ਉਹ ਘੜੀ ਜੇਹੜੀ ਕਵੀ-ਨੈਣਾਂ, ਫ਼ਕੀਰ-ਨੈਣਾਂ ਦੇ ਸਦਕੇ, ਬਖਸ਼ੇ ਹੋਏ ਬੰਦਿਆਂ ਦੇ ਸਦਕੇ, ਹਰ ਚੀਜ਼ ਉੱਤੇ ਜੋਬਨ ਵਾਂਗ ਆਉਂਦੀ ਹੈ, ਉਹ ਕੁਛ ਥੀਂਣ-ਅਥੀਂਣ, ਹੋਣ-ਅਣਹੋਣ ਜਿਹੇ ਦਾ ਵੇਲਾ ਰੰਗ ਰਸ ਦਾ ਹੈ, ਉਹੋ ਰਸ ਹੈ । ਇਹ ਭੇਤ ਕੇਵਲ ਸੱਚਾ ਰਸਿਕ ਕਿਰਤ ਵਾਲਾ ਪਾਰਖੀ ਚਿੱਤ ਜਾਣ ਸੱਕਦਾ ਹੈ। ਆਪਾਂ ਨੂੰ ਤਾਂ ਕਿਸੀ ਖਵਾਹਿਸ਼ ਯਾ ਸੰਕਲਪ ਦੇ ਫਲੀਭੂਤ ਹੋਣ ਵਿੱਚ ਰਸ ਦਿੱਸਦਾ ਹੈ। ਚਾਹਵਾਨ ਨੂੰ ਤੀਮੀਂ ਮਰਦ ਦਾ ਮਿਲਾਪ, ਭੁੱਖੇ ਨੂੰ ਰੋਟੀ, ਵਿੱਛੜੇ ਬੱਚੇ ਨੂੰ ਮਾਂ, ਗਰੀਬ ਨੂੰ ਧਨ, ਰਾਜੇ ਨੂੰ ਬਾਦਸ਼ਾਹੀ, ਸਿਪਾਹੀ ਨੂੰ ਮੈਦਾਨ ਜੰਗ, ਗੁਲਾਮ ਨੂੰ ਮਾਲਕ ਦੀ ਖੁਸ਼ੀ, ਇਲਮ ਵਾਲੇ ਨੂੰ ਉਹਦੀ ਅਨੇਕ ਲੋੜਾਂ ਦੀ ਪੂਰਣਤਾ ਆਦਿ, ਜਿਨ੍ਹਾਂ ਨੂੰ ਹਿੰਦੁਸਤਾਨ ਵਾਸੀਆਂ ਨੇ ਸਿੰਗਾਰ, ਵੈਰਾਗ, ਕਰੁਣਾ ਆਦਿ ਰਸਾਂ ਵਿੱਚ ਵੰਡਿਆ ਹੈ ਉਹ ਰਸ ਨਹੀਂ ਹਨ, ਉਹ ਤਾਂ ਇਨਸਾਨੀ ਫ਼ਿਤਰਤ ਦੇ ਵਲਵਲਿਆਂ ਦੇ ਉਤਾਰ, ਚੜ੍ਹਾ ਆਦਿ ਹਨ। ਇਹ ਪੁਰਾਣੇ ਲੋਕੀ ਚਿੱਤ ਦੇ ਪਲ ਛਿਨ ਦੇ ਟਿਕਾ, ਭੋਗਾਂ ਆਦਿ ਦੀ ਖੁਸ਼ੀ ਵਿੱਚ ਆਏ ਟਿਕਾ ਨੂੰ ਰਸ ਮੰਨਦੇ ਹਨ ।