇਹ ਕੋਮਲ ਬੇਜਬਾਨ ਸ਼ੁਕਰ ਨਾਲ ਭਰੀ ਮਿਤ੍ਰਤਾ ਦਾ ਮੂਕ ਭਾਵ ਮੁੜ ਫਿਰ ਨਿੱਕੇ ਬੱਚਿਆਂ ਦੀ ਪ੍ਰਸੰਨਤਾ ਵਿੱਚ ਦਿੱਸ ਆਉਂਦਾ ਹੈ। ਕਹਿੰਦੇ ਹਨ, ਸਭ ਥੀਂ ਸੋਹਣੀ ਚੀਜ਼ ਮਨੁੱਖ ਦਾ ਫੁੱਲ ਵਰਗਾ ਬੱਚਾ ਹੈ, ਬੱਚਿਆਂ ਦੇ ਹਸੂੰ ਹਸੂੰ ਕਰਦੇ ਚਿਹਰੇ ਫੁੱਲਾਂ ਦੇ ਮੂੰਹਾਂ ਥੀਂ ਕਿਸੀ ਤਰਾਂ ਘਟ ਨਹੀਂ, ਇਉਂ ਪ੍ਰਤੀਤ ਹੁੰਦਾ ਹੈ ਕਿ ਫੁੱਲਾਂ ਨੂੰ ਨੈਨ ਤੇ ਜੁਬਾਨ ਪੂਰੇ ਪੂਰੇ ਇਥੇ ਆਣ ਲੱਗੇ ਹਨ । ਬਿਨਾ ਫੁੱਲਾਂ ਤੇ ਬੱਚਿਆਂ ਦੇ ਆਦਮੀ ਹੱਸ ਕੇ ਹੁਟ ਕੇ ਮਰ ਜਾਵੇ ।ਇਸ ਜੀਵਨ ਦੀ ਮਿਤ੍ਰਤਾ ਨੂੰ ਸ਼ੈਲੀ ਅੰਗ੍ਰੇਜ਼ ਰਸਿਕ ਕਵੀ ਅਨੁਭਵ ਕਰਦਾ ਹੈ ਅਤੇ ਮਿਤ੍ਰਤਾ ਦੀ ਫਿਲਾਸਫੀ ਦੀ ਸੁਰਖੀ ਹੇਠ ਇਉਂ ਲਿਖਯਾ ਹੈ :
(ਉਲਥਾ ਛੰਦ ਸੈਲਾਨੀ)
ਆ ਜਿੰਦੇ ਅਸੀ ਰਲ ਮਿਲ ਬਹੀਏ,
ਕੋਈ ਨਾ ਕੱਲਾ ਜੀਵੇ ।
ਚਸ਼ਮੇ ਤੇ ਦਰਿਯਾ ਮਿਲ ਬਹਿੰਦੇ,
ਨਦੀਆਂ ਨਾਲ ਸਮੁੰਦਰ ।
ਦੈਵੀ ਹਵਾਵਾਂ ਰਲ ਮਿਲ ਝੁੱਲਣ,
ਮਿੱਠੀ ਪ੍ਰੀਤ ਸਬ ਪਾਂਦੇ ।
ਆ ਜਿੰਦੇ ਅਸੀ ਰਲ ਮਿਲ ਬਹੀਏ,
ਕੋਈ ਨਾ ਕੱਲਾ ਜੀਵੇ ॥
ਨੇਮ ਰੱਬ ਦਾ ਸਭ ਇਕੱਠੇ,
ਰੂਹ ਰੂਹਾਂ ਵਿੱਚ ਖਹਿੰਦੇ ।
ਤੂੰ ਤੇ ਮੈਂ ਕਿਉਂ,
ਇੰਞ ਨ ਮਿਲੀਏ ।
ਜਦ ਹਰ ਚੀਜ਼ ਦੇ ਦੂਜੀ ਨਾਲ,
ਹਨ ਸਦਾ ਪ੍ਰੀਤ ਦੇ ਮੇਲੇ ॥
ਆ ਵੇਖ ਪਰਬਤ ਕਿੰਞ,
ਗਗਨਾਂ ਨੂੰ ਹਨ ਚੁੰਮਦੇ।
ਤੇ ਸਾਗਰ-ਲਹਿਰਾਂ ਇਕ ਦੂਜੇ
ਨੂੰ ਮਾਰਨ ਜੱਫੀਆਂ ।
ਇਕ ਭੈਣ ਫੁੱਲ ਦੂਜੇ ਭਰਾ,
ਸ਼ਗੂਫੇ ਨੂੰ ਜੇ ਨ ਚੁੰਮੇ ।
ਕੁਦਰਤ ਮਾਫੀ ਕਦੀ ਨ ਦੇਵੇ ।
ਸੂਰਜ ਦੀਆਂ ਕਿਰਨਾਂ ਧਰਤ ਨੂੰ ਆਪਣੀ
ਬਾਹਾਂ ਪੰਗੂੜੇ ਵਿੱਚ ਉਲਾਰਣ ।
ਤੇ ਚੰਨ ਦੀਆਂ ਰਸ਼ਮੀਆਂ ਸਾਗਰ ਦਾ
ਮੂੰਹ ਪਿਆਰ ਦੇ ਦੇ ਚੁੰਮਣ ।
ਇਹ ਸਭ ਚੁੰਮਣ ਕਿਸ ਕਮ ਪਿਆਰੀ !
ਜੇ ਤੂੰ ਨਾ ਆ ਮੈਨੂੰ ਇਉਂ ਚੁੰਮੇ।
ਆ ਜਿੰਦੇ ਅਸੀ ਰਲ ਮਿਲ ਬਹੀਏ,
ਕੋਈ ਨਾ ਕੱਲਾ ਜੀਵੇ ।
ਕੌਲ ਫੁੱਲ ਤੇ ਸੂਰਜ ਦੀ ਪਤਲੀ ਕਿਰਣ ਦੀ ਮਿਤ੍ਰਤਾ ਦੀ ਕਹਾਣੀ ਕਵੀ ਜਨਾਂ ਦੇ ਦਿਲ ਵਿੱਚ ਫੁੱਟਦੀ ਹੈ, ਤੇ ਬਨਫਸ਼ਾਂ ਦੇ ਫੁੱਲ ਵਿੱਚ ਤ੍ਰੇਲ ਤੁਪਕਾ ਕਿਸੀ ਹੋਰ ਗੁਪਤ ਪਿਆਰ ਦੀ ਕਥਾ ਦਾ ਚੁੱਪ ਦਰਦ ਹੈ । ਧਰਤ ਦਰਹਕੀਕਤ ਮਾਤਾ ਹੈ। ਆਪਣੀ ਛਾਤੀ ਤੇ ਕਿੰਨੇ ਹੀ ਬੱਚੇ ਪਾਲਦੀ ਹੈ ਤੇ ਸਭ ਥੀਂ ਵੱਡਾ ਮਿਤ੍ਰ ਦੁਨੀਆਂ ਵਿੱਚ ਧਰਤੀ ਮਾਤਾ ਦਾ ਜੀਂਦਾ ਚਿੰਨ੍ਹ ਰੂਪ ਮਾਂ ਹੈ, ਤੇ ਕੁਦਰਤ ਦਾ ਰੂਹਾਨੀ, ਬੇਗਰਜ ਪਿਆਰ ਦਾ ਉਹਦੀ ਛਾਤੀ ਵਿੱਚ ਦੱਬਿਆ ਰਾਜ਼ ਮਾਂ-ਮੂਰਤ ਵਿੱਚ ਆਣ ਕੇ ਖੁਲਦਾ ਹੈ ॥
ਤੀਵੀਂ ਖਾਵੰਦ ਦੀ ਮਿਤ੍ਰਤਾ ਪਹਿਲਾਂ ਕੱਚੀ ਹੁੰਦੀ ਹੈ ਤੇ ਫਲ ਵਾਂਗੂ ਤਾਂ ਹੀ ਪੱਕਦੀ ਹੈ ਜਦ ਤੀਵੀਂ ਮਾਂ ਹੋ ਜਾਂਦੀ ਹੈ। ਜਦ ਤੀਵੀ ਮਾਂ ਹੋ ਜਾਂਦੀ ਹੈ ਤਦ ਹਰ ਤਰਾਂ ਦਿਵਯ ਮੂਰਤੀ ਹੋ ਜਾਂਦੀ ਹੈ, ਪੂਜਨੀਯ ਹੋ ਜਾਂਦੀ ਹੈ ॥
ਆਕਰਸ਼ਣ ਤੀਵੀਂ ਖਾਵੰਦ ਦਾ ਓਹੋ ਹੀ ਹੈ, ਜੋ ਚੰਨ ਦੀ ਰਸ਼ਮੀ ਤੇ ਕੁਮਦਨੀ ਦਾ ਹੈ । ਜੇ ਕੰਵਲ ਫੁੱਲ ਤੇ ਭੌਰੇ ਦਾ ਹੈ, ਪਰ ਆਤਮ ਰਾਮ ਅੰਦਰ ਬੈਠਾ ਕੁਛ ਬੇਖਬਰ ਜਿਹਾ ਰਹਿੰਦਾ ਹੈ, ਜਦ ਤਕ ਅਨੰਤ ਵਿੱਚ ਗੜੂੰਦ ਨਾ ਹੋ ਜਾਏ । ਸੋ ਤੀਵੀਂ ਖਾਵੰਦ ਦੀ ਮਿਤ੍ਰਤਾ ਆਮਤੌਰ ਤੇ ਇੰਨੀ ਅਨੰਤ ਵਲ ਮੂੰਹ ਕੀਤੀ ਨਹੀਂ ਹੁੰਦੀ, ਜਿੰਨੀ ਕਿ ਇਕ ਪੁਤ ਦੀ ਮਿਤ੍ਰਤਾ ਮਾਂ ਵਲ ਅਨੰਤ ਦਾ ਮੂੰਹ ਕੀਤੀ ਹੁੰਦੀ ਹੈ, ਤੇ ਜੇਹੜੀ ਜੋੜੀਆਂ ਦੇ ਪਿਆਰ (ਜਗ ਵਿੱਚ ਕਿਹਾ ਜਾਂਦਾ ਹੈ ਜੋੜੀਆਂ ਥੋੜੀਆਂ, ਜੁੱਟ ਬਹੁਤੇਰੇ) ਅਮਰ ਹੋ ਜਾਂਦੇ ਹਨ । ਉਸ ਮਿਤ੍ਰਤਾ ਦੀ ਜੜ੍ਹਾਂ ਗੁਣ ਔਗੁਣਾਂ ਦੇ ਉਪਰਲੀ ਧਰਤੀ ਵਿੱਚ ਤੇ ਰੂਪ ਸੁਹਣੱਪਾਂ ਤੇ ਕੋਹਝਾਂ ਆਦਿ ਦੇ ਗਮਲਿਆਂ ਦੀ ਮਿੱਟੀ ਵਿੱਚ ਨਹੀਂ ਰਹਿੰਦੀਆਂ, ਓਹ ਕਿਸੀ ਅਗੰਮ ਅਨੰਤ ਦੇ ਪਾਤਾਲ ਤੇ ਅਕਾਸ਼ ਅਰਸ਼ਾਂ ਵਿੱਚ ਜਾ ਆਪਣੀ ਖੁਰਾਕ ਟੋਲਦੀਆਂ ਹਨ ॥ ਸੋ ਕੋਈ ਮਿਤ੍ਰਤਾ ਚਿਰਸਥਾਈ ਨਹੀ ਹੋ ਸੱਕਦੀ, ਜਿਥੇ ਪਹਿਲਾਂ ਤਾਂ ਮੂੰਹ ਚਿੰਨ੍ਹ ਰੂਪ ਦੀਆਂ ਹੱਦਾਂ ਥੀਂ ਪਰੇ ਪਾਰ ਕਿਸੀ ਅਨੰਤ ਸੁਹਜ ਤੇ ਅਨੰਤ ਸੁਹਣੱਪ ਵਲ ਨਾ ਤੱਕਦਾ ਹੋਵੇ॥
ਸੂਰਜ ਵਿੱਚ ਖਲੋ ਕੇ ਸੁਹਣੇ ਤੇ ਕੋਝੇ ਮੁਖਾਂ ਨੂੰ ਚਿਤ੍ਰ ਰੂਪ ਵੇਖਣ ਵਾਲੇ ਲਈ ਸਭ ਨੂਰ ਦੇ ਬਣੇ ਬੰਦੇ ਸੋਹਣੇ ਹਨ । ਜਿਹੜੀ ਅੱਖ ਮਾਸ ਦੇ ਬੁੱਤਾਂ ਦੇ ਧੁੱਪ ਛਾਂ ਵਲ ਦੀ ਸੁਹਣੱਪ ਤੇ ਕੋਝ ਨੂੰ ਗਿਣ ਗਿਣ ਤੇ ਮਿਣ ਮਿਣ ਕਰ ਕੇ ਆਪਣੀ ਮਿਤ੍ਰਤਾ ਦਾ ਧਾਗਾ ਤੇ ਸਿੱਕੇ ਦਾ ਲਾਟੂ ਸੁਟ ਰਹੀ ਹੈ, ਉਹ ਕਦੀ ਮਿਤਤ੍ਰਾ ਦੇ ਭਾਵ ਨੂੰ ਅਨੁਭਵ ਨਹੀਂ ਕਰ ਸੱਕਦੀ ॥
ਮਿਤ੍ਰ ਦੀ ਅੱਖ ਜਾਹਰੀ ਅੱਖਾਂ ਨਾਲ ਦਿਸਦੀ ਯਾ ਮਨ ਉੱਪਰ ਪਏ ਧੁੱਪ ਛਾਂ ਦੀਆਂ ਪ੍ਰਤੀਤਾਂ ਤੇ ਯਕੀਨਾਂ ਦੀ ਬਣੀ ਇਉਂ ਆਖੀ "ਅਸਲੀਅਤ" ਨੂੰ ਨਹੀਂ ਦੇਖਦੀ । ਉਸ ਵਿੱਚ ਇਕ ਪਾਰਦਰਸ਼ੀ ਸ਼ਕਤੀ ਹੁੰਦੀ ਹੈ, ਜਿਹੜੀ ਇਨ੍ਹਾਂ ਪਰਦਿਆਂ ਤੇ ਕੱਪੜਿਆਂ ਥੀਂ ਪਾਰ ਪਰੇ ਕਿਸੀ ਆਦਰਸ਼ ਦਿਵਯਤਾ ਦੇ ਰੂਪ ਨੂੰ ਵੇਖਦੀ ਹੈ ਤੇ ਓਹਨੂੰ "ਉਸ ਜਿਹਾ ਹੋਰ ਨਾ ਕੋਈ ਮਿਤ੍ਰ" ਲਗਦਾ ਹੈ, ਤੇ ਉਥੇ ਕਰਮਾਂ ਦੀ ਕਾਲਖ ਉਹਨੂੰ ਉਸ ਰੂਪ ਵਿੱਚ ਨਹੀਂ ਦਿੱਸਦੀ, ਉਹਨੂੰ ਕਰੂਪਤਾ ਕੀ ਮਾਨਸਕ ਤੇ ਕੀ ਸ਼ਰੀਰਕ ਨਹੀਂ ਦਿੱਸਦੀ। ਰੱਬ ਰਚਿਤ ਰੂਹ ਸਦਾ ਸੋਹਣਾ ਹੈ ॥
ਲੈਲੀ ਨੂੰ ਕਿਹਾ ਜਾਂਦਾ ਹੈ, ਮਜਨੂੰ ਦੀ ਅੱਖ ਨਾਲ ਵੇਖੋ । ਜਿੱਥੇ ਨਜਰ ਅਨੰਤ ਥੀਂ ਵਿਛੋੜ ਕੇ ਚੀਜਾਂ ਯਾ ਬੰਦਿਆਂ ਦੇ ਹੱਦ ਬਝੀਆਂ ਸ਼ਕਲਾਂ ਯਾ ਮਨਾਂ ਨੂੰ ਵੇਖਦੀ ਹੈ, ਉਥੇ ਮਿਤ੍ਰਤਾ ਇਕ ਉਕਸਾਵਟ ਹੈ, ਜਿਹੜੀ ਉਕਸਾਕੇ ਫਿਰ ਚੁੱਪ ਹੋ ਜਾਂਦੀ ਹੈ, ਰੂਹ ਕਿਸੀ ਹੋਰ ਅਗਾਂਹ ਦੀ ਅਗਮਤਾ ਨੂੰ ਟੋਲਦਾ ਹੈ।
ਉਥੇ ਨਹੀਂ ਤਾਂ ਹੋਰ ਅਗੇ, ਯਾ ਇਹਨੂੰ ਛੋੜ ਓਹਨੂੰ ਫੜ ਦੀ ਚੰਚਲਤਾ ਤੇ ਬਾਹਰ ਮੁਖੀ ਦ੍ਰਿਸ਼ਟੀ ਦੀ ਦੁੱਖ ਕਥਾ ਵਿੱਚ ਮਾਯੂਸ ਹੋ ਹੋ ਮਰ ਜਾਂਦਾ ਹੈ, ਯਾ ਓਹਨੂੰ ਕਦੀ ਅਨੰਤ ਕਿਸੀ ਝਾਕੇ ਦਾ ਲਿਸ਼ਕਾਰਾ ਵੱਜਦਾ ਹੈ ਤੇ ਉਹਦੀ ਸੁਰਤਿ ਜਾਗ ਪੈਂਦੀ ਹੈ, ਤੇ ਉਸ ਨੁਕਤੇ ਨੂੰ ਪਰਾਪਤ ਕਰਦਾ ਹੈ, ਜਿਥੇ ਕੋਈ ਰੂਪ ਵਾਨ ਤੇ ਕੋਝਾ ਨਹੀਂ ਰਹਿੰਦਾ, ਕਿਉਂਕਿ ਹਰ ਇਕ ਚੀਜ ਉੱਪਰ ਉਹਦੀ ਅੱਖ ਵਿੱਚ ਬੈਠਾ ਅਨੰਤ ਨੂਰ ਆਪਣੀ ਕਰਾਮਾਤੀ ਰੂਪ ਪਾ ਪਾ ਉਹਦੇ ਅਮਰ ਮਿਤ੍ਰ ਭਾਵ ਤੇ ਮਿਤ੍ਰਤਾ ਨੂੰ ਪਾਲਦਾ ਹੈ ॥
ਉਸ ਲਈ ਵੈਰੀ ਫਿਰ ਕੋਈ ਰਹਿੰਦਾ ਨਹੀ, ਸਰਬ ਵਸੂਦੇਵ ਕੁਟੰਬ ਹੋ ਜਾਂਦਾ ਹੈ, ਸਭੋ ਮਨੁੱਖ ਮਿਤ੍ਰ ਹੋ ਜਾਂਦੇ ਹਨ, ਹਵਾਵਾਂ ਆਣ ਕੇ ਹਮਦਰਦੀ ਕਰਦੀਆਂ ਹਨ, ਸੁੱਤੇ ਦਾ ਮੂੰਹ ਚੁੰਮਦੀਆਂ ਹਨ, ਦਰਿਯਾ ਨੁਹਲਾਂਦੇ ਹਨ। ਦਰਿਯਾਵਾਂ ਦੇ ਕੰਢੇ ਉੱਪਰ ਨਵੀਂ ਸੱਜਰੀ ਬਜਰੀ ਆਰਾਮ ਬਿਛੌਣੇ ਵਿਛੇ ਮਿਲਦੇ ਹਨ, ਸੁੱਕੇ ਪਰਬਤਾਂ ਵਿੱਚੋਂ ਮਾਂ ਦਾ ਦੁੱਧ ਅਨੇਕ ਧਾਤਾਂ ਵਿੱਚ ਫੁਟ ਕੇ 'ਬੱਚੇ' ਦੇ ਮੂੰਹ ਵਿੱਚ ਪੈਂਦਾ ਹੈ। "ਬੱਚਾ" ਸੀ ਤਾਂ ਕੁੱਲ ਜਹਾਨ ਮਿਤ੍ਰ ਸੀ, ਜਦ ਇਹ ਮਿਹਰ ਹੁੰਦੀ ਹੈ, ਨੈਣਾਂ ਵਿੱਚ ਕੋਈ ਸੱਚ ਆ ਸਮਾਂਦਾ ਹੈ । ਕੋਈ ਦਰਸ਼ਨ ਰੂਹ ਵਿੱਚ ਆਣ ਬਹਿੰਦਾ ਹੈ । ਤਦ ਮੁੜ ''ਬੱਚਾ" ਹੋ ਜਾਂਦਾ ਹੈ, ਇਸ ਬੱਚੇ ਲਈ ਵੀ ਸਭ ਕੁਦਰਤ ਮਿਤ੍ਰ ਹੋ ਜਾਂਦੀ ਹੈ । ਕੁਦਰਤ ਜਦ ਤਕ ਵੈਰੀ ਦਿੱਸਦੀ ਹੈ, ਤਦ ਤਕ ਮਨੁੱਖ ਦਾ ਬੱਚਾ ਹਾਲੇ ਪੂਰਣ ਨਹੀਂ ਹੋਇਆ, ਜਦ ਕੁਦਰਤ ਮਾਂ ਵਾਂਗ ਝੋਲੀ ਵਿੱਚ ਚੁੱਕ ਕੇ ਮੁੜ ਪਾਲਦੀ ਹੈ, ਤਦ ਪੂਰਣ ਮਿਤ੍ਰਤਾ ਰੂਹ ਵਿੱਚ ਫੁੱਲਦੀ ਤੇ ਫਲਦੀ ਹੈ॥
ਸੋ "ਮਿਤ੍ਰ ਅਸਾਡੜੇ ਸੇਈ" ਸੋ ਸੱਚੀ ਮਿਤ੍ਰਤਾ ਇਕ ਕਿਸੀ ਉੱਚੇ ਸਿਦਕ ਵਿੱਚ ਰਹਿਣ ਵਾਲੇ, ਡੂੰਘਿਆਈਆਂ ਵਿੱਚ ਗੜੂੰਦ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ ਅਰ ਓਹੋ ਹੀ ਸਾਡੇ ਮਿਤ੍ਰ ਸੱਚੇ ਹਨ :-
ਜਗਤ ਮੈ ਝੂਠੀ ਦੇਖੀ ਪ੍ਰੀਤਿ ॥
ਅਪਨੇ ਹੀ ਸੁਖ ਸਿਉ ਸਭ ਲਾਗੇ
ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥
ਇਹ ਸਭ ਜਗਤ ਦੀਆਂ ਦੋਸਤੀਆਂ ਦਾ ਗੁਣ ਹੈ, ਕਿਉਂਕਿ ਉਨਾਂ ਨੂੰ ਹਾਲੇ ਮਾਸ ਦੇ ਬੁੱਤਾਂ ਦੇ ਰੂਪ ਕਰੂਪ ਤੇ ਆਪਣੀਆਂ ਲੋੜਾਂ ਤੇ ਖੁਦਗਰਜ਼ੀ ਦੀਆਂ ਜਰੂਰਤਾਂ ਤੇ ਸੰਕਲਪਾਂ ਦੀਆਂ ਪੂਰਤੀਆਂ ਥੀਂ ਪਰੇ ਕੁਛ ਦਿੱਸ ਨਹੀਂ ਰਿਹਾ । ਗਉ ਦਾ ਵੱਛੇ ਨੂੰ ਚੱਟਣਾ ਇਕ ਅਪੂਰਣ ਮਿਤ੍ਰਤਾ ਦਾ ਅਮਲ ਹੈਵਾਨੀ ਦੁਨੀਆਂ ਵਿੱਚ ਹੈ ਤੇ ਚਿਰ ਸਥਾਈ ਨਹੀਂ । ਗਊ ਨੂੰ ਇਉਂ ਕਰਨ ਵਿੱਚ ਅਕਹਿ ਜਿਹਾ, ਪਰ ਖਿਣਕ ਸੁਖ ਪ੍ਰਤੀਤ ਹੁੰਦਾ ਹੈ। ਇਨ੍ਹਾਂ ਸੁਖਾਂ ਦਾ ਲਾਲਚ ਦੇ ਦੇ ਕੁਦਰਤ ਮਾਂ ਹੈਵਾਨਾਂ ਵਿੱਚ ਸ਼ੇਰਨੀ ਦੇ ਦਿਲ ਵਿੱਚ ਆਪਣੇ ਬੱਚਿਆਂ ਲਈ ਦਯਾ ਧਰਮ ਉਪਜਾਂਵਦੀ ਹੈ । ਇਉਂ ਹੀ ਜਰਵਾਣਿਆਂ ਜ਼ਾਲਮਾਂ ਜਿਹੜੇ ਬੇਗੁਨਾਹ ਲੋਕਾਂ ਨੂੰ ਦੁੱਖ ਦੇ ਦੇ ਮਾਰ ਦਿੰਦੇ ਹਨ, ਓਹ ਆਪਣੇ ਬੱਚਿਆਂ ਲਈ ਦਯਾ ਦਿਲ ਰੱਖਦੇ ਹਨ, ਪਰ ਓਸ ਇਹੇ ਜਿਹੇ ਪੁਰਸ਼ ਕੀ ਵੱਡੇ ਕੀ ਛੋਟੇ ਜਿਹੜੇ ਅਗਮ ਅਥਾਹ, ਅਕਹਿ, ਅਨੰਤ ਦੀ ਜਮੀਨ ਵਿੱਚ ਨਹੀਂ ਉੱਗ ਰਹੇ, ਸਿਰਫ ਆਪਣੀਆਂ ਪੰਜ ਇੰਦ੍ਰੀਆਂ ਦੇ ਗਮਲਿਆਂ ਵਿੱਚ ਖੁਦਗਰਜੀ ਦੇ ਫਲ ਫੁੱਲ ਨੂੰ ਉਗਾ ਰਹੇ ਹਨ, ਓਹ ਹੈਵਾਨ ਹਨ, ਅਰ ਉਨ੍ਹਾਂ ਦੀ ਮਿਤ੍ਰਤਾ ਦੀ ਨੀਂਹ ਸਦਾ ਖੁਦਗਰਜੀ ਦੇ ਸੁਖ ਉੱਪਰ ਹੈ ।
ਜਦ ਉਨ੍ਹਾਂ ਨੂੰ ਓਹ ਸੁਖ ਉਨ੍ਹਾਂ ਪਾਸੋਂ ਨਾ ਮਿਲਿਆ, ਓਹ ਮਿਤ੍ਰਤਾ ਵੈਰ ਵਿੱਚ ਬਦਲ ਜਾਂਦੀ ਹੈ। ਜਿੱਥੇ ਮਨ ਮਿਲੇ ਹੋਏ ਹਨ ਉੱਥੇ ਜਰਾ ਹੋਰ ਅਗਾਂਹ ਅੱਪੜ ਹੈਵਾਨਾਂ ਦੀ ਮਿਤ੍ਰਤਾ ਡੂੰਘੀ ਹੋਈ ਹੋਈ ਹੈ ਪਰ ਓਹ ਵੀ ਹੈਵਾਨ ਹਨ, ਕਿਉਕਿ ਇਥੇ ਮਨ ਦੇ ਖਿਆਲਾਤਾਂ ਵਿੱਚ ਓਸੇ ਖੁਦਗਰਜੀ ਦੇ ਇਕ ਸੂਖਮ ਪ੍ਰਕਾਰ ਦੇ ਸੁਖ ਉੱਪਰ ਹੈ, ਜਦ ਓਹ ਵਿਚਾਰਾਂ ਦੀ ਗੰਢ ਟੁੱਟੀ ਉਨ੍ਹਾਂ ਦੀ ਮਿਤ੍ਰਤਾ ਖੇਰੂ ਖੇਰੂ ਹੋ ਜਾਂਦੀ ਹੈ । ਸੋ ਸਰੀਰਕ ਹੱਦਾਂ ਤੇ ਮਨ ਦੀਆਂ ਹੱਦਾਂ ਵਿੱਚਦੀ ਵਿਚਰਣ ਵਾਲੇ ਲੋਕਾਂ ਦੀ ਮਿਤ੍ਰਤਾ ਜਿਸ ਤਰਾਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਕਹਿ ਰਹੇ ਹਨ-ਸਭ ਝੂਠੀ ਹੁੰਦੀ ਹੈ ਕੇ ਝੂਠੀ ਹੋਣੀ ਅਵਸ਼ਯ ਤੇ ਜਰੂਰੀ ਹੈ, ਕਿਉਂਕਿ ਨੀਂਹ ਜੇ ਖੁਦਗਰਜੀ ਉੱਪਰ ਹੈ, ਮਨ ਦੇ ਇਤਫਾਕਾਂ ਵਿੱਚ ਹੀ ਇਖਲਾਕੀ ਸ਼ਰੀਰਕ ਮਾਨਸਿਕ ਧਰਮਾਂ ਦੀ ਏਕਤਾ ਤੇ ਮਿਤ੍ਰਤਾ ਹੈ ਬੰਦੇ ਦੇ ਰੂਹ ਦਾ ਝਾਕਾ ਇਨ੍ਹਾਂ ਰਿਸ਼ਤਿਆਂ ਵਿੱਚ ਮੱਧਮ ਜਿਹਾ ਹੁੰਦਾ ਹੈ, ਤੇ ਵਿਸ਼ੇ ਵਿਕਾਰ ਦੇ ਖਿਣਕ ਮਿਤ੍ਰਤਾ ਵਾਂਗ ਇਨ੍ਹਾਂ ਇਖਲਾਕ, ਪਾਪ ਪੁਨਯ, ਨੇਕੀ ਬਦੀ ਉੱਪਰ ਜੋਰ ਦੇਣ ਵਾਲੇ ਤੇ ਜੋਸ਼ੀਲੇ ਲੋਕਾਂ ਦੀ ਮਿਤ੍ਰਤਾ ਵੀ ਓਨੀ ਹੀ ਖਿਣਕ ਤੇ ਨਾਸ਼ਵੰਤ ਹੁੰਦੀ ਹੈ। ਕੁੱਲ ਰਾਵਾਂ ਦੇ ਇਖਤਲਾਫ ਕਰਕੇ ਜਿਹੜੀ ਨਫਰਤ ਹੁੰਦੀ ਹੈ, ਓਹ ਵੀ ਉਸੇ ਸ਼੍ਰੇਣੀ ਦੀ ਹੈ, ਜਿਹੜੀ ਕਿ ਇਕ ਕਾਮੀ ਨੂੰ ਆਪਣੇ ਕਾਮਨੀ ਦੇ ਚਾਹੇ ਰੂਪ ਦੇ ਵਿਗੜਨ ਪਰ ਉਪ੍ਰਾਮਤਾ ਯਾ ਨਫਰਤ ਵਿੱਚ ਬਦਲ ਜਾਂਦੀ ਹੈ। ਜਿਹੜੇ ਆਪਣੇ ਆਪ ਨੂੰ ਨਿਸ਼ਪਾਪ ਕਹਿੰਦੇ ਹਨ, ਉਨ੍ਹਾਂ ਵਿੱਚ ਸੱਚੀ ਹਮਦਰਦੀ ਦਾ ਉਸੀ ਤਰਾਂ ਦਾ ਅਭਾਵ ਹੁੰਦਾ ਹੈ, ਜਿਸ ਤਰਾਂ ਕਿ ਇਕ ਕਾਮੀ ਦੋਖੀ ਲੋਭੀ, ਮੋਹੀ, ਅਹੰਕਾਰੀ ਆਦਮੀ ਵਿੱਚ ਅਭਾਵ ਹੁੰਦਾ ਹੈ। ਕੀ ਗੁਨਾਹਗਾਰਾਂ ਦੀ ਖੁਦਗਰਜੀ ਵਾਲੀ ਮਿਤ੍ਰਤਾ ਤੇ ਕੀ ਇਨ੍ਹਾਂ ਲੋਕਾਂ ਦੇ ਪਿਆਰ ਅਰ ਮਿਤ੍ਰਤਾ ਜਿਹੜੇ ਮਨ ਤੇ ਸਰੀਰ ਦੀਆਂ ਹੱਦਾਂ ਤੇ ਸਰੀਰ ਤੇ ਮਨ ਦੇ ਕਰਮਾਂ ਤੇ ਖਿਆਲਾਂ ਦੇ ਹੱਦਾਂ ਵਾਲੀ ਦ੍ਰਿਸ਼ਟੀ ਉੱਪਰ ਉੱਠੀ ਹੋਵੇ, ਇਕ ਕੂੜ ਹੈ, ਜਿਹਦੀ ਕੋਈ ਕਦਰ ਨਹੀਂ ਕਰਨੀ ਚਾਹੀਏ ॥
