"ਕੀ ਇਨ੍ਹਾਂ ਬ੍ਰਿਛਾਂ ਦੇ ਰੂਹਾਨੀ ਪ੍ਰਭਾਵ ਦਾ ਇਹ ਤਾਂ ਕਾਰਨ ਨਹੀਂ ਕਿ ਇਸ ਦੇਵਤਾ ਧਰਤੀ ਦੇ ਮਨੁੱਖਾਂ ਦੇ ਸਦਾ ਦੇ ਲਗਾਤਾਰ ਲਾਡ ਪਿਆਰ ਨਾਲ ਇਨ੍ਹਾਂ ਬ੍ਰਿਛਾਂ ਵਿੱਚ ਰੂਹ ਆਣ ਪਏ ਹਨ, ਤੇ ਰੂਹ ਪੈ ਜਾਣ ਦੀ ਸ਼ੁਕਰਗੁਜ਼ਾਰੀ ਵਿੱਚ ਇਹ ਬ੍ਰਿਛ ਵੀ ਨਿੱਤ ਨਵੇਂ ਸੋਹਣੇ ਚਾ ਨਾਲ ਆਪਣੇ ਆਪ ਨੂੰ ਨਿੱਤ ਨਵੇਂ ਸੁਹਜ ਨਾਲ ਸੰਵਾਰ ਸੰਵਾਰ ਫਬਾ ਫਬਾ ਆਪਣੇ ਪਿਆਰ ਦੇ ਦਾਤਿਆਂ ਨੂੰ ਇਉਂ ਰੀਝਾ ਰਹੇ ਹਨ ਜਿਵੇਂ ਸੁੰਦਰੀਆਂ ਆਪਣੇ ਆਪ ਨੂੰ ਗਹਿਣੇ ਪਾ ਪਾ ਤੇ ਆਪਣੇ ਕੇਸਾਂ ਦੀ ਧੜੀਆਂ ਲਵਾ ਲਵਾ ਆਪਣੇ ਪਿਆਰ ਦਾਤੇ ਜਵਾਨ ਛਬੀਲੇ ਬਾਂਕੇ ਜਵਾਨਾਂ ਨੂੰ ਰਿਝਾਂਦੀਆਂ ਹਨ । ਇਸ ਵਿਚ ਸ਼ੱਕ ਨਹੀਂ, ਕਿ ਇਨ੍ਹਾਂ ਬ੍ਰਿਛਾਂ ਨੇ ਸੋਹਣੇ ਗੁਲਾਮਾਂ ਵਾਂਗ ਮਨੁੱਖਾਂ ਦੇ ਦਿਲ ਨੂੰ ਰਿਝਾ ਲਿਆ ਹੋਇਆ ਹੈ॥
ਇਸ ਮੁਲਕ ਵਿਚ ਪੱਛਮ ਥੀਂ ਕੋਈ ਵਹਿਸ਼ੀ ਲੋਕੀ ਜਰੂਰ ਆਏ ਜਾਪਦੇ ਹਨ, ਜਿਸ ਕਰਕੇ ਹਰ ਥਾਂ ਅੰਗ੍ਰੇਜ਼ੀ ਵਿੱਚ ਇਹੋ ਜਿਹੇ ਨੋਟਸ ਲੱਗੇ ਪਏ ਹਨ॥
"ਇਸ ਮੁਲਕ ਵਿੱਚ ਬ੍ਰਿਛਾਂ ਨੂੰ ਦੁਖ ਪਹੁੰਚਾਣਾ ਮਨਾ ਹੈ" ॥
ਸਦੀਆਂ ਦੀ ਕਵਿਤਾ-ਅਵਸਥਾ ਦਾ ਅਸਰ ਪੱਥਰਾਂ ਪਹਾੜਾਂ ਬ੍ਰਿਛਾਂ ਤੇ ਪੈਂਦਾ ਹੈ । ਜਿਸ ਤਰਾਂ ਸਾਡੇ ਦੇਸ਼ ਵਿੱਚ ਕਿਸੀ ਸੱਚੇ ਸਾਧ ਦੀ ਕੁਟੀਆ ਵਿੱਚ ਕਦੀ ਇਕ ਰੂਹ ਦਾ ਖੇੜਾ ਤੇ ਆਰਾਮ ਇਉਂ ਹੁੰਦਾ ਸੀ ਜੋ ਸ਼ਿਲਾ ਤੇ ਬ੍ਰਿਛਾਂ ਉਤੇ ਉਨ੍ਹਾਂ ਦੇ ਪਰਛਾਵਿਆਂ ਤੇ ਸਾਯਾਂ ਵਿੱਚ ਸਾਧ ਦੇ ਅੰਦਰ ਦੇ ਪ੍ਰਭਾਵ ਦਾ ਅਸਰ ਪਤੱਖ ਹੁੰਦਾ ਸੀ। ਇਸੀ ਤਰਾਂ ਬੁੱਧ ਮਤ ਦਾ ਸਦੀਆਂ ਦਾ ਅਸਰ ਜਾਪਾਨ ਦੇ ਸਾਰੇ ਜੰਗਲਾਂ ਤੇ ਪਰਬਤਾਂ ਤੇ ਬ੍ਰਿਛਾਂ ਪਰ ਇਸ ਤਰਾਂ ਪਿਆ ਹੋਇਆ ਹੈ, ਕਿ ਮਨੁੱਖ ਤੇ ਕੁਦਰਤ ਦੀ ਇਕ ਸਾਂਝੀ ਧੜਕਦੀ ਜਿੰਦ ਦੀ ਨਬਜ਼ ਦੀ ਆਵਾਜ਼ ਸੁਣਾਈ ਦਿੰਦੀ ਹੈ॥