ਰਸਿਕ ਕਿਰਤ ਅਰਥਾਤ ਕਵਿਤਾ ਤਦ ਅਰੰਭ ਹੁੰਦੀ ਹੈ, ਜਦ ਇਨਸਾਨੀ , ਫਿਤਰਤ ਜਿਹਦਾ ਠੀਕ ਨਾਂ ਹੈਵਾਨੀ ਫਿਤਰਤ ਹੈ ਤੇ ਸਾਡੀ ਤੇ ਪਸ਼ੂਆਂ ਦੀ ਇਕੋ ਜਿਹੀ ਸਾਂਝੀ ਫਿਤਰਤ ਹੈ, ਝੜ ਜਾਂਦੀ ਹੈ। ਸ਼ਿੰਗਾਰ, ਵੈਰਾਗਯ, ਬੀਰ ਤੇ ਕਰੁਣਾ ਰਸ ਆਦਿ ਸਭ ਹੈਵਾਨਾਂ ਪਰ ਭੀ ਆਉਂਦੇ ਹਨ। ਹੈਵਾਨ ਜਦ ਮਨੁੱਖ ਵਿੱਚੋਂ ਨਿਕਲ ਜਾਂਦਾ ਹੈ ਤਦ ਉਹ ਬੇਹੋਸ਼ੀ ਦੀ ਹੋਸ਼ ਆਂਦੀ ਹੈ, ਤਦ ਉਹ ਤਬੀਅਤ ਦੀ ਸਫਾਈ, ਸਚਾਈ, ਸਰਲਤਾ, ਆਪ ਮੁਹਾਰਤਾ, ਸਹਜ ਸੁਭਾ ਨਿਸ਼ਲਤਾ, ਅਗਯਾਤ ਜਿਹੀ ਮਗਨਤਾ, "ਜੀਂਦੀ ਮੌਤ'' ਵਰਗੀ ਅਠ ਪਹਰੀ ਬੇਸੁੱਧਤਾ ਜਿਹੀ ਵਾਲੀ ਜੀਵਨ-ਉਚਾਈ ਪ੍ਰਾਪਤ ਹੁੰਦੀ ਹੈ, ਜਿਸ ਵਿੱਚ ਕਵੀ-ਚਿੱਤ ਦਾ ਕਰਾਮਾਤੀ, ਸਕੰਦਰੀ ਜਾਮੇਂ ਜਮ ਥੀਂ ਵਧ ਕਰਤਾਰੀ, ਕਰਾਮਾਤ ਵਾਲਾ, ਕਾਦਰੀ ਤਾਕਤ ਵਾਲਾ, ਆਵੇਸ਼ ਗ੍ਰਹਿਣ ਕਰਨ ਵਾਲਾ ਅਕਸੀ ਸ਼ੀਸ਼ੇ ਵਰਗਾ ਗੁਣ, ਸੁਹਣੱਪ ਦੇ ਪ੍ਰਕਾਸ਼ ਦੇ ਅਸਰਾਂ ਦਾ ਜਾਣੂ ਤੇ ਚੋਣੂ ਤੇ ਭੋ ਵਰਗਾ ਉਪਜਾਊ ਆਦਿ ਗੁਣਾਂ ਵਾਲਾ ਹੋ ਨਿਖਰਦਾ ਹੈ ॥
ਇਸ ਆਲੀਸ਼ਨ ਉਚਾਈ ਵਾਲੀ ਕਵਿਤਾ ਅਰਥਾਤ ਸਾਧ-ਬਚਨ ਜੇਹੜਾ ਕਿ ਸਦਾ ਅਟਲਾਧਾ ਹੁੰਦਾ ਹੈ, ਬਾਣੀ ਹੁੰਦੀ ਹੈ, ਨਿਰੋਲ ਆਤਮਤਾ ਹੁੰਦੀ ਹੈ, ਇੱਥੇ ਤੇ ਅੱਗੇ ਸਹਾਇਕ ਹੁੰਦੀ ਹੈ, ਮੌਤ ਥੀਂ ਪਰੇ ਦੇਸ਼ ਦੀ ਉਹ ਜੀਵਨ-ਸਵਾਸ ਦਾ ਅੰਦਰਲਾ ਗੀਤ ਹੈ ॥