ਹਾਏ, ਮੇਰੇ ਔਗਣਾਂ ਨੂੰ ਕੌਣ ਪਿਆਰਦਾ ਹੈ ? ਇਹ ਚਾਹ ਕਿਸੀ ਅੰਦਰਲੀ, ਸਰੀਰ ਤੇ ਮਨ ਦੇ ਪਿਛੋਕੜੋਂ ਉੱਠਦੀ ਹੈ। ਕੁੱਤਾ ਹੱਥੀਂ ਪਾਲਿਆ ਹੋਯਾ, ਜੇ ਮੈਂ ਚੋਰੀ ਕਰਕੇ ਆਇਆ ਹੋਵਾਂ ਯਾ ਕੋਈ ਹੋਰ ਯਾਰੀ, ਹਰਾਮਖੋਰੀ ਦਾ ਪਾਪ ਕਰਕੇ ਆਇਆ ਹੋਵਾਂ, ਤਾਂ ਵੀ ਆਪਣੀ ਪਾਈ ਮਿਤ੍ਰਤਾ ਵਿੱਚ ਵੱਟ ਨਹੀ' ਪੈਣ ਦਿੰਦਾ। ਸੋ ਇਸ ਤਰਾਂ ਦਾ ਸੱਚਾ ਮਿਤ੍ਰ ਯਾ ਕਿਸੇ ਚੰਗੇ ਹੈਵਾਨ ਜੂਨੀ ਵਿੱਚੋਂ ਸਾਨੂੰ ਮਿਲੇ ਜਿਹਦੀ ਸੁਰਤਿ ਵਿੱਚ ਸਾਡੇ ਪੁੰਨਯ ਪਾਪ ਦਾ ਗਿਆਨ ਹੀ ਨਹੀਂ, ਯਾ ਸਾਡੇ ਥੀਂ ਉੱਚੀ ਦਿੱਬ ਲੋਕਾਂ ਦੀ ਦੁਨੀਆਂ ਵਿੱਚ ਕੋਈ ਮਿਹਰ ਵਾਲਾ, ਬਖਸ਼ਸ਼ਾਂ ਵਾਲਾ ਸਾਡਾ ਸਾਈਂ ਹੋਵੇ, ਜਿਹੜੇ ਸਾਡੇ ਪਾਪ ਪੁੰਨਾਂ ਥੀਂ ਉਸੀ ਤਰਾਂ ਉੱਚਾ ਹੋ ਗਿਆ ਹੈ, ਜਿਸ ਤਰਾਂ ਅਸੀ ਆਪਣੇ ਆਪ ਨੂੰ ਮਨੁੱਖ ਕਹਿਣ ਵਾਲੇ ਮੱਖੀਆਂ ਪਿੱਸੂਆਂ, ਕੁੱਤਿਆਂ, ਬਿੱਲਿਆਂ ਦੇ ਪਾਪ ਪੁੰਨਯ ਥੀਂ ਉੱਪਰ ਹੋ ਚੁਕੇ ਹਨ, ਜਿਸ ਤਰਾਂ ਸਾਡਾ ਜਵਾਬ ਕੁੱਤੇ ਨੂੰ ਸਿਰਫ ਉਹਦੇ ਵਾਲਾਂ ਤੇ ਹੱਥ ਫੇਰਨਾ ਹੈ ਤੇ ਜਦ ਅਸੀ ਕੁਤੇ ਨਾਲ ਪਿਆਰ ਕਰ ਰਹੇ ਹਾਂ, ਸਾਨੂੰ ਸਿਵਾਏ ਓਹਦੇ ਪਿਆਰ ਦੇ ਹੋਰ ਕੁਛ ਚੇਤੇ ਹੀ ਨਹੀਂ ਆਉਂਦਾ, ਇਉਂ ਹੀ ਉੱਚ ਜੀਵਨ ਦੇ ਲੋਕ ਜਦ ਸਾਡੀ ਗੁਨਾਹਗਾਰਾਂ ਦੀ, ਮੈਲਿਆਂ ਦੀ, ਗੰਦਿਆਂ ਮੰਦਿਆਂ ਦੀ, ਮਿਤ੍ਰਤਾ ਕਰਨ ਦੀ ਅਰਦਾਸ ਨੂੰ ਸੁਣਦੇ ਹਨ ਯਾ ਸਾਡੀ ਮਿਤ੍ਰਤਾ ਦੀ ਟੋਲ ਨੂੰ ਆਣ ਮਿਲਦੇ ਹਨ, ਓਹ ਸਿਵਾਏ ਪਿਆਰ ਤੇ ਬਖਸ਼ਸ਼ ਦੇ ਹੋਰ ਕੋਈ ਪ੍ਰਸ਼ਨ ਸਾਡੇ ਉੱਪਰ ਕਰ ਹੀ ਨਹੀਂ ਸੱਕਦੇ ।
ਇੱਥੇ ਘਾੜ ਘੜੀਂਦੇ ਹੋਰ ।
ਬੱਝਣ ਸਾਧ ਤੇ ਛੁੱਟਣ ਚੋਰ ।
ਪਰ ਮਿਤ੍ਰਤਾ ਦੇ ਸਾਧਨ ਕੋਈ ਨਹੀਂ, ਆਪੇ ਹੋਰ ਬ੍ਰਿੱਛਾਂ ਦੀ ਹਰਿਆਵਲ ਵਾਂਗ ਜਲ ਪਾਣੀ ਹਵਾ, ਰੋਸ਼ਨੀ ਖਾ ਫੁਟਦੀ ਹੈ,
ਸੱਚੇ ਮਿਤ੍ਰ ਇਨਾਂ ਹੀ ਬੰਦਿਆਂ ਵਿੱਚੋਂ ਮਿਲਦੇ ਹਨ । ਇਨ੍ਹਾਂ ਦੀਆਂ ਹੀ ਸ਼ਕਲਾਂ ਵਾਲੇ ਹੁੰਦੇ ਹਨ, ਜਿੱਥੇ ਆਪ ਹੋਰ ਤੇ ਹੋਰ ਕੋਈ ਗਰਜੀ ਮਿਲਦਾ ਹੈ, ਚੰਮ ਤੇ ਦੰਮ ਦੀਆਂ ਯਾਰੀਆਂ ਪਾਉਂਦੇ ਹਨ, ਉੱਥੇ ਰੱਬ ਮਿਤ੍ਰ ਵੀ ਟੋਲ ਦਿੰਦਾ ਹੈ । ਜਦ ਕੋਈ ਕਹਿੰਦਾ ਹੈ, ਭਾਈ ਮਿਤ੍ਰਤਾ ਲਈ ਇਹ ਕਰੋ ਇਹ ਨਾ ਕਰੋ, ਓਹ ਸਭ ਕੂੜੇ ਸਾਧਨ ਹਨ । ਦੁਨੀਆਂ ਵਿੱਚ ਲੋਕੀ ਉਲਟੀ ਗੰਗਾ ਵਗਾਂਦੇ ਹਨ ਤੇ ਟਮਟਮ ਨੂੰ ਘੋੜੇ ਦੇ ਅੱਗੇ ਲਿਆ ਖੜਾ ਕਰਦੇ ਹਨ । ਸੱਚੇ ਮਿਤ੍ਰਾਂ ਤੇ ਮਿਤ੍ਰਤਾ ਵਿੱਚ ਰਹਿਣ-ਬਹਿਣ ਜੀਣ ਥੀਣ ਵਾਲੇ ਲੋਕਾਂ ਦੇ ਸੁਭਾਵਾਂ ਦੀ ਇਕ ਫਰਿਸਤ ਬਣਾਂਦੇ ਹਨ, ਤੇ ਫਿਰ ਸਕੂਲਾਂ ਮਦਰੱਸਿਆਂ, ਗਿਰਜਿਆਂ, ਮਸਜਦਾਂ, ਮੰਦਰਾਂ ਵਿੱਚ ਉਪਦੇਸ਼ ਆਰੰਭ ਹੁੰਦੇ ਹਨ । ਭਾਈ ! ਮਿਤ੍ਰਾਂ ਦੇ ਇਹ ਲੱਛਣ ਹਨ, ਜੇ ਤੁਸੀ ਇਹ ਲੱਛਣ ਆਪੇ ਵਿੱਚ ਪੈਦਾ ਕਰੋ, ਤਦ ਤੁਸੀ ਮਿਤ੍ਰ ਹੋ ਜਾਓਗੇ । ਇਹ ਗੱਲ ਸਦਾ ਗਲਤ ਹੈ, ਓਹ ਸਾਰੀ ਫਰਿਸਤ ਦੇ ਗੁਣ ਵੀ ਤੁਸੀ ਧਾਰਣ ਕਰ ਲਓ, ਅਮਲ ਕਰ ਲਓ, ਤਦ ਭੀ ਤੁਸੀ ਮਿਤ੍ਰਤਾ ਦੀ ਉਸ ਮਹਾਨਤਾ, ਸਹਿਜ ਸੁਭਾਵਤਾ, ਕੁਦਰਤਪੁਣੇ ਨੂੰ ਨਹੀਂ ਪਾ ਸਕੋਗੇ । ਸਭ ਸਾਧਨ ਵਿਅਰਥ ਹਨ । ਮਿਤ੍ਰਾਂ ਦੇ ਦਿਲ ਸਾਫ ਹੁੰਦੇ ਹਨ ਆਪਸ ਵਿੱਚ ਕੋਈ ਵਿੱਥ, ਭੇਤ, ਛੁਪਾ, ਲੁਕਾ ਨਹੀਂ ਹੁੰਦਾ । ਇਹੋ ਇਕ ਗੁਣ ਲੈ ਲਵੋ, ਕਿੰਨਾ ਹੀ ਤੁਸੀ ਇਸ ਤੇ ਪਹਿਰਾ ਦੇਵੋ, ਜੇ ਤੁਸੀ ਮਿਤ੍ਰਤਾ ਦੀ ਸਹਿਜ ਨੂੰ ਨਹੀਂ ਪਹੁੰਚੇ, ਤੁਸੀ ਜਰੂਰ ਆਪਣੀ ਮਿਤ੍ਰ ਧ੍ਰੋਹੀ ਕੀਤੇ ਹੋਏ ਕਰਮ ਯਾ ਖਿਆਲ ਨੂੰ ਆਪ ਮੁਹਾਰਾ ਹੀ ਛੁਪਾ ਲਵੋਗੇ।ਇਹ ਆਖਕੇ, ਕਿ ਜੇ ਮਿਤ੍ਰ ਨੂੰ ਦੱਸ ਦਿੱਤਾ ਤਦ ਸ਼ਾਇਦ ਮਿਤ੍ਰਤਾ ਟੁੱਟ ਜਾਏ। ਸੋ ਜੇ ਤੁਸਾਂ ਕਦੀ ਇਹ ਕਿਸੀ ਮਿਤ੍ਰ ਨਾਲ ਕੀਤਾ ਹੈ ਤਦ ਤੁਸੀ ਆਪਣੇ ਆਪ ਦੀ ਖੁਦਗਰਜੀ ਦੇ ਸੁਖ ਵਿੱਚ ਜੀ ਰਹੇ ਸੀ, ਮਿਤ੍ਰ ਦੀ ਮਿਤ੍ਰਤਾ ਵਿੱਚ ਨਿਰੋਲ ਮਾਨਸਿਕ ਤੌਰ ਤੇ ਤੁਸੀ ਸਮਝ ਰਹੇ ਸੀ ਕਿ ਤੁਸੀ ਜੀ ਰਹੇ ਹੋ, ਪਰ ਦਰਅਸਲ ਸੁਰਤਿ ਹਾਲੇ ਉਸੀ ਪਸ਼ੂਪਣੇ ਵਿੱਚ ਸੀ । ਸੋ ਮਿਤ੍ਰਤਾ ਦਾ ਸੁਭਾ ਹੋਣਾ ਇਕ ਸਦੀਆਂ ਦੀ ਕੁਦਰਤੀ ਖੇਲ ਹੈ । ਕੋਈ ਇਕ ਕਿਤਾਬ ਪੜ੍ਹ ਕੇ ਤੇ ਆਪਣੀ ਅਕਲ ਨੂੰ ਉਹਦਾ ਸਿੱਖ ਬਣਾ ਕੇ ਮਾਮਲੇ ਜੀਵਨ ਦੇ ਤਾਂ ਹੱਲ ਨਹੀਂ ਹੋ ਜਾਂਦੇ । ਅਕਲ ਨੇ ਇਹ ਜਾਣ ਲੀਤਾ ਕਿ ਸਭ ਬੰਦੇ ਨੂਰ ਦੇ ਹਨ, ਕੌਣ ਭਲੇ ਕੌਣ ਮੰਦੇ । ਪ੍ਰਤੀਤ ਕਰ ਲੀਤਾ, ਪਰ ਜਦ ਤਕ ਸੁਰਤਿ ਸਹਿਜ ਸੁਭਾ ਉਸ ਮਾਨ ਵਿੱਚ ਨਹੀਂ ਜੀਂਦੀ ਰਹਿੰਦੀ, ਥੀਂਦੀ, ਦਮ ਲੈਂਦੀ, ਜਦ ਤਕ ਅੱਖ ਵਿੱਚ ਓਹ ਕੋਈ ਜਲ ਥਲ ਵਿੱਚ ਵੱਸਦਾ ਸੋਹਣਾ ਨਹੀਂ ਬੈਠਾ, ਇਹ ਹਾਲਤ ਸਹਿਜ ਨਹੀਂ ਹੋਈ, ਤਦ ਤਕ ਭਾਵੇਂ ਦਰਖਤਾਂ ਨਾਲ ਉਲਟੇ ਲਟਕੀਏ ਤੇ ਅੱਗਾਂ ਤਪੀਏ ਇਉਂ ਦਿੱਸਣ ਤਾਂ ਨਹੀਂ ਲੱਗਾ।
ਮਿਤ੍ਰਤਾ ਵੀ ਇਕ ਕੁਦਰਤ-ਮਾਂ ਦੇ ਦਿਲ ਵਿੱਚ ਛੁਪੀ ਸ਼ਾਨ ਦਾ ਅਮਲ ਹੈ, ਜਦ ਤਕ ਅਸੀ ਪਸ਼ੂ ਪੁਣੇ ਥੀਂ ਉੱਪਰ ਹੋ, ਵੱਡੇ ਜਵਾਨ ਨਾ ਹੋ ਜਾਵਾਂਗੇ, ਅਸੀ ਮਿਤ੍ਰ ਕਿਸੀ ਦੇ ਨਹੀਂ ਹੋ ਸੱਕਦੇ ਤੇ ਨਾ ਸਾਡਾ ਹੀ ਕੋਈ ਮਿਤ੍ਰ ਹੋ ਸੱਕਦਾ ਹੈ। ਇਹ ਚੋਰੀਆਂ, ਯਾਰੀਆਂ, ਠੱਗੀਆਂ, ਜ਼ੁਲਮ, ਭੋਗ ਬਿਲਾਸ ਦੀਆਂ ਖੁਦਗਰਜੀਆਂ, ਇਧਰ ਕੋਈ ਭੁੱਖੇ ਨੰਗੇ ਫਿਰ ਰਹੇ ਹਨ, ਮਰ ਰਹੇ ਹਨ ਤੇ ਉੱਪਰ ਮਹਿਲਾਂ ਵਿੱਚ ਰੰਗ ਰਸ ਹੋ ਰਹੇ ਹਨ, ਇਹ ਸਭ ਮਿਤ੍ਰਤਾ ਦਾ ਅਭਾਵ ਤੇ ਪਸ਼ੂਪੁਣੇ ਦੀ ਅਗਿਆਨਤਾ ਦਾ ਅੰਧੇਰਾ ਛਾਯਾ ਹੋਇਆ ਹੈ, ਸੋ ਇਸ ਘੁੱਪ ਹਨੇਰੇ ਵਿੱਚ ਜੇ ਕੋਈ ਕਿਸੇ ਲਈ ਸਹਿਜ ਵਿੱਚ ਦਿਲੀ ਮਿਤ੍ਰਤਾ ਦੀ ਕੋਈ ਵੀ ਸੇਵਾ ਕਰਦਾ ਹੈ, ਭਾਵੇਂ ਇਕ ਖਿਣ ਲਈ ਹੀ ਮਿਤ੍ਰ ਹੁੰਦਾ ਹੈ, ਓਹ ਧੰਨਯ ਹੈ।
ਸ਼ੇਰਨੀ ਦੀ ਆਪਣੇ ਬੱਚਿਆਂ ਨਾਲ ਮਿਤ੍ਰਤਾ ਹੀ ਸੁਭਾਗਯ ਹੈ ਸਾਡੇ ਦ੍ਰਿਸ਼ਟੀਗੋਚਰ ਕੁਦਰਤ ਮਾਂ ਦੇ ਦਿਲ ਤੇ ਦਯਾ ਦੀ ਕੋਈ ਰਸ਼ਮੀ ਤਾਂ ਦਿੱਸਦੀ ਹੈ।"ਮਾਂ" "ਮਾਂ" ਚਿੰਨ੍ਹ ਹੈ, ਅੱਗੇ ਮੈਂ ਕਹਿੰਦਾ ਹੁੰਦਾ ਸਾਂ ਕਿ "ਮਾਂ" ਥੀਂ ਭਾਰੀਯਾ ਜਿਆਦਾ ਤੀਬ੍ਰ ਪਿਆਰ ਵਿੱਚ ਹੁੰਦੀ ਹੈ, ਪਰ ਹੁਣ ਮੈਂ ਵੇਖਦਾ ਹਾਂ ਕਿ ਮਾਂ ਦੇ ਦਿਲ ਦਾ ਪਿਆਰ ਕੁਦਰਤ ਦੀ ਦਯਾ ਵਿੱਚ ਰੰਗਿਆ ਹੈ, ਤੇ ਭਾਰੀਯਾ ਕਿਸੀ ਕਿਸੀ ਵੇਲੇ ਤੀਬ੍ਰ ਮਿਤ੍ਰਤਾ ਵਿੱਚ ਜਰੂਰ ਹੁੰਦੀ ਹੈ, ਪਰ ਬਹੁਤ ਕਰਕੇ ਉਹਦਾ ਪਿਆਰ (ਟਾਂਵੀ ਟਾਂਵੀ ਮਨੁੱਖ ਇਤਹਾਸ ਵਿੱਚ ਲੈਲੀ ਮਜਨੂੰ ਹੀਰ ਰਾਂਝਾ ਤੇ ਸੋਹਣੀ ਮਹੀਵਾਲ ਆਦਿ ਦੀ ਮਿਤ੍ਰਤਾ ਨੂੰ ਛੱਡਕੇ, ਕਿਉਂਕਿ ਮੈਂ ਆਪਣੇ ਅਨੁਭਵ ਦ੍ਵਾਰਾ, ਭਾਵੇਂ ਸਿਆਣੇ ਕੁਛ ਹੀ ਕਹਿਣ ਇਨ੍ਹਾਂ ਜੋੜੀਆਂ ਦੇ ਪਿਆਰਾਂ ਵਿੱਚ ਮਾਂ-ਪੁੱਤ ਵਾਲਾ ਪਿਆਰ ਦੇਖਦਾ ਹਾਂ), ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਆਸਰੇ ਆਮ ਪਿਆਰ ਹੈ ਸੱਚੀ ਮਿਤ੍ਰਤਾ ਦਾ ਜਿਸ ਮਿਸਾਲ ਵਿੱਚ ਭਾਨ ਆਣ ਹੋਵੇ ਉਹ ਇਕ ਅਣਹੋਈ ਤੇ ਕਦੀ ਕਦੀ ਚਮਕਣ ਵਾਲੀ ਮਿਸਾਲ ਹੋਣ ਕਰਕੇ ਮਾਂ-ਪੁੱਤ ਦੇ ਸ੍ਰੇਣੀ ਦੇ ਪਿਆਰ ਵਿੱਚ ਹੀ ਗਿਣਨੀ ਚਾਹੀਏ । ਸ਼ਰੀਰਕ ਤੇ ਇੰਦ੍ਰੀਆਂ ਦੇ ਸੁਖ ਤੇ ਮਾਨਸਿਕ ਇਤਫਾਕਾਂ ਤੇ ਮੇਲਾਂ ਦੇ ਸਮੂਹਾਂ ਦਾ ਨਤੀਜਾ ਹੁੰਦਾ ਹੈ ਤੇ ਓਹ ਮਿਲ ਬੈਠਣ ਦੇ ਇਤਫਾਕਾਂ ਦੇ ਸਮੂਹਾਂ ਦੇ ਫੇਰ ਕਦੀ ਇਥੇ ਤੇ ਕਦੀ ਓਥੇ ਅਦਲੇ ਬਦਲੇ ਹੁੰਦੇ ਰਹਿੰਦੇ ਹਨ ਤੇ ਕਦੀ ਕਦੀ ਅਦਲੇ ਬਦਲੇ ਹੋ ਹੋ ਕਿਸੀ ਥਾਂ ਮਾਂ ਪੁੱਤ ਵਾਲੀ ਦਯਾ ਭਰਿਆ ਬੇ-ਗਰਜ ਪਿਆਰ ਤੀਵੀਂ ਖਾਵੰਦ ਵਿੱਚ ਵੀ ਵਟਾਂਦਰੇ ਕਰ ਕਰ ਕੇ ਆ ਜਾਣਾ ਸੰਭਵ ਹੋ ਜਾਂਦਾ ਹੈ। ਪਰ ਆਮ ਕਰਕੇ ਇਹ ਪਿਆਰ ਮਾਲਕ ਨੌਕਰ ਵਾਲਾ ਹੁੰਦਾ ਹੈ, ਓਹ ਓਹਨੂੰ ਪਾਲਦਾ ਹੈ, ਓਹ ਉਹਦੀ ਸੇਵਾ ਕਰਦਾ ਹੈ॥
ਸੋ ਮਿਤ੍ਰਤਾ ਇਕ ਸੱਚਾ ਮਜ਼੍ਹਬ ਹੈ, ਇਹ ਸਰੀਰ ਤੇ ਮਨ ਥੀਂ ਉੱਤੇ ਦਾ ਕੋਈ ਰੂਹਾਨੀ ਅਨੁਭਵ ਹੈ। ਇਹ ਕੁਦਰਤ ਦਾ ਆਪਣਾ ਕ੍ਰਿਸ਼ਮਾ ਹੈ। ਇਹ ਕਾਦਰ ਦਾ ਦੱਸਿਆ ਕੋਈ ਆਪਣੇ ਦਿਲ ਦਾ ਸਹਿਜ ਸੁਭਾ ਹੈ, ਇਸੇ ਅਨੁਭਵ ਲਈ ਹੀ ਤਾਂ ਸਭ ਪਾਪ ਪੁੰਨ, ਵੈਰ, ਤੇ ਦੋਸਤੀਆਂ ਹਨ। ਜਦ ਮਿਤ੍ਰਤਾ ਰੂਹ ਵਿੱਚ ਛਾਈ, ਜੀਣ ਸੁਫਲ ਹੋ ਗਿਆ। ਇਖਲਾਕ ਬੇਅਰਥ ਹੈ, ਜੇ ਮਿਤ੍ਰਤਾ ਦੀ ਮਿਠਾਸ ਬ੍ਰਿਛ ਦੀ ਛਾਇਆ ਵਾਂਗ, ਫੁੱਲ ਦੇ ਖੇੜੇ ਵਾਂਗ, ਅਸਾਂ ਥੀਂ ਰੂਪ ਵਾਂਗ, ਖਸ਼ਬੂ ਵਾਂਗ ਆਪਾ ਵਾਰਕੇ ਹਭ ਕਿਸੇ ਦਾ ਮਿਤ੍ਰ ਨਾ ਹੋਕੇ ਸਾਹ ਲਵੇ॥
ਜਦ ਆਪਣਾ ਅੰਦਰ ਕਿਸੀ ਅੰਦਰਲੀ ਦੌਲਤ ਨਾਲ ਭਰਿਆ ਹੁੰਦਾ ਹੈ, ਤਦ ਗਰਮੀਆਂ ਨੂੰ ਉਹਦੀ ਠੰਢ ਤੇ ਸਰਦੀਆਂ ਨੂੰ ਉਹਦੀ ਨਿੱਘ ਕਾਲਜੇ ਨੂੰ ਇਕ ਅਕਹਿ ਜਿਹੇ ਸੁਖ ਵਿੱਚ ਰੱਖਦੀ ਹੈ, ਤਦ ਫਿੱਕਾ ਬੋਲਣ ਹੋ ਹੀ ਨਹੀਂ ਸਕਦਾ। ਵਾਹ ਵਾਹ ! ਕਿਹਾ ਸੋਹਣਾ, ਆਹਾ ਆਹਾ ਕਿਹਾ ਚੰਗਾ। ਬੱਸ ਇਹੋ ਜਿਹੇ ਅਨੰਦ ਨਾਦ ਹੀ ਮੂੰਹ ਵਿੱਚੋਂ ਨਿਕਲਦੇ ਹਨ, ਜਿਵੇਂ ਸ਼ਹਿਦ ਨਾਲ ਭਰਿਆ ਮੂੰਹ ਹੁੰਦਾ ਹੈ, ਵਚਨ ਮਿੱਠੇ ਨਾਲ ਲਿੱਬੜੇ, ਸੂਰਜ ਕਿਰਣਾਂ ਦੇ ਸੋਨੇ ਨਾਲ ਗੁੰਦੇ, ਹੋਠਾਂ ਦੀ ਗੁਲਾਬੀ ਭਾਹ ਨਾਲ ਚਮਕਦੇ, ਝਰਦੇ ਹਨ। ਠੰਢ ਪਾਂਦੇ ਹਨ, ਕੀਰਤ, ਸਿਫਤ ਸਲਾਹ ਕਰਨ ਨਾਲ ਸਾਡੀ ਆਪਣੀ ਸ਼ਖਸੀਅਤ ਉੱਚੀ, ਮਿੱਠੀ ਤੇ ਡੂੰਘੀ ਹੁੰਦੀ ਹੈ, "ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ" ਫਰੀਦ ਜੀ ਦਾ ਕਹਿਣਾ ਇਕ ਖਾਸ ਗੰਭੀਰਤਾ ਨਾਲ ਭਰਿਆ ਹੈ। "ਦੱਸ ਵੇ! ਪਿਆਰੇ ਘਾਹ ਦਿਆ ਪੱਤਿਆ, ਤੂੰ ਕੀ ਹੈਂ"? ਅਮ੍ਰੀਕਾ ਦਾ ਸ਼ਾਇਰ ਪੁੱਛਦਾ ਹੈ ਤੇ ਨਾ ਸਿਰਫ ਆਪ ਵਿਸਮਾਦ ਵਿੱਚ ਜਾਂਦਾ ਹੈ ਪਰ ਸਾਨੂੰ ਵੀ ਓਸ ਅਜੀਬ ਅਰਥ ਭਰੀ ਨਿਗਾਹ ਨਾਲ ਹੈਰਾਨ ਕਰ ਦਿੰਦਾ ਹੈ? ਠੀਕ! ਕਿਸ ਨੂੰ ਪਤਾ ਹੈ ਕਿ ਇਹ ਨਿਮਾਣੀ ਘਾਹ ਦੀ ਪੱਤੀ ਕੀ ਹੈ। ਬਨਫਸ਼ੇ ਦਾ ਫੁੱਲ ਕੀ ਸ਼ਹਿਦ ਦੀ ਮੱਖੀ ਕੋਈ ਫੁੱਲ ਬਣ ਗਈ ਹੈ, ਯਾ ਕਿਸੇ ਦੇ ਨੈਨ ਕਿ ਬਿਜਲੀ ਵਾਂਗ ਪਿਆਰ ਵਿੱਚ ਫੁੱਲ ਬਣ ਗਏ ਹਨ? ਸ਼ਮਸ-ਤਬਰੇਜ਼ ਉਸੀ ਹੈਰਾਨੀ ਵਿੱਚ ਜਾਂਦਾ ਹੈ ॥
"ਨੀ ਅੜੀਓ ਸਾਨੂੰ ਪਤਾ ਨਹੀਂ ਅਸੀ ਕੌਣ?
ਮਨੁੱਖ, ਕਿ ਦੇਵ, ਕਿ ਪਰੀ, ਕਿ ਪੱਥਰ,
ਕਿ ਕੁਛ ਨਹੀਂ॥"
ਤੇ ਫਿਰ-
"ਹਾਇ! ਪੈਨੂੰ ਪਤਾ ਨਾ ਲੱਗਾ,
ਕੀ ਪੜ੍ਹਾਂ ਤੇ ਕਿੱਥੋਂ ਤਕ?
ਕੀ ਜਾਣਾਂ ਤੇ ਕੀ ਕੁਝ?