ਮੁਲਕ ਸਾਰਾ, ਸਮੁੰਦ੍ਰ ਸਾਰਾ ਕਵਿਤਾ ਦਾ ਰੂਪ ਹੋ ਗਿਆ ਜਾਪਦਾ ਹੈ । ਹੁਣ ਪਤਾ ਨਹੀਂ ਕਿ ਪੱਛਮੀ ਵਹਿਸ਼ੀ ਪੁਣੇ ਨੇ ਉੱਥੇ ਵੀ ਜੀਂਦੀਆਂ ਗੁਲਬੁਕਾਵਲੀਆਂ ਨੂੰ ਪਥਰਾ ਦਿਤਾ ਹੋਵੇ, ਯਾ ਸੈਲ ਪੱਥਰ ਹੋਣਾ ਪੈਰਾਂ ਵੱਲੋਂ ਆਰੰਭ ਹੋ ਚੁਕਾ ਹੋਵੇ ॥
ਜਿੱਥੇ ਅਕਲ ਦੀ ਬੇਚੈਨੀ, ਬੇ ਸਿਦਕੀ ਹੈ, ਜਿੱਥੇ ਸੱਚ ਦੇ ਹੋਣ ਥੀਂ ਸ਼ੱਕ ਹੈ, ਉੱਥੇ ਕਵਿਤਾ ਦਾ ਕੰਵਲ ਖਿੜ ਨਹੀਂ ਸੱਕਦਾ । ਜਿਸ ਤਰਾਂ ਫੁੱਲਾਂ ਦਾ ਸੁਹਣੱਪ ਕਿਸੀ ਉੱਚੇ ਤੇ ਅਣੋਖੇ ਅਣਡਿੱਠੇ ਦੇਸ਼ਾਂ ਦੇ ਲੁਕਵੇਂ ਪ੍ਰਭਾਵ ਦਾ ਇਕ ਚਿੰਨ੍ਹ ਮਾਤ੍ਰ ਵਿਕਾਸ਼ ਹੈ, ਉਸੀ ਤਰਾਂ ਕਵਿਤਾ ਲਈ ਵੀ ਜੋ ਮਨੁੱਖ ਦੇ ਰੂਹ ਦੇ ਬਾਗਾਂ ਦਾ ਖੇੜਾ ਹੈ, ਕਿਸੇ ਉੱਚੇ ਖਿੱਚੇ ਪਿਆਰ ਦੀ ਲੋੜ ਹੈ।ਬਿਨਾ ਪਿਆਰ ਨਾ ਕਵਿਤਾ ਜੀ ਸੱਕਦੀ ਹੈ, ਨਾ ਫੁੱਲ ਤੇ ਨ ਸੋਹਣੇ। ਕਵਿਤਾ ਇਕ ਸੋਹਣੀ ਇਸਤ੍ਰੀ ਹੈ, ਜਿਹੜੀ ਆਪਣੀ ਨਿਰਾਦਰੀ ਨੂੰ ਬਰਦਾਸ਼ਤ ਨਹੀਂ ਕਰ ਸੱਕਦੀ ਤੇ ਨਾ ਉਹ ਖੁਸ਼ ਹੋ ਅਲਾਪ ਸੱਕਦੀ ਹੈ, ਜਦ ਤਕ ਉਸ ਨੂੰ ਪੂਜਾ ਤੇ ਪਿਆਰ ਕਰਨ ਵਾਲੇ ਉਸਦੀ ਨਾਜ਼ ਬਰਦਾਰੀ ਨਾ ਕਰਨ। ਕਵਿਤਾ ਭਰੀ, ਠੰਡੀ, ਰਸਿਕ ਸੁਰਤਿ ਦਾ ਸਦਾ-ਸ਼ਿਵ-ਨ੍ਰਿਤਯ ਹੈ। ਇਹ ਜਦ ਹੱਥ ਵਿੱਚੋਂ ਚੁੱਪ ਬੋਲੀ ਵਿੱਚ ਪ੍ਰਕਾਸ਼ ਕਰਦੀ ਹੈ, ਤਦ ਜੀਵਨ ਦੀਆਂ ਰਮਜਾਂ ਦਾ ਅਜੀਬ ਅਸ਼ਾਰਿਆਂ ਨਾਲ ਪਤਾ ਦਿੰਦੇ ਚਿਤ੍ਰਾਂ ਵਿੱਚ ਬੋਲਦੀ ਹੈ। ਰੰਗ ਵਿੱਚ ਰਾਗ ਤੇ ਰਾਗਣੀਆਂ ਛੇੜਦੀ ਹੈ। ਬੁੱਤਾਂ ਦੇ ਆਸਰੇ ਸਮਾਧੀ ਦੇ ਅੰਦਰਲੇ ਰਸ ਨੂੰ ਪ੍ਰਗਟ ਕਰਦੀ ਹੈ। ਕਵਿਤਾ ਜਦ ਅੰਦਰ ਸਿੰਜਰ ਜਾਂਦੀ ਹੈ, ਤਦ ਉਹ ਸਾਧੂ ਜੀਵਨ ਹੋ ਨਿਬੜਦੀ ਹੈ॥