ਕਵਿਤਾ ਸਿਰਫ ਅੰਦਰ ਦੀ ਅਵਸਥਾ ਦਾ ਨਾਂ ਹੈ, ਜਿਸ ਵਿਚ ਧੁਰੀ-ਬਾਣੀ ਆਪਮੁਹਾਰੀ ਰੋਮ ਰੋਮ ਵਿੱਚ ਪਰੋਈ ਬੋਲਦੀ ਹੈ । ਇਉਂ ਅਸੀ ਆਪਣੀ ਬੋਲੀ ਵਿੱਚ ਕੁਛ ਦੱਸ ਸਕਦੇ ਹਾਂ ਕਿ ਕਵਿਤਾ ਰੱਬੀ ਚਰਿੱਤ੍ਰ ਹੈ, ਇਹ ਰੱਬ ਹੋਣ ਦਾ ਇਕ ਸਵਾਦ ਹੈ, ਜੇਹੜਾ ਬੰਦੇ ਨੂੰ ਬੰਦਾ ਕਹਿ ਕੇ ਬੰਦੇ ਦੇ ਰੂਪ ਵਿੱਚ ਨਹੀਂ ਆ ਸਕਦਾ। ਕਵਿਤਾ ਲਿਖਣ ਯਾ ਗਾਣ ਵਾਲੀ ਚੀਜ਼ ਨਹੀਂ, ਆਵੇਸ਼ ਹੈ, ਜਿਹਨੂੰ ਕੁੱਲ ਰਸਿਕ-ਕਿਰਤਾਂ ਗਾਉਂਦੀਆਂ ਹਨ, ਕੁੱਲ ਨਾਚ ਨੱਚਦੇ ਹਨ, ਕੁਲ ਜੀਵਨ ਦੇ ਸਿੱਟੇ ਸਿੱਧੇ ਉੱਚੇ ਹੋ ਟੋਲਦੇ ਹਨ, ਤੇ ਇਸ ਥੀਂ ਥੱਲੇ ਦੀ ਸਭ ਕਵਿਤਾ ਜਿਸ ਵਿਚ ਕੁਲ ਦੁਨੀਆਂ ਦੇ ਕਵੀ, ਚਿਤ੍ਰਕਾਰ ਆਦਿਕਾਂ ਦੀਆਂ ਕਰਨੀਆਂ ਹਨ, ਕਾਲੀਦਾਸ ਤੇ ਸ਼ੈਕਸਪੀਅਰ ਆਦਿ ਸਭ ਇਕ ਸਕੂਲ ਦੇ ਮੁੰਡੇ ਹਨ, ਜੇਹੜੇ ਆਪਣੇ ਇਸ ਯਤਨ ਵਿੱਚ ਹਨ ਕਿ ਕਿਸੀ ਤਰਾਂ ਕਵਿਤਾ ਦੇ ਰੱਬੀ ਰੰਗ ਨੂੰ ਪਹੁੰਚ ਸਕੀਏ ।
ਜਿਵੇਂ ਕਣਕ ਦਾ ਸਿੱਟਾ ਪ੍ਰਕਾਸ਼ ਨੂੰ ਤੱਕਣ ਦੀ ਤਾਂਘ ਵਿੱਚ ਸਿਰ ਉੱਚਾ ਕਰਦਾ ਹੈ, ਤਿਵੇਂ ਇਹ ਸਬ ਹੈਵਾਨ-ਇਨਸਾਨ ਕਵੀ, ਸੂਰਜ ਨੂੰ ਤੱਕਣ ਦੀ ਚਾਹ ਵਿੱਚ ਸਿਰ ਕੱਢ ਰਹੇ ਹਨ, ਪਰ ਜਿਸ ਅਰਥ ਵਿੱਚ ਕਵੀ-ਚਿੱਤ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਸ ਅਰਥ ਵਿੱਚ ਇਹ ਵੱਡੇ ਵੱਡੇ ਦੁਨੀਆਂ ਦੇ ਮੰਨੇ ਪ੍ਰਮੰਨੇ ਕਵੀ ਹੈਵਾਨੀ-ਇਨਸਾਨ ਵਿੱਚ ਬਸ ਵੱਡੇ ਹਨ, ਇਨ੍ਹਾਂ ਦੀ ਅੰਤਰਯਾਮਤਾ ਬਸ ਹੈਵਾਨ ਰੂਪੀ ਕੀੜਿਆਂ ਦੇ ਦਿਲਾਂ ਤੱਕ ਹੈ ।