ਹੱਦਾਂ ਵਿੱਚ ਬੇਹੱਦਾਂ ਮਾਰਨ ਝਾਕੀਆਂ,
ਹਾਇ ਵੇ ਮੈਂ ਤਾਂ ਹੈਰਾਨ ਫਿਰਾਂ।
ਹੋ ਮਤਵਾਲਾ ਇਸ ਦੁਨੀਆਂ ਦੀ ਜਾਦੂ ਗਲੀ ਵਿੱਚ॥"
ਕਦ ਬਣੀ ਦੁਨੀਆਂ? ਕਿਸ ਬਣਾਈ? ਕੌਣ ਹੈ? ਕੋਈ ਕਿੱਥੇ ਹੈ? ਕਿੱਧਰੋਂ ਆਇਆ? ਕਿੱਧਰੋਂ ਜਾਸੀ? ਕੀ ? ਕਿੱਧਰ ? ਕਿੱਥੇ ? ਕਿਉਂ ? ਬੱਸ ਇਹ ਬਿਜਲੀ ਵਾਂਗ ਪੈਂਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ ਸੱਕਦਾ ਤੇ ਮਾਰਿਆ ਜਾਂਦਾ ਹੈ। ਦੁਨੀਆਂ ਦੀ ਅਕਲ ਮਾਨੋਂ ਅਫ੍ਰੀਕਾ ਦਾ ਰੇਗਸਤਾਨ ਹੈ ਤੇ ਰੇਗਸਤਾਨ ਵਿੱਚ ਡੁੱਬਦਾ ਜਾਂਦਾ ਬੁੱਤ, ਸਿਰਫ ਸਿਰ ਕੁਛ ਬਾਹਰ, ਇਕ ਅਧੀ ਤੀਮੀ ਤੇ ਅਧੇ ਮਰਦ ਦਾ ਬੁੱਤ ਕੁਛ ਹੈਵਾਨ ਦਾ, ਸਿਫੰਕਸ, ਹੈਵਾਨੀਅਤ ਅਧੀ ਤੇ ਅਧੀ ਇਨਸਾਨੀਅਤ ਦਾ ਬੁੱਤ ਇਹ ਸਵਾਲ ਪੁੱਛਦਾ ਹੈ
ਇਹ ਕੀਰਤ ਕਰਨੀ, ਇੰਵ ਸਿਫਤ ਸਲਾਹ ਕਰਨੀ, ਜਿੰਦਗੀ ਦਾ ਉੱਚਾ ਵਿਸਮਾਦ ਰਾਗ ਹੈ।
ਕੇਂਟ ਫਿਲਾਸਫਰ ਲਿਖਦਾ ਹੈ ਕਿ "ਓਹ ਅਸਗਾਹ ਨੀਲਾ ਗਗਨ ਤਾਰਿਆਂ ਭਰਿਆ ਤੇ ਇਹ ਮੇਰੇ ਆਪਣੇ ਅੰਦਰ ਸੋਝ ਤੇ ਕੋਝ ਬੁਰੇ ਤੇ ਭਲੇ ਦੀ ਖਬਰ-ਉਹ ਰੱਬਤਾ ਕੁਦਰਤ ਦੀ ਤੇ ਇਹ ਮੇਰੇ ਅੰਦਰ ਉੱਚਾ ਰੂਹਾਨੀ ਰਾਜ-ਮੈਨੂੰ ਹੈਰਾਨ ਕਰਦੇ ਹਨ"॥
ਸ਼ਾਹ ਹੁਸੈਨ ਕਹਿੰਦਾ ਹੈ, "ਹੀਆ ਨਾ ਠਾਹੀਂ ਕਹੀਂਦਾ" ਤੇ ਇਕ ਹੋਰ ਇਹੋ ਜਿਹਾ "ਮਿੱਠਾ ਬੋਲੀਂ ਜੱਗ" ਤੇ ਗੁਰੂ ਨਾਨਕ ਸਾਹਿਬ ਜੀ ਲਿਖਦੇ ਹਨ:-
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕਾ ਪਾਇ॥
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥੧॥
ਬੱਸ ਫਿੱਕਾ ਬੋਲਣਾ ਓਹ ਨੁਕਤਾਚੀਨੀ ਹੈ, ਜਿਹੜੀ ਵੱਡੀਆਂ ਚੀਜ਼ਾਂ ਨੂੰ ਨਿੱਕਾ ਕਰਕੇ ਦੱਸਦੀ ਹੈ। ਹਰ ਇਹ ਚੀਜ ਵਲ ਕੀ ਪੱਥਰ, ਕੀ ਦਰਿਯਾ, ਕੀ ਚੰਨ ਤੇ ਸੂਰਜ, ਮਨੁੱਖ, ਹੈਵਾਨ ਵਲ ਇਕ ਅਦਬ ਜਿਹੜਾ ਹੁੰਦਾ ਹੈ ਤੇ ਹੋਣ ਕਰਕੇ ਸਾਡੇ ਜੀਵਨ ਨੂੰ ਆਪ-ਮੁਹਾਰਾ ਡੂੰਘਾ ਕਰਦਾ ਹੈ, ਓਹ ਫਿੱਕੀ ਨੁਕਤਾਚੀਨੀ ਨਾਲ ਗੁੰਮ ਜਾਂਦਾ ਹੈ।
ਪਿਆਰ ਦਾ ਕਤਰਾ ਨੈਨਾਂ ਵਿੱਚੋਂ ਸੁੱਕ ਜਾਂਦਾ ਹੈ, ਦਿਲ ਦੀ ਸਾਦਾ ਹਮਦਰਦੀ ਇਕ ਕਰਖ਼ਤ ਕਠੋਰਪਨ ਵਿੱਚ ਬਦਲ ਜਾਂਦੀ ਹੈ। ਆਦਮੀ ਫਿੱਕੇ ਬੋਲ ਤੇ ਫਿੱਕੇ ਵਿਚਾਰ ਤੇ ਫਿੱਕੀ ਨੁਕਤਾਚੀਨੀ ਨਾਲ ਆਪ ਮਰ ਜਾਂਦਾ ਹੈ॥
ਫਿੱਕੀ ਅਕਲ ਹਰ ਇਕ ਕੁਦਰਤੀ ਅਣੋਖਾਪਨ ਨੂੰ ਤੱਤਾਂ ਵਿੱਚ ਫਾੜ ਫਾੜ ਵੇਂਹਦੀ ਹੈ ਤੇ ਵਿੱਚੋਂ ਕੁਛ ਨਹੀਂ ਨਿਕਲਦਾ। ਇਕ ਵੱਡੇ ਮਹਾਂਪੁਰਖ ਦੀ ਆਤਮਿਕ ਉਪੱਦ੍ਰਵ ਲੈ ਆਉਣ ਵਾਲੀ ਸਮਰਥਾ ਦਾ ਵਿਚਾਰ ਨਹੀਂ, ਉਹਦੇ ਖਾਣ ਪੀਣ ਆਦਿ ਦੇ ਔਗੁਣ ਦੱਸ ਕੇ ਇਹ ਕਹਿ ਦੇਣਾ ਕਿ ਸਾਡੇ ਵਰਗਾ ਸੀ, ਇਹ ਫਿਕਾ ਵਿਚਾਰ ਹੈ, ਜਿਸ ਨੇ ਮਹਾਂਪੁਰਖਾਂ, ਨੂੰ ਤਾਂ ਕੀ ਨਿੱਕਾ ਕਰਨਾ ਹੈ, ਸਾਨੂੰ ਮਾਰ ਜਾਂਦਾ ਹੈ॥
ਕੋਈ ਗੱਲ ਮੰਨਣੀ ਨਹੀਂ ਚਾਹੀਦੀ, ਤਜਰਬਾ ਕਰ ਕੇ ਆਪ ਉੱਤੇ ਵਰਤ ਕੇ ਵੇਖਣਾ ਚਾਹੀਦਾ ਹੈ। ਪਰ ਆਓ ਵੇਖੋ, ਇਕ ਕਿਸੀ ਪਿਆਰ ਵਿੱਚ ਆਪ ਵਸਕੇ ਅੰਦਰਲਾ ਭਰ ਕੇ ਅਕਹਿ ਕੁਦਰਤ (ਜਿਸ ਵਿੱਚ ਮਨੁੱਖ ਵੀ ਸ਼ਾਮਲ ਸਦਾ ਹੈ) ਦੀ ਪਰਮ ਅਗੰਮ ਸੁੰਦਰ ਅਮੂਰਤ ਮੂਰਤੀ ਨੂੰ ਅੱਗੇ ਵੇਖ ਕੇ ਸਿਫਤ ਕਰਨਾ, ਇਹ ਸਾਡੀ ਆਪਣੀ ਜਿੰਦਗੀ ਤੇ ਕੀ ਅਸਰ ਕਰਦਾ ਹੈ? ਤਜਰਬਾ ਕਰੋ ਤੇ ਫਿਕਾ ਵਿਚਾਰ ਕੀ? ਸਭ ਫਜ਼ੂਲ, ਸਭ ਗੁਨਾਹਗਾਰ, ਕੋਝੇ, ਇਹ ਇਕ ਡੂੰਘੀ ਨਾਉਮੈਦੀ ਅੰਦਰ ਪੈਦਾ ਕਰਦਾ ਹੈ, ਅਰ ਜਦ ਕੋਈ 'ਮੁਸ਼ਕਲ ਆ ਬਣੇ ਢੋਈ ਕੋਈ ਨਾ ਦੇਵੇ' ਤੇ ਆਪੇ ਥਾਂ ਵੀ ਡਰ ਲੱਗੇ ਤਦ ਅੰਦਰ ਚਲਾਇਮਾਨ ਮਨ ਨੂੰ ਤੁਲ ਦੇਣ ਵਾਲਾ ਕੋਈ ਨਹੀਂ ਰਹਿੰਦਾ। ਇਨ੍ਹਾਂ ਫਿੱਕੇ ਵਿਚਾਰਾਂ ਦਾ ਫਲ ਮਾਦੀ ਦੁਨੀਆਂ, ਮਾਦਾ ਜਿਸਮ, ਤੇ ਖਾ ਪੀ ਕੇ ਕੰਮ ਕਰਨ ਵਾਲੀਆਂ ਪੰਜ ਇੰਦ੍ਰੀਆਂ ਦੇ ਸੁਖਾਂ ਦੁਖਾਂ ਨੂੰ ਭਾਨ ਕਰਨ ਯਾ ਭੋਗਣ ਦਾ "ਸੱਚ" ਅਥਵਾ "ਕੂੜ" ਸਾਡੇ ਪੱਲੇ ਰਹਿ ਜਾਂਦਾ ਹੈ, ਕੋਈ ਅਚਰਜ ਕਰਨ ਵਾਲੀ ਗੱਲ ਨਹੀਂ ਦਿੱਸਦੀ।ਇਹ ਜਗਤ-ਕਰਾਮਾਤ ਜਿਸ ਦਾ ਇਕ ਇਕ ਕਿਣਕਾ ਅਨੇਕ ਰੂਹਾਨੀ ਜਲਵਿਆਂ ਨਾਲ ਭਰਿਆ ਹੈ, ਓਹ ਨਿਰੀ ਕਾਲੀ ਤੇ ਬੁਰੀ ਤੇ, ਚਿੱਟੀ ਰੇਤ ਦੇ ਰੇਗਸਤਾਨ ਦਿੱਸਣ ਲੱਗ ਜਾਂਦੀ ਹੈ। ਅੰਦਰ ਹਨੇਰਾ ਬਾਹਰ ਹਨੇਰਾ, ਇਹੋ ਜਿਹੇ ਸਮੇਂ ਵਿੱਚ ਆਦਮੀ ਆਪੇ ਥੀਂ ਦਿਕ ਆਏ, ਕਿਸੀ ਮਹਾਂਪੁਰਖ ਦੀ ਉਡੀਕ ਕਰਦੇ ਹਨ, ਹਾਏ ਕੋਈ ਆਵੇ ਤੇ ਦੱਸੇ, ਇਸ ਰੇਗਸਤਾਨ ਵਿੱਚ ਬਹਿਸ਼ਤਾਂ ਦੇ ਬਹਿਸ਼ਤ ਹਨ। ਸੋਹਣੀ ਅਮੂਰਤੀ ਕੋਈ ਅਨੇਕ ਮੂਰਤੀਆਂ ਵਾਲੀ ਹਸਤੀ ਹੈ ਤੇ ਓਹ ਪਿਆਰ ਕਰਦੀ ਹੈ॥ ਜਦ ਫਿੱਕਾ ਬੋਲਣ ਲੱਗੀਏ, ਤਦ ਵਿਚਾਰ ਕਰ ਲਈਏ ਕਿ ਇਸ ਸਾਡੇ ਸਿਦਕ ਤੇ ਵਿਸਮਾਦ ਤੇ ਜੀਵਨ ਦੀ ਕਮਾਲ ਸਾਦਗੀ ਦੀ ਅਸਲੀਅਤ ਨੂੰ ਫੂਕ ਸੁੱਟਣ ਵਾਲੀ ਇਹ ਭਾਹ ਹੈ। ਕੀਰਤੀ ਕਰਨਾ ਇਕ ਆਚਰਣ ਹੈ। ਬਾਬਾ ਅਮਰ ਦਾਸ ਜੀ ਵਾਲੇ ਬਖਸ਼ੇ 'ਭੱਭੇ' ਬੜੇ ਚੰਗੇ ਹਨ, ਉਨ੍ਹਾਂ ਵਿੱਚ ਕੀਰਤੀ ਕਰਨ ਵਾਲਾ ਡੂੰਘਾ ਤੇ ਸੱਚਾ ਆਚਰਣ ਹੈ॥
ਭ-ਭਲਾ ਜੀ।
ਭ- ਭੁੱਲਾ ਜੀ।
ਪਰ ਨੱਕ ਚਾੜ੍ਹਣਾ ਤੇ ਆਪਣੀ ਚਿੜੀ ਵਰਗੀ ਅਕਲ ਨਾਲ, ਅਸਗਾਹਾ-ਜਿਹੜਾ ਇਕ ਮੋਮ ਦੀ ਬੱਤੀ ਦੇ ਬਲਣ ਵਿੱਚ ਵੀ ਪ੍ਰਤੱਖ ਤੇ ਗੁਪਤ ਹੈ-ਨੂੰ ਪਿਆ ਤੋਲਣਾ ਤੇ ਹਿਸਾਬ ਲਾਣੇ, ਇਹ ਆਚਰਣ ਨੂੰ ਨਿੱਕਾ ਤੇ ਭੈੜਾ ਕਰਦਾ ਹੈ॥ ਆਦਮੀ ਕੋਈ ਖਿਡਾਉਣਾ ਤਾਂ ਨਹੀਂ, ਕੁਦਰਤ ਕੋਈ ਮੰਤਕ ਦੀ ਕਿਤਾਬ ਤਾਂ ਨਹੀਂ। ਜੀਵਨ ਦੀ ਦਿਲ ਧੜਕਾਂ, ਦੀ ਰਵਾਨਗੀ ਹੈ। ਇਸ ਵਿੱਚ ਮੰਤਕੀ ਅਸੂਲਾਂ ਦਾ ਗੱਠਾ ਬੰਨ੍ਹ ਕੇ ਮੋਢੇ ਤੇ ਚੁੱਕੀ ਫਿਰਣਾ ਕੋਈ ਗੁੱਝੀ ਗੱਲ ਤਾਂ ਨਹੀਂ। ਮਜੂਰ ਟੋਕਰੀ ਚੁਕ ਜਾ ਰਿਹਾ ਹੈ, ਮੌਲਵੀ ਕਿਤਾਬਾਂ, ਪਾਦਰੀ , ਹੋਰ ਅਸੂਲ ਤੇ ਪੰਡਿਤ ਹੋਰ ਅਸੂਲ, ਇਨ੍ਹਾਂ ਬੱਝੇ ਅਸੂਲਾਂ ਵਿੱਚੋਂ ਤਾਂ ਜੀਵਨ ਦੇ ਦੋਪੱਤੀਆ ਸ਼ਗੂਫਾਂ ਫੁੱਟ ਕੇ ਨਹੀਂ, ਨਿਕਲਣਾ, ਉਹ ਤਾਂ ਅਨੰਤ ਧਰਤੀ ਵਿੱਚੋਂ ਸਮਾ ਪਾਕੇ ਫੁਟਣਾ ਹੈ, ਜੀਵਨ ਤੇ ਆਚਰਣ ਕੁਦਰਤ ਦੇ ਸਾਦਾ, ਪਰ ਅਸਗਾਹ ਦਿਲ ਧੜਕਾਂ ਦੇ ਰਵਾਨਾ ਦਰਿਯਾ ਵਿੱਚੋਂ ਕੋਈ ਕੰਵਲ ਫੁੱਲ ਦੀ ਨਿਕਲੀ ਡੋਡੀ ਹੈ। ਜਿਸ ਵਿੱਚ ਹੀਰੇ ਦੀ ਚਮਕ ਪ੍ਰਾਣਾਂ ਵਾਲੀ ਜੀਂਦੀ ਕੋਈ ਭੇਤ ਹੋ ਰਹੀ ਹੈ।
ਇਹ ਆਚਰਣ ਹੈ, ਬਾਕੀ ਕੀ? ਹਰ ਇਕ ਨਾਨਾ ਤਰਾਂ ਦੇ ਕੁਦਰਤ ਦੇ ਅਨੇਕ ਰੰਗ ਹਨ। ਮਿੱਠਾ ਬੋਲਣ ਨਾਲ ਤਾਂ ਸ਼ਾਇਦ ਕੁਛ ਨਾ ਬਣ ਸੱਕੇ, ਪਰ ਜੇ ਅੰਦਰ ਉਹ ਭੇਤ ਭਰੀ ਖੁਸ਼ੀ ਹੋਵੇ ਤੇ ਉਹ ਸੁੱਚਾ ਆਚਰਣ ਮਿੱਠਾ ਬੋਲੇ ਤਦ ਸੜੀ ਦੁਨੀਆਂ ਦੇ ਅਹੋਭਾਗ ! ਸੁੱਕੇ ਹਰੇ ਹੋ ਜਾਣਗੇ ॥
ਮਿਠ ਬੋਲੜਾ ਜੀ ਹਰਿ ਸਜਨ ਸੁਆਮੀ ਮੋਰਾ ॥
ਹਉ ਸੰਭਲ ਥਕੀ ਜੀ ਉਹ ਕਦੀ ਨ ਬੋਲੇ ਕਉਰਾ ॥
ਬੱਸ ਨੁਕਤਾਚੀਨੀ ਕਰਨਾ ਚੀਜ਼ਾਂ ਨੂੰ, ਕੀ ਵੱਡੀਆਂ ਤੇ ਕੀ ਛੋਟੀਆਂ ਨੂੰ ਫੂਕ ਸੁੱਟਣਾ ਹੈ । "ਮਾਂ" ''ਮਾਂ" ਕਹਿੰਦਿਆਂ ਬੱਚੇ ਜੀਂਦੇ ਹਨ, ਪੁਤਾਂ ਦੀਆਂ ਬਾਹਾਂ ਵਿੱਚ ਬਲ ਆਉਂਦਾ ਹੈ, ਬੜੇ ਬੜੇ ਵਰਿਆਮ ਸੂਰਬੀਰਤਾ ਦੇ ਕੰਮ "ਮਾਂ" ਦੇ ਪਿਆਰ ਵਿੱਚ ਕਰ ਜਾਂਦੇ ਹਨ ।
"ਮਾਂ" ਦੇ ਵਡੇ ਸਰੂਪ ਮੁਲਕ ਪਿੱਛੇ ਕੀ ਕੀ ਕੁਰਬਾਨੀਆਂ ਨਹੀਂ ਹੁੰਦੀਆਂ ਤੇ ਮਾਂ ਤਾਂ ਕੋਈ ਜੀਂਦੀ ਜਾਗਦੀ ਆਪਾ ਵਾਰਣ ਦਾ ਅਵਤਾਰ ਹੈ, ਪਰ ਨਿਰੇ ਕੌਮੀ ਝੰਡਿਆਂ ਨੂੰ ਹਵਾ ਵਿੱਚ ਲਹਿਰਾਂਦਾ ਦੇਖ ਫਤਹ ਪਾਣ ਵਾਲੀਆਂ ਕੌਮਾਂ ਦੇ ਬਚੇ ਕਿਸੀ ਸਰੂਰ ਤੇ ਹੱਡੀਂ ਗਰੂਰ ਨੂੰ ਪਹੁੰਚਦੇ ਹਨ ਅਰ ਉਨ੍ਹਾਂ ਦੇ ਦਿਲ ਵਿੱਚ ਤਾਕਤ ਭਰਦੀ ਹੈ। ਇਹ ਕਹਿ ਦੇਣਾ "ਮਾਂ" ਕੀ ਹੈ, ਬੱਸ ਕਾਰਬਨ ਆਕਸੀਜ਼ਨ, ਹਾਈਡਰੋਜਨ, ਕੈਲਸੀਅਮ, ਫਾਸਫੋਰਸ ਆਦਿ ਦਾ ਇਕ ਜੋੜ ਅਥਵਾ ਹੱਡੀ ਮਾਸ ਆਦਿ। ਤਦ ਉਹ ਹਕੀਕਤ "ਮਾਂ" ਸ਼ਬਦ ਵਿੱਚ ਜਿਹੜੀ ਹੈ, ਉਹ ਤਾਂ ਇਹ ਅੰਤਮ ਫਾੜ ਦੱਸ ਨਹੀ' ਸੱਕਦੀ, ਹੱਥ ਵਿੱਚ ਤਾਂ ਮੁੱਠੀ ਛਾਈ ਦੀ ਰਹਿੰਦੀ ਹੈ, ਤੇ ਮੁੱਠੀ ਛਾਈ ਦੀ ਨੇ ਤਾਂ ਉਹ ਅਵੇਸ਼ ਪਿਆਰ, ਕੁਰਬਾਨੀ, ਬੀਰਤਾ ਮੇਰੇ ਦਿਲ ਵਿੱਚ ਨਹੀਂ ਉਪਜਾਏ ਸਨ । ਇਸੇ ਤਰਾਂ ਰੱਬ ਕੀ ਹੈ ? ਗੁਰੂ ਕੀ ਹੈ ? ਸੰਤ ਸਾਧ ਕੀ ਹੁੰਦੇ ਹਨ ? ਮਹਾਂ ਪੁਰਖ ਕੀ ਹਨ ? ਆਦਿ ਪ੍ਰਸ਼ਨਾਂ ਦੇ ਉੱਤਰ ਇਸ ਜੀਵਨ ਨੁਕਤਾਚੀਨੀ ਦੀ ਛਾਣ ਬੀਣ ਦੇ ਦੇਣੇ ਤੇ ਉਨਾਂ ਨੂੰ ਸੱਚ ਸਮਝਣਾ ਜੀਵਨ ਦੇ ਨੁਕਤੇ ਥੀਂ ਸਰਾ ਸਰ ਕੂੜ ਹੈ ਤੇ ਅਕਲ ਇਨਾਂ ਅਜ ਕਲ ਦੇ ਲੋਕਾਂ ਲਈ ਕੂੜਾਂ ਨੂੰ ਸੱਚ ਕਰ ਕੇ ਸਟੇਜ ਤੇ ਲਿਆ ਰਹੀ ਹੈ, ਇਹ ਸਭ ਬਰਬਾਦੀਆਂ ਹਨ । ਸਿਫਤ ਸਲਾਹ ਕਰਨਾ, ਇਕ ਨਿੱਕੀ ਪੱਤੀ ਘਾਹ ਥੀਂ ਜਿਹੜੀ ਹਵਾ ਦੇ ਗਲੇ ਲੱਗ ਕੇ ਝੂਮਦੀ ਹੈ, ਸੂਰਜ ਤਕ, ਹੈਵਾਨ ਤਕ, ਬੰਦੇ ਤਕ, ਮਹਾਂ ਪੁਰਖਾਂ ਤਕ, ਇਕ ਜੀਵਨ ਨੂੰ ਬਨਾਉਣਾ ਹੈ ਜਿੰਦਾ ਕਰਨਾ ਹੈ । ਆਪ ਨੂੰ ਆਪਣੀ ਤਾਰੀਫ ਕੋਈ ਚੰਗੀ ਲੱਗਦੀ ਹੈ, ਚੰਗੀ ਨਹੀਂ ਆਪਦੇ ਰੂਹ ਨੂੰ ਤਾਕਤ ਦੇਣ ਵਾਲੀ ਕੋਈ ਗਿਜ਼ਾ ਹੈ। ਖੁਸ਼ਾਮਦ ਜੇ ਕੂੜੀ ਵੀ ਕਰਦਾ ਹੋਵੇ ਉਸ ਨੂੰ ਰੋਕਣਾ ਬੜਾ ਮੁਸ਼ਕਲ ਹੈ, ਆਤਮਾ ਜੇ ਅੰਦਰੋਂ ਪ੍ਰਸੰਨ ਹੁੰਦਾ ਹੈ । ਦਿਲ ਜੇ ਉੱਚਾ ਹੁੰਦਾ ਹੈ, ਕੁਲ ਦੁਨੀਆਂ ਵਿੱਚ ਹੰਭਲੇ, ਪਰਉਪਕਾਰ, ਭਜਨ ਭਗਤੀ, ਇਲਮ ਉਨਰ ਦੇ ਹਰ ਕੋਈ ਮਾਰਦਾ ਹੈ,
ਲੋਕੀ ਕਹਿੰਦੇ ਹਨ ਕਿ ਨੁਕਤਾਚੀਨੀ ਤਾਂ ਔਗੁਣ ਦੱਸਕੇ ਗੁਣਾਂ ਵਲ ਖੜਦੀ ਹੈ, ਠੀਕ ਜੇ ਭਾਵ ਅੰਦਰਲਾ ਹਮਦਰਦੀ ਪਿਆਰ ਦਾ ਹੋਵੇ ਤਦ, ਉਹ ਸਾੜੂ ਤੇ ਮਾਰੂ ਨੁਕਤਾਚੀਨੀ ਨਹੀਂ, ਉਹ ਪਿਆਰ ਵਿੱਚ ਗੁੰਦੀ ਨਿਰੋਲ ਫਿਤਰਤ ਦੀ ਅਥਵਾ ਮਨ ਦੀ ਪਰਖ ਤਕ ਪਹੁੰਚ ਜਾਂਦੀ ਹੈ। ਉਹ ਤਾਂ ਕਾਬਲੀਅਤ ਦੀ ਗੱਲ ਹੈ, ਸਾਹਿਤਯਕ, ਅਥਵਾ ਰਸਿਕ ਕਿਰਤ ਇਕ ਆਲੀਸ਼ਾਨ ਕੀਰਤ ਹੈ, ਪਰ ਫਿੱਕਾ ਬੋਲਣਾ ਸਦਾ ਇਕ ਪਾਪ ਹੈ, ਜਿਹੜਾ ਅਸੀ ਕਈ ਵੇਰੀ ਦਿਨ ਵਿੱਚ ਕਰਦੇ ਹਾਂ ਅਰ ਸਾਨੂੰ ਖਿਆਲ ਨਹੀਂ ਆਉਂਦਾ ਕਿ ਅਸੀ ਜਗਤ ਵਿੱਚ ਜਿਹੜਾ ਜੀਵਨ ਕੁਦਰਤ ਪਲੀ ਪਲੀ ਜੋੜ ਜੋੜ ਬੜੀ ਮੁਸ਼ਕਲ ਨਾਲ ਬਨਾਉਂਦੀ ਫੁਲਾਂਦੀ ਫਲਾਂਦੀ ਹੈ, ਅਸੀ ਆਪਣੇ ਫਿੱਕੇ ਅਰ ਕੌੜੇ ਬਚਨਾਂ ਨਾਲ ਕਿਸ ਤਰਾਂ ਕੁਦਰਤ ਦੀਆਂ ਬਨਾਉਣ ਦੀਆਂ ਤਾਕਤਾਂ ਨੂੰ ਘਬਰਾ ਦਿੰਦੇ ਹਾਂ ॥
ਪੰਜਾਬੀ ਦਾ ਸਾਹਿਤ੍ਯ ਗੁਰੂ ਨਾਨਕ ਦੇਵ ਜੀ ਦੇ ਮੰਦਰਾਂ ਦੇ ਆਲੇ ਦੁਆਲੇ ਬ੍ਰਿਛਾਂ ਦੀ ਛਾਵਾਂ ਵਿੱਚ ਪਲਿਆ। ਨਸਰ ਉਨ੍ਹਾਂ ਲੋਕਾਂ ਨੇ ਪਹਿਲੀ ਵਾਰ ਲਿਖੀ ਜਿਨ੍ਹਾਂ ਦੇ ਹੋਠ ਗੁਰੂ ਸਾਹਿਬ ਦੇ ਪਿਆਰ ਅੰਮ੍ਰਿਤ ਨਾਲ ਸਿੰਚੇ ਗੁਲਾਬਾਂ ਦੀਆਂ ਪੱਤੀਆਂ ਵਾਂਗ ਸਿਫਤ ਸ਼ਮੀਰ ਨਾਲ ਹਿਲਦੇ ਸਨ। ਪੁਰਾਤਨ ਜਨਮ ਸਾਖੀ ਜਿਹੜੀ ਕੋਲਬ੍ਰਕ ਸਾਹਿਬ ਨੇ ਈਸਟ ਇੰਡੀਆ ਕੰਪਨੀ ਨੂੰ ਲਭ ਕੇ ਭੇਟ ਕੀਤੀ ਅਰ ਹੁਣ ਸੋਧਕੇ ਵਜੀਰ ਹਿੰਦ ਪ੍ਰੈਸ ਵਿੱਚ ਭਾਈ ਸਾਹਿਬ ਜੀ ਨੇ ਛਪਾਈ ਹੈ, ਦੇ ਪੜ੍ਹਣ ਨਾਲ ਪਤਾ ਲੱਗਦਾ ਹੈ ਕਿ ਨਸਰ ਲਿਖਣੀ ਕਿੱਡੀ ਮੁਸ਼ਕਲ ਹੈ, ਨਜ਼ਮ ਵਿਚ ਤਾਂ ਤੁਕਬੰਦੀ ਯਾ ਰਾਗ ਅਲਾਪ ਦੀ ਸਹਾਇਤਾ ਮਿਲ ਕੇ ਮਾਮੂਲੀ ਖਿਆਲ ਵੀ ਪਰ ਲਾ ਉੱਡ ਪੈਂਦੇ ਹਨ, ਤੇ ਰਹਿਣੀ ਕਰਨੀ ਥੀਂ ਵਾਂਜੇ ਲਫਜ਼ਾਂ ਨੂੰ ਹੇਰ ਫੇਰ ਜੋੜਨ ਵਾਲੇ ਵੀ ਕਵੀ ਕਹਿਲਾ ਸੱਕਦੇ ਹਨ, ਪਰ ਨਸਰ ਲਿਖਣੀ ਕਠਿਨ ਹੈ, ਕਿਉਂਕਿ ਇਥੇ ਰੂਹ ਤੇ ਦਿਮਾਗ ਦੀ ਨੰਗੀ ਤਸਵੀਰ ਖਿਚੀਂਦੀ ਹੋਈ, ਅਸੀ ਇਥੇ ਦੋ ਚਾਰ ਮਿਸਾਲਾਂ ਪੰਜਾਬੀ ਨਸਰ ਦੀ ਦਿੰਦੇ ਹਾਂ ॥
ਇਹ ਪੁਰਾਣੀ ਕੋਲਬਕ ਸਾਹਿਬ ਦੀ ਲੱਝੀ ਜਨਮ ਸਾਖੀ ਦੀ ਇਬਾਰਤ ਹੈ, ਆਪਣੀ ਸਾਦਗੀ ਦੇ ਕਮਾਲ ਵਿੱਚ ਕਿੰਨੀ ਭਾਵ ਭਰੀ, ਮਿੱਠੀ ਸਰਲ ਤੇ ਰੋਹਬਦਾਬ ਵਾਲੀ ਹੈ, ਜਿਸ ਤਰਾਂ ਇਕ ਵੱਡਾ ਬਜੁਰਗ ਪਿੱਪਲ ਹੇਠ ਬੇਠਾ, ਨੂਰੀ ਚਿਹਰਾ, ਨੂਰੀ ਬੀਬੀ ਲੰਮੀ ਦਾਹੜੀ ਤੇ ਕੇਸ ਮੋਹਢਿਆਂ ਤੇ ਸੁੱਟੇ ਬੈਠਾ ਗੱਲਾਂ ਕਰਦਾ ਹੋਵੇ । ਮਿੱਠੀਆਂ ਮਿੱਠੀਆਂ ਗੱਲਾਂ ਕਰ ਰਿਹਾ ਹੈ, ਤੇ ਇਉਂ ਜਾਪਦਾ ਹੈ ਜਿਵੇਂ ਅਰਸ਼ਾਂ ਥੀਂ ਮਾਖਿਉਂ ਦਾ ਮੀਂਹ ਪੈ ਰਿਹਾ ਹੈ । ਉਹਦੇ ਰੂਹ ਦਾ ਰੰਗ ਵੱਖਰੇ ਵੱਖਰੇ ਫਿਕਰੇ ਬਣ ਰਿਹਾ ਹੈ, ਆਪਮੁਹਾਰੇ ਗੁੰਦੇ ਜਾ ਰਹੇ ਹਨ, ਤੇ ਇਕ ਘੜੀ ਪਲ ਦੀ ਵਾਰਤਾਲਾਭ ਹੀ ਅਫਲਾਤੂ ਦੇ ਪੁਸਤਕ ਦੇ ਟੁਕੜੇ ਸਹਿਜ ਸੁਭਾ ਹੋ ਗਈ ਹੈ । ਇਹ ਸਾਹਿਤ੍ਯ ਹੈ ਜਿਹੜਾ ਜੀਵਨ ਨੂੰ ਦੀਪਤ ਕਰਨ ਵਿੱਚ ਸਹਾਈ ਹੁੰਦਾ ਹੈ । ਨਸਰ ਤੇ ਨਜ਼ਮ ਵਿੱਚ ਫਰਕ ਬੜਾ ਘਟ ਰਹਿ ਜਾਂਦਾ ਹੈ ਜਦ ਕਿ ਅਨੁਭਵੀ ਪੁਰਸ਼ਾਂ ਦੇ ਵਚਨਾਂ ਦੀ ਮਿੱਠਤ ਦੀ ਗੋਂਦ ਹੋਵੇ । ਅੰਮਿਤ ਬਚਨ ਨਸਰ ਵਿੱਚ ਵੀ ਨਜ਼ਮ ਹਨ ਤੇ ਨਜ਼ਮ ਵਿੱਚ ਰਬੀ ਗੀਤ ਹਨ । ਉਹ ਬਚਨ ਸਦਾ ਰਬ ਰਸ ਦੇ ਵਜ਼ਨ ਵਿੱਚ ਹੁੰਦੇ ਹਨ, ਤੇ ਰਸ ਦਾ ਵਜ਼ਨ ਕਦੀ ਸਾਵਣ ਦੇ ਮੀਂਹ ਵਾਂਗ ਛਨ ਛਨ, ਕਦੀ ਸਰਦ ਰਿਤੂ ਦੀ ਨਿੱਕੀ ਨਿੱਕੀ ਵਰਖਾ ਵਾਂਗ, ਕਦੀ ਮਾਂ ਨਾਲ ਗੱਲਾਂ ਕਰਦੇ ਬੱਚੇ ਦੀ ਆਰਜ਼ੂ ਦੀ ਨਰਮ ਲਮਯਤ ਜਿਹੜੀ ਆਪ ਮੁਹਾਰੀ ਉੱਚੀ ਹੁੰਦੀ ਜਾਂਦੀ ਹੈ, ਕਦੀ ਕੰਵਾਰੀ ਕੰਨ੍ਯਾ ਦੇ ਸ਼ਰਮ ਵਿੱਚ ਰੰਗੇ, ਕਦੀ ਸਜਵਿਆਹੀ ਦੀ ਤੀਬਰ ਨਿਗਾਹ ਦੇ ਵਜ਼ਨਾਂ ਵਿਚ, ਜੀਵਨ ਦੀ ਨਾਜ਼ਕ ਆਬ ਦੀ ਸੋਖੀਆਂ ਨਰਮ ਰਾਗ ਹੋ ਨਿਬੜਦੀਆਂ ਹਨ ।
