ਮੈਂ ਮਸਤ ਆਪਣੇ ਹਾਲ,
ਮਗਨ ਗੰਧਿ ਆਪਣੀ;
ਹਾਂ, ਦਿਨ ਨੂੰ ਭੌਰੇ ਨਾਲ
ਬਿ ਮਿਲਨੋਂ ਸੰਗਦਾ ।
ਆ ਸ਼ੋਖ਼ੀ ਕਰਕੇ ਪੌਣ
ਜਦੋਂ ਗਲ ਲੱਗਦੀ,
ਮੈਂ ਨਾਹਿੰ ਹਿਲਾਵਾਂ ਧਉਣ
ਵਾਜ ਨ ਕੱਢਦਾ ।
ਹੋ, ਫਿਰ ਬੀ ਟੁੱਟਾਂ, ਹਾਇ !
ਵਿਛੋੜਨ ਵਾਲਿਓ ।
ਮੇਰੀ ਭਿੰਨੀ ਇਹ ਖ਼ੁਸ਼ਬੋਇ
ਕਿਵੇਂ ਨ ਛਿੱਪਦੀ ।
ਮਿਰੀ ਛਿਪੇ ਰਹਿਣ ਦੀ ਚਾਹਿ,
ਤਿ ਛਿਪ ਟੁਰ ਜਾਣ ਦੀ;
ਹਾ, ਪੂਰੀ ਹੁੰਦੀ ਨਾਂਹਿੰ,
ਮੈਂ ਤਰਲੇ ਲੈ ਰਿਹਾ ।
ਇਸ ਵਿੱਚ ਸ਼ੱਕ ਨਹੀਂ, ਕਿ ਕਵਿਤਾ ਆਪਣੀ ਹੀ ਬੋਲੀ ਵਿਚ ਉਸ ਖਾਸ ਦੇਸ਼ ਦੇ ਵਾਸੀਆਂ ਨੂੰ ਰੂਹ ਤਕ ਅਪੜਾ ਸੱਕਦੀ ਹੈ। ਇਹ ਅਸੰਭਵ ਹੈ, ਕਿ ਅੰਗੇਜ਼ੀ ਕਵਿਤਾ ਤੇ ਉਹਦਾ ਉਚਾਰਣ ਸਾਨੂੰ ਪੰਜਾਬੀਆਂ ਨੂੰ ਉੱਨਾਂ ਤੀਖਣ ਤੇ ਮਿੱਠਾ ਤੇ ਰਸੀਲਾ ਲੱਗੇ ਜਿਸ ਤਰਾਂ ਅੰਗ੍ਰੇਜ਼ਾਂ ਨੂੰ ਲੱਗਦਾ ਹੈ। ਮੇਰੀ ਜਾਚੇ ਇਹ ਨਾਮੁਮਕਨ ਹੈ, ਕਿ ਪੰਜਾਬੀ ਦਿਲ ਨੂੰ ਹਿੰਦੀ ਤੇ ਉਰਦੂ ਬੋਲੀ ਕਦੀ ਰੂਹ ਨੂੰ ਚੰਗੀ ਲੱਗੇ। ਜਿਸ ਵੇਲੇ ਪੰਜਾਬੀ ਮਾਂ ਤੇ ਭੈਣਾਂ ਆਪਣੇ ਪੁਤ ਤੇ ਭਰਾ ਦੇ ਗੁਜ਼ਰ ਜਾਣ। ਉੱਪਰ ਰੁਦਨ ਕਰ ਕਰ ਵੈਣ ਪਾਂਦੀਆਂ ਹਨ, ਉਹ ਵੈਣ। ਕਦੀ ਵੀ ਅੰਗ੍ਰੇਜ਼ੀ ਯਾ ਪਾਰਸੀ ਯਾ ਉਰਦੂ ਯਾ ਹਿੰਦੀ ਵਿੱਚ ਨਹੀਂ ਹੋ ਸਕਦੇ। ਸੋ ਜਿਸ ਤਰਾਂ ਮਾਂ ਦੇ ਖੂਨ ਤੇ ਹੱਡੀ ਨਾਲ ਸਾਡਾ ਰਿਸ਼ਤਾ ਹੈ, ਇਸੇ ਤਰਾਂ ਉਹਦੀ ਬੋਲੀ ਨਾਲ। ਰੂਹ ਤਕ ਤਾਂ ਮਾਂ ਦੀ ਬੋਲੀ ਅੱਪੜਦੀ ਹੈ, ਸੋ ਕਵੀ ਸਦਾ ਆਪਣੀਆਂ ਦੀ ਬੋਲੀ ਵਿੱਚ ਰਹਿੰਦਾ ਹੈ, ਉੱਸੇ ਨੂੰ ਉੱਚਾ ਕਰਦਾ ਹੈ। ਵਾਕ ਰਚਨਾ ਤਾਂ ਹਰ ਕੋਈ ਹਰ ਬੋਲੀ ਵਿੱਚ ਕਰ ਸੱਕਦਾ ਹੈ । ਜੇ ਉਸਨੂੰ ਅਕਲੀ ਹੁਨਰ ਆਉਂਦਾ ਹੋਵੇ, ਪਰ ਕਵਿਤਾ ਕਦੀ ਪਰਾਈ ਬੋਲੀ ਵਿਚ ਨਹੀਂ ਹੋ ਸੱਕਦੀ।
"ਧਨੁ ਸੁ ਦੇਸੁ ਜਹਾ ਤੂੰ ਵਸਿਆ',
ਮੇਰੇ ਸਜਣ ਮੀਤ ਮੁਰਾਰੇ ਜੀਉ
ਹਉ ਘੋਲੀ ਹਉ ਘੋਲਿ ਘੁਮਾਈ ,
ਗੁਰ ਸਜਣ ਮੀਤ ਮੁਰਾਰੇ ਜੀਉ।
ਇਹ ਇਕ ਸ਼ਬਦ ਦੱਸਦਾ ਹੈ, ਕਿਸ ਤਰਾਂ ਸਤਿਗੁਰਾਂ ਦੇ ਵੇਲੇ ਸਾਡੀ ਮਾਤ ਬੋਲੀ ਉਨ੍ਹਾਂ ਦੇ ਬਸ ਛੋਹਣ ਨਾਲ, ਨਾ ਸਿਰਫ ਉੱਚੀ ਹੋਈ, ਨਾ ਸਿਰਫ ਵੱਡੀ ਹੋਈ, ਗਹਿਰ ਤੇ ਗੰਭੀਰ ਹੋਈ, ਪਰ ਕਿੰਨੀ ਮਿੱਠੀ, ਸੁੱਚੀ ਤੇ ਪਿਆਰੀ ਹੋ ਗਈ॥