ਸੋ ਜਦ ਜਿੰਦਾ ਭਾਵਾਂ, ਰੂਹ ਛੋਹਾਂ, ਵਲਵਲਿਆਂ ਦੇ ਨਾਨਾ ਰੰਗ ਲਫ਼ਜ਼ਾਂ ਵਿੱਚ ਭਰੇ ਜਾਂਦੇ ਹਨ, ਯਾ ਦੁਖੜੇ ਗਾਏ ਜਾਂਦੇ ਹਨ, ਯਾ ਸੁਖਾਂ ਦੇ ਦਰਦ ਭਰੇ ਸਵਾਦਾਂ ਦੀ ਖੁਸ਼ਬੂ ਖਿਲਰਦੀ ਹੈ, ਤੇ ਜਦ ਰੂਹ ਰੂਹਾਂ ਨਾਲ ਆਣ ਜੁੜਦੇ ਹਨ, ਉਹ ਸਭ ਸਾਹਿਤ੍ਯ ਹੈ ਭਾਵੇਂ ਉਹ ਜੀਵਨ ਅੱਖਰਾਂ ਵਿੱਚ ਲਿਖਿਆ ਜਾਵੇ ਭਾਵੇਂ ਬੇਅੱਖਰਾ ਹੋਵੇ। ਬੇਅੱਖਰਾ ਸਾਹਿਤ੍ਯ ਪਹਿਲਾਂ ਆਂਵਦਾ ਹੈ ਤੇ ਫਿਰ ਅੱਖਰਾਂ ਵਿੱਚ ਚਿਤ੍ਰਿਤ ਹੁੰਦਾ ਹੈ । ਪੰਜਾਬੀ ਵਿੱਚ ਬੇਅੱਖਰਾ ਸਾਹਿਤ੍ਯ ਆਇਆ, ਗੁਰੂ ਸਾਹਿਬਾਂ ਨੇ ਆਕੇ ਜਿਹੜੀਆਂ ਚਿਣਗਾਂ ਪੰਜਾਬ ਵਿਚ ਸੁੱਟੀਆਂ ਉਨ੍ਹਾਂ ਨਾਲ ਦਿਲ ਬਲ ਉੱਠੇ ।
ਪੂਰਾਤਨ ਪੰਜਾਬੀ ਨਸਰ ਦਾ ਨਮੂਨਾ:-
੧. ਤਬ ਆਗਿਆ ਪ੍ਰਮੇਸਰ ਕੀ ਹੋਈ, ਜੋ ਇਕ ਦਿਨ ਕਾਲੂ ਕਿਹਾ, 'ਨਾਨਕ ਇਹ ਘਰ ਦੀਆਂ ਮਹੀਂ ਹਨ, ਤੂੰ ਚਾਰ ਲੈ ਆਉ' । ਤਬ ਗੁਰੂ ਨਾਨਕ ਮਹੀਂ ਲੈਕਰ ਬਾਹਰ ਗਿਆ, ਤਾਂ ਚਰਾਇ ਲੈ ਆਇਆ । ਫਿਰ ਅਗਲੇ ਦਿਨ ਗਿਆ ਤਾਂ ਮਹੀ ਛੱਡਕੇ ਕਣਕ ਦੇ ਬੰਨੇ ਪੈ ਸੁੱਤਾ, ਤਬ ਮਹੀਂ ਜਾਇ ਕਣਕ ਨੂੰ ਪਈਆਂ, ਤਬ ਕਣਕ ਉਜਾੜ ਦੂਰ ਕੀਤੀ ਤਬ ਇਕ ਭੱਟੀ ਕਿਹਾ, ‘ਭਾਈ ਵੇ ! ਤੈਂ ਜੋ ਖੇਤ ਉਜਾੜਿਆ ਹੈ, ਸੋ ਕਿਉਂ ਉਜਾੜਿਆ ਹੈ ? ਇਸ ਉਜਾੜੇ ਦਾ ਜਵਾਬ ਦੇਹ'। ਤਬ ਗੁਰੂ ਨਾਨਕ ਕਿਹਾ, “ਭਾਈ ਵੇ ! ਤੇਰਾ ਕਿਛੁ ਨਾਹੀਂ ਉਜਾੜਿਆ, ਕਿਆ ਹੋਇਆ ਜਿ ਕਿਸੇ ਮਹੀਂ ਮੂੰਹ ਪਾਇਆ ਖੁਦਾ ਇਸੇ ਵਿੱਚ ਬਰਕਤ ਘੱਤਸੀ। ਤਾਂ ਭੀ ਉਹ ਰਹੇ ਨਹੀਂ, ਗੁਰੂ ਨਾਨਕ ਨਾਲ ਲੱਗਾ ਲੜਨ, ਤਬ ਗੁਰੂ ਨਾਨਕ ਅਤੇ ਭੱਟੀ ਝਗੜਦੇ ਝਗੜਦੇ ਰਾਇ ਬੁਲਾਰ ਪਾਸ ਆਇ ਖੜੇ ਹੋਏ ਤਬ ਰਾਇ ਬੁਲਾਰ ਕਹਿਆ, “ਇਹ ਦਿਵਾਨਾ ਹੈ, ਤੁਸੀ ਕਾਲੂ ਨੂੰ ਸਦਾਵਹੁ" ਤਬ ਕਾਲੂ ਨੂੰ ਸਦਾਇਆ, ਤਬ ਰਾਇ ਬੁਲਾਰ ਆਖਿਆ । “ਕਾਲੂ ਇਸ ਪੁਤ੍ਰ ਨੂੰ ਸਮਝਾਉਂਦਾ ਕਿਉਂ ਨਹੀਂ, ਜੋ ਪ੍ਰਾਈ ਖੇਤੀ ਉਜਾੜ ਆਇਆ ਹੈ? ਭਲਾ ਦਿਵਾਨਾ ਕਰ ਛੋਡਿਆ ਆਹੀ। ਭਾਈ ਵੇ ਏਹ ਉਜਾੜਾ ਜਾਏ ਭਰ ਦੇਹ, ਨਾਹੀਂ ਤਾਂ ਤੁਰਕਾਂ ਪਾਸ ਜਾਇ ਖੜਾ ਹੋਸੀਆ ॥
ਤਬ ਕਾਲੂ ਕਹਿਆ "ਜੀ ਮੈਂ ਕਿਆ ਕਰਾਂ ? ਇਹ ਅਜੇ ਭੀ ਦਿਵਾਨਾ ਫਿਰਦਾ ਹੈ ਤਬ ਰਾਇ ਬੁਲਾਰ ਆਖਿਆ, “ਮੈਂ ਤੇਰੇ ਤਾਈਂ ਗੁਨਾਹ ਬਖਸ਼ਿਆ, ਪਰ ਤੂੰ ਇਸ ਦਾ ਉਜਾੜਾ ਭਰ ਦੇਹ ।
ਤਬ ਗੁਰੂ ਨਾਨਕ ਆਖਿਆ “ਜਾਇ ਦੇਖਹੁ ਉਥੇ ਕਿਛ ਨਾਹੀਂ ਉਜੜਿਆ ਤਬ ਭਟੀ ਕਹਿਆ 'ਜੀ ਮੇਰਾ ਖੇਤ ਉਜੜਿਆ ਹੈ, ਮੇਰੀ ਤਪਾਵਸ ਕਰਿ, ਨਹੀਂ ਤਾਂ ਮੈਂ ਤੁਰਕਾਂ ਪਾਸਿ ਵੈਂਦਾ ਹਾਂ, ਤਬ ਗੁਰੂ ਨਾਨਕ ਆਖਿਆ, ਦੀਵਾਨ ਸਲਾਮਤਿ ! ਜੇ ਹਿਕੁ ਪਠਾ ਰੁੜਿਕਾਟੁਕਿਆ ਹੋਵੈ ਤਾਂ ਜਬਾਬੁ ਕਰਨ, ਪਰੁ ਤੁਸੀ ਆਪਣਾ ਆਦਮੀ ਭੇਜਿ ਕਰ ਦੇਖਹੁ ।
ਫੇਰ ਬਾਬਾ ਚੁੱਪ ਕਰ ਰਹਿਆ ਜਾਂ ਕੁਛ ਬੋਲੇ, ਤਾਂ ਏਹੀ ਵਚਨ ਕਰੇ,ਜੋ “ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ ਹੈ” ਤਬ ਕਾਜੀ ਕਹਿਆ “ਖਾਨ ਜੀ ਇਹ ਭਲਾ ਹੈ ਜੋ ਕਹਿੰਦਾ ਹੈ । ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ ਹੈ, ਤਬ ਖਾਨਿ ਕਹਿਆ “ਜਾਇ ਕਰ ਨਾਨਕ ਫਕੀਰ ਤਾਂਈ ਲੇ ਆਵਹੁ" ਤਾਂ ਪਿਆਦੇ ਗਏ-ਜਾ ਕੇ ਕਹਿਆ, “ਜੀ ਖਾਨ ਬਲਾਇੰਦਾ ਹੈ ਖਾਨ ਕਹਿੰਦਾ ਹੈ, ਅੱਜ ਬਰਾਹਿ ਖੁਦਾਇ ਦੇ ਤਾਈਂ ਦੀਦਾਰ ਦੇਹਿ।
ਤੇ ਇਉਂ ਨਸਰ ਪੰਜਾਬ ਦੇ ਫਕੀਰਾਂ ਤੇ ਖਾਸ ਕਰ ਸਿੱਖ ਫਕੀਰਾਂ ਦੇ ਹੱਥਾਂ ਵਿੱਚ ਖੇਡੀ ਤੇ ਵਡੀ ਹੋਈ, ਤੇ ਹੁਣ ਇਕ ਅਣੋਖਾ ਪਰ ਬਿਲਕੁਲ ਨਿਆ ਰੂਪ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਪੰਜਾਬੀ ਨਸਰ ਨੂੰ ਸਾਡੇ ਜਮਾਨੇ ਵਿੱਚ ਦਿੱਤਾ ਹੈ ਜਿਸ ਰੂਪ ਵਿੱਚ ਇਸ ਵਕਤ ਪੰਜਾਬੀ ਨਸਰ ਪ੍ਰਚਲਤ ਹੈ॥
ਨਮੂਨੇ :-
ਇਕ ਹਿਮਾਂਚਲ ਧਾਰ ਤੇ ਨਾਲ ਲੱਗਦੀ ਤਿੱਬਤ ਦੇ ਹਿਮਈ ਪਹਾੜਾਂ ਦੇ ਵਿੱਚ ਇਕ ਹੇਮ ਕੁੰਟ ਨਾਮੇ ਟਿਕਾਣਾ ਹੈ, ਸੱਤ ਚੋਟੀਆਂ ਸ਼ੋਭ ਰਹੀਆਂ ਹਨ, ਸੱਤੋਂ ਹੀ ਬਰਫ ਦੇ ਟਿਕਾਓ ਨਾਲ ਮਾਨੋਂ ਸੱਤ ਚਾਂਦੀ ਦੇ ਕਲਸ ਬਨ ਰਹੀਆਂ ਹਨ, ਅੰਮ੍ਰਿਤ ਵੇਲੇ ਦਾ ਚੰਦ੍ਰਮਾ ਲੋਪ ਹੋ ਰਿਹਾ ਹੈ, ਸਵੇਰਾ ਆ ਰਿਹਾ ਹੈ, ਪਹੁ ਦਾ ਫੁਟਾਲਾ ਹੋ ਗਿਆ, ਅਕਾਸ਼ ਅੱਜ ਨਿਰਮਲ ਹੈ, ਪੁਰੇ ਵਲ ਲਾਲੀ ਫਿਰ ਗਈ ਹੈ, ਇਸ ਲਾਲੀ ਦਾ ਅਕਸ ਹੇਮ ਕੁੰਟ ਦੀਆਂ ਸੱਤਾਂ ਚੋਟੀਆਂ ਤੇ ਪੈ ਰਿਹਾ ਹੈ। ਦੇਖੋ ਇਨ੍ਹਾਂ ਦਾ ਰੰਗ ਕਿਵੇਂ ਹੋ ਗਿਆ, ਸੂਰਜ ਦੀ ਟਿੱਕੀ ਬਾਹਰ ਨਿਕਲ ਆਈ ਜੇ, ਹੁਣ ਤੱਕੋ ਸੱਤੇ ਚੋਟੀਆਂ ਸੋਨੇ ਵਾਂਗ ਚਮਕ ਪਈਆਂ, ਉਧਰੋਂ ਸੂਰਜ ਦੇ ਸ਼ੁਆ, ਇਧਰੋਂ ਇਨ੍ਹਾਂ ਪਰ ਪੈਂਦੇ ਸੂਰਜ ਦੇ ਸ਼ੁਆਵਾਂ ਦਾ ਇਕ ਦੂਜੇ ਤੋਂ ਆਪਸ ਦੇ ਵਿੱਚ ਪਰਤਵਾਂ ਸਰਤਵਾਂ ਸ਼ੁਆਵਾਂ ਦਾ ਪੈਣਾ, ਇਹ ਦਰਸ਼ਨ ਸੋਨੇ ਦੀ ਚਮਕ ਦਾ ਨਜਾਰਾ ਅੱਖਾਂ ਅੱਗੇ ਬੰਨ੍ਹ ਦੇਂਦਾ ਹੈ, ਇਹ ਹੇਮਕੁੰਟ ਪਰਬਤ ਹੈ । ਬਰਫਾਨੀ ਚੋਟੀਆਂ ਦੇ ਹੇਠਾਂ ਇਕ ਨਿਵਾਣ ਹੈ, ਛੋਟਾ ਪੱਧਰਾ ਜਿਹਾ ਥਾਉਂ ਹੈ । ਇਕ ਪਾਣੀ ਦਾ ਚਸ਼ਮਾ ਨਿਕਲਦਾ ਹੈ, ਕਾਦਰ ਦੀਆਂ ਕੁਦਰਤਾਂ ਬਰਫਾਂ ਦੇ ਘਰ ਵਿੱਚ ਤੱਕੋ, ਇਹ ਚਸ਼ਮਾ ਗਰਮ ਪਾਣੀ ਦੇ ਰਿਹਾ ਹੈ ਥੋੜ੍ਹੀ ਥੋੜ੍ਹੀ ਵਿੱਥ ਤੇ ਚੁਫੇਰੀ ਚਿਟਾਨਾਂ ਦੇ ਹੇਠਾਂ ਖੁੱਲ੍ਹੇ ਬੈਠਣ ਜੋਗੇ ਥਾਂ ਹਨ, ਕਿਤੇ ਕਿਤੇ ਇਨ੍ਹਾਂ ਵਿੱਚ ਕੁਟੀ ਪਈ ਹੈ ਇਨ੍ਹਾਂ ਕੁਟੀਆਂ ਵਿੱਚ ਤਪਸਵੀ ਵਸਦੇ ਹਨ, ਹੇਮਕੁੰਟ ਦੀ ਵਾਦੀ ਬਾਰਾਂ ਮਹੀਨੇ ਬਰਫਾਨੀ ਨਹੀਂ ।
ਸਿਆਲ ਵਿੱਚ ਬਰਫ ਪੈਂਦੀ, ਹੁਨਾਲ ਵਿੱਚ ਬਰਫ ਪਿੰਗਰ ਟੁਰਦੀ ਹੈ, ਪਰ ਤਦ ਵੀ ਚੜ੍ਹਦੇ ਸੂਰਜ ਦੀ ਲਾਲੀ ਕੁਛ ਐਸੀ ਪਰਤਵੀਂ ਪੈਂਦੀ ਹੈ ਕਿ ਲਾਲੀ ਦਾ ਝਾਉਲਾ ਸੱਤਾਂ ਪਹਾੜੀਆਂ ਨੂੰ ਪ੍ਰੋ ਲੈਂਦਾ ਹੈ !
............................
ਅੱਜ ਚੰਦ ਨਹੀਂ ਚੜ੍ਹਿਆ, ਪਰ ਚੰਦਾ ! ਸੁੰਦ੍ਰਤਾ ਨਿਰੀ ਤੇਰੀ ਹੀ ਤਾਂ ਮੁਥਾਜ ਨਹੀਂ । ਸੁੰਦ੍ਰਤਾ ਇਕ ਇਲਾਹੀ ਜਲਵਾ ਹੈ, ਕਦੇ ਤੇਰੇ ਵਿੱਚੋਂ ਝਾਤੀਆਂ ਮਾਰਦੀ ਹੈ ਕਦੇ ਵਹਿੰਦੇ ਪਾਣੀਆਂ ਵਿੱਚੋਂ ਝਾਕੇ ਦੇਂਦੀ ਹੈ, ਕਦੇ ਪਹਾੜਾਂ ਵਿੱਚੋਂ ਉੱਮਲ ਉੱਮਲ ਪੈਂਦੀ ਹੈ, ਕਦੇ ਬਨਸਪਤੀ ਵਿੱਚੋਂ ਮੌਲ ਉੱਠਦੀ ਹੈ, ਕਦੇ ਬਿਜਲੀ ਦੀ ਡਰਾਉਣੀ ਗੜਗੱਜ ਵਿੱਚੋਂ ਲਿਸ਼ਕਾਰਾ ਮਾਰ ਜਾਂਦੀ ਹੈ, ਕਦੇ ਸਮੁੰਦਰ ਦੀਆਂ ਲੈਹਰਾਂ ਵਿੱਚੋਂ ਤਰ ਆਉਂਦੀ ਹੈ, ਕਦੇ ਗਲੇ ਦੀਆਂ ਨਾਲੀਆਂ ਤੇ ਸਾਜਾਂ ਦੀਆਂ ਤਾਰਾਂ ਤੋਂ ਪ੍ਰਕਾਸ਼ ਪਾਂਦੀ ਹੈ, ਕਦੇ ਮੈਦਾਨ ਜੰਗ ਦੇ ਗੋਲਿਆਂ ਵਿੱਚੋਂ ਕੂਕ ਦੇ ਜਾਂਦੀ ਹੈ,
ਉਹ ਹੁਲਾਰਾ ਚਿੱਤ ਨੂੰ ਸਾਰੇ ਦਿੱਸਣ ਵਾਲੇ ਨਜ਼ਾਰੇ ਤੋਂ ਤੋੜਕੇ ਆਪਣੇ ਸਰੂਪ ਵਿੱਚ ਦੇਖਣ ਹਾਰ ਨੂੰ ਦੇਖਣ ਹਾਰ ਵਿੱਚ-ਜੋੜ ਜਾਂਦਾ ਹੈ। ਓਹ-ਅੱਖ ਫਰਕਨ ਜਿੰਨੇ ਚਿਰ ਵਿੱਚ-ਉਸ ਰਸ ਦਾ ਝਲਕਾ ਮਾਰ ਜਾਂਦਾ ਹੈ, ਜੋ ਅੱਖਾਂ, ਨੱਕ, ਜੀਭ ਤੇ ਸਰੀਰ ਦੇ ਰਸ ਤੋਂ ਵੱਖਰਾਂ ਛੇਵਾਂ ਰਸ ਹੈ ਜੋ ਅੰਦਰਲੇ ਦੇਖਣ ਹਾਰ ਦੇ ਦੀਸਣ ਹਾਰ ਤੋਂ ਛੁਟਿਆਂ ਆਪੇ ਵਿੱਚ ਆਯਾਂ ਖੁਲ੍ਹਦਾ ਹੈ ਤੇ ਦਸਦਾ ਹੈ ਕਿ ਦੇਖ :
"ਜੇਤੇ ਘਟ ਅੰਮ੍ਰਿਤ ਸਭ
ਹੀ ਮੈ ਭਾਵੈ ਤਿਸੈ ਪਿਆਈ”
ਘਰ ਦੇ ਅੰਦਰ ਬੈਠਿਆਂ ਬਜ਼ਾਰ ਵਿੱਚੋਂ ਸੁੰਦਰ ਧੁਨੀ ਵਾਜਿਆਂ ਤੁਤੀਆਂ ਦੀ ਆਉਂਦੀ ਹੈ, ਰਾਗ ਦੀ ਸੁੰਦ੍ਰਤਾ ਸਾਡੇ ਮਨ ਉੱਤੇ ਅਸਰ ਕਰਦੀ ਹੈ, ਮਨ ਆਪਣੇ ਵਿੱਚ ਕੱਠਾ ਹੋ ਜਾਂਦਾ ਹੈ, ਨੈਣ ਮੁੰਦ ਜਾਂਦੇ ਹਨ, ਰਸ ਆ ਜਾਂਦਾ ਹੈ। ਰਾਗ ਦੀ ਸੁੰਦ੍ਰਤਾ ਨੇ ਚਿੱਤ ਨੂੰ ਚਿੱਤ ਵਿੱਚ ਜੋੜ ਦਿੱਤਾ ਹੈ, ਬ੍ਰਿਤੀ ਚੜ੍ਹ ਗਈ ਹੈ।
ਜੇ ਕਦੇ ਬੰਦੇ ਨੂੰ ਏਹ ਸਮਝ ਪੈ ਜਾਵੇ ਕਿ ਹਰ ਪ੍ਰਕਾਰ ਦੀ ਸੁੰਦ੍ਰਤਾ ‘ਕਲਯਾਨ ਕਾਰੀ' ਤਾਕਤ ਹੈ, ਮੁਕਤੀ ਦਾਤਾ ਹੈ, ਰਸ ਦਾਤਾ ਹੈ, ਸੋਚ ਦੇ ਮੰਡਲ ਵਿੱਚੋਂ ਖਲਾਸੀ ਦੇਕੇ ਰਸ ਦੇ ਮੰਡਲ ਵਿੱਚ ਲੈ ਜਾਣ ਵਾਲੀ ਦੇਵੀ ਹੈ ਤਾਂ ਕਲਯਾਣ ਖਬੇ ਹੱਥ ਦੀ ਖੇਡ ਹੈ।
********
ਗਲ ਬਾਤ ਵਿੱਚ ਮਨੁੱਖੀ ਦਿਲ ਦੇ ਭਾਵਾਂ ਦੀ ਜਵਾਹਾਰਾਤ ਖੋਹਲ ਕੇ ਰੱਖ ਦੇਣ ਦੀ ਅਚਰਜ ਕਰਾਮਾਤ ਭਾਈ ਸਾਹਿਬ ਨੇ ਆਪਣੇ ਗੁਰ ਪੁਰਬ ਟ੍ਰੈਕਟਾਂ ਵਿੱਚ ਹਰ ਥਾਂ ਪੰਜਾਬੀ ਨਸਰ ਵਿੱਚ ਦੱਸੀ ਹੈ। ਪਦਮਾਂ ਟ੍ਰੈਕਟ ਵਿੱਚ ਜਿੱਥੇ ਪਹਾੜੀ ਰਾਜਿਆਂ ਦੀਆਂ ਰਾਣੀਆਂ ਅਕੱਠੀਆਂ ਗੱਲਾਂ ਕਰਦੀਆਂ ਹਨ ਉਹ ਸਾਰੇ ਦਾ ਸਾਰਾ ਹਿੱਸਾ ਇੱਥੇ ਅਸੀ ਦਿੰਦੇ ਹਾਂ ॥
* * *
ਪਦਮਾ-ਸੁਣਾਓ ਬਾਈ ਧਾਰ ਦੇ ਸ਼ੱਤਰੂ ਨਾਲ ਸੁਲਾਹ ਸਫਾਈ ਹੋ ਗਈ ?
ਰਾਣੀ ਗੁਲੇਰਨ-ਐਉਂ ਨਾ ਕਹੋ ਦੁਲਾਰੀ ਜੀ ਓਹ ਤਾਂ ਪ੍ਯਾਰ ਦਾ ਅਵਤਾਰ ਹਨ, ਡਿੱਠੇ ਸੁਣੇ ਦਾ ਫਰਕ ਹੈ।
ਰਾਣੀ ਡਡਵਾਲਨ-ਸਾਰੇ ਰਾਜਿਆਂ ਦੀ ਮੱਤ ਮਾਰੀ ਹੋਈ ਸੀ, ਜੁ ਇਸ ਮੋਹਣੀ ਮੂਰਤ ਨਾਲ ਜਿਸਦੇ ਚਰਨ ਚੁੰਮਣੇ ਚਾਹੀਦੇ ਸਨ, ਮੱਥੇ ਲਾਈ ਰੱਖੇ ਨੇ ।
ਰਾਣੀ ਸ੍ਰੀ ਨਗ੍ਰਨ-ਸੰਭਾਲਕੇ ਬੋਲ, ਘਰ ਵਾਲੇ ਦੇ ਘਰ ਨਹੀਓਂ ਵੱਸਣਾ, ਜੇ ਕਿਤੇ ਪਤਾ ਲੱਗ ਗਿਆ ਤਾਂ ਧੱਕਾ ਨਾ ਮਿਲ ਜਾਈ ।
ਰਾਣੀ ਡਡਵਾਲਨ-ਕਿਸਦੀ ਮਜਾਲ ਹੈ? ਖਸਮ ਨੂੰ ਨੋਕ ਨਾਲ ਬੰਨਕੇ ਰੱਖੀਦਾ ਹੈ ।
ਰਾਣੀ ਕਿਓਂਥਲਨੀ-ਰਾਮ ਰਾਮ! ਪਤੀਬ੍ਰਤਾ ਧਰਮ ਤੇਰਾ ਏਹੀ ਹੈ ?
ਰਾਣੀ ਡਡਵਾਲਨ-ਡਿੱਠਾ ਨੀ ਤੁਹਾਡਾ ਪਤੀਬ੍ਰਤ ਧਰਮ, ਸੌ ਜਾਦੂ ਤੇ ਲਖ ਟੂਣਾ। ਖਸਮ ਮੁੱਜੂ ਵੱਸ ਕਰਨ ਦੇ ਕਾਮਟ ਦਿਨੇ ਰਾਤ ! ਇਹੋ ਪਤੀਬ੍ਰਤ ਧਰਮ ਹੈ, ਨਾਲੇ ਨਿਖਸਮੇ ਖਸਮ ਇਸਤ੍ਰੀ-ਬ੍ਰਤ ਧਰਮ ਲਈ ਬੈਠੇ ਹਨ ।
ਰਾਣੀ ਨੂਰਪੁਰਨ-ਸੱਚ ਕਿਹਾ ਹੀ ਬਥੇਰੀ ਸੇਵਾ ਕੀਤੀ, ਆਪਾ ਮਾਰਕੇ ਸਦਕੇ ਹੋਈ, ਦਿਨ ਰਾਤ ਇੱਕ ਕੀਤੇ, ਛੇਕੜ ਖਸਮਾਂ ਖਾਣਾ ਚੰਬੇ ਦੀ ਇੱਕ ਭਿੱਟਣ ਤੇ ਰੀਝ ਪਿਆ। ਲੈ ਹੁਣ ਓਹ ਰਾਣੀ ਤੇ ਮੈਂ ਗੋਲੀ। ਤਾਪ ਸੜੀ ਘਰ ਰਹ ਗਈ; ਨਹੀਂ ਤਾਂ ਮੈਨੂੰ ਕਿਨ੍ਹੇਂ ਏਥੇ ਲਿਆਉਣਾ ਸੀ ਏਨ੍ਹਾਂ ਮਰਦਾਂ ਦਾ ਕੋਈ ਵਸਾਹ ਨਹੀਂ ।
ਰਾਣੀ ਭੁੱਟਣ-ਹੈ ਤਾਂ ਸੱਚ, ਪਰ ਸਾਨੂੰ ਕੀਹ ? ਕਰੇਗਾ ਸੋ ਭਰੇਗਾ, ਅਸੀ ਆਪਣੀ ਨਿਬਾਹੀਏ ਸਾਡਾ ਪਤੀਬ੍ਰਤ ਧਰਮ ਸੀਤਾ ਵਰਗਾ ਨਿਭੇਗਾ । ਰਾਮ ਦੀ ਰਾਮ ਜਾਣੇ, ਅੱਗ ਵਿੱਚ ਪਾਏ ਕਿ ਬਨ ਨੂੰ ਤੋਰੇ ।
ਪਦਮਾ-( ਮੁਸਕਰਾ ਕੇ ਆਪਣੇ ਆਪ ਵਿੱਚ ) ਚੰਗੀ ਵਿੱਦਵਾਨ ਹੈ।
ਰਾਣੀ ਨਾਹਨ-ਭੈਣੇ ! ਜੇਹੀ ਬਣੀ ਤੇਹੀ ਸਾਰ ਲਈ। ਸਦਾ ਪਰਛਾਵੇਂ ਟਿਕੇ ਹਨ, ਕਿ ਕਦੇ ਸੂਰਜ ਦੀ ਟਿੱਕੀ ਸਦਾ ਸਿਖਰੇ ਥਿਰ ਰਹੀ ਹੈ ? ਸਭ ਕੁਛ ਢਲਨਹਾਰ ਹੈ । ਰੋਸ ਕਿਉਂ ਤੇ ਦੋਸ ਕਾਸ ਨੂੰ ?
ਰਾਣੀ ਡਡਵਾਲਨ-ਸਾਰੇ ਤੁਹਾਡੇ ਗ੍ਯਾਨ ਮੈਂ ਜਾਣਦੀ ਹਾਂ । ਉੱਤੋਂ ਮੂੰਹ ਚੋਪੜੀਆਂ ਤੇ ਵਿੱਚੋਂ ਮੂੰਹ ਮੀਟੀਆਂ ਪਰਾ-ਕੜੀਆਂ । ਜਿਨ੍ਹਾਂ ਤੇ ਪੈ ਗਈਆਂ ਸੌਂਕਣਾਂ ਤੇ ਸੌਂਕਣਾਂ ਦੀਆਂ ਚੜ੍ਹ ਪਈਆਂ ਗੁੱਡੀਆਂ ਓਹ ਤਾਂ ਸਭ ਬ੍ਰਹਮ ਗ੍ਯਾਨਣਾਂ ਹੋ ਗਈਆਂ, ਤੇ ਜਿਨ੍ਹਾਂ ਦੀ ਚੜ੍ਹ ਰਹੀ ਹੈ ਆਪਣੀ ਗੁੱਡੀ, ਉਹ ਬਣ ਬੈਠੀਆਂ ਪਤੀਬ੍ਰਤਾ । ਇਹੋ ਕੁਛ ਕਿ ਹੋਰ? (ਸਾਰੀਆਂ ਹੱਸ ਪਈਆਂ) ।
ਰਾਣੀ ਕਹਲੂਰਨ-ਖਰੀਆਂ ਪਈ ਕਹਿਨੀਏਂ। ਡਰ- ਨੀਏਂ ਨਹੀਂ । ਜੇ ਰਾਜੇ ਕੰਨੀਂ ਪਹੁੰਚ ਪਈਆਂ ਤਾਂ ਤੇਰੀ ਚੜ੍ਹੀ ਗੁੱਡੀ ਨਾਂ ਕੱਟੀ ਜਾਏ ?
ਰਾਣੀ ਡਡਵਾਲਨ-ਕੱਟੀ ਜਾਏ ਤਾਂ ਜਾਏ ਕੱਟੀ, ਮਾਰੀ ਜੁੱਤੀ ਤੋਂ ਖਾਣਾ ਹੈ ਖੱਟਿਆ ਕਰਮ ਦਾ ।
ਜਦ ਤੋੜੀ ਹੈ ਯਾਵਰੀ ਕਰਮ ਵਿੱਚ, ਲਿਖਾਂਗੀ ਨੋਕ ਤੇ ਖਸਮ, ਤੇ ਨੋਕ ਤੇ ਰਾਜਾ । ਜਦੋਂ ਦਿੱਤੀ ਹਾਰ ਕਰਮ ਨੇ, ਬਾਹੁੜੀ ਕਰਨੀ ਨਾਂ ਰੂਪ ਨੇ, ਨਾਂ ਅਕਲ ਨੇ, ਨਾਂ ਮਿਣਮਿਣ ਨੇ ਤੇ ਨਾਂ ਇਨ੍ਹਾਂ ਗਯਾਨਾਂ ਧ੍ਯਾਨਾਂ ਨੇ ।
ਰਾਣੀ ਸੁਕੇਤਣ-ਭੈਣੇ! ਡਰੀਏ ਕਰਮ ਦੀ ਗਤੀ ਦਾ ਕੀ ਪਤਾ ? ਸੀਤਾ ਨਾਂ ਬਚੀ, ਰਾਧਾਂ ਐਡੇ ਕਰਮਾਂ ਵਾਲੀ ਸੁਕਦੀ ਸੁੱਕ ਗਈ, ਹੋਰ ਕਿਸੇ ਦੀ ਗੱਲ ਹੈ ?
ਰਾਣੀ ਡਡਵਾਲਨ-ਫੇਰ ਤੇਰੀ ਕੀ ਮਰਜ਼ੀ ਹੈ, ਅੱਗੋਂ ਹੀ ਪਏ ਡਰ ਡਰ ਮਰੀਏ ? ਜਦੋਂ ਕਰਮ ਦੀ ਗੁੱਡੀ ਚੜ੍ਹੀ ਹੋਵੇ ਓਦੋਂ ਭੈ ਨਾਲ ਮਰੀਏ, ਜਦੋਂ ਕੱਟੀ ਜਾਵੇ ਤਦੋਂ ਦੁੱਖਾਂ ਵਿੱਚ ਸੜੀਏ, ਕੋਈ ਘੜੀ ਉਤਲੇ ਸਾਹ ਦੀ ਨਾ ਆਵੇ ?
ਰਾਣੀ ਸੁਕੇਤਣ-ਨਹੀਂ, ਮੈਂ ਇਹ ਤਾਂ ਨਹੀਂ ਕਹਿੰਦੀ ਮੈਂ ਤਾਂ ਕਿਹਾ ਹੈ ਕਰਮ ਦਾ ਬੀ ਕਾਹਦਾ ਮਾਣ ? ਕਰਮ ਕੋਈ ਪੱਕਾ ਥੋੜ੍ਹਾ ਹੈ ?
ਰਾਣੀ ਡਡਵਾਲਨ-ਜਦ ਤਕ ਸਹੀ, ਤਦ ਤਕ ਸਹੀ।
ਸਾਰੇ ਪੰਡਤ ਜਗਤ ਨੂੰ ਦੁਖ ਰੂਪ ਦਸਦੇ ਹਨ । ਸੋ ਇਸ ਸਰਬਥਾ ਦੁਖ-ਰੂਪ ਵਿੱਚ ਜੋ ਘੜੀ ਸੁਖ ਦੀ ਮਿਲ ਗਈ ਸੋਈ ਸਹੀ, ਓਸਨੂੰ ਕਿਉਂ ਖਰਾਬ ਕਰੀਏ ।
ਰਾਣੀ ਕਹਲੂਰਨ-ਗੱਲ ਕਰਦਿਆਂ ਕੰਧ ਤੋਂ ਡਰੀਏ, ਤੇ ਤੂੰ ਜੀਉਂਦੇ ਕੰਨਾਂ ਤੋਂ ਨਹੀਂ ਡਰਨੀਏਂ, ਕਿੰਨੇ ਪਏ ਸੁਣਦੇ ਹਨ, ਜੇ ਕੰਨੀਂ ਜਾ ਚੜ੍ਹੀਆਂ ਤਾਂ ਰਵਾਲਸਰ ਵਿੱਚ ਹੀ ਡੇਰਾ ਨਾਂ ਲੱਗ ਜਾਏ ?
ਰਾਣੀ ਡਡਵਾਲਨ-ਮੇਰਾ ਕਿ ਖਸਮ ਦਾ ? ਸਾਰੀਆਂ-ਰਾਮ ? ਰਾਮ !!
ਰਾਣੀ ਸ੍ਰੀ ਨਗਰਨ-ਤੇਰੀ ਕੈਂਚੀ ਜੀਭ ਸੜੇ, ਘਰ ਵਾਲੇ ਨੂੰ ?
ਰਾਣੀ ਡਡਵਾਲਨ-ਡਿੱਠਾ ਨੀ ਘਰ ਵਾਲਾ, ਐਡਾ ਡੋਬਣ ਵਾਲਾ । ਚਾਰ ਹੇਠ ਤੇ ਪੰਜ ਉੱਤੇ ਧਰ ਕੇ ਰੱਖੀਆਂ, ਨੱਕ ਵਿੱਚ ਪਾਈ ਨਕੇਲ ਤੇ ਕਿਹਾ ਨੱਚੋਂ ਜੀ ਮਹਾਰਾਜ । (ਚੁਫੇਰੇ ਤਕ ਕੇ) ਨੱਕ ਭਰਵੱਟੇ ਨਾ ਵੱਟੋ ਅੜੀਓ !
ਤੇ ਨਾਂ ਟੁੱਕੋ ਬੁੱਲ੍ਹ, ਖਰੀਆਂ ਖਰੀਆਂ ਲਓ ਸੁਣ, ਅੰਦਰੋਂ ਸਾਰੀਆਂ ਮੈਥੋਂ ਵੱਧ ਹੋ, ਉੱਤੋਂ ਪਈਆਂ ਮੇਮਣੀਆਂ ਬਣੋਂ। ਮੈਂ ਕਹਿੰਦੀ ਹਾਂ ਖਰੀ ਗੱਲ, ਤੇ ਕਹਾਂਗੀ ਖਸਮ ਦੇ ਮੂੰਹ ਤੇ ਮੈਨੂੰ ਤਾਂ ਜਦੋਂ ਕਹਿੰਦਾ ਹੈ ਨਾਂ ਕਿ ਮੇਰਾ ਉਹ ਪ੍ਯਾਰ ਹੈ ਜੋ ਰਾਮ ਜੀ ਦਾ ਸੀਤਾ ਨਾਲ ਸੀ, ਤਾਂ ਮੈਂ ਥੱਥਾ ਨਹੀਂ ਰਖਦੀ, ਮੂੰਹ ਤੇ ਮਾਰਨੀ ਹਾਂ ਸੱਚੀ: ਡਿੱਠਾ ਜੀ ਤੁਹਾਡਾ ਪ੍ਯਾਰ, ਮੈਥੋਂ ਪਹਿਲਾਂ ਚਾਰ ਵਿਆਹ ਹੋ ਚੁੱਕੇ, ਚਾਰੇ ਰਾਜਿਆਂ ਦੀਆਂ ਧੀਆਂ, ਇਕ ਤੋਂ ਇਕ ਚੜ੍ਹਦੀਆਂ, ਗੁਣਾਂ ਵਾਲੀਆਂ ਮੈਂ ਤਾਂ ਕਿਸੇ ਦੇ ਪੈਰਾਂ ਦੀ ਤਲੀ ਜੇਹੀ ਬੀ ਨਹੀਂ, ਉਹ ਤੁਸਾਂ ਤਾਹ ਸੁੱਟੀਆਂ, ਤੇ ਮੇਰੇ ਨਾਲ ਕਦ ਨਿਭਣ ਲੱਗੇ ਹੋ—ਤੁਸਾਂਨੂੰ ਮਰਦਾਂ ਨੂੰ ਕਿਸੇ ਨਾਲ ਪ੍ਯਾਰ ਨਹੀਂ, ਨਵੇਂ-ਪਨ ਨਾਲ ਮੋਹ ਹੈ। ਜਿਸ ਤਰਾਂ ਬਾਲ ਓਸ ਤਰਾਂ ਮਰਦ । ਨਿੱਤ ਨਵੇਂ ਖਡੌਣੇ ਨਾਲ ਪ੍ਯਾਰ ਪੁਰਾਣੇ ਭੰਨੇ, ਨਵੇਂ ਹੋਰ ।
ਰਾਣੀ ਸ੍ਰੀ ਨਗ੍ਰਨ- ਫੇਰ ਗੁੱਸੇ ਨਹੀਂ ਹੋ ਜਾਂਦੇ ?
ਰਾਣੀ ਡਡਵਾਲਨ-ਹੋ ਪੈਣ ਤਾਂ ਹੋ ਪੈਣ, ਮੈਂ ਤਾਂ ਸਿਰ ਤਲੀ ਤੇ ਧਰੀ ਬੈਠੀ ਹਾਂ । ਚਾਰ ਚਿਖਾਂ ਜੋ ਸਾਹਮਣੇ ਬਲਦੀਆਂ ਦੇਖਦੀ ਹਾਂ, ਪੰਜਵੀਂ ਆਪਣੀ ਸਮਝਦੀ ਹਾਂ ਬੀੜੀ ਜਾ ਰਹੀ ਹੈ, ਪਰ ਜਦੋਂ ਪਊਂ ਓਦੋਂ ਸੜੂੰ । ਮੈਂ ਕਹਿੰਦੀ ਹਾਂ ਮੈਂ ਅੱਗੋਂ ਹੀ ਕਿਉਂ ਚੁੜ ਚੁੜ ਮਰਾਂ ? ਜਦ ਤੱਕ ਸਹੀ ਤਦ ਤੱਕ ਸਹੀ । ਏਹੋ ਮੈਂ ਖਸਮ ਦੇ ਮੂੰਹ ਤੇ ਮਾਰਨੀ ਹਾਂ, ਸਾਫ ਆਖਦੀ ਹਾਂ। ਕਰਮਾਂ ਦੀ ਯਾਵਰੀ ਹੈ, ਤੁਹਾਡੀ ਮੁਹੱਬਤ ਪਰਛਾਵਾਂ ਹੈ।
ਰਾਣੀ ਸੁਕੇਤਣ-ਧੰਨ ਤੂੰ ਹੈਂ, ਸਾਡੀ ਤਾਂ ਸਹਿਮਾਂ ਨਾਲ ਜਾਨ ਸੁੱਕੀ ਰਹਿੰਦੀ ਹੈ।
ਰਾਣੀ ਮੰਡਨੀ-ਵੇਖਣਾਂ ਕਿਤੇ ਏਸ ਦੀ ਰੀਸ ਨਾਂ ਕਰ ਬਹਿਣੀ । ਕੁੱਬੇ ਨੂੰ ਲੱਤ ਕਾਰ ਆ ਗਈ ਹੋਵੇ ਤਾਂ ਨਾਜ਼ਕ ਲੱਕ ਵਾਲੇ ਨੂੰ ਪੁੱਠੀ ਪਵੇਗੀ, ਭੈਣੋ ! ਆਪ ਆਪਣੇ ਥਾਂ ਸਮਝਕੇ ਵਰਤਣਾਂ । ਏਸ ਮੂੰਹ-ਪਾਟੀ ਦੀ ਕਦੇ ਰੀਸ ਨਾ ਕਰਨੀ।
ਰਾਣੀ ਡਡਵਾਲਨ-ਸੁਣ ਲਓ ਕਥਾ ਪੰਡਤਾਣੀ ਦੀ। ਖੂਬ ਡਰਿਆ ਕਰੋ, ਸੜਿਆ ਕਰੋ, ਕੁੜ੍ਹਿਆ ਕਰੋ, ਮਿਣਮਿਣ ਕਰਿਆ ਕਰੋ । ਇਹ ਜੇ ਸਤ ਧਰਮ, ਇਹੋ ਜੇ ਪਤੀਵਰਤ । ਉੱਤੋਂ ਠੰਡੇ ਵਿੱਚੋਂ ਆਵੇ ਦੀ ਅੱਗ ਵਾਂਙੂ। ਠੀਕ ਹੈ ਨਾਂ ?
ਰਾਣੀ ਕੁਲੂਵਾਲ -ਡਡਵਾਲਨੇ ! ਮੈਂ ਆਖਾਂ ਸੱਚੀ, ਮੇਰੇ ਗਲ ਨਾਂ ਅੜੀਏ ਪੈ ਜਾਈਂ, ਕਹਿੰਦੀ ਤਾਂ ਤੂੰ ਖਰੀਆਂ ਹੈ, ਪਰ ਯੋਗ ਨਹੀਂ । ਅਸਲ ਗੱਲ ਇਹ ਹੈ ਕਿ ਜਿੱਥੇ ਸਾਉਕਾ ਹੋਊ ਓਥੇ ਯਾ ਸਾੜਾ ਤੇਰੇ ਵਾਙੂ ਜਿੰਦ ਤਲੀ ਉੱਤੇ ਤੇ ਜੀਭ ਮੱਥੇ, ਦੁੱਖ ਜ ਹੈ ਤਾਂ ਸਾਉਕੇ ਦਾ । ਏਹਨਾਂ ਬਾਹਮਣਾਂ ਨੂੰ ਕੁਛ ਦੇਈਏ ਦਵਾਈਏ ਜੋ ਇਹ ਵੈਦ ਵਾਕ ਕੱਢ ਦੇਣ ਕਿ ਦੂਜਾ ਵਿਆਹ ਪਾਪ ਹੈ ਤਾਂ ਫਿਰ ਪਤੀ ਨਿਭ ਜਾਣ ਤੇ ਸਾਡੇ ਅੰਦਰੀਂ ਬੀ ਸਾੜੇ ਜਾਂ ਬੇਅਦਬੀ ਦੇ ਭਾਵ ਨਾਂ ਆਉਣ ।
ਰਾਣੀ ਡਡਵਾਲਨ-ਆਖੀ ਤਾਂ ਸੱਚੀ ਹੈ, ਤੇਰੇ ਕਹੇ ਨੂੰ ਸਿਰ ਮੱਥੇ ਤੇ ਰੱਖਣੀ ਹਾਂ, ਪਰ ਕਰ ਵੇਖ ਜੇ ਪੇਸ਼ ਚਲਦੀ ਊ ਤਾਂ । ਭੈਣੇਂ ! ਸਾਥੋਂ ਗ੍ਰੀਬ ਚੰਗੇ । ਚਾਰ ਆਨੇ ਲਿਆਕੇ ਰਾਤ ਨੂੰ ਵਹੁਟੀ ਗੱਭਰੂ ਪ੍ਯਾਰ ਨਾਲ ਤਾਂ ਵੰਡ ਖਾਂਦੇ ਹਨ ਨਾਂ, ਨਾਂ ਸਹੀ ਸੰਸਾਰ ਦੇ ਸੁਖ, ਪਰ ਆਪੋ ਵਿੱਚ ਮੋਹ ਤੇ ਇਤਬਾਰ ਦਾ ਸੁਖ ਸਿਰ ਸੁਖਾਂ ਦੇ ਸੁਖ ਹੈ । ਮੈਂ ਖਸਮ ਨੂੰ ਹੁਕਮ ਵਿੱਚ ਟੋਰਦੀ ਹਾਂ, ਸੁਖੀ ਹਾਂ, ਮੈਂ ਡਰਦੀ ਨਹੀਂ, ਮੂੰਹ ਤੇ ਸੁਣਾਂਦੀ ਹਾਂ, ਜੋ ਮੈਂ ਤੁਸਾਡੇ ਸਾਹਮਣੇ ਕਹੀਆਂ, ਓਹ ਉਹਦੇ ਮੂੰਹ ਤੇ ਆਖਦੀ ਹਾਂ, ਪਰ ਫੇਰ ਮੈਂ ਦੁਹਾਈ ਦੇਕੇ ਆਖਦੀ ਹਾਂ ਕਿ ਜੇ ਮੈਂ ਮਜੂਰ ਦੀ ਵਹੁਟੀ ਹੁੰਦੀ, ਇੱਕ ਡੰਗ ਲੱਭਦਾ, ਇੱਕ ਨ ਲੱਭਦਾ, ਆਪ ਭਰਦੀ, ਆਪ ਪੀਂਹਦੀ, ਆਪ ਪਕੌਂਦੀ, ਥੱਕੇ ਪਤੀ ਦੇ ਅੱਗੇ ਧਰਦੀ, ਉਹ ਖਾਂਦਾ ਤੇ ਸੱਜਰੇ ਪਾਣੀ ਦਾ ਘੁੱਟ ਪੀਕੇ ਮੇਰੇ ਵਲ ਪ੍ਯਾਰ ਨਾਲ ਤੱਕਦਾ, ਤਾਂ ਮੈਂ ਜੀਉ ਜੀਉ ਪੈਂਦੀ । ਉਹ ਸੱਚੇ ਪ੍ਯਾਰ ਦੀ ਚਿਤਵਨ ਉਹ ਅੰਦਰਲੇ ਨੇਹੁੰ ਦੀ ਦ੍ਰਿਸ਼ਟ, ਜਗਤ ਓਸ ਤੋਂ ਵਾਰ ਸੁੱਟਾਂ । ਓਸ। ਇੱਕ ਨਜ਼ਰ ਉਤੋਂ ਸਾਰੀ ਸਦਕੇ ਹੋ ਜਾਵਾਂ । ਮੇਰਾ ਦਿਲ, ਮੇਰੇ ਸੁਆਮੀ ਦਾ ਦਿਲ, ਇੱਕ ਝਰਨਾਟ ਵਿੱਚ ਝਿਰਦੇ । ਫੇਰ ਦੁੱਖ ਕੀਹ ਤੇ ਭੁੱਖ ਕੀਹ ? ਗ੍ਰੀਬੀ ਕੀਹ ਤੇ ਬਿਦੇਸ ਕੀ ? ਕੋਈ ਦੁੱਖ ਫੇਰ ਦੁੱਖ ਨਹੀਂ । ਅਸਲ ਗੱਲ ਇਹ ਹੈ ਕਿ ਅਮੀਰੀ ਮਨ ਦੇ ਸੁਖ ਦੀ ਵੈਰਨ ਹੈ।
ਪਦਮਾ-ਮੇਰੀਓ ਵੱਡੀਓ ਤੇ ਸਤਿਕਾਰ ਯੋਗ ਵੱਡੀਓ! ਤੁਸੀਂ ਲੱਗ ਪਈਆਂ ਜੇ ਆਪਣੀ ਗੱਲੀਂ, ਤੇ ਮੈਂ ਕਰਨੀਆਂ ਸਨ ਹੋਰ ਗੱਲਾਂ । ਆਖੋ ਤਾਂ ਛੇੜਾਂ ?
ਰਾਣੀ ਡਡਵਾਲਨ-ਆਹੋ ਨੀ ਆਹੋ ਭੜਾਕੂਏ ! ਕਰਨੀਆਂ ਸੂ ਗੱਲਾਂ । ਤੇਰੀ ਗੱਲੀਂ ਚੌਲ ਜੂ ਹੋਏ, ਨਾਂ ਹੱਡ ਪਏ । ਸੁਖੀ ਵਸਨੀਏਂ, ਛੜੀ ਛਾਂਟ । ਨਾ ਲਾਲਚ ਕੀਤਾ ਤੇ ਨਾਂ ਪਏ ਮਾਮਲੇ । ਤੈਨੂੰ ਤਾਂ ਹੋਰ ਹੋਰ ਗੱਲਾਂ ਭਾਉਂਣੀਆਂ ਹੋਈਆਂ ਨਾਂ ।
ਪਦਮਾ ਦੀ ਮਾਂ-ਡਡਵਾਲਨੇ ! ਧੀਆਂ ਨਾਲ ਬੀ ਮਖੌਲ, ਆਪੋ ਵਿੱਚ ਤਾਂ ਭਲਾ ਹੋਇਆ ਨਾਂ।
ਰਾਣੀ ਡਡਵਾਲਨ-ਉਹ ਹੋ ਚੰਬਿਆਲਨੇ ! ਮੈਨੂੰ ਚੇਤਾ ਹੀ ਭੁੱਲ ਗਿਆ ਜੋ ਪਦਮਾ ਧੀ ਹੈ। ਮਾਫ ਕਰਨਾ, ਗੁੱਸੇ ਨਹੀਂ ਹੋਣਾ । ਪਰ ਮੈਨੂੰ ਤਾਂ ਏਸ ਧੀ ਨਾਲ ਬੀ ਸਾੜਾ ਹੈ ਜਿਨ ਪੋਥੀਆਂ ਨਾਲ ਵਿਆਹ ਕੀਤਾ ਹੈ ਤੇ ਸੁਖ ਦੀ ਨੀਂਦੇ ਸੌਂਦੀ ਹੈ, ਤੇਰੇ ਵਰਗੀ ਮਿਲੀ ਹੈ ਮਾਂ ਤੇ ਬਹਾਰਾਂ ਕਰਦੀ ਹੈ ਤੇਰੇ ਸਿਰ ਤੇ । ਖਿਮਾਂ ਕਰਨੀ ਮੈਂ ਮੂੰਹ ਪਾਟਾ ਢੋਲ ਜੂ ਹੋਈ।
ਪਦਮਾ-ਤੁਸੀਂ ਸਾਰੀਆਂ ਵੱਡੀਆਂ ਮੇਰੀਆਂ ਮਾਵਾਂ ਹੋ। ਮੈਂਨੂੰ ਏਹ ਦੱਸੋ ਗੁਰੂ ਕਿਹੋ ਜਿਹਾ ਡਿੱਠਾ ਨੇ ? “
ਰਾਣੀ ਡਡਵਾਲਨ-ਸਭ ਤੋਂ ਪਹਿਲਾਂ ਮੈਂ ਦੱਸਾਂਗੀ, ਲੈ ਸੁਣ:-
ਮੋਹਿਨੀ ਮੂਰਤ, ਸੋਹਨੀ ਸੂਰਤ, ਸਾਖ੍ਯਾਤ ਆਪ, ਅਰਸ਼ਾਂ ਤੇ ਕੋਈ ਨਾਂ, ਕੁਰਸ਼ਾਂ ਤੇ ਕੋਈ ਨਾਂ, ਬ੍ਰਹਮ ਲੋਕ ਸ਼ਿਵ ਲੋਕ ਸੁੰਞੇ ਤੇ ਸੁਰਗ ਲੋਗ ਸੱਖਣੇ, ਜੋ ਹੈ ਸੋ ਇਹ ਹੈ। ਜੇ ਓਥੇ ਬੈਕੁੰਠਾਂ ਵਿੱਚ ਕੋਈ ਤਾਂ ਹੇਠਾਂ ਉਤਰ ਆਇਆ ਜੇ, ਤੇ ਓਹ ਘਰ ਹੁਣ ਖਾਲੀ ਪਏ ਜੇ, ਬੱਸ ਇਹ ਤਾਂ ਹਈ ਸੱਚ ਤੇ ਬਾਕੀ ਮਿਣਮਿਣ ਤੇ ਗਿਣਗਿਣ ਕੁੜੀਏ ! ਸੁਣ ਲੈ ਇਨ੍ਹਾਂ ਸਾਰੀਆਂ ਪਤੀਵਰਤਾਂ ਕੋਲੋਂ ।
ਰਾਣੀ ਚੰਬਿਆਲਨ-ਡਡਵਾਲਨੇ? ਮੈਂ ਜੁ ਕਿਹਾ ਸੀ ਧੀਆਂ ਨਾਲ ਮਖੌਲ ਨਹੀਂ ਫੱਬਦੇ।
ਰਾਣੀ ਡਡਵਾਲਨ-ਜੁਲਾਹੇ ਦੀ ਮਸਕਰੀ ਮਾਂ ਭੈਣ ਨਾਲ ?
ਪਦਮਾ-ਮੈਂ ਤੁਹਾਡੀ ਬੱਚੀ ਹਾਂ, ਤੁਸੀਂ ਪ੍ਯਾਰ ਕਰਦੇ ਹੋ । ਹਾਂ ਜੀ ਗੁਰੂ ਜੀ ਕੇਹੋ ਜੇਹੇ ਦੇਖੇ ?
ਰਾਣੀ ਡਡਵਾਲਨ-ਦੱਸੋ ਨੀ ਮੂੰਹ ਮੀਟੀਓ, ਪਰ ਸੱਚੋ ਸਚ ਦੱਸਣਾ ।
ਰਾਣੀ ਸ੍ਰੀ ਨਗ੍ਰੇਨ-ਮੇਰੀ ਜਾਚ ਵਿੱਚ ਤਾਂ ਇਹ ਆਯਾ ਹੈ ਕਿ ਹਰ ਜੁਗ ਦਾ ਅਵਤਾਰ ਹੈ ਆਪੋ ਆਪਣਾ । ਸਾਡੇ ਜੁਗ ਵਿੱਚ ਅਵਤਾਰ ਏਹ ਹਨ ।
ਰਾਣੀ ਨਾਹਨ-ਮੇਰਾ ਖ੍ਯਾਲ ਬੀ ਇਹੋ ਹੈ ਕਿ ਵਿਸ਼ਨੂੰ ਜੀ ਦਾ ਸੋਲਾਂ ਕਲਾ ਅਵਤਾਰ ਹਨ ।
ਰਾਣੀ ਮੰਡੀਣੀ-ਮੇਰੀਆਂ ਅੱਖਾਂ ਵਿੱਚ ਤੇ ਮੇਰੇ ਪਤੀ ਦੀਆਂ ਅੱਖਾਂ ਵਿੱਚ ਤਾਂ ਧ੍ਯਾਨ ਵੱਸ ਗਿਆ ਹੈ। ਇੱਥੋਂ ਹੋਕੇ ਅਸਾਂ ਆਪਣੇ ਨਗਰ ਲੈ ਜਾਣਾ ਹੈ ਤੇ ਦਾਸ ਹੋਕੇ ਸੇਵਾ ਕਮਾਣੀ ਹੈ । ਬੱਸ ਮੈਥੋਂ ਹੋਰ ਕੀ ਪੁੱਛਦੇ ਹੋ ? ਮੇਰੇ ਤਾਂ ਸੁਰਤ ਅਧਾਰ ਹੋ ਗਏ । ਦੱਸਾਂ ਕੀ ? (ਇਹ ਕਹਕੇ ਨੈਣ ਭਰ ਗਏ) ।
ਰਾਣੀ ਡਡਵਾਲਨ-ਇਹ ਸੱਚ ਬੋਲੀ ਜੇ, ਸ਼ਾਬਾਸ਼!
ਰਾਣੀ ਸੁਕੇਤਣ-ਮੈਂ ਤਾਂ ਘਰੋਂ ਇਹ ਧਾਰਕੇ ਗਈ ਸਾਂ ਕਿ ਜੇ ਅਵਤਾਰ ਹਨ, ਤਾਂ ਮੈਨੂੰ ਰਾਮ ਰੂਪ ਦਿੱਸਣ । ਸੋ ਜਦ ਮੈਂ ਗਈ ਮੈਨੂੰ ਸਾਂਵਲੀ ਸੂਰਤ, ਮੋਹਿਨੀ ਮੂਰਤ, ਧਨੁਖ ਧਾਰੀ ਮ੍ਰਿਗ ਨੂੰ ਤੀਰ ਮਾਰ ਰਹੇ ਦਿੱਸੇ । ਮੈਂ ਰਾਮ ਰੂਪ ਸਮਝਦੀ ਹਾਂ ।
ਰਾਣੀ ਨੂਰਪੁਰਨ-ਮੇਰੇ ਨਗਰ ਦੀਆਂ ਹੋਣ ਠੰਢੀਆਂ ਛਾਵਾਂ, ਬਰੋਟਿਆਂ ਦੇ ਹੇਠਾਂ ਡਾਹਵਾਂ ਪਲੰਘ, ਸਤਿਗੁਰ ਦੇ ਅੱਗੇ ਲਿਆਕੇ ਧਰਾਂ ਭੋਜਨ, ਤੇ ਇਨ੍ਹਾਂ ਪਹਾੜੀ ਰਾਜਿਆਂ ਨੂੰ ਕਿ ਸਿੱਖਾਂ ਨੂੰ ਲੂੰ ਨਾਂ ਪੱਟ ਕੇ ਵਿਖਾਵਾਂ । ਹਾਇ ਕਟਕ ਪਵੇ, ਏਸ ਇਲਾਹੀ ਜੋਤ ਨਾਲ ਮੱਥੇ ਲਾਂਦੇ ਲੜਦੇ ਤੇ ਲੜਾਂਦੇ ਹਨ ? ਬੱਚੀਏ! ਮੇਰੀਆਂ ਅੱਖਾਂ ਵਿੱਚ ਤਾਂ ਹੰਸ ਅਵਤਾਰ ਦਿੱਸਦੇ ਹਨ ।
ਰਾਣੀ ਡਡਵਾਲਨ-ਪ੍ਯਾਰੇ ਕਿੰਨੇ ਕ ਲੱਗੇ ਨੀ ?
ਰਾਣੀ ਨੂਰਪੁਰਨ-ਜਿੰਨੇ ਸੁਦਾਮਾਂ ਜੀ ਨੂੰ ਕ੍ਰਿਸ਼ਨ, ਭਬੀਖਣ ਜੀ ਨੂੰ ਰਾਮ, ਧ੍ਰੂਹ ਜੀ ਨੂੰ ਵਿਸ਼ਨੂੰ ।
ਰਾਣੀ ਡਡਵਾਲਨੋ-ਫੇਰ ਮਰ ਜਾਓ, ਤੁਹਾਨੂੰ ਕਟਕ ਪਵੇ, ਖਸਮਾਂ ਨੂੰ ਦੋ ਦੋ ਲਾਕੇ ਸ਼ਰਨ ਕਿਉਂ ਨਹੀਂ ਜੇ ਪਟਕਦੀਆਂ ਤੇ ਪਾਹੁਲ ਲੈਕੇ ਗ਼ਰਕ ਕਿਉਂ ਨਹੀਂ ਹੁੰਦੀਆਂ ਚਰਨੀਂ ਕਮਲੀਂ ।
ਰਾਣੀ ਨੂਰਪੁਰਨ-ਤੇਰੇ ਵਰਗੀਆਂ ਭੋਜਸੁਪਤਨੀਆਂ ਅਸੀ ਨਹੀਂ ਨਾਂ।
ਪਦਮਾਂ-ਹਾਂ ਭੁੱਟਨਾਂ ਜੀਓ।
ਰਾਣੀ ਭੁੱਟਨਾ-ਮੈਂ ਤਾਂ ਜੰਗਲੀ ਤ੍ਰੀਮਤ ਹਾਂ, ਮੈਨੂੰ ਕੀ 'ਸਾਰ ਹੈ। ਇੰਨਾਂ ਪਤਾ ਹੈ ਕਿ ਜਦ ਦਰਸ਼ਨ ਕੀਤਾ ਮੇਰੇ ਲੂੰ ਜੀਭ ਵਾਙੂ ਹੋ ਗਏ ਤੇ ਆਉਂ ਸੁਣੀਵੇ ਕਿ ‘ਵਾਹਿਗੁਰੂ ਵਾਹਿਗੁਰੂ' ਕਰਦੇ ਹਨ। ਫੇਰ ਮੈਂ ਤਾਂ ਇਸੇ ਵਿੱਚ ਰਹਿ ਗਈ, ਹੋਰ ਮੈਨੂੰ ਕੁਛ ਨਹੀਂ ਜੇ ਆਉਂਦਾ।
ਰਾਣੀ ਕਿਓਂਥਲਨੀ-ਵਿਸ਼ਨੂੰ ਰੂਪ ਸੰਖ ਚਕ੍ਰ ਗਦਾ ਪਦਮ ।
ਰਾਣੀ ਡਡਵਾਲਨ-ਵਿਸ਼ਨੂੰ ਦੇ ਦਸ ਅਵਤਾਰ। ਤੈਨੂੰ ਕੇਹੜੇ ਦਿੱਸੇ, ਕਿਸ਼ਨ ਰੂਪ।
ਰਾਣੀ ਕਿਓਂਥਲਨੀ-ਸਾਖ੍ਯਾਤ ਚਤਰਭੁਜ ਰੂਪ, ਅਵਤਾਰੀ ਮਨੁੱਖ ਰੂਪ ਨਹੀਂ ।
ਰਾਣੀ ਹੰਡੂਰਨ-ਮੈਨੂੰ ਤਾਂ ਉਸ ਵੇਲੇ ਇਹ ਦਿੱਸਿਆ ਕਿ ਹੁਣੇ ਕਾਲੀ ਨੱਥ ਕੇ ਆਏ ਆਪਣੇ ਤੇਜ ਪ੍ਰਤਾਪ ਵਿੱਚ ਦਰਬਾਰ ਲਾ ਬੈਠੇ ਹਨ ਤੇ ਸਭ ਰਾਜੇ ਸ਼ਰਨ ਆ ਗਏ ਹਨ ।
ਰਾਣੀ ਗੁਲੇਰਨ-ਦਰਸ਼ਨ ਕਰਕੇ ਚਿੱਤ ਕੀਤਾ ਹਾਰ ਸ਼ਿੰਗਾਰ ਲਾਹਵਾਂ, ਕੱਪੜੇ ਫੂਕਾਂ ਤੇ ਅੰਗ ਬਭੂਤ ਰਮਾਵਾਂ, ਭਗਵ ਪਹਨਾਂ, ਲਿਟਾਂ ਛੋੜ ਦਿਆਂ, ਕਿੰਗ ਲੈ ਲਵਾਂ ਤੇ ਦਰ ਦਰ ਫਿਰਾਂ ਤੇ ਕੂਕਾਂ:-
“ਆਪ ਆਏ ਜਗ ਤਾਰਨ ਕਾਰਨ ਕਿਉ ਸੁਤੈਂ ਸੰਸਾਰ ।
ਨੈਣਾਂ ਦੇ ਦਰ ਸੂਰਜ ਖੜੋਤਾ ਮਿਲ ਵੇ ਨੈਣ ਉਘਾੜ ।”
ਰਾਦੀ ਡਡਵਾਲਨ-ਫੇਰ ਭੈੜੀਏ। ਉਡੀਕਦੀ ਕੀ ਏਂ ? ਮਾਰ ਛਾਲ, ਅਸੀ ਬੀ ਤੇਰੀ ਚਰਨ ਧੂੜ ਮੱਥੇ ਲਾਕੇ ਟੁਰੀਏ । ਪੀਪੇ ਦੀ ਸੌ ਰਾਣੀਆਂ ਵਿੱਚੋਂ ਸੀਤਾ ਤਰੀ, ਸਾਡੇ ਬਾਈ ਧਾਰ ਵਿੱਚੋਂ ਗੁਲੇਰਨ ਤਰੀ । ਨਿੱਤਰ ਭੈੜੀਏ । ਸ਼ੁਭ ਵਾਸ਼ਨਾ ਵਿੱਚ 'ਨਹਿ ਬਿਲੰਬ ਧਰਮੰ’ ਚਾਹੀਏ ।
ਰਾਣੀ ਗੁਲੇ ਰਨ-(ਠੰਢਾ ਸਾਹ ਭਰਕੇ)ਪਤੀ ਆਗਿਆ !
ਰਾਣੀ ਡਡਵਾਲਨ-ਖਾਂਦਾਏ ਖਸਮਾਂ ਨੂੰ ।
ਰਾਣੀ ਚੰਬਿਆਲਨ-ਤੇਰੀ ਜੀਭ ਕੁਛ ਭੇਡ ਦੀ ਵਧ ਗਈ ਉਂਨ ਵਾਂਗੂੰ ਕਤਰਨੀ ਦੀ ਮੁਥਾਜ ਹੈ । ਮਨ ਵਧਿਆ ਚੰਗਾ ਨਹੀਂ, ਜੀਭ ਵਗ ਟੁਰੀ ਚੰਗੀ ਨਹੀਂ । ਉਹ ਕਥਾ ਨਹੀਓਂ ਸੁਣੀ ?
ਰਾਣੀ ਸ੍ਰੀ ਨਗਰਨ-ਹਾਰ ਵਾਲੀ ?
ਰਾਣੀ ਡਡਵਾਲਨ-ਸੁਣਾ ਦੇਹ ਜੋ ਮੇਰੇ ਮਨ ਚੰਦਰੇ ਨੂੰ ਬੀ ਕੋਈ ਲੱਗੇ। ਇਹ ਤਾਂ ਆਖਦਾ ਹੈ ਜਦ ਤਕ ਗੁੱਡੀ ਚੜ੍ਹੀ ਹੈ, ਦੇਹ ਡੋਰ, ਉੱਡ ਉਤਲੇ ਘਰੀਂ । ਸੁਣਾ ਨਾ ਫੇਰ ਕਥਾ ।
ਰਾਣੀ ਚੰਬਿਆਲਨ-ਇੱਕ ਰਾਜੇ ਨੇ ਆਪਣੀ ਪ੍ਰਮੇਸ਼ਰ ਭਗਤ ਤ੍ਰੀਮਤ ਉੱਤੇ ਇਕ ਹੋਰ ਵਿਆਹ ਕਰ ਲਿਆ ਤੇ ਨਵੀਂ ਵਹੁਟੀ ਦੇ ਘਰ ਡੇਰਾ ਪਾ ਲਿਆ ੧੨ ਵਰ੍ਹੇ ਪਹਿਲੀ ਦੇ ਮਹਲ ਹੀ ਨਾਂ ਗਿਆ। ਇੱਕ ਦਿਨ ਇਸ ਨਵੀਂ ਨੇ ਕਿਹਾ, ਮਹਾਰਾਜ ! ਤੁਸੀਂ ਇੱਕ ਰਾਤ ਮੇਰੀ ਸੌਂਕਣ ਦੇ ਘਰ ਹੋ ਆਓ, ੧੨ ਵਰ੍ਹੇ ਉਸਨੂੰ ਨਹੀਂ ਮਿਲੇ ਹੋ, ਅੰਤ ਉਸਦਾ ਦਿਲ ਮੇਰੇ ਹੀ ਵਰਗਾ ਹੈ ਨਾਂ ।
ਰਾਜਾ ਮੰਨੇ ਨਾ, ਪਰ ਉਸਦੇ ਬਹੁਤ ਜ਼ੋਰ ਦੇਣ ਤੇ ਮੰਨਕੇ ਚਲਾ ਗਿਆ । ਜਦ ਰੋਟੀ ਖਾ ਕੇ ਰਾਤ ਪੁਰਾਣੀ ਦੇ-ਜੋ ਪ੍ਰਮੇਸਰ ਦੀ ਭਗਤ ਸੀ-ਪਾਸ ਬੈਠਾ, ਤਦ ਓਹ ਪੱਖਾ ਕਰਨ ਲੱਗੀ, ਤਾਂ ਆਪ ਨੇ ਪੁੱਛਿਆ ਕਿ ਕਿਉਂ ਤੇਰੀ ਸੌਂਕਣ ਨੇ ਅੱਜ ਮੈਨੂੰ ਤੇਰੇ ਘਰ ਘੱਲਿਆ ਹੈ?
ਰਾਣੀ-ਉਸ ਦੀ ਕ੍ਰਿਪਾ ਹੈ ।
ਰਾਜਾ-ਤੂੰ ਬਾਰਾਂ ਵਰ੍ਹੇ ਕਿਸ ਤਰਾਂ ਬਿਤਾਏ ?
ਰਾਣੀ-ਪ੍ਰਮੇਸ਼ਰ ਦੇ ਸਿਮਰਨ ਵਿੱਚ ।
ਰਾਜਾ-ਤੇ ਮੈਨੂੰ ਯਾਦ ਕਦੇ ਨਹੀਂ ਕੀਤਾ, ਕਦੇ ਕਿਸੇ ਸੇਵਾ ਦਾ ਖ੍ਯਾਲ ਨਾ ਆਯਾ ?
ਰਾਣੀ-ਮਹਾਰਾਜ, ਆਪ ਦੀ ਯਾਦ ਕੀ ਆਖਾਂ (ਨੈਣ ਭਰ ਆਏ) ।
ਰਾਜਾ-ਮੇਰੀ ਸੇਵਾ।
ਰਾਣੀ-ਜੀ ਹੋਰ ਤਾਂ ਕੁਛ ਸਰਿਆ ਨਹੀਂ, ਪਰ ਦੋ ਵੇਲੇ ਸੌਂਕਣ ਦੇ ਘਰ ਗੋਲੀਆਂ ਦਾ ਭੇਸ ਕਰਕੇ ਜਾਂਦੀ ਹੁੰਦੀ ਸਾਂ ਤੇ ਨੌਕਰਾਂ ਨੂੰ ਇਨਾਮ ਦੇਕੇ ਖੁਸ਼ ਕਰਕੇ ਇਹ ਕਰਦੀ ਸਾਂ ਕਿ ਓਹ ਆਪ ਦਾ ਜੂਠਾ ਥਾਲ ਲਿਆ ਦੇਂਦੇ ਸਨ, ਤੇ ਮੈਂ ਪ੍ਰੀਤ ਨਾਲ ਮਾਂਜ ਆਉਂਦੀ ਸਾਂ । ਇਸ ਤੋਂ ਵਧੀਕ ਕੋਈ ਸੇਵਾ ਕਿਸ ਤਰਾਂ ਕਰਦੀ ? ਰਾਜੇ ਦਾ ਦਿਲ ਭਰ ਆਇਆ ਤੇ ਉਸ ਦੇ ਸ਼ੁਭ ਗੁਣਾਂ ਦਾ ਜਾਣੂ ਹੋਕੇ ਕਹਿਣ ਲੱਗਾ ਤੂੰ ਕਦੇ ਸੌਂਕਣ ਨੂੰ ਬੀ ਮਿਲੀ ?
ਰਾਣੀ-ਜੀ ਕਈ ਵੇਰ ਮਿਲੀ ਤੇ ਇਹ ਅਰਦਾਸ ਕੀਤੀ ਕਿ ਇੱਕ ਵਾਰ ਰਾਜਾ ਮੈਨੂੰ ਮੇਲ ।
ਰਾਜਾ-ਕਿਉਂ ?
ਰਾਣੀ-ਮੈਂ ਆਪ ਤੋਂ ਖਿਮਾਂ ਲੈਣੀ ਸੀ। ਇਹ ਕਹਿਣਾ ਸੀ ਕਿ ਪਾਤਸ਼ਾਹ ! ਆਪ ਨੇ ਜੋ ਹੋਰ ਵਿਆਹ ਕੀਤਾ, ਮੇਰੇ ਵਿੱਚ ਕੋਈ ਔਗਣ ਸੀ ਪਰ ਮੈਨੂੰ ਉਸ ਔਗਣ ਦੀ ਸਾਰ ਨਹੀਂ ਸੀ, ਇਸ ਕਰਕੇ ਮੇਰਾ ਉਹ ਔਗਣ ਮਾਫ ਕਰ ਦਿਓ, ਜੋ ਮੈਂ ਹਲਕੇ ਚਿਤ ਸੰਸਾਰ ਤੋਂ ਮਰਾਂ, ਬੱਸ ਇਸ ਖਿਮਾਂ ਲਈ ਤਰਲੇ ਲੈਂਦੀ ਰਹੀ ।
ਰਾਜਾ-(ਹੋਰ ਨਰਮ ਹੋਕੇ ਪੁੱਛਣ ਲੱਗਾ) ਕੀ ਸੌਂਕਣ ਨੇ ਮੇਹਰ ਕਰਕੇ ਮੈਨੂੰ ਤੇਰੇ ਘਰ ਘੱਲਿਆ ਹੈ ।
ਰਾਣੀ-ਜੀ ਹਾਂ ।
ਰਾਜਾ-ਤੈਥੋਂ ਕੋਈ ਸੇਵਾ ਨਹੀਂ ਲਈ ? ਕੋਈ ਵੱਢੀ ਨਹੀਂ ਮੰਗੀ ?
ਰਾਣੀ-ਕੀਹ ਸੇਵਾ ਲੈਣੀ ਸੀ ?
ਰਾਜਾ-ਤੂੰ ਅੱਜ ਤੱਕ ਉਸ ਨੂੰ ਕੋਈ ਥਾਂ, ਮਕਾਨ, ਮਾਲ, ਪਦਾਰਥ ਨਹੀਂ ਦਿੱਤਾ ?
ਰਾਣੀ-ਇਨ੍ਹਾਂ ਨਿਕਾਰੀਆਂ ਗੱਲਾਂ ਦਾ ਕੀ ਖਿਆਲ ਹੋਇਆ, ਮੈਂ ਗ੍ਰੀਬ ਦੀ ਕੀ ਪਾਯਾਂ ?
ਰਾਜਾ-ਨਹੀਂ ਮੈਨੂੰ ਠੀਕ ਦੱਸ ਦਿਓ ?
ਰਾਣੀ-ਜੇ ਕੋਈ ਅਜੇਹੀ ਵੱਡੀ ਗੱਲ ਹੋਵੇ ਤਾਂ ਦੱਸਾਂ, ਤੁੱਛ ਗੱਲ ਦਾ ਕੀ ਦੱਸਾਂ ?
ਰਾਜਾ-ਤੁੱਛ ਬੀ ਦੱਸ ਦੇਹ, ਮੇਰੀ ਖੁਸ਼ੀ ਤੇ ਹੁਕਮ ।
ਰਾਣੀ-ਓਹ ਜੋ ਨੌ ਲੱਖਾ ਹਾਰ ਨਿਕਾਰਾ ਪੇਕਿਓਂ ਦਾਜ ਵਿੱਚ ਪਿਆ ਸੀ ਉਹ ਸੌਂਕਣ ਨੇ ਮੰਗਿਆ ਸੀ ਕਿ ਜੇ ਏਹ ਦੇ ਦੇਵੇਂ ਤਾਂ ਇਕ ਰਾਤ ਰਾਜਾ ਜੀ ਨੂੰ ਤੇਰੇ ਘਰ ਘੱਲ ਦਿਆਂਗੀ । ਸੋ ਮਹਾਰਾਜ ! ਉਸ ਨੇ ਮੇਹਰ ਕਰ ਦਿੱਤੀ ਹੈ । ਹੁਣ ਆਪ ਮੇਰਾ ਅਵਗੁਣ ਦੱਸ ਦਿਓ ਤੇ ਬਖਸ਼ ਦਿਓ।
ਰਾਜਾ ਹੁਣ ਲਾਲੋ ਲਾਲ ਹੋ ਗਿਆ ਤੇ ਕਹਿਣ ਲੱਗਾ ‘ਅੱਛਾ ਉਸਨੇ ਹਮਾਰੀ ਕੀਮਤ ਨੌਂ ਲੱਖ ਡਾਲੀ ਹੈ? ਨੌਂ ਲੱਖ ? ਹਮ ਸੁਸਰੇ ਸਿਰਫ ਨੌਂ ਲਾਖ ਕੇ ਹੈਂ ?' ਬਸ ਇਸੇ ਗੁੱਸੇ ਵਿੱਚ ਮੈਂ ਉਸ ਤੋਂ ਆਪਾ ਤੇ ਰਾਜ ਭਾਗ ਵਾਰਿਆ ਤੇ ਉਸਨੇ ਮੇਰਾ ਮੁੱਲ ਨੌਂ ਲੱਖ ਹੀ ਪਾਯਾ ਹੈ, ਉਸ ਤੋਂ ਉਪ੍ਰਾਮ ਹੋ ਗਿਆ ਤੇ ਉਹ ਸਦਾ ਲਈ ਛੁੱਟੜ ਹੋ ਗਈ। ਇਸ ਹਾਲ ਵਿੱਚ ਉਸ ਛੁੱਟੜ ਰਾਣੀ ਨੇ ਇਕ ਦਿਨ ਨੌਲੱਖੇ ਹਾਰ ਨੂੰ ਕਿੱਲੀ ਤੇ ਲਟਕਦਾ ਦੇਖਕੇ ਹਾਵਾ ਭਰਿਆ, ਜਿਸਨੂੰ ਚੂਹੜ ਨਾਮੇ ਫਕੀਰ ਨੇ ਇੰਞ ਉਚਾਰਿਆ ਹੈ:-
ਸ਼ਾਲਾ ਹਾਰ ਟੁੱਟੇਂ ਅਧ ਵਿੱਚੋਂ,
ਤੇਰੇ ਥੀਵਣ ਲਾਲ ਅਜਾਈਂ।'
ਜੇ ਜਾਣਾਂ ਹਾਰੀ ਨੂੰ ਹਾਰ ਹਰੇਂਦਾ,
ਤਾਂ ਹਾਰੇ ਹੱਥ ਨ ਲਾਈਂ ।
ਇਕ ਡੁਹਾਗ ਬਿਆ ਜਗ ਦੀ ਸ਼ੁਹਰਤ,
ਮੈਂ ਕਿਸ ਥੇ ਆਖ ਸੁਣਾਈ।
ਚੂਹੜ ਮਨ ਵਧੇ ਦੀਆਂ ਮਾਰਾਂ,
ਮੈਂ ਮੁੱਠੀਆਂ ਬੇ ਪਰਵਾਹੀਂ।
ਸੋ ਡਡਵਾਲਨੇ ! ਮਨ ਵਧੇ ਤੋਂ ਡਰਿਆ ਕਰ ।
ਫਕੀਰ ਰੱਬੀ ਖੁਸ਼ੀ ਵੇਲੇ ਮਨ ਨੂੰ ਵਧਨੋਂ ਰੋਕਦੇ ਹਨ, ਦੁਨੀਆਂਦਾਰ ਜਗਤ ਖੁਸ਼ੀ ਵੇਲੇ ਖੁਸ਼ੀ ਨੂੰ ਜਰਦੇ ਹਨ । ਤੂੰ ਬੋਕਦੀ ਹੈਂ ਵੇਖੀਂ ਕਿਤੇ ਕੁਪਾਹ ਹਾਸਾ ਨਾ ਹੱਸੀਂ ਜੋ ਪਈ ਝੰਬੀਵੇਂ ਤੇ ਛਟੀਵੇਂ ?
ਰਾਣੀ ਡਡਵਾਲਨ-ਵਾਹ ਪੰਡਿਤਾ ਜੀ ਦੀ ਮਾਤਾ!
ਆਖੀ ਤਾਂ ਕਲੇਜਾ ਸਹਮ ਨਾਲ ਠੰਢਾ ਯਖ਼ ਕਰ ਦੇਣ ਵਾਲੀ ਹਈ, ਪਰ ਜਬ ਤਕ ਸਹੀ ਤਬ ਤਕ ਸਹੀ । ਜਿਥੇ ਚਾਰ ਬਲਦੀਆਂ ਹਨ, ਓਥੇ ਪੰਜਵੀਂ ਅਸੀਂ ਬਾਲ ਬਾਹਾਂਗੇ, ਪਰ ਹੁਣ ਦੀ ਘੜੀ ਕੌਣ ਦਿਲਗੀਰੀ ਕਰੇ।
ਸਨਿੱਕੋ-(ਹੌਲੇ ਜਿਹੇ) ਕਾਸ਼ ! ‘ਹੁਣ’ ਸੰਭਾਲਣ ਦੀ ਜਾਚ ਅੰਤ੍ਰ-ਮੁਖ-ਸੁਖ ਦੀ ਆ ਜਾਵੇ, ਬੱਚੀਏ! ਤੇਰਾ ਪਾਰ ਉਤਾਰਾ ਹੋ ਜਾਵੇ ।
ਰਾਣੀ ਡਡਵਾਲਨ-(ਸੁਣਕੇ) ਇਹ ਪਾਰ ਉਤਾਰਣ ਵਾਲੀ ਕੌਣ ਕੁਸਕੀ ਹੈ। (ਤੱਕ ਕੇ) ਅੱਛਾ ! ਇਹੋ ਭਾਵੇਂ ਪੰਡਤਾਣੀ ਦੀ ਸਖੀ ਤੇ ਅੰਤੰਗ ਸਹੇਲੀ ਹੈ। ਕਿਉਂ ਨਾਂ ਹੋਵੇ, ਕੀ ਆਖਿਆ ਈ ਅੰਤ੍ਰ-ਮੁਖ ਹੋਕੇ 'ਹੁਣ ਵਿੱਚ' ਸੁਖੀ ਜੀਵਾਂ ? ਓ ਭੋਲੀਏ । ਅੰਤ੍ਰ ਮੁਖ ਅਗਲੇ ਜਨਮ, ਇਹ ਜਨਮ ਸਫਲ ਹੋ ਗਿਆ ਈ “ਦਰਸ਼ਨ ਹੋ ਗਏ” ਬੱਸ ਏਹ ਨਸ਼ਾ ਇਸ ਜਨਮ ਲਈ ਬਤੇਰਾ ਹੈ । ਸੇਵਾ, ਭਗਤੀ, ਪ੍ਯਾਰ, ਕਲਗੀਆਂ ਵਾਲੇ ਦਾ ਅਗਲੇ ਜਨਮ ਕਮਾਵਾਂਗੇ । ਇਸ ਜਨਮ ਤਾਂ ਇਹ ਨਸ਼ਾ ਹੀ ਨਹੀਂ ਉਤਰਨਾਂ ਕਿ ਮੇਰੇ ਜੇਹਾ ਕੌਣ ਹੈ ਜਿਸ ਨੂੰ ਸਾਖ੍ਯਾਤ ਬ੍ਰਹਮ ਦੇ ਦਰਸ਼ਨ ਹੋ ਗਏ ? ਜਿਸ ਲਈ ਜੋਗੀ ਧ੍ਯਾਨ ਧਰਦੇ ਤੇ ਤਪੀ ਤਪ ਸਾਧਨੇ ਹਨ, ਹੁਣ ਨੈਣੀ ਵੇਖ ਲਿਆ, ਕਿਸ ਨੇ ? ਮੇਰੇ ਵਰਗੀ ਬੜਬੋਲਣ, ਬੇਅਦਬ ਗੁਸਤਾਖ ਨੇ, ਪਤੀ ਅਵੱਗ੍ਯਾ ਕਰਨ ਵਾਲੀ ਨੇ ਦਰਸ਼ਨ ਪਾ ਲਿਆ । ਪਾਪੀਆਂ ਨੂੰ ਵੀ ਦਰਸ਼ਨ ਦੇ'ਦਾ ਹੈ। ਮੇਰੇ ਵਰਗੀ ਨੂੰ ਬੀ ਦਿੱਸ ਪਿਆ ਏ, ਏਹ ਨਸ਼ਾ ਕੱਲ ਦਾ ਚੜ੍ਹਿਆ 'ਕਿ ਮੈਂ ਦਰਸ਼ਨ ਪਾਯਾ ਹੈ' ਇਸ ਜਨਮ ਨਹੀਂ ਲਹਣ ਲੱਗਾ। ਸਨਿੱਕੋ ! ਅਗਲੇ ਜਨਮ, ਕੁੜੀਏ ! ਅਗਲੇ ਜਨਮ, ਤਪ ਕਰਾਂਗੇ, ਘਾਲਾਂ ਘਾਲਾਂਗੇ । ਏਸ ਜਨਮ ਖੁਸ਼ੀਆਂ, ਰੱਬ ਨੇ ਧਨ ਦਿੱਤਾ, ਧਾਮ ਦਿੱਤਾ ਪਤੀ ਦਿੱਤਾ ਤੇ ਪਤੀ ਮੇਰੇ-ਵੱਸ-ਪਤੀ ਦਿੱਤਾ; ਫੇਰ ਗੁਮਾਨਭਰੀ, ਅਭਮਾਨਭਰੀ, ਮਾਨਮੱਤੀ ਦੀ ਗਿੱਚੀ ਦੇ ਮਣਕੇ ਨਹੀਂ ਤੋੜੇ ਸੂ;ਆਪਣਾ ਦਰਸ਼ਨ ਦਿੱਤਾ ਸੂ, ਮੈਨੂੰ ਬ੍ਰੀਕ ਪੀਹਕੇ ਆਪਣੀ ਬ੍ਰੀਕੀ ਨਹੀਂ ਸੂ ਦਿਖਾਈ, ਮੇਰੇ ਮੋਟੇ ਮੋਟੇ ਹਰਨਾਂ ਵਰਗੇ ਤੇ ਕੰਵਲਾ ਵਰਗੇ ਨੈਣ ਕਟੋਰਿਆਂ ਨੂੰ ਦਰਸ਼ਨਾਂ-ਹਾਂ ਦਿੱਸਦੇ ਦਰਸ਼ਨਾਂ, ਜ਼ਾਹਰ ਪਰਤੱਖ ਦਰਸ਼ਨਾਂ ਦੀ ਦਾਤ ਨਾਲ ਭਰ ਦਿੱਤਾ ਸੂ । ਕਿਉਂ ਸਨਿੱਕੋ ! ਏਸ ਮੇਹਰ ਦਾ ਸ਼ੁਕਰ ਇੱਕ ਜਨਮ ਵਿੱਚ ਪੂਰਾ ਹੋ ਸਕਦਾ ਹੈ ? ਦੱਸ ਘੂਠੀਏ ? ਅੱਖਾਂ ਕਿਉਂ ਨੂਟ ਬੈਠੀ ਏਂ ? ਮੀਟੇ ਛਪਰਾਂ ਵਿੱਚੋਂ ਮੋਤੀ ਨਾ ਕੇਰ, ਮੈਂ ਜੌਹਰੀ ਨਹੀਂ, ਮੈਨੂੰ ਮੇਰੇ ਕੰਨਾਂ ਦੋ ਸੁਣਨ ਗੋਚਰੇ ਅੱਖਰਾਂ ਵਿੱਚ ਕਹੁ ਖਾਂ ਕੀ ਇੱਕ ਜਨਮ ਵਿੱਚ ਏਸ ਮੇਹਰ ਦਾ ਸ਼ੁਕਰ ਇੱਕ ਪਾਪੀ, ਜਿਸ ਦੇ ਲੂੰ ਬੀ ਜੀਭਾਂ ਹੋ ਜਾਣ ਤੇ ਕਰਦਾ ਬੀ ਸ਼ੁਕਰ ਦਿਨੇ ਰਾਤ ਰਹੇ, ਕਦੇ ਸ਼ੁਕਰ ਪੂਰਾ ਕਰ ਸਕਦਾ ਹੈ ? ਹੋਵੇ ਆਪ ਪਵਿੱਤ੍ਰਤਾ ਦਾ ਬਲਦਾ ਭਾਂਬੜ ਤੇ ਦਰਸ਼ਨ ਦੇਵੇ ਮੇਰੇ ਵਰਗੇ ਅਭਮਾਨੀਆਂ ਨੂੰ । ਸਨਿੱਕੋ ! ਇਸ ਮੇਹਰ ਦਾ ਸ਼ੁਕਰ, ਏਸ ਮੇਹਰ ਦਾ ਨਸ਼ਾ, ਨੀ ਆਹੋ ਨੀ ਗਯਾਨਣੇ ! ਏਸ ਮੇਹਰ ਦਾ ਅਘੁਮਾਨ ਨੀ, ਅਘੁਮਾਨ ਨੀ, ਨੀ ਨੀ ਮੈਂ ਭੁੱਲੀ, ਅਭਮਾਨ ਨੀ ਅਭਮਾਨ, ਕਾਫੀ ਹੈ, ਬੱਸ ਹੈ। ਅਗਲੇ ਜਨਮ ਤੇਰੀਆਂ ਮੇਰੀਆਂ ਗੱਲਾਂ, ਫੇਰ ਕਰਾਂਗੇ ਤੇਰੇ ਨਾਲ ਰਲਕੇ, ‘ਅੰਤਰ ਮੁਖ ਧ੍ਯਾਨ' ਤੇ ‘ਹੁਣ’ ਨੂੰ ਸੰਭਾਲਾਂਗੇ ਕਿਸੇ ਹੋਰ ਸੁਖ ਵਿੱਚ, ਜਿਸ ਵਿੱਚ ਮੈਂ ਮਹੀਨ ਹੋ ਗਈ ਹੋਵਾਂਗੀ, ਹਾਲੇ ਤਾਂ ਮੈਂ ਮੈਗਲ ਹਾਂ, ਮੋਟੀ ਮੋਟੀ ਫੁੱਲੀ ਫੁੱਲੀ, ਠੁੱਲੀ ਠੁੱਲੀ ।
ਪਦਮਾ-( ਗੱਲ ਟੁੱਕ ਕੇ ) ਖਿਮਾ ਕਰਨੀ, ਤੁਹਾਡੇ ਕਟਾਖ੍ਯ ਗੂਹਯ ਹਨ ।
ਰਾਣੀ ਡਡਵਾਲਨ-ਮੂੰਹ ਫੱਟੇ ਅਭਮਾਨੀ ਹਾਂ ਤੇ ਜਾਣਦੇ ਹਾਂ ਕਿ ਮਾੜਾ ਕਰਦੇ ਹਾਂ, ਪਰ ਪੇਸ਼ ਨਹੀਂ ਜਾਂਦੀ, ਅੱਜ ਹੋਰ ਨਸ਼ਾ ਚੜ੍ਹ ਗਿਆ ਹੈ। ਇੱਕ ਸੀ ਕਮਲੀ ਉੱਤੋਂ ਪੀ ਲਈ ਭੰਗ।
ਰਾਣੀ ਸ੍ਰੀ ਨਗਰਨ-ਮੇਰੀ ਵੀ ਸੁਣੋ ! ਮੇਰਾ ਜੀ ਏਹ ਕੀਤਾ ਹੈ ਤੇ ਮੈਂ ਰਾਜੇ ਨੂੰ ਕਿਹਾ ਹੈ ਕਿ ਦੇਸ ਭਾਰ ਹੇਠ ਹੈ, ਰਾਜ ਉਪਦ੍ਰਵ ਹੋ ਰਿਹਾ ਹੈ ਇਹ ‘ਧਰਾ ਭਾਰ ਹਰਨ ਆਏ' ਪ੍ਰਤੱਖ ਦਿਸਦੇ ਹਨ । ਤੁਸੀਂ ਹੁਣ ਸੁਲ੍ਹਾ ਕਰਨ ਆਏ ਹੋ, ਸੁਲ੍ਹਾ ਹੀ ਨਾ ਕਰੋ ਸਰਨ ਲੈਕੇ ਇਕ ਭਾਰੀ ਦਲ ਸਿੱਖਾਂ ਤੇ ਰਾਜ ਪੂਤਾਂ ਦਾ ਕੱਠਾ ਕਰਕੇ ਭਾਰਤ ਦਾ ਭਾਰ ਹਰ ਦਿਓ । ਸੋ ਭੈਣੋ ! ਮੈਨੂੰ ਤਾਂ “ਧਰਾ-ਭਾਰ-ਹਰਨ” ਦਿਸਦੇ ਹਨ ।
ਰਾਣੀ ਬਿਲਾਸਨ-ਮੈਨੂੰ ਕੁਛ ਨਹੀਂ ਦਿੱਸਿਆ,ਇਕ ਚਾਨਣੇ ਵਿੱਚ ਹੋਰ ਚਾਨਣਾ ਸੀ ਤੇ ਚਾਨਣ ਦੇ ਫੁੱਲ ਚਾਨਣੇ ਅਕਾਸ਼ ਤੋਂ ਢਹਿ ਰਹੇ ਸਨ ਤੇ ਕੋਈ ਕਹਿ ਰਿਹਾ ਸੀ ਖਾਕੀ ਜਾਮੇ ਤੇ ਨਹੀਂ ਭੁਲਣਾ । ਮੇਰੇ ਖ੍ਯਾਲ ਵਿੱਚ ਸਾਖ੍ਯਾਤ ਗੁਰੂ ਹਨ, ਤੇ ਗੁਰੂਆਂ ਦੇ ਗੁਰੂ ਹਨ, ਸ਼ਬਦ ਦੇ ਦਾਤੇ ਹਨ । ਮੈਂ ਅੱਗੇ ਮੰਤ੍ਰ ਲੀਤਾ ਹੋਯਾ ਹੈ: “ਅਯੰ ਆਤਮਾ ਬ੍ਰਹਮ” ਤੇ ਨਿੱਤ ਜਪਦੀ ਹਾਂ । ਪਰ ਹਜੂਰੀ ਵਿੱਚ ਜਾਕੇ ਇਹ ਭੁੱਲ ਗਿਆ ਤੇ ਜੀਭ ਤੇ ਚੜ੍ਹ ਗਿਆ “ਵਾਹਿਗੁਰੂ”। ਇਸ ਤੋਂ ਮੈਂ ਜਾਤਾ ਕਿ ਜੁਗ ਜੁਗ ਦਾ ਗੁਰੂ, ਗੁਰੂਆਂ ਦਾ ਗੁਰੂ ਇਹੋ ਹੈ ।
ਰਾਣੀ ਡਡਵਾਲਨ-ਸੱਭੇ ਝਿਲਮਿਲ ਝਿਲਮਿਲ । ਜੋ ਸਾਡੀ ਰਾਇ ਸੋ ਠੀਕ ।
ਪਦਮਾ-ਮੇਰੀ ਇਕ ਮਾਵਾਂ ਤੋਂ ਵਡੀਆਂ ਅੱਗੇ ਬੇਨਤੀ ਹੈ। ਉਹ ਇਹ ਕਿ ਕੀ ਤੁਸਾਂ ਕੋਈ ਪ੍ਰੀਖ੍ਯਾ ਬੀ ਕੀਤੀ ਹੈ ?
ਸਾਰੀਆਂ:-ਨਹੀਂ ਜੀ।
ਰਾਣੀ ਡਡਵਾਲਨ-ਸੁਣ ਨੀ ਪੜ੍ਹੀਏ ਕੁੜੀਏ ਟਕੇ ਸੇਰੀ ਗੱਲ । ਦੋ ਤਰਾਂ ਦੇ ਹਨ ਪਰਵਾਨੇ, ਪਰਵਾਨੇ ਜਾਣਨੀ ਹੈਂ ਨਾਂ ? ਭੰਬਟ! ਇਕ ਤਾਂ ਲਾਟ ਵੇਖਦਿਆਂ ਲਾਟ ਨੂੰ ਜੱਫੀ ਪਾਕੇ ਲਾਟ ਵਿੱਚ ਸਮਾ ਜਾਂਦੇ ਹਨ, ਦੂਜੇ ਨੇੜੇ ਹੋ ਹੋ ਪਰਖਦੇ ਹਨ ਕਿ ਉਹੋ ਹੈ ਕੋਈ ਹੋਰ, ਓਹ ਪਰਖਦੇ ਪਰਖਦੇ ਖੰਭ ਸੜਵਾ ਡਿੱਗ ਪੈਂਦੇ ਹਨ, ਫੇਰ ਉੱਡਣ ਜੋਗੇ ਨਹੀਂ ਰਹਿੰਦੇ, ਤੇ ਪ੍ਰੀਖ੍ਯਾ ਹੋ ਗਈ ਕਰਕੇ ਸਿੱਕ ਵਧ ਜਾਂਦੀ ਹੈ, ਸੋ ਵਧਦੀ ਸਿੱਕ ਵਿੱਚ ਕਿ ਕਿਵੇਂ ਮਿਲੀਏ, ਤੜਫਦੇ ਹਨ । ਕਦੇ ਡਿੱਠੇ ਨੀ ਕਿ ਨਹੀਂ ਦੀਵੇ ਦੇ ਹੇਠਾਂ ਡਿੱਗੇ ਹੋਏ ਖੱਭ ਸੜੇ ਭੰਬਟ, ਤੜਫਦੇ ਤੇ ਸਹਿਕਦੇ ਤੇ ਲਾਟ ਤੋਂ ਦੂਰ ਹੀ ਦੂਰ ਸਿੱਕਦੇ ਤੇ ਸਿਸਕਦੇ ।
ਪਦਮਾ-ਤੇ ਕੋਈ ਪਰਖਦੇ ਸਾਰ ਲਾਟ ਵਿੱਚ ਨਹੀਂ ਪਰਵੇਸ਼ ਕਰ ਜਾਂਦੇ ?
ਰਾਣੀ ਡਡਵਾਲਨ-ਹਾਂ ਨੀ ਕੁੜੀਏ ਆਹੋਨੀ, ਸੱਚੀ ਨੀ, ਐਹੋ ਜੇਹੇ ਬੀ ਹੁੰਦੇ ਨੀ, ਨੀ ਤੂੰ ਤਾਂ ਕੁਛ ਸਿਆਣੀ ਹੈਂ ਨੀ ਧੀਏ ! ਲੈ ਹੁਣ ਫੇਰ ਪਰਖ, ਪਰ ਫੇਰ ਕੁਛ ਸਾਨੂੰ ਬੀ ਦੱਸੇਂਗੀ ਕਿ ਓਥੇ ਹੀ ਰਹ ਜਾਏਂਗੀ ਪਰ ਅਸਾਂ ਪਰਤਾਵੇ ਦੀ ਸੁਣਕੇ ਕੀਹ ਲੈਣਾ ਹੈ ? ਸਾਨੂੰ ਤਾਂ ਚੜ੍ਹ ਗਿਆ ਹੈ ਨਸ਼ਾ “ਖੁਸ਼ੀਆਂ ਨਿੱਤ ਨਵੀਆਂ ਮੇਰੇ ਸਤਿਗੁਰ ਦੇ ਦਰਬਾਰ” ਸਿੱਖ ਗਾਉਂਦੇ ਸੁਣੀਂਦੇ ਸਨ, ਸੋ ਲੈ ਲਈਆਂ ਖੁਸ਼ੀਆਂ । ਸਾਖ੍ਯਾਤ ਹੈ ਸਾਖ੍ਯਾਤ ।
ਪਦਮਾ-ਮੇਰੀ ਬੇਨਤੀ ਇਹ ਹੈ ਕਿ ਜੇ ਮੇਰੀ ਪਰਖ ਵੀ ਤੁਸਾਡੇ ਖ੍ਯਾਲਾਂ ਨਾਲ ਮਿਲ ਜਾਵੇ ਤਾਂ ਮੈਂ ਪਿਤਾ ਜੀ ਨੂੰ ਬਿਨੈ ਕਰਾਂਗੀ ਤੇ ਤੁਸੀਂ ਆਪਣੇ ਆਪਣੇ ਸਿਰਤਾਜਾਂ ਤੇ ਜੋਰ ਪਾਓ ਕਿ ਇਹ ਜੰਗ ਬੰਦ ਹੋਣ ਤੇ ਇਕ ਭਾਰੀ ਤਾਕਤ ਤੁਰਕ ਰਾਜ ਦੇ ਵਿਰੁੱਧ ਬਣ ਜਾਵੇ ।
ਰਾਣੀ ਡਡਵਾਲਨ-ਆਖਣਾ ਕੀ ਏ? ਏਹ ਪਹਾੜੀਏ ਮਾਹਣੂੰ ਖਿਨ ਤੋਲਾ ਖਿਨ ਮਾਸਾ, ਤੱਵੇ ਦੀ ਛਿੱਟ, ਪਲ ਭਰ ਸੂੰ ਸੂੰ, ਫੇਰ ਤਪਸ਼, ਕੱਲ੍ਹ ਦੇ ਸਾਰੇ ਲੱਟੂ ਹੋ ਗਏ ਹਨ ਮੇਰਾ ਮੁਣਸ ਤਾਂ ਅੰਮ੍ਰਿਤ ਛਕਕੇ ਤ੍ਯਾਰ ਬਰ ਤ੍ਯਾਰ ਹੋਣ ਨੂੰ ਤ੍ਯਾਰ ਹੈ। ਗੱਲ ਤਾਂ ਕਾਕੀ ! ਤੇਰੀ ਸ਼ੁਭ ਹੈ ਤੇ ਹੋ ਬੀ ਜਾਊ, ਪਰ ਜਦੋਂ ਤੁਰਕਾਂ ਮਾਰੀ ਭਬਕੀ, ਆਯਾ ਅੰਦਰ ਖਾਨੇ ਇਸ਼ਾਰਾ ਦਿੱਲੀਓਂ, ਤਦ ਸਭ ਨੇ ਡੱਡੂਆਂ ਦੀ ਪਸੇਰੀ ਬਣ ਜਾਣਾ ਹੈ । ਫਸਾਦ ਤਾਂ ਸਾਰੇ ਨੁਰੰਗੇ ਦੇ ਹਨ ਜੋ ਆਪੋ ਵਿੱਚ ਲੜਾ ਮਰਾ ਰਿਹਾ ਹੈ। ਉਂਜ ਕਰੋ ਜਤਨ ।
ਪਦਮਾ-ਫੇਰ ਜੋ ਅੱਗੋਂ ਭਗਵਾਨ ਕਰੇ, ਪਰ ਇੱਕ ਵੇਰੀ ਸ਼ੁਭ ਜਤਨ ਹੋ ਜਾਏ।
ਡਡਵਾਲਨ-ਪ੍ਰੀਖ੍ਯਾ ਸੰਭਲਕੇ ਕਰੀਂ। ਪ੍ਰੀਖ੍ਯਾ ਕਰਨੀ ਆਪਾ ਹੋਮ ਕਰਨਾ ਹੁੰਦਾ ਹੈ।
ਸਾਰੀਆਂ-ਜ਼ਰੂਰ ਹੋ ਜਾਏ ।
... … … … … … ... …
ਸਾਹਿਤ੍ਯ ਪੁਸਤਕਾਂ ਲਿਖਣ ਨਾਲ ਨਹੀਂ ਬਣਦਾ, ਦੂਸਰੀਆਂ ਬੋਲੀਆਂ ਥੀਂ ਪਰਾਈਆਂ ਰਚਨਾਂ ਦੇ ਉਲਥੇ ਕਰਨ ਨਾਲ ਨਹੀਂ ਉੱਨਤ ਹੋ ਸੱਕਦਾ।
ਅਸਲੀ ਤੇ ਸੁੱਚਾ ਸਾਹਿਤ੍ਯ ਮਹਾਤਮਾਂ ਲੋਕਾਂ ਦੇ ਅੰਮ੍ਰਿਤ ਬਚਨ ਹੁੰਦੇ ਹਨ, ਬੰਦੇ ਜਿਸ ਕੌਮ ਵਿੱਚ ਪੈਦਾ ਹੋਣ ਉਸ ਵਿੱਚ ਸਾਹਿਤ੍ਯ ਦਾ ਧਨ, ਆਪ-ਮੁਹਾਰਾ ਮੀਂਹ ਵਾਂਗ ਵਰਦਾ ਹੈ। ਜਿਸ ਤਰਾਂ ਉੱਚੇ ਮਹਿਲਾਂ ਨਾਲ ਕੋਈ ਕੌਮ ਉੱਚੀ ਨਹੀਂ ਹੁੰਦੀ । ਜੇ ਉਹਦੇ ਬੰਦੇ ਵੱਡੇ ਦਿਲਾਂ ਵਾਲੇ ਉੱਚੀਆਂ ਸੁਰਤਾਂ ਵਾਲੇ ਹੋਣ ਤੇ ਭਾਵੇਂ ਕੱਖਾਂ ਦੀਆਂ ਝੁੱਗੀਆਂ ਵਿੱਚ ਰਹਿਣ, ਉਹ ਕੌਮ ਨੂੰ ਵੱਡਾ ਤੇ ਉੱਚਾ ਕਰਦੇ ਹਨ, ਇਸੀ ਤਰਾਂ ਸਾਹਿਤ੍ਯ ਵੀ ਉਨ੍ਹਾਂ ਮਹਾਂਪੁਰਖਾਂ ਦੇ ਪ੍ਰਛਾਵਿਆਂ ਵਿੱਚ ਪਲਦੀ ਹੈ। ਪੰਜਾਬੀ ਸਾਹਿਤ੍ਯ ਜੋ ਹੈ ਸੋ ਫਕੀਰਾਂ, ਗੁਰੂ ਪਿਆਰਿਆਂ, ਸੁਰਤੀ ਪੁਰਖਾਂ ਦੇ ਵਚਨ ਹਨ ਤੇ ਉਹ ਇਸ ਤਰਾਂ ਦਾ ਤੀਰ ਬਰਸਾਉਣਾ ਸਾਹਿਤ੍ਯ ਹੈ ਕਿ ਜਿਹੜਾ ਇਹਦਾ ਜਾਣੂ ਹੋਯਾ ਉਹਨੂੰ ਹੋਰ ਕੋਈ ਬੋਲੀ ਭਾਂਦੀ ਨਹੀਂ ।ਤੇ ਪੰਜਾਬੀ ਸਾਹਿਤ੍ਯ ਦੇ ਬਾਣ ਪਿਆਰ ਭਰੇ ਕਲੇਜਿਆਂ ਨੂੰ ਵਿੰਨ੍ਹਦੇ ਹਨ ਅਰ ਪਿਆਰ ਦੇ ਛੇਕ ਵੀ ਕਰਦੇ ਹਨ ਅਰ ਪਿਆਰ ਦੇ ਜ਼ਖਮਾਂ ਨੂੰ ਵੀ ਭਰਦੇ ਹਨ ॥
ਇਸ ਸਾਹਿਤ੍ਯ ਦੀ ਉੱਨਤੀ ਫਕੀਰ ਦਿਲਾਂ ਦੇ ਡੂੰਘੇ ਤੇ ਅਸਗਾਹ ਵਹਿਣਾਂ ਵਿੱਚ ਹੈ, ਉਹ ਵਹਿਣ ਪੈਣ, ਮਾਮਲੇ ਦਰਪੇਸ਼ ਆਣ, ਕਦੀ ਕਿਸੀ ਦੇ ਦੀਦਾਰ ਹੋਣ, ਨੈਣ ਲਾਲ ਹੋਣ, ਦਿਲ ਨੂੰ ਅਣੀਆਲੇ ਤੀਰ ਚੁੱਬਣ, ਅੱਧੇ ਅੰਦਰ ਹੋਣ ਅੱਧੇ ਬਾਹਰ, ਵਡ੍ਹਿਆਂ ਵਡ੍ਹੇ ਨਾ ਜਾਣ, ਪੀੜ ਹੋਵੇ, ਤੁਣਕੇ ਵੱਜਣ, ਤੇ ਉਨ੍ਹਾਂ ਜੀਵਨ ਦੇ ਪਿਆਰ ਤਜਰਬਿਆਂ, ਉੱਚੀਆਂ ਨੀਦਰਾਂ ਤੇ ਦਿਲ ਦੀਆਂ ਚੀਖਾਂ ਤੇ ਕਸੀਸਾਂ ਵਿੱਚ ਦੀ ਕੋਈ ਨਵੇਂ ਆਵਾਜ ਮਾਰਨ, ਉਹ ਮਿੱਠੇ ਪਿਆਰ ਰਾਗ ਦੇ ਆਪ- ਮੁਹਾਰੇ ਅਲਾਪ, ਪੰਛੀ ਵਤ, ਫੁੱਲ ਦੇ ਚੁੱਪ-ਰੰਗ-ਅਲਾਪ, ਸੁਗੰਧ ਰਾਗ ਵਾਂਗ, ਕੋਈ ਰਚਨਾਂ, ਕੋਈ ਇਲਾਹੀ ਰੰਗ,ਕਦੀ ਕਦੀ ਕਿਧਰੋਂ ਉਪਜੇ, ਹਾਂ ਉਪਜੇ, ਬਣਾਈ ਨਾ ਜਾਵੇ, ਉਹ ਸੁੱਚੇ ਸਾਹਿਤ੍ਯ ਦਾ ਸਮਾਂ ਬੰਨ੍ਹੇ ॥
ਪਰ ਕਿੱਥੇ ? ਜਿੱਥੇ ਕੰਡਿਆਂ ਨੂੰ ਪਾਲਿਆ ਜਾਵੇ, ਫੁੱਲਾਂ ਨੂੰ ਸੁਕਾਇਆ ਜਾਵੇ, ਖੁਦਗਰਜ਼ੀ ਲਾਲਚ, ਮੁਹਰੇ ਹੋ ਸ਼ੋਰ ਪਾਣ, ਕਵੀ ਬਣਨ, ਸਾਹਿਤ੍ਯ ਆਚਾਰਯ ਅਖਵਾਣ ਨਿਰੇ ਅਖਵਾਣ ਲਈ ਲੋਕਾਂ ਦੀ ਸੁਰਤਾਂ ਮਲੀਨ ਅਰ ਚੰਚਲ ਹੋਣ, ਉਥੇ ਸਾਹਿਤ੍ਯ ਦਾ ਰੰਗ ਕਿੱਥੇ ?
ਹਰ ਇਕ ਕੌਮ ਦਾ ਆਪਣਾ ਆਪਣਾ ਸਾਹਿਤ੍ਯ ਹੁੰਦਾ ਹੈ, ਅੰਗਰੇਜੀ ਸਾਹਿਤ੍ਯ ਬਹੁਤ ਕਰਕੇ ਪੋਲੀਟੀਕਲ ਇਤਹਾਸ, ਤੇ ਜੰਗ ਲੜਾਈ, ਤੇ ਕੌਮਾਂ ਨੂੰ ਫਤਹ ਕਰ ਉਨ੍ਹਾਂ ਨੂੰ ਕਿਸ ਤਰਾਂ ਹਕੂਮਤ ਤੇ ਕਾਨੂਨ ਵਿੱਚ ਰੱਖਣਾ, ਕਾਨੂਨ ਆਦਿ ਦਾ ਬਣਿਆ ਹੈ, ਜਿਹੜੇ ਪਾਰਖੀ ਬੰਦੇ ਹਨ ਉਹ ਵੇਖਦੇ ਹਨ ਕਿ ਅੰਗਰੇਜੀ ਬੋਲੀ ਵਿੱਚ ਕੋਈ ਲਿਰਕ ਤੇ ਸੁੱਚਾ ਰੋਮੈਂਟਕ ਸਾਹਿਤ੍ਯ (Lyrical and Ro- mantic literature) ਹੀ ਨਹੀਂ, ਨਾਟਕ ਚੇਟਕ ਚੰਚਲ ਤੇ ਜਿਹੇ ਲੜਨ ਭਿੜਨ ਤੇ ਦੂਜੀਆਂ ਕੌਮਾਂ ਨੂੰ ਵਾਹੁਣ ਵਾਲੀਆਂ ਬੇਚੈਨ ਸੁਰਤਾਂ ਨੂੰ ਰਤਾਕੂ ਠੰਢ ਪਾਣ ਦੇ ਸਾਮਾਨ ਹਨ । ਅੰਗਰੇਜੀ ਸਾਹਿਤ੍ਯ ਥੀਂ ਪਹਿਲਾਂ ਰੋਮਨ ਐਮਪਾਇਰ ਵਿੱਚ ਵੀ ਇਹੋ ਜਿਹੀਆਂ ਖੇਡਾਂ ਦਾ ਸਾਹਿਤ੍ਯ ਸੀ ਤੇ ਇਹੋ ਕੁਛ (Lyric) ਸੀ ਕਿ ਕਵੀ ਅਮੀਰਾਂ ਦੇ ਮੇਜ਼ਾਂ ਪਰ ਅਕੱਠੇ ਹੁੰਦੇ ਸਨ ਤੇ ਸੁਹਣੀਆਂ ਗਹਿਣੇ ਕਪੜੇ ਪਾਏ ਸਜੀਆਂ ਧਜੀਆਂ ਅਮੀਰ ਸਵਾਣੀਆਂ ਦੇ ਪ੍ਰਚਾਵੇ ਖਾਤਰ ਤੁਕਬੰਦੀ ਕਰਦੇ ਸਨ ਤੇ ਜਿਹੜੇ ਕਿਸੀ ਸਵਾਣੀ ਨੂੰ ਭਾ ਜਾਣ ਉਨ੍ਹਾਂ ਦੀ ਇੱਜ਼ਤ ਹੁੰਦੀ ਸੀ । ਇਓਂ ਰੋਮਨ ਐਮਪਾਇਰ ਕੰਡਿਆਂ ਨੂੰ ਪਾਣੀ ਲਾ ਲਾ ਪਾਲਦੇ ਸਨ । ਫੁੱਲਾਂ ਦੀ ਇਹੋ ਜਿਹੀਆਂ ਕੌਮਾਂ ਵਿੱਚ ਕੋਈ ਪੁੱਛ ਨਹੀਂ ਹੁੰਦੀ ॥
ਜਰਮਨ ਸਾਹਿਤ੍ਯ ਵਿੱਚ ਅਜੀਬ ਪੰਜਾਬੀ ਵਰਗਾ ਲਿਰਕ ਸਾਹਿਤ੍ਯ ਹੈ, ਉਹੋ ਜਿਹੇ ਕਲ ਵਲ ਬੰਦਿਆਂ ਨੂੰ ਹੋਏ ਤੇ ਉਨ੍ਹਾਂ ਆਪਣੇ ਹੱਡਬੀਤੀਆਂ ਗੱਲਾਂ ਲਿਖੀਆਂ। ਫਰਾਂਸੀਸੀ ਵਿੱਚ ਵੀ ਪੰਜਾਬੀ ਵਰਗੀ ਲਿਰਕ ਸਾਹਿਤ੍ਯ ਹੈ॥
ਇਕ ਅਜੀਬ ਕੁਛ ਰੂਹ ਦੇ ਲਗਾਓ ਦੀ ਖੇਡ ਦੀ ਗੱਲ ਹੈ ਪਰ ਜੋ ਸਾਹਿਤ੍ਯ ਰੰਗ ਕਵਿਤਾ ਵਿੱਚ ਰਾਣਾ ਸੂਰਤ ਸਿੰਘ ਜੀ ਦੇ ਕਰਤਾ ਜੀ ਨੇ ਆਪਣੀਆਂ ਕਈ ਇਕ ਇਕਲੋਤਰੀਆਂ ਛੋਟੀਆਂ ਕਵਿਤਾਵਾਂ ਵਿੱਚ ਭਰਿਆ ਹੈ। ਉਸ ਤਰਾਂ ਦਾ ਰੰਗ ਜਾਪਾਨ ਦੀ ਲਿਰਕ ਸਾਹਿਤ੍ਯ ਵਿੱਚ ਹੈ, ਪੰਛੀਆਂ, ਬੂਟਿਆਂ, ਪੱਥਰਾਂ, ਦਰਯਾਵਾਂ, ਤੇ ਕੁਦਰਤ ਦੇ ਜਲਵਿਆਂ ਤੇ ਪਰਛਾਵਿਆਂ ਵਿੱਚ ਦੀ ਉਹ ਇਲਾਹੀ ਪਰੀਤ ਤੀਰ ਪੋਤੇ ਦਰਦ ਦੇ ਜੋ ਵਚਨ ਨਿਕਲੇ ਹਨ, ਉਹ ਜਾਪਾਨੀ ਲਿਰਕ ਪੋਇਟਰੀ ਦੇ ਸਾਂਝੇ ਹਨ ਤੇ ਸਹਿਜ ਸੁਭਾ ਉਪਜੇ ਹਨ ॥
ਸਾਡੇ ਆਪਣੇ ਮੁਲਕ ਵਿੱਚ ਉਹ ਸਭ ਸਾਹਿਤ੍ਯ ਪੰਜਾਬੀ ਨਾਲ ਆਣ ਟੱਕਰ ਖਾਂਦੇ ਹਨ ਜਿਨ੍ਹਾਂ ਵਿੱਚ ਭਗਤੀ ਭਾਵ ਹੈ, ਸ਼ਾਸਤ੍ਰਿਕ ਸਾਹਿਤ੍ਯ ਦਾ ਪੁਰਾਣਾ ਤਰੀਕਾ ਕੋਈ ਜੀਆਦਾਨ ਦੇਣ ਵਾਲੀ ਚੀਜ਼ ਨਹੀਂ ਤੇ ਉਸ ਤਰਾਂ ਦੀਆਂ ਜਿੰਨੀਆਂ ਪੁਸਤਕਾਂ ਕਿਸੇ ਵੀ ਪੰਜਾਬੀ ਵਿੱਚ ਲਿਖੀਆਂ ਹਨ, ਉਹ ਪੰਜਾਬੀ ਸਾਹਿਤ੍ਯ ਦੇ ਮਰਮ ਥੀਂ ਅਣਜਾਣ ਹਨ । ਮੈਂ ਉੱਪਰ ਕਹਿ ਆਇਆ ਹਾਂ ਕਿ ਹਰ ਇਕ ਮੁਲਕ ਤੇ ਕੌਮ ਦਾ ਸਾਹਿਤ੍ਯ ਆਪਣੇ ਵੱਖਰਾਪਨ ਵਿੱਚ ਹੋਕੇ ਸੁਗੰਧਿਤ ਹੋ ਸੱਕਦਾ ਹੈ, ਜੇ ਪੰਜਾਬੀ ਹੁਣ ਅੰਗਰੇਜ਼ੀ ਸਾਹਿਤ੍ਯ ਦੀ ਨਕਲ ਕਰੇ ਤਦ ਭਾਵੇਂ ਕੁਛ ਬਣ ਜਾਵੇ ਸਾਹਿਤ੍ਯ ਮਰ ਜਾਵੇਗਾ। ਹਰ ਕੌਮ ਦਾ ਸਾਹਿਤ੍ਯ ਉਹਦੀ ਜੀਨਅਸ ਦਾ ਸਹਿਜ ਸੁਭਾ ਉਪਜਿਆ ਪ੍ਰਕਾਸ਼ ਹੁੰਦਾ ਹੈ, ਸੋ ਪੰਜਾਬੀ ਸਿਰਫ ਗੁਰਮੁੱਖੀ ਫਕੀਰੀ ਰੰਗ ਵਿੱਚ ਸੋਭਾ ਪਾ ਸੱਕਦੀ ਹੈ । ਬੁੱਲ੍ਹੇ ਸ਼ਾਹ ਨੂੰ ਗੁਰਮੁੱਖੀ ਮੁਰਸ਼ਦੀ ਰੰਗ ਲੱਗਾ, ਇਸ ਮੰਦਰ ਦੀ ਉਸਾਰੀ ਉਸ ਕੀਤੀ, ਵਾਰਸ ਸ਼ਾਹ ਨੂੰ ਕੁਛ ਥੋੜ੍ਹਾ ਫਕੀਰੀ ਦਾ ਠਰਕ ਹੋਇਆ ਉਹ ਵੀ ਇਸੀ ਵਿੱਚ ਗਾ ਉੱਠਿਆ। ਕਾਦਰਯਾਰ ਆਦਿਕ ਸਭ ਫਕੀਰੀ ਦੇ ਠਰਕ ਵਾਲੇ ਬੰਦੇ ਸਨ । ਜਿਨ੍ਹਾਂ ਵਿਚ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਬੀਰ ਰਸ ਭਰਿਆ, ਤੇ ਸਤਿਗੁਰਾਂ ਦੇ ਨਿਮਾਣੇ ਸਿਖ ਸਿਪਾਹੀ ਅੰਗਰੇਜ਼ ਨਾਲ ਲੜਨ ਨੂੰ ਲਾਹੌਰੋਂ ਨਿਕਲੇ ਤੇ ਜੰਗ ਕੀਤਾ ।
“ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੀ”।
ਸੋ ਕੰਗਾਲ ਦੁਨੀਆਂ ਦੇ ਧੰਧੇ ਵਿੱਚ ਫਸਿਆਂ, ਦੁਖੀ, ਚੰਚਲ, ਗੰਦੀਆਂ ਮੰਦੀਆਂ, ਦੁਖ ਮਿਧੀਆਂ ਸੁਰਤਾਂ ਦਾ ਕੰਮ ਨਹੀਂ ਕਿ ਪੰਜਾਬੀ ਸਾਹਿਤ੍ਯ ਦੇ ਮੰਦਰ ਤਕ ਅੱਪੜ ਵੀ ਸੱਕਨ, ਅੰਦਰ ਵੜਨਾ ਕਿੱਥੇ ? ਇਹ ਪਿਆਰ ਕੁਠੀ ਮਰ ਜਾਣੀ ਸੱਸੀ ਦੀ ਬੋਲੀ ਹੈ:-
“ਉਠੀ ਫਜਰੀ ਪੁਨੂੰ ਨਜਰੀ ਨਹੀਂ ਆਇਆ”।
ਜਿਸ ਕਦੀ ਪੁਨੂੰ ਰਾਵਿਆ ਹੀ ਨਹੀਂ, ਉਸ ਕੀ ਕੂਕਣਾ ਹੈ ?
“ਇਸ਼ਕ ਕਰਨ ਤਲਵਾਰ ਦੀ ਧਾਰ ਕਪਨ,
ਇਹ ਕੰਮ ਨਹੀਂ ਭੁੱਖਿਆਂ ਨੰਗਿਆਂ ਦਾ।
ਇਹ ਕੰਮ ਨਹੀਂ ਅਣਭੰਗੀਆਂ ਦਾ,
ਇਹ ਤਾਂ ਕੰਮ ਹੈ ਸਿਰਾਂ ਥੀਂ ਲੰ ਗਿਆਂ ਦਾ”॥
ਕਦੀ ਭੈਣਾਂ ਦੇ ਭਰਾਵਾਂ ਦੇ ਵਿਜੋਗ ਵਿਚ ਕੀਰਣੇ ਸੁਣੇ ਜੇ ! ਕਦੀ ਮਾਵਾਂ ਦੇ ਪੁਤਾਂ ਦੇ ਸੱਲਾਂ ਦੀਆਂ ਚੀਕਾਂ ਸੁਣੀਆਂ ਜੇ, ਕਦੀ ਸੋਹਣੀ ਦੀ ਤਾਂਘਾਂ ਦੀਆਂ ਲਹਿਰਾਂ ਦੇ ਕੱਪਰ ਪੈਂਦੇ ਦੇਖੇ ਜੇ ॥
“ਸਾਹਿਤ੍ਯ ਬਨਾਣਾ”, ਉਪਜਣਾ ਤੇ ਉਪਜਾਣਾ ਤਾਂ ਮੰਨਿਆ ਨਾ ਹੁੰਦਾ ਹੈ ਓ ਭੋਲਿਓ! ਅੰਗਰੇਜ਼ਾਂ ਦਾ ਬੰਗਾਲੀਆਂ ਦਾ, ਮੁਲਾਂ ਮਲਵਾਣਿਆਂ ਦਾ ਕੰਮ ਹੋਵੇ ਤਾਂ ਹੋਵੇ, ਸੱਸੀ ਨੇ ਯਾ ਸੋਹਣੀ ਨੇ, ਯਾ ਸਾਹਿਬਾਂ ਨੇ, ਯਾ ਬੁਲ੍ਹੇ ਨੇ, ਯਾ ਸ਼ਾਹ ਹੁਸੈਨ ਨੇ ਸਾਹਿਤ੍ਯ ਕੀ ਬਨਾਉਣਾ ਹੈ, ਉਹ ਤਾਂ ਉਨ੍ਹਾਂ ਦੇ ਦਿਲਾਂ ਨੂੰ ਚੀਰ ਕੇ, ਧਰਾਂ ਨੂੰ ਫਾੜ ਕੇ ਉਨ੍ਹਾਂ ਦੀਆਂ ਵਿਲੂੰਦਰੀਆਂ ਛਾਤੀਆਂ ਤੇ ਉੱਗੇ ਲਾਲ ਫੁੱਲਾਂ ਦਾ ਖੇਤ ਹੈ। ਓ ਭੋਲਿਓ ! ਸਾਹਿਤ੍ਯ ਉਪਜਦਾ ਹੈ ਨਾ ਬੀਜਿਆ ਜਾਂਦਾ ਹੈ, ਨਾ ਬਣਦਾ ਹੈ, ਬੀ ਹਰ ਇਕ ਸ਼ੈ ਦਾ ਹੈ ਪਰ ਸਾਹਿਤ੍ਯ ਬਿਨਾਂ ਬੀ ਦੇ ਮੀਂਹ ਵਾਂਗ ਅਰਸ਼ੋਂ ਵਰ੍ਹਦਾ ਹੈ ਤੇ ਇਕ ਇਕ ਕਤਰੇ ਵਿੱਚ ਲਖ ਲਖ ਬਾਗ਼ ਹਨ ॥
ਦੁਨੀਆਂ ਦੇ ਇੰਤਜਾਮ ਉਸੀ ਤਰਾਂ ਉਠਦੇ ਤੇ ਢਹਿੰਦੇ ਰਹਿੰਦੇ ਹਨ ਜਿਸ ਤਰਾਂ ਘਰ ਦੇ ਇੰਤਜਾਮ । ਜਦ ਚੰਗੀ ਸਵਾਣੀ ਤੇ ਆਦਮੀ ਮਿਲ ਬੈਠੇ ਤੇ ਉਨ੍ਹਾਂ ਆਪਣੇ ਆਪ ਨੂੰ ਇਕ ਦੂਜੇ ਪਰ ਵਾਰ ਦਿੱਤਾ, ਤਦ ਘਰ ਟੁਰ ਪੈਂਦਾ ਹੈ । ਦੁੱਖ ਦਰਦ ਦੇ ਸਮੇ ਲਈ ਕੁਛ ਕੀੜੀ ਵਾਂਗ ਅੰਦਰ ਭੀ ਰਖਿਆ ਹੁੰਦਾ ਹੈ, ਤੇ ਬਾਕੀ ਆਪਣਾ, ਬੱਚਿਆਂ ਦਾ, ਤੇ ਆਏ ਗਏ ਦਾ ਨਿਰਬਾਹ ਵੀ ਸੋਹਣੀ ਤਰਾਂ ਚੱਲ ਜਾਂਦਾ ਹੈ, ਦੱਸਾਂ ਨੌਹਾਂ ਦੀ ਮਿਹਨਤ ਆਦਮੀ ਕਰਦਾ ਹੈ ਤੇ ਸਵਾਣੀ ਵੀ ਦਿਨ ਰਾਤ ਨਿਰਬਾਹ ਲਈ ਹਥ ਪੈਰ ਸਦਾ ਮਾਰਦੀ ਰਹਿੰਦੀ ਹੈ, ਖਾਵੰਦ ਦਾ ਹਥ ਵਟਾਂਦੀ ਰਹਿੰਦੀ ਹੈ, ਜਿਸ ਤਰਾਂ ਉਹ ਕਮਾ ਕੇ ਘਰ ਲਿਆਉਂਦਾ ਹੈ ਉਸੀ ਤਰਾਂ ਇਹ ਨਾ ਖਰਚ ਕਰਕੇ ਆਪਣੀ ਹੱਥੀਂ ਘਰ ਦੀਆਂ ਲੋੜਾਂ ਦੇ ਕੰਮ ਸੰਵਾਰ ਕੇ ਜੋ ਬਚਦਾ ਹੈ ਉਹ ਓਹਦੀ ਕਮਾਈ ਜਾਨਣੀ ਚਾਹੀਏ। ਹਰ ਇਕ ਪੈਸਾ ਜਿਹੜਾ ਖਰਚ ਨ ਕੀਤਾ ਜਾਵੇ ਉਹ ਬਚਿਆ ਹੀ ਸਮਝਣਾ ਚਾਹੀਏ। ਜਿਹੜੇ ਲੋਕੀ ਇਹ ਗਲ ਕਹਿੰਦੇ ਹਨ ਕਿ ਹਿੰਦੁਸਤਾਨ ਦੀਆਂ ਤੀਮੀਆਂ ਨਕੰਮੀਆਂ ਰਹਿੰਦੀਆਂ ਹਨ ਤੇ ਮਖੱਟੂ ਹਨ ਉਨ੍ਹਾਂ ਨੂੰ ਪੰਜਾਬ ਦੇ ਗ੍ਰਾਵਾਂ ਵਿੱਚ ਜਾ ਕੇ ਗੌਰ ਨਾਲ ਦੇਖਣਾ ਚਾਹੀਏ ਕਿ ਪੰਜਾਬੀ ਸਵਾਣੀ ਆਪਣੇ ਘਰ ਦਾ ਕਿੰਨਾ ਕਮਾਊ ਕੰਮ ਕਰਦੀ ਹੈ, ਨਿਰਾ ਖੱਦਰ ਬੁਣਨਾ ਹੀ ਕੰਮ ਨਹੀਂ ਹੁੰਦਾ। ਕਿਸੀ ਕਾਰਖਾਨੇ ਵਿੱਚ ਜਾ ਕੇ ਭੁੜੀ ਕਰਕੇ ਚਾਰ ਕੌਡਾਂ ਘਰ ਲਿਆਏ ਬਿਨਾ ਤੀਮੀ ਮਖੱਟੂ ਨਹੀਂ ਗਿਣਨੀ ਚਾਹੀਦੀ, ਇਕ ਬਾਲ ਬੱਚੇ ਦੇ ਕੱਪੜੇ ਧੋਣੇ, ਪਤੀ ਦੇ ਕੱਪੜੇ ਧੋਣੇ, ਉਹ ਇਕ ਧੋਬੀ ਦਾ ਕੰਮ ਕਰਦੀ ਹੈ ਤੇ ਜੇ ਘਰ ਦੇ ਔਸਤਨ ੫ ਮੈਂਬਰ ਗਿਣੇ ਜਾਣ ਤੇ ਦੋ ਕੱਪੜੇ ਰੋਜ ਗਿਣੇ ਜਾਣ ਤਦ ੧੦ ਕੱਪੜੇ ਰੋਜ ਤੇ ਮਹੀਨੇ ਦੇ ੩੦੦ ਕੱਪੜੇ ਧੋਂਦੀ ਹੈ । ਗ੍ਰਾਵਾਂ ਵਿੱਚ ਸ਼ਹਿਰਾਂ ਵਾਂਗ ਸਫਾਈ ਨਹੀਂ ਆਉਂਦੀ । ਪਰ ਜੇ ਆਨਾ ਕੱਪੜਾ ਨਹੀਂ, ਪੈਸਾ ਕੱਪੜਾ ਵੀ ਗਿਣਿਆ ਜਾਏ ਤਦ ਇਕ ਐਟਮ ਧੋਬੀ ਵਿੱਚ ਹੀ ਉਹ ਸਵਾਣੀ ੩੦੦ ਪੈਸੇ ਯਾ ਚਾਰ ਰੁਪੈ ਯਾਰਾਂ ਆਨੇ ਖੱਟਦੀ ਹੈ,' ਹੁਣ ਰੋਟੀ ਪਕਾਣੀ ਖਵਾਣੀ ਤੇ ਦੁਧ ਦਹੀਂ ਸਾਂਭਣਾ, ਮੱਖਣ ਬਨਾਣਾ ਇਹ ਘਰੋਗੀ ਜਿਮੀਂਦਾਰਾ ਇਨਡਸਟਰੀ ਹੈ। ਜੇ ਉਹਦੀ ਭੁੜੀ ਦਾ ਹੀ ਮੁੱਲ ਪਾਵੋ ਤਾਂ ਇਕ ਮਜੂਰ ਦਾ ਕੰਮ ਉਹ ਰੋਜ ਕਰਦੀ ਹੈ ਤੇ ਜੇ ਮਜੂਰ ਦੇ ੪ ਆਨੇ ਵੀ ਰੋਜ ਘੱਟੋ ਘੱਟ ਮੁੱਲ ਪਾਵੋ ਤਦ ੭ ਯਾ ੮ ਰੁਪੈ ਦੇ ਲਗ ਭਗ ਘੱਟੋ ਘੱਟ ਇਹ ਕੰਮ ਹੋਇਆ, ਹੋਰ ਘਰ ਦਾ ਨਿਕਾ ਨਿਕਾ ਦਿਲ ਨਾਲ ਸਾਂਭਣ, ਪਿਆਰ ਵਿੱਚ ਬਾਲ ਬੱਚਿਆਂ ਦੇ ਸੇਵਾ ਜਿਹੜੀ ਜੇ ਹਸਪਤਾਲ ਆਦਿ ਵਿੱਚ ਹੁੰਦੀ ਹੈ, ਉਹ ਸਬ ਘਰ ਦੇ ਬਾਨ੍ਹਣੂ ਬਨਣ ਵਿੱਚ ਬੜੀ ਸਹਾਈ ਹੁੰਦੀ ਹੈ, ਸੋ ਸਮੁੱਚੀ ਤਰਾਂ ਗੌਹ ਨਾਲ ਦੇਖੀਏ ਤਦ ਗ੍ਰਾਵਾਂ ਵਿੱਚ ਉਹ ਜਿਮੀਂਦਾਰ ਜੋ ਆਪ ਹਲ ਵਾਹੁੰਦੇ ਹਨ, ਘੱਟੋ ਘਟੀ ਨਿਕਦੀ ਵਿੱਚ ਜੇ ਨਿਰੀ ਜਿਸਮਾਨੀ ਤੇ ਮਸ਼ੀਨੀ ਕੰਮ ਦਾ ਮੁੱਲ ਪਾਵੀਏ ਤਦ ੧੫) ਰੁਪੈ ਮਾਹਵਾਰ ਥੀਂ ਕਿਸੀ ਹਾਲਤ ਘੱਟ ਨਹੀਂ ਹੋ ਸੱਕਦਾ ਤੇ ਸਾਲ ਦਾ ੧੮੦) ਰੁਪੈ ਹੋ ਜਾਂਦਾ ਹੈ । ਹੁਣ ਮੁਰੱਬਿਆਂ ਦੀ ਜੇ ਆਮਦਨ ਗਿਣੀਏ ਤਦ ਇਕ ਮੁਰੱਬਾ ਜੇ ਐਸੇ ਹਾਲੀ ਕੰਮ ਕਰਨ ਵਾਲੇ ਪਾਸ ਹੋਵੇ ਤਦ ਅੱਧੇ ਮੁਰੱਬੇ ਦੀ ਆਮਦਨ ਉਹਦੀ ਆਪਣੀ ਹੁੰਦੀ ਹੈ, ਤੇ ਜੇ ਇਹ ਔਸਤਨ ਨਕਦੀ ਮਾਇਆ ਆਬਿਆਨਾ ਆਦਿ ਕੱਡ ਕੇ ਗਿਣੀਏ ਤਦ ੩੦੦) ਰੁਪੈ ਤਕ ਸਾਲ ਦੀ ਹੁੰਦੀ ਹੈ ॥
ਸੋ ੩੦੦) ਰੁਪੈ ਸਾਲ ਚੰਗੀ ਤਕੜੀ ਕਮਾਈ ਕਰਨ ਵਾਲੇ ਦੀ ਜਰਾਇਤੀ ਆਮਦਨ ਓਥੇ ਹੈ ਜਿੱਥੇ ਪਾਣੀ ਨਹਰੀ ਹੈ ਤੇ ਭੌਂ ਨਵੀਂ ਤੇ ਕਮਾਈ ਹੋਈ ਹੈ, ਸੋ ਜਨਾਨੀ ੧੮੦ ਰੁਪੈ ਸਾਲ ਦਾ ਵਾਹਦੂ ਕੰਮ ਕਰਦੀ ਹੈ ਤੇ ਇਉਂ ਉਹ ੧੮੦) ਖੱਟਦੀ ਨਹੀਂ ਪਰ ਖਰਚ ਥੀਂ ਬਚਾਂਦੀ ਹੈ, ਸੋ ੩੦੦) ਰੁਪੈ ਵਿਚ ਇਹ ਪੰਜ ਇਕ ਬੱਚੇ ਸਮੇਤ ਟੱਬਰ ਮਾੜਾ ਮੋਟਾ ਪਲਦਾ ਹੈ ਪਰ ਆਮ ਕਰਕੇ ਆਮਦਨ ਦੀ ਔਸਤ ਇਸ ਤਰਾਂ ਨਹੀਂ ਹੁੰਦੀ। ਸੂਦੀ ਰੁਪੈ ਜਿਹੜੇ ਚੜ੍ਹ ਜਾਂਦੇ ਹਨ ਜਦ ਫਸਲ ਮਾੜੇ ਹੋਣ ਉਨ੍ਹਾਂ ਦਾ ਸੂਦ ਆਦਿ ਮਾਰ ਮੁਕਾਂਦਾ ਹੈ, ਸੋ ਮਾਲੀ ਤਰਾਂ ਇਕ ਕਾਸ਼ਤਕਾਰ ਮੁਜ਼ਾਰੇ ਦੀ ਆਮਦਨ ੨੦੦) ਤਕ ਰਹਿ ਜਾਂਦੀ ਹੈ,
ਹੁਣ ਇਸ ਮੁਲਕ ਵਿਚ ਧਨ ਉਪਜਾਊ ਕੰਮ ਸਿਵਾਏ ਖੇਤੀ ਦੇ ਹੋਰ ਆਮ ਕਰਕੇ ਕੋਈ ਨਹੀਂ ਹੈ, ਜਿੰਨਾ ਮੁਲਕੀ ਖਰਚ ਪੈਂਦਾ ਹੈ ਉਹੋ ਇਨ੍ਹਾਂ ਗਰੀਬ ਘਰਾਂ ਪਰ ਧਨ ਉਪਜਾਊ ਘਰਾਂ ਤੇ ਪੈਂਦਾ ਹੈ, ਆਖਰ ਦੱਸਾਂ ਨੌਹਾਂ ਦੀ ਮਿਹਨਤ ਨਾਲ ਹੀ ਜਮੀਨ, ਜਲ, ਮੀਂਹ, ਹਵਾ, ਧੁੱਪ ਤੇ ਮੌਸਮਾਂ ਦੇ ਅਨੇਕ ਤਰਾਂ ਦੇ ਗਰਮ ਸਰਦ ਵਟਾਂਦਰਿਆਂ ਕੋਲੋਂ ਮਦਦ ਲਈ ਜਾਂਦੀ ਹੈ, ਹੋਰ ਵੀ ਮਨੁੱਖੀ ਮਿਲਵਰਤਣ ਕੁਦਰਤ ਦੇ ਮਿਲ ਵਰਤਣ ਨਾਲ ਨਾਲ ਇਸ ਉਪਜਾਊ ਕਿਰਤ ਨੂੰ ਸਹਾਇਤ ਦਿੰਦਾ ਹੈ, ਕੁਦਰਤ ਆਪਣੀਆਂ ਸਾਰੀਆਂ ਤਾਕਤਾਂ ਬਗੈਰ ਕਿਸੀ ਮੁੱਲ ਲੈਣ ਦੇ ਉਪਜਾਊ ਕਿਰਤ ਵਾਲਿਆਂ ਦੇ ਵਰਤਣ ਲਈ ਧਰ ਦਿੰਦੀ ਹੈ, ਪਰ ਆਦਮੀ ਆਪਣੀ ਸਹਾਇਤਾ ਦਾ ਮੁੱਲ ਪਾ ਕੇ ਦਿੰਦਾ ਹੈ, ਸਰਮਾਯਾ ਜਿਸ ਨਾਲ ਕੋਈ ਅਮੀਰ ਆਦਮੀ ਜਮੀਨ ਖਰੀਦਦਾ ਹੈ ਤੇ ਫਿਰ ਵਾਹੀ ਲਈ ਕਿਸਾਨਾਂ ਨੂੰ ਦਿੰਦਾ ਹੈ, ਉਹ ਦਰਹਕੀਕਤ ਕੁਦਰਤ ਦੇ ਸਰਮਾਏ ਵਾਂਗ ਹੀ ਹੁੰਦਾ ਹੈ । ਕੁਦਰਤ ਆਪਣੀ ਨਿਕੀ ਨਿਕੀ ਤੇ ਚੁੱਪ, ਅੰਦਰ ਅੰਦਰ ਦੀ ਡਾਹਡੀ ਕਿਰਤ ਨਾਲ ਸਬ ਕੰਮ ਕਰਦੀ ਹੈ, ਤੇ ਪਲੀ ਪਲੀ ਜੋੜਦੀ ਹੈ ਤੇ ਉਹਦੇ ਕੁੱਪੇ ਰੋੜ੍ਹੇ ਜਾਂਦੇ ਹਨ, ਪਰ ਉਹ ਮਾਂ ਹੈ ਉਹ ਸਾਥੋਂ ਆਪਣੇ ਦੁੱਧ ਪਿਲਾਣ ਦਾ ਕੋਈ ਮੁੱਲ ਨਹੀਂ ਲੈਂਦੀ, ਸਾਡੇ ਆਦਮੀ ਭਰਾ ਮੁੱਲ ਲੈਂਦੇ ਹਨ, ਇਹ ਕੋਈ ਪਰੰਪਰਾ ਹੀ ਐਸੀ ਚਲੀ ਆਈ ਹੈ ਸੋ ਸਰਮਾਏ ਵਾਲਾ ਇਹ ਸਮਝਦਾ ਹੈ ਕਿ ਮੈਂ ਕਿਉਂ ਸਰਮਾਯਾ ਲਾਵਾਂ, ਪਰ ਇਹ ਉਹਦੀ ਭੁੱਲ ਹੈ ਜਿਹੜੀ ਸਦੀਆਂ ਪਿੱਛੇ ਆਪੇ ਹੀ ਕਾਨੂਨ ਤੇ ਸਹਿਜ ਸੁਭਾ ਮਨੁੱਖ ਦੀ ਇਖਲਾਕੀ ਤੇ ਮੁਲਕੀ ਤਰੱਕੀ ਹੋਣ ਨਾਲ ਨਿਕਲ ਜਾਵੇਗੀ । ਬੱਸ ਜਿਹੜੇ ਕਿਰਤ ਕਰਦੇ ਹਨ ਚਾਹੇ ਹੱਥਾਂ ਨਾਲ ਚਾਹੇ ਟੰਗਾਂ ਨਾਲ ਚਾਹੇ ਦਿਮਾਗ ਨਾਲ ਚਾਹੇ ਮਿੱਠੀ ਜੀਭ ਨਾਲ ਉਹੋ ਹੀ ਅੰਨ ਪਾਣੀ ਦੇ ਇਸ ਆਣ ਵਾਲੀ ਬਰਾਦਰੀ ਵਿੱਚ ਹੱਕ ਦਾਰ ਸਮਝੇ ਜਾਣਗੇ, ਜਿਹੜੇ ਅਜ ਕਲ ਸਰਮਾਏ ਉੱਤੇ ਹੀ ਲੋਕਾਂ ਦੀ ਛਾਤੀ ਤੇ ਮੁੰਗ ਦਲਦੇ ਹਨ ਉਨ੍ਹਾਂ ਨੂੰ, ਰੋਟੀ ਕੱਪੜਾ ਵੀ ਮਿਲਨਾ ਮੁਸ਼ਕਲ ਹੋ ਜਾਵੇਗਾ। ਕੁਲ ਜਾਇਦਾਦ ਤੇ ਮਾਲ ਦੀ ਹੈਸੀਅਤ ਆਖਰ ਹੱਥਾਂ ਪੈਰਾਂ, ਆਪਣੇ ਨੈਨ ਪ੍ਰਾਣਾਂ ਤੇ ਰਹਿ ਜਾਏਗੀ, ਕੋਈ ਆਦਮੀ ਅਮੀਰ ਜਨਮ ਥੀਂ ਨਹੀਂ ਹੋ ਸੱਕੇਗਾ। ਆਪਣੀ ਕਿਰਤ ਕਰਕੇ ਆਪਣੇ ਜੀਵਣ ਪ੍ਰਯੰਤ ਹੀ ਅਮੀਰ ਯਾ ਗਰੀਬ ਹੋ ਸੱਕੇਗਾ, ਅਮੀਰੀ ਗਰੀਬੀ ਨਸਲ ਬਨਸਲ ਨਹੀਂ ਚਲ ਸਕੇਗੀ, ਕਿ ਸਰਮਾਏ ਨੂੰ ਨਕੰਮਾ ਰੱਖਣ ਦੀ ਆਗਿਯਾ ਹੀ ਨਹੀਂ ਮਿਲੇਗੀ । ਕਿਰਤਾਂ ਉੱਪਰ ਹੀ ਨਬੇੜੇ ਹੋਣਗੇ । ਪਰ ਜਦ ਤਕ ਉਹ ਜਾਇਦਾਦ ਤੇ ਮਾਲੀ ਧਨ ਬਰੋਬਰੀ ਨਹੀਂ ਆਉਂਦੀ, ਤਦ ਤਕ ਚਾਲ, ਓਸ ਸੇਧ ਵੱਲ ਹੋ ਜਾਸੀ ਤੇ ਇਨਸਾਨੀਅਤ ਤੇ ਬਰੋਬਰ ਦਾ ਸੁਫਨਾ ਕਦੀ ਸਮੇ ਪਾ ਕੇ ਪੂਰਾ ਹੋਵੇਗਾ ॥
ਹਾਲਾਂ, ਯੂਰਪ ਦੇ ਇਤਹਾਸ ਨੂੰ ਵੇਖਣਾ ਇਕ ਬੜੀ ਸਿਖਿਆ ਦੇਣ ਵਾਲੀ ਗੱਲ ਹੈ, ਯੂਰਪ ਵਿੱਚ ਸਾਡੇ ਦੇਸ਼ ਵਾਂਗ ਜਿਸ ਤਰਾਂ ਇਥੇ ਕਦੀ ਹੋ ਚੁੱਕਾ ਹੈ ਥੋੜ੍ਹੇ ਜਿਹੇ ਚਿਰ ਖੇਤੀ ਉੱਪਰ ਕੰਮ ਕਰਕੇ ਰੋਟੀ ਕਪੜਾ ਚੰਗਾ ਮਿਲ ਨਹੀਂ ਸੀ ਸੱਕਦਾ ਸਾਡਿਆਂ ਬਚਪਨ ਦੇ ਸਮਿਆਂ ਵਿੱਚ ਤਿੰਨ ਤਿੰਨ ਸੇਰ ਰੁਪੈ ਦਾ ਘਿਓ, ਤੇ ੩੦ ਸੇਰ ਰੁਪੈ ਦਾ ਆਟਾ ਮਿਲਦਾ ਰਿਹਾ ਹੈ, ਉਸ ਥੀਂ ਪਹਿਲਾਂ ਵੀ ਚੀਜ਼ਾਂ ਹੋਰ ਵੀ ਸਸਤੀਆਂ ਸਨ। ਸੋ ਇਥੇ ਰੋਟੀ ਕਮਾਣ ਦਾ ਸਵਾਲ ਉਸ ਪੇਚੀਦਗੀ ਤੇ ਸਿਰ ਸਿਰ ਬਾਜੀ ਲਾਣ ਵਾਲੀ ਸ਼ਕਲ ਵਿੱਚ ਅਜ ਤਕ ਸਾਡੇ ਸਾਹਮਣੇ ਨਹੀਂ ਆਇਆ, ਹੁਣ ਆ ਰਿਹਾ ਹੈ, ਪਰ ਸਦੀਆਂ ਥੀਂ ਯੂਰਪ ਵਿੱਚ ਇਹ ਸਵਾਲ ਸਭ ਥੀਂ ਪਹਿਲਾ ਰਿਹਾ ਹੈ । ਉਸ ਕਰਕੇ ਲੋਕਾਂ ਦੇ ਦਿਲ ਨੂੰ ਕੁਝ ਹੁੰਦਾ ਸੀ ਜਦ ਬਾਦਸ਼ਾਹ ਉਨ੍ਹਾਂ ਦੇ ਲਹੂ ਦੇ ਕਤਰੇ ਵਗਾ ਕੇ ਕਮਾਇਆ ਪੈਸਾ ਬਰਬਾਦ ਕਰਦੇ ਸਨ । ਪਹਿਲਾਂ ਪਹਿਲ ਹਰ ਮੁਲਕ ਵਿੱਚ ਬਾਦਸ਼ਾਹ ਆਪਣੇ ਆਪ ਨੂੰ ਰੱਬ ਵੱਲੋਂ ਆਏ ਰਾਜੇ ਸਮਝਦੇ ਸਨ, ਪਰ ਮਖਲੂਕ ਦਾ ਨੌਕਰ ਸਮਝ ਕੇ ਥੋੜਾ ਥੋੜ੍ਹਾ ਖਰਚ ਆਪਣੇ ਭੋਗ ਬਿਲਾਸਾਂ ਤੇ ਕਰਦੇ ਸਨ।
ਪੁਰਾਣੀ ਬਾਦਸ਼ਾਹੀ ਸ਼ਖਸੀ ਸੀ, ਚੰਗੇ ਆਦਮੀ ਜੁੜ ਬੈਠੇ ਤੇ ਰਾਜ ਚੰਗਾ ਹੋ ਗਿਆ, ਮੁਲਕ ਸ੍ਵਰਗ ਹੋ ਗਿਆ ਤੇ ਜੇ ਮਾੜੇ ਆ ਗਏ ਤਦ ਤਬਾਹੀ, ਤੇ ਜ਼ੁਲਮ ਛਾ ਗਿਆ, ਤੇ ਨਿੱਕੇ ਨਿੱਕੇ ਰਾਜਾਂ ਵਿੱਚ ਇਹ ਗੱਲ ਬਣ ਤੇ ਬਿਗੜ ਜਾਂਦੀ ਸੀ । ਪਰ ਜਦ ਰਾਜਧਾਨੀਆਂ ਵੱਡੀਆਂ ਹੋਈਆਂ ਤਦ ਚੰਗੇ ਰਾਜਿਆਂ ਨੇ ਸੂਬੇ ਚੰਗੇ ਚੁਣੇ, ਚੰਗੇ ਆਦਮੀ ਮਿਲੇ ਤੇ ਮੁਲਕੀ ਹਾਲਤ ਵਾਹ ਵਾਹ ਹੋ ਗਏ, ਨਹੀਂ ਤਾ ਉਹੋ ਖੋਸੜੇ ਤੇ ਉਹੋ ਭਾਈ ਬਸੰਤਾ ਹੋਰੀ। ਹੁਣ ਅਸ਼ੋਕ ਵਰਗੇ ਰਾਜਿਆਂ ਤੇ ਉਨ੍ਹਾਂ ਦੇ ਰਾਜ ਕਰ ਜਾਣ ਵਾਲੀਆਂ ਉਹ ਚਮਕਦੀਆਂ ਤਾਕਤਾਂ, ਦਯਾ, ਦਰਦ, ਤੇ ਸੇਵਾ ਦੇ ਭਾਵ ਕਿਸ ਮਖਲੂਕ ਦੀ ਵੋਟ ਵਾਲੇ ਰਾਜ ਨੇ ਕਿਸ ਮੁਲਕ ਵਿੱਚ ਅਨੁਭਵ ਕਰ ਲੈਣੇ ਹਨ? ਪਰ ਨਮਰੂਦ ਨੀਰੋ ਜਿਹੇ ਭੈੜੇ ਰਾਜੇ ਤੇ ਉਸ ਥੀਂ ਵੀ ਭੈੜੇ ਵਜੀਰ ਮੁਸਾਹਿਬਾਂ ਦੇ ਜ਼ੁਲਮ ਜੇਹੜੇ ਰੋਮ ਆਦਿਕ ਚਕ੍ਰਵਰਤੀ ਰਾਜਾਂ ਵਿੱਚ ਹੋਏ ਉਹ ਕੋਈ ਮਾਂ ਦਾ ਜੰਮਿਆ ਜਿਸ ਵਿਚ ਇਨਸਾਨੀਅਤ ਦੇ ਖੂਨ ਦਾ ਕੋਈ ਵੀ ਕਤਰਾ ਬਾਕੀ ਹੈ ਕਿਸ ਤਰਾਂ ਹੁਣ ਇਨ੍ਹਾਂ ਬਨਤਰਾਂ ਵਿੱਚ ਸਹਾਰ ਸੱਕਦਾ ਹੈ। ਸੋ ਮਖਲੂਕ ਆਖਰ ਯੂਰਪ ਵਿੱਚ ਉੱਠੀ, ਬਾਦਸ਼ਾਹਾਂ ਨੂੰ ਫਾਂਸੀ ਲਟਕਾਇਆ, ਗੋਲੀਆਂ ਨਾਲ ਮਾਰਿਆ,
ਨਾਮ ਤਾਂ ਕਰਮਚਾਰੀ ਦਾ ਹੀ ਮਿਲਿਆ, ਪਰ ਉਸਦਾ ਦਿਮਾਗ਼ ਤੇ ਉਸ ਦੀ ਵਰਤੋਂ ਆਪਣੀ ਹੱਦ ਵਿੱਚ ਇਕ ਬਾਦਸ਼ਾਹ ਦੀ ਵਰਤੋਂ ਹੋ ਗਈ, ਹੁਣ ਅਮਰੀਕਾ ਦਾ ਪ੍ਰੈਜ਼ੀਡੈਂਟ ਲੋਕਾਂ ਦੀ ਚੋਣ ਭਾਵੇਂ ਕਈ ਤਰਾਂ ਦੇ ਲਾਲਚਾਂ, ਮਜਬੂਰੀਆਂ, ਰਿਸ਼ਵਤਾਂ, ਲਾਲਚਾਂ, ਧਨਾਢ ਲੋਕਾਂ ਦੇ ਸਮੂਹ ਦੇ ਸਮੂਹ ਅਕੱਠਾਂ ਦੇ ਨਾਜਾਇਜ਼ ਬਲ ਨਾਲ ਖਰੀਦੀਆਂ ਵੋਟਾਂ ਨਾਲ ਹੋਈ ਹੋਵੇ ਇਕ ਰਾਜਾ ਹੀ ਹੈ, ਸੋ ਜੋ ਰੁਪਿਯਾ ਟੈਕਸ ਦਾ ਮੁਲਕ ਲਈ ਅਕੱਠਾ ਕੀਤਾ ਜਾਂਦਾ ਹੈ, ਉਹਦਾ ਖਰਚ ਕਰਨਾ ਕਹਿਣਮਾਤ੍ਰ ਹੀ ਹੈ ਕਿ ਮਖਲੂਕ ਦੀ ਮਰਜੀ ਮੁਤਾਬਕ ਹੁੰਦਾ ਹੈ ਅਸਲ ਵਿੱਚ ਤਾਂ ਜੋ ਘੋੜੇ ਤੇ ਚੜ੍ਹਿਆ ਹੋਇਆ ਹੈ ਉਹਦੀ ਚਾਬਕ ਨਾਲ ਹੀ ਕੰਮ ਤੁਰਦੇ ਹਨ,
ਸੋ ਰਾਜਿਆਂ ਦੇ ਵਿਗੜ ਜਾਣ ਕਰਕੇ ਰੋਟੀ ਕਮਾਣੀ ਕਠਨ ਹੋ ਜਾਣ ਕਰਕੇ ਗਰੀਬ ਦਾ ਧਨ ਹੋਰ ਮਹਿੰਗਾ ਹੋ ਜਾਣ ਕਰਕੇ ਉਹੋ ਯੂਰਪ ਵਾਲੀ ਵੋਟ ਸਾਡੇ ਤਕ ਅੱਪੜ ਪਈ ਹੈ ਤੇ ਹਰ ਇਕ ਆਦਮੀ ਇਸ ਵੋਟ ਦੇ ਦੇਣ ਵਿੱਚ ਜੇ ਆਪਣੀ ਜਿੰਮੇਵਾਰੀ ਮਹਸੂਸ ਕਰਕੇ ਆਪਣੀ ਤਾਕਤ ਵਰਤੇਗਾ ਓਹ ਮੁਲਕ ਦੀ ਤੇ ਆਪਣੀ ਸੇਵਾ ਕਰੇਗਾ ਪਰ ਜਿਹੜਾ ਰਿਸ਼ਵਤ ਕਿਸੀ ਸ਼ਕਲ ਵਿੱਚ ਲੈ ਕੇ, ਰੁਹਬ, ਲਾਲਚ, ਭੈ ਵਿੱਚ, ਲਿਹਾਜ਼ ਵਿੱਚ ਆ ਕੇ ਵੋਟ ਦੇਵੇਗਾ ਉਹ ਆਪਣੇ ਮੁਲਕ ਦੀ ਗੁਲਾਮੀ ਦੀ ਤੇ ਮੁਸੀਬਤ ਤੇ ਦੁੱਖ ਤੇ ਭੁੱਖ ਦੀਆਂ ਜੰਜੀਰਾਂ ਹੋਰ ਕਰੜੀਆਂ ਕਰੇਗਾ ।
ਇਸ ਵਾਸਤੇ ਹੁਣ ਪੁਰਾਣੇ ਜਮਾਨਿਆਂ ਵਾਂਗ ਇਕ ਬਾਦਸ਼ਾਹ ਉੱਪਰ ਡੋਰੀ ਸੁੱਟ ਕੇ ਮੁਲਕੀ ਮਾਮਲਿਆਂ ਉੱਪਰ ਅਣਗੇਹਲੀ ਕਰਕੇ ਸੈਂ ਜਾਣ ਦਾ ਵੇਲਾ ਨਹੀਂ । ਹੁਣ ਤਾਂ ਇਕ ਵੋਟ ਦੀ ਹੱਦ ਤਕ ਹਰ ਇਕ ਬਾਦਸ਼ਾਹ ਹੈ ਤੇ ਓਸ ਆਪਣੀ ਬਾਦਸ਼ਾਹੀ ਕਰਨ ਦੀ ਲਿਆਕਤ ਦੱਸਣੀ ਹੈ, ਸੋ ਆਪਣੇ ਦੁੱਖ ਸੁਖ ਦੇ ਅਸੀ ਆਪ ਜਿੰਮੇਵਾਰ ਹੋਣਾ ਹੈ, ਜਰੂਰੀ ਇਹ ਹੈ ਕਿ ਸਾਡੇ ਵਿੱਦਯਾ ਮੰਦਰਾਂ ਵਿੱਚ ਮੁਲਕੀ ਮਾਮਲਿਆਂ ਦੀ ਪੂਰੀ ਵਿੱਦਯ ਪ੍ਰਭੀਨਤਾ ਕੀਤੀ ਜਾਵੇ, ਲੈਕਚਰਾਂ ਤੇ ਅਖਬਾਰਾਂ ਤੇ ਸ਼ਖਸ਼ੀ ਮੇਲ ਜੋੜਾਂ ਦ੍ਵਾਰਾ ਇਹ ਖਬਰ ਪ੍ਰਕਾਸ਼ਣੀ ਜਰੂਰੀ ਹੋ ਗਈ ਹੈ ਕਿ ਕਿਹੜੇ ਤੇ ਕਿਸ ਤਰਾਂ ਦੇ ਕਰਮਚਾਰੀ ਚੁਣਨੇ ਚਾਹੀਏਂ ਤੇ ਉਹ ਕੌਣ ਹਨ, ਕਿੱਥੇ ਕਿੱਥੇ ਹਨ, ਧਨ ਵਾਲੇ ਜਿਹੜੇ ਬਹੁਤ ਰੁਪੈ ਖਰਚ ਕੇ ਕੌਂਸਲਾਂ ਵਿੱਚ ਜਾ ਸੱਕਣ, ਉਹ ਚੰਗੇ ਵੀ ਹੋ ਸਕਦੇ ਹਨ, ਪਰ ਅਮੂਮਨ ਮਾੜੇ ਤੇ ਨਲੈਕ ਹੁੰਦੇ ਹਨ ਕਿਉਂਕਿ ਉਨ੍ਹਾਂ ਕਦੀ ਦੁਖ ਤੱਕਿਆ ਹੀ ਨਹੀਂ ਹੁੰਦਾ । ਗਰੀਬ ਮਿਹਨਤ ਕਰਦੇ ਹਨ ਤੇ ਉਨ੍ਹਾਂ ਵਿੱਚੋਂ ਕੋਈ ਕੋਈ ਚੰਗਾ ਨਿਕਲ ਪੈਂਦਾ ਹੈ ਪਰ ਉਹ ਆਮ ਕਰਕੇ ਛਛੋਰੇ ਤੇ ਨਿੱਕੇ ਪਾਣੀਆਂ ਵਿੱਚ ਰਹਿ ਰਹਿ ਕੰਘਲੇ ਜਿਹੇ ਹੁੰਦੇ ਹਨ। ਅਮੀਰ ਫਿਰ ਵੀ ਕੁਛ ਆਮ ਕਰਕੇ ਗੰਭੀਰ ਹੁੰਦੇ ਹਨ, ਸੋ ਇਸ ਤਰਾਂ ਦੇ ਗੁਣ ਔਗੁਣ ਸਬ ਵਿੱਚ ਹੁੰਦੇ ਹਨ, ਪਰ ਜਿਸ ਤਰਾਂ ਘੋੜ ਦੌੜ ਵਿੱਚ ਜੂਆ ਖੇਡਣ ਵਾਲੇ ਬੜੀ ਗੌਹ ਨਾਲ ਹਰ ਇਕ ਘੋੜੇ ਦੀ ਨਸਲ ਸੁਭਾ ਆਦਿ ਸਬ ਦੇ ਜਾਣੂੰ ਹੁੰਦੇ ਹਨ। ਹੂ-ਬਹੂ ਇਸੀ ਤਰਾਂ ਹਰ ਇਕ ਵੋਟ ਦੇਣ ਵਾਲੇ ਨੂੰ ਆਪਣੇ ਮੁਲਕੀ ਕੰਮਾਂ ਦੀ ਘੋੜ ਦੌੜ ਵਿੱਚ ਜਿਨ੍ਹਾਂ ਪਸ਼ੂਆਂ ਨੂੰ ਦੌੜਾਨਾ ਹੈ ਉਨ੍ਹਾਂ ਦਾ ਹਸਬ ਨਸਬ ਦਾ ਪੂਰਾ ਚਿੱਠਾ ਦਿਮਾਗ ਵਿੱਚ ਰਖਣਾ ਜਰੂਰੀ ਹੈ, ਇਹ ਯਾਦ ਰਹੇ ਕਿ ਜਿਹੜਾ ਪੂਰਾ ਇਨਸਾਨ ਹੋਵੇ ਉਹ ਹਕੂਮਤ ਕਰ ਹੀ ਨਹੀਂ ਸਕਦਾ, ਜਦ ਤਕ ਦੁਨੀਆਂ ਪਸ਼ੂ ਹੈ। ਸਜਾਵਾਂ ਤੇ ਜੇਹਲਖਾਨੇ ਤੇ ਰੱਸੇ ਪਸ਼ੂਆਂ ਨੂੰ ਕਾਬੂ ਕਰਦੇ ਹਨ ਜਦ ਤਕ ਖੁਦਗਰਜ਼ੀ ਤੇ ਹੋਰ ਪਸ਼ੂਆਂ ਵਾਲੇ ਸੁਭਾ ਸਾਡੇ ਵਿੱਚ ਹਨ, ਜਦ ਤਕ ਹਰ ਇਕ ਨਿਰਾ ਦੇਵਤਾ ਨਹੀਂ ਹੋ ਜਾਂਦਾ, ਤਦ ਤਕ ਮੁਲਕੀ ਮਾਮਲਿਆਂ ਵਿੱਚ ਚੰਗੇ ਨੀਤੀ ਪ੍ਰਭੀਨ ਲੋਕਾਂ ਦੀ ਲੋੜ ਹੈ ਜਿਵੇਂ ਵੱਡੇ ਗ੍ਰਿਹਸਥ ਦੇ ਇੰਤਜਾਮ ਕਰਨ ਲਈ ਤਕੜੇ ਪਸ਼ੂਆਂ ਦੀ ਲੋੜ ਹੈ ਤੇ ਮੈਂ ਇਹ ਸਦਾ ਸਮਝਦਾ ਹਾਂ ਕਿ ਰਾਜੇ ਯਾ ਰਾਜਿਆਂ ਦੇ ਅਨੇਕ ਰੂਪ ਅੰਤਰ ਇਕ ਤਰਾਂ ਦੇ ਖਾਸ ਸਿੱਖ੍ਯਾ ਪਾਏ ਹੋਏ ਸਿੰਗਾਂ ਵਾਲੇ ਪਸ਼ੂ ਹਨ, ਜਿਹੜੇ ਆਪਣੇ ਸਿੰਗ ਮਾਮਲਿਆਂ ਦੇ ਢਿੱਡਾਂ ਵਿਸ ਮਾਰ ਮਾਰ ਮਾਮਲੇ ਨਜਿਠਦੇ ਹਨ, ਅਰ ਉਨ੍ਹਾਂ ਵਿੱਚ ਪਸ਼ੂਪੁਣਾ ਹੋਣਾ ਜਰੂਰੀ ਹੈ, ਚਾਲਾਕੀ ਆਦਿ ਵੀ ਗੁਣ ਹਨ, ਗਤਕਾ ਬਾਜ਼ੀ ਹੈ ਸੋ ਬਿਨਾ ਇਸ ਤਰਾਂ ਦੀ ਗਹਿਰੀ ਦੁਨੀਆਂ ਦਾਰੀ ਜਿਹਨੂੰ ਨੀਤੀ ਕਹਿੰਦੇ ਹਨ ਰਾਜ ਕਾਜ ਨਹੀਂ ਸਾਂਭੇ ਜਾ ਸੱਕਦੇ ॥
ਤੇ ਜੇ ਚੰਗੀ ਨਸਲ ਦੇ ਕੰਮ ਕਰਨ ਵਾਲੇ ਪਸ਼ੂ ਹੋਣ ਤਾਂ ਉਹ ਇਹ ਮੁਲਕ ਦੇ ਕੰਮ ਚੰਗੀ ਤਰਾਂ ਨਜਿਠ ਲੈਣਗੇ । ਪਰ ਇਹ ਕਹਿਣਾ ਜਿਸ ਤਰਾਂ ਮਹਾਤਮਾਂ ਗਾਂਧੀ ਨੇ ਕਿਹਾ ਸੀ, ਕਿ ਜੇ ਈਸਾ ਨੇ ਮੁਲਕੀ ਮਾਮਲਿਆਂ ਵਿੱਚ ਦਖਲ ਨਹੀਂ ਦਿੱਤਾ ਤਾਂ ਓਸ ਅੰਸ ਵਿੱਚ ਉੱਨਾਂ ਹੀ ਘੱਟ ਮਹਾਤਮਾਂ ਸੀ, ਅਰਥਾਤ ਜਿਹੜਾ ਕੰਮ ਮੈਂ ਮਹਾਤਮਾਂ ਗਾਂਧੀ ਕਰ ਰਿਹਾ ਹਾਂ ਜੇ ਓਹੋ ਜਿਹਾ ਕੰਮ ਪੈਗੰਬਰਾਂ ਨਹੀਂ ਕੀਤਾ ਤੇ ਉਸ ਹੱਦ ਤਕ ਪੈਗੰਬਰ ਹੀ ਨਹੀਂ ਸਨ, ਇਹ ਕਹਿਣਾ ਇਸ ਤੁੱਲ੍ਯ ਹੀ ਹੈ ਕਿ ਜਿਹੜਾ ਘਰ ਵਾਲਾ ਝੋਲੀ ਵਿਚ ਆਟਾ ਪਾ ਕੇ ਆਪਣੇ ਬਾਲ ਬੱਚੇ ਨੂੰ ਲਿਆ ਕੇ ਨਹੀਂ ਦਿੰਦਾ ਉਹ ਪਸ਼ੂ ਹੈ ਬੰਦਾ ਹੀ ਨਹੀਂ,
ਇਸ ਵਾਸਤੇ ਜਰੂਰੀ ਜਿੰਮੇਵਾਰੀ ਹਰ ਇਕ ਸਿਰ ਤੇ ਹੈ ਕਿ ਘੋੜ ਦੌੜ ਦੇ ਘੋੜਿਆਂ ਵਾਂਗ ਆਪਣੇ ਮੁਲਕੀ ਕਰਮਚਾਰੀਆਂ ਦਾ ਪੂਰਾ ਪੂਰਾ ਹਸਬ ਨਸਬ ਹਰ ਇਕ ਦੇ ਮਨ ਵਿੱਚ ਹੋਵੇ ਤੇ ਕਿਸੀ ਤਰਾਂ ਦਾ ਲਾਲਚ ਤੇ ਰਿਸ਼ਵਤ ਵੋਟ ਦੀ ਆਜ਼ਾਦੀ ਨੂੰ ਖਰੀਦ ਨਾ ਸਕੇ ॥